Share on Facebook

Main News Page

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ

ਸੰਭਾਵੀ ਦਸਤਾਵੇਜ਼ ਅਤੇ ਵਿਆਖਿਆ

ਸੁਹਿਰਦ ਸੱਜਣਾਂ ਦੀ ਪੜਚੋਲ ਅਤੇ ਸੁਝਾਵਾਂ ਲਈ

ਭੂਮਿਕਾ

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਨੂੰ ਪੜਾਅਵਾਰ ਰੱਖਣ ਦਾ ਮੁੱਖ ਮਕਸਦ ਇਸ ਨੂੰ ਵੱਧ ਤੋਂ ਵੱਧ ਸੁਹਿਰਦ ਲੋਕਾਂ ਤੱਕ ਪਹੁੰਚਾ ਕੇ ਪੜਚੋਲ ਕਰਾਉਣ ਦਾ ਹੈ ਤਾਂ ਕਿ ਨਵੇਂ ਰੂਪ ਨੂੰ ਪੂਰਨ ਗੁਰਮਤਿ ਅਨੁਸਾਰੀ ਬਣਾਇਆ ਜਾ ਸਕੇ। ਕੁਝ ਸੱਜਣਾਂ ਵਲੋਂ ਇਸ ਸੁਹਿਰਦ ਉਪਰਾਲੇ ਨੂੰ ਗਲਤ ਅਤੇ ਅਨ-ਅਧਿਕਾਰਤ ਕਹਿ ਕੇ ਭੰਡਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ ਅਤੇ ਕੀਤਾ ਵੀ ਜਾ ਰਿਹਾ ਹੈ। ਅਸੀਂ ਇਕ ਵਾਰ ਫੇਰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਇਸ ਉਪਰਾਲੇ ਨੂੰ ਪ੍ਰਚਲਿਤ ਸਿੱਖ ਪੰਥ ਦੀ ਥਾਪੀ ‘ਸੁਧਾਰ ਕਮੇਟੀ’ ਦੇ ਤੌਰ ਤੇ ਨਹੀਂ ਕਰ ਰਹੇ। ਭ੍ਰਿਸ਼ਟ ਹਾਕਮ-ਪੁਜਾਰੀ ਗਠਜੋੜ ਦੀ ਜਕੜ ਵਿਚ ਫਸੇ ਉਸ ਪੰਥ ਦੇ ਅਸੀਂ ਨੁਮਾਇੰਦੇ ਨਹੀਂ ਹਾਂ ਅਤੇ ਇਸ ਪੰਥ ਦੀ ਕਿਸੇ ਮਾਨਤਾ ਨੂੰ ਧੱਕੇ ਨਾਲ ਚੈਲੰਜ ਕਰਨ ਜਾਂ ਉਸ ’ਤੇ ਥੋਪਣ ਦੀ ਸਾਡੀ ਕੋਈ ਮੰਸ਼ਾ ਨਹੀਂ ਹੈ। ਸਾਡਾ ਇਹ ਸੁਧਾਰ ਉਪਰਾਲਾ ਨਾ ਤਾਂ ਉਨਾਂ ਦਾ ਵਿਰੋਧ ਹੈ ਅਤੇ ਨਾ ਹੀ ਉਨਾਂ ਨੂੰ ਜਵਾਬਦੇਹ।

ਅਸੀਂ ਬਾਬਾ ਨਾਨਕ ਜੀ ਵਲੋਂ ਸ਼ੁਰੂ ਕੀਤੇ ਗੁਰਮਤਿ ਇਨਕਲਾਬ ਦੇ ਕਾਫਲੇ ਵਿਚ ਸ਼ਾਮਿਲ ਸੁਹਿਰਦ ਮਨੁੱਖਾਂ ਦਾ ਇਕ ਛੋਟਾ ਜਿਹਾ ਅੰਗ ਹਾਂ। ਬਾਬੇ ਨਾਨਕ ਜੀ ਦੇ ਬਖਸ਼ੇ ਗਿਆਨ, ਜੀਵਨ ਅਤੇ ਪ੍ਰਚਾਰ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਧਰਮ ਹਰ ਮਨੁੱਖ ਦੀ ਸਵੈ-ਇੱਛਾ ਦਾ ਮਾਮਲਾ ਹੈ ਅਤੇ ਧਰਮ ਦੇ ਨਾਮ ’ਤੇ ਕਿਸੇ ’ਤੇ ਕੁਝ ਧੱਕੇ ਨਾਲ ਥੋਪਣਾ ਸਹੀ ਨਹੀਂ ਹੈ। ਇਹੀ ਸੇਧ ਸਾਨੂੰ ਦਸਦੀ ਹੈ ਕਿ ਮਨੁੱਖ ਨੂੰ ਪਹਿਲਾਂ ਸੱਚ ਨੂੰ ਸਮਝ ਕੇ ਉਸ ਅਨੁਸਾਰ ਆਪਣਾ ਸੁਧਾਰ ਕਰਨਾ ਚਾਹੀਦਾ ਹੈ। ਫੇਰ ਉਸ ਸੱਚ ਨੂੰ ਬਿਨਾ ਲੱਗ ਲਪੇਟ ਅਤੇ ਸੁਆਰਥ ਦੇ ਨਿਸ਼ਕਾਮਤਾ ਨਾਲ ਹੋਰ ਲੋਕਾਂ ਸਾਹਮਣੇ ਰੱਖ ਦੇਣਾ ਚਾਹੀਦਾ ਹੈ। ਜਿਸ ਨੂੰ ਚੰਗਾ ਲਗੇਗਾ, ਉਹ ਉਸ ਸੱਚ ਨੂੰ ਅਪਨਾ ਲਵੇਗਾ, ਜਿਸ ਨੂੰ ਚੰਗਾ ਨਾ ਲੱਗੇ, ਉਹ ਨਾ ਅਪਨਾਏ ਜਾਂ ਭੂਤਨਾ ਬੇਤਾਲਾ ਆਦਿ ਕਹਿੰਦੇ ਹੋਏ ਵਿਰੋਧ ਕਰਨ ’ਤੇ ਉਤਰ ਆਏ, ਇਸ ਦੀ ਪ੍ਰਵਾਹ ਨਹੀਂ ਕਰਨੀ।

ਗੁਰਮਤਿ ਦੀ ਪੈਰੋਕਾਰ ਮੰਨੀ ਜਾਂਦੀ ਸਿੱਖ ਕੌਮ ਦਾ ਇਕ ਅਦਨਾ ਹਿੱਸਾ ਹੋਣ ਕਰਕੇ ਮੌਜੂਦਾ ਸਿੱਖ ਰਹਿਤ ਮਰਿਯਾਦਾ ਨਾਲ ਆਪੇ ਹੀ ਸਾਡਾ ਸੰਬੰਧ ਬਣ ਗਿਆ। ਸਿੱਖ ਸਮਾਜ ਵਿਚ ਪ੍ਰਚਲਿਤ ਹੋਰ ਮਾਨਤਾਵਾਂ ਵਾਂਗੂ, ਇਕ ਸਿੱਖ ਲਈ ਜੀਵਨ ਸੇਧ ਮੰਨੀ ਜਾਂਦੀ ਇਸ ਮਰਿਯਾਦਾ ਨੂੰ ਵੀ ਗੁਰਮਤਿ ਦੀ ਕਸਵੱਟੀ ’ਤੇ ਪੜਚੋਲਣ ਦਾ ਯਤਨ ਕੀਤਾ ਤਾਂ ਮਹਿਸੂਸ ਹੋਇਆ ਕਿ ਇਸ ’ਤੇ ਵੀ ਅਨੇਕਾਂ ਥਾਂ, ਹੋਰ ਮਾਨਤਾਵਾਂ ਵਾਂਗੂ, ਪੁਜਾਰੀਵਾਦ ਦਾ ਸਪਸ਼ਟ ਪ੍ਰਭਾਵ ਹੈ। ਪੰਥ ਵਿਚ ਚਲ ਰਹੇ ਪ੍ਰਚਾਰ ਤੋਂ ਇਹ ਗੱਲ ਸਾਹਮਣੇ ਆਈ ਕਿ ਬਹੁਤੇ ਸੁਚੇਤ ਅਤੇ ਸੁਹਿਰਦ ਸਿੱਖਾਂ ਦਾ ਵੀ ਇਹੀ ਮੰਨਣਾ ਹੈ।

ਬਾਬਾ ਨਾਨਕ ਜੀ ਦੀ ਸੇਧ ਸਾਨੂੰ ਪ੍ਰਚਲਿਤ ਮਾਨਤਾਵਾਂ ਨੂੰ ਇੰਨ-ਬਿੰਨ ਮੰਨੀ ਜਾਣ ਦੀ ਥਾਂ ਗੁਰਮਤਿ ਬਿਬੇਕ ਦੇ ਆਧਾਰ ’ਤੇ ਪੜਚੋਲ ਕਰਕੇ ਸੁਧਾਰ ਕਰਨ ਦੀ ਪ੍ਰੇਰਣਾ ਹਮੇਸ਼ਾਂ ਦਿੰਦੀ ਰਹਿੰਦੀ ਹੈ। ਇਸੇ ਸੇਧ ਹੇਠ ਪਹਿਲਾਂ ਹੋਏ ਕੁਝ ਯਤਨਾਂ ਨੂੰ ਵਿਚਾਰ ਕੇ, ਸਿੱਖ ਰਹਿਤ ਮਰਿਯਾਦਾ ਦੇ ਗੁਰਮਤਿ ਅਨੁਸਾਰੀ ਰੂਪ ਸਾਹਮਣੇ ਲਿਆਉਣ ਦੇ ਨਿਸ਼ਕਾਮ ਯਤਨ ਸ਼ੁਰੂ ਕਰ ਦਿਤੇ। ਇਸ ਕਾਰਜ ਨੂੰ ਗੁਰਮਤਿ ਦੇ ਵੱਧ ਤੋਂ ਵੱਧ ਨੇੜੇ ਕਰਨ ਦੇ ਮਕਸਦ ਨਾਲ ਸੁਧਾਰ ਦੀ ਲੋੜ ਨੂੰ ਮਹਿਸੂਸ ਕਰਦੇ ਸਮੁੱਚੇ ਸੁਚੇਤ ਪੰਥ ਦਾ ਸਾਥ ਅਤੇ ਸੁਝਾਵਾਂ ਲਈ ਲਗਾਤਾਰ ਕੋਸ਼ਿਸ਼ ਜਾਰੀ ਰੱਖੀ। ਇਸ ਨਾਲ ਇਸ ਉਪਰਾਲੇ ਦਾ ਖੇਤਰ ਵੀ ਵੱਡਾ ਹੋਣ ਲੱਗ ਪਿਆ। ਸੁਹਿਰਦ ਸੁਝਾਵਾਂ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਣ ਦਾ ਯਤਨ ਕੀਤਾ ਜਾਂਦਾ ਰਿਹਾ। ਪੜਾਅਵਾਰ ਇਹ ਉਪਰਾਲਾ ਆਪਣੀ ਮੰਜਿਲ ਵੱਲ ਵੱਧ ਰਿਹਾ ਹੈ, ਜਿਸ ਨੂੰ ਸੁਹਿਰਦ, ਸੁਚੇਤ ਅਤੇ ਸਹਿਮਤ ਸੱਜਣਾਂ ਦੇ ਸਾਥ ਨਾਲ ਇਕ ਸਾਂਝਾ ਉਪਰਾਲਾ ਬਣਾਉਣ ਦਾ ਨਿਸ਼ਕਾਮ ਯਤਨ ਹਮੇਸ਼ਾਂ ਰਹੇਗਾ। 

‘ਬਿਬੇਕ ਗੁਰੂ’ ਦੀ ਸੇਧ ਅਨੁਸਾਰ ਮੌਜੂਦਾ ਸਿੱਖ ਰਹਿਤ ਮਰਿਯਾਦਾ ਨੂੰ ਇੰਨ-ਬਿੰਨ ਮੰਨਦੇ ਰਹਿਣਾ ਸਾਨੂੰ ਬਾਬਾ ਨਾਨਕ ਜੀ ਦੇ ਦੱਸੇ ਸੱਚੇ ਰਾਹ ਨੂੰ ਪਿੱਠ ਵਿਖਾਉਣ ਤੁਲ ਜਾਪਦਾ ਹੈ, ਜੋ ਅਸੀਂ ਕਤਈ ਨਹੀਂ ਕਰ ਸਕਦੇ। ਇਸ ਲਈ ਆਪਣੇ ਲਈ ਉਸ ਦਾ ਸੁਧਾਰ ਕਰਕੇ ਗੁਰਮਤਿ ਦੇ ਵੱਧ ਤੋਂ ਵੱਧ ਨੇੜੇ ਇਕ ਬਦਲ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਨੂੰ ਤਿਆਰ ਹੋਣ ਉਪਰੰਤ ‘ਪਰਿਵਾਰ’ ਤਾਂ ਆਪਣੇ ਉਪਰ ਲਾਗੂ ਕਰਨ ਲਈ ਦ੍ਰਿੜ-ਸੰਕਲਪ ਹੈ। ਇਸ ਸੁਧਾਰ ਉਪਰਾਲੇ ਵਿਚ ਸਮੇਂ ਨਾਲ ਸਾਥ ਦੇਣ ਲਈ ਜੁੜ ਬੈਠੀਆਂ ਸੁਚੇਤ ਧਿਰਾਂ ਦੇ ਅਸੀਂ ਸ਼ੁਕਰਗੁਜਾਰ ਹਾਂ ਅਤੇ ਆਸ ਕਰਦੇ ਹਾਂ ਆਪਣੀ ਮੰਜਿਲ ਲਈ ਪਹੂੰਚਣ ਤੱਕ ਇਹ ਸੁਚੇਤ ਪੰਥ ਦਾ ਇਕ ਸਾਂਝਾ ਉਪਰਾਲਾ ਬਣ ਚੁੱਕਿਆ ਹੋਵੇਗਾ। ਪਹਿਲਾਂ ਤੋਂ ਹੀ ਇਸ ਦਿਸ਼ਾ ਵਿਚ ਕਾਮਯਾਬ ਯਤਨ ਹੋਏ ਹਨ ਅਤੇ ਭਵਿੱਖ ਵਿਚ ਇਸ ਘੇਰੇ ਨੂੰ ਹੋਰ ਵਿਸ਼ਾਲ ਕਰਨ ਦੇ ਇਮਾਨਦਾਰਾਨਾ ਯਤਨ ਅਸੀਂ ਕਰਦੇ ਰਹਾਂਗੇ। ਘੱਟੋ-ਘੱਟ ‘ਪਰਿਵਾਰ’ ਤਾਂ ਇਸ ਉਪਰਾਲੇ ਨੂੰ ਆਪਣੀ ਮੰਜਿਲ ਤੱਕ ਪਹੁੰਚਾਣ ਲਈ ਦ੍ਰਿੜ-ਸੰਕਲਪ ਹੈ ਅਤੇ ਸਾਨੂੰ ਆਸ ਹੈ ਪ੍ਰਭੂ ਸਾਨੂੰ ਇਸ ਲਈ ਬਲ ਬਖਸ਼ਦਾ ਰਹੇਗਾ।

ਇਸ ਸੋਧੇ ਹੋਏ ਬਦਲ ਦੇ ਤਿਆਰ ਹੋਣ ਉਪਰੰਤ ਇਸ ਨੂੰ ਆਪਣੇ ਉਪਰ ਲਾਗੂ ਕੀਤਾ ਜਾਵੇਗਾ ਅਤੇ ਆਪਣੇ ਪ੍ਰਚਾਰ ਹੱਕ ਦਾ ਇਸਤੇਮਾਲ ਕਰਦੇ ਹੋਏ ਸਮੁੱਚੀ ਮਾਨਵਤਾ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ। ਜਿਸ ਨੂੰ ਚੰਗਾ ਲਗੇਗਾ, ਜਿਤਨਾ ਚੰਗਾ ਲਗੇ ਉਹ ਅਪਨਾ ਸਕਦਾ ਹੈ। ਇਸ ਨੂੰ ਅਪਨਾਉਣ ਲਈ ਕੋਈ ‘ਪੁਜਾਰੀ-ਡੰਡਾ’ ਜਾਂ ਜੋਰ  ਨਹੀਂ ਹੋਵੇਗਾ, ਕਿਉਂਕਿ ਧਾਰਮਿਕ ਸੇਧਾਂ ਸਵੈ-ਇੱਛਾ ਨਾਲ ਜੁੜਿਆ ਮਸਲਾ ਹੈ। ਪ੍ਰਚਲਿਤ ਪੰਥ ਪਰਵਾਨਤ ਸਿੱਖ ਰਹਿਤ ਮਰਿਯਾਦਾ ਨੂੰ ਪ੍ਰਚਲਿਤ ਪੰਥ ਇਸੇ ਰੂਪ ਵਿਚ ਜਦੋਂ ਤੱਕ ਮਰਜ਼ੀ ਅਪਨਾਈ ਰੱਖੇ ਸਾਨੂੰ ਇਸ ਨਾਲ ਕੋਈ ਗਿਲਾ ਜਾਂ ਰੋਸ ਨਹੀਂ। ਨਾ ਹੀ ਅਸੀਂ ਆਪਣੇ ਇਨ੍ਹਾਂ ਸੁਧਾਰ ਯਤਨਾਂ ਲਈ ਆਪਣੇ ਆਪ ਨੂੰ ਪ੍ਰਚਲਿਤ ਪੰਥ ਜਾਂ ਅਕਾਲ ਤਖਤ ਦੇ ਨਾਮ ਤੇ ਚਲ ਰਹੀ ‘ਪੁਜਾਰੀ-ਵਿਵਸਥਾ’ ਨੂੰ ਜਵਾਬਦੇਹ ਮੰਨਦੇ ਹਾਂ। ਸੁਧਾਰ ਅਤੇ ਪ੍ਰਚਾਰ ਇਕ ਮੁੱਢਲਾ ਮਨੁੱਖੀ ਹੱਕ ਹੈ, ਜਿਸ ਦਾ ਇਸਤੇਮਾਲ ਅਸੀਂ ਇਮਾਨਦਾਰੀ ਨਾਲ ਕਰ ਰਹੇ ਹਾਂ। ‘ਗੁਰੂ’ ਪ੍ਰਤੀ ਜਵਾਬਦੇਹ ਹੋਣ ਕਰਕੇ ਇਸ ਯਤਨ ਵਿਚ ‘ਗੁਰਬਾਣੀ’ ਦੀ ਰੌਸ਼ਨੀ ਵਿਚ ਸਾਹਮਣੇ ਲਿਆਉਂਦੀਆਂ ਕਮੀਆਂ ਦਾ ਨੋਟਿਸ ਸੁਹਿਰਦਤਾ ਨਾਲ ਲਿਆ ਜਾਵੇਗਾ।

ਸਾਰੇ ਸੁਹਿਰਦ ਸੱਜਣਾਂ ਨੂੰ ਬੇਨਤੀ ਹੈ ਕਿ ਇਸ ਸੰਭਾਵੀ ਦਸਤਾਵੇਜ਼ ਅਤੇ ਵਿਆਖਿਆ ਨੂੰ ਮੱਦਵਾਰ ਸਹਿਜ ਵਿਚ ਰਹਿੰਦੇ ਹੋਏ ਗੁਰਬਾਣੀ ਦੀ ਰੌਸ਼ਨੀ ਵਿਚ ਪੜਚੋਲਿਆ ਜਾਵੇ। ਬੇਸ਼ਕ ਹੁਣ ਤੱਕ ਤਿਆਰ ਦਸਤਾਵੇਜ਼ ਵਿਚ ਕਮੀਆਂ ਹੋ ਸਕਦੀਆਂ ਹਨ। ਇਸ ਲਈ ਇਨ੍ਹਾਂ ਕਮੀਆਂ ਬਾਰੇ, ਗੁਰਬਾਣੀ ਦਲੀਲ ਦੀ ਰੌਸ਼ਨੀ ਵਿਚ, ਮੱਦਵਾਰ ਆਪਣੇ ਕੀਮਤੀ ਸੁਝਾਅ ਦੇ ਕੇ ਇਸ ਨੂੰ ਗੁਰਮਤਿ ਅਨੁਸਾਰੀ ਬਣਾਉਣ ਵਿਚ ਸਹਾਇਤਾ ਕੀਤੀ ਜਾਵੇ।  ਹਰ ਮੱਦ ਦੇ ਹੱਕ ਵਿਚ ਕੁਝ ਗੁਰਬਾਣੀ ਪੰਕਤੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚ ਕੋਈ ਗਲਤੀ ਜਾਂ ਕਮੀ ਹੋ ਸਕਦੀ ਹੈ। ਸੋ ਖਾਸ ਬੇਨਤੀ ਹੈ ਕਿ ਇਨ੍ਹਾਂ ਪੰਕਤੀਆਂ ਨੂੰ ਵਿਚਾਰ ਕੇ ਵੀ ਸੁਝਾਅ ਦਿਤੇ ਜਾਣ। ਜੇ ਕਿਸੇ ਮੱਦ ’ਤੇ ਕੋਈ ਪੰਕਤੀ ਨਹੀਂ ਢੁੱਕਦੀ ਤਾਂ ਦੱਸਿਆ ਜਾਵੇ। ਜੇ ਕੋਈ ਹੋਰ ਢੁਕਵੀਂ ਪੰਕਤੀ ਆਪ ਜੀ ਦੀ ਨਜ਼ਰ ਵਿਚ ਹੈ ਤਾਂ ਉਸ ਨੂੰ ਮੱਦ ਨੰ. ਲਿਖ ਕੇ ਭੇਜਿਆ ਜਾਵੇ। ਕੁਝ ਮੱਦਾਂ ਨਾਲ ਕੋਈ ਪੰਕਤੀ ਨਹੀਂ ਮਿਲ ਸਕੀ। ਉਨ੍ਹਾਂ ਦੇ ਹੱਕ ਵਿਚ ਕੋਈ ਢੁੱਕਵੀਂ ਪੰਕਤੀ ਸਾਹਮਣੇ ਆਵੇ ਤਾਂ ਜ਼ਰੂਰ ਦੱਸੀ ਜਾਵੇ। ਇਸ ਸੰਭਾਵੀ ਦਸਤਾਵੇਜ਼, ਵਿਆਖਿਆ ਅਤੇ ਆਏ ਸੁਝਾਵਾਂ ਨੂੰ ਛੇਵੇਂ ਪੜਾਅ ’ਤੇ ਹੋਣ ਵਾਲੀ ਸੁਚੇਤ ਪੰਥ ਦੇ ਸਹਿਮਤ ਅਤੇ ਇੱਛੁਕ ਨੁਮਾਇੰਦਆਂ ਅਤੇ ਵਿਦਵਾਨਾਂ ਦੀ ਇਕੱਤਰਤਾ ਵਿਚ ਵਿਚਾਰ ਲਈ ਰੱਖਿਆ ਜਾਵੇਗਾ ਅਤੇ ਇਕ ਫਾਈਨਲ ਰੂਪ ਤੈਅ ਕੀਤਾ ਜਾਵੇਗਾ।

ਇਸ ਸੰਭਾਵੀ ਦਸਤਾਵੇਜ਼ ਨੂੰ ਪੜਚੋਲ ਲਈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਇਸ ਨੂੰ ਅਨੇਕਾਂ ਵੈਬਸਾਈਟਾਂ ਸਮੇਤ ਫੇਸਬੁਕ ’ਤੇ ਵੀ ਪਾਇਆ ਜਾ ਰਿਹਾ ਹੈ। ਪਰ ਇਤਨੇ ਵੱਡੇ ਪੱਧਰ ’ਤੇ ਪਾਏ ਜਾਣ ਕਾਰਨ ਸਾਡੇ ਲਈ ਸੰਭਵ ਨਹੀਂ ਹੋ ਪਾਵੇਗਾ ਕਿ ਅਸੀਂ ਹਰ ਥਾਂ ’ਤੇ ਆ ਰਹੇ ਸੁਝਾਵਾਂ ਨੂੰ ਇਕੱਠਾ ਕਰ ਸਕੀਏ। ਇਸ ਲਈ ਬੇਨਤੀ ਹੈ ਕਿ ਆਪਣੇ ਵਿਚਾਰ ਹੇਠ ਲਿਖੀ ਈ-ਮੇਲ ਜਾਂ ਹੇਠ ਲਿਖੇ ਪਤੇ ’ਤੇ ਹੀ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ: 

Tatt Gurmat Parivar,

C/O Future Pack Higher Secondry School,

Upper Gadigarh (Near Air Port),

Jammu (J&K) -- 181101

reformviews@gmail.com

ਸਿਰਫ ਇਸੇ ਥਾਂ ’ਤੇ ਆਏ ਸੁਝਾਵਾਂ ਨੂੰ ਇਕੱਤਰਤਾ ਵਿਚ ਵਿਚਾਰ ਲਈ ਸ਼ਾਮਿਲ ਕਰਨ ਲਈ ਅਸੀਂ ਮਜ਼ਬੂਰ ਹੋਵਾਂਗੇ। ਸਿਰਫ 15 ਅਕਤੂਬਰ 2012 ਤੱਕ ਆਏ ਸੁਝਾਵਾਂ/ਵਿਚਾਰਾਂ ਨੂੰ ਹੀ ਸ਼ਾਮਿਲ ਕੀਤਾ ਜਾਵੇਗਾ  

ਸੰਭਾਵੀ ਦਸਤਾਵੇਜ਼ ਨੂੰ ਸਮਝਣ ਲਈ ਕੁਝ ਨੋਟ

ਇਸ ਦਸਤਾਵੇਜ਼ ਅਤੇ ਵਿਆਖਿਆ ਨੂੰ ਇੰਟਰਨੈਟ ’ਤੇ ਪਾਉਣ ਵੇਲੇ ਵੱਖਰੇ-ਵੱਖਰੇ ਰੰਗ ਦੇ ਫੋਂਟਸ ਵਰਤੇ ਗਏ ਹਨ।

ਹਰਾ ਰੰਗ - ਸਭ ਹੈਡਿੰਗ ਲਈ ਵਰਤਿਆ ਗਿਆ ਹੈ

ਲਾਲ ਰੰਗ - ਦਸਤਾਵੇਜ਼ ਦੀ ਮੱਦਾਂ ਲਈ

ਨੀਲਾ ਰੰਗ - ਹਵਾਲੇ ਵਜੋਂ ਵਰਤੀਆਂ ਗੁਰਬਾਣੀ ਪੰਕਤੀਆਂ ਲਈ

ਕਾਲਾ ਰੰਗ - ਮੱਦਾਂ ਦੀ ਵਿਆਖਿਆ ਲਈ।

ਆਪ ਸਭ ਦੇ ਬਹੁਮੁੱਲੇ ਸੁਝਾਵਾਂ/ਵਿਚਾਰਾਂ ਦੀ ਉਡੀਕ ਵਿਚ

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

15/09/12 

ਗੁਰਮਤਿ ਜੀਵਨ ਸੇਧਾਂ ਦੇ ਮੁੱਖ ਨੁਕਤੇ

ਸਿੱਖ ਦੀ ਪਰਿਭਾਸ਼ਾ 

ਮੱਦ : ਜਿਹੜਾ ਮਨੁੱਖ ਕੇਵਲ ਇਕ ਅਕਾਲ ਪੁਰਖ ‘ਤੇ ਵਿਸ਼ਵਾਸ ਰੱਖਦਾ ਹੈ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਗੁਰਬਾਣੀ (ਜਪੁ ਬਾਣੀ ਦੇ ਮੰਗਲ ਤੋਂ ਤਨ ਮਨ ਥੀਵੈ ਹਰਿਆ ਤੱਕ) ਅਨੁਸਾਰ ਜੀਵਨ ਜਿਉਣ ਦਾ ਯਤਨ ਕਰਦਾ ਹੈ ਅਤੇ ਨਾਨਕ ਫਲਸਫੇ ਦੇ ਵਿਪਰੀਤ ਕਿਸੇ ਮੱਤ ਨੂੰ ਸਵਿਕਾਰ ਨਹੀਂ ਕਰਦਾ, ਉਹ ਸਿੱਖ ਹੈ। 

1.          ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥

       ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥   (ਮਹਲਾ 3 , ਪੰਨਾ 601)

2.      ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ॥  (ਮਹਲਾ 1 , ਪੰਨਾ 465)

3.      ਬੋਲਹਿ ਸਾਚੁ ਮਿਥਿਆ ਨਹੀ ਰਾਈ ॥ ਚਾਲਹਿ ਗੁਰਮੁਖਿ ਹੁਕਮਿ ਰਜਾਈ ॥  (ਮਹਲਾ 1 , ਪੰਨਾ 277)

4.      ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥

           ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥  (ਮਹਲਾ 3 , ਪੰਨਾ 314)

5.      ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥

          ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥  ( ਮਹਲਾ 4 , ਪੰਨਾ 305)

ਵਿਆਖਿਆ : ਪ੍ਰਭੂ ਨੇ ਆਪਣੀ ਮੌਜ ਵਿਚ ਇਸ ਸ੍ਰਿਸ਼ਟੀ ਦੀ ਰਚਨਾ ਕਰਕੇ, ਇਸ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਅਟੱਲ ਨਿਯਮ ਬਣਾ ਦਿਤੇ। ਸੱਚ ਦਾ ਚਾਹਵਾਣ (ਸਿੱਖ) ਉਨ੍ਹਾਂ ਕੁਦਰਤੀ ਨਿਯਮਾਂ ਨੂੰ ਸਮਝ ਕੇ ਉਨ੍ਹਾਂ ਅਨੁਸਾਰ ਆਪਣਾ (ਭਾਵ ਪ੍ਰਭੂ ਦੀ ਰਜ਼ਾ ਵਿਚ) ਜੀਵਨ ਜੀਉਣ ਦਾ ਸੁਹਿਰਦ ਯਤਨ ਕਰਦਾ ਹੈ। ਐਸਾ ਮਨੁੱਖ ਸਿਰਫ ਇਕ ਅਕਾਲ ਪੁਰਖ ਤੇ ਹੀ ਵਿਸ਼ਵਾਸ ਰੱਖਦਾ ਹੈ ਅਤੇ ਕਿਸੇ ਹੋਰ ਅਨਮਤੀਂ ਦੇਵੀ ਦੇਵਤਾ, ਅਵਤਾਰ ਨੂੰ ਆਪਣਾ ਇਸ਼ਟ ਨਹੀਂ ਮੰਨਦਾ। ‘ ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਪ੍ਰਭੂ ਦੀ ਰਜ਼ਾ ਨੂੰ ਸਮਝਣ ਦਾ ਲਾਸਾਣੀ ਅਤੇ ਸੰਪੂਰਨ ਸੋਮਾ ਹੈ। ਸਿੱਖੀ ਦਾ ਰਾਹ ਮਾਨਸਿਕ ‘ਸਵੈ-ਪੜਚੋਲ’ ਦਾ ਵਿਸ਼ਾ ਹੈ, ਨਾ ਕਿ ਦਾਅਵੇ ਦਾ। ਕੇਸ ਰੱਖਣਾ ਹਰ ਇਕ ਮਨੁੱਖ ਲਈ ਲਾਹੇਵੰਦ  ਅਤੇ ਪ੍ਰਭੂ ਦੀ ਰਜ਼ਾ ਨੂੰ ਅਪਨਾਉਣ ਦੇ ਰਾਹ ਤੇ ਇਮਾਨਦਾਰੀ ਨਾਲ ਤੁਰਣ ਦਾ ਸੰਕੇਤ ਹੈ ਪਰ ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਸਿੱਖੀ ਸਿਰਫ ਇਕ ਬਾਹਰੀ ਦਿੱਖ (ਕੇਸਾਧਾਰੀ) ਦਾ ਹੀ ਨਾਮ ਨਹੀਂ ਹੈ। ਇਹ ਵੀ ਸਪਸ਼ਟ ਹੋਣਾ ਚਾਹੀਦਾ ਹੈ ਕਿ ਇਕ ਸਿੱਖ ਦੇ ਘਰ ਜਨਮ ਹੋਣ ਨਾਲ ਹੀ ਮਨੁੱਖ ਸਿੱਖ ਨਹੀਂ ਹੋ ਜਾਂਦਾ। ਗੁਰਮਤਿ ਅਨੁਸਾਰ ਸਿੱਖੀ ‘ਗਿਆਨ ਖੜਗ’ ਨੂੰ ਧਾਰਨ ਦਾ ਸੁਹਿਰਦ ਯਤਨ ਕਰਦੇ ਹੋਏ, ਵਿਕਾਰਾਂ ਵਿਚ ਗਲਤਾਨ ਰਹਿਣ ਨੂੰ ਤੱਤਪਰ ਮਨ ਨਾਲ ਜੁਝਦੇ ਹੋਏ, ਉਸ ਤੇ ਜਿੱਤ ਪਾਉਣ ਦਾ ਰਸਤਾ (ਪੰਥ) ਅਪਨਾਉਣ ਦਾ ਇਮਾਨਦਾਰਾਨਾ ਯਤਨ ਹੈ। ਸਿੱਖੀ ਦਾ ਨਿਆਰਾਪਨ ਇਹੀ ਹੈ ਕਿ ਹੋਰ ਪ੍ਰਚਲਿਤ ਮਤਾਂ ਵਾਂਗੂ ਸ਼ਰੀਰ ਉਤੇ, ਚਿੰਨ੍ਹਾਂ ਅਤੇ ਪਹਿਰਾਵਿਆਂ ਆਦਿ ਰਾਹੀਂ ਲਾਏ ਬਾਹਰੀ ਲੇਬਲਾਂ ਨੂੰ, ਧਰਮ ਦਾ ਅੰਗ ਨਹੀਂ ਮੰਨਦੀ। ਇਸ ਲਈ ਸਿੱਖ ਬਾਹਰੀ ਦਿੱਖ ਨਾਲ ਨਹੀਂ ਬਲਕਿ ਅੰਦਰੂਣੀ ਗੁਣਾਂ ਨਾਲ ਬਣਿਆ ਜਾ ਸਕਦਾ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਵਿਚ ਸ਼ਾਮਿਲ ‘ਰਾਗਮਾਲਾ’ ਨਾਮਕ ਰਚਨਾ ਗੁਰਬਾਣੀ ਨਹੀਂ ਹੈ ਅਤੇ ਕਿਸੇ ਸ਼ਰਾਰਤੀ ਕਾਤਿਬ ਵਲੋਂ ਕੀਤੀ ਮਿਲਾਵਟ ਹੈ। ਸੋ ਇਸ ਦਸਤਾਵੇਜ਼ ਵਿਚ ਜਿਥੇ ਵੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਲਿਖਿਆ ਹੈ, ਉਥੇ ਭਾਵ ਰਾਗਮਾਲਾ ਤੋਂ ਬਗੈਰ ਸਰੂਪ ਦਾ ਹੈ।

ਗੁਰਮਤਿ ਇਨਕਲਾਬ ਦੇ ਮੋਢੀ ਰਹਿਬਰ ਬਾਬਾ ਨਾਨਕ ਜੀ ਸਨ। ਬਾਬਾ ਨਾਨਕ ਜੀ ਨੇ ਇਸ ਇਨਕਲਾਬ ਦੇ ਮੂਲ ਆਧਾਰ ਲਈ ‘ਸੱਚ ਦੇ ਗਿਆਨ’ (ਨਾਮ) ਨੂੰ ਗੁਰਬਾਣੀ ਦੇ ਲਿਖਤੀ ਰੂਪ ਵਿਚ ਸਾਂਭਣਾ ਸ਼ੁਰੂ ਕੀਤਾ। ਇਹ ਸੋਚ ਦੂਰ-ਅੰਦੇਸ਼ ਅਤੇ ਲਾਸਾਣੀ ਸੀ ਕਿਉਂਕਿ ਹੋਰ ਕਿਸੇ ਵੀ ਮੱਤ ਦੇ ਰਹਿਬਰ ਦੇ ਉਪਦੇਸ਼ ਲਿਖਤੀ ਰੂਪ ਵਿਚ ਆਪ ਸਾਂਭੇ ਨਹੀਂ ਮਿਲਦੇ। ਇਹ ਸੰਦੇਸ਼ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਬਾਅਦ ਵਿਚ ਆਪਣੀ ਸਮਝ ਅਨੁਸਾਰ ਲਿਖਤੀ ਰੂਪ ਵਿਚ ਤਿਆਰ ਕੀਤੇ ਗਏ। ਨਾਨਕ ਪਾਤਸ਼ਾਹ ਜੀ ਨੇ ਆਪਣੇ ਪ੍ਰਚਾਰ ਦੌਰਿਆਂ ਦੌਰਾਣ ਕੁਝ ਹੋਰ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵਜੀ, ਸ਼ੇਖ ਫਰੀਦ ਜੀ ਸਮੇਤ ਪੰਦਰਾਂ ਹਮਖਿਆਲੀ ਮਹਾਂਪੁਰਖਾਂ ਦੀ ਬਾਣੀ ਵੀ ਇਕੱਤਰ ਕੀਤੀ। ਇਸ ਇਨਕਲਾਬੀ ਲਹਿਰ ਨੂੰ ਪੱਕੇ ਪੈਂਰੀ ਕਰਨ ਦੇ ਮਕਸਦ ਨਾਲ ਉਨ੍ਹਾਂ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾ ਉਤਰਾਧਿਕਾਰੀ ਚੁਨਣ ਦੀ ਦੂਜੀ ਮੁੱਖ ਦੂਰਅੰਦੇਸ਼ ਜੁਗਤ ਅਪਨਾਈ। ਆਪਣੇ ਜਾਨਸ਼ੀਨ (ਅੰਗਦ ਪਾਤਸ਼ਾਹ ਜੀ) ਨੂੰ ਇਕੱਤਰ ਹੋਈ ਬਾਣੀ ਦੀ ਪੋਥੀ ਵੀ ਲਹਿਰ ਦੇ ਆਧਾਰ ਦੇ ਰੂਪ ਵਿਚ ਸੌਂਪ ਦਿਤੀ। ਇਸ ਰਹਿਬਰ ਲੜੀ ਵਿਚ ਬਾਬਾ ਨਾਨਕ ਜੀ ਤੋਂ ਇਲਾਵਾ  ਨੌ ਰਹਿਬਰ (ਅੰਗਦ ਪਾਤਸ਼ਾਹ ਜੀ, ਅਮਰਦਾਸ ਪਾਤਸ਼ਾਹ ਜੀ, ਰਾਮਦਾਸ ਪਾਤਸ਼ਾਹ ਜੀ, ਅਰਜਨ ਪਾਤਸ਼ਾਹ ਜੀ, ਹਰਿਗੋਬਿੰਦ ਪਾਤਸ਼ਾਹ ਜੀ, ਹਰਿ ਰਾਇ ਪਾਤਸ਼ਾਹ ਜੀ, ਹਰਿਕ੍ਰਿਸ਼ਨ ਪਾਤਸ਼ਾਹ ਜੀ, ਤੇਗ ਬਹਾਦੁਰ ਪਾਤਸ਼ਾਹ ਜੀ, ਗੋਬਿੰਦ ਸਿੰਘ ਪਾਤਸ਼ਾਹ ਜੀ) ਹੋਏ। ਦਸਵੇਂ ਪਾਤਸ਼ਾਹ ਜੀ ਨੇ ਸ਼ਖਸੀ ਅਗਵਾਈ ਦੀ ਜੁਗਤ ਨੂੰ ਸਮੇਟਦਿਆਂ ਗੁਰਮਤਿ ਪੈਰੋਕਾਰਾਂ ਦੇ ਕਾਫਲੇ ਨੂੰ ਪੱਕੇ ਤੌਰ ਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੀ ਰਹਿਨੁਮਾਈ ਦੇ ਤਾਬਿਆਂ ਕਰ ਦਿਤਾ।

ਨਿਤਨੇਮ

ਮੱਦ : ਗੁਰਮਤਿ ਦੇ ਮੁੱਢਲੇ ਸਿਧਾਂਤ ਸਪਸ਼ਟ ਕਰਦੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਤੇ ਦਰਜ ਜਪੁ, ਸੋਦਰੁ, ਸੋ ਪੁਰਖ ਅਤੇ ਸੋਹਿਲਾ ਤੋਂ ਸਹਿਜੇ-ਸਹਿਜੇ ਸ਼ੁਰੂ ਕਰਦਿਆਂ ਰੋਜ਼ਾਨਾ ਆਪਣੇ ਵਿਤ ਅਨੁਸਾਰ ਇਕ ਜਾਂ ਵੱਧ ਸ਼ਬਦ ਦੀ ਵੀਚਾਰ ਕਰਕੇ ਜੀਵਨ ਵਿਚ ਢਾਲਣ ਦਾ ਯਤਨ ਕਰਨਾ।

1.      ਰਾਗੁ ਆਸਾ ਮਹਲਾ 1 ਅਸਟਪਦੀਆ ਘਰੁ 2

ੴ ਸਤਿਗੁਰ ਪ੍ਰਸਾਦਿ ॥

ਉਤਰਿ ਅਵਘਟਿ ਸਰਵਰਿ ਨਾਵੈ ॥ ਬਕੈ ਨ ਬੋਲੈ ਹਰਿ ਗੁਣ ਗਾਵੈ ॥ ਜਲੁ ਆਕਾਸੀ ਸੁੰਨਿ ਸਮਾਵੈ ॥ ਰਸੁ ਸਤੁ ਝੋਲਿ ਮਹਾ ਰਸੁ ਪਾਵੈ ॥1॥

ਐਸਾ ਗਿਆਨੁ ਸੁਨਹੁ ਅਭ ਮੋਰੇ ॥ ਭਰਿਪੁਰਿ ਧਾਰਿ ਰਹਿਆ ਸਭ ਠਉਰੇ ॥1॥ ਰਹਾਉ ॥

ਸਚੁ ਬ੍ਰਤੁ ਨੇਮੁ ਨ ਕਾਲੁ ਸੰਤਾਵੈ ॥ ਸਤਿਗੁਰ ਸਬਦਿ ਕਰੋਧੁ ਜਲਾਵੈ ॥ ਗਗਨਿ ਨਿਵਾਸਿ ਸਮਾਧਿ ਲਗਾਵੈ ॥ ਪਾਰਸੁ ਪਰਸਿ ਪਰਮ ਪਦੁ ਪਾਵੈ ॥2॥

ਸਚੁ ਮਨ ਕਾਰਣਿ ਤਤੁ ਬਿਲੋਵੈ ॥ ਸੁਭਰ ਸਰਵਰਿ ਮੈਲੁ ਨ ਧੋਵੈ ॥ ਜੈ ਸਿਉ ਰਾਤਾ ਤੈਸੋ ਹੋਵੈ ॥ ਆਪੇ ਕਰਤਾ ਕਰੇ ਸੁ ਹੋਵੈ ॥3॥

ਗੁਰ ਹਿਵ ਸੀਤਲੁ ਅਗਨਿ ਬੁਝਾਵੈ ॥ ਸੇਵਾ ਸੁਰਤਿ ਬਿਭੂਤ ਚੜਾਵੈ ॥ ਦਰਸਨੁ ਆਪਿ ਸਹਜ ਘਰਿ ਆਵੈ ॥ ਨਿਰਮਲ ਬਾਣੀ ਨਾਦੁ ਵਜਾਵੈ ॥4॥

ਅੰਤਰਿ ਗਿਆਨੁ ਮਹਾ ਰਸੁ ਸਾਰਾ ॥ ਤੀਰਥ ਮਜਨੁ ਗੁਰ ਵੀਚਾਰਾ ॥ ਅੰਤਰਿ ਪੂਜਾ ਥਾਨੁ ਮੁਰਾਰਾ ॥ ਜੋਤੀ ਜੋਤਿ ਮਿਲਾਵਣਹਾਰਾ ॥5॥

ਰਸਿ ਰਸਿਆ ਮਤਿ ਏਕੈ ਭਾਇ ॥ ਤਖਤ ਨਿਵਾਸੀ ਪੰਚ ਸਮਾਇ ॥ ਕਾਰ ਕਮਾਈ ਖਸਮ ਰਜਾਇ ॥ ਅਵਿਗਤ ਨਾਥੁ ਨ ਲਖਿਆ ਜਾਇ ॥6॥

ਜਲ ਮਹਿ ਉਪਜੈ ਜਲ ਤੇ ਦੂਰਿ ॥ ਜਲ ਮਹਿ ਜੋਤਿ ਰਹਿਆ ਭਰਪੂਰਿ ॥ਕਿਸੁ ਨੇੜੈ ਕਿਸੁ ਆਖਾ ਦੂਰਿ ॥ ਨਿਧਿ ਗੁਣ ਗਾਵਾ ਦੇਖਿ ਹਦੂਰਿ ॥7॥

ਅੰਤਰਿ ਬਾਹਰਿ ਅਵਰੁ ਨ ਕੋਇ ॥ ਜੋ ਤਿਸੁ ਭਾਵੈ ਸੋ ਫੁਨਿ ਹੋਇ ॥ ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ ॥ ਨਿਰਮਲ ਨਾਮੁ ਮੇਰਾ ਆਧਾਰੁ ॥8॥1॥ (ਪੰਨਾ 411)  

