Share on Facebook

Main News Page

ਗੁਰਬਾਣੀ ਸਮਝ ਕੇ ਜੀਵਨ ਸੁਧਾਰਨ ਲਈ ਹੈ, ਨਾ ਕਿ ਘੋਲ ਕੇ ਪੀਣ ਅਤੇ ਤਵੀਤਾਂ’ਚ ਮੜਾ ਕੇ ਗਲਾਂ ਵਿੱਚ ਪਾਉਣ ਲਈ
-
ਬਲਜੀਤ ਸਿੰਘ ਦਾਦੂਵਾਲ

* ਸਾਡੇ ਧਰਮ ਦੇ ਸਭ ਤੋਂ ਉਚੇ ਧਾਰਮਕ ਅਹੁਦਿਆਂ ਤੇ ਬਿਰਾਜਮਾਨ ਜਥੇਦਾਰਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ 1 ਨਾਲ ਜੁੜੇ ਹੋਏ ਹੋਣ ਦਾ ਸਬੂਤ ਦੇਣ ਨਾ ਕਿ ਮੌਕੇ ਦੇ ਬਾਦਸ਼ਾਹ ਨੂੰ ਸਭ ਤੋਂ ਤਾਕਤਵਰ ਜਾਣ ਕੇ ਉਸ ਨਾਲ ਜੁੜ ਕੇ ਆਪਣੇ ਧਰਮ ਤੋਂ ਬਦਰੰਗ ਹੋ ਕੇ ਖ਼ੁਆਰ ਹੋਣ

ਬਠਿੰਡਾ, 15 ਸਤੰਬਰ (ਕਿਰਪਾਲ ਸਿੰਘ): ਗੁਰਬਾਣੀ ਨੂੰ ਸਮਝ ਕੇ ਇਸ ਦੇ ਉਪਦੇਸ਼ ਦੁਆਰਾ ਆਪਣਾ ਜੀਵਨ ਸੁਧਾਰਨ ਲਈ ਹੈ, ਨਾ ਕਿ ਘੋਲ ਕੇ ਪੀਣ ਅਤੇ ਤਵੀਤਾਂ ’ਚ ਮੜਾ ਕੇ ਗਲਾਂ ਵਿੱਚ ਪਾਉਣ ਲਈ। ਇਹ ਸਬਦ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਣ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣ ਦੇ ਕਈ ਕੇਸਾਂ ਵਿੱਵ ਕੁਝ ਪਾਖੰਡੀ ਕਿਸਮ ਦੇ ਲੋਕਾਂ ਦੇ ਸਥਾਨਾਂ ’ਤੇ ਗਏ ਤਾਂ ਕਈ ਵਾਰ ਵੇਖਿਆ ਗਿਆ ਕਿ ਕੁਝ ਤਵੀਤਾਂ ਵਿੱਚ ਗੁਰਬਾਣੀ ਦੇ ਸ਼ਬਦ ਮੜਾ ਕੇ ਲੋਕਾਂ ਨੂੰ ਦੇਣ ਲਈ ਉਨ੍ਹਾਂ ਰੱਖੇ ਹੋਏ ਸਨ। ਬਾਬਾ ਦਾਦੂਵਾਲ ਨੇ ਕਿਹਾ ਇਹ ਲੋਕ ਆਪਣੀਆਂ ਦੁਕਾਨਦਾਰੀਆਂ ਚਲਾਉਣ ਲਈ ਲੋਕਾਂ ਨੂੰ ਗੁਰਬਾਣੀ ਸਮਝਾਉਣ ਦੀ ਥਾਂ ਇਸ ਨੂੰ ਤਵੀਤ ਵਿੱਚ ਮੜਾ ਕੇ ਗਲ ਵਿੱਚ ਪਾਉਣ ਜਾਂ ਪਾਣੀ ਵਿੱਚ ਘੋਲ ਕੇ ਪੀਣ ਦੇ ਪਾਖੰਡ ਦਾ ਪ੍ਰਚਾਰ ਕਰ ਰਹੇ ਹਨ ਜਿਹੜਾ ਕਿ ਗੁਰਬਾਣੀ ਦੀ ਦਰਵਤੋਂ ਤੇ ਨਿਰਾਦਾਰ ਹੈ।

