Share on Facebook

Main News Page

ਸਿੰਘ ਸਭਾ ਕੈਨੇਡਾ ਵਲੋਂ ਕਰਵਾਈ ਗਈ ਕਾਨਫ੍ਰੰਸ ਵਿੱਚ ਪਾਸ ਕੀਤੇ ਗਏ ਮਤੇ
- ਖ਼ਾਲਸਾ ਨਿਊਜ਼ ਟੀਮ

ਪਿਛਲੇ ਦਿਨੀਂ ਕਰਵਾਈ ਗਈ ਸਿੰਘ ਸਭਾ ਕਾਨਫਰੰਸ, ਜੋ ਕਿ ਆਪਸੀ ਮਤਭੇਦ ਅਤੇ ਹਉਮੈ ਦਾ ਸ਼ਿਕਾਰ ਹੋਈ, ਉਸਦੇ ਵਿੱਚ ਪਾਸ ਕਿਤੇ ਗਏ ਮਤੇ ਸਿੰਘ ਸਭਾ ਵਾਲੇ ਆਪ ਵੀ ਭੁੱਲ ਗਏ ਕਿ ਮਤੇ ਲੋਕਾਂ ਤੱਕ ਤਾਂ ਪਹੁੰਚਾਈਏ। ਇਸ ਕਾਨਫਰੰਸ ਵਿੱਚ ਕੁੱਝ ਇਸ ਤਰ੍ਹਾਂ ਦੇ ਵੀ ਬੁਲਾਰੇ ਸਨ, ਜੋ ਕਿ ਸਿੱਖੀ ਦੇ ਮੁੱਢਲੇ ਸਿਧਾਤਾਂ 'ਤੇ ਹੀ ਸੱਟ ਮਾਰ ਰਹੇ ਸਨ, ਆਸਟ੍ਰੇਲੀਆ ਤੋਂ ਆਏ ਇਕ ਕਾਮਰੇਡੀ ਵਿਦਵਾਨ ਨੇ ਸਿੱਖੀ ਦੀਆਂ ਮੁੱਢਲੇ ਸਿਧਾਂਤਾਂ 'ਤੇ ਅੰਗ੍ਰੇਜੀ 'ਚ ਬੋਲਣਾ ਜਾਰੀ ਰੱਖਿਆ, ਪਰ ਸਟੇਜ ਸਕੱਤਰ ਜਾਂ ਸਿੰਘ ਸਭਾ ਕੈਨੇਡਾ ਵਾਲਿਆਂ ਨੇ, ਕਿਸੇ ਨੇ ਵੀ ਉਨ੍ਹਾਂ ਨੂੰ ਟੋਕਣਾ ਜਾਇਜ਼ ਨਾ ਸਮਝਿਆ। ਇੱਕ ਮੈਗਜ਼ੀਨ ਦੇ ਸੰਪਾਦਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਕੋਈ ਵੀ ਗ੍ਰੰਥ ਆਖਰੀ ਸੱਚ ਨਹੀਂ, ਇਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਕੋਈ ਆਖਰੀ ਸੱਚ ਨਹੀਂ।

ਕਾਨਫਰੰਸ 'ਚ ਮਤੇ ਪੜ੍ਹਨ ਵਾਲੇ ਭਾਈ, ਮਤਿਆਂ ਵੱਲ ਘੱਟ ਤੇ ਆਪਣੀ ਗੱਲ ਕਹਿਣ ਨੂੰ ਜ਼ਿਆਦਾ ਮੱਹਤਵ ਦੇ ਰਹੇ ਸੀ, (ਸਿਵਾਏ ਅਵਤਾਰ ਸਿੰਘ ਮਿਸ਼ਨਰੀ ਦੇ), ਜਦੋਂ ਕਿ ਚਾਹੀਦਾ ਤਾਂ ਇਸ ਤਰ੍ਹਾਂ ਸੀ ਕਿ ਪਹਿਲਾਂ ਮਤੇ ਪੜ੍ਹਨ ਵਾਲੇ ਮਤੇ ਆਪ ਪੜ੍ਹਕੇ ਦੇਖਦੇ, ਸਮਝਦੇ, ਫਿਰ ਪੜ੍ਹਦੇ।