2.      ਦੁਰਮਤਿ ਅਗਨਿ ਜਗਤ ਪਰਜਾਰੈ ॥ ਸੋ ਉਬਰੈ ਗੁਰ ਸਬਦੁ ਬੀਚਾਰੈ ॥2॥ (ਮਹਲਾ 1, ਪੰਨਾ 225)

3.      ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥  ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥40॥ (ਮਹਲਾ 1, ਪੰਨਾ 935)

4.      ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ॥ ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ॥44॥ (ਮਹਲਾ 1, ਪੰਨਾ 936)

5.      ਮਨੁ ਭੂਲਉ ਸਮਝਸਿ ਸਾਚਿ ਨਾਇ॥ਗੁਰ ਸਬਦੁ ਬੀਚਾਰੇ ਸਹਜ ਭਾਇ॥1॥ਰਹਾਉ॥   (ਮਹਲਾ 1, ਪੰਨਾ 1187)

6.      ਸਾਚਿ ਵਸਿਐ ਸਾਚੀ ਸਭ ਕਾਰ ॥ ਊਤਮ ਕਰਣੀ ਸਬਦ ਬੀਚਾਰ ॥3॥ (ਮਹਲਾ 3, ਪੰਨਾ 158)

7.      ਸਬਦੁ ਬੀਚਾਰੇ ਸੋ ਜਨੁ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ॥ ਸਾਚੀ ਭਗਤਿ ਕਰਹਿ ਦਿਨੁ ਰਾਤੀ ਤਾਂ ਤਨਿ ਦੂਖੁ ਨ ਹੋਈ ॥1॥   (ਮਹਲਾ 3, ਪੰਨਾ 1131)

8.      ਹਰਿ ਹਰਿ ਜਾਪ ਤਾਪ ਬ੍ਰਤ ਨੇਮਾ॥ ਹਰਿ ਹਰਿ ਧਿਆਇ ਕੁਸਲ ਸਭਿ ਖੇਮਾ॥2॥ (ਮਹਲਾ 5, ਪੰਨਾ 715) 

ਵਿਆਖਿਆ:       ਇਕ ਸਿੱਖ ਲਈ ਗੁਰਬਾਣੀ ਨੂੰ ਵੀਚਾਰ ਕੇ, ਉਸ ਵਿਚਲੀਆਂ ਸੇਧਾਂ ਅਨੁਸਾਰ ਜੀਵਨ ਜੀਉਣ ਦਾ ਯਤਨ ਕਰਨਾ ਹੀ ਨਿਤਨੇਮ ਹੈ। ਨਿਤਨੇਮ ਦੇ ਨਾਮ ਤੇ ਕਿਸੇ ਖਾਸ ਬਾਣੀ ਦਾ, ਖਾਸ ਸਮੇਂ ਤੇ ਰਸਮੀ ਰੱਟਣ ਗੁਰਮਤਿ ਅਨੁਸਾਰੀ ਨਹੀਂ। ਵਿਚਾਰ ਬਿਨਾ, ਇਕ ਰਸਮ ਵਜੋਂ  ਪਾਠ ਕਰਨ ਦੇ ਨੇਮ ਦਾ ਖੰਡਨ ਕਰਦੇ ਕੁਝ ਗੁਰਵਾਕ ਇੰਝ ਹਨ।

1.     ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ॥

ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਨਾਮ ਬਿਨੁ ਉਰਝਿ ਮਰੈ ॥2॥   (ਮਹਲਾ 1, ਪੰਨਾ 1127)

2.      ਆਚਾਰੀ ਨਹੀ ਜੀਤਿਆ ਜਾਇ ॥ ਪਾਠ ਪੜੈ ਨਹੀ ਕੀਮਤਿ ਪਾਇ ॥ (ਮਹਲਾ 1, ਪੰਨਾ 355)

3.      ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥ ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥7॥   (ਮਹਲਾ 3, ਪੰਨਾ 841)

4.      ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥ ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥3॥ (ਮਹਲਾ 3, ਪੰਨਾ 66)

5.      ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ॥ ਕਾਹੂ ਹੋ ਗਉਨੁ ਕਰਿ ਹੋ ॥2॥ (ਮਹਲਾ 5, ਪੰਨਾ 213)

6.      ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥ ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥1॥   (ਮਹਲਾ 5, 216)

7.      ਸਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ ਭਾਤੀ ॥ ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥1॥ (ਮਹਲਾ 5, ਪੰਨਾ 265)

8.      ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥1॥    (ਮਹਲਾ 5, ਪੰਨਾ 641) 

ਰੋਜ਼ ਸਮਾਂ ਕੱਢ ਕੇ ਗੁਰਬਾਣੀ ਦੀ ਵਿਚਾਰ ਦਾ ਨੇਮ ਬਣਾ ਲੈਣਾ ਚੰਗਾ ਹੈ। ਪਰ ਇਕੋ ਰਚਨਾ ਨੂੰ ਰੋਜ਼, ਬਿਨਾ ਵਿਚਾਰੇ ਬਾਰ ਬਾਰ ਪੜ੍ਹਣ ਦਾ ਨੇਮ ਗੁਰਮਤਿ ਅਨੁਸਾਰੀ ਨਹੀਂ। ਪੁਜਾਰੀ ਸ਼੍ਰੇਣੀ ਦੀ ਇਹ ਖਾਸੀਅਤ ਰਹੀ ਹੈ ਕਿ ਉਹ ਲੋਕਾਈ ਨੂੰ ‘ਵਿਚਾਰ’ ਦੀ ਥਾਂ ‘ਰਟਨ’ ਵਾਲੇ ਕਰਮਕਾਂਡ ਪਾਸੇ ਤੋਰਦੀ ਹੈ ਤਾਂ ਕਿ ਲੋਕ ਸੁਚੇਤ ਨਾ ਹੋ ਸਕਣ। ਕੁਝ ਐਸਾ ਹੀ ਸਿੱਖ ਸਮਾਜ ਵਿਚ ਭਾਰੂ ਹੋ ਚੁੱਕੀਆਂ ਪੁਜਾਰੀਵਾਦੀ ਤਾਕਤਾਂ ਨੇ ਗੁਰਬਾਣੀ ਨਾਲ ਕੀਤਾ ਹੈ। ਸਿੱਖ ਸਮਾਜ ਦੇ ਮੌਜੂਦਾ ਹਾਲਾਤ ਇਸ ਦੀ ਜੀਵੰਤ ਗਵਾਹੀ ਹਨ। ਅੱਜ ਸਮਾਜ ਵਿਚ 99% ਤੋਂ ਵੱਧ ਨਿਤਨੇਮ, ਬਿਨਾਂ ਵਿਚਾਰੇ, ਇਕ ਰਸਮ ਵਜੋਂ ਹੋ ਰਹੇ ਹਨ। ਤਾਂ ਹੀ ਬਹੁੱਤੇ ‘ਨਿਤਨੇਮੀ’ ਗੁਰਮਤਿ ਵਿਰੁਧ ਕਰਮਕਾਂਡ ਕਰਦੇ ਆਮ ਵੇਖੇ ਜਾ ਸਕਦੇ ਹਨ। ਐਸੇ ਰਸਮੀ ਨਿਤਨੇਮ ਵਿਚ ਉਲਝੇ ਸਿੱਖ ਸਮਾਜ ਵਿਚੋਂ ਬਹੁਤਿਆਂ ਨੂੰ ਇਹ ਹੀ ਸਮਝ ਨਹੀਂ ਆ ਪਾ ਰਹੀ ਕਿ ਉਹ ਮੌਜੂਦਾ ‘ਪੰਥਕ ਨਿਤਨੇਮ’ ਰਾਹੀਂ ਕੱਚੀ ਬਾਣੀ (ਦਸਮ ਗ੍ਰੰਥ ਦੀ) ਵੀ ਪੜੀ ਜਾ ਰਹੇ ਹਨ ਅਤੇ ਦੇਵੀ ਸਿਮਰਨ (ਪ੍ਰਿਥਮ ਭਗੌਤੀ ਸਿਮਰ ਕੇ) ਵੀ ਲਗਾਤਾਰ ਕਰੀ ਜਾ ਰਹੇ ਹਨ। ਸਮਝ ਤਾਂ ਤਦੋਂ ਲਗੇ ਜਦੋਂ ਵਿਚਾਰ ਕੇ ਪੜ੍ਹੀਏ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਹਿਲੇ 13 ਪੰਨਿਆਂ ਤੇ ਦਰਜ ਬਾਣੀ ਵਿਚ ਗੁਰਮਤਿ ਦੇ ਮੁੱਢਲੇ ਅਸੂਲ ਦਰਜ ਹਨ। ਇਸੇ ਲਈ ਇਨ੍ਹਾਂ ਪੰਨਿਆਂ ਤੇ ਆਏ ਸ਼ਬਦ (ਜਪੁ ਤੋਂ ਇਲਾਵਾ) ਰਾਗਾਂ ਵਿਚ ਦੁਬਾਰਾ ਵੀ ਦਰਜ ਹਨ। ਪਰ ਇਨ੍ਹਾਂ ਪੰਨਿਆਂ ਦਾ ਪਾਠ ਵੀ ਵਿਚਾਰ ਕੇ ਹੀ ਕਰਨਾ ਬਣਦਾ ਹੈ, ਇਕ ਰਸਮ ਵਜੋਂ ਨਹੀਂ। ਪ੍ਰਭਾਤ ਵੇਲਾ ਵਿਚਾਰ ਲਈ ਚੰਗਾ ਹੁੰਦਾ ਹੈ, ਕਿਉਂਕਿ ਉਸ ਵੇਲੇ ਆਮ ਤੌਰ ਤੇ ਮਾਹੌਲ ਅਤੇ ਮਨ ਸ਼ਾਂਤ ਹੋਣ ਕਰਕੇ ਵਿਚਾਰ ਵਿਚ ਆਸਾਨੀ ਨਾਲ ਅਤੇ ਚੰਗੀ ਤਰਾਂ ਜੁੜਦਾ ਹੈ ਪਰ ਕਿਸੇ ਸਮੇਂ ਵਿਸ਼ੇਸ਼ ਦੇ ਪਾਠ ਦਾ ਭਰਮ ਮਨ ਵਿਚ ਵਸਾਉਣਾ ਗਲਤ ਹੈ।  ਸਿੱਖ ਸਮਾਜ ਵਿਚ ਵੀ ‘ਅੰਮ੍ਰਿਤ ਵੇਲੇ’ ਦੇ ਨਾਮ ਤੇ ਅਨੇਕਾਂ ਭਰਮ ਪ੍ਰਚਲਿਤ ਹਨ। ਇਨ੍ਹਾਂ ਭਰਮਾਂ ਬਾਰੇ ਸੱਚ ਪ੍ਰਗਟਾਉਂਦੇ ਕੁਝ  ਗੁਰਵਾਕ ਹਨ:

1.      ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥

          ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ॥ ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ 1॥(ਮਹਲਾ 3, ਪੰਨਾ 35)

2.      ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ॥

          ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਜਮਕੰਕਰੁ ਨੇੜਿ ਨ ਆਵੈ ਰਾਮ॥2॥  (ਮਹਲਾ 4, ਪੰਨਾ 540)

3.      ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ ॥ ਸੋ ਮੂਰਤੁ ਭਲਾ ਸੰਜੋਗੁ ਹੈ ਜਿਤੁ ਮਿਲੈ ਗੁਸਾਈ ॥ (ਮਹਲਾ 5, ਪੰਨਾ 709)

ਸੋ ਇਕ ਗੁਰਸਿੱਖ ਨੂੰ ਹਰ ਰੋਜ਼ ਸਮਾਂ ਕੱਢ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਤੋਂ ਸ਼ੁਰੂ ਕਰਦੇ ਹੋਏ ‘ਗੁਰਬਾਣੀ ਵਿਚਾਰ’ ਨੂੰ ਨਿਤ ਦਾ ਨੇਮ ਬਣਾਉਣਾ ਚਾਹੀਦਾ ਹੈ।

ਅਰਦਾਸ

ਮੱਦ : ਗੁਰਮਤਿ ਸਮਾਗਮ ਦੀ ਸ਼ੁਰੂਆਤ ਸੰਗਤ ਵਲੋਂ ਸਾਂਝੇ ਤੌਰ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂਆਤੀ ਬੰਦ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (ਮਹਲਾ 1, ਪੰਨਾ 1)

ਅਤੇ ਉਸ ਉਪਰੰਤ

ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥

ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥

ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥

ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥

ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਣੀ॥8॥4॥ (ਮਹਲਾ 5, ਪੰਨਾ 268)

ਬੰਦ ਦੇ ਵਿਚਾਰਮਈ ਉਚਾਰਨ ਨਾਲ ਕੀਤੀ ਜਾਵੇ।

ਸਮਾਗਮ ਦੀ ਸਮਾਪਤੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿਚ ਆਉਂਦੇ ਹੇਠ ਲਿਖੇ ਅੰਤਲੇ ਬੰਦਾਂ ਦੇ ਵਿਚਾਰਮਈ ਸਾਂਝੇ ਉਚਾਰਨ ਨਾਲ ਕੀਤੀ ਜਾਵੇ 

ਸਲੋਕ ਮਹਲਾ 5 ॥

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ॥ ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਉਈ॥

ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ॥  ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥1॥ (ਮਹਲਾ 5, ਪੰਨਾ 1429)

ਗੁਰਬਾਣੀ ਵਾਕਾਂ ਦਾ ਹਵਾਲਾ

ਰਸਮੀ ਅਰਦਾਸ ਦਾ ਖੰਡਨ ਕਰਦੇ ਕੁਝ ਗੁਰਵਾਕ

1.      ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ (ਮਹਲਾ 3, ਪੰਨਾ 1420)

2.      ਜੋ ਕਿਛੁ ਕਰਣਾ ਸੁ ਤੇਰੈ ਪਾਸਿ॥ ਕਿਸੁ ਆਗੈ ਕੀਚੈ ਅਰਦਾਸਿ॥ (ਮਹਲਾ 1, ਪੰਨਾ 1125)

ਅਰਦਾਸ ਕਰਨ ਦੀ ਤਾਕੀਦ ਕਰਦੇ ਕੁਝ ਗੁਰਵਾਕ

1.      ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ॥ (ਮਹਲਾ 5, ਪੰਨਾ 49  )

2.      ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥ (ਮਹਲਾ 5, ਪੰਨਾ 383) 

ਵਿਆਖਿਆ : ਉਪਰ ਕੁਝ ਗੁਰਸ਼ਬਦਾਂ ਵਿਚ ਅਸੀਂ ਸਪਸ਼ਟ ਵੇਖਿਆ ਕਿ ਗੁਰਬਾਣੀ ਪ੍ਰਭੂ ਨੂੰ ਜਾਣੀ-ਜਾਣ ਮੰਣਦੇ ਹੋਏ ਸੇਧ ਦਿੰਦੀ ਹੈ ਕਿ ਬੋਲ ਕਿ ਉਸ ਅੱਗੇ ਰਸਮੀ ਅਰਦਾਸ ਕਰਨ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਉਹ ਤਾਂ ਹਰ ਇਕ ਦੇ ਮਨ ਦੀ ਗੱਲ ਜਾਣਦਾ ਹੈ। ਵੈਸੇ ਵੀ ਰਸਮੀ ਅਰਦਾਸ ਇਕ ਕਰਮਕਾਂਡ ਦਾ ਰੂਪ ਧਾਰਨ ਕਰ ਲੈਂਦੀ ਹੈ। ਅੱਜ ਸਿੱਖ ਸਮਾਜ ਵਿਚ ਪ੍ਰਚਲਿਤ ਬਹੁਤੇ ਗੁਰਦੁਆਰਿਆਂ ਅਤੇ ਘਰਾਂ ਵਿਚ ਹੋ ਰਹੀਆਂ ਵੱਖ ਵੱਖ ਦਾਤਾਂ ਲਈ ਅਰਦਾਸਾਂ ਕਰਮਕਾਂਡ ਦੀ ਹੀ ਮਿਸਾਲ ਹਨ। ਗੁਰਬਾਣੀ ਤਾਂ ਸੇਧ ਦਿੰਦੀ ਹੈ ਕਿ ਜੇ ਪ੍ਰਮਾਤਮਾ ਕੋਲੋਂ ਕੁਝ ਮੰਗਣ ਲਾਇਕ ਹੈ ਤਾਂ ਉਹ ਹੈ ਸੱਚ ਦੇ ਗਿਆਨ ਦੀ ਮੰਗ। ਵੈਸੇ ਵੀ ਜਦੋਂ ਕਿਸੇ ਮਨੁੱਖ ਦੇ ਮਨੋਂ ਪ੍ਰਭੂ ਸਾਹਮਣੇ ਸੱਚੀ ਬੇਨਤੀ ਨਿਕਲਦੀ ਹੈ ਤਾਂ ਉਸ ਲਈ ਰਸਮੀ ਲਫਜ਼ਾਂ ਦੇ ਉਚਾਰਨ ਦੀ ਲੋੜ ਨਹੀਂ ਪੈਂਦੀ।

ਦੂਜੀ ਤਰਫ ਗੁਰਬਾਣੀ ਵਿਚ ਅਨੇਕਾਂ ਐਸੇ ਵੀ ਸ਼ਬਦ ਮਿਲਦੇ ਹਨ ਜਿਨ੍ਹਾਂ ਵਿਚ ਅਰਦਾਸ ਕਰਨ ਦੀ ਪ੍ਰੋੜਤਾ ਕੀਤੀ ਗਈ ਹੈ। ਕੁਝ ਮਿਸਾਲਾਂ ਉਪਰ ਦਿਤੀਆਂ ਗਈਆਂ ਹਨ। ਕੀ ਇਸ ਦਾ ਭਾਵ ਇਹ ਹੈ ਕਿ ਗੁਰਬਾਣੀ ਵਿਚ ਆਪਾ-ਵਿਰੋਧ ਹੈ? ਨਹੀਂ ਐਸਾ ਨਹੀਂ ਹੈ, ਗੁਰਬਾਣੀ ਵਿਚ ਕਿਧਰੇ ਆਪਾ-ਵਿਰੋਧ ਨਹੀਂ ਹੈ, ਕਮੀ ਸਾਡੇ ਸਮਝਣ ਵਿਚ ਹੈ। ਗੁਰਬਾਣੀ ਦੀ ਖੋਜ ਇਹ ਸਪਸ਼ਟ ਕਰਦੀ ਹੈ ਕਿ ਜਿਥੇ ਅਰਦਾਸ ਕਰਨ ਦਾ ਖੰਡਨ ਕੀਤਾ ਮਿਲਦਾ ਹੈ, ਉਥੇ ਭਾਵ ਰਸਮੀ ਅਰਦਾਸ ਤੋਂ ਹੈ।

ਦੂਜੀ ਤਰਫ ਜਿਥੇ ‘ਅਰਦਾਸ’ ਕਰਨ ਦੀ ਪ੍ਰੋੜਤਾ ਕੀਤੀ ਮਿਲਦੀ ਹੈ, ਉਥੇ ਅਰਦਾਸ ਤੋਂ ਭਾਵ ‘ਸਮਰਪਣ’ ਹੈ, ਨਾ ਕਿ ਕਿਸੇ ਖਾਸ ਤਰੀਕੇ, ਰਸਮੀ ਤਰੀਕੇ ਬੋਲ ਕੇ ਕੀਤੀ ਜਾਂ ਕਰਵਾਈ ਅਰਦਾਸ। ਕਿਸੇ ਵਿਚੋਲੇ (ਗ੍ਰੰਥੀ, ਭਾਈ ਆਦਿ) ਕੋਲੋਂ ਆਪਣੇ ਲਈ ਕਰਵਾਈ ਅਰਦਾਸ ਤਾਂ ਹੈ ਹੀ ਨਿਰਾ ਪੁਜਾਰੀਵਾਦ।

ਜਿਥੋਂ ਤੱਕ ਪ੍ਰਚਲਿਤ ਪੰਥਕ ਅਰਦਾਸ ਦੀ ਗੱਲ ਹੈ ਇਹ ਤਾਂ ਸ਼ੁਰੂ ਹੀ ‘ਦੇਵੀ ਸਿਮਰਨ’ ਨਾਲ ਹੁੰਦੀ ਹੈ। ਇਸ ਤੋਂ ਇਲਾਵਾ ਵੀ ਇਸ ਵਿਚ ਅਨੇਕਾਂ ਗੁਰਮਤਿ ਵਿਰੋਧੀ ਨੁਕਤੇ ਹਨ। ਸਿੱਖ ਸਮਾਜ ਵਿਚ ਵਿਚਾਰਹੀਣ ਹੋ ਕਿ ਕੀਤੀ ਜਾ ਰਹੀ ਰਸਮੀ ਅਰਦਾਸ ਇਕ ਕਰਮਕਾਂਡ ਦਾ ਰੂਪ ਧਾਰਨ ਕਰ ਚੁੱਕੀ ਹੈ।

ਸੋ ਗੁਰਬਾਣੀ ਦੀ ਸੇਧ ਵਿਚ ਇਹੀ ਠੀਕ ਜਾਪਦਾ ਹੈ ਕਿ ਕਿਸੇ ਵੀ ਗੁਰਮਤਿ ਸਮਾਗਮ ਦੀ ਸ਼ੁਰੂਆਤ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸ਼ੁਰੂਆਤੀ ਬੰਦ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (ਮਹਲਾ 1, ਪੰਨਾ 1)

ਉਪਰੰਤ

ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥

ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥

ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥

ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥

ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਣੀ॥8॥4॥ (ਮਹਲਾ 5, ਪੰਨਾ 268) 

ਵਾਲੇ ਬੰਦ ਦੇ ਵਿਚਾਰਮਈ ਉਚਾਰਨ ਨਾਲ ਕੀਤੀ ਜਾਵੇ। ‘ਵਿਚਾਰਮਈ’ ਤੋਂ ਇਥੇ ਭਾਵ ਹੈ ਕਿ ਉਚਾਰਣ ਕਰਦੇ ਵੇਲੇ ਧਿਆਨ ਬੰਦ ਦੇ ਭਾਵ-ਅਰਥਾਂ ਵੱਲ ਹੋਵੇ। ‘ਸੰਗਤੀ’ ਤੋਂ ਭਾਵ ਦੀਵਾਨ ਵਿਚ ਹਾਜ਼ਿਰ ਸੰਗਤ ਇਕੱਠੇ ਮਿਲ ਕੇ ਉਚਾਰਨ ਕਰੇ।

ਇਸੇ ਤਰਜ਼ ਤੇ ਗੁਰਮਤਿ ਸਮਾਗਮ ਦੀ ਸਮਾਪਤੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚਲੀ ਬਾਣੀ ਦੇ ਹੇਠਾਂ ਦਿਤੇ ਅੰਤਮ ਬੰਦ ਦੇ ਵਿਚਾਰਮਈ ਸੰਗਤੀ ਉਚਾਰਨ ਨਾਲ ਕੀਤੀ ਜਾਵੇ।

ਸਲੋਕ ਮਹਲਾ 5 ॥

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ॥ ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਉਈ॥

ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ॥  ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥1॥(ਮਹਲਾ 5, ਪੰਨਾ 1429)   

ਗੁਰਮਤਿ ਰਹਿਣੀ ਲਈ ਸੇਧਾਂ

ਮੱਦ :      1.     ਇਕ ਅਕਾਲ ਪੁਰਖ ਨੂੰ ਹੀ ਆਪਣਾ ਇਸ਼ਟ ਮੰਨਣਾ।

1.      ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥     (ਮਹਲਾ 1, ਪੰਨਾ 1)

2.      ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥1॥ ਰਹਾਉ ॥ (ਮਹਲਾ 1, ਪੰਨਾ 350)

3.      ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥2॥ (ਮਹਲਾ 1, ਪੰਨਾ 1291

4.      ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ ॥ ਜਪਿ ਜਪਿ ਹੋਏ ਸਗਲ ਸਾਧ ਜਨ ਏਕੁ ਨਾਮੁ ਧਿਆਇ ਬਹੁਤੁ ਉਧਾਰੇ ॥3॥     (ਮਹਲਾ 5, ਪੰਨਾ 379)

5.      ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥     (ਭਗਤ ਨਾਮਦੇਵ ਜੀ, ਪੰਨਾ 874)

ਵਿਆਖਿਆ : ਗੁਰਬਾਣੀ ਵਿਚ ‘ਅਕਾਲ ਪੁਰਖ’ ਨੂੰ ਹੀ ਇਕੋ ਇਕ ਵਾਹਿਦ ਕਰਤਾ ਮੰਨਿਆ ਗਿਆ ਹੈ, ਇਸ ਲਈ ਇਕ ਅਕਾਲ ਤੋਂ ਸਿਵਾ ਕਿਸੇ ਹੋਰ ਨੂੰ ਇਸ਼ਟ (ਰੱਬ) ਮੰਨ ਲੈਣਾ ਸਹੀ ਨਹੀਂ ਹੈ। ਹਾਂ ਗੁਰਬਾਣੀ ਵਿਚ ਉਸ ਅਕਾਲ ਪੁਰਖ ਲਈ ਵੱਖ ਵੱਖ ਨਾਂ ਜਿਵੇਂ (ਰਾਮ, ਅੱਲਾਹ, ਗੁਸਾਈਂ ਆਦਿ) ਜ਼ਰੂਰ ਵਰਤੇ ਗਏ ਹਨ। ਪਰ ਇਨ੍ਹਾਂ ਨੂੰ ਅਨਮਤਾਂ ਦੀਆਂ ਗਲਤ ਪ੍ਰਚਲਿਤ ਮਾਨਤਾ ਅਨੁਸਾਰੀ ਨਹੀਂ ਮੰਨਣਾ, ਕਿਉਂਕਿ ਇਨ੍ਹਾਂ ਪ੍ਰਚਲਿਤ ਮਾਨਤਾਵਾਂ ਦਾ ਗੁਰਬਾਣੀ ਵਿਚ ਭਰਪੂਰ ਖੰਡਨ ਹੈ।

ਮੱਦ : 2.   ਕਿਸੇ ਦੇਵੀ ਦੇਵਤੇ, ਦੇਹਧਾਰੀ ਜਾਂ ਪ੍ਰਚਲਿਤ ਅਵਤਾਰ ਨੂੰ ਇਸ਼ਟ ਨਹੀਂ ਮੰਨਣਾ।

1.              ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥

ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥6॥ (ਮਹਲਾ 1, ਪੰਨਾ 637)

2.             ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥

ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥7॥   (ਮਹਲਾ 3, ਪੰਨਾ 423)

3.            ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥ (ਮਹਲਾ 3, ਪੰਨਾ 129)

4.           ਕਈ ਕੋਟਿ ਹੋਏ ਅਵਤਾਰ ॥ ਕਈ ਜੁਗਤਿ ਕੀਨੋ ਬਿਸਥਾਰ ॥ (ਮਹਲਾ 5, ਪੰਨਾ 276)

5.      ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ ॥ ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥   (ਮਹਲਾ 5, ਪੰਨਾ 455)

6.      ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥1॥ (ਮਹਲਾ 5, ਪੰਨਾ 894)

7.      ਕੋਟਿ ਬਿਸਨ ਕੀਨੇ ਅਵਤਾਰ ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥ (ਮਹਲਾ 5, ਪੰਨਾ 1156)

8.      ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥

          ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥4॥1॥45॥ (ਭਗਤ ਕਬੀਰ ਜੀ, ਪੰਨਾ 322)

9.      ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥

         ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥2॥  (ਭਗਤ ਕਬੀਰ ਜੀ, ਪੰਨਾ 322) 

ਵਿਆਖਿਆ :      ਪ੍ਰਚਲਿਤ ਦੇਵੀ ਦੇਵਤੇ, ਅਵਤਾਰ, ਦੇਹਧਾਰੀ ਆਦਿ ਨੂੰ ਰੱਬ ਜਾਂ ਉਸ ਦੇ ਖਾਸ ਦੂਤ ਮੰਨਣ ਦੀ ਮਾਨਤਾ ਪੁਜਾਰੀ ਸ਼੍ਰੇਣੀ ਦਾ ਫੈਲਾਇਆ ਭਰਮ ਹੈ, ਜਿਸ ਦਾ ਗੁਰਮਤਿ ਖੰਡਨ ਕਰਦੀ ਹੈ। ਇਨ੍ਹਾਂ ਵਿਚ ਵਿਸ਼ਵਾਸ ਨਹੀਂ ਰੱਖਣਾ।

ਮੱਦ : 3.   ਜ਼ਾਤ-ਪਾਤ, ਛੂਤ-ਛਾਤ, ਰੰਗ-ਨਸਲ, ਲਿੰਗ ਭੇਦ (ਵਿਤਕਰੇ) ਨੂੰ ਨਹੀਂ ਮੰਨਣਾ।

1.      ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥

          ਆਪਹੁ ਜੇ ਕੋ ਭਲਾ ਕਹਾਏ ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥1॥   (ਮਹਲਾ 1, ਪੰਨਾ 83)

2.      ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ ਮਹੁਰਾ ਹੋਵੈ ਹਥਿ ਮਰੀਐ ਚਖੀਐ ॥ (ਮਹਲਾ 1, ਪੰਨਾ 142)

3.      ਆਸਾ ਮਹਲਾ 1 ॥

ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥ ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥1॥

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥1॥ ਰਹਾਉ ॥

ਆਪਿ ਕਰਾਏ ਆਪਿ ਕਰੇਇ ॥ ਆਪਿ ਉਲਾਮੇ ਚਿਤਿ ਧਰੇਇ ॥ ਜਾ ਤੂੰ ਕਰਣਹਾਰੁ ਕਰਤਾਰੁ ॥ ਕਿਆ ਮੁਹਤਾਜੀ ਕਿਆ ਸੰਸਾਰੁ ॥2॥

ਆਪਿ ਉਪਾਏ ਆਪੇ ਦੇਇ ॥ ਆਪੇ ਦੁਰਮਤਿ ਮਨਹਿ ਕਰੇਇ ॥ ਗੁਰ ਪਰਸਾਦਿ ਵਸੈ ਮਨਿ ਆਇ ॥ ਦੁਖੁ ਅਨ੍‍ੇਰਾ ਵਿਚਹੁ ਜਾਇ ॥3॥

ਸਾਚੁ ਪਿਆਰਾ ਆਪਿ ਕਰੇਇ ॥ ਅਵਰੀ ਕਉ ਸਾਚੁ ਨ ਦੇਇ ॥ ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਨ ਲੇਇ ॥4॥3॥ (ਪੰਨਾ 349) 

4.      ਬਸੈ ਘਟਾ ਘਟ ਲੀਪ ਨ ਛੀਪੈ ॥ ਬੰਧਨ ਮੁਕਤਾ ਜਾਤੁ ਨ ਦੀਸੈ ॥1॥ (ਭਗਤ ਨਾਮ ਦੇਵ ਜੀ, ਪੰਨਾ 1318)

5.      ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥

        ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥4॥10॥ (ਮਹਲਾ 1, ਪੰਨਾ 1330)

 6.   ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥

       ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥1॥  (ਮਹਲਾ 5, ਪੰਨਾ 611)

 7.   ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥        (ਮਹਲਾ 3, ਪੰਨਾ 1127) 

 8.   ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥  (ਮਹਲਾ 1, ਪੰਨਾ 473)

ਵਿਆਖਿਆ :       ਗੁਰਬਾਣੀ ਹਰ ਮਨੁੱਖ ਨੂੰ ਇਕ ਪ੍ਰਮਾਤਮਾ ਦੀ ਸੰਤਾਨ ਮੰਨਦੇ ਹੋਏ ਬਰਾਬਰ ਮੰਨਦੀ ਹੈ ਸੋ ਇਸ ਵਿਚ ਜ਼ਾਤ-ਪਾਤ, ਲਿੰਗ, ਰੰਗ, ਨਸਲ ਆਦਿ ਦੇ ਆਧਾਰ ਤੇ  ਮੰਨੇ ਜਾਂਦੇ ਵਿਤਕਰੇ ਦਾ ਭਰਪੂਰ ਖੰਡਨ ਕੀਤਾ ਮਿਲਦਾ ਹੈ। ਸਿੱਖ ਲਈ ਐਸੀ ਵਿਤਕਰੇ ਦੀ ਸੋਚ ਤੋਂ ਉਪਰ ਉੱਠਣਾ ਜਰੂਰੀ ਹੈ।

ਮੱਦ : 4.  ਜੰਤਰ-ਮੰਤਰ, ਜਾਦੂ ਟੁਣੇ, ਧਾਗਾ-ਤਵੀਜ਼, ਮੌਲੀ, ਕਾਲਾ ਇਲਮ, ਹੱਥ ਹੌਲਾ (ਫਾਂਡਾ), ਝਾੜ-ਫੂਕ ਆਦਿ ਤੇ ਵਿਸ਼ਵਾਸ ਨਹੀਂ ਰੱਖਣਾ।

1.      ਛੋਡੀਲੇ ਪਾਖੰਡਾ ॥ ਨਾਮਿ ਲਇਐ ਜਾਹਿ ਤਰੰਦਾ ॥1॥ (ਮਹਲਾ 1, ਪੰਨਾ 471)

2.       ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥  

         ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥1॥  (ਮਹਲਾ 5, ਪੰਨਾ 747)

3.       ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥

          ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥4॥  (ਮਹਲਾ 1, ਪੰਨਾ 766)

4.      ਬੇਦੁ ਬਾਦੁ ਨ ਪਾਖੰਡੁ ਅਉਧੂ ਗੁਰਮੁਖਿ ਸਬਦਿ ਬੀਚਾਰੀ ॥19॥ (ਮਹਲਾ 1, ਪੰਨਾ 908) 

5.      ਭਸਮ ਚੜਾਇ ਕਰਹਿ ਪਾਖੰਡੁ ॥ ਮਾਇਆ ਮੋਹਿ ਸਹਹਿ ਜਮ ਡੰਡੁ ॥ (ਮਹਲਾ 1, ਪੰਨਾ 903)

6.      ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥

          ਹਲਤਿ ਪਲਤਿ ਦੁਖਦਾਈ ਹੋਵਹਿ ਜਮਕਾਲੁ ਖੜਾ ਸਿਰਿ ਮਾਰੇ ॥4॥  (ਮਹਲਾ 4, ਪੰਨਾ 981)

7.      ਕਰਹਿ ਬਿਭੂਤਿ ਲਗਾਵਹਿ ਭਸਮੈ॥ ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ॥

          ਪਾਖੰਡ ਕੀਨੇ ਜੋਗੁ ਨ ਪਾਈਐ ਬਿਨੁ ਸਤਿਗੁਰ ਅਲਖੁ ਨ ਪਾਇਆ ॥12॥ (ਮਹਲਾ 1, ਪੰਨਾ 1043)

8.      ਨਉਲੀ ਕਰਮ ਭੁਇਅੰਗਮ ਭਾਠੀ ॥ ਰੇਚਕ ਕੁੰਭਕ ਪੂਰਕ ਮਨ ਹਾਠੀ ॥

          ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਉ ਗੁਰ ਸਬਦ ਮਹਾ ਰਸੁ ਪਾਇਆ ॥14॥ (ਮਹਲਾ 1, ਪੰਨਾ 1043)

9.      ਮਨਮੁਖ ਪਾਖੰਡੁ ਕਦੇ ਨ ਚੂਕੈ ਦੂਜੈ ਭਾਇ ਦੁਖੁ ਪਾਏ ॥

         ਨਾਮੁ ਵਿਸਾਰਿ ਬਿਖਿਆ ਮਨਿ ਰਾਤੇ ਬਿਰਥਾ ਜਨਮੁ ਗਵਾਏ ॥  (ਮਹਲਾ 3, ਪੰਨਾ 1259)

10.    ਹਿਰਦੈ ਸਚੁ ਏਹ ਕਰਣੀ ਸਾਰੁ ॥ ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥6॥ (ਮਹਲਾ 1, ਪੰਨਾ 1343)

11.    ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥ ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ ॥

          ਨਾਨਕ ਕੀ ਪ੍ਰਭ ਬੇਨਤੀ ਹਰਿ ਭਾਵੈ ਬਖਸਿ ਮਿਲਾਇ ॥41॥ (ਮਹਲਾ 3, ਪੰਨਾ 1417) 

12.    ਅਉਖਧ ਮੰਤ੍ਰ ਤੰਤ ਸਭਿ ਛਾਰੁ ॥ ਕਰਣੈਹਾਰੁ ਰਿਦੇ ਮਹਿ ਧਾਰੁ ॥3॥ (ਮਹਲਾ 5, ਪੰਨਾ 196)

13.    ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥

          ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥4॥  (ਮਹਲਾ 1, ਪੰਨਾ 766)

14.    ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥ ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ ॥1॥ ਰਹਾਉ ॥ (ਮਹਲਾ 5, ਪੰਨਾ 818)

15.    ਕਹਿ ਕਬੀਰ ਜਾ ਕਾ ਨਹੀ ਅੰਤੁ ॥ ਤਿਸ ਕੇ ਆਗੇ ਤੰਤੁ ਨ ਮੰਤੁ ॥8॥9॥ (ਭਗਤ ਕਬੀਰ ਜੀ, ਪੰਨਾ971)

ਵਿਆਖਿਆ :- ਪੁਜਾਰੀ ਸ਼੍ਰੇਣੀ ਵਲੋਂ ਧਰਮ ਦੇ ਨਾਮ ਤੇ ਅਨੇਕਾਂ ਤਰਾਂ ਦੇ ਵਹਿਮ ਭਰਮ ਅਤੇ ਅੰਧ ਵਿਸ਼ਵਾਸ ਫੈਲਾ ਕੇ ਲੋਕਾਈ ਦਾ ਸਰਬਪੱਖੀ ਸ਼ੌਸ਼ਨ ਕੀਤਾ ਜਾਂਦਾ ਰਿਹਾ ਹੈ। ਗੁਰਬਾਣੀ ਇਨ੍ਹਾਂ ਭਰਮਾਂ ਨੂੰ ਕੋਈ ਮਾਨਤਾ ਨਹੀਂ ਦਿੰਦੀ ਅਤੇ ਇਨ੍ਹਾਂ ਦਾ ਖੰਡਨ ਕਰਦੀ ਹੈ।

ਮੱਦ : 5.    ਭੂਤ-ਪ੍ਰੇਤ, ਜਿੰਨ, ਡਾਇਨ, ਚੁੜੈਲ, ਸ਼ਹੀਦੀ ਰੂਹ, ਉਪਰੀ ਹਵਾ, ਸ਼ੈਤਾਨ, ਗੈਬੀ-ਰੂਹ ਆਦਿ ਵਿਚ ਵਿਸ਼ਵਾਸ ਨਹੀਂ ਰੱਖਣਾ।

1.           ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥

             ਏਹ ਜਮ ਕੀ ਸਿਰਕਾਰ ਹੈ ਏਨ੍‍ਾ ਉਪਰਿ ਜਮ ਕਾ ਡੰਡੁ ਕਰਾਰਾ ॥    (ਮਹਲਾ 3, ਪੰਨਾ 513)

2.            ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥

              ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥1॥     (ਮਹਲਾ 5, ਪੰਨਾ 706) 

3.      ਵੀਰਵਾਰਿ ਵੀਰ ਭਰਮਿ ਭੁਲਾਏ ॥ ਪ੍ਰੇਤ ਭੂਤ ਸਭਿ ਦੂਜੈ ਲਾਏ ॥ ਆਪਿ ਉਪਾਏ ਕਰਿ ਵੇਖੈ ਵੇਕਾ ॥ ਸਭਨਾ ਕਰਤੇ ਤੇਰੀ ਟੇਕਾ ॥

          ਜੀਅ ਜੰਤ ਤੇਰੀ ਸਰਣਾਈ ॥ ਸੋ ਮਿਲੈ ਜਿਸੁ ਲੈਹਿ ਮਿਲਾਈ ॥6॥ (ਮਹਲਾ 3, ਪੰਨਾ 841)

4.      ਕਲਿ ਮਹਿ ਪ੍ਰੇਤ ਜਿਨੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥

         ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ ॥1॥      (ਮਹਲਾ 3, ਪੰਨਾ 1131)

ਵਿਆਖਿਆ : ਧਰਮ ਦਾ ਨਾਮ ਲੈ ਕੇ ਸਮਾਜ ਵਿਚ ਭੂਤ-ਪ੍ਰੇਤ, ਜਿੰਨ, ਡਾਇਣ, ਬਲਾ, ਛਲੇਡਾ, ਔਪਰੀ ਹਵਾ ਆਦਿ ਦੇ ਨਾਮ ਤੇ ਬਹੁਤ ਸਾਰੇ ਅੰਧਵਿਸ਼ਵਾਸਾਂ ਰਾਹੀਂ ਡਰਾਵੇ ਪੈਦਾ ਕੀਤੇ ਹੋਏ ਹਨ। ਐਸੇ ਡਰਾਵਿਆਂ ਨਾਲ ਮਾਨਸਿਕ ਰੋਗੀ ਬਣੇ ਲੋਕਾਂ ਦੇ ਇਲਾਜ ਦੇ ਨਾਮ ਤੇ ਅਖੌਤੀ ਤਾਂਤਰਿਕਾਂ ਅਤੇ ਬਾਬਿਆਂ ਵਲੋਂ ਉਨ੍ਹਾਂ ਦੀ ਸਰਬਪੱਖੀ ਲੁੱਟ ਕੀਤੀ ਜਾਂਦੀ ਹੈ। ਪਰ ਸੱਚ ਨੂੰ ਦ੍ਰਿੜਤਾ ਨਾਲ ਅਪਣਾ ਲੈਣ ਨਾਲ ਮਨ ਵਿਚੋਂ ਐਸੇ ਵਹਿਮ ਦੂਰ ਹੋ ਜਾਂਦੇ ਹਨ। ਗੁਰਬਾਣੀ ਦੀ ਰੋਸ਼ਨੀ ਵਿਚ ਤੁਰਨ ਵਾਲਾ ਮਨੁੱਖ ਇਨ੍ਹਾਂ ਭਰਮਾਂ ਤੋਂ ਆਜ਼ਾਦ ਹੁੰਦਾ ਹੈ।

 ਮੱਦ :  6.         ਪੀਰ, ਬ੍ਰਾਹਮਣ, ਪੁਜਾਰੀ, ਮਹਾਂ-ਪੁਰਖ, ਸਾਧ-ਸੰਤ-ਬਾਬਾ-ਗੁਰੂ ਆਦਿ ਦੇ ਨਂਾ ਤੇ ਦੇਹਧਾਰੀਆਂ ਦੀ ਪੂਜਾ ਗੁਰਮਤਿ ਵਿਚ ਪ੍ਰਵਾਨ ਨਹੀਂ।

1.         ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥

           ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥2॥    (ਮਹਲਾ 1, ਪੰਨਾ 75)

2.      ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥7॥ (ਮਹਲਾ 1, ਪੰਨਾ 224)

3.      ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥ ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥ (ਮਹਲਾ 5, ਪੰਨਾ 262)

4.      ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥1॥ ਰਹਾਉ ॥ (ਮਹਲਾ 1, ਪੰਨਾ 489)

5.      ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ 3

ੴ ਸਤਿਗੁਰ ਪ੍ਰਸਾਦਿ ॥

ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥1॥

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ ਅਵਰੁ ਨ ਫੂਲੁ ਅਨੂਪੁ ਨ ਪਾਵਉ ॥1॥ ਰਹਾਉ ॥

ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥2॥

ਧੂਪ ਦੀਪ ਨਈਬੇਦਹਿ ਬਾਸਾ ॥ ਕੈਸੇ ਪੂਜ ਕਰਹਿ ਤੇਰੀ ਦਾਸਾ ॥3॥

ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰ ਪਰਸਾਦਿ ਨਿਰੰਜਨੁ ਪਾਵਉ ॥4॥

ਪੂਜਾ ਅਰਚਾ ਆਹਿ ਨ ਤੋਰੀ ॥ ਕਹਿ ਰਵਿਦਾਸ ਕਵਨ ਗਤਿ ਮੋਰੀ ॥5॥1॥

(ਭਗਤ ਰਵਿਦਾਸ ਜੀ, ਪੰਨਾ 525)

6.      ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥

         ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥1॥  (ਮਹਲਾ 4, ਪੰਨਾ 720)

7.      ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ ॥

          ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥2॥   (ਮਹਲਾ 4, ਪੰਨਾ 732)

8.      ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥ ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥7॥ (ਮਹਲਾ 3, ਪੰਨਾ 841)

9.      ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥ ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥ (ਮਹਲਾ 5, ਪੰਨਾ  864)

10.    ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ॥5॥ (ਮਹਲਾ 3, ਪੰਨਾ 910)

11.    ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ ॥7॥ ( ਮਹਲਾ 3, ਪੰਨਾ 910)

12.    ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥ (ਮਹਲਾ 5, ਪੰਨਾ 1136)

13.    ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥22॥ (ਮਹਲਾ 1, ਪੰਨਾ 1412)

14.    ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥2॥ (ਭਗਤ ਕਬੀਰ ਜੀ, ਪੰਨਾ 324)

15.    ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ (ਮਹਲਾ 1, ਪੰਨਾ 471)

16.    ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥

          ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥    (ਮਹਲਾ 1, ਪੰਨਾ 662) 

17.    ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥ ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥

          ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥3॥ (ਮਹਲਾ 5, ਪੰਨਾ 45)