ਉਨ੍ਹਾਂ ਨੇ ਗੁਰਬਾਣੀ ਨੂੰ ਅਰਥਾਂ ਸਹਿਤ ਵੀਚਾਰ ਸਹਿਤ ਪੜ੍ਹਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ: ‘ਰਾਮ ਨਾਮਿ ਮਨੁ ਲਾਗਾ ॥ ਜਮੁ ਲਜਾਇ ਕਰਿ ਭਾਗਾ ॥1॥’ (ਸੋਰਠਿ ਮ: 5, ਗੁਰੂ ਗ੍ਰੰਥ ਸਾਹਿਬ – ਪੰਨਾ 626) ਦਾ ਪਾਠ ਕਰਦੇ ਸਮੇਂ ਸ਼ਬਦ ‘ਲਜਾਇ’ ਨੂੰ ਅਧਕ ਲਾ ਕੇ ਜੋਰ ਨਾਲ ਬੋਲਣਾ ਹੈ: ‘ਲੱਜਾਇ’ ਜਿਸ ਦਾ ਅਰਥ ਹੈ ‘ਸ਼ਰਮਿੰਦਾ ਹੋ ਕੇ’। ਦੋਵੇਂ ਤੁਕਾਂ ਦਾ ਅਰਥ ਭਾਵ ਹੈ ਕਿ - (ਗੁਰ-ਸ਼ਬਦ ਦੀ ਬਰਕਤਿ ਨਾਲ ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ, ਉਸ ਪਾਸੋਂ (ਵਿਕਾਰ ਤਾਂ ਕਿਤੇ ਰਹੇ) ਜਮ (ਭੀ) ਸ਼ਰਮਿੰਦਾ ਹੋ ਕੇ ਭੱਜ ਜਾਂਦਾ ਹੈ ॥1॥ ਬਾਬਾ ਦਾਦੂਵਾਲ ਨੇ ਕਿਹਾ ਜੇ ਇਸ ਨੂੰ ਅਸੀਂ ਸਧਾਰਨ ਤਰੀਕੇ ਨਾਲ ਜਿਵੇਂ ਲਿਖਿਆ ਹੈ ਤਿਵੇਂ ਉਚਾਰਣ ਕਰਦੇ ਹੋਏ ‘ਲਜਾਇ ਕਰ’ ਪਾਠ ਦੇਈਏ ਤਾਂ ਇਸ ਇਸ ਦਾ ਅਰਥ ਨਿਕਲ ਜਾਵੇਗਾ ਕਿ ਜਮ ਲੈ ਜਾ ਕਰ ਕੇ ਭੱਜ ਜਾਂਦਾ ਹੈ। ਇਸ ਤਰ੍ਹਾਂ ਅਰਥਾਂ ਦਾ ਅਨਰਥ ਹੋ ਜਾਵੇਗਾ ਕਿਉਂਕਿ ਜੇ ਨਾਮ ਵਿੱਚ ਜੁੜੇ ਨੂੰ ਹੀ ਜਮ ਲੈ ਕੇ ਭੱਜ ਜਾਂਦਾ ਹੈ ਤੇ ਨਾਮ ਵਿੱਚ ਜੁੜਨ ਦਾ ਲਾਭ ਕੀ ਹੋਵੇਗਾ? ਉਨ੍ਹਾਂ ਕਿਹਾ ਜਿਨ੍ਹਾਂ ਨੇ ਪ੍ਰੇਰਣਾ ਲੈਣੀ ਹੈ ਉਹ ਰੇੜੀ ’ਤੇ ਸੰਗਤਰੇ ਵੇਚਣ ਵਾਲੇ ਤੋਂ ਵੀ ਲੈ ਲੈਂਦਾ ਹੈ। ਜਦੋਂ ਉਹ ਅਵਾਜ਼ ਮਰਦਾ ਹੈ ‘ਚੰਗੇ ਸੰਗਤਰੇ’ ਤਾਂ ਆਮ ਬੰਦਾ ਤਾਂ ਸਮਝਦਾ ਹੈ ਕਿ ਇਹ ਆਪਣੇ ਸੰਗਤਰੇ ਵੇਚਣ ਲਈ ਅਵਾਜ਼ ਮਾਰਦਾ ਹੈ ਪਰ ਪ੍ਰੇਰਣਾ ਲੈਣ ਵਾਲਾ ਸਮਝ ਜਾਦਾ ਹੈ ਕਿ ‘ਚੰਗੇ ਸੰਗਿ’ ਭਾਵ ਚੰਗੀ ਸੰਗਤ ਦਾ ਸਾਥ ਮਾਨਣ ਨਾਲ ਵਿਅਕਤੀ ਤਰ ਜਾਂਦਾ ਹੈ। ਪਰ ਇਸ ਦੇ ਉਲਟ ਬਿਨਾਂ ਵੀਚਾਰੇ ਪਾਠ ਕਰਨ ਵਾਲੇ ਗੁਰਬਾਣੀ ਦੇ ਅਰਥਾਂ ਦੇ ਵੀ ਅਨਰਥ ਕਰ ਦਿੰਦਾ ਹੈ।

ਬਾਬਾ ਦਾਦੂਵਾਲ ਨੇ ਇੱਕ ਹੋਰ ਭਾਵ ਪੂਰਤ ਗੱਲ ਕਰਦੇ ਹੋਏ ਕਿਹਾ ਕਿ ਤਾਸ਼ ਦੇ ਪੱਤਿਆਂ ਵਿੱਚ ਯੱਕੇ ਦਾ 1 ਸਭ ਤੋਂ ਛੋਟਾ ਅੰਕ ਹੈ ਤੇ ਸਭ ਤੋਂ ਵੱਡਾ ਅੰਕ 13 ਵਾਲਾ ਜਿਸ ਨੂੰ ਬਾਦਸ਼ਹ ਕਹਿੰਦੇ ਹਨ। ਤਾਸ਼ ਖੇਡਣ ਵਾਲੇ ਜਾਣਦੇ ਹਨ ਕਿ ਬਾਦਸ਼ਾਹ ਨਾਲੋਂ ਤਾਕਤ ਯੱਕੇ ਦੀ ਬਹੁਤੀ ਹੈ। ਇਸ ਤੋਂ ਪ੍ਰੇਰਣਾ ਇਹ ਮਿਲਦੀ ਹੈ ਕਿ ਜਦੋਂ ਬੰਦਾ 1 ਨਾਲ ਜੁੜਿਆ ਰਹਿੰਦਾ ਹੈ ਤਾਂ ਉਸ ਦੀ ਤਾਕਤ ਸਭ ਤੋਂ ਵੱਧ ਤਾਕਤਵਰ ਬਾਦਸ਼ਾਹ ਨਾਲ ਵੀ ਵੱਧ ਹੋ ਜਾਂਦੀ ਹੈ। ਗੱਲ ਨੂੰ ਜਾਰੀ ਰੱਖਦਿਆਂ ਉਨ੍ਹਾਂ ਕਿਹਾ ਤਾਸ਼ ਦਾ ਸਭ ਤੋਂ ਛੋਟੀ ਤਾਕਤ ਵਾਲਾ ਪੱਤਾ ਹੈ 2 ਅੰਕ ਵਾਲਾ ਭਾਵ ਦੁੱਕੀ; ਤੇ ਅੱਗੇ 3 ਅੰਕ ਵਾਲਾ ਭਾਵ ਤਿੱਕੀ ਅਤੇ ਸਭ ਤੋਂ ਵੱਧ ਤਾਕਤ ਵਾਲਾ ਪੱਤਾ ਹੈ ਯੱਕਾ। ਪਰ ਜਦ ਯੱਕਾ ਬਦਰੰਗ ਹੋ ਜਾਂਦਾ ਹੈ ਤਾਂ ਉਸ ਨੂੰ ਰੰਗ ਦੀ ਦੁੱਕੀ ਤਿੱਕੀ ਵੀ ਕੁੱਟ ਸਿੱਟਦੀ ਹੈ। ਇਸ ਤੋਂ ਪ੍ਰੇਰਣਾ ਮਿਲਦੀ ਹੈ ਕਿ ਜਦੋਂ ਮਨੁੱਖ ਆਪਣੇ ਧਰਮ-ਕਰਮ ਤੋਂ ਬਦਰੰਗ ਹੋ ਜਾਂਦਾ ਹੈ ਤਾਂ ਉਸ ਨੂੰ ਦੁੱਕੀ ਤਿੱਕੀ ਹੀ ਘੇਰ ਲੈਂਦੇ ਹਨ ਭਾਵ ਇੱਕ ਅਕਾਲ ਪੁਰਖ਼ ਨਾਲੋਂ ਟੁੱਟੇ ਨੂੰ ਵਹਿਮਾਂ ਭਰਮਾਂ ਦੇ ਕਰਮ ਕਾਂਢ ਹੀ ਘੇਰੀ ਰੱਖਦੇ ਹਨ ਜਿਨ੍ਹਾਂ ਦੇ ਕਰੀ ਜਾਣ ਦਾ ਆਤਮਕ ਲਾਭ ਵੀ ਕੋਈ ਨਹੀਂ ਹੁੰਦਾ। ਬਾਬਾ ਦਾਦੂਵਾਲ ਨੇ ਕਿਹਾ ਇਸ ਤੋਂ ਸਾਡੇ ਧਰਮ ਦੇ ਸਭ ਤੋਂ ਉਚੇ ਧਾਰਮਕ ਅਹੁਦਿਆਂ ਤੇ ਬਿਰਾਜਮਾਨ ਜਥੇਦਾਰਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ 1 ਨਾਲ ਜੁੜੇ ਹੋਏ ਹੋਣ ਦਾ ਸਬੂਤ ਦੇਣ ਨਾ ਕਿ ਮੌਕੇ ਦੇ ਬਾਦਸ਼ਾਹ ਨੂੰ ਸਭ ਤੋਂ ਤਾਕਤਵਰ ਜਾਣ ਕੇ ਉਸ ਨਾਲ ਜੁੜ ਕੇ ਆਪਣੇ ਧਰਮ ਤੋਂ ਬਦਰੰਗ ਹੋ ਕੇ ਖ਼ੁਆਰ ਹੋਣ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top