ਮਤੇ ਵਿਚਾਰਨਯੋਗ ਹਨ, ਦੂਜਾ, ਤੀਜਾ ਅਤੇ ਚੌਥਾ ਮਤਾ ਠੀਕ ਹੈ। ਪਰ ਪਹਿਲਾ ਮਤਾ ਥੋੜ੍ਹਾ ਜਿਹਾ ਗੋਲ ਮੋਲ ਕੀਤਾ ਗਿਆ ਹੈ। ਜਦੋਂ ਕਿ ਸਿੰਘ ਸਭਾ ਕੈਨੇਡਾ ਵਾਲੇ ਦਸਮ ਗ੍ਰੰਥ ਅਤੇ ਹੋਰ ਗ੍ਰੰਥਾਂ ਨੂੰ "ਇਤਿਹਾਸਕ ਸਰੋਤ ਤਾਂ ਹੋ ਸਕਦੇ ਹਨ..." ਕਹਿ ਕੇ, ਬਿਲਕੁਲ ਰੱਦ ਨਾ ਕਰਕੇ ਵਲ੍ਹੇਟਾ ਜਿਹਾ ਦੇ ਰਹੇ ਜਾਪਦੇ ਹਨ।

ਜਦੋਂ ਕਿ ਗੁਰਦਾਸ ਸਿੰਘ ਦੀ 41ਵੀਂ ਵਾਰ ਨੂੰ ਬਿਲਕੁਲ ਰੱਦ ਕਰਦੇ ਹਨ, ਜੋ ਕਿ ਬਿਲਕੁਲ ਸਹੀ ਫੈਸਲਾ ਹੈ, ਪਰ ਅਖੌਤੀ ਦਸਮ ਗ੍ਰੰਥ ਅਤੇ ਬਾਕੀ ਗਪੌੜ ਗ੍ਰੰਥਾਂ ਨੂੰ ਇਤਿਹਾਸਕ ਸਰੋਤ ਕਹਿਣਾ, ਸਿੰਘ ਸਭਾ ਕੈਨੇਡਾ ਦੀ ਵਿਚਾਰਧਾਰਾ 'ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ, ਜਦੋਂ ਕਿ ਸਿੰਘ ਸਭਾ ਕੈਨੇਡਾ ਦੇ ਕਰਤਾ ਧਰਤਾ ਸ੍ਰ. ਜਿਊਣਵਾਲਾ ਜੀ, ਅਖੌਤੀ ਦਸਮ ਗ੍ਰੰਥ ਨੂੰ ਬਿਲਕੁਲ ਨਕਾਰਦੇ ਹਨ। ਇਹ ਭੰਬਲਭੂਸਾ ਜਿਹਾ ਪੈਦਾ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ Should ਤੇ Must 'ਚ ਫਰਕ ਹੈ, ਉਸੇ ਤਰ੍ਹਾਂ "ਸਵੀਕਾਰ ਨਹੀਂ ਕੀਤੇ ਜਾਣੇ ਚਾਹੀਦੇ ਹਨ" ਅਤੇ "ਸਾਨੂੰ ਸਵੀਕਾਰ ਨਹੀਂ ਹਨ" 'ਚ ਫਰਕ ਹੈ। ਕੋਈ ਚੰਗਾ ਕਾਰਜ ਕਰਨ ਲਈ, ਜੇ ਥੋੜ੍ਹੀ ਤਿਆਰੀ ਕਰ ਲਈ ਜਾਂਦੀ, ਅਤੇ ਆਪਸ 'ਚ ਜੋੜ੍ਹਨ ਦੀ ਜੇ ਕਿਤੇ ਕੋਸ਼ਿਸ਼ ਕਰ ਲਈ ਜਾਂਦੀ, ਤਾਂ ਇਹ ਇੱਕ ਬਹੁਤ ਵਧੀਆ ਉਪਰਾਲਾ ਹੋਣਾ ਸੀ।