18.    ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥

         ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥237॥    (ਭਗਤ ਕਬੀਰ ਜੀ, ਪੰਨਾ 1377) 

19.    ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍‍ਾ ਜਪਮਾਲੀਆ ਲੋਟੇ ਹਥਿ ਨਿਬਗ ॥

          ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥ (ਭਗਤ ਕਬੀਰ ਜੀ, ਪੰਨਾ 476)

20.    ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥ ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥

          ਕਰਿ ਕਿਰਪਾ ਪਾਰਿ ਉਤਾਰਿਆ ॥13॥  (ਮਹਲਾ 1, ਪੰਨਾ 470)

21.    ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥

         ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥3॥   (ਮਹਲਾ 3, ਪੰਨਾ 491)

22.    ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥ ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥1॥  (ਮਹਲਾ 5, ਪੰਨਾ 400)

ਵਿਆਖਿਆ : ਸਮਾਜ ਵਿਚ ਸੱਚ ਦੇ ਗਿਆਨ (ਗੁਰੂ ਬਿਬੇਕ) ਨੂੰ ਅਪਨਾਉਣ ਵਾਲੀ ਰੁਚੀ ਦੀ ਘਾਟ ਕਾਰਨ ਧਰਮ ਦੇ ਨਾਮ ਤੇ ਦੇਹਧਾਰੀਆਂ ਦੀ ਪੂਜਾ ਦਾ ਪ੍ਰਚਲਣ ਰਿਹਾ ਹੈ। ਗੁਰਬਾਣੀ ਕਿਸੇ ਦੇਹਧਾਰੀ ਦੀ ਪੂਜਾ ਨੂੰ ਮਨਮੱਤ ਦਸਦੀ ਹੋਈ, ਇਕ ਅਕਾਲ ਦੇ ਲੜ ਲੱਗਣ ਦਾ ਸੁਨੇਹਾ ਦਿੰਦੀ ਹੈ। 

ਮੱਦ : 7.   ਸੁੱਖਣਾ, ਪੁੱਛਣਾ, ਮੰਨਤ, ਸ਼ੀਰਣੀ, ਸ਼ਗਨ-ਅਪਸ਼ਗਨ, ਘੜੀ-ਮਹੂਰਤ, ਗ੍ਰਹਿ, ਲਗਨ, ਪੱਤਰੀ, ਰਾਸ਼ੀਫਲ, ਜੋਤਿਸ਼, ਥਿੱਤ-ਵਾਰ ਆਦਿ ਅੰਧਵਿਸ਼ਵਾਸ ਗੁਰਮਤਿ ਵਿਰੁਧ ਹਨ, ਜੋ ਨਹੀਂ ਕਰਨੇ।

1.      ਜਬ ਆਪਨ ਆਪੁ ਆਪਿ ਉਰਿ ਧਾਰੈ ॥ ਤਉ ਸਗਨ ਅਪਸਗਨ ਕਹਾ ਬੀਚਾਰੈ ॥ (ਮਹਲਾ 5, ਪੰਨਾ 291)

2.      ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ॥  ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ॥

          ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥3॥  (ਮਹਲਾ 5, ਪੰਨਾ 44)

3.      ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥ ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥

          ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥1॥  (ਮਹਲਾ 5, ਪੰਨਾ 99)

4.      ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥14॥1॥  (ਮਹਲਾ 5, ਪੰਨਾ 136)

5.      ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ ॥  (ਮਹਲਾ 4, ਪੰਨਾ 540)

6.      ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ ॥ ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ ॥  (ਮਹਲਾ 5, ਪੰਨਾ 958)

7.      ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥ ਇਕਨ੍‍ੀ ਲਦਿਆ ਇਕਿ ਲਦਿ ਚਲੇ ਇਕਨ੍‍ੀ ਬਧੇ ਭਾਰ ॥

          ਇਕਨਾ ਹੋਈ ਸਾਖਤੀ ਇਕਨਾ ਹੋਈ ਸਾਰ ॥ ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥

          ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥1॥  (ਮਹਲਾ 1, ਪੰਨਾ 1244)

8.      ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ (ਮਹਲਾ 3, ਪੰਨਾ 843)

9.      ਥਿਤੀ ਵਾਰ ਸਭਿ ਆਵਹਿ ਜਾਹਿ ॥ ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ ॥  (ਮਹਲਾ 3, ਪੰਨਾ 843)

ਵਿਆਖਿਆ : ਲੋਟੂ ਅਤੇ ਠੱਗ ਰੂਚੀ ਵਾਲੀ ਪੁਜਾਰੀ ਸ਼੍ਰੇਣੀ ਨੇ ਧਰਮ ਦੇ ਨਾਮ ਤੇ ਲੋਕਾਈ ਵਿਚ ਵਰ-ਸਰਾਪ, ਖਾਸ ਦਿਨਾਂ ਦੇ ਚੰਗੇ ਮਾੜੇ ਹੋਣ, ਸ਼ਗਨ-ਅਪਸ਼ਗਨ, ਰਾਸ਼ੀਫਲ, ਜੋਤਿਸ਼ ਆਦਿ ਦੇ ਵਹਿਮ ਫੈਲਾ ਕੇ ਡਰ ਅਤੇ ਲਾਲਚ ਪੈਦਾ ਕਰਦੇ ਹੋਏ, ਉਨ੍ਹਾਂ ਦੀ ਲੁਟ ਲਈ ਕਰਮਕਾਂਡਾਂ ਦਾ ਜਾਲ ਵਿਛਾਇਆ ਹੋਇਆ ਹੈ। ਗੁਰਬਾਣੀ ਵਿਚ ਇਨ੍ਹਾਂ ਵਹਿਮਾਂ ਭਰਮਾਂ, ਅੰਧਵਿਸ਼ਵਾਸਾਂ ਅਤੇ ਕਰਮਕਾਂਡਾਂ ਦਾ ਭਰਪੂਰ ਖੰਡਨ ਮਿਲਦਾ ਹੈ।

ਮੱਦ : 8.   ਸੰਗਰਾਂਦ, ਮਸਿਆ, ਪੂਰਨਮਾਸ਼ੀ, ਇਕਾਦਸ਼ੀ, ਦੁਆਦਸ਼ੀ, ਪੰਚਮੀ, ਅਸ਼ਟਮੀ, ਨੌਮੀ, ਦਸਵੀਂ ਆਦਿ ਨਾਲ ਜੋੜੇ ਜਾਂਦੇ ਦਿਹਾੜਿਆਂ ਦੇ ਪਵਿਤ੍ਰ ਹੋਣ ਦੇ ਵਹਿਮ ਨੂੰ ਨਹੀਂ ਮੰਨਣਾ। ਦੂਜੇ ਮਤਾਂ ਦੇ ਤਿਉਹਾਰਾਂ ਆਦਿ ਵਿਚ ਸ਼ਾਮਿਲ ਹੋਇਆ ਜਾ ਸਕਦਾ ਹੈ, ਪਰ ਉਸ ਵਿਚਲੇ ਕਿਸੇ ਗੁਰਮਤਿ ਵਿਰੋਧੀ ਕਰਮ (ਕਾਂਡ) ਵਿਚ ਹਿੱਸਾ ਨਹੀਂ ਲੈਣਾ। 

1.      ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥14॥1॥  (ਮਹਲਾ 5, ਪੰਨਾ 136)

2.      ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ ॥ (ਮਹਲਾ 4, ਪੰਨਾ 540)

3.      ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ ॥ ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ ॥ (ਮਹਲਾ 5, ਪੰਨਾ 958)

4.      ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ (ਮਹਲਾ 3, ਪੰਨਾ 843)

5.      ਥਿਤੀ ਵਾਰ ਸਭਿ ਆਵਹਿ ਜਾਹਿ ॥ ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ ॥ (ਮਹਲਾ 3, ਪੰਨਾ 843)

ਵਿਆਖਿਆ : ਪੁਜਾਰੀ ਸ਼੍ਰੇਣੀ ਵਲੋਂ ਕੁਝ ਦਿਹਾੜਿਆਂ ਦੇ ਪਵਿੱਤਰ ਹੋਣ ਦਾ ਵਹਿਮ ਫੈਲਾ ਕੇ ਉਨ੍ਹਾਂ ਨੂੰ ਮਨਾਉਣ ਦੇ ਵੱਖਰੇ-ਵੱਖਰੇ ਢੰਗਾਂ ਰਾਹੀਂ ਆਪਣੇ ਹਲਵੇ ਮਾਂਡੇ ਦਾ ਪ੍ਰਬੰਧ ਕੀਤਾ ਹੋਇਆ ਹੈ। ਸਿੱਖ ਸਮਾਜ ਵਿਚ ਵੀ ਸੰਗਰਾਂਦ, ਮੱਸਿਆ, ਪੂਰਨਮਾਸ਼ੀ ਆਦਿ ਦਿਨਾਂ ਨੂੰ ਖਾਸ ਪਵਿੱਤਰ ਮੰਨਣ ਦਾ ਵਹਿਮ ਵੱਖ-ਵੱਖ ਤਰੀਕੇ ਪ੍ਰਚਲਿਤ ਹੈ। ਸੰਗਰਾਂਦ ਦੇ ਦਿਨ ‘ਬਾਰਹਮਾਹਾ ਦੀ ਬਾਣੀ’ ਨੂੰ ਗਲਤ ਤਰੀਕੇ ਸਮਝ ਕੇ ਮਹੀਨਾ ਪੜ੍ਹਣ/ਸੁਨਣ ਦਾ ਵਹਿਮ ਵੀ ਪ੍ਰਚਲਿਤ ਹੈ। ‘ਬਾਰਹਮਾਹਾ’ ਇਕ ਕਾਵਿ-ਰੂਪ ਹੈ, ਨਾ ਕਿ ਮਹੀਨਿਆਂ ਦੀ ਸਿਫਤ ਕਰਨ ਲਈ ਲਿਖੀ ਕੋਈ ਰਚਨਾ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ ਦੋ ਬਾਰਹਮਾਹਾ (ਮਾਝ ਅਤੇ ਤੁਖਾਰੀ ਰਾਗ ਵਿਚ) ਮਿਲਦੇ ਹਨ। ਪਰ ਵਹਿਮ ਥਿਤਾਂ-ਵਾਰਾਂ ਦਾ ਵਹਿਮ ਪਾਲਣ ਲਈ ‘ਮਾਝ ਰਾਗ’ ਵਿਚਲੇ ਬਾਰਹਮਾਹਾ ਦੀ ਵਰਤੋਂ ਕੀਤੀ ਜਾਂਦੀ ਹੈ। ਜਦਕਿ ਦੋ ਬਾਰਹਮਾਹਾ ਹੋਣ ਦਾ ਤੱਥ ਹੀ ਵਹਿਮ ਨੂੰ ਨਕਾਰਨ ਲਈ ਕਾਫੀ ਹੈ ਅਤੇ ਸਪਸ਼ਟ ਕਰਦਾ ਹੈ ਕਿ ਇਹ ਸਿਰਫ ‘ਕਾਵਿ-ਰੂਪ’ (ਸਪਤਾਹਰੇ, ਘੋੜੀਆਂ ਆਦਿ ਵਾਂਗੂ) ਵਜੋਂ ਗੁਰਬਾਣੀ ਵਿਚ ਵਰਤੇ ਗਏ ਹਨ।

ਇਕ ਸਿੱਖ ਲਈ ਸਮਾਜ ਵਿਚਲੀ ਭਾਈਚਾਰਕ ਸਾਂਝ ਕਾਇਮ ਰੱਖਣੀ ਜ਼ਰੂਰੀ ਹੈ। ਸੋ ਅਨਮਤੀਂ ਸੱਜਣਾਂ ਦੇ ਖੁਸ਼ੀ/ਗਮੀ ਦੇ ਸਮਾਗਮਾਂ ਵਿਚ ਸ਼ਾਮਿਲ ਹੋਇਆ ਜਾ ਸਕਦਾ ਹੈ, ਪਰ ਉਸ ਸਮਾਗਮ ਵਿਚਲੀ ਕਿਸੇ ਗੁਰਮਤਿ ਵਿਰੋਧੀ ਰਸਮ/ਕਰਮਕਾਂਡ ਵਿਚ ਹਿੱਸਾ ਨਹੀਂ ਲੈਣਾ। ਇਕ ਮਿਸਾਲ ਲਈ ਕਿਸੇ ਹਿੰਦੂ ਸੱਜਣ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋ ਸਕਦੇ ਹਾਂ, ਪਰ ੳੇੁੱਥੇ ਪਹੁੰਚ ਕੇ ਮੱਥੇ ਤੇ ਟਿੱਕੇ ਲਗਵਾਉਣਾ, ਮੌਲੀ/ਗਾਣਾ ਬੰਨਵਾਉਣਾ, ਹਵਨ ਆਦਿ ਵਿਚ ਹਿੱਸਾ ਲੈਣਾ ਗਲਤ ਹੈ। ਐਸੇ ਸਮੇਂ ਵਿਚ ਉਨ੍ਹਾਂ ਸੱਜਣਾਂ ਨੂੰ ਗੁਰਮਤਿ ਅਸੂਲਾਂ ਬਾਰੇ ਨਿਮਰਤਾ, ਸਹਿਜ ਅਤੇ ਦ੍ਰਿੜਤਾ ਨਾਲ ਦੱਸਿਆ ਜਾ ਸਕਦਾ ਹੈ। ਭਾਈਚਾਰਕ ਸਾਂਝ ਦੇ ਨਾਮ ਤੇ ਗੁਰਮਤਿ ਸਿਧਾਂਤਾਂ ਨਾਲ ਸਮਝੌਤਾ ਪ੍ਰਵਾਨ ਨਹੀਂ।

 

ਮੱਦ : 9.   ਹੋਮ (ਹਵਨ), ਬਲੀ, ਜੱਗ, ਧੂੁਪ, ਦੀਪ-ਜੋਤਿ ਆਦਿਕ ਕਰਮਕਾਂਡਾਂ ਵਿਚ ਵਿਸ਼ਵਾਸ ਨਹੀਂ ਰੱਖਣਾ।

 

1.      ਹੋਮ ਜਪਾ ਨਹੀ ਜਾਣਿਆ ਗੁਰਮਤੀ ਸਾਚੁ ਪਛਾਣੁ ॥ ਨਾਮ ਬਿਨਾ ਨਾਹੀ ਦਰਿ ਢੋਈ ਝੂਠਾ ਆਵਣ ਜਾਣੁ ॥3॥ (ਮਹਲਾ 1, ਪੰਨਾ 992)

 

2.       ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ ॥  

        ਰਾਮ ਨਾਮ ਬਿਨੁ ਮੁਕਤਿ ਨ ਪਾਵਸਿ ਮੁਕਤਿ ਨਾਮਿ ਗੁਰਮੁਖਿ ਲਹੈ ॥1॥   (ਮਹਲਾ 1, ਪੰਨਾ 1127)

 

3.      ਹੋਮ ਜਗ ਜਪ ਤਪ ਸਭਿ ਸੰਜਮ ਤਟਿ ਤੀਰਥਿ ਨਹੀ ਪਾਇਆ ॥

         ਮਿਟਿਆ ਆਪੁ ਪਏ ਸਰਣਾਈ ਗੁਰਮੁਖਿ ਨਾਨਕ ਜਗਤੁ ਤਰਾਇਆ॥4॥1॥14॥(ਮਹਲਾ 5, ਪੰਨਾ 1139)

 

4.      ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ (ਮਹਲਾ 1, ਪੰਨਾ 1289)

 

5.      ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥1॥  (ਮਹਲਾ 5, ਪੰਨਾ 1306)

 

6.      ਹੋਮ ਜਗ ਉਰਧ ਤਪ ਪੂਜਾ ॥ ਕੋਟਿ ਤੀਰਥ ਇਸਨਾਨੁ ਕਰੀਜਾ ॥

          ਚਰਨ ਕਮਲ ਨਿਮਖ ਰਿਦੈ ਧਾਰੇ ॥ ਗੋਬਿੰਦ ਜਪਤ ਸਭਿ ਕਾਰਜ ਸਾਰੇ ॥6॥ (ਮਹਲਾ 5, ਪੰਨਾ 1349)

 

7.      ਹੋਮ ਜਗ ਸਭਿ ਤੀਰਥਾ ਪੜ੍‍ ਿਪੰਡਿਤ ਥਕੇ ਪੁਰਾਣ ॥  

          ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ ॥

          ਸਤਿਗੁਰ ਮਿਲਿਐ ਮਲੁ ਉਤਰੀ ਹਰਿ ਜਪਿਆ ਪੁਰਖੁ ਸੁਜਾਣੁ ॥  

          ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥37॥   (ਮਹਲਾ 3, ਪੰਨਾ 1417)

 

8.      ਧੂਪ ਦੀਪ ਨਈਬੇਦਹਿ ਬਾਸਾ ॥ ਕੈਸੇ ਪੂਜ ਕਰਹਿ ਤੇਰੀ ਦਾਸਾ ॥3॥  (ਭਗਤ ਰਵਿਦਾਸ ਜੀ, ਪੰਨਾ 525)

9.      ਧੂਪ ਦੀਪ ਘ੍ਰਿਤ ਸਾਜਿ ਆਰਤੀ ॥ ਵਾਰਨੇ ਜਾਉ ਕਮਲਾ ਪਤੀ ॥1॥ (ਭਗਤ ਸੈਣ ਜੀ, ਪੰਨਾ 695)

10.    ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥

         ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥1॥   (ਭਗਤ ਪੀਪਾ ਜੀ, ਪੰਨਾ 695)

11.    ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੂਪੁ ॥ ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ ॥

          ਜੋ ਤਿਸੁ ਭਾਵੈ ਸੋ ਥੀਐ ਤੂ ਦੀਪਕੁ ਤੂ ਧੂਪੁ ॥7॥  (ਮਹਲਾ 1, ਪੰਨਾ 1010)

12.   ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ 3

ੴ ਸਤਿਗੁਰ ਪ੍ਰਸਾਦਿ ॥

ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥1॥

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ ਅਵਰੁ ਨ ਫੂਲੁ ਅਨੂਪੁ ਨ ਪਾਵਉ ॥1॥ ਰਹਾਉ ॥

ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥2॥

ਧੂਪ ਦੀਪ ਨਈਬੇਦਹਿ ਬਾਸਾ ॥ ਕੈਸੇ ਪੂਜ ਕਰਹਿ ਤੇਰੀ ਦਾਸਾ ॥3॥

ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰ ਪਰਸਾਦਿ ਨਿਰੰਜਨੁ ਪਾਵਉ ॥4॥

ਪੂਜਾ ਅਰਚਾ ਆਹਿ ਨ ਤੋਰੀ॥ ਕਹਿ ਰਵਿਦਾਸ ਕਵਨ ਗਤਿ ਮੋਰੀ॥5॥1॥(ਭਗਤ ਰਵਿਦਾਸ ਜੀ, ਪੰਨਾ 525)

ਵਿਆਖਿਆ : ਧਰਮ ਦੇ ਨਾਮ ਤੇ ਕੀਤੇ ਜਾਂਦੇ ਹਵਨ (ਹੋਮ), ਬਲੀ, ਯੱਗ, ਧੂਫ, ਜੋਤ ਜਲਾਉਣਾ ਆਦਿਕ ਕਰਮਕਾਂਡਾਂ ਨੂੰ ਗੁਰਮਤਿ ਪ੍ਰਵਾਨਗੀ ਨਹੀਂ ਦਿੰਦੀ। ਸਮੇਂ ਨਾਲ ਆਈਆਂ ਕੁਰੀਤੀਆਂ ਕਾਰਨ ਇਨ੍ਹਾਂ ਵਿਚੋਂ ਕੁਝ ਕਰਮਕਾਂਡ ਸਿੱਖ ਸਮਾਜ ਵਿਚ ਵੀ ਪ੍ਰਚਲਿਤ ਹੋ ਗਏ। ਇਕ ਸਿੱਖ ਲਈ ਇਨ੍ਹਾਂ ਕਰਮਕਾਂਡਾਂ ਦਾ ਤਿਆਗ ਜ਼ਰੂਰੀ ਹੈ।

ਮੱਦ : 10. ਗੋਰ, ਮੜੀ, ਮਸਾਨ, ,ਮੱਠ, ਸਮਾਧ, ਗੁੱਗਾ ਮਨਾਉਣਾ, ਵਰਮੀ ਪੂਜਾ, ਪੀਰ ਸਖੀ ਸਰਵਰ, ਵਿਸ਼ਵਕਰਮਾ ਆਦਿਕ ਅੰਧ ਵਿਸ਼ਵਾਸ ਹਨ, ਜੋ ਨਹੀਂ ਮੰਨਣੇ।

1.      ਚਿਲਿਮਿਲਿ ਬਿਸੀਆਰ ਦੁਨੀਆ ਫਾਨੀ॥ ਕਾਲੂਬਿ ਅਕਲ ਮਨ ਗੋਰ ਨ ਮਾਨੀ॥  (ਮਹਲਾ 1, ਪੰਨਾ 1291)

 

2.      ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥  ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥127॥ (ਭਗਤ ਕਬੀਰ ਜੀ, ਪੰਨਾ 1371)

3.      ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥  (ਮਹਲਾ 1, ਪੰਨਾ 467)

4.      ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥

         ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥2॥  (ਮਹਲਾ 1, ਪੰਨਾ 730)

5.      ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ॥ ਮੜੀ ਮਸਾਣੀ ਮੂੜੇ ਜੋਗੁ ਨਾਹਿ॥9॥ (ਮਹਲਾ 1, ਪੰਨਾ 1190)

ਵਿਆਖਿਆ : ਗੋਰ, ਮੜੀਆਂ, ਸਮਾਧਾਂ, ਜਠੇਰਿਆਂ ਆਦਿ ਦੀ ਪੂਜਾ/ਮਾਨਤਾ ਵੀ ਸੱਚ (ਗੁਰਮਤਿ) ਦੇ ਰਾਹ ਤੋਂ ਭਟਕਾਵ ਦੀ ਨਿਸ਼ਾਨੀ ਹੈ। ਸਿੱਖ ਸਮਾਜ ਵਿਚ ਵੀ ਐਸੀ ਗਲਤ ਪੂਜਾ/ਮਾਨਤਾ ਪ੍ਰਚਲਿਤ ਹੋ ਚੁੱਕੀ ਹੈ। ਹੋਰ ਤਾਂ ਹੋਰ ਕਈਂ ‘ਪ੍ਰਚਲਿਤ ਗੁਰਦੁਆਰਿਆਂ’ ਵਿਚ ਸਮਾਧਾਂ ਵੀ ਮਿਲ ਜਾਂਦੀਆਂ ਹਨ। ਜਠੇਰਿਆਂ ਦੀ ਪੂਜਾ ਦੀ ਮਨਮੱਤ ਵੀ ਆਮ ਪਾਈ ਜਾਂਦੀ ਹੈ। ਗੁਰਮਤਿ ਦੇ ਪਾਂਧੀ ਨੂੰ ਇਨ੍ਹਾਂ ਗਲਤ ਮਾਨਤਾਵਾਂ ਦਾ ਤਿਆਗ ਕਰਨਾ ਚਾਹੀਦਾ ਹੈ।

ਮੱਦ :  11.        ਵੇਦ-ਸ਼ਾਸ਼ਤਰ-ਸਿੰਮ੍ਰਿਤੀਆਂ-ਪੁਰਾਣ-ਰਮਾਇਣ-ਮਹਾਂਭਾਰਤ-ਗੀਤਾ ਕੁਰਾਨ, ਅੰਜੀਲ, ਤੌਰੇਤ, ਜੰਬੂਰ, ਧਮਪਦ ਆਦਿ ਕਿਸੇ ਅਨਮਤੀਂ ‘ਧਰਮ-ਪੁਸਤਕਾਂ’ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੀ ਕਿਸੇ ਵੀ ਹੋਰ ਤਥਾਕਥਿਤ ਧਰਮ-ਗ੍ਰੰਥ ਵਿੱਚ ਨਿਸ਼ਚਾ ਨਹੀਂ ਕਰਨਾ ਪਰ ਨਿੱਜੀ ਜਾਣਕਾਰੀ ਲਈ ਇਨ੍ਹਾਂ ਪੁਸਤਕਾਂ, ਗ੍ਰੰਥਾਂ ਆਦਿ ਨੂੰ ਪੜਿਆ ਜਾ ਸਕਦਾ ਹੈ।

1.      ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥ ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥

          ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥7॥  (ਮਹਲਾ 1, ਪੰਨਾ 56)

2.        ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥

    ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥  (ਮਹਲਾ 3, ਪੰਨਾ 85)

3.        ਬ੍ਰਹਮੈ ਗਰਬੁ ਕੀਆ ਨਹੀ ਜਾਨਿਆ ॥ ਬੇਦ ਕੀ ਬਿਪਤਿ ਪੜੀ ਪਛੁਤਾਨਿਆ ॥

          ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ ॥1॥   (ਮਹਲਾ 1, ਪੰਨਾ 224)

4.      ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ ॥ ਬੇਦ ਪੁਰਾਣ ਪੜੈ ਸੁਣਿ ਥਾਟਾ ॥ ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥7॥ (ਮਹਲਾ 1, ਪੰਨਾ 226)

5.      ਦਿਨਸੁ ਰੈਣਿ ਬਰਤ ਅਰੁ ਭੇਦਾ ॥ ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥3॥ (ਮਹਲਾ 5, ਪੰਨਾ 237)

6.      ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥1॥  (ਭਗਤ ਕਬੀਰ ਜੀ, ਪੰਨਾ 329)

7.      ਕਹਤ ਕਬੀਰ ਭਲੇ ਅਸਵਾਰਾ॥ ਬੇਦ ਕਤੇਬ ਤੇ ਰਹਹਿ ਨਿਰਾਰਾ॥3॥31॥(ਭਗਤ ਕਬੀਰ ਜੀ, ਪੰਨਾ 329)

8.      ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦ ॥ ਅਠਸਠਿ ਮਜਨੁ ਹਰਿ ਰਸੁ ਰੇਦ ॥

          ਗੁਰਮੁਖਿ ਨਿਰਮਲੁ ਮੈਲੁ ਨ ਲਾਗੈ॥ ਨਾਨਕ ਹਿਰਦੈ ਨਾਮੁ ਵਡੇ ਧੁਰਿ ਭਾਗੈ॥4॥15॥ (ਮਹਲਾ 1, ਪੰਨਾ 353)

9.      ਅਸਟ ਦਸੀ ਚਹੁ ਭੇਦੁ ਨ ਪਾਇਆ॥ ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ॥5॥20॥  (ਮਹਲਾ 1, ਪੰਨਾ 355)

10.    ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ ਕਹੂ ਨ ਊਬਰਨਾ ॥  

          ਕਹੁ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ ॥4॥5॥    (ਭਗਤ ਕਬੀਰ ਜੀ, ਪੰਨਾ 477)

11.    ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥

          ਤੁਮ੍‍ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥1॥            (ਭਗਤ ਕਬੀਰ ਜੀ, ਪੰਨਾ 482)

12.    ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥

          ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥1॥   (ਮਹਲਾ 5, ਪੰਨਾ 641)

13.    ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥

          ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥3॥    (ਭਗਤ ਕਬੀਰ ਜੀ, ਪੰਨਾ 654)

14.    ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥

          ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ॥3॥ (ਮਹਲਾ 5, ਪੰਨਾ 687)

15.    ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ॥ ਕਮਲਾਪਤਿ ਕਵਲਾ ਨਹੀ ਜਾਨਾਂ॥3॥ (ਭਗਤ ਕਬੀਰ ਜੀ, ਪੰਨਾ 691)

16.    ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥

          ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥1॥   (ਭਗਤ ਕਬੀਰ ਜੀ, ਪੰਨਾ 727)

17.    ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍‍ ਪੜਿਆ ਮੁਕਤਿ ਨ ਹੋਈ ॥

          ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥3॥    (ਮਹਲਾ 5, ਪੰਨਾ 747)

18.    ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥3॥5॥  (ਭਗਤ ਕਬੀਰ ਜੀ, ਪੰਨਾ 970)

19.    ਬੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ ॥ ਅਠਸਠਿ ਤੀਰਥ ਬਹੁ ਘਣਾ ਭ੍ਰਮਿ ਥਾਕੇ ਭੇਖਾ ॥

           ਸਾਚੋ ਸਾਹਿਬੁ ਨਿਰਮਲੋ ਮਨਿ ਮਾਨੈ ਏਕਾ ॥1॥  (ਮਹਲਾ 1, ਪੰਨਾ 1008)

20.    ਬੇਦ ਕਤੇਬੀ ਭੇਦੁ ਨ ਜਾਤਾ ॥ ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ ॥

          ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥6॥   (ਮਹਲਾ 1, ਪੰਨਾ 1021)

21.    ਬੇਦ ਪੜਹਿ ਹਰਿ ਨਾਮੁ ਨ ਬੂਝਹਿ ॥ ਮਾਇਆ ਕਾਰਣਿ ਪੜਿ ਪੜਿ ਲੂਝਹਿ ॥

         ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ ॥14॥  (ਮਹਲਾ 3, ਪੰਨਾ 1050)

22.    ਗੁਰ ਕੀ ਮਹਿਮਾ ਬੇਦ ਨ ਜਾਣਹਿ ॥ ਤੁਛ ਮਾਤ ਸੁਣਿ ਸੁਣਿ ਵਖਾਣਹਿ ॥

          ਪਾਰਬ੍ਰਹਮ ਅਪਰੰਪਰ ਸਤਿਗੁਰ ਜਿਸੁ ਸਿਮਰਤ ਮਨੁ ਸੀਤਲਾਇਣਾ ॥10॥  (ਮਹਲਾ 5, ਪੰਨਾ 1078)

23.    ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥

          ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥1॥     (ਭਗਤ ਕਬੀਰ ਜੀ, ਪੰਨਾ 1102)

24.    ਕਥਾ ਕਹਾਣੀ ਬੇਦਂੀ ਆਣੀ ਪਾਪੁ ਪੁੰਨੁ ਬੀਚਾਰੁ ॥ ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥ (ਮਹਲਾ 2, ਪੰਨਾ 1273)

25.    ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥ ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥

          ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥ ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥  (ਮਹਲਾ 1, ਪੰਨਾ 1243)

26.    ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥

         ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥104॥   (ਭਗਤ ਕਬੀਰ ਜੀ, ਪੰਨਾ 1370)

27.    ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥

          ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥237॥     (ਭਗਤ ਕਬੀਰ ਜੀ, ਪੰਨਾ 1377)

28.    ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥1॥  (ਭਗਤ ਕਬੀਰ ਜੀ, ਪੰਨਾ 329)

ਵਿਆਖਿਆ -  ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਸਿਵਾ ਹੋਰ ਕਿਸੇ ਵੀ ‘ਧਰਮ ਪੁਸਤਕ’ ਦੀ ਵੀਚਾਰਧਾਰਾ ਪੂਰੀ ਤਰਾਂ ਸੱਚ ਆਧਾਰਿਤ ਨਹੀਂ ਹੈ, ਜੋ ਸਮੁੱਚੀ ਮਨੁੱਖਤਾ ਨੂੰ ਬਿਨਾ ਕਿਸੇ ਵਿਤਕਰੇ, ਵਹਿਮ ਭਰਮ ਜਾਂ ਅੰਧ-ਵਿਸ਼ਵਾਸ ਦੇ ਆਪਣੇ ਕਲਾਵੇ ਵਿਚ ਲੈਣ ਦੀ ਗੱਲ ਕਰਦੀ ਹੋਵੇ। ਇਹ ਤੱਥ ਸਿਰਫ ਸ਼ਰਧਾ ਕਾਰਨ ਨਹੀਂ ਕਿਹਾ ਜਾ ਰਿਹਾ ਬਲਕਿ ਬਹੁ-ਧਰਮੀ ਅਧਿਐਨ ਕਰਨ ਵਾਲੇ ਬਹੁੱਤੇ ਨਿਰਪੱਖ ਵਿਦਵਾਨਾਂ ਦਾ ਇਹੀ ਨਿਸ਼ਚਾ ਹੈ। ਬ੍ਰਾਹਮਣੀ ਗ੍ਰੰਥਾਂ ਦੀ ਦੁਬਿਧਾਮਈ ਵਿਚਾਰਧਾਰਾ ਦਾ ਜਿਕਰ ਤਾਂ ਗੁਰਬਾਣੀ ਵਿਚ ਕਈਂ ਥਾਂ ਆਇਆ ਹੈ। ਕੁਝ ਮਿਸਾਲਾਂ ਉਪਰ ਦਿਤੀਆਂ ਗਈਆਂ ਹਨ।  ਸੋ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਤੋਂ ਬਿਨਾ ਕਿਸੇ ਹੋਰ ‘ਧਰਮ-ਪੁਸਤਕ’ ਤੇ ਵਿਸ਼ਵਾਸ ਨਹੀਂ ਕਰਨਾ। ਹਾਂ, ਆਮ ਜਾਨਕਾਰੀ ਲਈ ਕਿਸੇ ਵੀ ਪੁਸਤਕ ਨੂੰ ਪੜਿਆ ਜਾ ਸਕਦਾ ਹੈ।

ਮੱਦ :  12.        ਤਿਲਕ, ਜੰਝੂ, ਤੁਲਸੀ, ਮਾਲਾ, ਸ਼ਿਖਾ-ਸੂਤ, ਮੌਲੀ, ਤਰਪ, ਮੁੱਕਟ ਅਤੇ ਹੋਰ ਅਨਮਤੀਂ ਚਿੰਨ੍ਹ ਨਹੀਂ ਮੰਨਣੇ/ਧਾਰਨ ਕਰਨੇ।

1.      ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥ ਪੂਜਾ ਤਿਲਕੁ ਤੀਰਥ ਇਸਨਾਨਾ ॥

          ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ ॥2॥  (ਮਹਲਾ 5, ਪੰਨਾ 98)

 

2.      ਮਃ 1 ॥

          ਪੜਿ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥ ਮੁਖਿ ਝੂਠ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥

          ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥

          ਕਹੁ ਨਾਨਕ ਨਿਹਚਉ ਧਿਆਵੈ ॥ ਵਿਣੁ ਸਤਿਗੁਰ ਵਾਟ ਨ ਪਾਵੈ ॥2॥ (ਪੰਨਾ 470)

3.      ਧੋਤੀ ਊਜਲ ਤਿਲਕੁ ਗਲਿ ਮਾਲਾ ॥ ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥

         ਨਾਮੁ ਵਿਸਾਰਿ ਮਾਇਆ ਮਦੁ ਪੀਆ॥ ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ॥4॥ (ਮਹਲਾ 1, ਪੰਨਾ 832)

4.      ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥

          ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥6॥   (ਮਹਲਾ 1, ਪੰਨਾ 903)

5.      ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ॥ ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ॥  (ਮਹਲਾ 5, ਪੰਨਾ 1099)

6.      ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥1॥  (ਭਗਤ ਕਬੀਰ ਜੀ, ਪੰਨਾ 1158)

7.      ਹਿੰਦੂ ਕੈ ਘਰਿ ਹਿੰਦੂ ਆਵੈ ॥ ਸੂਤੁ ਜਨੇਊ ਪੜਿ ਗਲਿ ਪਾਵੈ ॥

          ਸੂਤੁ ਪਾਇ ਕਰੇ ਬੁਰਿਆਈ ॥ ਨਾਤਾ ਧੋਤਾ ਥਾਇ ਨ ਪਾਈ ॥    (ਮਹਲਾ 1, ਪੰਨਾ 951)

8.      ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥

          ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥6॥    (ਮਹਲਾ 1, ਪੰਨਾ 903)

9.      ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥

         ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ॥3॥ (ਭਗਤ ਰਵਿਦਾਸ ਜੀ, ਪੰਨਾ 694)

10.    ਮਾਲਾ ਫੇਰੈ ਮੰਗੈ ਬਿਭੂਤ ॥ ਇਹ ਬਿਧਿ ਕੋਇ ਨ ਤਰਿਓ ਮੀਤ ॥3॥  (ਮਹਲਾ 5, ਪੰਨਾ 888)

11.    ਨਾ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੁੋਆਲਾ ॥

          ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥7॥   (ਮਹਲਾ 1, ਪੰਨਾ 1035)

12.    ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ ॥

          ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ ॥1॥    (ਮਹਲਾ 1, ਪੰਨਾ 1170)

13.    ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥1॥  (ਭਗਤ ਕਬੀਰ ਜੀ, ਪੰਨਾ 1158)

14.    ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥  

         ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥1॥   (ਭਗਤ ਕਬੀਰ ਜੀ, ਪੰਨਾ 1364)

15.    ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥

          ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥75॥    (ਭਗਤ ਕਬੀਰ ਜੀ, ਪੰਨਾ 1368)

ਵਿਆਖਿਆ : ਅਨਮਤਾਂ ਵਿਚ ਧਰਮ ਦੇ ਨਾਮ ਤੇ ਸ਼ਰੀਰ ਤੇ ਅਨੇਕਾਂ ਚਿੰਨ੍ਹ (ਤਿਲਕ, ਜਨੇਉ, ਜਟਾਵਾਂ ਆਦਿ) ਧਾਰਨ ਕਰਨ ਦੀ ਵਿਚਾਰਧਾਰਾ ਪ੍ਰਚਲਿਤ ਹੈ। ਗੁਰਬਾਣੀ ਧਰਮ ਦੇ ਖੇਤਰ ਵਿਚ ਚਿੰਨ੍ਹ ਫਿਲਾਸਫੀ ਨੂੰ ਮਾਨਤਾ ਨਹੀਂ ਦਿੰਦੀ। ਗੁਰਮਤਿ ਅਨੁਸਾਰ ਸਿੱਖੀ ਮਨ ਦੀ ਉਚੀ ਅਵਸਥਾ ਦਾ ਮਾਰਗ ਹੈ, ਬਾਹਰੀ ਭੇਖ ਦਾ ਨਹੀਂ। ਇਸੇ ਤਰਾਂ ਅਨਮਤਾਂ ਵਿਚ ਰੱਬ ਦੇ ਕਿਸੇ ਨਾਮ ਦੇ ਰਟਨ ਨੂੰ ‘ਸਿਮਰਨ’ ਦਾ ਨਾਮ ਦੇ ਕੇ ਉਸ ਲਈ ਮਾਲਾ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਗਲਤ ਪ੍ਰਭਾਵ ਹੇਠ ਸਿੱਖ ਸਮਾਜ ਵਿਚ ਵੀ ‘ਵਾਹਿਗੁਰੂ’ ਲਫਜ਼ ਦੇ ਵੱਖ-ਵੱਖ ਤਰੀਕੇ ਰੱਟਣ ਨੂੰ ‘ਸਿਮਰਨ’ ਮੰਨਿਆ ਜਾ ਰਿਹਾ ਹੈ ਅਤੇ ਇਸ ਲਈ ‘ਮਾਲਾ’ (ਸਿਮਰਨਾ) ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਗੁਰਬਾਣੀ ਐਸੇ ਵਿਖਾਵਿਆਂ, ਤੋਤਾ-ਰਟਨੀਆਂ ਆਦਿਕ ਕਰਮਕਾਂਡਾਂ ਦਾ ਖੁੱਲਾ ਖੰਡਨ ਕਰਦੀ ਹੈ।

ਮੱਦ :  13.        ਕਿਰਿਆ-ਕਰਮ, ਪਿੰਡ-ਪੱਤਲ, ਪਿੱਤਰ ਪੂਜਣੇ, ਛਿਮਾਹੀ, ਬਰਸੀ/ਵਰੀਣਾ, ਚੌਬਰਸੀ, ਸ਼ਰਾਧ ਆਦਿ ਕਰਮ ਗੁਰਮਤਿ ਵਿਰੋਧੀ ਹਨ, ਜੋ ਨਹੀਂ ਕਰਣੇ।

1.           ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥

            ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥   (ਮਹਲਾ 1, ਪੰਨਾ 149)

2.      ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥ ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥2॥  (ਮਹਲਾ 1, ਪੰਨਾ 358)

3.      ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ ॥

          ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥2॥    (ਮਹਲਾ 5, ਪੰਨਾ 405)

4.      ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥  (ਮਹਲਾ 4, ਪੰਨਾ 445)

5       ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥

          ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥1॥    (ਮਹਲਾ 5, ਪੰਨਾ 495)

6.      ਕਰਿ ਕਰਿ ਕਿਰਿਆਚਾਰ ਵਧਾਏ ਮਨਿ ਪਾਖੰਡ ਕਰਮੁ ਕਪਟ ਲੋਭਈਆ ॥

          ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ ॥6॥ (ਮਹਲਾ 4, ਪੰਨਾ 837)

7.      ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ॥

           ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥  (ਬਾਬਾ ਸੁੰਦਰ ਜੀ, ਪੰਨਾ 923)

8.      ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥

          ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥1॥    (ਭਗਤ ਕਬੀਰ ਜੀ, ਪੰਨਾ 332)

9.      ਵਾਚੈ ਵਾਦੁ ਨ ਬੇਦੁ ਬੀਚਾਰੈ ॥ ਆਪਿ ਡੁਬੈ ਕਿਉ ਪਿਤਰਾ ਤਾਰੈ ॥  (ਮਹਲਾ 1, ਪੰਨਾ 904)

ਵਿਆਖਿਆ : ਪੁਜਾਰੀ ਸ਼੍ਰੇਣੀ ਨੇ ਧਰਮ ਦੇ ਨਾਮ ਨਾਲ ਜੋੜ ਕੇ ਮਨੁੱਖੀ ਜੀਵਨ ਦੇ ਹਰ ਮੁੱਖ ਪੜਾਅ ਤੇ ਕਰਮਕਾਂਡਾਂ ਅਤੇ ਅੰਧਵਿਸ਼ਾਸਾਂ ਦਾ ਜਾਲ ਵਿਛਾਇਆ ਹੋਇਆ ਹੈ। ਮ੍ਰਿਤਕ ਸਮੇਂ ਨਾਲ ਜੋੜ ਕੇ ਅਖੌਤੀ ਮੁਕਤੀ ਦੇ ਭਰਮ ਹੇਠ ਸਭ ਤੋਂ ਵੱਧ ਕਰਮਕਾਂਡ ਅਤੇ ਅੰਧਵਿਸ਼ਵਾਸ ਪ੍ਰਚਲਿਤ ਹਨ। ਸਿੱਖ ਸਮਾਜ ਵੀ ਬ੍ਰਾਹਮਣੀ ਪ੍ਰਭਾਵ ਨੂੰ ਕਬੂਲਣ ਕਰਕੇ ਐਸੀਆਂ ਮਨਮਤਾਂ ਦਾ ਸ਼ਿਕਾਰ ਬਣ ਚੁਕਿਆ ਹੈ। ਇਕ ਸਿੱਖ ਐਸੀਆਂ ਮਨਮੱਤਾਂ ਵਿਚ ਵਿਸ਼ਵਾਸ ਨਹੀਂ ਕਰਦਾ।

ਮੱਦ: 14.  ਵਰ-ਸਰਾਪ, ਮੰਗਲ-ਸ਼ਨੀ ਆਦਿ ਦੀ ਬ੍ਰਾਹਮਣੀ ਵਿਚਾਰ, ਕੰਜਕਾਂ, ਵਰਤ, ਕਰਵਾ ਚੌਥ, ਰੋਜ਼ੇ ਆਦਿ ਵਿਚ ਵਿਸ਼ਵਾਸ ਨਹੀਂ ਰੱਖਣਾ। ਭਵਿੱਖ ਵਿਚ ਸਾਹਮਣੇ ਆਉਣ ਵਾਲੇ ਐਸੇ ਗੁਰਮਤਿ ਵਿਰੋਧੀ ਵਿਸ਼ਵਾਸਾਂ ਨੂੰ ਨਹੀਂ ਮੰਨਣਾ।

1.      ਸਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ ਭਾਤੀ ॥

         ਨਹੀ ਤੁਲਿ ਰਾਮ ਨਾਮ ਬੀਚਾਰ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ॥1॥  (ਮਹਲਾ 5, ਪੰਨਾ 265)

2.      ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥ ਤਟ ਤੀਰਥ ਭਵੇ ਸਭ ਧਰਨਾ ॥

          ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥3॥   (ਮਹਲਾ 5, ਪੰਨਾ 394)

3.      ਸਿੰਮ੍ਰਿਤਿ ਸਾਸਤ੍ਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨੁ ਸੁਖੁ ਨਾਹੀ ॥1॥

          ਵਰਤ ਨੇਮ ਸੰਜਮ ਕਰਿ ਥਾਕੇ ਨਾਨਕ ਸਾਧ ਸਰਨਿ ਪ੍ਰਭ ਸੰਗਿ ਵਸੈ॥2॥2॥151॥ (ਮਹਲਾ 5, ਪੰਨਾ 408)

4.      ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ ॥

          ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥2॥  (ਮਹਲਾ 4, ਪੰਨਾ 732)

5.      ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥ ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥7॥ (ਮਹਲਾ 3, ਪੰਨਾ 841)

6.      ਹਠੁ ਨਿਗ੍ਰਹੁ ਕਰਿ ਕਾਇਆ ਛੀਜੈ ॥ ਵਰਤੁ ਤਪਨੁ ਕਰਿ ਮਨੁ ਨਹੀ ਭੀਜੈ ॥

           ਰਾਮ ਨਾਮ ਸਰਿ ਅਵਰੁ ਨ ਪੂਜੈ ॥1॥  (ਮਹਲਾ 1, ਪੰਨਾ 905)

7.      ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ ॥   (ਮਹਲਾ 5, ਪੰਨਾ 1099)

8.      ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥

           ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ ਰਹਾਉ ॥  (ਮਹਲਾ 5, ਪੰਨਾ 1136)

9.      ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥  (ਮਹਲਾ 4, ਪੰਨਾ 1423)

10.    ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥  (ਭਗਤ ਕਬੀਰ ਜੀ, ਪੰਨਾ 873)

11.    ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥

           ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥108॥   (ਭਗਤ ਕਬੀਰ ਜੀ, ਪੰਨਾ 1370)

ਵਿਆਖਿਆ: ਅਨਮਤਾਂ ਵਿਚਲੀ ਪੁਜਾਰੀ ਸ਼੍ਰੇਣੀ ਨੇ ਆਪਣੀਆਂ ‘ਧਾਰਮਿਕ ਪੁਸਤਕਾਂ’ ਵਿਚ ਖਾਸ ਦਿਨਾਂ ਤੇ ਭੁਖੇ ਰਹਿਣ (ਵਰਤ/ਰੋਜ਼ੇ ), ਵਰ-ਸਰਾਪ, ਕੰਜਕਾਂ (ਕੁੜੀਆਂ ਦੀ ਰਸਮੀ ਪੂਜਾ), ਕੁਝ ਦਿਨਾਂ ਦੇ ਮਾੜੇ ਹੋਣ ਦੀ ਸੋਚ ਆਦਿਕ ਵਹਿਮ ਅਤੇ ਅੰਧ ਵਿਸ਼ਵਾਸ ਦਰਜ ਕਰਕੇ ਉਨ੍ਹਾਂ ਦਾ ਪ੍ਰਚਾਰ ਕਰਦੇ ਹੋਏ ਲੋਕਾਈ ਦੇ ਮਨ ਵਿਚ ਡਰ ਪੈਦਾ ਕੀਤਾ ਅਤੇ ਕਰਮਕਾਂਡਾਂ ਰਾਹੀਂ ਆਪਣੀ ਪੂਜਾ-ਮਾਨਤਾ ਕਰਵਾਉਣ ਦਾ ਢੰਗ ਲੱਭਿਆ। ਸੱਚ ਦੀ ਰਾਹ ਦਾ ਪਾਂਧੀ ਐਸੀਆਂ ਮਨਮੱਤਾਂ ਵਿਚ ਵਿਸ਼ਵਾਸ ਨਹੀਂ ਰੱਖਦੇ ਕਿਉਂਕਿ ਉਨ੍ਹਾਂ ਨੇ ‘ਸੱਚ ਦੇ ਗਿਆਨ’ ਦੀ ਸੇਧ ਨੂੰ ਆਪਣੇ ਮਨ ਦੀ ਆਸਰਾ ਬਣਾਇਆ ਹੁੰਦਾ ਹੈ।

ਮੱਦ : 15. ਗੁਰਮਤਿ ਦਾ ਖਰਾ ਸੱਚ ਨਿਡਰਤਾ ਅਤੇ ਦ੍ਰਿੜਤਾ ਨਾਲ ਪੇਸ਼ ਕੀਤਾ ਜਾਵੇ ਪਰ ਇਸ ਦਾ ਮੰਤਵ ਕਿਸੇ ਦਾ ਦਿਲ ਦੁਖਾਉਣਾ ਨਾ ਹੋਵੇ ਅਤੇ ਨਾ ਹੀ ਕਿਸੇ ਪ੍ਰਤੀ ਮਨ ਵਿਚ ਨਫਰਤ ਪਾਲੇ।

1.      ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥3॥(ਸੇਖ਼ ਫਰੀਦ ਜੀ, ਪੰਨਾ 488)

2.      ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥1॥ (ਮਹਲਾ 5, ਪੰਨਾ 1299)

3.      ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥2॥3॥5॥  (ਮਹਲਾ 1, ਪੰਨਾ 723)

ਵਿਆਖਿਆ : ਗੁਰਮਤਿ ਦਾ ਪ੍ਰਚਾਰ ਕਰਨ ਵੇਲੇ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਖਰਾ ਸੱਚ, ਯੋਗ ਸ਼ਬਦਾਂ ਵਿਚ, ਨਿਡਰਤਾ ਅਤੇ ਦ੍ਰਿੜਤਾ ਨਾਲ ਪੇਸ਼ ਕਰੇ। ਪੰਥ ਪ੍ਰਵਾਨਿਕਤਾ, ਸੰਗਤ ਹਾਲੇ ਤਿਆਰ ਨਹੀਂ, ਬੁਰਾ ਮਨਾ ਜਾਵੇਗੀ, ਟੁੱਟ ਜਾਵੇਗੀ ਆਦਿਕ ਸੋਚਾਂ ਕਾਰਨ ਸੱਚ ਨਾਲ ਸਮਝੌਤਾ ਕਰਦੇ ਹੋਏ ਗੋਲ-ਮੋਲ ਗੱਲ ਨਾ ਕਰੇ ਅਤੇ ਨਾ ਹੀ ਜਾਣ-ਬੁਝ ਕੇ ਗੁਰਮਤਿ ਤੋਂ ਉਲਟ ਗਲਤ ਪ੍ਰਚਾਰ ਕਰੇ। ਹਾਂ ਇਸ ਪ੍ਰਚਾਰ ਦਾ ਮਕਸਦ ਜਾਣ ਬੁਝ ਕੇ ਕਿਸੇ ਦਾ ਦਿਲ ਦੁਖਾਉਣਾ ਜਾਂ ਕਿਸੇ ਨੂੰ ਨੀਂਵਾ ਵਿਖਾਉਣਾ ਨਾ ਹੋਵੇ।

ਮੱਦ : 16. ਕੋਈ ਵੀ ਘਰੇਲੂ ਗੁਰਮਤਿ ਸਮਾਗਮ ਕਰਵਾਉਣ ਵੇਲੇ ਸ਼ਬਦ ਵਿਚਾਰ/ਕੀਰਤਨ ਆਦਿ ਘਰ ਵਾਲੇ ਆਪ ਕਰਨ ਜਾਂ ਕਿਸੇ ਨਿਸ਼ਕਾਮ ਪ੍ਰਚਾਰਕ ਤੋਂ ਕਰਵਾਉਣ। ਪੈਸੇ (ਭੇਟਾ) ਲੈ ਕੇ ਸੇਵਾ ਨਿਭਾਉਣ ਵਾਲੀ ਸ਼੍ਰੇਣੀ ਨੂੰ ਸਮਾਗਮਾਂ ਤੋਂ ਦੂਰ ਰੱਖਿਆ ਜਾਵੇ।

1.      ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥

          ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥3॥  (ਭਗਤ ਕਬੀਰ ਜੀ, ਪੰਨਾ 1103)

 

2.      ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥    (ਮਹਲਾ 1, ਪੰਨਾ 1245)

3.       ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥1॥  (ਮਹਲਾ 1, ਪੰਨਾ 472)

4.      ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ ॥

          ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥6॥  (ਮਹਲਾ 3, ਪੰਨਾ 435)

5.      ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥

           ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥5॥   (ਮਹਲਾ 1, ਪੰਨਾ 62)

6.      ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥

          ਜਾਨਨਹਾਰ ਪ੍ਰਭੂ ਪਰਬੀਨ ॥ ਬਾਹਰਿ ਭੇਖ ਨ ਕਾਹੂ ਭੀਨ ॥   (ਮਹਲਾ 5, ਪੰਨਾ 269)

ਵਿਆਖਿਆ :   ਕਿਸੇ ਵੀ ਸਮਾਜ ਵਿਚ ਧਰਮ ਦੇ ਨਾਮ ਤੇ ਫੈਲ ਰਹੇ ਅੰਧਵਿਸ਼ਵਾਸਾਂ ਅਤੇ ਕਰਮਕਾਂਡਾਂ ਪਿੱਛੇ ਸਭ ਤੋਂ ਵੱਡਾ ਕਾਰਨ ਪੈਸੇ ਲੈ ਕੇ ਅਖੌਤੀ ‘ਧਰਮ ਕਾਰਜ’ ਕਰਨ ਵਾਲੀ ਪੁਜਾਰੀ ਸ਼੍ਰੇਣੀ ਹੀ ਹੈ। ਬਾਬਾ ਨਾਨਕ ਜੀ ਅਤੇ ਹੋਰ ਨਾਨਕ ਸਰੂਪਾਂ ਵਲੋਂ ਥਾਪੇ ਸਾਰੇ ਪ੍ਰਚਾਰਕ ਕਿਰਤੀ ਅਤੇ ਨਿਸ਼ਕਾਮ ਸਨ। ਸਿੱਖ ਸਮਾਜ ਵਿਚ ਕੁਰੀਤੀਆਂ ਅਤੇ ਕਰਮਕਾਂਡ ਫੈਲਣ ਦਾ ਵੱਡਾ ਕਾਰਨ ‘ਪੂਜਾ ਦੇ ਧਨ ਤੇ ਪਲਣ ਵਾਲੀ’ ਪੁਜਾਰੀ ਸ਼੍ਰੇਣੀ ਦਾ ਪੈਦਾ ਹੋਣਾ ਹੀ ਹੈ। ਸੋ ਇਕ ਸਿੱਖ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਪਣੇ ਘਰੇਲੂ ਸਮਾਗਮ ਗੁਰਮਤਿ ਦੀ ਰੋਸ਼ਨੀ ਵਿਚ ਆਪ ਕਰੇ ਜਾਂ ਨਿਸ਼ਕਾਮ ਪ੍ਰਚਾਰਕਾਂ ਕੌਲੋਂ ਕਰਵਾਏ। ਪੈਸੇ ਲੈ ਕੇ ਐਸੀ ਸੇਵਾ ਕਰਨ ਵਾਲੀ ਸ਼੍ਰੇਣੀ ਦੇ ਖਤਮ ਹੋਣ ਨਾਲ ਹੀ ਸਮਾਜ ਵਿਚੋਂ ਵਹਿਮ ਭਰਮ ਅਤੇ ਕਰਮਕਾਂਡ ਖਤਮ ਹੋ ਸਕਦੇ ਹਨ।

ਮੱਦ : 17. ਸਾਰੇ ਘਰੇਲੂ ਸਮਾਗਮ ਸਾਦਗੀ ਭਰਪੂਰ ਹੋਣ। ਵਾਧੂ ਦੇ ਵਿਖਾਵੇ ਅਤੇ ਆਡੰਬਰਾਂ ਤੋਂ ਗੁਰੇਜ਼ ਕੀਤਾ ਜਾਵੇ।

1.      ਕਰਤੂਤਿ ਪਸੂ ਕੀ ਮਾਨਸ ਜਾਤਿ ॥  ਲੋਕ ਪਚਾਰਾ ਕਰੈ ਦਿਨੁ ਰਾਤਿ ॥  (ਮਹਲਾ 5, ਪੰਨਾ 267)

2.      ਤਿਲਕੁ ਚਰਾਵੈ ਪਾਈ ਪਾਇ ॥ ਲੋਕ ਪਚਾਰਾ ਅੰਧੁ ਕਮਾਇ ॥2॥   (ਮਹਲਾ 5, ਪੰਨਾ 888)

3.      ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥

          ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥13॥   (ਭਗਤ ਕਬੀਰ ਜੀ, ਪੰਨਾ 1365)

4.      ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥5॥   (ਮਹਲਾ 1, ਪੰਨਾ 1410)

ਵਿਆਖਿਆ : ਸਮਾਜ ਵਿਚ ਘਰੇਲੂ ਸਮਾਗਮਾਂ ਵੇਲੇ ਬੇਲੋੜੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੁਨੀਆਂ ਸਾਹਮਣੇ ਆਪਣਾ ਰੋਹਬ ਦਿਖਾਉਣ ਲਈ ਵਾਧੂ ਦਾ ਵਿਖਾਵਾ ਅਤੇ ਆਡੰਬਰ ਕਰਨ ਦੀ ਰੂਚੀ ਭਾਰੀ ਹੈ। ਕਈਂ ਵਾਰ ਕੁਝ ਲੋਕ ਇਸ ਸੋਚ ਨੂੰ ਗਲਤ ਤਾਂ ਮੰਨਦੇ ਹਨ ਪਰ ‘ਲੋਕ ਲਾਜ’ ਦਾ ਬਹਾਨਾ ਬਣਾ ਕੇ ਵਿਖਾਵੇ ਅਤੇ ਆਡੰਬਰ ਨੂੰ ਜ਼ਰੂਰੀ ਮੰਨਦੇ ਹਨ। ਐਸੀ ਸੋਚ ਕਾਰਨ ਕਈਂ ਵਾਰ ਆਪਣੀ ਵਿੱਤ ਤੋਂ ਬਾਹਰ ਜਾ ਕੇ, ਕਰਜ਼ਾ ਆਦਿ ਚੁੱਕਿਆ ਜਾਂਦਾ ਹੈ, ਜੋ ਬਾਅਦ ਵਿਚ ਕਈਂ ਮਾਨਸਿਕ ਅਤੇ ਆਰਥਿਕ ਕਲੇਸ਼ ਦਾ ਕਾਰਨ ਬਣਦਾ ਹੈ। ਇਕ ਗੁਰਮੁੱਖ ਨੂੰ ਸੋਚ ਅਤੇ ਵਿਵਹਾਰ ਵਿਚ ਇਕ ਹੋਣਾ ਚਾਹੀਦਾ ਹੈ ਅਤੇ ਬੇਲੋੜੀ ਲੋਕ ਲਾਜ ਦੇ ਪ੍ਰਭਾਵ ਹੇਠ ਲੋਕ ਵਿਖਾਵਾ ਅਤੇ ਆਡੰਬਰ ਨਹੀਂ ਕਰਨਾ ਚਾਹੀਦਾ। ਘਰੇਲੂ ਸਮਾਗਮ ਸਾਦਗੀ ਭਰਪੂਰ ਹੋਣੇ ਚਾਹੀਦੇ ਹਨ।

ਮੱਦ: 18.  ਬੱਚਿਆਂ ਦੇ ਜਮਾਂਦਰੂ ਕੇਸ ਸਾਬਤ ਰੱਖੇ ਜਾਣ। ਮੁੰਡਣ/ਜੁੰਡੀ ਵੱਡਣ ਆਦਿ ਰਸਮਾਂ ਗੁਰਮਤਿ ਦੀਆਂ ਘੋਰ ਉਲੰਘਣਾਵਾਂ ਹਨ। ਆਪਰੇਸ਼ਨ ਦੌਰਾਣ ਕੱਟੇ ਗਏ ਜਾਂ ਗੈਰ-ਕੁਦਰਤੀ ਢੰਗ ਨਾਲ ਉੱਗ ਆਏ ਕੇਸਾਂ ਦੇ ਉਪਚਾਰ ਕਰਨ  ਦਾ ਵਹਿਮ ਨਹੀ ਕਰਣਾ।

1.      ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥12॥   (ਮਹਲਾ 5, ਪੰਨਾ 1084)

2.      ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥  (ਮਹਲਾ 1, ਪੰਨਾ 1)

ਵਿਆਖਿਆ:        ਕਾਦਰ ਦੀ ਰਜ਼ਾ ਵਿਚ ਕੁਦਰਤੀ ਤੌਰ ਤੇ ਆਏ ਕੇਸਾਂ ਦੀ ਸੰਭਾਲ ਕਰਨਾ ਹਰ ਸੱਚ ਦੇ ਚਾਹਵਾਣ ਮਨੁੱਖ (ਸਿੱਖ) ਦਾ ਫਰਜ਼ ਬਣਦਾ ਹੈ, ਕਿਉਂਕਿ ਕੁਦਰਤ ਵਲੋਂ ਕੇਸ ਉਸ ਨੂੰ ਸ਼ਰੀਰ ਦੀ ਲੋੜ ਅਨੁਸਾਰ ਦਿਤੇ ਜਾਂਦੇ ਹਨ। ਸਾਇੰਸ ਵੀ ਕੇਸਾਧਾਰੀ ਹੋਣ ਦੇ ਲਾਭਾਂ ਦੀ ਗਵਾਹੀ ਭਰਦੀ ਹੈ। ਸਿਰ ਦੇ ਕੇਸਾਂ ਦੀ ਸੰਭਾਲ ਲਈ ਸਭ ਤੋਂ ਯੋਗ ਤਰੀਕਾ ਦਸਤਾਰ ਹੈ। ਕਈਂ ਵਾਰ ‘ਹਾਰਮੋਨਸ’ ਦੀ ਗੜਬੜੀ ਕਾਰਨ ਕੁਦਰਤੀ ਵਰਤਾਰੇ ਤੋਂ ਉਲਟ ਵੀ ਕੇਸ ਸ਼ਰੀਰ ਤੇ ਉੱਗ ਆਉਂਦੇ ਹਨ ਜਿਵੇਂ ਇਸਤਰੀ ਦੇ ਚਿਹਰੇ ਦੇ ਦਾੜੀ/ਮੁੱਛਾਂ ਦੇ ਵਾਲ ਆ ਜਾਣਾ। ਐਸੇ ਗੈਰ-ਕੁਦਰਤੀ ਕੇਸਾਂ ਦਾ ਇਲਾਜ ਕਰ/ਕਰਵਾ ਲੈਣ ਵਿਚ ਕੋਈ ਹਰਜ਼ ਨਹੀਂ ਹੈ। ਇਸੇ ਤਰਾਂ ਅਗਰ ਕਿਸੇ ਬਿਮਾਰੀ ਦੇ ਇਲਾਜ ਲਈ ਸ਼ਰੀਰ ਦੇ ਕਿਸੇ ਹਿੱਸੇ ਤੋਂ ਲੋੜ ਅਨੁਸਾਰ ਕੇਸ ਹਟਾ ਲੈਣ ਵਿਚ ਕੋਈ ਹਰਜ਼ ਨਹੀਂ ਹੈ। ਬੇਲੋੜੀ ਫੈਸ਼ਨ-ਪ੍ਰਸਤੀ ਦੀ ਸੋਚ ਹੇਠ ਕੇਸ ਕਤਲ ਕਰਨ ਦੀ ਸੋਚ ਰੱਬ ਦੀ ਰਜਾ ਤੋਂ ਮੁਨਕਰ ਹੋਣਾ ਹੈ।

ਮੱਦ : 19  ਲਿੰਗ ਵਿਤਕਰੇ ਵਜੋਂ ਬੱਚੇ ਦੀ ਹੱਤਿਆ ਅਤੇ ਭਰੁਣ ਹੱਤਿਆ ਨਹੀਂ ਕਰਨੀ।

1.      ਮਃ 1 ॥

          ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥

          ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

          ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥

          ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥2॥      (ਮਹਲਾ 1, ਪੰਨਾ 473)

2.      ਧਰਣਿ ਗਗਨ ਨਹ ਦੇਖਉ ਦੋਇ ॥ ਨਾਰੀ ਪੁਰਖ ਸਬਾਈ ਲੋਇ ॥3॥  (ਮਹਲਾ 1, ਪੰਨਾ 223)

3.      ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ ॥

         ਓਹ ਮਾਂਗ ਸਵਾਰੈ ਬਿਖੈ ਕਉ ਓਹ ਸਿਮਰੈ ਹਰਿ ਨਾਮੁ ॥160॥   (ਭਗਤ ਕਬੀਰ ਜੀ, ਪੰਨਾ  1373)

ਵਿਆਖਿਆ:- ਇਸਤਰੀ-ਮਰਦ ਸਮਾਜ ਦੀ ਮੂਲ ਇਕਾਈ ਪਰਿਵਾਰ ਰੂਪੀ ਗੱਡੀ ਦੇ ਦੋ ਪਹੀਏ ਹਨ। ਇਕ ਪਹੀਆ ਕਮਜ਼ੋਰ ਹੋਣ ਨਾਲ ਪਰਿਵਾਰ ਦੀ ਚਾਲ ਵਿਗੜ ਜਾਂਦੀ ਹੈ। ਮਰਦ ਪ੍ਰਧਾਨ ਸਮਾਜ ਵਿਚ ਪੁਰਾਤਨ ਸਮੇਂ ਤੋਂ ਹੀ ਇਸਤਰੀ ਨੂੰ ਨੀਂਵਾ ਅਤੇ ਕਮਜ਼ੋਰ ਸਮਝਣ ਦੀ ਸੋਚ ਭਾਰੂ ਰਹੀ ਹੈ। ਇਸੇ ਸੋਚ ਅਧੀਨ ਸਮਾਜ ਨੇ ਧਰਮ ਦੇ ਨਾਮ ਤੇ ਇਸਤਰੀਆਂ ਪ੍ਰਤੀ ਕਈਂ ਬੇਲੋੜੀਆਂ ਬੰਦਸ਼ਾਂ ਲਾਈਆਂ ਹੋਈਆਂ ਹਨ। ਲਿੰਗ ਵਿਤਕਰਾ ਕਿਸੇ ਨਾ ਕਿਸੇ ਰੂਪ ਵਿਚ ਜ਼ਿਆਦਾਤਰਾਂ ਮੱਤਾਂ ਦੀ ਵੀਚਾਰਧਾਰਾ ਵਿਚ ਮਿਲਦਾ ਹੈ। ਦਾਜ-ਪ੍ਰਥਾ ਜਿਹੀਆਂ ਕੁਰੀਤੀਆਂ ਨੇ ਤਾਂ ਬੇਟੀ ਨੂੰ ਇਕ ਬੋਝ ਮੰਨਣ ਦੀ ਗਲਤ ਸੋਚ ਭਾਰੂ ਕਰ ਦਿਤੀ ਹੈ। ਇਸ ਲਈ ਸਮਾਜ ਦੇ ਬਹੁਤੇ ਹਿੱਸਿਆਂ ਵਿਚ ਲਿੰਗ-ਵਿਤਕਰੇ ਵਜੋਂ ਭਰੂਣ ਅਤੇ ਬੱਚਿਆਂ ਦੀ ਹੱਤਿਆ ਦਾ ਕਰੂਰ ਰੁਝਾਣ ਮਿਲਦਾ ਹੈ। ਗੁਰਮਤਿ ਐਸੀ ਸੋਚ ਦਾ ਭਰਪੂਰ ਖੰਡਨ ਕਰਦੀ ਹੈ।

ਇਕ ਸਿੱਖ ਲਿੰਗ ਵਿਤਕਰੇ ਵਜੋਂ ਬੱਚੇ ਜਾਂ ਭਰੁਣ ਹੱਤਿਆ ਨਹੀਂ ਕਰ ਸਕਦਾ। ਹਾਂ, ਪਰਿਵਾਰ ਨਿਯੋਜਨ ਦੀ ਲੋੜ ਲਈ, ਪਤੀ-ਪਤਨੀ ਦੀ ਆਪਸੀ ਸਹਿਮਤੀ ਨਾਲ, ਬਿਨਾਂ ਲਿੰਗ ਦੀ ਜਾਂਚ ਕੀਤਿਆਂ, ਗਰਭਪਾਤ ਕਰਵਾਇਆ ਜਾ ਸਕਦਾ ਹੈ। ਬੇਹਤਰ ਇਹ ਹੈ ਕਿ ਪਰਿਵਾਰ ਨਿਯੋਜਨ ਦੇ ਹੋਰ ਉਪਲਬਧ ਤਰੀਕੇ ਅਪਣਾਏ ਜਾਣ ਅਤੇ ਅਨਚਾਹੇ ਗਰਭਪਾਤ ਦੀ ਲੋੜ ਨਾ ਪਵੇ। ਗਰਭਪਾਤ ਇਸਤਰੀ ਦੀ ਸਿਹਤ ਸੰਬੰਧੀ ਅਨੇਕਾਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ।

ਮੱਦ : 20. ਗੁਰਮੁੱਖੀ/ਪੰਜਾਬੀ ਬੋਲੀ ਦੀ ਜਾਨਕਾਰੀ ਪ੍ਰਾਪਤ ਕਰਨ ਦਾ ਲੋੜੀਂਦਾ ਯਤਨ ਕੀਤਾ ਜਾਵੇ, ਇਸ ਨਾਲ  ਗੁਰਬਾਣੀ ਨੂੰ ਇਸ ਦੇ ਮੂਲ ਰੂਪ ਵਿਚ ਸਮਝਣ ਵਿਚ ਸਹਾਇਤਾ ਮਿਲਦੀ ਹੈ।

ਵਿਆਖਿਆ:        ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਸਰੂਪ ‘ਗੁਰਮੁੱਖੀ ਲਿੱਪੀ’ (ਪੰਜਾਬੀ ਭਾਸ਼ਾ) ਵਿਚ ਹੈ। ਇਹ ਇਕ ਸੱਚਾਈ ਹੈ ਕਿ ਤਰਜ਼ਮਾ ਕਦੇ ਵੀ ਹੂ-ਬ-ਹੂ ਮੂਲ ਵਰਗਾ ਨਹੀਂ ਹੋ ਸਕਦਾ। ਇਸ ਲਈ ਗੁਰਬਾਣੀ ਨੂੰ ਇਸ ਦੇ ਮੂਲ ਰੂਪ ਵਿਚ ਪੜਣ/ਸਮਝਣ ਲਈ ‘ਗੁਰਮੁੱਖੀ ਲਿੱਪੀ/ਪੰਜਾਬੀ ਭਾਸ਼ਾ’ ਦਾ ਗਿਆਨ ਜ਼ਰੂਰੀ ਬਣ ਜਾਂਦਾ ਹੈ। ਸੋ ਗੁਰਬਾਣੀ ਨੂੰ ਮੂਲ ਰੂਪ ਵਿਚ ਪੜਣ/ਸਮਝਣ ਦੀ ਇੱਛਾ ਰੱਖਣ ਵਾਲੇ ਨੂੰ ਇਸ ਭਾਸ਼ਾ ਦੀ ਜਾਨਕਾਰੀ ਪ੍ਰਾਪਤ ਕਰਨ ਦਾ ਲੋੜੀਂਦਾ ਯਤਨ ਕਰਨਾ ਚਾਹੀਦਾ ਹੈ।

ਮੱਦ : 21. ਕਿਰਤ ਗੁਰਮਤਿ ਤੋਂ ਉਲਟ ਨਾ ਹੋਵੇ ਅਤੇ ਕਿਰਤ ਸਮੇਤ ਕਿਸੇ ਵੀ ਸਮੇਂ ਬੇਈਮਾਨੀ ਨਾ ਕੀਤੀ ਜਾਵੇ।

1.      ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥      (ਮਹਲਾ 1, ਪੰਨਾ 141)

2.      ਮਨੁ ਮੈਲਾ ਹੈ ਦੂਜੈ ਭਾਇ ॥ ਮੈਲਾ ਚਉਕਾ ਮੈਲੈ ਥਾਇ ॥

          ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ ॥7॥  (ਮਹਲਾ 3, ਪੰਨਾ 121)

3.      ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਰ ਆਨ ਲੁਟਾਵੈ

        ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਹੀ ਪੈ ਲੀਜੈ॥ (ਭਗਤ ਕਬੀਰ, ਪੰਨਾ 656)

ਵਿਆਖਿਆ:        ਵੱਧ ਤੋਂ ਵੱਧ ਦੌਲਤ ਇਕੱਠੀ ਕਰ ਲੈਣ ਦੀ ਲਾਲਸਾ ਪੁਰਾਤਨ ਸਮੇਂ ਤੋਂ ਹੀ ਆਮ ਮਨੁੱਖੀ ਮਨ ਦੀ ਕਮਜ਼ੋਰੀ ਰਹੀ ਹੈ। ਇਹ ਤ੍ਰਿਸ਼ਨਾ ਸਮਾਜ ਵਿਚ ਲੁੱਟ-ਖੋਹ, ਭ੍ਰਿਸ਼ਟਾਚਾਰ ਆਦਿ ਅਲਾਮਤਾਂ ਨੂੰ ਵਧਾਉਣ ਦਾ ਕਾਰਨ ਹੈ। ਇਸ ਬਿਰਤੀ ਤੇ ਰੋਕ ਸੰਤੋਖ ਧਾਰਨ ਕਰਨ ਨਾਲ ਹੀ ਆ ਸਕਦੀ ਹੈ। ਗੁਰਮਤਿ ਜ਼ਿਆਦਾ ਕਮਾਈ ਕਰਨ ਜਾਂ ਧਨ ਕਰਕੇ ਅਮੀਰ ਹੋਣ ਦੀ ਸੋਚ ਤੇ ਬੰਦਿਸ਼ ਨਹੀਂ ਲਾਉਂਦੀ ਪਰ ਇਹ ਇਖਲਾਕੀ ਸੇਧ ਦਿੰਦੀ ਹੈ ਕਿ ਕਮਾਈ ਨੇਕ ਹੋਣੀ ਚਾਹੀਦੀ ਹੈ। ਬੇਈਮਾਨੀ ਅਤੇ ਹੇਰਾ-ਫੇਰੀਆਂ ਕਰਕੇ ਬਹੁਤਾ ਧੰਨ ਇਕੱਠਾ ਕਰਨ ਦੀ ਮ੍ਰਿਗ-ਤ੍ਰਿਸ਼ਨਾ ਨੂੰ ਗੁਰਮਤਿ ਗਲਤ ਮੰਨਦੀ ਹੈ। ਬਹੁਤਾ ਧਨ ਕਮਾਉਣ ਦੀ ਲਾਲਸਾ ਜੇ ਮਨੁੱਖ ਨੂੰ ਲੋਭੀ ਬਣਾ ਦੇਵੇ ਤਾਂ ਇਹ ਉਸਨੂੰ ਬੇਈਮਾਨੀ ਵੱਲ ਪ੍ਰੇਰਦੀ ਹੈ। ਗੁਰਮਤਿ ਦੇ ਪਾਂਧੀ ਦੀ ਕਿਰਤ ਗੁਰਮਤਿ ਤੋਂ ਉਲਟ ਨਾ ਹੋਵੇ ਅਤੇ ਉਸ ਵਿਚ ਬੇਈਮਾਨੀ ਦਾ ਕਰੇ। ਗੁਰਮਤਿ ਤੋਂ ਉਲਟ ਕਿਰਤ ਤੋਂ ਭਾਵ ਉਨ੍ਹਾਂ ਸਾਧਨਾਂ ਰਾਹੀਂ ਕਿਰਤ ਕਮਾਉਣਾ ਹੈ, ਜੋ ਮਨੁੱਖਤਾ ਲਈ ਨੁਕਸਾਨਦਾਇਕ ਹਨ। ਮਿਸਾਲ ਲਈ ਸ਼ਰਾਬ, ਤੰਬਾਕੂ ਅਤੇ ਹੋਰ ਨਸ਼ਿਆਂ ਦੇ ਵਪਾਰ ਵਾਲੀ ਕਿਰਤ।

ਮੱਦ :  22.        ਆਪਣੀ ਕਮਾਈ ਵਿਚੋਂ ਵਿੱਤ ਅਨੁਸਾਰ ਦਸਵੰਧ ਲੋੜਵੰਦਾਂ ਦੀ ਯੋਗ ਮਦਦ ਜਾਂ ਗੁਰਮਤਿ ਪ੍ਰਚਾਰ ਲਈ ਵਰਤੋਂ ਵਿਚ     ਲਿਆਂਦਾ ਜਾਵੇ।

1.      ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥1॥  (ਮਹਲਾ 1, ਪੰਨਾ 1245)

ਵਿਆਖਿਆ:        ਆਮ ਕਰਕੇ ਸਮਾਜ ਵਿਚ ‘ਦਾਨ’ ਧਰਮ ਦੇ ਨਾਮ ਤੇ ਪੁਜਾਰੀ ਸ਼੍ਰੇਣੀ ਦਾ ਢਿੱਡ ਪਾਲਣ ਲਈ ਕੀਤਾ ਜਾਂਦਾ ਹੈ। ਐਸੇ ਕਰਮਕਾਂਡੀ ਦਾਨ ਨੂੰ ਗੁਰਮਤਿ ਸਹੀ ਨਹੀਂ ਮੰਨਦੀ। ਆਪਣੀ ਨੇਕ ਕਮਾਈ ਵਿਚੋਂ ਵਿੱਤ ਅਨੁਸਾਰ ਲੋੜਵੰਦਾਂ ਦੀ ਯੋਗ ਮਦਦ ਕਰੇ। ਯੋਗ ਮਦਦ ਤੋਂ ਭਾਵ ਹੈ ਕਿ ਕਿਸੇ ਤੇ ਤਰਸ ਖਾ ਕੇ ਉਸ ਨੂੰ ਭੀਖ ਦੇਣ ਦੀ ਥਾਂ ਉਸ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਦਾ ਯਤਨ ਕਰੇ। ਦਾਨ ਦੀ ਸੋਚ ਹੇਠ ਸਮਾਜ ਵਿਚ ਭਿਖਾਰੀਆਂ ਦੀ ਫੌਜ ਨੂੰ ਪਾਲਦੇ ਰਹਿਣ ਦੀ ਸੋਚ ਠੀਕ ਨਹੀਂ। ਦਸਵੰਧ ਦੀ ਵਰਤੋਂ ਸਹੀ ਗੁਰਮਤਿ ਦੇ ਪ੍ਰਚਾਰ ਲਈ ਵੀ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਮਨੁੱਖਤਾਵਾਦੀ ਵਿਚਾਰਧਾਰਾ ਦੇ ਪ੍ਰਸਾਰ ਨਾਲ ਹੀ ਨਰੋਏ ਸਮਾਜ ਦੀ ਕਾਇਮੀ ਵਿਚ ਸਹਿਯੋਗ ਮਿਲ ਸਕਦਾ ਹੈ। ਦਸਵੰਦ ਦਾ ਮਤਲਬ ਕਮਾਈ ਦਾ ਦਸਵਾਂ ਹਿੱਸਾ ਨਹੀਂ, ਬਲਕਿ ਆਪਣੀ ਕਮਾਈ ਵਿਚੋਂ ਵਿੱਤ ਅਨੁਸਾਰ ਕੱਢੀ ਰਾਸ਼ੀ ਹੈ। ਧਨ ਦੇ ਨਾਲ ਨਾਲ ਸਮਾਂ ਕੱਢ ਕੇ ਆਪਣੀਆਂ ਹੋਰ ਸੇਵਾਵਾਂ ਵੀ ਲੋੜਵੰਦਾਂ ਅਤੇ ਗੁਰਮਤਿ ਪ੍ਰਚਾਰ ਲਈ ਦੇਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ।

ਮੱਦ :  23.        ਘੁੰਡ ਜਾਂ ਪਰਦੇ ਦੀ ਰਸਮ ਮਨਮੱਤ ਹੈ।

ਵਿਆਖਿਆ: ਪੁਰਾਤਨ ਸਮੇਂ ਤੋਂ ਹੀ ਸਮਾਜ ਵਿਚ ਇਸਤਰੀ ਨੂੰ ਮਰਦ ਨੇ ਦਬਾ ਕੇ ਰੱਖਦੇ ਹੋਏ, ਉਸ ਨੂੰ ਨੀਂਵਾ ਦਰਜਾ ਦਿਤਾ ਹੈ। ਇਸਤਰੀ ਉਪਰ ਸਮਾਜ ਅਤੇ ਧਰਮ ਦੇ ਠੇਕੇਦਾਰਾਂ ਨੇ ਅਨੇਕਾਂ ਬੰਦਸ਼ਾਂ ਲਾਈਆਂ। ਘੁੰਡ ਜਾਂ ਪਰਦੇ ਦੀ ਪ੍ਰਥਾ ਵੀ ਇਕ ਐਸੀ ਹੀ ਸੋਚ ਦੀ ਉਪਜ ਹੈ।

ਮੱਦ :  24.        ਪਤੀ-ਪਤਨੀ ਆਚਰਣਕ ਪੱਖੋਂ ਇਕ ਦੂਜੇ ਪ੍ਰਤੀ ਵਫਾਦਾਰ ਰਹਿਣ।

1.      ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥3॥  (ਮਹਲਾ 5, ਪੰਨਾ 672)

2.      ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥  (ਮਹਲਾ 1, ਪੰਨਾ 1013)

3.      ਘਰ ਕੀ ਨਾਰਿ ਤਿਆਗੈ ਅੰਧਾ ॥ ਪਰ ਨਾਰੀ ਸਿਉ ਘਾਲੈ ਧੰਧਾ ॥   (ਭਗਤ ਨਾਮਦੇਵ ਜੀ, ਪੰਨਾ 1165)

4.      ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ ਹਉਮੈ ਕਰਤ ਗਵਾਇਆ ॥

          ਪਰ ਧਨ ਪਰ ਨਾਰੀ ਰਤੁ ਨਿੰਦਾ ਬਿਖੁ ਖਾਈ ਦੁਖੁ ਪਾਇਆ ॥  (ਮਹਲਾ 1, ਪੰਨਾ 1255)

5.      ਬਨਿਤਾ ਛੋਡਿ ਬਦ ਨਦਰਿ ਪਰ ਨਾਰੀ॥ ਵੇਸਿ ਨ ਪਾਈਐ ਮਹਾ ਦੁਖਿਆਰੀ॥5॥ (ਮਹਲਾ 5, ਪੰਨਾ 1348)

6.      ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥ ਸਾਧ ਕੀ ਟਹਲ ਸੰਤਸੰਗਿ ਹੇਤ ॥  (ਮਹਲਾ 5, ਪੰਨਾ 274)

7.      ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ॥  ਪਿਰੁ ਛੋਡਿਆ ਘਗਿ ਆਪਣਾ ਪਰ ਪੁਰਖੈ ਨਾਲਿ ਪਿਆਰੁ॥ (ਮਹਲਾ 3, ਪੰਨਾ 89)

ਵਿਆਖਿਆ : ਪਤੀ-ਪਤਨੀ ਦੇ ਰਿਸ਼ਤੇ ਵਿਚ ਆਚਰਣਕ ਪੱਖੋਂ ਵਫਾਦਾਰੀ ਇਕ ਮਜ਼ਬੂਤ ਆਧਾਰ ਹੈ। ਪਤੀ-ਪਤਨੀ ਵਿਚ ਪਾਏ ਜਾਂਦੇ ਕਲੇਸ਼ ਜਾਂ ਵਿੱਥ ਦਾ ਇਕ ਮੂਲ ਕਾਰਨ ਆਪਸ ਵਿਚ ਵਫਾਦਾਰੀ ਦੀ ਘਾਟ ਹੈ। ਨਜ਼ਾਇਜ ਸ਼ਰੀਰਕ ਸੰਬੰਧਾਂ ਤੋਂ ਪਰਹੇਜ਼ ਦੇ ਨਾਲ ਨਾਲ ਪਤੀ-ਪਤਨੀ ਵਿਚ ਹੋਰ ਪੱਖਾਂ ਤੋਂ ਵੀ ਸਾਂਝ ਅਤੇ ਵਫਾਦਾਰੀ ਜ਼ਰੂਰੀ ਹੈ। ਇਕ ਦੂਜੇ ਤੇ ਬੇਲੋੜਾ ਸ਼ੱਕ ਕਰਨ ਦਾ ਸੁਭਾਅ ਵੀ ਗਲਤ ਹੈ। ਆਪਸੀ ਵਿਸ਼ਵਾਸ ਗੂੜ ਰਿਸ਼ਤੇ ਦਾ ਇਕ ਮੂਲ ਆਧਾਰ ਹੈ। ਰਿਸ਼ਤੇ ਵਿਚ ਸਮਰਪਣ ਅਤੇ ਵਫਾਦਾਰੀ ਜ਼ਰੂਰੀ ਹੈ। ਆਪਸ ਵਿਚ ਪਿਆਰ ਦਾ ਇਕ ਮੂਲ ਆਧਾਰ ਇਕ-ਦੁਜੇ ਦੇ ਰਿਸ਼ਤੇਦਾਰਾਂ ਦਾ ਦਿਲੋਂ ਇੱਜਤ ਮਾਨ ਕਰਨਾ ਵੀ ਹੈ।

ਮੱਦ : 25. ਸ਼ਰਾਬ, ਤੰਬਾਕੂ ਸਮੇਤ ਕੋਈ ਵੀ ਨਸ਼ਾ ਨਾ ਵਰਤੇ।

1.      ਸਲੋਕ ਮਃ 3 ॥

         ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥

         ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥

         ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥

         ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥1॥   (ਪੰਨਾ 554)

2.      ਕਾਹੂ ਬਿਹਾਵੈ ਖੇਲਤ ਜੂਆ ॥ ਕਾਹੂ ਬਿਹਾਵੈ ਅਮਲੀ ਹੂਆ ॥

          ਕਾਹੂ ਬਿਹਾਵੈ ਪਰ ਦਰਬ ਚੁੋਰਾਏ ॥ ਹਰਿ ਜਨ ਬਿਹਾਵੈ ਨਾਮ ਧਿਆਏ ॥3॥  (ਮਹਲਾ 5, ਪੰਨਾ 914)

3.      ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥2॥  (ਮਹਲਾ 1, ਪੰਨਾ 417)

4.      ਪਾਨ ਕਪੂਰ ਸੁਬਾਸਕ ਚੰਦਨ ਅੰਤਿ ਤਊ ਮਰਨਾ ॥3॥  (ਭਗਤ ਕਬੀਰ ਜੀ, ਪੰਨਾ 477)

5.      ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥ ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥13॥  (ਮਹਲਾ 4, ਪੰਨਾ 726)

6.      ਕਾਮਨਿ ਚਾਹੈ ਸੁੰਦਰਿ ਭੋਗੁ ॥ ਪਾਨ ਫੂਲ ਮੀਠੇ ਰਸ ਰੋਗ ॥

         ਖੀਲੈ ਬਿਗਸੈ ਤੇਤੋ ਸੋਗ ॥ ਪ੍ਰਭ ਸਰਣਾਗਤਿ ਕੀਨ੍‍ਸਿ ਹੋਗ ॥5॥  (ਮਹਲਾ 1, ਪੰਨਾ 1187)

ਵਿਆਖਿਆ:        ਨਸ਼ਾ ਮਨੁੱਖੀ ਸਮਾਜ ਦੀ ਇਕ ਵੱਡੀ ਮਾਰੂ ਅਲਾਮਤ ਹੈ। ਨਸ਼ੇ ਦੀ ਲੱਤ ਵਿਚ ਫਸਿਆ ਮਨੁੱਖ ਸਿਰਫ ਆਪਣੀ ਸਿਹਤ ਦਾ ਨੁਕਸਾਨ ਹੀ ਨਹੀਂ ਕਰਦਾ ਬਲਕਿ ਉਹ ਆਪਣੇ ਪਰਿਵਾਰ ਵਿਚ ਮਾਨਸਿਕ ਅਤੇ ਆਰਥਿਕ ਪੱਖੋਂ ਕਲੇਸ਼ ਦਾ ਕਾਰਨ ਵੀ ਬਣਦਾ ਹੈ। ਪਰਿਵਾਰ ਦੇ ਇਕ ਜੀਅ ਦੀ ਨਸ਼ੇ ਦੀ ਲੱਤ ਕਰਕੇ ਪਰਿਵਾਰ ਬਰਬਾਦ ਹੁੰਦੇ ਆਮ ਦੇਖੇ ਜਾ ਸਕਦੇ ਹਨ। ਨਸ਼ੇ ਦੇ ਤ੍ਰਿਸ਼ਨਾ ਵਿਚ ਉਲਝਿਆ ਮਨੁੱਖ ਆਖਿਰ ਚੋਰੀ, ਲੁੱਟ-ਖੋਹ ਕਰਨ ਤੱਕ ਪਹੁੰਚ ਜਾਂਦੀ ਹੈ। ਨਸ਼ੇ ਦੀ ਹਾਲਾਤ ਵਿਚ ਮਨੁੱਖ ਦੀ ਵਿਚਾਰ ਸ਼ਕਤੀ ਖਤਮ ਹੋ ਜਾਂਦੀ ਹੈ ਅਤੇ ਉਸ ਨੂੰ ਗਲਤ-ਸਹੀ ਦਾ ਫੈਸਲਾ ਕਰਨ ਦੀ ਸੋਝੀ ਵੀ ਨਹੀਂ ਰਹਿੰਦੀ। ਅੱਜ ਸਮਾਜ ਵਿਚ ਨਸ਼ੇ ਦੀ ਸਮੱਸਿਆ ਭਿਆਨਕ ਰੂਪ ਵਿਚ ਸਾਹਮਣੇ ਹੈ। ਨਸ਼ਿਆਂ ਦੀਆਂ ਕਿਸਮਾਂ ਵੀ ਨਿਤ ਵੱਧਦੀਆਂ ਜਾ ਰਹੀਆਂ ਹਨ। ਨਸ਼ੇ ਦੀ ਆਦਤ ਕਮਜ਼ੋਰ ਮਨ ਦੀ ਨਿਸ਼ਾਨੀ ਹੈ। ਗੁਰਮਤਿ ਐਸੀਆਂ ਅਲਾਮਤਾਂ ਪ੍ਰਤੀ ਸੁਚੇਤ ਕਰਦੀ ਹੈ। ਗੁਰਮਤਿ ਮਾਰਗ ਦੇ ਰਾਹੀ ਆਪਣੀ ਦ੍ਰਿੜ ਇੱਛਾ-ਸ਼ਕਤੀ ਕਾਰਨ ਨਸ਼ੇ ਦੇ ਸੇਵਨ ਵਿਚ ਨਹੀਂ ਫਸਦੇ।

ਮੱਦ:  26. ਪੰਜ ਵਿਕਾਰਾਂ ਨੂੰ ਆਪਣੇ ਉਤੇ ਭਾਰੂ ਹੋਣ ਤੋਂ ਰੋਕਣ ਲਈ ਮਨ ਨੂੰ ਆਪਣੇ ਕਾਬੂ ਵਿਚ ਰੱਖਣ ਲਈ ਯਤਨ ਕਰੇ।

1.      ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ॥ (ਮਹਲਾ 5, ਪੰਨਾ 51)

2.      ਗਉੜੀ ਚੇਤੀ ਮਹਲਾ 1॥

         ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ॥

         ਮਾਰਹਿ ਲੂੁਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ॥1॥

         ਸ੍ਰੀ ਰਾਮ ਨਾਮਾ ਉਚਰੁ ਮਨਾ॥ ਆਗੈ ਜਮ ਦਲੁ ਬਿਖਮੁ ਘਨਾ॥1॥ਰਹਾਉ॥  (ਮਹਲਾ 1, ਪੰਨਾ 155)

ਵਿਆਖਿਆ:  ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਤੋਂ ਬੱਚਣ ਦੀ ਸੇਧ ਗੁਰਬਾਣੀ ਵਿਚ ਅਨੇਕਾਂ ਵਾਰ ਮਿਲਦੀ ਹੈ। ਇਕ ਮਨੁੱਖ ਦੇ ਚਰਿਤ੍ਰ-ਘਾਣ ਲਈ ਇਹੀ ਵਿਕਾਰ ਦੋਸ਼ੀ ਹਨ। ਇਨ੍ਹਾਂ ਨੂੰ ਕਾਬੂ ਵਿਚ ਰੱਖਣ ਲਈ ਦ੍ਰਿੜ ਇੱਛਾ-ਸ਼ਕਤੀ ਦੀ ਲੋੜ ਹੁੰਦੀ ਹੈ।

ਮੱਦ: 27.  ਇਕ-ਦੂਜੇ ਨੂੰ ਮਿਲਣ ਸਮੇਂ ਫਤਹਿ ਬੁਲਾਈ ਜਾਵੇ।

ਵਿਆਖਿਆ :       ਇਕ ਦੁਜੇ ਨੂੰ ਮਿਲਣ ਸਮੇਂ ਮਨ ਵਿਚ ਚਾਅ ਅਤੇ ਉਮਾਹ ਪੈਦਾ ਹੋਣਾ ਚਾਹੀਦਾ ਹੈ। ਇਹ ਸਿਰਫ ਰਸਮੀ ਨਹੀਂ ਹੋਣਾ ਚਾਹੀਦਾ। ਮਿਲਣ ਸਮੇਂ ਉਚੇ-ਨੀਂਵੇ, ਜ਼ਾਤ-ਪਾਤ ਦਾ ਖਿਆਲ ਮਨ ਵਿਚ ਨਹੀਂ ਲਿਆਉਣਾ ਚਾਹੀਦਾ।

ਗੁਰਦੁਆਰਾ

ਮੱਦ : 1.   ਗੁਰਦੁਆਰਾ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ (ਗੁਰਮਤਿ) ਦੀ ਰੋਸ਼ਨੀ ਵਿਚ ਵਿਚਾਰ ਲਈ ਸੰਗਤ ਦੇ ਜੁੜਣ ਦੀ ਥਾਂ ਅਤੇ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਇਕ ਕਾਰਜਸ਼ਾਲਾ ਹੈ।

1.      ਸਚੁ ਸਾਲਾਹੀ ਧੰਨੁ ਗੁਰਦੁਆਰੁ ॥ ਨਾਨਕ ਦਰਿ ਘਰਿ ਏਕੰਕਾਰੁ ॥4॥7॥  (ਮਹਲਾ 1, ਪੰਨਾ 153)

2.      ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ॥  (ਮਹਲਾ 3, ਪੰਨਾ 919)

3.      ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥  (ਮਹਲਾ 1,  ਪੰਨਾ 730)

ਵਿਆਖਿਆ : ‘ਗੁਰਦੁਆਰੇ’ ਦਾ ਗੁਰਮਤਿ ਅਨੁਸਾਰੀ ਭਾਵ ਅਰਥ ਹੈ ‘ਗੁਰੂ’ (ਸੱਚ ਦਾ ਗਿਆਨ) ਨੂੰ ਪ੍ਰਾਪਤ ਕਰਨ ਦਾ ਮਾਰਗ (ਜਾਂ ਦੁਆਰ)। ਤਾਂ ਹੀ ਉਪਰੋਕਤ ਇਕ ਗੁਰਵਾਕ  ਦਾ ਭਾਵ ਅਰਥ ਹੈ ਕਿ ‘ਸੱਚ ਦੇ ਗਿਆਨ’ (ਗੁਰੂ) ਦੇ ਮਾਰਗ (ਸ਼ਬਦ ਵਿਚਾਰ) ਰਾਹੀਂ ਸੋਝੀ (ਬਿਬੇਕ ਬੁੱਧੀ) ਦੀ ਪ੍ਰਾਪਤੀ ਹੁੰਦੀ ਹੈ। ਸੋ ਇਹ ਸਪਸ਼ਟ ਹੋਣ ਜ਼ਰੂਰੀ ਹੈ ਕਿ ਗੁਰਮਤਿ ਅਨੁਸਾਰ ‘ਗੁਰਦੁਆਰਾ’ ਸਿਰਫ ਇਕ ਬਿਲਡਿੰਗ ਦਾ ਨਾਮ ਨਹੀਂ, ਬਲਕਿ ਜਿਥੇ ਵੀ ‘ਸੱਚ ਦੀ ਵਿਚਾਰ’ ਹੋ ਰਹੀ ਹੈ, ਉਹ ਗੁਰਦੁਆਰਾ ਹੈ। ਇਹ ਵੀ ਸਪਸ਼ਟ ਹੈ ਕਿ ਅਸਲ ‘ਗੁਰਦੁਆਰਾ’ ਉਹੀ ਹੈ ਜਿਥੇ ‘ਸੱਚ ਦੀ ਵਿਚਾਰ’ ਹੁੰਦੀ ਹੈ। ਅਫਸੋਸ! ਅੱਜ ਸਿੱਖ ਸਮਾਜ ਵਿਚ ‘ਗੁਰਦੁਆਰੇ’ ਅਸਲ ਮਾਅਨੇ ਵਿਚ ਪੂਜਾ-ਸਥਲ ਬਣ ਕੇ ਰਹਿ ਗਏ ਹਨ, ਜਿਥੇ ਗਿਆਨ ਦੀ ਥਾਂ ‘ਕਰਮਕਾਂਡ’ ਭਾਰੂ ਹਨ।

ਇਕ ਸੁਚੱਜੇ, ਨੇਕ ਅਤੇ ਸੁਯੋਗ ਮਨੁੱਖ (ਸਿੱਖ) ਦੀ ਘਾੜਤ ਕਰਨ ਲਈ ਐਸੀ ਕਾਰਜਸ਼ਾਲਾ ਦੀ ਲੋੜ ਹੈ, ਜੋ ਮਨੁੱਖ ਦੇ ਸਰਬਪੱਖੀ ਵਿਕਾਸ ਦਾ ਸਾਧਨ ਬਣ ਸਕੇ। ਨਾਨਕ ਇਨਕਲਾਬ ਵਿਚ ਧਰਮਸਾਲ (ਗੁਰਦੁਆਰੇ) ਦਾ ਸੰਕਲਪ ਉਸ ਕਾਰਜਸ਼ਾਲਾ ਦੀ ਪੂਰਤੀ ਹੀ ਹੈ। ਇਹ ਸੱਚਾਈ ਅਫਸੋਸਜਨਕ ਹੈ ਕਿ ਸਮਾਂ ਪਾਕੇ ਸਿੱਖ ਸਮਾਜ ਨੇ ਉਸੇ ਧਰਮਸਾਲ (ਗੁਰਦੁਆਰੇ) ਨੂੰ ਅਨਮਤਾਂ ਵਾਂਗੂ ਇਕ ਪੂਜਾ ਸਥਲ ਦਾ ਰੂਪ ਦੇ ਦਿਤਾ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਮੂਰਤੀ ਦਾ। ਸਿੱਖ ਸਮਾਜ ਦੇ ਗੁਰਮਤਿ ਤੋਂ ਭਟਕਾਵ ਦਾ ਇਹ ਇਕ ਮੂਲ ਕਾਰਨ ਹੈ।

ਇਕ ਸਿੱਖ ਦੀ ਘਾੜਤ ਲਈ ਸਭ ਤੋਂ ਪਹਿਲੀ ਲੋੜ ਸੱਚ ਆਧਾਰਿਤ ਸੁਚੱਜੀ ਸੇਧ (ਸੱਚ ਦਾ ਗਿਆਨ) ਦੀ ਹੈ, ਜਿਸ ਲਈ ਸਾਡੇ ਕੋਲ਼ ਗੁਰਬਾਣੀ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ) ਰੂਪੀ ਲਾਸਾਨੀ ਸੋਮਾ ਹੈ। ਇਸ ਗਿਆਨ ਅਨੁਸਾਰੀ ਜੀਵਨ ਦੀ ਜਾਚ ਬਣਾਉਣ ਲਈ ਗੁਰਦੁਆਰੇ ਵਿਚ ਇਸ ਦੇ ਪ੍ਰੈਕਟੀਕਲ ਟ੍ਰੇਨਿੰਗ ਦੇ ਵੀ ਸਾਧਨ ਹੋਣੇ ਚਾਹੀਦੇ ਹਨ। ਇਸ ਲਈ ਗੁਰਦੁਆਰਾ ਕੰਪਲੈਕਸ ਵਿਚ ਵੱਖ ਵੱਖ ਵਿਭਾਗ ਹੋਣੇ ਚਾਹੀਦੇ ਹਨ। ਇਸ ਕਾਰਜਸ਼ਾਲਾ ਤੋਂ ਤਿਆਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਨਰੋਏ ਸਮਾਜ ਦੀ ਘਾੜਤ ਲਈ ਇਮਾਨਦਾਰੀ ਨਾਲ ਆਪਣਾ ਯੋਗਦਾਨ ਪਾਵੇ।

ਧਰਮਸਾਲ ਦਾ ਇਕ ਹੋਰ ਪੱਖ ਮਨੁੱਖੀ ਸੇਵਾ ਦਾ ਹੈ। ਇਸ ਲਈ ਗੁਰਦੁਆਰਾ ਕੰਪਲੈਕਸ ਵਿਚ ਲੋੜਵੰਦਾਂ ਲਈ ਨਿਸ਼ਕਾਮ ਸਹਾਇਤਾ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ ਜਿਵੇ ਡਿਸਪੈਂਸਰੀ/ਹਸਪਤਾਲ, ਸਕੂਲ ਆਦਿਕ।

ਗੁਰਦੁਆਰਾ ਕੰਪਲੈਕਸ ਵਿਚਲੇ ਹਰ ਕਾਰਜ ਵਿਚ ਸ਼ਰਧਾ ਦੀ ਥਾਂ ਗਿਆਨ ਦਾ ਭਾਰੂ ਹੋਣਾ ਜ਼ਰੂਰੀ ਹੈ। ਗਿਆਨ ਵਿਹੂਣੀ ਸ਼ਰਧਾ ਕਾਰਨ ਹੀ ਚੰਗੇ ਮਤਾਂ ਵਿਚ ਸਮੇਂ ਨਾਲ ਕਰਮਕਾਂਡ ਅਤੇ ਅੰਧਵਿਸ਼ਵਾਸ ਭਾਰੂ ਹੋ ਜਾਂਦੇ ਹਨ।

ਮੱਦ : 2.   ਗੁਰਦੁਆਰੇ ਦੀ ਹਦੂਦ ਵਿਚ ਨਿਸ਼ਾਨ ਦਾ ਹੋਣਾ ਲਾਜ਼ਮੀ ਹੈ। ਨਿਸ਼ਾਨ ਦੇ ਕਪੜੇ ਦਾ ਰੰਗ ਨੀਲਾ ਹੋਵੇ। ਇਸ ਨੂੰ ਮੱਥੇ ਟੇਕਣਾ, ਪਰਕਰਮਾ ਕਰਨੀ ਮਨਮੱਤ ਹੈ।

ਵਿਆਖਿਆ : ਨਿਸ਼ਾਨ ਦਾ ਮਤਲਬ ਹੁੰਦਾ ਹੈ, ਪਛਾਣ ਦਾ ਇਕ ਸਾਧਨ। ਸੋ ਕਿਸੇ ਲੋੜਵੰਦ/ਜਗਿਆਸੂ ਨੂੰ ਦੁਰੋਂ ਹੀ ‘ਗੁਰਦੁਆਰਾ ਕੰਪਲੈਕਸ’ ਦੀ ਪਛਾਣ ਕਰਵਾਉਣ ਦੇ ਮਕਸਦ ਨਾਲ ਹੀ ਨਿਸ਼ਾਨ ਲਾਇਆ ਜਾਂਦਾ ਹੈ। ਇਸ ਨੂੰ ਪਵਿੱਤਰ ਥੜਾ ਮਨ ਕੇ ਇਸ ਦੀ ਪਰਿਕਰਮਾ ਕਰਨੀ ਜਾਂ ਮੱਥੇ ਟੇਕਨਾ ਇਕ ਭਰਮ (ਮਨਮੱਤ) ਹੈ। ਇਸ ਦੀ ਉਚਾਈ ਇਤਨੀ ਹੋਣੀ ਚਾਹੀਦੀ ਹੈ ਕਿ ਦੂਰੋਂ ਨਜ਼ਰ ਆ ਜਾਵੇ। ਇਸ ਸੰਬੰਧੀ ਕੋਈ ਭਰਮ ਨਹੀਂ ਕਰਨਾ। ਗੁਰਮਤਿ ਵਿਚ ਕਿਸੇ ਖਾਸ ਰੰਗ ਦਾ ਕੋਈ ਮਹੱਤਵ ਨਹੀਂ ਮੰਨਿਆ ਗਿਆ। ਸਿਰਫ ਇਕਸਾਰਤਾ ਰੱਖਣ ਲਈ ਨਿਸ਼ਾਨ ਦਾ ਇਕੋ ਰੰਗ ਰੱਖਿਆ ਗਿਆ ਹੈ। ਪ੍ਰਮਾਨਿਕ ਇਤਿਹਾਸ ਅਨੁਸਾਰ ਦਸਮ ਪਾਤਸ਼ਾਹ ਜੀ ਵੇਲੇ ਇਸ ਦਾ ਰੰਗ ਨੀਲਾ ਹੁੰਦਾ ਸੀ। ਪਰ ਸਮੇਂ ਨਾਲ ਪੁਜਾਰੀਵਾਦੀ ਅਸਰ ਕਾਰਨ ਸਿੱਖ ਸਮਾਜ ਨੇ ਇਸ ਦਾ ਰੰਗ ਬ੍ਰਾਹਮਣੀ ਭਗਵੇਂਕਰਨ ਦਾ ਪ੍ਰਤੀਕ ‘ਕੇਸਰੀ’ ਅਪਣਾ ਲਿਆ।

ਮੱਦ :  3. ਗੁਰਦੁਆਰੇ ਵਿਚ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਕਾਸ਼ ਦਾ ਹੋਣਾ ਲਾਜ਼ਮੀ ਹੈ।

ਵਿਆਖਿਆ :  ‘ਗੁਰਦੁਆਰੇ’ ਦਾ ਮੂਲ ਮਕਸਦ ‘ਸੱਚ ਦੇ ਗਿਆਨ’ (ਗੁਰੂ) ਨਾਲ ਸਾਂਝ ਪੈਦਾ ਕਰਨਾ ਹੈ। ‘ਸੱਚ ਦੇ ਗਿਆਨ’ ਦਾ ਪੂਰਨ ਅਤੇ ਪ੍ਰਮਾਣਿਕ ਸੋਮਾ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਵਿਚਲੀ ‘ਗੁਰਬਾਣੀ’ ਹੈ। ਸੋ ਗੁਰਬਾਣੀ ਦੀ ਵਿਚਾਰ (ਸ਼ਬਦ ਵਿਚਾਰ)  ਦਾ ਗੁਰਦੁਆਰੇ ਵਿਚ ਪ੍ਰਬੰਧ ਹੋਣਾ ਲਾਜ਼ਮੀ ਹੈ।

ਮੱਦ : 4.    ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੋਵੇ ਤਾਂ ਲੋੜੀਂਦਾ ਸਮਾਨ ਵਰਤਿਆ ਜਾਵੇ, ਜੋ ਸਾਦਾ ਹੋਵੇ।

 

ਵਿਆਖਿਆ : ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਪ੍ਰਕਾਸ਼ ਲਈ ਲੋੜੀਂਦਾ (ਰੁਮਾਲੇ ਆਦਿ) ਸਮਾਨ ਵਰਤਿਆ ਜਾਵੇ। ਪਰ ਇਸ ਸਰੂਪ ਪ੍ਰਤੀ ਸ਼ਰਧਾ ਹੇਠ ਮੂਰਤੀ ਵਾਂਗੂ ਵਰਤਾਅ ਕਰਦੇ ਹੋਏ ਬੇਲੋੜਾ ਵਿਖਾਵਾ ਅਤੇ ਕਰਮਕਾਂਡ ਨਾ ਕੀਤੇ ਜਾਣ।

ਮੱਦ: 5.    ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਨਾਲ ਸੰਬੰਧਿਤ ਸਮਾਨ/ਸਾਧਨ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਲੋੜ ਮੁਤਾਬਿਕ ਆਪ ਕਰਨ। ਸ਼ਰਧਾ ਦੇ ਭਰਮ ਹੇਠ ਰੁਮਾਲੇ/ਚੰਦੋਏ ਆਦਿ ਨਾ ਚੜ੍ਹਾਏ ਜਾਣ।

ਵਿਆਖਿਆ :  ਸਰੂਪ ਦੇ ਪ੍ਰਕਾਸ਼ ਲਈ ਲੋੜੀਂਦਾ ਸਾਮਾਨ (ਰੁਮਾਲੇ) ਆਦਿ ਭੇਟਾ ਕਰਨ ਦੀ ਸ਼ਰਧਾ ਨੇ ਸਮਾਜ ਵਿਚ ਕਈਂ ਕਰਮਕਾਂਡਾਂ ਨੂੰ ਜਨਮ ਦਿਤਾ ਹੈ। ਇਸ ਨਾਲ ਧਨ ਦੀ ਬਰਬਾਦੀ ਵੀ ਬਹੁਤ ਹੁੰਦੀ ਹੈ। ਗੁਰਮਤਿ ਐਸੀ ਸ਼ਰਧਾ ਨੂੰ ਮਾਨਤਾ ਨਹੀਂ ਦਿੰਦੀ। ਇਸ ਲਈ ਸ਼ਰਧਾ ਦੇ ਭਰਮ ਹੇਠ ਰੁਮਾਲੇ ਚੜ੍ਹਾਉਣਾ ਗਲਤ ਹੈ। ਸਰੂਪ ਦੇ ਪ੍ਰਕਾਸ਼ ਲਈ ਲੋੜੀੰਦੇ ਸਮਾਨ ਦਾ ਪ੍ਰਬੰਧ ਗੁਰਦੁਆਰਾ ਕਮੇਟੀ ਆਪ ਹੀ ਕਰੇ।

ਮੱਦ : 6.   ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿਚ ਧੂਫ, ਦੀਵੇ ਆਦਿ ਜਗਾਉਣਾ ਜਾਂ ਇਨ੍ਹਾਂ ਨਾਲ ਆਰਤੀ ਕਰਨੀ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ, ਕੁੰਭ-ਨਾਰੀਅਲ ਰੱਖਣੇ, ਘੜਿਆਲ, ਮੂਰਤੀਆਂ, ਫੁੱਲਾਂ ਦੀ ਵਰਖਾ, ਸਸ਼ਤਰ ਸਜਾਉਣਾ ਆਦਿ ਮਨਮੱਤ ਹੈ।

1.      ਧੂਪ ਦੀਪ ਨਈਬੇਦਹਿ ਬਾਸਾ ॥ ਕੈਸੇ ਪੂਜ ਕਰਹਿ ਤੇਰੀ ਦਾਸਾ ॥3॥   (ਭਗਤ ਰਵਿਦਾਸ ਜੀ, 525)

2.      ਰੂਪ ਨ ਧੂਪ ਨ ਗੰਧ ਨ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥

          ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ॥2॥3॥89॥ (ਮਹਲਾ 5, ਪੰਨਾ 822)

3.      ਧੂਪ ਦੀਪ ਕਰਤੇ ਹਰਿ ਨਾਮ ਤੁਲਿ ਨ ਲਾਗੇ ॥ ਰਾਮ ਦਇਆਰ ਸੁਨਿ ਦੀਨ ਬੇਨਤੀ ॥

          ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥2॥2॥131॥  (ਮਹਲਾ 5, ਪੰਨਾ 1229)

4.      ਰਾਗੁ ਧਨਾਸਰੀ ਮਹਲਾ 1 ॥

          ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥

          ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥1॥

          ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥1॥ ਰਹਾਉ ॥

          ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁੋਹੀ ॥

         ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥2॥

         ਸਭ ਮਹਿ ਜੋਤਿ ਜੋਤਿ ਹੈ ਸੋਇ ॥ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥

        ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥3॥

        ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੁੋ ਮੋਹਿ ਆਹੀ ਪਿਆਸਾ ॥

        ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥4॥3॥  (ਪੰਨਾ 13)

5.      ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥1॥ ਰਹਾਉ ॥

        ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥

       ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥1॥

       ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥

      ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥2॥

      ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥

      ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥3

     ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥

    ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ॥4॥3॥  (ਭਗਤ ਰਵਿਦਾਸ ਜੀ, ਪੰਨਾ 694)

6.      ਪਾਖਾਨ ਗਢਿ ਕੈ ਮੂਰਤਿ ਕੀਨ੍‍ੀ ਦੇ ਕੈ ਛਾਤੀ ਪਾਉ ॥

          ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥3॥   (ਭਗਤ ਕਬੀਰ ਜੀ, ਪੰਨਾ 479)

7.      ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥ ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥4॥   (ਭਗਤ ਕਬੀਰ ਜੀ, ਪੰਨਾ 479)

8.      ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥

          ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥1॥   (ਭਗਤ ਕਬੀਰ ਜੀ, ਪੰਨਾ 1349)

ਵਿਆਖਿਆ :       ਬ੍ਰਾਹਮਣੀ ਮੰਦਰਾਂ ਵਿਚ ਮੂਰਤੀ ਪੂਜਾ ਲਈ ਧੂਫ, ਅਗਰਬਤੀ, ਦੀਵੇ, ਜੋਤਾਂ ਆਦਿ ਜਗਾਉਣ ਅਤੇ ਮੂਰਤੀ ਦੀ ਆਰਤੀ ਕੀਤੀ ਜਾਂਦੀ ਹੈ, ਉਸ ਨੂੰ ਭੋਗ ਲਗਾਇਆ ਜਾਂਦਾ ਹੈ। ਗੁਰਬਾਣੀ ਵਿਚ ਥਾਂ ਥਾਂ ਐਸੇ ਕਰਮਕਾਂਡਾਂ ਦਾ ਭਰਪੂਰ ਖੰਡਨ ਮਿਲਦਾ ਹੈ। ਪਰ ਬ੍ਰਾਹਮਣੀ ਸੋਚ ਦੀ ਜਕੜ ਵਿਚ ਆਉਣ ਕਰਕੇ ਸਿੱਖ ਸਮਾਜ ਨੇ ਵੀ ਪ੍ਰਚਲਿਤ ‘ਗੁਰਦੁਆਰਿਆਂ’ ਵਿਚ ਧੂਫ, ਅਗਰਬੱਤੀ, ਦੀਵੇ, ਜੋਤਾਂ ਜਗਾਉਣਾ ਸ਼ੁਰੂ ਕਰ ਦਿਤਾ। ਮੂਰਤੀ ਦੀ ਥਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੰਨ ਲਿਆ ਅਤੇ ਕਈਂ ਇਤਿਹਾਸਕ ‘ਗੁਰਦੁਆਰਿਆਂ’ ਵਿਚ ਮੂਰਤੀ ਵਾਂਗੂ ਸਰੂਪ ਦੀ ਆਰਤੀ ਵੀ ਉਤਾਰੀ ਜਾਣ ਲੱਗ ਪਈ। ਮੂਰਤੀ ਦੀ ਤਰਜ਼ ਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਨੂੰ ਕੜਾਹ ਅਤੇ ਲੰਗਰ ਦਾ ਭੋਗ ਵੀ ਆਮ ਹੀ ਲਾਇਆ ਜਾ ਰਿਹਾ ਹੈ। ਗੁਰੁਦਆਰੇ ਦਾ ਅਸਲ ਰੂਪ ‘ਗਿਆਨ ਦਾ ਕੇਂਦਰ’ ਹੈ, ਕਰਮਕਾਂਡ ਦਾ ਕੇਂਦਰ ਨਹੀਂ। ਸੋ ਗੁਰਦੁਆਰੇ ਵਿਚ ਇਹ ਅਲਾਮਤਾਂ (ਕਰਮਕਾਂਡ) ਨਹੀਂ ਹੋਣੇ ਚਾਹੀਦੇ।

ਮੱਦ :  7.          ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਹਜ਼ੂਰੀ ਵਿਚ ਹਾਰ, ਸਜਾਵਟੀ ਚਮਕਾਰੇ ਮਾਰਦੀਆਂ ਲਾਈਟਾਂ, ਲੜੀਆਂ, ਬੇਲੋੜੀ ਸਜਾਵਟ ਆਦਿ ਸੰਗਤ ਦਾ ਧਿਆਉਣ ਗੁਰਬਾਣੀ ਤੋਂ ਹਟਾਉਂਦੇ ਹਨ, ਸੋ ਨਾ ਕੀਤਾ ਜਾਵੇ। ਗੁਰਮਤਿ ਸਮਾਗਮ ਸਾਦੇ ਅਤੇ ਘੱਟ ਖਰਚੀਲੇ ਹੋਣ। ਗੁਰਦੁਆਰਾ ਹਦੂਦ ਵਿਚ ਰਸਮ ਜਾਂ ਤਿਉਹਾਰ ਵਜੋਂ ਮੋਮਬਤੀਆਂ ਜਲਾਉਣੀਆਂ ਅਤੇ ਆਤਿਸ਼ਬਾਜ਼ੀ ਮਨਮੱਤ ਹੈ।

ਵਿਆਖਿਆ : ਗੁਰਦੁਆਰਾ ਗਿਆਨ ਦਾ ਕੇਂਦਰ ਹੈ ਜਿਥੇ ਮਨ ਦੇ ਟਿਕਾਉ ਲਈ ਸ਼ਾਂਤ ਅਤੇ ਸੰਜਮ ਵਾਲੇ ਮਾਹੋਲ ਦਾ ਹੋਣਾ ਜਰੂਰੀ ਹੈ। ਸਤਿਕਾਰ ਦੇ ਭਰਮ ਹੇਠ ਗੁਰਦੁਆਰਾ ਕੰਪਲੈਕਸ ਵਿਚ ਬੇਲੋੜੇ ਵਿਖਾਵੇ ਦੀ ਥਾਂ ਸਾਦਗੀ ਅਤੇ ਸੰਜਮ ਦਾ ਪ੍ਰਗਟਾਵਾ ਚਾਹੀਦਾ ਹੈ। ਮੌਜੂਦਾ ਸਿੱਖ ਸਮਾਜ ਵਿਚ ਸ਼ਰਧਾ ਅਤੇ ਸਤਿਕਾਰ ਦੇ ਨਾਮ ਤੇ ਗੁਰਪੁਰਬਾਂ ਸਮੇਂ ਬੇਲੋੜਾ ਵਿਖਾਵਾ ਅਤੇ ਬੇਹਿਸਾਬਾ ਖਰਚ ਕੀਤਾ ਜਾਂਦਾ ਹੈ ਅਤੇ ਗਿਆਨ ਦੇ ਲੰਗਰ ਚਲਾਉਣ ਦੀ ਲੋੜ ਵੱਲ ਕੋਈ ਧਿਆਨ ਨਹੀਂ ਦਿਤਾ ਜਾਂਦਾ। ਬ੍ਰਾਹਮਣੀ ਤਿਉਹਾਰਾਂ ਦੀ ਨਕਲ ਹੇਠ ਕੁਝ ਪੁਰਬਾਂ ਵੇਲੇ ਗੁਰਦੁਆਰਿਆਂ ਵਿਚ ਮੋਮਬੱਤੀਆਂ ਜਗਾਉਣ ਅਤੇ ਆਤਿਸ਼ਬਾਜੀ ਆਦਿ ਮਨਮੱਤਾਂ ਵੀ ਆਮ ਹਨ। ਇਹ ਜਿਥੇ ਕੌਮੀ ਧਨ ਦੀ ਬਰਬਾਦੀ ਦਾ ਹੈ, ਉਥੇ ਪ੍ਰਦੂਸ਼ਨ ਪੈਦਾ ਕਰਕੇ ਕੁਦਰਤ ਨਾਲ ਖਿਲਵਾੜ ਕਰਨ ਦਾ ਕਾਰਨ  ਹੈ। ਜਦਕਿ ਗੁਰਬਾਣੀ ਤਾਂ  ਕੁਦਰਤ ਨਾਲ ਪਿਆਰ ਕਰਕੇ ਉਸ ਦਾ ਅਨੰਦ ਮਾਨਣ ਦੀ ਸੇਧ ਬਖਸ਼ਦੀ ਹੈ।

ਮੱਦ :  8.  ਗੁਰਦੁਆਰੇ ਦੀ ਇਮਾਰਤ ਸਾਦੀ ਹੋਵੇ। ਇਸ ਉਪਰ ਸੋਨਾ, ਬੇਲੋੜਾ ਸੰਗਮਰਮਰ ਆਦਿ ਨਾ ਲਾਇਆ ਜਾਵੇ।

1.      ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥ ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥

          ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥4॥   (ਮਹਲਾ 1, ਪੰਨਾ 62)

2.      ਕੰਚਨ ਸਿਉ ਪਾਈਐ ਨਹੀ ਤੋਲਿ ॥ ਮਨੁ ਦੇ ਰਾਮੁ ਲੀਆ ਹੈ ਮੋਲਿ ॥1॥  (ਭਗਤ ਕਬੀਰ ਜੀ, 327)

ਵਿਆਖਿਆ :       ਗੁਰਮਤਿ ਦੀ ਸੇਧ ਅਨੁਸਾਰ ਮਨੁੱਖ ਨੂੰ ਵਿਖਾਵੇ ਦੀ ਥਾਂ ਸਾਦਗੀ ਅਤੇ ਸੰਜਮ ਦਾ ਜੀਵਨ ਜੀਉਣਾ ਚਾਹੀਦਾ ਹੈ। ਗੁਰਦੁਆਰਾ ਇਸ ਲਈ ਇਕ ਸੇਧ ਹੋਣਾ ਚਾਹੀਦਾ ਹੈ। ਪਰ ਬ੍ਰਾਹਮਣੀ ਮੱਤ ਦੇ ਪ੍ਰਭਾਵ ਹੇਠ ਜਕੜੇ ਹੋਣ ਕਰ ਕੇ ਸਿੱਖ ਸਮਾਜ ਵਿਚ ਬ੍ਰਾਹਮਣੀ ਮੰਦਰਾਂ ਦੀ ਤਰਜ਼ ਤੇ ਸੋਨਾ/ਚਾਂਦੀ ਅਤੇ ਬੇਲੋੜਾ ਸੰਗਰਮਰ ਲਾਉਣ ਦੀ ਹੋੜ ਹੀ ਲਗ ਗਈ। ਸਮਾਜ ਦਾ ਬੇਹੱਦ ਕੀਮਤੀ ਦਸਵੰਦ ਲੋੜੋਂ ਵੱਧ ਗੁਰਦੁਆਰਾ ਇਮਾਰਤਾਂ ਤੇ ਖਰਚ ਕੀਤਾ ਜਾਣ ਲਗ ਪਿਆ। ਇਸ ਤਰਾਂ ਗੁਰਦੁਆਰਾ ਕੰਪਲੈਕਸ ਨੂੰ ਬੇਲੋੜੀ ਸ਼ਰਧਾ ਹੇਠ ਵਿਖਾਵੇ ਵਾਲੀਆਂ ਸਜਾਵਟੀ  ਵਸਤੂਆਂ ਨਾਲ ਭਰਿਆ ਜਾਣ ਲਗ ਪਿਆ। ਪਰ ਗੁਰਦੁਆਰੇ ਦੀ ਮੂਲ ਜ਼ਰੂਰਤ ‘ਗੁਰਬਾਣੀ ਵਿਚਾਰ’ ਵੱਲ ਕਿਸੇ ਵਿਰਲੀ ਪ੍ਰਬੰਧਕ ਕਮੇਟੀ ਦਾ ਹੀ ਧਿਆਨ ਹੈ। ਜਿਆਦਾਤਰ ਕਮੇਟੀਆਂ ਵਿਚ ਆਪਣੀ ਗੋਲਕ ਨੂੰ ਵਧਾਉਣ ਲਈ ਨਵੇਂ ਨਵੇਂ ਆਕਰਸ਼ਕ ਕਰਮਕਾਂਡ ਕਰਵਾਉਣ ਅਤੇ ਸਜਾਵਟ ਆਦਿ ਰਾਹੀਂ ਵਿਖਾਵਾ ਕਰਨ ਦੀ ਹੋੜ ਲਗੀ ਹੋਈ ਹੈ। ਪ੍ਰਚਲਿਤ ਗੁਰਦੁਆਰੇ ‘ਗੁਰਮਤਿ ਦੇ ਕੇਂਦਰ’ ਦੀ ਥਾਂ ‘ਪੂਜਾ-ਸਥਲ’ ਬਣ ਗਏ ਹਨ। ਸੋ ਗੁਰਦੁਆਰਾ ਕੰਪਲੈਕਸ ਦਾ ਮਾਹੌਲ ਅਤੇ ਇਮਾਰਤ ਸਾਦੀ ਹੋਵੇ।

ਮੱਦ : 9.  ਗੁਰਦੁਆਰਾ  ਕੰਪਲੈਕਸ ਦੀ ਹਦੂਦ ਵਿਚ ਸ਼ਿਵਲਿੰਗ/ਸਮਾਧ/ਮੜੀ/ਸ਼ਹੀਦੀ ਥੜਾ ਸਮੇਤ ਕੋਈ ਵੀ ਗੁਰਮਤਿ ਵਿਰੋਧੀ ਚਿੰਨ੍ਹ/ਉਸਾਰੀ ਨਾ ਹੋਵੇ।

1.      ਚਿਲਿਮਿਲਿ ਬਿਸੀਆਰ ਦੁਨੀਆ ਫਾਨੀ॥ ਕਾਲੂਬਿ ਅਕਲ ਮਨ ਗੋਰ ਨ ਮਾਨੀ॥  (ਮਹਲਾ 1, ਪੰਨਾ 1291)

2,      ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥ ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥127॥   (ਭਗਤ ਕਬੀਰ ਜੀ, ਪੰਨਾ1371)

3.      ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥   (ਮਹਲਾ 1, ਪੰਨਾ 467)

4.      ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥

          ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥2॥   (ਮਹਲਾ 1, ਪੰਨਾ 730)

5.      ਹੋਇ ਅਉਧੂਤ ਬੈਠੇ ਲਾਇ ਤਾਰੀ ॥ ਜੋਗੀ ਜਤੀ ਪੰਡਿਤ ਬੀਚਾਰੀ ॥

          ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ ॥4॥

         ਕਾਟੇ ਬੰਧਨ ਠਾਕੁਰਿ ਜਾ ਕੇ ॥ ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ ॥

         ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ॥5॥2॥18॥(ਮਹਲਾ 5, ਪੰਨਾ 1004)

6.      ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ॥ ਮੜੀ ਮਸਾਣੀ ਮੂੜੇ ਜੋਗੁ ਨਾਹਿ ॥9॥

         ਗੁਣ ਨਾਨਕੁ ਬੋਲੈ ਭਲੀ ਬਾਣਿ ॥ ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥10॥5॥  (ਮਹਲਾ 1, ਪੰਨਾ 1190)

ਵਿਆਖਿਆ :       ਆਮ ਵੇਖਣ ਵਿਚ ਆਇਆ ਹੈ ਕਿ ਕਈਂ ਪ੍ਰਚਲਿਤ ਗੁਰਦੁਆਰਾ ਹਦੂਦ ਵਿਚ ਹੀ ਕੋਈ ਸਮਾਧ/ਸ਼ਿਵਲਿੰਗ ਮੰਦਿਰ/ਮੜੀ ਆਦਿ ਉਸਾਰੀ ਮਿਲਦੀ ਹੈ। ਕਈਂ ਅੰਨ੍ਹੇ ਸ਼ਰਧਾਲੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਕੰਪਲੈਕਸ ਵਿਚ ਬਣੇ ਐਸੇ ਮਨਮਤੀਂ ਸਥਾਨ ਤੇ ਵੀ ਮੱਥੇ ਰਗੜੀ ਜਾਂਦੇ ਹਨ। ‘ਗੁਰਦੁਆਰਾ ਕੰਪਲੈਕਸ’ ਵਿਚ ਐਸੇ ਮਨਮਤੀਂ ਸਥਾਨ ਦੀ ਹੋਂਦ ਉਸ ਦੇ ਮੂਲ ਮਕਸਦ ਨੂੰ ਹੀ ਖਤਮ ਕਰ ਦਿੰਦੀ ਹੈ।

ਮੱਦ : 10. ਸਿਰਫ ਰੁਮਾਲਾ ਚੁੱਕ ਕੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਦਰਸ਼ਨ ਕਰ ਲੈਣ ਦਾ ਵਹਿਮ ਮਨਮੱਤ ਹੈ। ਅਸਲ ਦਰਸ਼ਨ ਸ਼ਬਦ-ਵਿਚਾਰ ਹੈ।

1.      ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥2॥   (ਮਹਲਾ 5, ਪੰਨਾ 487)

2.      ਗੋਸਟਿ ਗਿਆਨੁ ਨਾਮੁ ਸੁਣਿ ਉਧਰੇ ਜਿਨਿ ਜਿਨਿ ਦਰਸਨੁ ਪਾਇਆ ॥

          ਭਇਓ ਕ੍ਰਿਪਾਲੁ ਨਾਨਕ ਪ੍ਰਭੁ ਅਪੁਨਾ ਅਨਦ ਸੇਤੀ ਘਰਿ ਆਇਆ॥4॥13॥24॥ (ਮਹਲਾ 5, ਪੰਨਾ 615)

3.      ਜੀਵਤ ਪੇਖੇ ਜਿਨ੍‍ੀ ਹਰਿ ਹਰਿ ਧਿਆਇਆ ॥ ਸਾਧਸੰਗਿ ਤਿਨ੍‍ੀ ਦਰਸਨੁ ਪਾਇਆ ॥1॥ ਰਹਾਉ ॥   (ਮਹਲਾ 5, ਪੰਨਾ 740)

4.      ਸਾਸਿ ਸਾਸਿ ਨਹ ਵੀਸਰੈ ਅਨ ਕਤਹਿ ਨ ਧਾਵਉ ॥ ਸਫਲ ਦਰਸਨ ਗੁਰੁ ਭੇਟੀਐ ਮਾਨੁ ਮੋਹੁ ਮਿਟਾਵਉ ॥3॥  (ਮਹਲਾ 5, ਪੰਨਾ 812)

5.      ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥  (ਮਹਲਾ 3, ਪੰਨਾ 594)

ਵਿਆਖਿਆ :      ਸਿੱਖ ਸਮਾਜ ਵਿਚ ਸਰੂਪ ਤੋਂ ਸਿਰਫ ਰੁਮਾਲਾ ਚੁੱਕ ਕੇ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਦਰਸ਼ਨ ਕਰ ਲੈਣ ਦਾ ਕਰਮ (ਕਾਂਡ) ਵੀ ਕੀਤਾ ਜਾਂਦਾ ਹੈ। ਐਸੇ ਕਰਮਕਾਂਡਾਂ ਦਾ ਕਾਰਨ ਗਿਆਨ ਵਿਹੂਣੀ ਸ਼ਰਧਾ ਹੀ ਹੈ। ਗੁਰੂ (ਬਾਣੀ) ਦਾ ਅਸਲ ਦਰਸ਼ਨ ਉਸ ਦੀ ਵਿਚਾਰ ਅਨੁਸਾਰੀ ਆਚਾਰ (ਜੀਵਨ) ਹੈ। ਸਿੱਖ ਸਮਾਜ ਵਿਚ ‘ਹੁਕਮਨਾਮੇ’ ਦੇ ਨਾਮ ਹੇਠ ਖੱਬੇ ਪੰਨੇ ਦੇ ਸਭ ਤੋਂ ਪਹਿਲੇ ਸ਼ਬਦ ਨੂੰ ਪੜਣ ਦੀ ਪ੍ਰਥਾ ਵੀ ਪ੍ਰਚਲਿਤ ਹੈ। ਇਸ ਮਾਨਤਾ ਕਾਰਨ ਕੁਝ ਸ਼ਬਦ ਕਦੀ ਵੀ ‘ਹੁਕਮਨਾਮੇ’ ਵਜੋਂ ਨਹੀਂ ਆ ਪਾਉਂਦੇ। ‘ਹੁਕਮਨਾਮੇ’ ਵਾਲੇ ਸ਼ਬਦ ਨੂੰ ਉਸ ਦਿਨ ਲਈ ਖਾਸ ਬਖਸ਼ਿਸ਼ (ਜਾਂ ਆਦੇਸ਼) ਮੰਨਣ ਦਾ ਵਹਿਮ ਵੀ ਪ੍ਰਚਲਿਤ ਹੈ। ਇਸੇ ਤਰਾਂ ਕੁਝ ਖਾਸ ਸ਼ਬਦਾਂ ਦੇ ਪਾਠ ਦਾ ਖਾਸ ਮਹਾਤਮ ਪ੍ਰਚਾਰਿਆ ਜਾਂਦਾ ਹੈ। ਸਾਰੀ ਗੁਰਬਾਣੀ ਇਕਸਾਰ ਹੈ, ਉਸ ਦੀ ਇਸ ਤਰੀਕੇ ਦੀ ਵਿਚਾਰਹੀਨ ਵਰਤੋਂ ਗਲਤ ਹੈ। ਗੁਰਬਾਣੀ ਜਦੋਂ ਵੀ ਪੜੀ ਜਾਵੇ ਵਿਚਾਰ ਲਈ ਪੜ੍ਹੀ ਜਾਵੇ, ਸਿਰਫ ਇਕ ਰਸਮ ਵਜੋਂ ਨਹੀਂ।

ਮੱਦ: 11. ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼ ਵਾਲੇ ਪੀੜ੍ਹੇ ਹੇਠ ਪਾਣੀ, ਪਰਚੀਆਂ ਰੱਖਣੀਆਂ, ਪੀੜ੍ਹੇ ਜਾਂ ਨਿਸ਼ਾਨ ਨੂੰ ਰੱਖੜੀਆਂ ਬਣਨੀਆਂ, ਮੁੱਠੀ ਚਾਪੀ ਕਰਨੀ ਆਦਿ ਗੁਰਮਤਿ ਦੇ ਉਲਟ (ਕਰਮਕਾਂਡ) ਹਨ।

ਵਿਆਖਿਆ :       ਸਿੱਖ ਸਮਾਜ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ (ਦੇ ਪੀੜੇ) ਹੇਠ, ਪਵਿੱਤਰ ਹੋਣ ਦਾ ਵਹਿਮ ਪਾਲ ਕੇ, ਪਾਣੀ ਰੱਖਣ ਦਾ ਵੀ ਪ੍ਰਚਲਨ ਮਿਲਦਾ ਹੈ। ਪਾਣੀ ਦੇ ਪਵਿਤ੍ਰ ਹੋਣ ਦੇ ਵਹਿਮ ਹੇਠ ਹੀ ਕਈਂ ਥਾਂ ਪ੍ਰਚਲਿਤ ‘ਅਖੰਡ ਪਾਠ’ ਦੀ ਕਰਮਕਾਂਡੀ ਰਸਮ ਵੇਲੇ ਘੜੇ ਵਿਚ ਪਾਣੀ ਰੱਖਿਆ ਜਾਂਦਾ ਹੈ। ਇਸੇ ਵਹਿਮ ਹੇਠ ਕਈਂ ਅੰਨ੍ਹੇ ਸ਼ਰਧਾਲੂਆਂ ਨੂੰ ਪ੍ਰਚਲਿਤ ਇਤਿਹਾਸਿਕ ਗੁਰਦੁਆਰਿਆਂ ਦੇ ਸਰੋਵਰਾਂ (ਅੰਮ੍ਰਿਤਸਰ ਆਦਿ) ਵਿਚੋਂ ਪਾਣੀ ਦੀਆਂ ਬੋਤਲਾਂ ਭਰ ਕੇ ਲੈ ਜਾਂਦੇ ਵੇਖਿਆ ਜਾ ਸਕਦਾ  ਹੈ। ਸਰੂਪ ਵਾਲੇ ਪੀੜੇ ਹੇਠ ਪਰਚੀਆਂ ਰੱਖ ਕੇ ਫੈਸਲਾ ਲੈਣ ਦਾ ਵਹਿਮ ਵੀ ਪ੍ਰਚਲਿਤ ਹੈ। ਪੀੜੇ ਨੂੰ ਰੱਖੜੀ/ਗਾਨਾ ਬੰਨਣ, ਮੁੱਠੀ ਚਾਪੀ (ਪੀੜੇ ਦੇ ਪਾਵਿਆਂ ਨੂੰ ਘੁੱਟਣਾ) ਆਦਿ ਕਰਮਕਾਂਡ ਵੀ ਪ੍ਰਚਲਿਤ ਹਨ। ਇਹ ‘ਗਿਆਨ ਗੁਰੂ’ ਤੋਂ ਟੁਟ ਕੇ, ਬ੍ਰਾਹਮਣੀ ਪ੍ਰਭਾਵ ਹੇਠ, ਸਰੂਪ ਨੂੰ ਮੂਰਤੀ ਵਾਂਗੂ ਪੂਜਣ ਕਾਰਨ ਪੈਦਾ ਹੋਈਆਂ ਅਲਾਮਤਾਂ ਹਨ।

ਮੱਦ : 12. ਦੀਵਾਨ (ਹਾਲ) ਵਿਚ ਜੇ ਕਰ ਪ੍ਰਕਾਸ਼ ਕਰਨਾ ਹੋਵੇ ਤਾਂ ਸਿਰਫ ਤੇ ਸਿਰਫ ‘ਇਕੋ’ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਹੋਵੇ। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਬਰਾਬਰ ਕਿਸੇ ਹੋਰ ਗ੍ਰੰਥ, ਤਸਵੀਰ, ਮੂਰਤੀ ਜਾਂ ਦੇਹਧਾਰੀ ਦਾ ਪ੍ਰਕਾਸ਼/ਸਥਾਪਨਾ/ਪੂਜਾ ਕਰਨਾ ਮਨਮੱਤ ਹੈ।

ਵਿਆਖਿਆ : ਸਿੱਖ ਸਮਾਜ ਵਿਚ ਦੀਵਾਨ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਦਾ ਸਤਿਕਾਰ ਵਜੋਂ ‘ਪ੍ਰਕਾਸ਼’ ਕਰਨ ਦੀ ਰਵਾਇਤ ਹੈ। ਪਰ ਇਸ ਦੀ ਨਕਲ ਹੇਠ ਕੁਝ ਪ੍ਰਚਲਿਤ ਇਤਹਾਸਿਕ ਅਤੇ ਹੋਰ ਗੁਰਦੁਆਰਿਆਂ ਵਿਚ ‘ਦਸਮ ਗ੍ਰੰਥ’ ਦਾ ਵੀ ਬਰਾਬਰ ਹੀ ਸਥਾਪਨ ਕੀਤਾ ਜਾ ਰਿਹਾ ਹੈ। ਅਜੋਕਾ ਦਸਮ ਗ੍ਰੰਥ ਬ੍ਰਾਹਮਣਵਾਦੀ ਅਤੇ ਅਸ਼ਲੀਲ ਅੰਸ਼ਾਂ ਦੀ ਬਹੁਲਤਾ ਵਾਲੀਆਂ ਰਚਨਾਵਾਂ ਦਾ ਇਕ ਸੰਗ੍ਰਹਿ ਹੈ, ਜਿਸ ਵਿਚ ਕਾਵਿ ਛਾਪ ਵਜੋਂ ਰਾਮ, ਸ਼ਿਆਮ ਆਦਿ ਕੁਝ ਕਵੀਆਂ ਦੇ ਨਾਮ ਸਪਸ਼ਟ ਮਿਲਦੇ ਹਨ। ਦਸਮ ਗ੍ਰੰਥ ਦਾ ਮੂਲ ਨਾਮ ‘ਬਚਿੱਤ੍ਰ ਨਾਟਕ’ ਸੀ, ਜਿਸ ਨੂੰ ਤਿਆਰ ਕਰਨ ਪਿੱਛੇ ਉਨ੍ਹਾਂ ਪੁਜਾਰੀਵਾਦੀ/ਬ੍ਰਾਹਮਣੀ ਤਾਕਤਾਂ ਦਾ ਹੱਥ ਹੈ, ਜੋ ਮੁੱਢ ਤੋਂ ਹੀ ਗੁਰਮਤਿ ਇਨਕਲਾਬ ਰਾਹੀਂ ਪੈਦਾ ਹੋ ਰਹੀ ਸਮਾਜਿਕ ਜਾਗਰੂਕਤਾ ਦੀਆਂ ਵਿਰੋਧੀ ਰਹੀਆਂ ਹਨ। ਇਨ੍ਹਾਂ ਵਲੋਂ ‘ਬਚਿਤ੍ਰ ਨਾਟਕ’ ਨੂੰ ਦਸਮ ਪਾਤਸ਼ਾਹ ਜੀ ਦੇ ਨਾਮ ਨਾਲ ਜੋੜਣ ਲਈ, ਉਸ ਦੀਆਂ ਕਈਂ ਰਚਨਾਵਾਂ ਦੇ ਮੁੱਢ ਵਿਚ ‘ਸ੍ਰੀ ਮੁਖਵਾਕ ਪਾ:10’ ਦਰਜ ਕਰ ਦਿਤਾ ਗਿਆ। ਇਸ ਗ੍ਰੰਥ ਨੂੰ ਮੂਲ ਰੂਪ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੁਕਾਬਲੇ ਖੜਾ ਕਰਨ ਲਈ ਤਿਆਰ ਕੀਤਾ ਗਿਆ ਸੀ। ਸਿੱਖ ਸਮਾਜ ਵਿਚ ਭੁਲੇਖਾ ਪਾਉਣ ਲਈ ਇਸ ਵਿਚ ਚੰਦ ਕੁ ਰਚਨਾਵਾਂ ਐਸੀਆਂ ਵੀ ਸ਼ਾਮਿਲ ਕਰ ਦਿਤੀਆਂ ਗਈਆਂ, ਜੋ ਉਤਲੀ ਨਜ਼ਰ ਨਾਲ ਵੇਖਿਆਂ ਗੁਰਮਤਿ ਅਨੁਸਾਰੀ ਜਾਪਦੀਆਂ ਹਨ। ਸਮੇਂ ਨਾਲ ਇਸ ਦੀ ਮਾਨਤਾ ਵਧਾਉਣ ਲਈ ਇਸ ਦਾ ਨਾਮ ਵੀ ਬਦਲ ਕੇ ‘ਦਸਮ ਗ੍ਰੰਥ’ ਪ੍ਰਚਲਿਤ ਕਰ ਦਿਤਾ ਗਿਆ, ਜਿਸ ਨਾਲ ਕੁਝ ਮਨਮਤੀਂ ਸੱਜਣ ‘ਗੁਰੂ’ ਵਿਸ਼ੇਸ਼ਨ ਵੀ ਵਰਤਣ ਲਗ ਪਏ ਹਨ। ਇਹ ਗ੍ਰੰਥ ਸ਼ੁਰੂ ਤੋਂ ਹੀ ਸਿੱਖ ਸਮਾਜ ਵਿਚ ‘ਰਾਗਮਾਲਾ’ ਵਾਂਗੂ ਵਿਵਾਦ ਦਾ ਕਾਰਨ ਰਿਹਾ ਹੈ। ‘ਬਚਿਤ੍ਰ ਨਾਟਕ’ (ਅਖੌਤੀ ਦਸਮ ਗ੍ਰੰਥ) ਦੀ ਕੋਈ ਵੀ ਰਚਨਾ ਦਸ਼ਮੇਸ਼ ਪਾਤਸ਼ਾਹ ਜੀ ਕ੍ਰਿਤ (ਗੁਰਬਾਣੀ) ਨਹੀਂ ਹੈ, ਕਿਉਂਕਿ ਜਿਸ ਵੀ ਨਾਨਕ ਸਰੂਪ ਨੇ ਬਾਣੀ ਦੀ ਰਚਨਾ ਕੀਤੀ, ‘ਨਾਨਕ’ ਕਾਵਿ-ਛਾਪ ਹੇਠ ਹੀ ਕੀਤੀ। ਇਸ ਗ੍ਰੰਥ ਦੀ ਕਿਸੇ ਵੀ ਰਚਨਾ ਵਿਚ ਇਹ ਕਾਵਿ-ਛਾਪ ਨਹੀਂ ਮਿਲਦੀ।

ਇਸੇ ਤਰਾਂ ਕੁਝ ਥਾਵਾਂ ਤੇ ਦੀਵਾਨ ਹਾਲ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ  ਸਰੂਪ ਨਾਲ ਕਿਸੇ ਮੂਰਤੀ, ਤਸਵੀਰ ਦੀ ਸਥਾਪਾਨਾ ਜਾਂ ਦੇਹਧਾਰੀ ਦੀ ਪੂਜਾ ਮਾਨਤਾ ਕਰਨ ਦੀ ਮਨਮੱਤ ਵੀ ਵੇਖਣ ਵਿਚ ਆਉਂਦੀ ਹੈ। ਦੀਵਾਨ ਹਾਲ ਵਿਚ ਪ੍ਰਕਾਸ਼ ਸਿਰਫ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਦਾ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜਾਂ ਇਸਦੇ ਨਾਲ ਕਿਸੇ ਹੋਰ ਗ੍ਰੰਥ, ਮੂਰਤੀ, ਤਸਵੀਰ ਦੀ ਸਥਾਪਨਾ ਜਾਂ ਕਿਸੇ ਦੇਹਧਾਰੀ ਦੀ ਪੂਜਾ ਮਾਨਤਾ ਗਲਤ ਹੈ।

ਮੱਦ : 13 .        ਗੁਰਦੁਆਰਾ ਕੰਪਲੈਕਸ ਵਿਚ ਗੋਲਕ ਨਹੀਂ ਹੋਣੀ ਚਾਹੀਦੀ। ਜੋ ਵੀ ਭੇਟਾ ਕਰਨਾ ਹੋਵੇ ਉਹ ਉਚਿਤ ਰਸੀਦ ਕਟਵਾ ਕੇ ਕੀਤੀ ਜਾਵੇ। ਮੱਥਾ ਟੇਕਣ ਵੇਲੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਸਾਹਮਣੇ ਧਨ ਜਾਂ ਕੋਈ ਹੋਰ ਪਦਾਰਥ ਨਾ ਚੜ੍ਹਾਇਆ ਜਾਵੇ। ਕੀਰਤਨ/ਕਥਾ ਆਦਿ ਦੀ ਸੇਵਾ ਨਿਭਾ ਰਹੇ ਵਿਅਕਤੀ ਨੂੰ ਸੇਵਾ ਕਰਦੇ ਸਮੇਂ ਭੇਟਾ ਨਾ ਦਿਤੀ ਜਾਵੇ।

ਵਿਆਖਿਆ : ਗੋਲਕ ਪੁਜਾਰੀਵਾਦੀ ਮੰਦਿਰਾਂ ਦੀ ਇਕ ਰਵਾਇਤ ਹੈ। ਬ੍ਰਾਹਮਣੀ ਮੰਦਿਰਾਂ ਵਿਚ ਮੂਰਤੀਆਂ ਸਾਹਮਣੇ ਗੋਲਕਾਂ ਰੱਖ ਕੇ ਪੁਜਾਰੀ ਇਹ ਪ੍ਰਚਾਰ ਕਰਦੇ ਸਨ ਕਿ ਇਹ ਭੇਟਾ ਦੇਵਤਾ (ਮੂਰਤੀ) ਨੂੰ ਹੈ। ਉਦਾਸੀ/ਨਿਰਮਲੇ ਪੁਜਾਰੀਆਂ ਦੇ ਗੁਰਦਵਾਰਿਆਂ ਤੇ ਕਬਜ਼ਾ ਹੋਣ ਵੇਲੇ ਬ੍ਰਾਹਮਣੀ ਪ੍ਰਭਾਵ ਹੇਠ ਹੀ ਸਿੱਖ ਸਮਾਜ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਨੂੰ ਮੂਰਤੀ ਵਾਂਗੂ ਪੇਸ਼ ਕਰਦੇ ਹੋਏ, ਇਸ ਸਾਹਮਣੇ ਗੋਲਕਾਂ ਰੱਖਣ ਸਮੇਤ, ਇਸ ਨਾਲ ਜੁੜੇ ਹੋਰ ਕਈਂ ਕਰਮਕਾਂਡ ਪ੍ਰਚਲਿਤ ਕਰ ਦਿਤੇ ਗਏ।

‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਗਿਆਨ ਦਾ ਸੋਮਾ ਹਨ, ਕੋਈ ਮੂਰਤੀ ਨਹੀਂ।ੋ ਉਨ੍ਹਾਂ ਸਾਹਮਣੇ ਕੁਝ ਦੁਨੀਆਵੀ ਪਦਾਰਥ ਜਾਂ ਪੈਸਾ ਭੇਟਾ ਵਜੋਂ ਚੜ੍ਹਾਉਣ ਦੀ ਸੋਚ ਮਨਮੱਤ ਹੈ। ਗੁਰਦੁਆਰਾ ਪ੍ਰਬੰਧ ਅਤੇ ਲੋੜਵੰਦਾਂ ਦੀ ਯੋਗ ਮਦਦ ਲਈ ਪੈਸੇ (ਦਸਵੰਧ) ਦੀ ਲੋੜ ਹੁੰਦੀ ਹੈ।  ਇਹ ਭੇਟਾ ਉਚਿਤ ਰਸੀਦ ਕਟਾ ਕੇ ਕੀਤੀ ਜਾਣੀ ਚਾਹੀਦੀ ਹੈ, ਮੱਥਾ ਟੇਕ ਕੇ ਨਹੀਂ।

ਮੱਦ : 14. ਗੁਰਮਤਿ ਦੀਵਾਨ/ਪ੍ਰਚਾਰ ਵਿਚ ਕੀਰਤਨ, ਕਥਾ ਆਦਿ ਦੀ ਸੇਵਾ ਨਿਸ਼ਕਾਮ ਗੁਰਮੁੱਖਾਂ ਵਲੋਂ ਨਿਭਾਈ ਜਾਵੇ। ਧਨ ਲੈ ਕੇ ਕੋਈ ਧਾਰਮਿਕ ਸੇਵਾ ਨਿਭਾਉਣਾ ‘ਪੁਜਾਰੀਵਾਦ’ ਹੈ, ਜਿਸ ਨੂੰ ਗੁਰਮਤਿ ਮਾਨਤਾ ਨਹੀਂ ਦੇਂਦੀ।

1.      ਞਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥1॥  (ਮਹਲਾ 1, ਪੰਨਾ 472)

2.      ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥

          ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥3॥   (ਭਗਤ ਕਬੀਰ ਜੀ, ਪੰਨਾ 1103)

3.      ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥    (ਮਹਲਾ 1, ਪੰਨਾ 1245)

4.      ਞਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥1॥  (ਮਹਲਾ 1, ਪੰਨਾ 472)

5.      ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ ॥

          ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥6॥  (ਮਹਲਾ 3, ਪੰਨਾ 435)

ਵਿਆਖਿਆ : ਕਿਸੇ ਵੀ ਸਮਾਜ ਵਿਚ ਧਰਮ ਦੇ ਨਾਮ ਤੇ ਫੈਲ ਰਹੇ ਅੰਧਵਿਸ਼ਵਾਸਾਂ ਅਤੇ ਕਰਮਕਾਂਡਾਂ ਪਿੱਛੇ ਸਭ ਤੋਂ ਵੱਡਾ ਕਾਰਨ ਪੈਸੇ ਲੈ ਕੇ ਅਖੌਤੀ ‘ਧਰਮ ਕਾਰਜ’ ਕਰਨ ਵਾਲੀ ਪੁਜਾਰੀ ਸ਼੍ਰੇਣੀ ਹੀ ਹੈ। ਬਾਬਾ ਨਾਨਕ ਜੀ ਅਤੇ ਹੋਰ ਨਾਨਕ ਸਰੂਪਾਂ ਵਲੋਂ ਥਾਪੇ ਸਾਰੇ ਪ੍ਰਚਾਰਕ ਕਿਰਤੀ ਅਤੇ ਨਿਸ਼ਕਾਮ ਸਨ। ਸਿੱਖ ਸਮਾਜ ਵਿਚ ਕੁਰੀਤੀਆਂ ਅਤੇ ਕਰਮਕਾਂਡ ਫੈਲਣ ਦਾ ਵੱਡਾ ਕਾਰਨ ‘ਪੂਜਾ ਦੇ ਧਨ ਦੇ ਪਲਣ ਵਾਲੀ’ ਪੁਜਾਰੀ ਸ਼੍ਰੇਣੀ ਦਾ ਪੈਦਾ ਹੋਣਾ ਹੀ ਹੈ। ਸੋ ਇਕ ਸਿੱਖ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਪਣੇ ਘਰੇਲੂ ਸਮਾਗਮ ਗੁਰਮਤਿ ਦੀ ਰੋਸ਼ਨੀ ਵਿਚ ਆਪ ਕਰੇ ਜਾਂ ਨਿਸ਼ਕਾਮ ਪ੍ਰਚਾਰਕਾਂ ਕੌਲੋਂ ਕਰਵਾਏ। ਪੈਸੇ ਲੈਕੇ ਐਸੀ ਸੇਵਾ ਕਰਨ ਵਾਲੀ ਸ਼੍ਰੇਣੀ ਦੇ ਖਤਮ ਹੋਣ ਨਾਲ ਹੀ ਸਮਾਜ ਵਿਚੋਂ ਵਹਿਮ ਭਰਮ ਅਤੇ ਕਰਮਕਾਂਡ ਖਤਮ ਹੋ ਸਕਦੇ ਹਨ।

ਮੱਦ : 15. ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ ਵਿਚ ਗਦੇਲਾ/ਆਸਨ/ਕੁਰਸੀ ਆਦਿ ਲਾ ਕੇ ਸੰਗਤ ਤੋਂ ਵੱਖਰੇ ਢੰਗ ਨਾਲ ਬੈਠਣ ਦਾ ਉਚੇਚ ਮਨਮੱਤ ਹੈ। ਜਿਸਮਾਨੀ ਬੀਮਾਰੀ/ਮਜ਼ਬੂਰੀ ਦੀ ਹਾਲਤ ਵਿਚ ਕੁਰਸੀ/ਸਟੂਲ ਆਦਿ ਵਰਤ ਲੈਣ ਵਿਚ ਕੋਈ ਹਰਜ਼ ਨਹੀਂ, ਪਰ ਐਸਾ ਇੰਤਜਾਮ ਯੋਗ ਥਾਂ ਤੇ (ਦੀਵਾਰਾਂ ਦੇ ਨਾਲ) ਹੋਵੇ।

1.      ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥   (ਮਹਲਾ 5, ਪੰਨਾ 611)

2.      ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥ ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥

          ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ ॥6॥   (ਮਹਲਾ 1, ਪੰਨਾ 62)

3.       ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥ ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥   (ਮਹਲਾ 5, ਪੰਨਾ 319)

4.      ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥

         ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥1॥    (ਮਹਲਾ 5, ਪੰਨਾ 617)

5.      ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥ ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥1॥ ਰਹਾਉ ॥   (ਮਹਲਾ 5, ਪੰਨਾ 1302)

ਵਿਆਖਿਆ:        ਗੁਰਮਤਿ ਸਭ ਵਿਚ ਇਕ ਪ੍ਰਮਾਤਮਾ ਦੀ ਜੋਤ ਪਛਾਣਦੇ ਹੋਏ ਬਰਾਬਰਤਾ ਦਾ ਵਰਤਾਅ ਕਰਨ ਦਾ ਸੰਦੇਸ਼ ਦਿੰਦੀ ਹੈ। ਇਸ ਲਈ ਉੱਚੇ-ਨੀਵਂੇ ਦੀ ਸੋਚ ਗਲਤ ਹੈ। ਗੁਰਮਤਿ ਅਨੁਸਾਰ ਦੇਹਧਾਰੀ ਦੀ ਪੂਜਾ/ਮਾਨਤਾ ਵੀ ਗਲਤ ਹੈ। ਸੋ ਦੀਵਾਨ ਹਾਲ ਵਿਚ ਕਿਸੇ ਦਾ ਸੰਗਤ ਤੋਂ ਵੱਖਰੇ ਤਰੀਕੇ (ਉਚੇਚ ਮਾਨਤਾ ਨਾਲ ਗਦੇਲਾ,ਆਸਨ ਆਦਿ ਲਗਾੳਣਾ) ਬੈਠਣਾ ਗਲਤ ਹੈ। ਸਿਰਫ ਪ੍ਰਚਾਰ ਜਾਂ ਕੀਰਤਨ ਕਰਨ ਵੇਲੇ ਪ੍ਰਚਾਰਕ/ਕੀਰਨਤੀਏ ਵੱਖਰੀ ਸਟੇਜ ਤੇ ਬੈਠ ਸਕਦੇ ਹਨ। ਸੇਵਾ ਨਿਬਾਹੁਣ ਤੋਂ ਬਾਅਦ ਉਹ ਵੀ ਸੰਗਤ ਵਾਂਗੂ ਬੈਠ ਜਾਣ। ਜਿਸਮਾਨੀ ਬੀਮਾਰੀ ਜਾਂ ਮਜ਼ਬੂਰੀ ਦੀ ਹਾਲਾਤ ਵਿਚ ਵੱਖਰੇ ਤੌਰ ਤੇ ਕੁਰਸੀ ਆਦਿ ਦਾ ਪ੍ਰਯੋਗ ਕਰ ਲੈਣ ਵਿਚ ਕੋਈ ਹਰਜ਼ ਨਹੀਂ ਹੈ। ਪਰ ਐਸਾ ਪ੍ਰਬੰਧ ਕਿਨਾਰੇ ਤੇ/ਦੀਵਾਰਾਂ ਨਾਲ ਹੋਵੇ।

ਮੱਦ : 16. ਦੀਵਾਨ ਵਿਚ ਬੈਠਣ, ਲੰਗਰ ਛੱਕਣ ਜਾਂ ਗੁਰਦੁਆਰੇ ਵਿਚ ਸੇਵਾ ਕਰਨ ਲਈ ਦੇਸ਼, ਮਜ਼ਹਬ, ਜ਼ਾਤ, ਨਸਲ, ਲਿੰਗ ਆਦਿ ਕਿਸੇ ਵਿਤਕਰੇ ਦੇ ਆਧਾਰ ਤੇ ਕੋਈ ਮਨਾਹੀ ਨਹੀਂ ਹੈ, ਪਰ ਵਿਅਕਤੀ ਕੋਲ ਤੰਬਾਕੂ, ਸ਼ਰਾਬ, ਅਫੀਮ ਆਦਿ ਕੋਈ ਵੀ ਨਸ਼ੀਲਾ ਪਦਾਰਥ ਨਾ ਹੋਵੇ ਅਤੇ ਨਾ ਹੀ ਐਸੇ ਕਿਸੇ ਨਸ਼ੇ ਦੀ ਹਾਲਤ ਵਿਚ ਹੋਵੇ।

1.      ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥   (ਮਹਲਾ 5, ਪੰਨਾ 611)

2.      ਸਲੋਕ ਮਃ 3 ॥

          ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥

          ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥

          ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥

          ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥1॥   (ਪੰਨਾ 554)

ਵਿਆਖਿਆ : ਮੱਦ ਨੰ. 15 ਵਿਚ ਹਵਾਲੇ ਲਈ ਵਰਤੇ ਗੁਰਸ਼ਬਦਾਂ ਦੀ ਸੇਧ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਦੇਸ਼, ਮਜ਼ਹਬ, ਜਾਤ, ਨਸਲ, ਲਿੰਗ ਆਦਿ ਦੇ ਆਧਾਰ ਤੇ ਕਿਸੇ ਵਿਤਕਰੇ ਨੂੰ ਮਾਨਤਾ ਨਹੀਂ ਦਿੰਦੀ। ਸੋ ਗੁਰਦੁਆਰੇ ਵਿਚ ਆਉਣ ਅਤੇ ਕੋਈ ਸੇਵਾ ਨਿਬਾਉਣ ਲਈ ਐਸੇ ਕਿਸੇ ਆਧਾਰ ਤੇ  ਕੋਈ ਮਨਾਹੀ ਨਹੀਂ ਹੈ। ਗੁਰਮਤਿ ਕਿਸੇ ਵੀ ਤਰਾਂ ਦੇ ਨਸ਼ੇ ਨੂੰ ਸਹੀ ਨਹੀਂ ਮੰਨਦੀ। ਸੋ ਗੁਰਦੁਆਰਾ ਕੰਪਲੈਕਸ ਵਿਚ ਕਿਸੇ ਤਰਾਂ ਦਾ ਨਸ਼ੀਲਾ ਪਦਾਰਥ (ਤੰਬਾਕੂ, ਸ਼ਰਾਬ, ਅਫੀਮ ਆਦਿ) ਲੈ ਜਾਣਾ ਜਾਂ ਨਸ਼ੇ ਦੀ ਹਾਲਾਤ ਵਿਚ ਜਾਣਾ ਗਲਤ ਹੈ।

ਮੱਦ : 17. ਦੀਵਾਨ ਹਾਲ, ਲੰਗਰ ਹਾਲ ਆਦਿ ਵਿਚ ਸਿਰ ਢੱਕ ਕੇ ਜਾਣਾ ਲਾਜ਼ਮੀ ਹੈ। ਪਹਿਰਾਵਾ ਸਾਦਾ ਹੋਵੇ ਅਤੇ ਭੜਕੀਲੇ ਪਹਿਰਾਵੇ ਤੋਂ ਗੁਰੇਜ਼ ਕੀਤਾ ਜਾਵੇ।

ਵਿਆਖਿਆ : ਪਹਿਲੀਆਂ ਮੱਦਾਂ ਵਿਚ ਆਏ ਵਿਚਾਰ ਅਨੁਸਾਰ ਕੇਸ ਸਾਬਿਤ ਰੱਖਣੇ ਹਰ ਸੁਚੱਜੇ ਮਨੁਖ ਦੀ ਲੋੜ ਹਨ। ਸੋ ਸਿਰ ਦੇ ਕੇਸਾਂ ਦੀ ਸੰਭਾਲ ਲਈ ਦਸਤਾਰ ਆਦਿਕ ਕਿਸੇ ਵਸਤਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਵੈਸੇ ਵੀ ਪਹਿਰਾਵੇ ਵਿਚ ਸਿਰ ਢੱਕਣਾ ਪੁਰਾਤਨ ਸਮੇਂ ਤੋਂ ਹੀ ਸਤਿਕਾਰ ਦਾ ਇਕ ਢੰਗ ਮੰਨਿਆ ਗਿਆ ਹੈ। ਸੋ ਦੀਵਾਨ/ਲੰਗਰ ਵੇਲੇ ਸਿਰ ਢੱਕ ਕੇ ਜਾਣਾ ਲਾਜ਼ਮੀ ਹੈ। ਗੁਰਦੁਆਰੇ ਜਾਣ ਵੇਲੇ ਪਹਿਰਾਵਾ ਭੜਕੀਲਾ ਹੋਵੇਗਾ ਤਾਂ ਉਹ ਕਿਸੇ ਮਨੁੱਖ ਦੇ ਭਟਕਾਵ ਦਾ ਕਾਰਨ ਵੀ ਬਣ ਸਕਦਾ ਹੈ। ਐਸਾ ਪਹਿਰਾਵਾ ਮਾਨਸਿਕ ਕਮਜ਼ੋਰੀ ਦੀ ਨਿਸ਼ਾਨੀ ਹੈ।

ਮੱਦ: 18. ਗੁਰਦੁਆਰੇ ਵਿਚ ਗੁਰਮਤਿ ਵਿਰੋਧੀ ਕੋਈ ਤਿਉਹਾਰ, ਰਸਮ, ਸੰਸਕਾਰ, ਸਮਾਗਮ ਆਦਿ ਨਾ ਕੀਤਾ ਜਾਵੇ।

1.      ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ॥  (ਮਹਲਾ 3, ਪੰਨਾ 919)

 2.     ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥  (ਮਹਲਾ 1 ਪੰਨਾ 730)

ਵਿਆਖਿਆ : ‘ਗੁਰਦੁਆਰਾ’ ਮੂਲ ਰੂਪ ਵਿਚ ਮਨੁੱਖ ਨੂੰ ਸੱਚ ਦੇ ਗਿਆਨ ਦੀ ਵਿਚਾਰ ਰਾਹੀਂ ਪ੍ਰਮਾਤਮਾ ਦੇ ਰਾਹ ਤੇ ਤੁਰਨ ਦੀ ਪ੍ਰੇਰਣਾ ਕਰਨ ਦਾ ਕੇਂਦਰ ਹੈ। ਸੋ ਇਸ ਵਿਚ ਗੁਰਮਤਿ ਵਿਰੁਧ ਕੋਈ ਕਰਮ ਕਰਨਾ ਇਸ ਦੀ ਮੂਲ ਭਾਵਨਾ ਤੋਂ ਉਲਟ ਜਾਣਾ ਹੈ।

ਮੱਦ :  19.        ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਕ ਥਾਂ ਤੋਂ ਦੂਜੀ ਥਾਂ ਲਿਜਾਉਣ ਵੇਲੇ ਸਤਿਕਾਰ ਦਾ ਖਿਆਲ ਰੱਖਿਆ ਜਾਵੇ। ਨੰਗੇ ਪੈਰ, ਪੈਦਲ ਜਾਂ ਕਿਸੇ ਹੋਰ ਖਾਸ ਵਾਹਨ ਆਦਿ ਵਿਚ ਲਿਜਾੳੇੁਣ ਸੰਬੰਧੀ ਕੋਈ ਭਰਮ ਨਾ ਪਾਲਿਆ ਜਾਵੇ। ਸਤਿਕਾਰ ਦੇ ਨਾਮ ਤੇ ਸੋਨੇ ਦੀ ਪਾਲਕੀ ਆਦਿ ਬੇਲੋੜੇ ਵਿਖਾਵੇ ਗੁਰਮਤਿ ਅਨੁਸਾਰੀ ਨਹੀਂ। ਸਰੂਪ ਦੇ ਸਾਹਮਣੇ ਤੁਪਕਾ-ਤੁਪਕਾ ਪਾਣੀ ਦਾ ਛਿੜਕਾਵ ਕਰਨਾ ਵੀ ਮਨਮੱਤ ਹੈ। ਸੇਵਾਦਾਰਾਂ ਦੀ ਗਿਣਤੀ ਆਦਿਕ ਸੰਬੰਧੀ ਵੀ ਕੋਈ ਭਰਮ ਨਾ ਕੀਤਾ ਜਾਵੇ।

1.      ਮਃ 1 ॥

          ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥ ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥

        ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਸਹੁ ਵੇ ਜੀਆ ਅਪਣਾ ਕੀਆ ॥

       ਅੰਨੁ ਨ ਖਾਇਆ ਸਾਦੁ ਗਵਾਇਆ ॥ ਬਹੁ ਦੁਖੁ ਪਾਇਆ ਦੂਜਾ ਭਾਇਆ ॥

       ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥  ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥

       ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥

       ਅਲੁ ਮਲੁ ਖਾਈ ਸਿਰਿ ਛਾਈ ਪਾਈ ॥ ਮੂਰਖਿ ਅੰਧੈ ਪਤਿ ਗਵਾਈ ॥ ਵਿਣੁ ਨਾਵੈ ਕਿਛੁ ਥਾਇ ਨ ਪਾਈ ॥

       ਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥

       ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਨਾਨਕ ਨਦਰਿ ਕਰੇ ਸੋ ਪਾਏ ॥

       ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥2॥   (ਪੰਨਾ 467)

ਵਿਆਖਿਆ : ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ‘ਦੇਹ’ ਸਮਝਣ ਦੀ ਗਲਤ ਮਾਨਤਾ ਕਾਰਨ ਸਿੱਖ ਸਮਾਜ ਵਿਚ ਇਸ ਸਰੂਪ ਨਾਲ ਜੋੜ ਕੇ ਕਈਂ ਕਰਮਕਾਂਡ ਪ੍ਰਚਲਿਤ ਹੋ ਚੁੱਕੇ ਹਨ। ਐਸਾ ਹੀ ਇਕ ਕਰਮਕਾਂਡ ਸਰੂਪ ਨੂੰ ਇਕ ਥਾਂ ਤੋਂ ਦੂਜੀ ਥਾਂ ਲੈ ਜਾਣ ਵੇਲੇ ਸਰੂਪ ਸਾਹਮਣੇ ਤੁਪਕਾ ਤੁਪਕਾ ਪਾਣੀ ਦਾ ਛਿੜਕਾਵ ਹੈ। ਕਿਸੇ ਸਮੇਂ ਇਹ ਰਸਮ ਕੱਚੇ ਰਸਤੇ ਦਾ ਮਿੱਟੀ ਘੱਟਾ ਬਿਠਾਉਣ ਲਈ ਪਾਣੀ ਦੇ ਛਿੜਕਾਵ ਕਰਨ ਨਾਲ ਤੁਰੀ ਹੋਵੇਗੀ, ਜੋ ਸਮੇਂ ਨਾਲ ਇਕ ਕਰਮਕਾਂਡ ਬਣ ਗਈ। ਇਸੇ ਤਰਾਂ ਸਰੂਪ ਚੁੱਕਣ ਵੇਲੇ ਨੰਗੇ ਪੈਰ ਤੁਰਨ ਦਾ ਭਰਮ ਵੀ ਪ੍ਰਚਲਿਤ ਹੈ। ਗਿਆਨ ਤੋਂ ਵਿਹੁਣੇ ਕੁਝ ਸ਼ਰਧਾਲੂ ਨੰਗੇ ਪੈਰ ਗੁਰਦੁਆਰਿਆਂ ਦੀ ‘ਯਾਤਰਾ’ ਕਰਦੇ ਵੀ ਵੇਖੇ ਜਾ ਸਕਦੇ ਹਨ। ਉਪਰੋਕਤ ਗੁਰਸ਼ਬਦ ਵਿਚ ਐਸੀਆਂ ਮਨਮੱਤਾਂ ਦਾ ਖੁੱਲ੍ਹਾ ਜ਼ਿਕਰ ਹੈ।  ਇਸੇ ਤਰਾਂ ਸਰੂਪ ਨੂੰ ਸੋਨੇ ਦੀ ਪਾਲਕੀ ਵਿਚ ਲਿਜਾਉਣ ਦੀ ਮਨਮੱਤ ਵੀ ਕੇਂਦਰੀ ਤੌਰ ਤੇ ਪ੍ਰਚਲਿਤ ਹੈ। ਸਰੂਪ ਨਾਲ ਸੇਵਾਦਾਰਾਂ ਦੀ ਗਿਣਤੀ ਸੰਬੰਧੀ ਵੀ ਵਹਿਮ ਕੀਤਾ ਜਾਂਦਾ ਹੈ। ਵਾਹਨ ਸੰਬੰਧੀ ਵੀ ਭਰਮ ਪੈਦਾ ਹੋ ਗਏ ਹਨ। ਐਸਾ ਕੋਈ ਭਰਮ ਨਹੀਂ ਕਰਨਾ ਚਾਹੀਦਾ। ਸਰੂਪ ਨੂੰ ਇਕ ਤੋਂ ਦੁਜੇ ਥਾਂ, ਸਤਿਕਾਰ ਅਤੇ ਸਾਦਗੀ ਨਾਲ ਸੰਭਾਲ ਕੇ, ਬਿਨਾ ਬੇਲੋੜੇ ਵਿਖਾਵੇ ਦੇ ਲੈ ਜਾਣਾ ਚਾਹੀਦਾ ਹੈ।

ਮੱਦ: 20.  ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਂਭਾਲ ਸਰਲ, ਸਾਦੀ ਅਤੇ ਵਿਖਾਵੇ ਰਹਿਤ ਹੋਵੇ।

ਵਿਆਖਿਆ:        ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ‘ਸੱਚ ਦੇ ਗਿਆਨ’ ਦਾ ਇਕ ਸੋਮਾ ਹਨ, ਕੋਈ ਮੂਰਤੀ ਨਹੀਂ। ਇਸ ਲਈ ਸਤਿਕਾਰ ਅਤੇ ਸ਼ਰਧਾ ਦੇ ਨਾਮ ਹੇਠ ਇਸ ਨੂੰ ‘ਮੂਰਤੀ’ ਦੀ ਤਰਾਂ ਮੰਨਦੇ ਹੋਏ  ਕਰਮਕਾਂਡ ਨਹੀਂ ਬਣਾ ਲੈਣੇ ਚਾਹੀਦੇ। ‘ਗਿਆਨ ਗੁਰੂ’ ਦੇ ਸੋਮੇ ਦੇ ਸਰੂਪ ਹੋਣ ਕਾਰਨ ਸਤਿਕਾਰ ਕਰਨਾ ਚਾਹੀਦਾ ਹੈ, ਪਰ ਇਹ ਸੇਵਾ ਸੰਭਾਲ ਸਰਲ, ਸਾਦੀ ਅਤੇ ਵਿਖਾਵੇ ਤੋਂ ਰਹਿਤ ਹੋਵੇ। ਅਫਸੋਸ! ਅੱਜ ਸਿੱਖ ਸਮਾਜ ਵਿਚ ਸਰੂਪ ਦੇ ਸਤਿਕਾਰ ਦੇ ਨਾਂ ਹੇਠ ਅਨੇਕਾਂ ਕਰਮਕਾਂਡ ਪ੍ਰਚਲਿਤ ਹੋ ਗਏ ਹਨ। ਮਿਸਾਲ ਲਈ ਸਰਦੀਆਂ ਵਿਚ ਕੰਬਲ ਅਤੇ ਗਰਮੀਆਂ ਵਿਚ ਕੂਲਰ/ਏਅਰ ਕੰਡੀਸ਼ਨ ਦਾ ਇੰਤਜਾਮ ‘ਮੂਰਤੀ ਪੂਜਾ’ ਦਾ ਇਕ ਰੂਪ ਹੈ।

ਮੱਦ: 21.  ਗੁਰਮਤਿ ਦੀਵਾਨ ਵਿਚ ਸ਼ਬਦ ਵੀਚਾਰ ਨੂੰ ਪਹਿਲ ਦਿਤੀ ਜਾਵੇ।

1.      ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰੁ ॥2॥   (ਮਹਲਾ 1, ਪੰਨਾ 904)

2.      ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥  (ਮਹਲਾ 3, ਪੰਨਾ 83)

3.      ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥   (ਮਹਲਾ 5, ਪੰਨਾ 102)

4.      ਸੋ ਨਿਹਕਰਮੀ ਜੋ ਸਬਦੁ ਬੀਚਾਰੇ ॥ ਅੰਤਰਿ ਤਤੁ ਗਿਆਨਿ ਹਉਮੈ ਮਾਰੇ ॥

          ਨਾਮੁ ਪਦਾਰਥੁ ਨਉ ਨਿਧਿ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ ॥2॥   (ਮਹਲਾ 3, ਪੰਨਾ 128)

5.      ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥6॥   (ਮਹਲਾ 3, ਪੰਨਾ 129)

6.      ਗੁਰਿ ਮਿਲਿਐ ਸਭ ਮਤਿ ਬੁਧਿ ਹੋਇ ॥ ਮਨਿ ਨਿਰਮਲਿ ਵਸੈ ਸਚੁ ਸੋਇ ॥

          ਸਾਚਿ ਵਸਿਐ ਸਾਚੀ ਸਭ ਕਾਰ ॥ ਊਤਮ ਕਰਣੀ ਸਬਦ ਬੀਚਾਰ ॥3॥   (ਮਹਲਾ 3, ਪੰਨਾ 158)

7.      ਊਂਧੋ ਕਵਲੁ ਸਗਲ ਸੰਸਾਰੈ ॥ ਦੁਰਮਤਿ ਅਗਨਿ ਜਗਤ ਪਰਜਾਰੈ ॥  ਸੋ ਉਬਰੈ ਗੁਰ ਸਬਦੁ ਬੀਚਾਰੈ ॥2॥    (ਮਹਲਾ 1, ਪੰਨਾ 225)

8.      ਤਾ ਕਉ ਕਾਲੁ ਨਾਹੀ ਜਮੁ ਜੋਹੈ ਬੂਝਹਿ ਅੰਤਰਿ ਸਬਦੁ ਬੀਚਾਰ ॥7॥   (ਮਹਲਾ 1, ਪੰਨਾ 504)

9.      ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥(ਮਹਲਾ 1, ਪੰਨਾ 687)

10.    ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥

          ਜੀਉ ਪਿੰਡੁ ਸਭੁ ਗੁਰ ਤੇ ਉਪਜੈ ਗੁਰਮੁਖਿ ਕਾਰਜ ਸਵਾਰੇ ॥   (ਮਹਲਾ 3, ਪੰਨਾ 753)

11.    ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥

          ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ॥3॥ (ਮਹਲਾ 3, ਪੰਨਾ 852)

12.    ਸਬਦੁ ਬੀਚਾਰੇ ਸੋ ਜਨੁ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ॥

          ਸਾਚੀ ਭਗਤਿ ਕਰਹਿ ਦਿਨੁ ਰਾਤੀ ਤਾਂ ਤਨਿ ਦੂਖੁ ਨ ਹੋਈ ॥1॥  (ਮਹਲਾ 3, ਪੰਨਾ 1131)

ਵਿਆਖਿਆ: ਪਹਿਲਾਂ ਕੀਤੀ ਵਿਚਾਰ ਅਨੁਸਾਰ ਗੁਰਦੁਆਰੇ ਦਾ ਮੂਲ ਮਕਸਦ ਗਿਆਨ ਵੰਡਣਾ ਹੈ, ਜਿਸ ਦਾ ਸਰਬੋਤਮ ਢੰਗ ‘ਸ਼ਬਦ ਵੀਚਾਰ’ ਹੈ। ਪਰ ਅਫਸੋਸ! ਅੱਜ ਪ੍ਰਚਲਿਤ ਗੁਰਦੁਆਰਿਆਂ ਵਿਚ ਸ਼ਬਦ ਵਿਚਾਰ ਨੂੰ ਬਹੁਤ ਘੱਟ ਮਹੱਤਵ ਦਿਤਾ ਜਾਂਦਾ ਹੈ। ਜਿਆਦਾਤਰ ਗੁਰਦਆਰਿਆਂ ਵਿਚ ਰਸਮੀ ਪਾਠਾਂ, ਨਿਤਨੇਮ, ਸਿਮਰਨ ਆਦਿ ਦੇ ਨਾਮ ਹੇਠ ਕਰਮਕਾਂਡਾਂ ਦੀ ਭਰਮਾਰ ਹੈ। ਵਿਚਾਰ ਤੋਂ ਦੂਰ ਹੋਣ ਕਾਰਨ ਪ੍ਰਚਲਿਤ ਗੁਰਦਵਾਰਿਆਂ ਵਿਚ ਨਿਤ ਨਵੇਂ ਕਰਮਕਾਂਡ ਪੈਦਾ ਹੋ ਰਹੇ ਹਨ। ਗੁਰਦੁਆਰੇ ਲਈ ਦੀਵਾਨ ਵਿਚ ਸ਼ਬਦ ਵਿਚਾਰ ਨੂੰ ਪਹਿਲ ਦੇਣਾ ਜਰੂਰੀ ਹੈ।

ਮੱਦ : 22.         ਲੰਗਰ ਪੰਗਤ ਵਿਚ ਕੀਤਾ ਜਾਵੇ। ਪੰਗਤ ਤੋਂ ਭਾਵ ਸਿਰਫ ਜ਼ਮੀਨ ਤੇ ਬੈਠ ਕੇ ਛਕਣਾ ਨਹੀਂ, ਬਲਕਿ ਬਿਨਾਂ ਵਿਤਕਰੇ ਤੋਂ (ਬਰਾਬਰਤਾ ਦਾ) ਵਰਤਾਅ ਕਰਨਾ ਹੈ।

ਵਿਆਖਿਆ:- ਦੀਵਾਨ ਦੋਰਾਨ ਜਾਂ ਸਮਾਪਤੀ ਤੇ ਲੰਗਰ ਦਾ ਵਰਤਾਅ ਸੁਚੱਜੀਆਂ ਕਤਾਰਾਂ (ਪੰਗਤਾਂ) ਵਿਚ ਹੋਵੇ। ਇਹ ਜਰੂਰੀ ਨਹੀਂ ਕਿ ਲੰਗਰ ਜਮੀਨ ਤੇ ਬੈਠ ਕੇ ਹੀ ਛੱਕਿਆ ਜਾਵੇ। ਲੰਗਰ ਕਿਸੇ ਵੀ ਸੁਚੱਜੇ ਢੰਗ ਨਾਲ ਵਰਤਾਇਆ ਜਾ ਸਕਦਾ ਹੈ। ਵਰਤਾਉਣ ਅਤੇ ਛੱਕਣ ਵੇਲੇ ਸਹਿਜ ਅਤੇ ਸੰਜਮ ਵਿਚ ਰਿਹਾ ਜਾਵੇ। ਹਫੜਾ-ਦਫੜੀ ਅਤੇ ਸ਼ੋਰ-ਸ਼ਰਾਬਾ ਅਸਿਹਜਤਾ ਦਾ ਪ੍ਰਗਟਾਵਾ ਹੈ। ਪੁਜਾਰੀਵਾਦ ਦੇ ਪ੍ਰਭਾਵ ਹੇਠ ਸਿੱਖ ਸਮਾਜ ਵਿਚ ਇਹ ਵਹਿਮ ਅਤੇ ਵਿਵਾਦ ਵੀ ਪ੍ਰਚਲਿਤ ਹੈ ਕਿ ਲੰਗਰ ‘ਪਵਿੱਤਰ’ ਹੁੰਦਾ ਹੈ, ਸੋ ਜ਼ਮੀਨ ਤੇ ਬੈਠ ਕੇ ਹੀ ਛੱਕਣਾ ਚਾਹੀਦਾ ਹੈ। ਗੁਰਮਤਿ ਐਸੇ ਕਿਸੇ ਭਰਮ ਦੀ ਪ੍ਰੋੜਤਾ ਨਹੀਂ ਕਰਦੀ। ਲੰਗਰ ਵਰਤਾਉਣ ਵੇਲੇ ਕਿਸੇ ਤਰਾਂ ਦੇ ਵਿਤਕਰੇ ਜਾਂ ਪੱਖਪਾਤ ਦੀ ਭਾਵਨਾ ਅਤੇ ਪ੍ਰਗਟਾਵਾ ਨਹੀਂ ਹੋਣਾ ਚਾਹੀਦਾ। ਗੁਰਦੁਆਰੇ ਤੋਂ ਬਰਾਬਰੀ ਦਾ ਸੰਦੇਸ਼ ਜਾਣਾ ਚਾਹੀਦਾ ਹੈ। 

ਮੱਦ : 23. ਦੀਵਾਨ ਅਤੇ ਲੰਗਰ ਵਿਚ ਸੰਗਤ ਸੁਚੱਜੇ ਢੰਗ ਨਾਲ (ਕਤਾਰਾਂ ਵਿਚ) ਬੈਠੇ ਤਾਂ ਕਿ ਲੰਗਰ ਆਦਿ ਵਰਤਾਉਣ ਵੇਲੇ ਕੋਈ ਔਖ ਨਾ ਹੋਵੇ।

ਵਿਆਖਿਆ : ਦੀਵਾਨ ਅਤੇ ਲੰਗਰ ਵੇਲੇ ਸੰਗਤਾਂ ਨੂੰ ਸੁਚੱਜੇ ਢੰਗ ਨਾਲ ਬੈਠਣਾ ਚਾਹੀਦਾ ਹੈ। ਇਸ ਨਾਲ ਦੀਵਾਨ ਅਤੇ ਲੰਗਰ ਵਰਤਾਉਣ ਵੇਲੇ ਕਿਸੇ ਨੂੰ ਔਖ ਨਹੀਂ ਹੁੰਦੀ। ਦੀਵਾਨ/ਲੰਗਰ ਦੌਰਾਣ ਕੁਰਸੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇ ਦੀਵਾਨ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਦਾ ਪ੍ਰਕਾਸ਼ ਹੋਵੇ ਤਾਂ ਉਹ ਥਾਂ ਸੰਗਤ ਤੋਂ ਉਪਰ ਹੋਣੀ ਚਾਹੀਦੀ ਹੈ। ਪ੍ਰਚਾਕਰ/ਕੀਰਤਨੀ ਜਥਾ ਆਦਿ ਵੀ ਉਚੀ ਸਟੇਜ ਤੇ ਬੈਠਣ ਤਾਂ ਕਿ ਸਾਰੀ ਸੰਗਤ ਨੂੰ ਨਜ਼ਰ ਆ ਸਕਣ।

ਮੱਦ : 24.         ਲੰਗਰ ਵਰਤਾਉਣ ਦੀ ਸੇਵਾ ਦੀਵਾਨ ਹਾਲ ਤੋਂ ਵੱਖਰੀ ਥਾਂ ਤੇ ਹੋਵੇ।

ਵਿਆਖਿਆ: ਜੇ ਸੰਭਵ ਹੋਵੇ ਤਾਂ ਲੰਗਰ ਵਰਤਾਉਣ ਦੀ ਥਾਂ ਦੀਵਾਨ ਹਾਲ ਤੋਂ ਵੱਖਰੀ ਹੋਵੇ, ਪਰ ਇਸ ਸੰਬੰਧੀ ਕੋਈ ਭਰਮ ਨਹੀਂ ਪਾਲਣਾ। ਜੇ ਵੱਖਰੀ ਥਾਂ ਉਪਲਬਦ ਨਹੀਂ ਹੈ ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਭਾਲ ਤੋਂ ਬਾਅਦ ਉਸੇ ਥਾਂ ਲੰਗਰ ਵਰਤਾਇਆ ਜਾ ਸਕਦਾ ਹੈ।

ਮੱਦ : 25. ਦੀਵਾਨ ਵਿਚ ਆ ਕੇ ਸਿਰਫ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਮੱਥਾ ਟੇਕ ਕੇ ਯੋਗ ਥਾਂ ਤੇ ਬੈਠਿਆ ਜਾਵੇ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਕਰਮਾ ਕਰਨਾ ਜਾਂ ਥਾਂ ਥਾਂ ਮੱਥੇ ਟੇਕਣਾ ਗੁਰਮਤਿ ਅਨੁਸਾਰੀ ਨਹੀਂ।

ਵਿਆਖਿਆ: ਜੇ ਦੀਵਾਨ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਹੈ ਤਾਂ ਦੀਵਾਨ ਵਿਚ ਆਉਣ ਤੇ ਸਰੂਪ ਸਾਹਮਣੇ ਮੱਥਾ ਟੇਕ ਕੇ, ਯੋਗ ਥਾਂ ਤੇ ਆਰਾਮ ਨਾਲ ਬੈਠਾ ਜਾਵੇ। ਸਰੂਪ ਦੀ ਪ੍ਰਕਰਮਾ ਕਰਨੀ ਜਾਂ ਸਰੂਪ ਨੂੰ ਥਾਂ ਬਦਲ ਬਦਲ ਕੇ ਮੱਥੇ ਟੇਕਣੇ ਗਿਆਨ ਵਿਹੂਣੀ ਸ਼ਰਧਾ ਦਾ ਪ੍ਰਗਟਾਵਾ ਹੈ। ਐਸਾ ਕਰਮ ਸੰਗਤ ਦਾ ਧਿਆਨ ਵੰਡਾਉਣ ਦਾ ਕਾਰਨ ਵੀ ਬਣਦਾ ਹੈ।

ਮੱਦ : 26.         ਦੀਵਾਨ ਵੇਲੇ ਸੰਗਤ ਵਿਚ ਕੋਈ ਆਪਸ ਵਿਚ ਗੱਲਬਾਤ ਨਾ ਕਰੇ। ਜੇ ਗੱਲ ਕਰਨਾ ਬਹੁਤ ਜ਼ਰੂਰੀ ਹੋਵੇ ਤਾਂ ਉਹ ਦੀਵਾਨ ਤੋਂ ਬਾਹਰ ਜਾ ਕੇ ਕੀਤੀ ਜਾਵੇ। ਦੀਵਾਨ ਦੌਰਾਨ ਮੋਬਾਇਲ ਫੋਨ ਆਦਿ ਯੰਤਰ ਸਵਿਚ ਆਫ ਜਾਂ ਵਾਈਬਰੇਸ਼ਨ ਤੇ ਰੱਖਿਆ ਜਾਵੇ।

ਵਿਆਖਿਆ:- ਦੀਵਾਨ ਦੌਰਾਨ ਸੰਗਤ ਦਾ ਧਿਆਨ ਵੀਚਾਰ/ਕੀਰਤਨ ਤੇ ਕੇਂਦਰਿਤ ਹੁੰਦਾ ਹੈ। ਐਸੇ ਵਿਚ ਕੋਈ ਵੀ ਹਲਚਲ ਧਿਆਨ ਵੰਡਾਉਣ ਦਾ ਕਾਰਨ ਬਣ ਸਕਦੀ ਹੈ। ਅੱਜ ਕੱਲ ਮੋਬਾਇਲ ਆਦਿ ਯੰਤਰ ਆਮ ਹੋ ਗਏ ਹਨ। ਜੇ ਬਹੁਤੀ ਲੋੜ ਨਾ ਹੋਵੇ ਤਾਂ ਦੀਵਾਨ ਦੌਰਾਨ ਮੋਬਾਇਲ ਬੰਦ ਰੱਖੇ ਜਾਣ। ਨਹੀਂ ਤਾਂ ਸਾਈਲੈਂਟ ਜਾਂ ਵਾਈਬਰੇਸ਼ਨ ਤੇ ਰੱਖੇ ਜਾਣ। ਸੰਗਤ ਦੌਰਾਣ ਆਪਸ ਵਿਚ ਗੱਲ-ਬਾਤ ਕਰਨਾ ਵੀ ਸਹੀ ਨਹੀਂ ਹੈ। ਜੇ ਇਹ ਬਹੁਤ ਜਰੂਰੀ ਹੋਵੇ ਤਾਂ ਦੀਵਾਨ ਤੋਂ ਬਾਹਰ ਜਾ ਕੇ ਕੀਤੀ ਜਾਵੇ। ਅਗਰ ਆਪਸੀ ਗੱਲਬਾਤ ਕਰਨਾ ਸਮਾਗਮ ਦਾ ਹਿੱਸਾ ਹੋਵੇ ਤਾਂ ਇਸ ਸੰਬੰਧੀ ਭਰਮ ਨਹੀਂ ਕਰਨਾ।

ਮੱਦ : 27.         ਦੀਵਾਨ ਦੌਰਾਨ ਸਪੀਕਰ ਦੀ ਆਵਾਜ਼ ਗੁਰਦੁਆਰਾ ਕੰਪਲੈਕਸ (ਦੀਵਾਨ ਦੀ ਥਾਂ) ਤੱਕ ਹੀ ਮਹਿਦੂਦ ਰੱਖੀ ਜਾਵੇ।

1.      ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ॥

        ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ॥184॥ (ਭਗਤ ਕਬੀਰ ਜੀ, ਪੰਨਾ 1374)

ਵਿਆਖਿਆ: ਆਮ ਵੇਖਣ ਵਿਚ ਆਇਆ ਹੈ ਕਿ ਧਾਰਮਿਕ ਸਮਾਗਮਾਂ ਦੇ ਨਾਮ ਤੇ ਸਪੀਕਰਾਂ ਰਾਹੀਂ ਬਹੁਤ ਸ਼ੋਰ ਮਚਾਇਆ ਜਾਂਦਾ ਹੈ। ਇਹ ਰੁਚੀ ਬ੍ਰਾਹਮਣੀ ਮੱਤ ਵਿਚ ਭਾਰੂ ਹੈ। ਸਿੱਖ ਸਮਾਜ ਵੀ ਇਸ ਭੇਡਚਾਲ ਤੋਂ ਅਛੂਤਾ ਨਹੀਂ ਹੈ। ਬੇਲੋੜਾ ਸ਼ੋਰ ਸ਼ਰਾਬਾ ਜਿਥੇ ਸ਼ੋਰ-ਪ੍ਰਦੂਸ਼ਨ ਪੈਦਾ ਕਰਦਾ ਹੈ, ਉਥੇ ਆਸ ਪੜੋਸ ਦੀ ਬੇ-ਆਰਾਮੀ ਦਾ ਕਾਰਨ ਵੀ ਬਣਦਾ ਹੈ। ਬੀਮਾਰ ਲੋਕਾਂ ਅਤੇ ਪੜ੍ਹਾਈ ਕਰਨ ਵਾਲਿਆਂ ਲਈ ਤਾਂ ਇਹ ਸ਼ੋਰ ਬਹੁਤ ਨੁਕਸਾਨਦਾਇਕ ਹੈ। ਧਰਮ ਦੇ ਨਾਮ ਤੇ ਐਸੇ ਬੇਲੋੜੇ ਸ਼ੋਰ-ਸ਼ਰਾਬੇ ਨੂੰ ਗੁਰਮਤਿ ਮਾਨਤਾ ਨਹੀਂ ਦਿੰਦੀ। ਸੋ ਸਪੀਕਰਾਂ ਦੀ ਆਵਾਜ਼ ਗੁਰਦੁਆਰਾ ਕੰਪਲੈਕਸ ਦੀ ਹਦੂਦ ਤੱਕ ਹੀ ਸੀਮਿਤ ਰਹਿਣੀ ਚਾਹੀਦੀ ਹੈ।

ਮੱਦ : 28.         ਗੁਰਦੁਆਰਾ ਕੰਪਲੈਕਸ ਵਿਚ ਲਾਈਬਰੇਰੀ ਅਤੇ ਰਿਆਇਤੀ ਫ੍ਰੀ ਡਿਸਪੈਂਸਰੀ/ਹਾਸਪਿਟਲ ਸਮੇਤ ਲੋੜਵੰਦਾਂ ਦੀ ਯੋਗ ਸਹਾਇਤਾ ਲਈ ਹੋਰ ਅਦਾਰੇ ਚਲਾਉਣ ਦਾ ਹਰ ਸੰਭਵ ਯਤਨ ਕੀਤਾ ਜਾਵੇ।

ਵਿਆਖਿਆ : ਗੁਰਦੁਆਰੇ ਦਾ ਮਕਸਦ ਗਿਆਨ ਦੀ ਵੰਡ ਅਤੇ ਲੋੜਵੰਦਾਂ ਦੀ ਯੋਗ ਸਹਾਇਤਾ ਕਰਨਾ ਹੈ। ਇਸ ਲਈ ਗੁਰਦੁਆਰਾ ਕੰਪਲੈਕਸ ਵਿਚ ਲਾਈਬਰੇਰੀ, ਰਿਆੲਤੀ ਫ੍ਰੀ ਹਸਪਤਾਲ ਆਦਿਕ ਜਿਤਨੇ ਵੀ ਅਦਾਰੇ ਲੋੜਵੰਦਾਂ ਦੀ ਯੋਗ ਸਹਾਇਤਾ ਲਈ ਚਲਾਏ ਜਾ ਸਕਣ, ਚੰਗਾ ਹੈ।

ਮੱਦ : 29.         ਗੁਰਦੁਆਰਾ/ਦੀਵਾਨ ਵਿਚ ਜਾੳੇੁਣ ਵੇਲੇ ਜੋੜੇ ਲਾਹ ਕੇ, ਹੱਥ ਪੈਰ ਸਾਫ ਕਰਕੇ ਅੰਦਰ ਜਾਇਆ ਜਾਵੇ। ਪੈਰ ਧੋਣ ਵਾਲੇ ਚੁੱਬੱਚੇ ਵਿਚੋਂ ਜਲ ਦੇ ਚੂਲੇ ਲੈ ਕੇ ਛਕਣਾ ਵਹਿਮ ਅਤੇ ਕਰਮਕਾਂਡ ਹੈ। ਸੰਗਤ ਦੇ ਜੋੜਿਆਂ ਹੇਠ ਲਗੀ ਧੂੜ ਨੂੰ ‘ਪਵਿੱਤਰ’ ਮੰਨਣਾ ਵੀ ਵਹਿਮ ਹੈ।

ਵਿਆਖਿਆ: ਸਫਾਈ ਦੇ ਨਜ਼ਰੀਏ ਤੋਂ ਦੀਵਾਨ ਵਿਚ ਜਾਣ ਤੋਂ ਪਹਿਲਾਂ ਜੋੜੇ ਅਤੇ ਜੁਰਾਬਾਂ ਲਾਹ ਕੇ, ਹੱਥ ਪੈਰ ਸਾਫ ਕਰਕੇ ਅੰਦਰ ਜਾਇਆ ਜਾਵੇ। ਇਸ ਪਿੱਛੇ ਸਿਰਫ ਸਫਾਈ ਦੀ ਭਾਵਨਾ ਹੈ, ਕੋਈ ਵਹਿਮ ਨਹੀਂ। ਜੇ ਕਿਸੇ ਥਾਂ ਦੀਵਾਨ ਵਿਚ ਜੋੜੇ ਲਾਹੁਣ ਦੀ ਲੋੜ ਨਹੀਂ ਹੈ ਤਾਂ ਉਥੇ ਜੋੜੇ ਪਾ ਕੇ ਜਾਇਆ ਜਾ ਸਕਦਾ ਹੈ। ਇਸ ਸੰਬੰਧੀ ਕੋਈ ਭਰਮ ਨਹੀਂ ਕਰਨਾ। ਅੰਨ੍ਹੀ ਸ਼ਰਧਾ ਦੇ ਪ੍ਰਭਾਵ ਹੇਠ ਪੈਰ ਧੋਣ ਵਾਲੇ ਚੁਬੱਚੇ ਦੇ ਮੈਲੇ ਜਲ ਨੂੰ ‘ਪਵਿੱਤਰ ਜਾਂ ਅੰਮ੍ਰਿਤ’ ਸਮਝ ਕੇ ਕੁਝ ਚੁਲੈ ਛਕਣਾ ਮਨਮੱਤ ਹੈ। ਐਸੀ ਹੀ ਇਕ ਮਨਮੱਤ ਸੰਗਤਾਂ ਦੇ ਜੋੜਿਆਂ ਦੀ ਧੂੜ ਨੂੰ ‘ਪਵਿੱਤਰ ਚਰਨਧੂੜ’ ਸਮਝ ਕੇ ਪਲਾਸਟਿਕ ਦੀਆਂ ਥੈਲੀਆਂ ਵਿਚ ਭਰ ਕੇ ਘਰ ਲੈ ਜਾਣ ਦੀ ਵੀ ਵੇਖਣ ਵਿਚ ਆਉਂਦੀ ਹੈ। ਗੁਰਮਤਿ ਮਾਰਗ ਦਾ ਯਾਤਰੂ ਐਸੇ ਵਹਿਮਾਂ ਵਿਚ ਨਹੀਂ ਫਸਦਾ।

ਮੱਦ : 30. ਦੀਵਾਨ ਹਾਲ ਵਿਚ ਨਾਨਕ ਸਰੂਪਾਂ ਸਮੇਤ ਕਿਸੇ ਦੀ ਵੀ ਤਸਵੀਰ/ਮੂਰਤੀ ਆਦਿ ਨਹੀਂ ਹੋਣੀ ਚਾਹੀਦੀ। ਇਤਿਹਾਸ ਦਰਸਾਉਣ ਲਈ ਦੀਵਾਨ ਹਾਲ ਤੋਂ ਵੱਖਰੀ ਥਾਂ ਤੇ ਤਸਵੀਰਾਂ, ਇਤਿਹਾਸਿਕ ਨਿਸ਼ਾਨੀਆਂ, ਗੁਰਬਾਣੀ ਤੁਕਾਂ ਵਾਲੇ ਬੈਨਰਾਂ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਉਸ ਥਾਂ ਦੇ ‘ਪ੍ਰਵੇਸ਼ ਦੁਆਰ’ ਤੇ ਵੱਡੇ ਅਤੇ ਆਕਰਸ਼ਕ ਲਫਜ਼ਾਂ ਵਿਚ ਇਹ ਨੋਟਿਸ ਲਿਖ ਕੇ ਲਾਇਆ ਜਾਵੇ, “ਇਨ੍ਹਾਂ ਤਸਵੀਰਾਂ/ਨਿਸ਼ਾਨੀਆਂ ਆਦਿ ਦਾ ਮਕਸਦ ਸਿਰਫ ਇਤਿਹਾਸ ਦੀ ਸੋਝੀ ਕਰਵਾਉਣਾ ਹੈ। ਇਨ੍ਹਾਂ ਨੂੰ ਮੱਥੇ ਟੇਕਣਾ/ਚੜ੍ਹਾਵਾ ਚੜ੍ਹਾਉਣਾ ਗਲਤ ਹੈ”।

ਵਿਆਖਿਆ : ਪਿੱਛੇ ਆਈਆਂ ਮੱਦਾਂ ਵਿਚ ਇਹ ਵਿਚਾਰ ਹੋ ਚੁੱਕੀ ਹੈ ਕਿ ਗੁਰਬਾਣੀ ਮੂਰਤੀਆਂ/ਤਸਵੀਰਾਂ ਆਦਿ ਦੀ ਪੂਜਾ ਅਤੇ ਮੱਥੇ ਟੇਕਣ ਦਾ ਖੰਡਨ ਕਰਦੀ ਹੈ। ਪਰ ਬ੍ਰਾਹਮਣੀ ਮੱਤ ਦੇ ਪ੍ਰਭਾਵ ਹੇਠ ਆ ਜਾਣ ਕਰ ਕੇ ਸਿੱਖ ਸਮਾਜ ਵਿਚ ਵੀ ਨਾਨਕ ਸਰੂਪਾਂ ਦੀਆਂ ਕਾਲਪਨਿਕ (ਕਈਂ ਥਾਂ ਗੈਰ-ਸਿਧਾਂਤਕ) ਤਸਵੀਰਾਂ ਨੂੰ ਪੂਜਨ, ਧੂਫ-ਬੱਤੀ ਕਰਨ ਅਤੇ ਮੱਥੇ ਟੇਕਣ ਦੀ ਮਨਮੱਤ ਪ੍ਰਚਲਿਤ ਹੋ ਚੁੱਕੀ ਹੈ। ਦੀਵਾਨ ਹਾਲ ਵਿਚ ਵੀ ਅੰਨ੍ਹੀ ਸ਼ਰਧਾ ਵਿਚ ਗ੍ਰਸੇ ਸੱਜਣਾਂ ਨੂੰ ਨਾਨਕ ਸਰੂਪਾਂ ਦੀਆਂ ਕਾਲਪਨਿਕ ਤਸਵੀਰਾਂ ਅੱਗੇ ਮੱਥੇ ਟੇਕਦੇ ਆਮ ਵੇਖਿਆ ਜਾ ਸਕਦਾ ਹੈ। ‘ਨਿਸ਼ਾਨ ਸਾਹਿਬ’ ਦੇ ਰੂਪ ਵਿਚ ਪੱਥਰ/ਲੋਹੇ ਨੂੰ ਮੱਥੇ ਟੇਕਣ ਦੀ ਮਨਮੱਤ ਵੀ ਆਮ ਪ੍ਰਚਲਿਤ ਹੈ। ਇਸ ਮਨਮੱਤ ਨੂੰ ਰੋਕਣ ਲਈ ਦੀਵਾਨ ਹਾਲ ਵਿਚ ਨਾਨਕ ਸਰੂਪਾਂ ਦੀਆਂ ਕਾਪਨਿਕ ਤਸਵੀਰਾਂ/ਮੂਰਤੀਆਂ ਨਹੀਂ ਹੋਣੀਆਂ ਚਾਹੀਦੀਆਂ। ਇਤਿਹਾਸ ਦਰਸਾਉਣ ਦੇ ਮਕਸਦ ਨਾਲ ਜੇ ਇਨ੍ਹਾਂ ਦੀ ਵਰਤੋਂ ਕਰਨੀ ਹੋਵੇ ਤਾਂ ਵੱਖਰੀ ਥਾਂ ਕੀਤੀ ਜਾ ਸਕਦੀ ਹੈ, ਪਰ ਉਥੇ ਆਕਰਸ਼ਕ ਤਰੀਕੇ ਨਾਲ ਇਹ ਨੋਟਿਸ ਲੱਗਿਆ ਹੋਣਾ ਚਾਹੀਦਾ ਹੈ ਕਿ “ਇਨ੍ਹਾਂ ਤਸਵੀਰਾਂ/ਨਿਸ਼ਾਨੀਆਂ ਆਦਿ ਦਾ ਮਕਸਦ ਸਿਰਫ ਇਤਿਹਾਸ ਦੀ ਸੋਝੀ ਕਰਵਾਉਣਾ ਹੈ। ਇਨ੍ਹਾਂ ਨੂੰ ਮੱਥੇ ਟੇਕਣਾ/ਚੜ੍ਹਾਵਾ ਚੜ੍ਹਾਉਣਾ ਗਲਤ ਹੈ”।

ਮੱਦ : 31. ਇਕ ਕਸਬੇ/ਪਿੰਡ ਵਿਚ ਇਕ ਹੀ ਸਾਂਝਾ ਗੁਰਦੁਆਰਾ ਹੋਵੇ। ਜ਼ਾਤ ਬਰਾਦਰੀਆਂ, ਧੜਿਆਂ ਦੇ ਆਧਾਰ ਤੇ ਥਾਂ ਥਾਂ ਗੁਰਦੁਆਰੇ ਬਣਾਉਣੇ ਮਨਮੱਤ ਦੇ ਨਾਲ ਨਾਲ ਕੌਮੀ ਧਨ ਦੀ ਬਰਬਾਦੀ ਹੈ।

ਵਿਆਖਿਆ: ਵੇਖਣ ਵਿਚ ਆਉਂਦਾ ਹੈ ਕਿ ਕਈਂ ਥਾਂ ਚੌਧਰ ਦੀ ਭੁੱਖ ਅਤੇ ਕੁਝ ਹੋਰ ਕਾਰਨਾਂ ਕਰਕੇ ਨੇੜੇ-ਨੇੜੇ ਹੀ ਅਨੇਕਾਂ ਪ੍ਰਚਲਿਤ ਗੁਰਦੁਆਰੇ ਬਣੇ ਹੁੰਦੇ ਹਨ। ਕਈਂ ਤਾਂ ਗੁਰਮਤਿ ਅੱਖੋਂ-ਉਹਲੇ ਕਰ ਕੇ ਜ਼ਾਤ-ਬਿਰਾਦਰੀ ਦੇ ਨਾਮ ਤੇ ਵੀ ਗੁਰਦੁਆਰੇ ਬਣਾਏ ਹੋਏ ਹਨ, ਜੋ ਗੁਦੁਆਰੇ ਦੀ ਮੂਲ ਭਾਵਨਾ ਦੇ ਵੀ ਉਲਟ ਹੈ। ਇਕ ਕਸਬੇ ਜਾਂ ਪਿੰਡ ਵਿਚ ਇਕ ਹੀ ਸਾਂਝਾ ਗੁਰਦੁਆਰਾ ਹੋਣਾ ਚਾਹੀਦਾ ਹੈ। ਇਸ ਨਾਲ ਜਿਥੇ ਆਪਸੀ ਸਾਂਝ ਵੱਧਦੀ ਹੈ, ਉੱਥੇ ਹੀ ਕੌਮੀ ਧਨ ਦੇ ਬੇਲੋੜੀ ਬਰਬਾਦੀ ਤੋਂ ਵੀ ਰਾਹਤ ਮਿਲਦੀ ਹੈ।

ਮੱਦ : 32. ਨਿਸ਼ਾਨ/ਥੜੇ ਨੂੰ ਕੱਚੀ ਲੱਸੀ ਨਾਲ ਧੋਣਾ ਮਨਮੱਤ ਹੈ।

ਵਿਆਖਿਆ : ਸਿੱਖ ਸਮਾਜ ਵਿਚ ‘ਨਿਸ਼ਾਨ’ ਅਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਸਰੂਪ ਦੇ ਪ੍ਰਕਾਸ਼ ਹੇਠਲੀ ਥਾਂ ਨੂੰ ਬ੍ਰਾਹਮਣੀ ਤਰਜ਼ ਤੇ ‘ਕੱਚੀ ਲੱਸੀ’ ਨਾਲ ਧੌਣ ਦੀ ਮਨਮੱਤ ਵੀ ਪ੍ਰਚਲਿਤ ਹੈ। ਕਿਸੇ ਥਾਂ ਦੀ ਸਫਾਈ ਕਰਨ ਵਿਚ ਤਾਂ ਕੋਈ ਹਰਜ਼ ਨਹੀਂ ਹੈ, ਕੱਚੀ ਲੱਸੀ ਨਾਲ ਧੌਣ ਦੇ ਐਸੇ ਭਰਮ ਨੂੰ ਗੁਰਮਤਿ ਮਾਨਤਾ ਨਹੀਂ ਦਿੰਦੀ। ਇਹ ਦੁਧ ਦੀ ਬਰਬਾਦੀ ਵੀ ਹੈ।

ਮੱਦ : 33. ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਦੀਵਾਨ ਵੇਲੇ ਹੀ ਕੀਤਾ ਜਾਣਾ ਚਾਹੀਦਾ ਹੈ।

ਵਿਆਖਿਆ : ਮੌਜੂਦਾ ਸਮੇਂ ਵਿਚ ਹਰ ਗੁਰਦੁਆਰੇ ਵਿਚ ਪ੍ਰਭਾਤ ਵੇਲੇ ਹੀ ਪ੍ਰਚਲਿਤ ਪ੍ਰਕਾਸ਼ ਕਰ ਦਿਤਾ ਜਾਂਦਾ ਹੈ। ਫੇਰ ਸਰੂਪ ਦੀ ਸੰਭਾਲ ਸ਼ਾਮ ਵੇਲੇ ਹੀ ਹੁੰਦੀ ਹੈ। ਇਸ ਕਾਰਨ ਗੁਰਦੁਆਰੇ ਵਿਚ ਇਕ ਸੇਵਾਦਾਰ ਰੱਖਣਾ ਲਾਜ਼ਮੀ ਹੋ ਜਾਂਦਾ ਹੈ, ਜੋ ਪੁਜਾਰੀ ਵਿਵਸਥਾ ਪੈਦਾ ਹੋਣ ਦਾ ਮੁੱਢ ਬੰਣਦਾ ਹੈ। ਇਸ ਲਈ ਪ੍ਰਕਾਸ਼ ਸਿਰਫ ਦੀਵਾਨ ਸ਼ੁਰੂ ਹੋਣ ਤੋਂ ਪਹਿਲਾਂ ਸੰਗਤ ਵਿਚੋਂ ਨਿਸ਼ਕਾਮ ਸੱਜਣ ਆਪ ਕਰਨ ਅਤੇ ਦੀਵਾਨ ਦੀ ਸਮਾਪਤੀ ਤੇ ਸੰਭਾਲ ਵੀ ਨਾਲੋ ਨਾਲ ਕਰ ਦਿਤੀ ਜਾਣੀ ਚਾਹੀਦੀ ਹੈ। ਇਸ ਨਾਲ ਇਸ ਕੰਮ ਲਈ ਸਪੈਸ਼ਲ ਕਿਸੇ ਤਨਖਾਹਦਾਰ ਸੇਵਾਦਾਰ ਦੀ ਲੋੜ ਨਹੀਂ ਰਹੇਗੀ, ਜੋ ਪੁਜਾਰੀਵਾਦ ਦੇ ਸਿੱਖੀ ਵਿਚੋਂ ਖਾਤਮੇ ਦੇ ਸਫਰ ਵਿਚ ਇਕ ਮੀਲ ਪੱਥਰ ਸਾਬਿਤ ਹੋਵੇਗਾ।

ਮੱਦ : 34. ਆਮ ਕਰਕੇ ਦੀਵਾਨ ਦੀ ਰੂਪ ਰੇਖਾ ਇਵੇਂ ਹੋਵੇ- ਪ੍ਰਕਾਸ਼, ਕੀਰਤਨ, ਸ਼ਬਦ ਵਿਚਾਰ, ਲੈਕਚਰ,  ਲੰਗਰ।

ਵਿਆਖਿਆ :       ਗੁਰਦੁਆਰੇ ਮੂਲ ਰੂਪ ਵਿਚ ਗੁਰਬਾਣੀ ਗਿਆਨ ਦੇ ਕੇਂਦਰ ਹਨ, ਜਿਸ ਦਾ ਮੁੱਖ ਸਾਧਨ ਸ਼ਬਦ ਵੀਚਾਰ ਹੈ। ਪਰ ਅੱਜ ਸਮਾਜ ਵਿਚ ਗੁਰਬਾਣੀ ਸਿਰਫ ਰਸਮੀ ਤੋਤਾ ਰਟਨੀਆਂ ਜਾਂ ਕੰਨ ਰਸ ਤੱਕ ਹੀ ਸੀਮਿਤ ਹੋ ਗਈ ਹੈ। ਸ਼ਬਦ ਵੀਚਾਰ ਨੂੰ ਇਤਨਾ ਮਹੱਤਵ ਨਹੀਂ ਦਿਤਾ ਜਾ ਰਿਹਾ। ਇਹੀ ਸਮਾਜ ਵਿਚ ਭਟਕਾਵ ਦਾ ਮੁੱਖ ਕਾਰਨ ਬਣ ਰਿਹਾ ਹੈ।

ਮੱਦ : 35. ਰੈਣ ਸਬਾਈ/ਰਾਤ ਭਰ ਦੇ ਕੀਰਤਨ ਦਰਬਾਰ ਗੁਰਮਤਿ ਅਨੁਸਾਰ ਸਹੀ ਨਹੀਂ  ਹਨ।

1.      ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥(ਮਹਲਾ 4, ਪੰਨਾ 450)

2.      ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥

          ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥

          ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥32॥   (ਮਹਲਾ 1, ਪੰਨਾ 7)

3.      ਸਲੋਕੁ ਮਃ 1 ॥

          ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥

         ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥

         ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥1॥     (ਪੰਨਾ 467)

ਵਿਆਖਿਆ :       ਗੁਰਬਾਣੀ ਦਾ ਮੂਲ ਆਧਾਰ ਗੁਰਬਾਣੀ ਵਿਚਾਰ ਅਤੇ ਗਿਆਨ ਦੀ ਪ੍ਰਾਪਤੀ ਰਾਹੀਂ ਉਸ ਅਨੁਸਾਰੀ ਜੀਵਨ ਜਾਚ ਬਣਾਉਣਾ ਹੈ। ਮੌਜੂਦਾ ਸਮੇਂ ਵਿਚ ਚਲ ਰਹੀਆਂ ਰੈਣ ਸਬਾਈਆਂ/ਕੀਰਤਨ ਦਰਬਾਰਾਂ ਵਿਚੋਂ ਵਿਚਾਰ ਦਾ ਅੰਸ਼ ਲਗਭਗ ਗਾਇਬ ਹੈ। ਕੰਨ ਰਸ, ਅੰਨ੍ਹੀ ਸ਼ਰਧਾ, ਕਰਮਕਾਂਡ ਹੀ ਭਾਰੂ ਹਨ। ਇਸ ਨਾਲ ਕੌਮੀ ਧਨ ਅਤੇ ਮਨੁੱਖਾਂ ਦੇ ਕੀਮਤੀ ਸਮੇਂ ਦੀ ਬਰਬਾਦੀ ਹੁੰਦੀ ਹੈ। ਇਹ ਸਭ ਆਪਣੀ ਅਤੇ ਆਸ ਪਾਸ ਦੇ ਲੋਕਾਂ ਲਈ ਬੇਆਰਾਮੀ ਦਾ ਕਾਰਨ ਵੀ ਬਣਦਾ ਹੈ।

ਮੱਦ : 36. ਸਿਮਰਨ ਦਾ ਸਰਲ ਅਤੇ ਸਪਸ਼ਟ ਮਤਲਬ ਗੁਰਮਤਿ ਦੀ ਰੋਸ਼ਨੀ ਵਿਚ ਜੀਵਣ ਜੀਉਣਾ ਹੈ। ਸਿਮਰਨ ਦੇ ਨਾਂ ਤੇ ਰੱਬ ਦੇ ਕਿਸੇ ਇਕ ਨਾਂ ਦਾ ਵੱਖ-ਵੱਖ ਤਰੀਕੇ ਰੱਟਣ ਮਨਮੱਤ ਹੈ।

1.       ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥

         ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥1॥   (ਭਗਤ ਕਬੀਰ ਜੀ, ਪੰਨਾ 1364)

2.      ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥

          ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥1॥ ਰਹਾਉ ॥ (ਮਹਲਾ 4, ਪੰਨਾ 10)

3.      ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ ॥ ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥

          ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ ॥1॥   (ਮਹਲਾ 3, ਪੰਨਾ 28)

4.      ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥

         ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ ॥1॥ ਰਹਾਉ ॥   (ਮਹਲਾ 1, ਪੰਨਾ 109)

5.      ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸਚਿ ਸਮਾਏ ॥ ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ ਲਵਾਏ ॥2॥   (ਮਹਲਾ 3, ਪੰਨਾ 246)

6.      ਸਚਾ ਵਖਰੁ ਨਾਮੁ ਹੈ ਸਚਾ ਵਾਪਾਰਾ ॥ ਲਾਹਾ ਨਾਮੁ ਸੰਸਾਰਿ ਹੈ ਗੁਰਮਤੀ ਵੀਚਾਰਾ ॥

          ਦੂਜੈ ਭਾਇ ਕਾਰ ਕਮਾਵਣੀ ਨਿਤ ਤੋਟਾ ਸੈਸਾਰਾ ॥5॥   (ਮਹਲਾ 1, ਪੰਨਾ 1009)

7.      ਮਨੂਆ ਨ ਡੋਲੈ ਗੁਰਮੁਖਿ ਬੂਝੈ ਧਾਵਤੁ ਵਰਜਿ ਰਹਾਏ॥ ਗ੍ਰਿਹੁ ਸਰੀਰੁ ਗੁਰਮਤੀ ਖੋਜੇ ਨਾਮੁ ਪਦਾਰਥੁ ਪਾਏ ॥8॥ (ਮਹਲਾ 1, ਪੰਨਾ 1013)

8.      ਮਾਇਆ ਅਗਨਿ ਜਲੈ ਸੰਸਾਰੇ ॥ ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥

           ਅੰਤਰਿ ਸਾਂਤਿ ਸਦਾ ਸੁਖੁ ਪਾਇਆ ਗੁਰਮਤੀ ਨਾਮੁ ਲੀਜੈ ਹੇ ॥10॥   (ਮਹਲਾ 3, ਪੰਨਾ 1049)

9.      ਆਪੇ ਬਖਸੇ ਗੁਰ ਸੇਵਾ ਲਾਏ ॥ ਗੁਰਮਤੀ ਨਾਮੁ ਮੰਨਿ ਵਸਾਏ ॥

          ਅਨਦਿਨੁ ਨਾਮੁ ਧਿਆਏ ਸਾਚਾ ਇਸੁ ਜਗ ਮਹਿ ਨਾਮੋ ਲਾਹਾ ਹੇ ॥7॥   (ਮਹਲਾ 3, ਪੰਨਾ 1053)

10.    ਕਾਇਆ ਅੰਦਰਿ ਤੋਲਿ ਤੁਲਾਵੈ ਆਪੇ ਤੋਲਣਹਾਰਾ ॥ ਇਹੁ ਮਨੁ ਰਤਨੁ ਜਵਾਹਰ ਮਾਣਕੁ ਤਿਸ ਕਾ ਮੋਲੁ ਅਫਾਰਾ ॥

         ਮੋਲਿ ਕਿਤ ਹੀ ਨਾਮੁ ਪਾਈਐ ਨਾਹੀ ਨਾਮੁ ਪਾਈਐ ਗੁਰ ਬੀਚਾਰਾ ॥5॥   (ਮਹਲਾ 3, ਪੰਨਾ 754)

11.    ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥

         ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥3॥  (ਮਹਲਾ 3, ਪੰਨਾ 852)

12.    ਗੁਰ ਕਾ ਸਬਦੁ ਵੀਚਾਰਿ ਜੋਗੀ ॥ ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥

          ਭੁਗਤਿ ਨਾਮੁ ਗੁਰ ਸਬਦਿ ਬੀਚਾਰੀ ॥ ਅਸਥਿਰੁ ਕੰਧੁ ਜਪੈ ਨਿਰੰਕਾਰੀ ॥3॥  (ਮਹਲਾ 1, ਪੰਨਾ 879)

13.    ਗੋਵਿੰਦ ਪ੍ਰੀਤਿ ਸਨਕਾਦਿਕ ਉਧਾਰੇ ॥ ਰਾਮ ਨਾਮ ਸਬਦਿ ਬੀਚਾਰੇ ॥1॥  (ਮਹਲਾ 3, ਪੰਨਾ 1129)

14.    ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥

          ਕਹੁ ਨਾਨਕ ਨਿਹਚਉ ਧਿਆਵੈ ॥ ਵਿਣੁ ਸਤਿਗੁਰ ਵਾਟ ਨ ਪਾਵੈ ॥2॥   (ਮਹਲਾ 1, ਪੰਨਾ 470)

15.    ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥1॥  (ਭਗਤ ਕਬੀਰ ਜੀ, ਪੰਨਾ 1158)

16.    ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ ॥

          ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ ॥1॥   (ਮਹਲਾ 1, ਪੰਨਾ 1170)

17.    ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥

          ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥75॥(ਭਗਤ ਕਬੀਰ ਜੀ, ਪੰਨਾ 1368)

ਵਿਆਖਿਆ : ਗੁਰਬਾਣੀ ਵਿਚ ਸਿਮਰਣ, ਨਾਮ ਜਪਣਾ, ਸ਼ਬਦ ਵਿਚਾਰ ਆਦਿ ਲਕਬ ਸਮਾਨ ਅਰਥੀ ਹਨ ਜਿਨ੍ਹਾਂ ਦਾ ਮੂਲ਼ ਭਾਵ ਸੱਚ ਦੇ ਗਿਆਨ ਨੂੰ ਆਪਣੇ ਜੀਵਨ ਵਿਚ ਧਾਰਨ ਕਰਨਾ ਹੈ। ਉਪਰੋਕਤ ਗੁਰਵਾਕਾਂ ਵਿਚ ਇਹ ਸੱਚ ਸਪੱਸ਼ਟ ਵੇਖਿਆ ਜਾ ਸਕਦਾ ਹੈ ਕਿ ਗੁਰਮਤਿ (ਗੁਰੂ ਦੀ ਮੱਤ) ਹੀ ‘ਨਾਮ’ ਹੈ। ਪਰ ਪੁਜਾਰੀਵਾਦ ਦੇ ਪ੍ਰਭਾਵ ਹੇਠ, ਸਮੇਂ ਨਾਲ ਸਿੱਖ ਸਮਾਜ ਵਿਚ, ਅਨਮੱਤਾਂ ਵਾਂਗੂ, ਰੱਬ ਦੇ ਕਿਸੇ ਇਕ ਪ੍ਰਚਲਿਤ ਨਾਮ ਦੇ ਵੱਖ ਵੱਖ ਤਰੀਕੇ ਰਟਨ ਨੂੰ ਹੀ ‘ਸਿਮਰਨ’ ਮੰਨਿਆ ਅਤੇ ਪ੍ਰਚਾਰਿਆ ਜਾਣ ਲਗ ਪਿਆ। ‘ਵਾਹਿਗੁਰੂ’ ਲਫਜ਼ ਦਾ ਰਟਨ ਹੀ ਬਹੁਤਾ ਪ੍ਰਚਲਿਤ ਹੋਇਆ। ਇਸ ਸਿਮਰਨ ਲਈ, ਅਨਮਤਾਂ ਵਾਂਗੂ, ਉਹ ਕਰਮਕਾਂਡੀ ‘ਮਾਲਾ’ ਵੀ ਸਿੱਖ ਸਮਾਜ ਵਿਚ ਘੁਸਪੈਠ ਕਰ ਗਈ, ਜਿਸ ਦਾ ਭਰਪੂਰ ਖੰਡਣ ਗੁਰਬਾਣੀ ਵਿਚ ਮਿਲਦਾ ਹੈ।

 

ਲੰਗਰ

ਮੱਦ : 1.   ਲੰਗਰ ਦਾ ਮਕਸਦ ਵਿਤਕਰੇ ਰਹਿਤ ਸਾਂਝ ਪੈਦਾ ਕਰਦਿਆਂ ਵੰਡ ਛੱਕਣ ਦੀ ਪ੍ਰੇਰਣਾ ਦੇਣਾ, ਸਮੇਂ ਅਤੇ ਜ਼ਰੂਰਤਮੰਦ ਆਦਿ ਦੀ ਲੋੜ ਪੂਰੀ ਕਰਨਾ ਹੈ।

ਵਿਆਖਿਆ : ਨਾਨਕ ਸਰੂਪਾਂ ਵਲੋਂ ਲੰਗਰ ਦੀ ਪ੍ਰਥਾ ਸ਼ੁਰੂ ਕਰਨ ਵੇਲੇ ਦੋ ਮੁੱਖ ਮਕਸਦ ਸਨ। ਪਹਿਲਾ ਸਤਸੰਗ ਵਿਚ ਜੁੜਨ ਆਈ ਸੰਗਤ ਅਤੇ ਲੋੜਵੰਦ ਦੀ ਲੋੜ ਦੀ ਪੂਰਤੀ ਕਰਨਾ। ਦੂਜਾ ਮਕਸਦ ਸਮਾਜ ਵਿਚ ਜ਼ਾਤ ਪਾਤ, ਗਰੀਬ-ਅਮੀਰ ਦੇ ਆਧਾਰ ਤੇ ਪਾਏ ਜਾਂਦੇ ਵਿਤਕਰੇ ਦੀ ਮਾਨਸਿਕਤਾ ਨੂੰ ਬਦਲਣ ਲਈ ਇਕੋ ਪੰਗਤ ਵਿਚ ਬੈਠ ਕੇ, ਇਕਸਾਰਤਾ, ਮਿਲਵਰਤਣ ਅਤੇ ਆਪਸੀ ਸਾਂਝ ਪੈਦਾ ਕਰਨਾ। ਬ੍ਰਾਹਮਣੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਜ਼ਾਤ-ਪਾਤ ਦੇ ਆਧਾਰ ਤੇ ਸਮਾਜ ਵਿਚ ਛੂਤ-ਛਾਤ, ਸੁੱਚ-ਭਿੱਟ ਦੇ ਵਹਿਮ ਆਮ ਮਾਨਸਿਕਤਾ ਵਿਚ ਘਰ ਕਰ ਚੁੱਕੇ ਸਨ। ਇਸ ਨਾਲ ਜਿਥੇ ਮਨੁੱਖਾਂ ਵਿਚ ਨਫਰਤ ਅਤੇ ਵਿਤਕਰੇ ਦਾ ਜ਼ੋਰ ਸੀ, ਉਥੇ ਹੀ ‘ਨੀਚ’ ਕਹਿ ਕੇ ਪੁਕਾਰੀ ਜਾਂਦੀ ਸ਼੍ਰੇਣੀ ਦੀ ਮਾਨਸਿਕਤਾ ਵਿਚ ਆਤਮ-ਗਿਲਾਨੀ, ਗੁਲਾਮੀ ਦੀ ਸੋਚ ਭਾਰੂ ਹੋ ਗਈ ਸੀ। ਨਾਨਕ ਸਰੂਪਾਂ ਵਲੋਂ  ਸਾਂਝੇ ਲੰਗਰ ਅਤੇ ਸਰੋਵਰਾਂ ਦੀ ਜੁਗਤ, ਸਮਾਜ ਦਾ ਇਨ੍ਹਾਂ ਅਲਾਮਤਾਂ ਤੋਂ ਖਹਿੜਾ ਛੁਡਾਉਣ ਲਈ, ਗਿਆਨ ਦੀ ਸੇਧ ਵਿਚ ਆਰੰਭੇ ‘ਗੁਰਮਤਿ ਇਨਕਲਾਬ’ ਦੇ ਫਲਸਫੇ ਦੇ ਵਿਵਹਾਰਿਕ ਪੱਖ ਦੇ ਮੂਲ਼ ਆਧਾਰ ਸਨ।

ਜਿਵੇਂ ਕਿ ਆਮ ਹੁੰਦਾ ਹੈ, ਸਮੇਂ ਨਾਲ ਸਿੱਖ ਸਮਾਜ ਵਿਚਲੀਆਂ ਇਹ ਬੇਸ਼ਕੀਮਤੀ ਪ੍ਰਥਾਵਾਂ ਵੀ ਪੁਜਾਰੀ ਸ਼੍ਰੇਣੀ ਦੀ ਮਾਰ ਹੇਠ ਆ ਗਈਆਂ। ‘ਸਾਂਝੇ ਸਰੋਵਰਾਂ’ ਦੀ ਜੁਗਤ ਹੋਲੀ ਹੋਲੀ ਬ੍ਰਾਹਮਣੀ ਤੀਰਥ ਇਸ਼ਨਾਨਾਂ ਦੀ ਤਰਜ਼ ਤੇ ‘ਪਵਿਤ੍ਰ ਇਸ਼ਨਾਨ’ ਦੇ ਭਰਮ ਵਿਚ ਤਬਦੀਲ ਹੋ ਗਈ। ਇਸੇ ਤਰਾਂ ਸਵੱਛ ਅਤੇ ਪੋਸ਼ਟਿਕ ‘ਸਾਂਝੇ ਲੰਗਰਾਂ’ ਦੀ ਪ੍ਰਥਾ ਵੀ ਅਨੇਕਾਂ ਕੁਰੀਤੀਆਂ ਦਾ ਸ਼ਿਕਾਰ ਹੋ ਗਈ। ਬ੍ਰਾਹਮਣੀ ਤਰਜ਼ ਤੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਨੂੰ ਮੂਰਤੀ ਵਾਂਗੂ ਬਣਾ ਕੇ, ਲੰਗਰ ਨੂੰ ਵੀ ਭੋਗ ਲਗਾਉਣ/ਪ੍ਰਵਾਨ ਕਰਾਉੇਣ ਦੀ ਮਨਮੱਤ ਤੁਰ ਪਈ। ਲੰਗਰ ਵੀ ਭਾਂਤ-ਭਾਂਤ ਦੇ ਅਤੇ ਬੇਲੋੜੇ (ਬਹੁੱਤੇ) ਹੋਣ ਲਗ ਪਏ। ਇਸ ਪ੍ਰਥਾ ਦੇ ਚਾਲੂ ਰਹਿਣ ਦੇ ਬਾਵਜੂਦ ਸਿੱਖ ਸਮਾਜ ਵਿਚ ਅਖੌਤੀ ਸੰਤਾਂ, ਸੰਪਰਦਾਵਾਂ  ਦੇ ਪ੍ਰਭਾਵ ਹੇਠ ਉਚ-ਨੀਚ, ਸੁੱਚ-ਭਿੱਟ ਦੀ ਮਾਨਤਾ ਪੂਰੀ ਤਰਾਂ ਘਰ ਕਰ ਗਈ।

ਸੋ ਗੁਰਬਾਣੀ ਦੀ ਸੇਧ ਵਿਚ ‘ਲੰਗਰ ਪ੍ਰਥਾ’ ਨੂੰ ਇਸਦੇ ਮੂਲ ਅਤੇ ਅਸਲ ਭਾਵ ਵਿਚ ਸਾਹਮਣੇ ਲਿਆਉਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਮੱਦ : 2.   ਲੰਗਰ ਸਭ ਵਲੋਂ ਸਾਂਝਾ ਹੁੰਦਾ ਹੈ। ਕਿਸੇ ਇਕ ਵਿਅਕਤੀ/ਪਰਿਵਾਰ ਵਲੋਂ ਲੰਗਰ ਦੀ ਸੇਵਾ ਵਿਖਾਵੇ ਵਜੋਂ ਕਰਨਾ/ਕਰਵਾਉਣਾ ਹਉਮੈ ਦਾ ਪ੍ਰਤੀਕ ਹੈ।

ਵਿਆਖਿਆ: ਗੁਰਮਤਿ ਵਿਚੋਂ ਨਿਰ-ਸੁਆਰਥ ਅਤੇ ਨਿਸ਼ਕਾਮ ਸੇਵਾ ਦਾ ਸੰਦੇਸ਼ ਮਿਲਦਾ ਹੈ। ਸੋ ਵਿਖਾਵੇ ਹੇਠ ਲੰਗਰ ਜਾਂ ਕੋਈ ਹੋਰ ਸੇਵਾ ਕਰਕੇ ਮਨ ਵਿਚ ਹੰਕਾਰ ਪਾਲਣਾ ਸਹੀ ਨਹੀਂ ਹੈ। ਬਿਹਤਰ ਇਹੀ ਹੈ ਕਿ ਲੰਗਰ ਦੀ ਸੇਵਾ ਸੰਗਤ ਵਲੋਂ ਸਾਂਝੇ ਤੌਰ ਤੇ ਹੋਵੇ।

ਮੱਦ : 3.   ਲੰਗਰ ਸਵੱਛ, ਪੋਸ਼ਟਿਕ ਪਰ ਸਾਦਾ ਹੋਣਾ ਚਾਹੀਦਾ ਹੈ। ‘ਕੜਾਹ’ ਵੀ ਇਕ ਪੌਸ਼ਟਕ ਅਤੇ ਸਵਾਦੀ ਪਦਾਰਥ ਹੈ, ਜੋ ਲੰਗਰ ਦਾ ਹਿੱਸਾ ਹੀ ਹੈ। ਇਸ ਨੂੰ ਵੱਖਰੇ ਤੌਰ ਬ੍ਰਾਹਮਣੀ ਸੋਚ ਦੇ ਪ੍ਰਭਾਵ ਹੇਠ ‘ਪ੍ਰਸ਼ਾਦ’ ਦਾ ਰੂਪ ਦੇ ਕੇ ਇਸ ਨਾਲ ਕਈਂ ਹੋਰ ਮਨਮੱਤਾਂ (ਕਿਰਪਾਨ ਭੇਟ ਕਰਨਾ, ਪੰਜ ਪਿਆਰਿਆਂ ਦਾ ਗੱਫਾ ਕੱਡਣਾ ਆਦਿਕ) ਜੋੜ ਦਿਤੀਆਂ ਗਈਆਂ। ਲੰਗਰ ਦੇ ਨਾਂ ਤੇ ਭਾਂਤ ਭਾਂਤ ਦੇ ਪਕਵਾਣਾਂ ਦਾ ਵਿਖਾਵਾ ਗਲਤ ਹੈ। ਲੰਗਰ ਲੋੜ ਅਨੁਸਾਰ ਹੀ ਹੋਣਾ ਚਾਹੀਦਾ ਹੈ। ਬੇਲੋੜੇ ਲੰਗਰ ਕੌਮੀ ਧਨ ਅਤੇ ਸ਼ਕਤੀ ਦੀ ਬਰਬਾਦੀ ਹਨ।

ਵਿਆਖਿਆ:  ਲੰਗਰ ਸਵੱਛ, ਪੋਸ਼ਟਿਕ, ਸਾਦਾ ਅਤੇ ਲੋੜ ਅਨੁਸਾਰ ਹੀ ਹੋਣਾ ਚਾਹੀਦਾ ਹੈ। ਲੰਗਰ ਦੇ ਨਾਮ ਤੇ ਭਾਂਤ ਭਾਂਤ ਪਕਵਾਣਾਂ ਦਾ ਵਿਖਾਵਾ ਸਹੀ ਨਹੀਂ ਹੈ। ਸਿੱਖ ਸਮਾਜ ਵਿਚ ਕੁਝ ਖਾਸ ਮੌਕਿਆਂ ਤੇ ਬੇਲੋੜੇ ਲੰਗਰਾਂ ਦੀ ਭਰਮਾਰ ਵੀ ਮਿਲਦੀ ਹੈ। ਇਹ ਕੌਮੀ ਧਨ ਦੀ ਬੇ-ਮੁਹਾਰੀ ਵਰਤੋਂ ਦੀ ਨਿਸ਼ਾਨੀ ਹੈ। ਇਹ ਕੌਮੀ ਸ਼ਕਤੀ ਦੀ ਬਰਬਾਦੀ ਦਾ ਵੀ ਕਾਰਨ ਬਣਦੇ ਹਨ।

ਬ੍ਰਾਹਮਣੀ ਮੱਤ ਵਿਚ ਮੂਰਤੀ ਪੂਜਾ ਦੇ ਇਕ ਹਿੱਸੇ ਵਜੋਂ ‘ਪ੍ਰਸ਼ਾਦ’ ਦੇ ਤੌਰ ਤੇ ਮੂਰਤੀ ਅਤੇ ਪ੍ਰਚਲਿਤ ਦੇਵੀ/ਦੇਵਤਿਆਂ ਨੂੰ ਭੋਗ ਲਾਉਣ ਦੀ ਪਰੰਪਰਾ ਹੈ। ਗੁਰਬਾਣੀ ਵਿਚ ਧਰਮ ਨਾਲ ਜੋੜੀਆਂ ਜਾਂਦੀਆਂ ਐਸੀਆਂ ਗਲਤ ਮਾਨਤਾਵਾਂ/ਪਰੰਪਰਾਵਾਂ ਦਾ ਭਰਪੂਰ ਖੰਡਣ ਮਿਲਦਾ ਹੈ। ਬ੍ਰਾਹਮਣੀ ਵਿਚਾਰਧਾਰਾ ਤੋਂ ਪ੍ਰੇਰਿਤ ਪੁਜਾਰੀਵਾਦੀ ਤਾਕਤਾਂ ਸਿੱਖ ਸਮਾਜ ਦੇ ‘ਧਾਰਮਿਕ ਅਦਾਰਿਆਂ’ ਤੇ ਲੰਮਾ ਸਮਾਂ ਕਾਬਜ਼ ਰਹੀਆਂ। ਇਨ੍ਹਾਂ ਨੇ ਵੱਡੀ ਪੱਧਰ ਤੇ ਬ੍ਰਾਹਮਣੀ ਕਰਮਕਾਂਡਾਂ ਨੂੰ ਸਿੱਖ ਸਮਾਜ ਦੀ ਰਹਿਣੀ ਦਾ ਅੰਗ ਬਣਾ ਦਿਤਾ। ‘ਕੜਾਹ’ ਨੂੰ ਵੱਖਰੇ ਤੌਰ ਤੇ ‘ਪ੍ਰਸ਼ਾਦ’ ਦੇ ਰੂਪ ਵਿਚ ਮਾਨਤਾ ਦੇਣੀ ਐਸਾ ਹੀ ਇਕ ਯਤਨ ਸੀ। ਸਮੇਂ ਨਾਲ ‘ਕੜਾਹ ਪ੍ਰਸ਼ਾਦ’ ਦੀ ਮਾਨਤਾ ਨਾਲ ਕਿਰਪਾਨ ਭੇਟ ਕਰਕੇ ਭੋਗ ਲਵਾਉਣ, ਪੰਜ ਪਿਆਰਿਆਂ ਦਾ ਵੱਖਰਾ ਗੱਫਾ ਕੱਢਣ ਆਦਿ ਮਨਮੱਤਾਂ ਵੀ ਜੋੜ ਦਿਤੀਆਂ ਗਈਆਂ। ਸਿੱਖ ਸਮਾਜ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਅੱਗੇ ਤੁਪਕਾ-ਤੁਪਕਾ ਪਾਣੀ ਛਿੜਕਣ ਦੀ ਮਨਮੱਤ ਵਾਂਗੂ ‘ਕੜਾਹ ਪ੍ਰਸ਼ਾਦ’ ਦੀ ਦੇਗ ਅੱਗੇ ਵੀ ਤੁਪਕਾ-ਤੁਪਕਾ ਪਾਣੀ ਛਿੜਕਣ ਦੀ ਮਨਮੱਤ ਕਈਂ ਥਾਂ ਪ੍ਰਚਲਿਤ ਹੈ।

ਲੰਗਰ ਵਿਚਲੇ ਹੋਰ ਕਈਂ ਪਦਾਰਥਾਂ ਵਾਂਗੂ ‘ਕੜਾਹ’ ਵੀ ਇਕ ਪੌਸ਼ਟਕ ਪਦਾਰਥ ਹੈ। ਇਸ ਨੂੰ ਵੱਖਰੇ ਤੌਰ ਤੇ ‘ਪ੍ਰਸ਼ਾਦ’ ਦੇ ਤੌਰ ਤੇ ਮਾਨਤਾ ਦੇਣੀ ਸਹੀ ਨਹੀਂ ਹੈ।

ਮੱਦ : 4.   ਲੰਗਰ ਵਿਚਲੇ ਪਦਾਰਥਾਂ ਨੂੰ ਕਿਰਪਾਨ ਭੇਟ ਕਰਨਾ ਜਾਂ ਪ੍ਰਵਾਨਗੀ  ਲਈ ਅਰਦਾਸ ਮਨਮੱਤ ਹੈ।

ਵਿਆਖਿਆ: ਪੁਜਾਰੀਵਾਦੀ ਤਾਕਤਾਂ ਨੇ ਬ੍ਰਾਹਮਣੀ ਮੱਤ ਵਿਚਲੀ ਮੂਰਤੀ ਨੂੰ ਭੋਗ ਲਾਉਣ ਵਾਲੀ ਮਨਮੱਤ ਦੀ ਨਕਲ ਹੇਠ ਸਿੱਖ ਸਮਾਜ ਵਿਚ ਵੀ ‘ਕੜਾਹ’ ਅਤੇ ‘ਲੰਗਰ’ ਨੂੰ ਕਿਰਪਾਨ ਭੇਟ ਕਰਨ ਜਾਂ ਪ੍ਰਵਾਨਗੀ ਲਈ ਅਰਦਾਸ ਕਰਨ ਦੀ ਮਨਮੱਤ ਪ੍ਰਚਲਿਤ ਕਰ ਦਿਤੀ ਹੈ।

ਮੱਦ : 5.   ਲੰਗਰ ਛੱਕਣ ਲਈ ਸਿਰਫ ਜਮੀਨ ਤੇ ਬੈਠ ਕੇ ਹੀ ਛੱਕਣ ਦੀ ਸੋਚ ਭਰਮ ਹੈ। ਲੰਗਰ ਕਿਸੇ ਵੀ ਪ੍ਰਚਲਿਤ ਤਰੀਕੇ ਵਰਤਾਇਆ ਜਾ ਸਕਦਾ ਹੈ ਪਰ ਉਸ ਨਾਲ ਲੰਗਰ ਦੀ ਮੂਲ਼ ਭਾਵਨਾ ਦੀ ਪੂਰਤੀ ਹੋਣਾ ਜ਼ਰੂਰੀ ਹੈ। ਲੰਗਰ ਵਰਤਾਉਣ ਲਈ ਕਿਸੇ ਕਿਸਮ ਦਾ ਵਿਤਕਰਾ ਜਾਂ ਨਫਰਤ ਨਾ ਕੀਤੀ ਜਾਵੇ।

ਵਿਆਖਿਆ: ਜਮੀਨ ਉੱਤੇ ਚੌਕੜਾ ਮਾਰ ਕੇ ਹੀ ਲੰਗਰ ਛੱਕਣ ਨੂੰ ਸਹੀ ਸਮਝਣ ਦਾ ਭਰਮ ਵੀ ਸਿੱਖ ਸਮਾਜ ਵਿਚ ਪ੍ਰਚਲਿਤ ਹੈ। ਪਰੰਪਰਾ ਦੀ ਦੁਹਾਈ ਕਾਰਨ ਇਹ ਵਿਵਾਦ ਦਾ ਕਾਰਨ ਵੀ ਰਿਹਾ ਹੈ। ਪਰ ਗੁਰਮਤਿ ਐਸੇ ਕਿਸੇ ਭਰਮ ਨੂੰ ਮਾਨਤਾ ਨਹੀਂ ਦਿੰਦੀ। ਲੰਗਰ ਕਿਸੇ ਵੀ ਸੁਚੱਜੇ ਪ੍ਰਚਲਿਤ ਤਰੀਕੇ ਵਰਤਾਇਆ ਜਾ ਸਕਦਾ ਹੈ, ਪਰ ਇਸ ਵਿਚ ਕਿਸੇ ਪ੍ਰਤੀ ਮਾਨਸਿਕ ਅਤੇ ਵਿਵਹਾਰਿਕ ਤੌਰ ਤੇ ਕਿਸੇ ਤਰਾਂ ਦੇ ਵਿਤਕਰੇ ਦੀ ਭਾਵਨਾ ਨਹੀਂ ਹੋਣੀ ਚਾਹੀਦੀ।

ਮੱਦ : 6.   ਵੈਸੇ ਗੁਰਮਤਿ ਵਿਚ ‘ਮਾਸ’ ਖਾਣ ਦੀ ਕੋਈ ਮਨਾਹੀ ਨਹੀਂ ਹੈ, ਲੰਗਰ ਵਿਚ ‘ਮਾਸ’ ਬਣਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸਾਂਝੇ ਲੰਗਰ ਵਿਚ ਕਈਂ ਲੋਕ ਐਸੇ ਵੀ ਹੋ ਸਕਦੇ ਹਨ, ਜੋ ਮਾਸ ਦਾ ਸੇਵਨ ਨਾ ਕਰਦੇ ਹੋਵਨ। ਲੰਗਰ ਵਿਚ ਨਸ਼ੇ ਦੀ ਵੰਡ ਵੀ ਸਹੀ ਨਹੀਂ ਹੈ।

ਮਃ 1 ॥

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥

ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥

ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥

ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥

ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥

ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥

ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥

ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥

ਮਾਸੁ ਪੁਰਾਣੀ ਮਾਸੁ ਕਤੇਬਂØੀ ਚਹੁ ਜੁਗਿ ਮਾਸੁ ਕਮਾਣਾ ॥ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥

ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍‍ ਕਾ ਦਾਨੁ ਨ ਲੈਣਾ ॥

ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥

ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥

ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ॥2॥(ਮਹਲਾ 1, ਪੰਨਾ 1289-90)

ਵਿਆਖਿਆ: ਕਈਂ ਮੱਤਾਂ ਵਿਚ ‘ਜੀਵ ਹਿੰਸਾ’ ਦਾ ਨਾਮ ਦੇ ਕੇ ਮਾਸ ਖਾਣ ਨੂੰ ਇਕ ਪਾਪ ਕਰਮ ਮੰਨਿਆ ਜਾਂਦਾ ਹੈ। ਸਿੱਖ ਸਮਾਜ ਵਿਚ ਇਹ ਭਾਵਨਾ ਕੁਝ ਸੰਪਰਦਾਈਂ ਧਿਰਾਂ ਨੇ ਜ਼ੋਰਦਾਰ ਤਰੀਕੇ ਨਾਲ ਪ੍ਰਚਾਰ ਰੱਖੀ ਹੈ। ਪਰ ਗੁਰਮਤਿ ਇਸ ਸੋਚ ਨੂੰ ਇਕ ਭਰਮ ਮੰਨਦੀ ਹੈ। ਗੁਰਬਾਣੀ ਅਨੁਸਾਰ ਵਨਸਪਤੀ ਵਿਚ ਵੀ ਜਾਨ ਹੁੰਦੀ ਹੈ, ਸੋ ਸਬਜ਼ੀਆਂ ਖਾਣਾ ਵੀ ‘ਜੀਵ ਹਿੰਸਾ’ ਦੇ ਘੇਰੇ ਵਿਚ ਹੀ ਆਉਂਦਾ ਹੈ। ‘ਭੋਜਣ-ਕੜੀ’ ਇਕ ਕੁਦਰਤੀ ਨਿਯਮ ਹੈ, ਜਿਸ ਅਨੁਸਾਰ ਇਕ ਜੀਵ ਦੁਜੇ ਜੀਵ ਦਾ ਆਹਰ ਹੈ। ਹਾਂ ਜੇ ਕਿਸੇ ਦੇ ਸ਼ਰੀਰ ਨੂੰ ਮੁਆਫਕ ਨਹੀਂ ਜਾਂ ਮਨ ਨਹੀਂ ਕਰਦਾ ਤਾਂ ਸਣੇ ਮਾਸ ਕੋਈ ਖਾਸ ਪਦਾਰਥ ਨਾ ਖਾਉਣ ਵਿਚ ਕੋਈ ਹਰਜ਼ ਨਹੀਂ। ਪਰ ‘ਪਾਪ ਕਰਮ’ ਦੇ ਵਹਿਮ ਹੇਠ ਮਾਸ ਨਾ ਖਾਉਣਾ ਜਾਂ ਮਾਸ ਖਾਣ ਵਾਲੇ ਤੋਂ ਨਫਰਤ ਕਰਨੀ ਸਹੀ ਨਹੀਂ ਹੈ।

ਸੰਗਤ ਅਤੇ ਲੰਗਰ ਵਿਚ ਹਰ ਕਿਸਮ ਦੇ ਲੋਕ ਆ ਸਕਦੇ ਹਨ। ਜੇ ਲੰਗਰ ਵਿਚ ਮਾਸ ਵਾਲਾ ਭੋਜਣ ਬਣਦਾ ਹੈ ਤਾਂ ਹੋ ਸਕਦਾ ਹੈ ‘ਪਾਪ ਕਰਮ’ ਦੀ ਸੋਚ ਪਾਲ ਬੈਠੇ ਸ਼ਾਕਾਹਾਰੀ ਸੱਜਣ ਭੁੱਖੇ ਵਾਪਸ ਤੁਰ ਜਾਣ। ਇਹ ਉਚਿਤ ਨਹੀਂ ਜਾਪਦਾ। ਇਸ ਲਈ ਲੰਗਰ ਵਿਚ ਮਾਸ ਦੀ ਵਰਤੋਂ ਸਹੀ ਨਹੀਂ ਹੈ। ਪ੍ਰਚਲਿਤ ਸਿੱਖ ਸਮਾਜ ਦੀਆਂ ਕੁਝ ਸੰਪਰਦਾਈ ਧਿਰਾਂ ਵਿਚ ਪ੍ਰਸ਼ਾਦਿ/ਲੰਗਰ ਦੇ ਤੌਰ ਤੇ ‘ਭੰਗ’ ਦਾ ਨਸ਼ਾ ਵਰਤਾਉਣ ਦੀ ਰੀਤ ਹੈ। ਗੁਰਮਤਿ ਕਿਸੇ ਪ੍ਰਕਾਰ ਦੇ ਨਸ਼ੇ ਨੂੰ ਸਹੀ ਨਹੀਂ ਮੰਨਦੀ, ਇਸ ਲਈ ਲੰਗਰ ਵਿਚ ਕਿਸੇ ਤਰਾਂ ਦੇ ਨਸ਼ੇ ਦਾ ਵਰਤਾਉਣਾ ਗਲਤ ਹੈ।

ਪਹਿਰਾਵਾ

ਮੱਦ : 1.    ਸਿੱਖ ਲਈ ਕਛਿਹਰੇ ਅਤੇ ਦਸਤਾਰ ਜਾਂ ਚੁੰਨੀ/ਸਕਾਰਫ ਤੋਂ ਸਿਵਾ ਪਹਿਰਾਵੇ ਦੀ ਕੋਈ ਬੰਦਿਸ਼ ਨਹੀਂ ਹੈ। ਪਹਿਰਾਵਾ ਭੜਕਾਊ ਅਤੇ ਨੰਗੇਜ਼ ਦਿਖਾਉਣ ਵਾਲਾ ਨਾ ਹੋਵੇ।

ਮੱਦ :  2.  ਕਛਿਹਰੇ ਦਾ ਰੂਪ ਲੋੜ ਅਨੁਸਾਰ ਨੰਗੇਜ਼ ਢੱਕਣ ਵਾਲਾ ਹੋਵੇ।

ਮੱਦ : 3.   ਪਹਿਰਾਵੇ ਵਿਚ ਕਿਸੇ ਰੰਗ ਬਾਰੇ ਕੋਈ ਬੰਦਿਸ਼ ਨਹੀਂ ਹੈ।

ਮੱਦ :  4.  ਵਿਧਵਾ ਇਸਤਰੀ ਲਈ ਸਫੇਦ ਜਾਂ ਕਿਸੇ ਖਾਸ ਰੰਗ ਦੀ ਬੰਦਿਸ਼ ਵੀ ਗਲਤ ਹੈ।

1.     ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥   ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥

       ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥2॥

       ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ ਰਹਾਉ ॥  (ਮਹਲਾ 1, ਪੰਨਾ 16)

ਚਾਰੇ ਮੱਦਾਂ ਦੀ ਸਾਂਝੀ ਵਿਆਖਿਆ : ਕੁਝ ਅਨਮਤਾਂ ਵਿਚ ਧਾਰਮਿਕਤਾ ਦੇ ਨਾਮ ਤੇ ਮਨੁੱਖੀ (ਖਾਸਕਾਰ ਇਸਤਰੀਆਂ ਲਈ) ਪਹਿਰਾਵੇ ਦੇ ਰੂਪ ਅਤੇ ਰੰਗ ਸੰਬੰਧੀ ਕਈ ਬੰਦਿਸ਼ਾਂ ਮਿਲਦੀਆਂ ਹਨ। ਵਿਧਵਾ ਇਸਤਰੀ ਨੂੰ ਸਿਰਫ ਸਫੈਦ ਰੰਗ ਹੀ ਪਹਿਨਣ ਦੀ ਬੰਦਿਸ਼ ਵੀ ਲਾਈ ਜਾਂਦੀ ਹੈ। ਬ੍ਰਾਹਮਣੀ ਅਸਰ ਹੇਠ ਸਿੱਖ ਸਮਾਜ ਵਿਚਲੀਆਂ ਕੁਝ ਸੰਪਰਦਾਈ ਧਿਰਾਂ ਵਲੋਂ ਵੀ ਪਹਿਰਾਵੇ ਵਿਚ ਕੁਝ ਖਾਸ ਰੰਗਾਂ ਨੂੰ ਨਾ ਪਹਿਨਣ ਦੀ ਬੰਦਿਸ਼ ਲਾਈ ਜਾਂਦੀ ਹੈ। ਗੁਰਮਤਿ ਐਸੀ ਕਿਸੇ ਬੰਦਿਸ਼ ਨੂੰ ਸਹੀ ਨਹੀਂ ਮੰਨਦੀ। ਗੁਰਮਤਿ ਸਮਝਾਉਂਦੀ ਹੈ ਕਿ ਪਹਿਰਾਵਾ ਐਸਾ ਹੋਣਾ ਚਾਹੀਦਾ ਹੈ ਜਿਸ ਨਾਲ ਸ਼ਰੀਰ ਵਿਚ ਪਰੇਸ਼ਾਨੀ ਨਾ ਹੋੇਵੇ ਅਤੇ ਮਨ ਵਿਚ ਵਿਕਾਰ ਪੈਦਾ ਨ ਹੋਵੇ। ਕਛਿਹਰੇ ਸੰਬੰਧੀ ਵੀ ਸਿੱਖ ਸਮਾਜ ਵਿਚ ਅਨੇਕਾਂ ਭਰਮ ਮਿਲਦੇ ਹਨ। ਪਰ ਗੁਰਮਤਿ ਐਸੀ ਕਿਸੇ ਬੰਦਿਸ਼ ਨੂੰ ਨਹੀਂ ਮੰਨਦੀ। ਕਛਿਹਰਾ ਨੰਗੇਜ਼ ਢੱਕਣ ਦਾ ਢੰਗ ਹੈ। ਵੈਸੇ ਰੇਵਦਾਰ ਬਣਤਰ ਦਾ ਕਛਹਿਰਾ ਕਈਂ ਪੱਖਾਂ ਤੋਂ ਸੁਵਿਧਾਜਨਕ ਹੈ, ਪਰ ਕਛਹਿਰੇ ਦਾ ਰੂਪ ਅਤੇ ਰੰਗ ਹਰ ਮਨੁੱਖ ਦੀ ਆਪਣੀ ਸਹੂਲਤ ਅਨੁਸਾਰ ਹੋ ਸਕਦਾ ਹੈ।  ਵਿਧਵਾ ਇਸਤਰੀ ਪ੍ਰਤੀ ਕਿਸੇ ਖਾਸ ਰੰਗ ਦੀ ਬੰਦਸ਼ ਵੀ ਲਿੰਗ ਵਿਤਕਰੇ ਦਾ ਇਕ ਰੂਪ ਹੈ, ਜਿਸ ਨੂੰ ਗੁਰਮਤਿ ਮਾਨਤਾ ਨਹੀਂ ਦਿੰਦੀ।

ਜਨਮ ਮੌਕੇ ਗੁਰਮਤਿ ਸੇਧਾਂ

ਮੱਦ : 1.   ਬੱਚੇ ਦੇ ਜਨਮ ਤੋਂ ਬਾਅਦ ਮਾਤਾ-ਸੰਤਾਨ ਦੇ ਨਾਰਮਲ ਹੋ ਜਾਣ ਉੋਪਰੰਤ (ਸਮਾਂ ਨਿਸ਼ਚਿਤ ਨਹੀਂ ਹੈ, ਸੂਤਕ-ਪਾਤਕ ਦਾ ਵਹਿਮ ਨਹੀਂ ਕਰਨਾ) ਜੇ ਮਾਤਾ-ਪਿਤਾ/ਪਰਿਵਾਰ ਚਾਹੁਣ ਤਾਂ ਸ਼ੁਕਰਾਣੇ ਦੀ ਗੁਰਮਤਿ ਸਮਾਗਮ ਕਰਵਾ ਸਕਦੇ ਹਨ। ਗੁਰਮਤਿ ਸਮਾਗਮ ਗੁਰਦੁਆਰੇ, ਘਰ ਜਾਂ ਕਿਸੇ ਹੋਰ ਯੌਗ ਥਾਂ ‘ਤੇ ਕੀਤਾ ਜਾ ਸਕਦਾ ਹੈ।

1.    ਸਰਬ ਭੂਤ ਆਪਿ ਵਰਤਾਰਾ ॥ ਸਰਬ ਨੈਨ ਆਪਿ ਪੇਖਨਹਾਰਾ ॥ ਸਗਲ ਸਮਗ੍ਰੀ ਜਾ ਕਾ ਤਨਾ ॥ ਆਪਨ ਜਸੁ ਆਪ ਹੀ ਸੁਨਾ ॥

      ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥ ਸਭ ਕੈ ਮਧਿ ਅਲਿਪਤੋ ਰਹੈ ॥ ਜੋ ਕਿਛੁ ਕਹਣਾ ਸੁ ਆਪੇ ਕਹੈ ॥

      ਆਗਿਆ ਆਵੈ ਆਗਿਆ ਜਾਇ ॥ ਨਾਨਕ ਜਾ ਭਾਵੈ ਤਾ ਲਏ ਸਮਾਇ ॥6॥   (ਮਹਲਾ 5, ਪੰਨਾ 294)

2.      ਐਸਾ ਸਾਚਾ ਤੂੰ ਏਕੋ ਜਾਣੁ ॥ ਜੰਮਣੁ ਮਰਣਾ ਹੁਕਮੁ ਪਛਾਣੁ ॥1॥ ਰਹਾਉ ॥   (ਮਹਲਾ 1, ਪੰਨਾ 412)

3.      ਜੰਮਣ ਮਰਣਾ ਆਖੀਐ ਤਿਨਿ ਕਰਤੈ ਕੀਆ ॥ ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ ॥6॥   (ਮਹਲਾ 1, ਪੰਨਾ 420)

4.      ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥(ਮਹਲਾ 1, ਪੰਨਾ 472)

5.      ਤੁਧੁ ਆਪੇ ਕਾਰਣੁ ਆਪੇ ਕਰਣਾ ॥ ਹੁਕਮੇ ਜੰਮਣੁ ਹੁਕਮੇ ਮਰਣਾ ॥2॥  (ਮਹਲਾ 5, ਪੰਨਾ 564)

6.      ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ ॥ ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ ॥   (ਮਹਲਾ 3, ਪੰਨਾ 754)

7.      ਤੁਝ ਹੀ ਕੀਆ ਜੰਮਣ ਮਰਣਾ ॥ ਗੁਰ ਤੇ ਸਮਝ ਪੜੀ ਕਿਆ ਡਰਣਾ ॥   (ਮਹਲਾ 1, ਪੰਨਾ 1022)

8.      ਬਹੁਰਿ ਹਮ ਕਾਹੇ ਆਵਹਿਗੇ ॥ ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥1॥ ਰਹਾਉ ॥ (ਭਗਤ ਕਬੀਰ ਜੀ, ਪੰਨਾ 1103)

9.     ਆਸਾ ਮਹਲਾ 5 ॥

ਸਤਿਗੁਰ ਸਾਚੈ ਦੀਆ ਭੇਜਿ ॥ ਚਿਰੁ ਜੀਵਨੁ ਉਪਜਿਆ ਸੰਜੋਗਿ ॥ ਉਦਰੈ ਮਾਹਿ ਆਇ ਕੀਆ ਨਿਵਾਸੁ ॥ ਮਾਤਾ ਕੈ ਮਨਿ ਬਹੁਤੁ ਬਿਗਾਸੁ ॥1॥

ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥

ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥ ਮਿਟਿਆ ਸੋਗੁ ਮਹਾ ਅਨੰਦੁ ਥੀਆ ॥ ਗੁਰਬਾਣੀ ਸਖੀ ਅਨੰਦੁ ਗਾਵੈ ॥ ਸਾਚੇ ਸਾਹਿਬ ਕੈ ਮਨਿ ਭਾਵੈ ॥2॥

ਵਧੀ ਵੇਲਿ ਬਹੁ ਪੀੜੀ ਚਾਲੀ ॥ ਧਰਮ ਕਲਾ ਹਰਿ ਬੰਧਿ ਬਹਾਲੀ ॥ ਮਨ ਚਿੰਦਿਆ ਸਤਿਗੁਰੂ ਦਿਵਾਇਆ ॥ ਭਏ ਅਚਿੰਤ ਏਕ ਲਿਵ ਲਾਇਆ ॥3॥

ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥ ਬੁਲਾਇਆ ਬੋਲੈ ਗੁਰ ਕੈ ਭਾਣਿ ॥

ਗੁਝੀ ਛੰਨੀ ਨਾਹੀ ਬਾਤ ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥4॥7॥101॥   (ਮਹਲਾ 5, ਪੰਨਾ 396)

ਸੂਤਕ ਦੇ ਵਹਿਮ ਬਾਰੇ ਸੇਧ ਦੇਂਦੇ ਕੁਝ ਵਾਕ

1.    ਸਲੋਕੁ ਮਃ 1 ॥

ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥

ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥1॥  (ਮਹਲਾ 1, ਪੰਨਾ 472)

2.      ਰਾਗੁ ਗਉੜੀ ਗੁਆਰੇਰੀ ਮਹਲਾ 3 ਅਸਟਪਦੀਆ

ੴ ਸਤਿਗੁਰ ਪ੍ਰਸਾਦਿ ॥

ਮਨ ਕਾ ਸੂਤਕੁ ਦੂਜਾ ਭਾਉ ॥ ਭਰਮੇ ਭੂਲੇ ਆਵਉ ਜਾਉ ॥1॥

ਮਨਮੁਖਿ ਸੂਤਕੁ ਕਬਹਿ ਨ ਜਾਇ ॥ ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥1॥ ਰਹਾਉ ॥

ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥ ਮਰਿ ਮਰਿ ਜੰਮੈ ਵਾਰੋ ਵਾਰ ॥2॥

ਸੂਤਕੁ ਅਗਨਿ ਪਉਣੈ ਪਾਣੀ ਮਾਹਿ ॥ ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥3॥

ਸੂਤਕਿ ਕਰਮ ਨ ਪੂਜਾ ਹੋਇ ॥ ਨਾਮਿ ਰਤੇ ਮਨੁ ਨਿਰਮਲੁ ਹੋਇ ॥4॥

ਸਤਿਗੁਰੁ ਸੇਵਿਐ ਸੂਤਕੁ ਜਾਇ ॥ ਮਰੈ ਨ ਜਨਮੈ ਕਾਲੁ ਨ ਖਾਇ ॥5॥

ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ ॥ ਵਿਣੁ ਨਾਵੈ ਕੋ ਮੁਕਤਿ ਨ ਹੋਇ ॥6॥

ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ ॥ ਕਲਿ ਮਹਿ ਗੁਰਮੁਖਿ ਉਤਰਸਿ ਪਾਰਿ ॥7॥

ਸਾਚਾ ਮਰੈ ਨ ਆਵੈ ਜਾਇ ॥ ਨਾਨਕ ਗੁਰਮੁਖਿ ਰਹੈ ਸਮਾਇ ॥8॥1॥   (ਮਹਲਾ 3, ਪੰਨਾ 229)

3.      ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥

         ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥3॥41॥   (ਭਗਤ ਕਬੀਰ ਜੀ, ਪੰਨਾ 331)

4.      ਸੂਤਕੁ ਅਗਨਿ ਭਖੈ ਜਗੁ ਖਾਇ ॥ ਸੂਤਕੁ ਜਲਿ ਥਲਿ ਸਭ ਹੀ ਥਾਇ ॥

          ਨਾਨਕ ਸੂਤਕਿ ਜਨਮਿ ਮਰੀਜੈ ॥ ਗੁਰ ਪਰਸਾਦੀ ਹਰਿ ਰਸੁ ਪੀਜੈ ॥8॥4॥  (ਮਹਲਾ 1, ਪੰਨਾ 413)

ਵਿਆਖਿਆ : ਪਰਿਵਾਰ ਵਿਚ ਸੰਤਾਨ ਦੀ ਪੈਦਾਇਸ਼ ਵੇਲੇ ਖੁਸ਼ੀ ਦਾ ਪ੍ਰਗਟਾਵਾ ਇਕ ਆਮ ਸਮਾਜਿਕ ਵਰਤਾਰਾ ਹੈ। ਪਰ ਸਮਾਜ ਵਿਚ ਇਸ ਖੁਸ਼ੀ ਵਿਚ ਵੀ ਵਿਤਕਰੇ ਦੀ ਮਾਨਸਿਕਤਾ ਛੁਪੀ ਮਿਲਦੀ ਹੈ। ਇਥੇ ਅੱਜ ਵੀ ਪੁੱਤਰ ਦੇ ਜਨਮ ਤੇ ਤਾਂ ਬਹੁਤ ਖੁਸ਼ੀ ਮਨਾਈ ਜਾਂਦੀ ਹੈ, ਪਰ ਬੇਟੀ ਦੇ ਜਨਮ ਤੇ ਉਹ ਖੁਸ਼ੀ ਘੱਟ ਹੀ ਨਜ਼ਰ ਆਉਂਦੀ ਹੈ। ਬੇਟੀ ਦੇ ਜਨਮ ਤੇ ਤਾਂ ਕਈਂ ਵਾਰ ਲੋਕ ਵਧਾਈ ਦੇਣ ਦੀ ਥਾਂ ਅਫਸੋਸ ਜ਼ਾਹਰ ਕਰਦੇ ਹਨ ਅਤੇ ਦਿਲਾਸਾ ਵੀ ਦੇਂਦੇ ਵੇਖੇ ਗਏ ਹਨ। ਐਸੇ ਵਰਤਾਰੇ ਪਿੱਛੇ ਬੇਟੀ ਨੂੰ ਭਾਰ ਸਮਝਣ ਦੀ ਮਾਨਸਿਕਤਾ ਛੁਪੀ ਹੋਈ ਹੈ। ਗੁਰਮਤਿ ਐਸੀ ਵਿਤਕਰੇ ਭਰੀ ਸੋਚ ਪ੍ਰਵਾਨ ਨਹੀਂ ਕਰਦੀ।

ਪੁਜਾਰੀ ਸ਼੍ਰੇਣੀ ਨੇ ਜੀਵਨ ਦੇ ਹੋਰ ਅਹਿਮ ਪੜਾਵਾਂ ਵਾਂਗੂ, ਜਨਮ ਨਾਲ ਵੀ ਅਨੇਕਾਂ ਅੰਧਵਿਸ਼ਵਾਸ, ਵਹਿਮ-ਭਰਮ ਅਤੇ ਕਰਮਕਾਂਡ ਜੋੜ ਕੇ ਆਮ ਲੋਕਾਈ ਨੂੰ ਲੁੱਟਣ ਦੇ ਇੰਤਜ਼ਾਮ ਕਰ ਰੱਖੇ ਹਨ। ਮਿਸਾਲ ਲਈ ਸੂਤਕ ਦਾ ਵਹਿਮ, ਬੱਚੇ ਨੂੰ ਨਜ਼ਰ ਲੱਗਣ ਦਾ ਭਰਮ ਆਦਿ।

ਆਮ ਲੋਕਾਈ ਵੀ ਜਿਥੇ ਇਕ ਪਾਸੇ ਇਨ੍ਹਾਂ ਵਹਿਮਾਂ-ਭਰਮਾਂ ਦੇ ਚੰਗੁਲ ਵਿਚ ਫਸ ਕੇ ਆਪਣੀ ਸਰਬਪੱਖੀ ਲੁੱਟ ਕਰਵਾ ਰਹੀ ਹੈ, ਉਥੇ ਦੂਜੀ ਤਰਫ ਸੰਤਾਨ-ਜਨਮ ਦੀ ਖੁਸ਼ੀ ਵਿਚ ਕਈਂ ਵਾਰ ਬੇਲੋੜੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਿਖਾਵੇਬਾਜ਼ੀ ਅਤੇ ਨਸ਼ੇਬਾਜੀ ਦਾ ਸ਼ਿਕਾਰ ਹੋ ਜਾਂਦੀ ਹੈ।

ਗੁਰਬਾਣੀ ਦੀ ਰੋਸ਼ਨੀ ਵਿਚ ਤੁਰਨ ਵਾਲਾ ਮਨੁੱਖ (ਸਿੱਖ) ਜਿਥੇ ਇਕ ਪਾਸੇ ਕਿਸੇ ਵੀ ਤਰਾਂ ਦੇ ਵਹਿਮ-ਭਰਮ, ਕਰਮਕਾਂਡ ਤੋਂ ਦੂਰ ਰਹਿੰਦਾ ਹੈ, ਉਥੇ ਦੂਜੇ ਪਾਸੇ ਖੁਸ਼ੀ ਦਾ ਬੇਲੋੜਾ ਵਿਖਾਵਾ ਨਹੀਂ ਕਰਦਾ। ਉਹ ਹਰ ਸਮੇਂ ਸਹਿਜ ਵਿਚ ਰਹਿਣ ਦਾ ਯਤਨ ਕਰਦਾ ਹੈ।

ਮੱਦ : 2.   ਬੱਚੇ ਦਾ ਨਾਮ ਪਰਿਵਾਰ ਵਾਲੇ ਆਪਣੀ ਸਹੂਲਤ/ਪਸੰਦ ਮੁਤਾਬਕ ਚੁਣ ਲੈਣ। ਲੜਕੀ ਦੇ ਨਾਮ ਪਿੱਛੇ ‘ਕੌਰ’ ