Share on Facebook

Main News Page

ਮੇਰੇ ਵਰਗੇ ਜਿਨ੍ਹਾਂ ਨੂੰ ਕੈਲੰਡਰ ਦਾ ੳ, ਅ ਵੀ ਨਹੀਂ ਆਉਂਦਾ ਉਨ੍ਹਾਂ ਨੂੰ ਕੌਮ ਦਾ ਕੈਲੰਡਰ ਬਣਾਉਣ ਜਾਂ ਸੋਧਣ ਵਿੱਚ ਆਪਣੀ ਲੱਤ ਨਹੀਂ ਅੜਾਉਣੀ ਚਾਹੀਦੀ
-
ਬਲਜੀਤ ਸਿੰਘ ਦਾਦੂਵਾਲ

* ਅਸੀਂ ਸਮੁਚੀਆਂ ਜਥੇਬੰਦੀਆਂ ਅਕਾਲ ਤਖ਼ਤ ਤੇ ਇਸ ਦੇ ਜਥੇਦਾਰ ਨੂੰ ਪੂਰੀ ਤਰ੍ਹਾਂ ਸਮਰਪਤ ਹਾਂ। ਪਰ ਉਨ੍ਹਾਂ ਦੀ ਕਾਰਜ਼ਸ਼ੈਲੀ ਨੇ ਸਾਨੂੰ ਇਹ ਫੈਸਲਾ ਕਰਨ ਲਈ ਮਜ਼ਬੂਰ ਕੀਤਾ ਹੈ, ਕਿ ਉਨ੍ਹਾਂ ਕੋਲ ਕੋਈ ਵੀ ਪੰਥਕ ਮਸਲਾ ਨਾ ਲਿਜਾਇਆ ਜਾਵੇ
 
* ਜੇ ਅਸੀਂ ਪੰਜਾਬ 'ਚ ਅਕਾਲੀ ਸਰਕਾਰ ਦੇ ਹੁੰਦਿਆਂ ਹੀ ਰਾਧਾ ਸਵਾਮੀਆਂ ਵੱਲੋਂ ਢਾਹਿਆ ਗਿਆ ਗੁਰਦੁਆਰਾ ਨਾ ਬਣਾ ਸਕੇ, ਤਾਂ ਉਤਰਾਖੰਡ ਦੀ ਸਰਕਾਰ ਤੋਂ ਕਿਹੜੇ ਮੂੰਹ ਮੰਗ ਕਰ ਸਕਾਂਗੇ ਕਿ ਹਰਿਦੁਆਰ ਵਿਖੇ ਗੁਰੂ ਨਾਨਕ ਸਾਹਿਬ ਵਲੋਂ ਪਾਂਡਿਆਂ ਨੂੰ ਗਿਆਨ ਕਰਵਾਉਣ ਵਾਲੀ ਜਗ੍ਹਾ ਬਣਿਆ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਮੁੜ ਉਸੇ ਜਗ੍ਹਾ ਉਸਾਰਿਆ ਜਾਵੇ
 
* ਮੈਂ ਕਦੀ ਇਹ ਪ੍ਰਚਾਰ ਨਹੀਂ ਕਰਦਾ ਕਿ ਮੂਲ ਮੰਤਰ 'ਗੁਰਪ੍ਰਸਾਦਿ' ਤੱਕ ਹੈ ਜਾਂ 'ਹੋਸੀ ਭੀ ਸੱਚ' ਤੱਕ ਹੈ। ਪਰ ਜੇ ਮੈਂ 'ਹੋਸੀ ਭੀ ਸੱਚ' ਤੱਕ ਪੜ੍ਹ ਲਵਾਂ ਤਾਂ ਦੱਸੋ ਇਸ ਦਾ ਕੀ ਨੁਕਸਾਨ ਹੈ?
 
* ਜਥੇਦਾਰ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੁੱਖ ਮੰਤਰੀ 'ਤੇ ਕੇਸ ਦਰਜ ਕਰਵਾਉਣ ਵਾਲਿਆਂ ਨੂੰ ਚਾਹੀਦਾ ਹੈ, ਕਿ ਉਹ ਸਮੁੱਚੀ ਸਿੱਖ ਕੌਮ 'ਤੇ ਹੀ ਦੇਸ਼ ਧ੍ਰੋਹੀ ਦਾ ਕੇਸ ਦਰਜ ਕਰਵਾਉਣ, ਅਸੀਂ ਕੇਸ ਭੁਗਤਣ ਲਈ ਤਿਆਰ ਹਾਂ

ਬਠਿੰਡਾ, ੧੫ ਸਤੰਬਰ (ਕਿਰਪਾਲ ਸਿੰਘ): ਮੇਰੇ ਵਰਗੇ ਜਿਨ੍ਹਾਂ ਨੂੰ ਕੈਲੰਡਰ ਦਾ ਓ, ਅ ਵੀ ਨਹੀਂ ਆਉਂਦਾ, ਉਨ੍ਹਾਂ ਨੂੰ ਕੌਮ ਦਾ ਕੈਲੰਡਰ ਬਣਾਉਣ ਜਾਂ ਸੋਧਣ ਵਿੱਚ ਆਪਣੀ ਲੱਤ ਨਹੀਂ ਅੜਾਉਣੀ ਚਾਹੀਦੀ। ਇਹ ਸ਼ਬਦ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਣ ਅੱਜ ਸਵੇਰੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਬੜੀਆਂ ਹੀ ਬੇਬਾਕ ਟਿੱਪਣੀਆਂ ਕਰਦਿਆਂ ਉਨ੍ਹਾਂ ਕਿਹਾ, ਚਾਹੇ ਸ਼੍ਰੋਮਣੀ ਕਮੇਟੀ ਹੋਵੇ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਹੋਵੇ, ਸਿੱਖ ਕੌਮ ਦੇ ਵਿਦਵਾਨ ਹੋਣ, ਪ੍ਰਚਾਰ ਵਿੱਚ ਜੁਟੀਆਂ ਹੋਰ ਪੰਥਕ ਜਥੇਬੰਦੀਆਂ ਹੋਣ ਜਾਂ ਸੰਤ ਮਹਾਂਪੁਰਸ਼ ਤੇ ਟਕਸਾਲਾਂ ਸੰਪ੍ਰਦਾਵਾਂ ਹੋਣ; ਸਾਰੇ ਹੀ ਪੰਥ ਦੇ ਸਤਿਕਾਰਤ ਅੰਗ ਹਨ। ਪਰ ਇਹ ਦੁੱਖ ਦੀ ਗੱਲ ਹੈ ਕਿ ਕਈ ਮੁੱਦਿਆਂ 'ਤੇ ਕੁਝ ਮਤਭੇਦ ਹੋਣ ਕਰਕੇ ਸਾਡੇ ਵਿੱਚ ਕਈ ਵਿਵਾਦ ਖੜ੍ਹੇ ਹੋ ਗਏ ਹਨ ਜਿਨ੍ਹਾਂ ਕਾਰਣ ਪੰਥ ਖੇਰੂੰ ਖੇਰੂੰ ਹੋਇਆ ਪਿਆ ਹੈ। ਪੰਥਕ ਏਕਤਾ ਕਰਵਾ ਕੇ ਆਪਣੀ ਸ਼ਕਤੀ ਵਧਾਉਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਾਹੀਦਾ ਹੈ ਕਿ ਸਾਰੇ ਹੀ ਸਤਿਕਾਰਤ ਅੰਗਾਂ ਦੇ ਮੁਖੀਆਂ ਨੂੰ ਇੱਕ ਥਾਂ ਇਕੱਤਰ ਕਰਨ ਤੇ ਵਿਦਵਾਨਾਂ ਦੀ ਸਲਾਹ ਅਤੇ ਗੁਰਬਾਣੀ ਤੋਂ ਸੇਧ ਲੈ ਕੇ ਵਿਵਾਦਤ ਮੁੱਦਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨ। ਬਾਬਾ ਦਾਦੂਵਾਲ ਨੇ ਕਿਹਾ ਕਿ ਜਰੂਰੀ ਨਹੀਂ ਜੋ ਮੈਂ ਕਹਿ ਰਿਹਾਂ ਹਾਂ ਉਹੀ ਅੰਤਮ ਸੱਚ ਹੋਵੇ। ਇਸੇ ਤਰ੍ਹਾਂ ਹੋਰ ਸੰਸਥਾਵਾਂ, ਟਕਸਾਲਾਂ ਸੰਪ੍ਰਦਾਵਾਂ, ਜਥੇਬੰਦੀਆਂ ਤੇ ਵਿਦਵਾਨ ਆਪਣੀ ਆਪਣੀ ਸੋਚ ਮੁਤਾਬਕ ਸਹੀ ਹੋ ਸਕਦੇ ਹਨ ਪਰ ਉਨ੍ਹਾਂ ਵੱਲੋਂ ਆਪਣੀ ਸੋਚ ਨੂੰ ਅੰਤਮ ਸੱਚ ਮੰਨ ਲੈਣਾ ਵੀ ਉਨ੍ਹਾਂ ਦੀ ਭੁੱਲ ਹੈ।

ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਵਿਸ਼ੇਸ਼ ਤੌਰ 'ਤੇ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿੱਖ ਕੌਮ ਦਾ ਵੱਖਰਾ ਕੈਲੰਡਰ ਹੋਵੇ ਤੇ ਸਾਰੀ ਕੌਮ ਉਸ ਨੂੰ ਆਪਣੀ ਆਪਣੀ ਹਊਮੈ ਤੇ ਪਹਿਲਾਂ ਤੋਂ ਬਣੀ ਮਿੱਥ ਤਿਆਗ ਕੇ ਇੱਕ ਸਾਰ ਲਾਗੂ ਕਰੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਸੀਂ ਬਿਕ੍ਰਮੀ ਕੈਲੰਡਰ ਦੀਆਂ ਸੁਦੀਆਂ ਵਦੀਆਂ ਦੀਆਂ ਤਿਥਾਂ ਦੇ ਹਿਸਾਬ ਗੁਰਪੁਰਬ ਅਤੇ ਸੂਰਜ ਦੇ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਨ ਦੇ ਹਿਸਾਬ ਨਾਲ ਸੰਗਰਾਂਦਾਂ ਮਨਾਉਂਦੇ ਸੀ। ਇਸ ਨਾਲ ਗੁਰਪੁਰਬ ਹਮੇਸ਼ਾਂ ਹੀ ਅੱਗੇ ਪਿੱਛੇ ਹੋ ਜਾਣ ਕਰਕੇ ਦੁਬਿਧਾ ਬਣੀ ਰਹਿੰਦੀ ਸੀ। ਇਸ ਕਾਰਣ ਸਮੁੱਚੀ ਕੌਮ ਦੀ ਮੰਗ ਸੀ ਕਿ ਆਪਣਾ ਵੱਖਰਾ ਕੌਮੀ ਕੈਲੰਡਰ ਬਣਾਇਆ ਜਾਵੇ ਜਿਸ ਵਿੱਚ ਗੁਰਪੁਰਬ ਹਮੇਸ਼ਾਂ ਸਥਿਰ ਤਰੀਖਾਂ ਨੂੰ ਹੀ ਆਉਣ। ਕੌਮ ਦੀ ਇਸ ਮੰਗ ਨੂੰ ਮੁੱਖ ਰੱਖ ਕੇ ਵਿਦਵਾਨ ਸ: ਪਾਲ ਸਿੰਘ ਪੁਰੇਵਾਲ ਨੇ ਸੂਰਜੀ ਤਿਥਾਂ ਨੂੰ, ਦੁਨੀਆਂ ਭਰ ਵਿੱਚ ਪ੍ਰਚਲਤ ਸਾਂਝੇ ਕੈਲੰਡਰ ਨਾਲ ਜੋੜ ਕੇ ਨਾਨਕਸ਼ਾਹੀ ਕੈਲੰਡਰ ਬਣਾਇਆ ਜਿਸ ਵਿੱਚ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜੇ ਤਾਂ ਸਥਿਰ ਕਰ ਦਿੱਤੇ ਗਏ ਪਰ ਸਾਲ ਦੇ ਕੁਝ ਮਹੀਨਿਆਂ ਦੀ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਨਾਲੋਂ ਅੱਗੇ ਪਿੱਛੇ ਹੋ ਗਈਆਂ। ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਹੋਰ ਵਿਦਵਾਨਾਂ ਦੀ ਸਲਾਹ ਨਾਲ ਇਸ ਕੈਲੰਡਰ ਨੂੰ ਪ੍ਰਵਾਨਗੀ ਮਿਲ ਗਈ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਨੂੰ ੨੦੦੩ ਦੀ ਵੈਸਾਖੀ ਨੂੰ ਲਾਗੂ ਕਰ ਦਿੱਤਾ ਗਿਆ। ਪਰ ਦੋ ਤਖ਼ਤਾਂ- ਤਖ਼ਤ ਸ਼੍ਰੀ ਹਰਿਮੰਦਰ ਸਾਹਿਬ ਪਟਨਾ, ਤਖ਼ਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਅਤੇ ਟਕਸਾਲਾਂ ਸੰਪ੍ਰਦਾਵਾਂ ਨੇ ਇਸ ਨੂੰ ਨਾ ਮੰਨਿਆਂ ਤੇ ਉਨ੍ਹਾਂ ਨੇ ਬਿਕ੍ਰਮੀ ਸੰਮਤ ਅਨੁਸਾਰ ਹੀ ਗੁਰਪੁਰਬ ਤੇ ਸੰਗਰਾਂਦਾਂ ਮਨਾਉਣੀਆਂ ਜਾਰੀ ਰੱਖੀਆਂ। ਇਸ ਨਾਲ ਬੜੀ ਦੁਬਿਧਾ ਬਣ ਗਈ ਕਿ ਪੰਥ ਦੇ ਤਿੰਨ ਤਖ਼ਤ ਸਾਹਿਬ ਇੱਕ ਪਾਸੇ ਤੇ ਦੋ ਦੂਜੇ ਪਾਸੇ।

ਇੱਕ ਪਿੰਡ ਵਿੱਚ ਦੋ ਗੁਰਦੁਆਰੇ ਹਨ ਤਾਂ ਇੱਕ ਵਿੱਚ ਸੰਗਰਾਂਦ ਅੱਜ ਮਨਾਈ ਜਾਂਦੀ ਹੈ ਤੇ ਦੂਸਰੇ ਵਿੱਚ ਦੂਸਰੇ ਦਿਨ। ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਸੂਰਜ ਦਾ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਪ੍ਰਵੇਸ਼ ਤਾਂ ਕੁਦਰਤੀ ਨਿਯਮਾਂ ਅਨੁਸਾਰ ਹੋ ਰਿਹਾ ਹੈ। ਇਹ ਤਾਂ ਹੋ ਨਹੀਂ ਹੋ ਸਕਦਾ ਕਿ ਸੂਰਜ ਅੱਜ ਵੀ ਰਾਸ ਬਦਲ ਲਵੇ ਤੇ ਕੱਲ੍ਹ ਨੂੰ ਫਿਰ ਦੁਬਾਰਾ ਬਦਲ ਲਵੇ। ਇਸ ਲਈ ਸੰਗਰਾਂਦ ਕੁਦਰਤੀ ਨਿਯਮਾਂ ਨੂੰ ਮੁੱਖ ਰੱਖ ਕੇ ਹੀ ਮਨਾਈ ਜਾਣੀ ਚਾਹੀਦੀ ਹੈ। ਇਸ ਦੁਬਿਧਾ ਨੂੰ ਦੂਰ ਕਰਨ ਲਈ ਦੋ ਤਖ਼ਤਾਂ, ਤੇ ਸੰਤ ਮਹਾਂਪੁਰਸ਼ਾਂ ਦੀ ਸਲਾਹ ਨਾਲ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕਰਦਿਆਂ ਇਸ ਦੀਆਂ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਨਾਲ ਮਿਲਾ ਦਿੱਤੀਆਂ ਤੇ ਚਾਰ ਗੁਰਪੁਰਬ ਸੂਰਜੀ ਤਿਥਾਂ ਤੋਂ ਬਦਲ ਕੇ ਚੰਦ੍ਰਮਾਂ ਦੀਆਂ ਸੁਦੀਆਂ ਵਦੀਆਂ ਤਿਥਾਂ ਅਨੁਸਾਰ ਕਰ ਦਿੱਤੇ। ਪਰ ਵਿਵਾਦ ਉਸ ਤੋਂ ਵੀ ਵਧ ਗਿਆ ਕਿਉਂਕਿ ਸੋਧਾਂ ਵਾਲੇ ਇਸ ਕੈਲੰਡਰ ਨੂੰ ਦਿੱਲੀ ਕਮੇਟੀ ਤੇ ਸਿੱਖ ਵਿਦਵਾਨਾਂ ਨੇ ਪ੍ਰਵਾਨ ਨਾ ਕੀਤਾ ਤੇ ਉਨ੍ਹਾਂ ਨੇ ੨੦੦੩ ਵਿੱਚ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਰਾਹੀਂ ਲਾਗੂ ਹੋਏ ਕੈਲੰਡਰ ਅਨੁਸਾਰ ਹੀ ਗੁਰਪੁਰਬ ਮਨਾਉਣੇ ਜਾਰੀ ਰੱਖੇ  ਹੋਏ ਹਨ।

ਬਾਬਾ ਦਾਦੂਵਾਲ ਨੇ ਕਿਹਾ ਕਿ ਗੁਰੂ ਹਰਿ ਕ੍ਰਿਸ਼ਨ ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮੈਨੂੰ ਇਹ ਮੰਨਣ ਵਿੱਚ ਕੋਈ ਝਿਝਕ ਨਹੀਂ ਹੈ ਕਿ ਮੈਨੂੰ ਕੈਲੰਡਰ ਬਾਰੇ ਕੋਈ ਸੋਝੀ ਨਹੀਂ ਹੈ ਇਸ ਲਈ ਮੈਂ ਬਾਕੀਆਂ ਨੂੰ ਵੀ ਇਹ ਅਪੀਲ ਕਰਨੀ ਚਾਹਾਂਗਾ ਕਿ ਮੇਰੇ ਵਰਗੇ ਜਿਨ੍ਹਾਂ ਨੂੰ ਕੈਲੰਡਰ ਦਾ a, ਅ ਵੀ ਨਹੀਂ ਆਉਂਦਾ, ਉਨ੍ਹਾਂ ਨੂੰ ਕੌਮ ਦਾ ਕੈਲੰਡਰ ਬਣਾਉਣ ਜਾਂ ਸੋਧਣ ਵਿੱਚ ਆਪਣੀ ਲੱਤ ਨਹੀਂ ਅੜਾਉਣੀ ਚਾਹੀਦੀ। ਇਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਫਰਜ਼ ਬਣਦਾ ਹੈ ਕਿ ਪੰਜਾਂ ਤਖ਼ਤਾਂ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸਮੁੱਚੀਆਂ ਸੰਸਥਾਂਵਾਂ, ਜਥੇਬੰਦੀਆਂ, ਟਕਸਾਲਾਂ, ਸੰਪ੍ਰਦਾਵਾਂ ਵਿੱਚੋਂ ਚੋਣਵੇਂ ਵਿਦਵਾਨਾਂ ਦੀ ਇਕੱਤ੍ਰਤਾ ਬੁਲਾਉਣ ਤੇ ਉਨ੍ਹਾਂ ਵਿਦਵਾਨ ਜਿਨ੍ਹਾਂ ਨੂੰ ਭੁਗੋਲ, ਖਗੋਲ ਤੇ ਕੈਲੰਡਰ ਵਿਗਿਆਨ ਦੀ ਪੂਰੀ ਸੋਝੀ ਹੈ, ਦੀ ਸਹਾਇਤਾ ਨਾਲ ਸਰਬ ਪ੍ਰਵਾਨਤ ਕੈਲੰਡਰ ਤਿਆਰ ਕਰ ਕੇ ਕੌਮ ਨੂੰ ਦੇਣ। ਬੇਸ਼ੱਕ ਉਸ ਲਈ ੧੦ ਦਿਨ, ੨੦ ਦਿਨ, ਮਹੀਨਾ ਜਾਂ ਛੇ ਮਹੀਨੇ ਵੀ ਕਿਉਂ ਨਾ ਲੱਗ ਜਾਣ ਪਰ ਉਹ ਸਿੱਖ ਇਤਿਹਾਸ ਤੇ ਹਰ ਤਰ੍ਹਾਂ ਦੇ ਵਿਗਿਆਨ ਦੀ ਕਸਵੱਟੀ ਤੇ ਪੂਰਾ ਉਤਰਦਾ ਹੋਵੇ। ਬਾਬ ਬਲਜੀਤ ਸਿੰਘ ਨੇ ਕਿਹਾ ਮੈ ਇੱਥੇ ਖੁਲ੍ਹੇ ਦਿਲ ਨਾਲ ਐਲਾਣ ਕਰਦਾ ਹਾਂ ਕਿ ਜੇ ਇਸ ਤਰ੍ਹਾਂ ਕੋਈ ਵੀ ਸਰਬਪ੍ਰਵਾਨਤ ਕੈਲੰਡਰ ਬਣ ਜਾਂਦਾ ਹੈ ਤਾਂ ਉਹ ਇਸ ਨੂੰ ਹੂਬਹੂ ਮੰਨਣਗੇ ਤੇ ਬਾਕੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਕੌਮੀ ਹਿਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਆਪਣੀ ਹਊਮੈ ਤੇ ਪਹਿਲਾਂ ਤੋਂ ਬਣੀ ਹੋਈ ਮਿਥ ਦਾ ਤਿਆਗ ਕਰਕੇ ਸਰਬਪ੍ਰਵਾਨਤ ਕੈਲੰਡਰ ਨੂੰ ਮਾਨਤਾ ਦੇਣ ਤੇ ਇਸ ਤਰ੍ਹਾਂ ਕੌਮੀ ਏਕਤਾ ਕਰਨ ਲਈ ਕਦਮ ਅੱਗੇ ਵਧਾਉਣ। 

ਇਹ ਵਰਨਣਯੋਗ ਹੈ ਕਿ ਕੈਲੰਡਰ ਵਿਵਾਦ ਪੈਦਾ ਹੋਣ ਪਿੱਛੋਂ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸੰਤ ਕਹਾਉਣ ਵਾਲਿਆਂ ਵਿੱਚੋਂ ਪਹਿਲੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੇ ਇਸ ਮੁੱਦੇ 'ਤੇ ਬੜੀ ਖੁਲ੍ਹਦਿਲੀ ਨਾਲ ਉਸਾਰੂ ਬਿਆਨ ਦਿੱਤੇ ਹਨ। ਜੇ ਬਾਕੀ ਦਾ ਸੰਤ ਸਮਾਜ ਤੇ ਦੋ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਵੀ ਇਸ ਤਰ੍ਹਾਂ ਦੀ ਉਸਾਰੂ ਪਹੁੰਚ ਅਪਣਾ ਲੈਣ ਤਾਂ ਕੋਈ ਕਾਰਣ ਹੀ ਨਹੀਂ ਕਿ ਇਹ ਵਿਵਾਦ ਹੱਲ ਨਾ ਹੋ ਸਕੇ।

ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਅਸੀਂ ਸਮੁਚੀਆਂ ਜਥੇਬੰਦੀਆਂ ਅਕਾਲ ਤਖ਼ਤ ਤੇ ਇਸ ਦੇ ਜਥੇਦਾਰ ਨੂੰ ਪੂਰੀ ਤਰ੍ਹਾਂ ਸਮਰਪਤ ਹਾਂ ਪਰ ਜਦੋਂ ਉਹ ਕਾਬਜ਼ ਸਿਆਸੀ ਧੜੇ ਦੇ ਵੋਟ ਹਿਤਾਂ ਨੂੰ ਵੇਖ ਕੇ ਗੁਰਦੁਆਰੇ ਢਾਹੁੰਣ ਵਾਲੇ ਡੇਰੇਦਾਰਾਂ ਨੂੰ ਹੀ ਕਲੀਨ ਚਿੱਟ ਦੇ ਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਗੁਰਸਿਖਾਂ ਨੂੰ ਸ਼ਰਾਰਤੀ ਕਹਿਣ ਗੱਲ ਜਾਵੇ ਅਤੇ ਸਾਡੇ ਵੱਲੋਂ ਪੰਥਕ ਹਿੱਤਾਂ ਵਿੱਚ ਅਕਾਲ ਤਖ਼ਤ 'ਤੇ ਲਿਜਾਏ ਗਏ ਮਸਲਿਆਂ ਨੂੰ ਹਮੇਸ਼ਾਂ ਹੀ ਅੱਖੋਂ ਪਰੋਖੇ ਕਰਦਾ ਰਹੇ ਤਾਂ ਸਾਨੂੰ ਮਜ਼ਬੂਰਨ ਫੈਸਲਾ ਕਰਨਾ ਪਿਆ ਕਿ ਉਨ੍ਹਾਂ ਕੋਲ ਕੋਈ ਵੀ ਪੰਥਕ ਮਸਲਾ ਨਾ ਲਿਜਾਇਆ ਜਾਵੇ। ਉਨ੍ਹਾਂ ਕਿਹਾ ਜੇ ਅਸੀਂ ਪੰਜਾਬ 'ਚ ਹੀ ਅਕਾਲੀ ਸਰਕਾਰ ਦੇ ਹੁੰਦਿਆਂ ਰਾਧਾ ਸਵਾਮੀਆਂ ਵੱਲੋਂ ਢਾਹੇ ਗਏ ਗੁਰਦੁਆਰੇ ਦੀ ਮੁੜ ਉਸਾਰੀ ਨਾ ਸਕੇ ਤਾਂ ਉਤਰਾਖੰਡ ਦੀ ਸਰਕਾਰ ਤੋਂ ਕਿਹੜੇ ਮੂੰਹ ਮੰਗ ਕਰ ਸਕਾਂਗੇ ਕਿ ਹਰਿਦੁਆਰ ਵਿਖੇ ਗੁਰੂ ਨਾਨਕ ਸਾਹਿਬ ਵਲੋਂ ਪਾਂਡਿਆਂ ਨੂੰ ਗਿਆਨ ਕਰਵਾਉਣ ਵਾਲੀ ਜਗ੍ਹਾ ਬਣਿਆ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਮੁੜ ਉਸੇ ਹੀ ਜਗ੍ਹਾ ਉਸਾਰਿਆ ਜਾਵੇ। ਇਸ ਕਾਰਣ ਅਕਾਲ ਤਖ਼ਤ ਵਲੋਂ ਰਾਧਾ ਸਵਾਮੀਆਂ ਨੂੰ ਕਲੀਨ ਚਿੱਟ ਦੇਣ ਵਾਲੇ ਹੁਕਮਨਾਮੇ ਨੂੰ ਨਾ ਮੰਨਦੇ ਹੋਏ ਅਸੀਂ ਸਮੁੱਚੀਆਂ ਜਥੇਬੰਦੀਆਂ ਪਿੰਡ ਵੜੈਚ ਵਿਖੇ ਢਾਹੇ ਗਏ ਗੁਰਦੁਆਰੇ ਦੀ ਮੁੜ ਉਸਰੀ ਕਰਾਂਗੇ। ਗੁਰਦੁਆਰਾ ਗਿਆਨ ਗੋਦੜੀ ਦੀ ਮੁੜ aਸਾਰੀ ਦੀ ਗੱਲ ਕਰਦਿਆਂ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਅਸੀਂ ਤਾਂ ਸੰਘਰਸ਼ ਕਰ ਸਕਦੇ ਹਾਂ, ਮੋਰਚੇ ਲਾ ਸਕਦੇ ਹਾਂ ਪਰ ਸਰਕਾਰਾਂ ਨਾਲ ਗੱਲ ਤਾਂ ਸਾਡੇ ਕੌਮੀ ਆਗੂਆਂ ਨੇ ਹੀ ਕਰਨੀ ਹੈ। ਇਸ ਲਈ ਮੈਂ ਸੰਗਤ ਨੂੰ ਨਾਲ ਲੈ ਕੇ ਇਹ ਮਾਮਲਾ ਅਕਾਲ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਲੈ ਕੇ ਗਿਆ ਸੀ ਕਿ ਉਤਰਾਖੰਡ ਦੀ ਸਰਕਾਰ ਨਾਲ ਗੱਲ ਕਰਕੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਅਸਲੀ ਜਗ੍ਹਾ 'ਤੇ ਮੁੜ ਉਸਾਰੀ ਕਰਵਾਉਣ ਲਈ ਰਾਹ ਪੱਧਰਾ ਕੀਤਾ ਜਾਵੇ। ਜਿਲ੍ਹਾ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਸਨ ਕਿ ਗੁਰਦੁਆਰੇ ਦੀ ਮੁੜ ਉਸਾਰੀ ਲਈ ਉਤਰਾਖੰਡ ਸਰਕਾਰ ਨਾਲ ਗੱਲ ਕੀਤੀ ਜਾਵੇ ਪਰ ਉਨ੍ਹਾਂ ਨੇ ਇਸ ਕੌਮੀ ਮੰਗ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਬਾਬਾ ਦਾਦੂਵਲ ਨੇ ਦਿੱਲੀ ਕਮੇਟੀ ਪ੍ਰਧਾਨ ਸ: ਪਰਮਜੀਤ ਸਿੰਘ ਸਰਨੇ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਿਸ਼ਵਾਸ਼ ਦੁਆਇਆ ਹੈ ਕਿ ਉਹ ਉਤਰਾਖੰਡ ਦੇ ਮੁਖ ਮੰਤਰੀ ਦੇ ਸੰਪਰਕ ਵਿੱਚ ਹਨ ਤੇ ਜਲਦੀ ਹੀ ਇਸ ਦਾ ਹੱਲ ਨਿਕਲ ਆਵੇਗਾ।

ਬਾਬਾ ਬਲਜੀਤ ਸਿੰਘ ਨੇ ਕਿਹਾ ਇਸ ਸਥਾਨ 'ਤੇ ਜਦੋਂ ਗੁਰਸ਼ਬਦ ਦੀ ਵੀਚਾਰ ਕਰਦੇ ਹਨ ਤਾਂ ਉਹ ਗੁਰੂ ਘਰ ਦੀ ਚਲੀ ਆ ਰਹੀ ਮਰਿਆਦਾ ਅਨੁਸਾਰ ਮੂਲ ਮੰਤਰ ਦਾ ਜਾਪ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਕਈ ਫ਼ੋਨ ਆਏ ਜਿਨ੍ਹਾਂ ਨੇ ਪੁੱਛਿਆ ਕਿ ਬਾਬਾ ਜੀ ਗੁਰਬਾਣੀ ਅਨੁਸਾਰ ਮੂਲ ਮੰਤਰ ਤਾਂ 'ਗੁਰਪ੍ਰਸਾਦਿ' ਤੱਕ ਹੈ ਤੁਸੀਂ 'ਹੋਸੀ ਭੀ ਸਚੁ' ਤੱਕ ਕਿਉਂ ਪੜ੍ਹਦੇ ਹੋ? ਬਾਬਾ ਦਾਦੂਵਾਲ ਨੇ ਕਿਹਾ, ਪਰ ਮੈਂ ਇੱਥੇ ਇਹ ਪ੍ਰਚਾਰ ਕਦੋਂ ਕੀਤਾ ਹੈ ਕਿ ਮੂਲ ਮੰਤਰ 'ਗੁਰਪ੍ਰਸਾਦਿ' ਤੱਕ ਨਹੀ 'ਹੋਸੀ ਭੀ ਸਚੁ' ਤੱਕ ਹੈ। ਉਨ੍ਹਾਂ ਕਿਹਾ ਇਸ ਸਬੰਧੀ ਪੰਥ ਵਿੱਚ ਵਿਵਾਦ ਹੈ ਕਿ ਮੂਲ ਮੰਤਰ ਦਾ ਅਸਲੀ ਸਰੂਪ ਕਿਹੜਾ ਹੈ? ਜਦ ਤੱਕ ਇਸ ਦਾ ਕੋਈ ਸਰਬ ਪ੍ਰਵਾਨਤ ਫੈਸਲਾ ਨਹੀਂ ਹੁੰਦਾ ਉਤਨੀ ਦੇਰ ਜੇ ਮੈਂ 'ਹੋਸੀ ਭੀ ਸਚੁ' ਤੱਕ ਪੜ੍ਹ ਲਵਾਂ ਤਾਂ ਦੱਸੋ ਇਸ ਦਾ ਕੀ ਨੁਕਸਾਨ ਹੈ? ਜੇ ਮੈ ਪਹਿਲੀ ਪਉੜੀ ਵੀ ਪੜ੍ਹ ਲਵਾਂ, ਦੱਸੋ ਵੱਧ ਬਾਣੀ ਪੜ੍ਹਨ ਨਾਲ ਟਾਈਫਾਈਡ ਹੋ ਜਾਵੇਗਾ ਜਾਂ ਕੋਈ ਹੋਰ ਨੁਕਸਾਨ ਹੋ ਜਾਵੇਗਾ? ਉਨ੍ਹਾਂ ਕਿਹਾ ਕਿ ਜਦੋਂ ਕੋਈ ਸਰਬਪ੍ਰਵਾਨਤ ਫੈਸਲਾ ਹੋ ਗਿਆ ਕਿ ਮੂਲ ਮੰਤਰ ਇੱਥੋਂ ਤੱਕ ਹੀ ਹੈ ਇਸ ਤੋਂ ਅੱਗੇ ਨਹੀਂ ਪੜ੍ਹਨਾ ਉਸ ਵੇਲੇ ਇਸ ਫੈਸਲੇ 'ਤੇ ਜਰੂਰ ਫੁੱਲ ਚੜ੍ਹਾਵਾਂਗਾ।  

ਬਾਬਾ ਬਲਜੀਤ ਸਿੰਘ ਨੇ ਕਿਹਾ ਹਰ ਦੇਸ਼ ਤੇ ਕੌਮ ਦੇ ਆਪਣੇ ਸ਼ਹੀਦ ਹੁੰਦੇ ਹਨ ਤੇ ਹਰ ਦੇਸ਼ ਤੇ ਕੌਮ ਆਪਣੇ ਸ਼ਹੀਦਾਂ ਦਾ ਸਨਮਾਨ ਕਰਦੀ ਹੈ ਤੇ ਉਨ੍ਹਾਂ ਤੋਂ ਸੇਧ ਲੈਣ ਲਈ ਉਨ੍ਹਾਂ ਦੀਆਂ ਯਾਦਗਾਰਾਂ ਬਣਾਉਂਦੀ ਹੈ। ਆਪਣੇ ਦੇਸ਼ ਕੌਮ ਦੀ ਅਜਾਦੀ ਤੇ ਕੌਮੀ ਹਿੱਤਾਂ ਲਈ ਲੜਨ ਵਾਲਿਆਂ ਨੂੰ ਮੌਕੇ ਦੀਆਂ ਸਾਰਕਾਰਾਂ ਹਮੇਸ਼ਾਂ ਹੀ ਅਤਿਵਾਦੀ ਵੱਖਵਾਦੀ ਹੋਣ ਦੇ ਫਤਵੇ ਜਾਰੀ ਕਰ ਕੇ ਮੌਤ ਦੀਆਂ ਸਜਾਵਾਂ ਦਿੰਦੀਆਂ ਰਹੀਆਂ ਹਨ ਪਰ ਅਜਾਦੀ ਉਪ੍ਰੰਤ ਉਨ੍ਹਾਂ ਹੀ ਅਤਿਵਾਦੀਆਂ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਮਦਨ ਲਾਲ ਢੀਂਗਰਾ ਆਦਿ ਨੂੰ ਅੰਗਰੇਜ ਸਰਕਾਰ ਨੇ ਬਾਗੀ ਤੇ ਅਤਿਵਾਦੀ ਦੱਸ ਕੇ ਫਾਂਸੀਆਂ ਦੀਆਂ ਸਜਾਵਾਂ ਦਿੱਤੀਆਂ ਪਰ ਦੇਸ਼ ਅਜਾਦ ਹੋਣ ਪਿੱਛੋਂ ਉਨ੍ਹਾਂ ਨੂੰ ਕੌਮੀ ਸ਼ਹੀਦ ਐਲਾਨਿਆ ਹੈ ਤੇ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਸਰਕਾਰੀ ਪੱਧਰ 'ਤੇ ਮਨਾਏ ਜਾ ਰਹੇ ਹਨ। ਯਾਦਗਾਰ ਵਜੋਂ ਉਨ੍ਹਾਂ ਦੇ ਬੁੱਤ ਲੱਗ ਰਹੇ ਹਨ। ਇਸੇ ਤਰ੍ਹਾਂ ਸਾਡੇ ਸਿਖ ਇਤਿਹਾਸ ਦੇ ਸ਼ਹੀਦ ਹਨ ਜਿਨ੍ਹਾਂ ਨੂੰ ਮੌਕੇ ਦੀ ਮੁਗਲ ਸਰਕਾਰ ਬਾਗ਼ੀ ਤੇ ਅਤਿਵਾਦੀ ਦੱਸ ਕੇ ਸ਼ਹੀਦ ਕਰਦੀ ਰਹੀ ਹੈ। ਸਾਡੇ ਤਾਂ ਪਹਿਲੇ ਗੁਰੂ, ਗੁਰੂ ਨਾਨਕ ਸਾਹਿਬ ਜੀ ਨੂੰ ਹੀ ਬਾਬਰ ਨੇ ਵਿਦਰੋਹੀ ਦੱਸ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ, ਪੰਜਵੇਂ ਗੁਰੂ, ਗੁਰੂ ਅਰਜੁਨ ਸਾਹਿਬ ਜੀ ਨੂੰ ਸ਼ਹੀਦ ਕੀਤਾ, ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕੀਤਾ, ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਦਸਵੇਂ ਪਾਤਸ਼ਾਹ ਦੇ ਚਾਰੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਸ਼ਹੀਦ ਕੀਤਾ, ਹੋਰ ਅਨੇਕਾਂ ਸਿੰਘ ਸ਼ਹੀਦ ਕੀਤੇ ਪਰ ਅੱਜ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹੋਏ ਉਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਦੀਆਂ ਸ਼ਹੀਦੀ ਯਾਦਗਾਰਾਂ ਬਣੀਆਂ ਹੋਈਆਂ ਹਨ। ਉਨ੍ਹਾਂ ਸਮਿਆਂ ਵਿੱਚ ਵਾਪਰੇ ਘਲੂਘਾਰਿਆਂ ਦੀ ਯਾਦਗਾਰਾਂ ਤਾਂ ਹਾਲੀ ਪਿਛਲੀ ਸਰਕਾਰ ਦੌਰਾਨ ਹੀ ਬਣੀਆਂ ਸਨ ਜਿਨ੍ਹਾਂ ਦੇ ਉਦਘਾਟਨ ਸਮੇਂ ਸਰਕਾਰ ਦੀ ਭਾਈਵਾਲ ਭਾਜਪਾ ਦੇ ਮੰਤਰੀ ਤੇ ਉਨ੍ਹਾਂ ਦੇ ਕੌਮੀ ਆਗੂਆਂ ਨੇ ਵੀ ਸ਼ਿਰਕਤ ਕੀਤੀ ਸੀ, ਤਾਂ ਅੱਜ ਇਹ ਮੌਜੂਦਾ ਕੇਂਦਰੀ ਸਰਕਾਰ ਵੱਲੋਂ ੧੯੮੪ ਵਿੱਚ ਵਰਤਾਏ  ਘਲੂਘਾਰੇ ਦੀ ਯਾਦਗਰ ਬਣਾਉਣ ਦਾ ਕਿਸ ਮੂੰਹ ਨਾਲ ਵਿਰੋਧ ਕਰ ਰਹੇ ਹਨ? ਬਾਬਾ ਬਲਜੀਤ ਸਿੰਘ ਨੇ ਕਿਹਾ ਅਸੀਂ ਪੰਥਕ ਜਥੇਬੰਦੀਆਂ ਨੇ ਹੀ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਸੀ ਕਿ '੮੪ ਦੇ ਘਲੂਘਾਰੇ ਵਿੱਚ ਸ਼ਹੀਦ ਹੋਏ ਸਿੰਘ ਦੀ ਯਾਦਗਾਰ ਬਣਾਈ ਜਾਵੇ।

ਸਾਡੀ ਬੇਨਤੀ ਅਤੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਹੀ ਮਈ ੨੦੧੨ ਵਿੱਚ ਸ਼੍ਰੋਮਣੀ ਕਮੇਟੀ ਨੇ ਯਾਦਗਾਰ ਉਸਾਰਨ ਦਾ ਫੈਸਲਾ ਕੀਤਾ ਸੀ ਤੇ ਹੁਣ ਉਸਾਰੀ ਅਧੀਨ ਹੈ। ਜਿਹੜੇ ਲੋਕ ਇਸ ਯਾਦਗਾਰ ਦਾ ਵਿਰੋਧ ਕਰ ਰਹੇ ਹਨ ਇਸ ਦਾ ਭਾਵ ਹੈ ਕਿ ਉਹ ਹਾਲੀ ਵੀ ਸਿੱਖ ਕੌਮ ਨੂੰ ਗੁਲਾਮ ਸਮਝ ਰਹੇ ਹਨ ਇਸੇ ਕਾਰਣ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਪੰਜਾਬ 'ਤੇ ਦੇਸ਼ਧ੍ਰੋਹੀ ਦਾ ਕੇਸ ਦਰਜ ਕਰਵਾ ਦਿੱਤਾ ਹੈ। ਬਾਬਾ ਬਲਜੀਤ ਸਿੰਘ ਨੇ ਕਿਹਾ ਹੋਰਨਾਂ ਮੁੱਦਿਆਂ ਤੇ ਬੇਸ਼ੱਕ ਸਾਡੇ ਮੱਤਭੇਦ ਹੋਣ ਪਰ '੮੪ ਦੇ ਕੌਮੀ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਤੇ ਅਸੀਂ ਬਿਲਕੁਲ ਉਨ੍ਹਾਂ ਦੇ ਨਾਲ ਹਾਂ। ਜੇ ਯਾਦਗਾਰ ਬਣਾਉਣ ਦੇ ਦੋਸ਼ ਵਿੱਚ ਜਥੇਦਾਰ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਤੇ ਕੋਈ ਕੇਸ ਦਰਜ ਕਰਵਾਉਂਦਾ ਹੈ ਤਾਂ ਇਸ ਲਈ ਦੋਸ਼ੀ ਸਿਰਫ ਉਹ ਹੀ ਨਹੀਂ, ਸਮੁੱਚੀ ਕੌਮ ਹੀ ਦੋਸ਼ੀ ਹੈ ਕਿਉਂਕਿ ਕੌਮ ਦੀਆਂ ਭਾਵਨਾਵਾਂ ਅਨੁਸਾਰ ਹੀ ਉਹ ਯਾਦਗਾਰ ਬਣ ਰਹੀ ਹੈ। ਇਸ ਲਈ ਕੇਸ ਦਰਜ ਕਰਵਾਉਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਸਮੇਤ ਸਮੁੱਚੀ ਸਿੱਖ ਕੌਮ 'ਤੇ ਹੀ ਦੇਸ਼ ਧ੍ਰੋਹੀ ਦਾ ਕੇਸ ਦਰਜ ਕਰਵਾਉਣ, ਅਸੀਂ ਕੇਸ ਭੁਗਤਣ ਲਈ ਤਿਆਰ ਹਾਂ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top