ਕਾਨਫਰੰਸ ਦਾ ਲਾਭ ਆਮ ਸੰਗਤ ਨੂੰ ਨਹੀਂ ਹੋਇਆ, ਕਿਉਂਕਿ ਕਾਨਫਰੰਸ ਦੀ ਫੀਸ 25 ਡਾਲਰ ਸੀ, ਤੇ ਅਜੇ ਸਿੱਖਾਂ ਨੂੰ ਆਪਣਾ ਪੈਸਾ ਕਿੱਥੇ ਖਰਚ ਕਰਨਾ, ਉਸਦੀ ਆਦਤ ਨਹੀਂ ਪਈ, ਸਿੱਖ Pizza ਤਾਂ 50 ਡਾਲਰਾਂ ਦਾ ਖਾ ਲੈਣਗੇ, ਹਨੀ ਸਿੰਘ, ਜਾਂ ਜੈਜ਼ੀ ਬੈਂਸ ਦੇ ਲੱਚਰਪੁਣੇ ਨੂੰ ਦੇਖਣ ਲਈ ਤਾਂ ਜਾ ਸਕਦੇ ਹਨ, ਪਰ ਜਿੱਥੇ ਕੋਈ ਗੁਰਮਤਿ ਦੀ ਗੱਲ ਹੋਵੇ, ਉਥੇ ਨਹੀਂ ਜਾਂਦੇ। ਉੱਥੇ ਜਿਹੜੇ ਵੀ ਲੋਕ ਸਨ, ਜਾਂ ਤਾਂ ਉਹ ਪਹਿਲਾਂ ਤੋਂ ਹੀ ਜਾਗਰੂਕ ਸਨ, ਜਾਂ ਕਾਮਰੇਡ ਸਨ। ਆਮ ਸਿੱਖ ਜੋ ਕਿ ਕੁਲਦੀਪ ਸਿੰਘ ਸ਼ੇਰੇ ਪੰਜਾਬ ਦੇ ਕਹਿਣ ਵਾਂਗੂੰ, "ਚਿੱਟੀ ਸਿਉਂਕ" ਦੇ ਗਲਬੇ 'ਚ ਹੈ, ਗੁਰਮਤਿ ਤੋਂ ਮੀਲਾਂ ਦੂਰ ਹੈ। ਜਦੋਂ ਤੱਕ ਇਹੋ ਜਿਹੇ ਉਪਰਾਲੇ ਆਮ ਸਿੱਖ ਦੇ ਕੰਨੀਂ ਨਹੀਂ ਪੈਂਦੇ, ਉਸਨੂੰ ਆਦਤ ਨਹੀਂ ਪੈਂਦੀ, ਉਦੋਂ ਤੱਕ ਕੋਈ ਫਾਇਦਾ ਨਹੀਂ ਹੋਣਾ। ਬੁਲਾਰੇ ਵੀ ਉਹ ਹੋਣੇ ਚਾਹੀਦੇ ਹਨ, ਜਿਨ੍ਹਾਂ ਦੀ ਆਪਣੀ ਕੋਈ ਪੰਥ ਨੂੰ ਦੇਣ ਹੈ, ਗੁਰਮਤਿ ਸਿਧਾਂਤ ਤੇ ਅਡਿਗ ਖੜੋਤੇ ਹਨ, ਕਾਮਰੇਡੀ ਵਿਧਾਰਧਾਰਾ ਦੇ ਨਹੀਂ ਹਨ।

...ਤੇ ਅੰਤ ਵਿੱਚ: ਪਾਠਕਾਂ ਨੂੰ ਬੇਨਤੀ ਹੈ ਕਿ, ਇਨ੍ਹਾਂ ਮਤਿਆਂ 'ਤੇ ਵੀਚਾਰ ਦੇਣ, ਖ਼ਾਲਸਾ ਨਿਊਜ਼ ਦੇ ਵੀਚਾਰ ਆਪਣੇ ਹਨ। ਇਹ ਨਾ ਹੋਵੇ ਕਿ ਖ਼ਾਲਸਾ ਨਿਊਜ਼ ਦੇ ਦਵਾਲੇ ਹੋ ਜਾਉ, ਅਤੇ ਮੁੱਖ ਮੁੱਦਾ ਛੱਡ ਦਿਉ, ਜੋ ਕਿ ਅਕਸਰ ਹੁੰਦਾ ਹੈ। ਕਈਆਂ ਨੂੰ ਖ਼ਾਲਸਾ ਨਿਊਜ਼ ਬਾਰੇ ਹਾਲੇ ਵੀ ਕਈ ਭੁਲੇਖੇ ਹਨ, ਜਿਸ ਲਈ ਇਹ ਕਹਿਣਾ ਪੈ ਰਿਹਾ ਹੈ ਕਿ, ਖ਼ਾਲਸਾ ਨਿਊਜ਼ ਕਿਸੇ ਸ਼ਖਸ ਨਾਲ ਜਾਂ ਸੰਸਥਾ ਨਾਲ ਨਹੀਂ ਜੁੜੀ, ਸਿਰਫ ਤੇ ਸਿਰਫ ਗੁਰਮਤਿ ਨਾਲ ਜੁੜੀ ਹੈ, ਉਨ੍ਹਾਂ ਜਾਗਰੂਕ ਸਿੱਖਾਂ ਦਾ ਸਮਰਥਕ ਜ਼ਰੂਰ ਹੈ, ਜਿਹੜੇ ਗੁਰਬਾਣੀ ਤੇ ਸਿੱਖੀ ਸਿਧਾਂਤਾਂ ਨਾਲ ਦ੍ਰਿੜਤਾ ਨਾਲ ਜੁੜੇ ਹਨ ਅਤੇ ਅਡਿੱਗ ਹਨ, ਵਿਕਦੇ ਨਹੀਂ, ਝੁਕਦੇ ਨਹੀਂ... । ਜਦੋਂ ਤੱਕ ਤਾਂ ਖ਼ਾਲਸਾ ਨਿਊਜ਼ 'ਚ ਉਨ੍ਹਾਂ ਲੋਕਾਂ ਦੇ ਲੇਖ ਛਪਦੇ ਸਨ, ਜਿਹੜੇ ਹੁਣ ਪੁੱਠੇ ਕੁਹਾੜੇ ਵਾਂਗ ਪੈਂਦੇ ਹਨ, ੳਦੋਂ ਤੱਕ ਤਾਂ ਖ਼ਾਲਸਾ ਨਿਊਜ਼ ਠੀਕ ਸੀ, ਪਰ ਜਦੋਂ ਵਿਅਕਤੀ ਜਾਂ ਕਿਸੇ ਸੰਸਥਾ ਦੇ ਕਾਰਕੁੰਨ ਦੀ ਤੰਗਦਿਲੀ ਦਾ ਖੁਲਾਸਾ ਕੀਤਾ ਜਾਂਦਾ ਹੈ, ਤਾਂ ਸੰਸਥਾ ਨਾਲ ਜੁੜੇ ਵਿਅਕਤੀ ਤੋਹਮਤਾਂ ਲਾਉਣ ਤੋਂ ਗੁਰੇਜ਼ ਨਹੀਂ ਕਰਦੇ, ਤੇ ਫਿਰ ਖ਼ਾਲਸਾ ਨਿਊਜ਼ ਬਣ ਜਾਂਦੀ ਹੈ, "ਨਾਦਰਸ਼ਾਹੀ ਖ਼ਾਲਸਾ", "ਪ੍ਰੋਫੈਸਰ ਨਿਊਜ਼" ਅਤੇ ਹੋਰ ਕਈ ਕੁੱਝ। ਪਰ ਇਸਦਾ ਸਾਡੇ ਉਪਰ ਰੱਤੀ ਜਿੰਨਾਂ ਵੀ ਫਰਕ ਨਹੀਂ, ਅਸੀਂ ਕੰਮ ਕਰੀ ਜਾਣਾ ਹੈ... ਕੁੱਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ... ਖ਼ਾਲਸਾ ਨਿਊਜ਼, ਸਿੰਘ ਸਭਾ ਇੰਟਰਨੈਸ਼ਨਲ ਸੰਸਥਾ ਦੀ ਕੋਈ ਵੈਰੀ ਨਹੀਂ, ਪਰ ਅੱਖਾਂ ਬੰਦ ਕਰਕੇ ਸਮਰਥਨ ਦੇਣਾ ਸਾਡੀ ਫਿਤਰਤ ਨਹੀਂ। ਚੰਗੀ ਗੱਲ ਦਾ ਸਮਰਥਨ ਕੀਤਾ ਹੈ, ਅਤੇ ਜਿਹੜੀ ਗੁਰਮਤਿ ਅਨੁਕੂਲ ਨਹੀਂ ਲੱਗੀ, ਉਸਦੀ ਗੱਲ ਜ਼ਰੂਰ ਕਰਾਂਗੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top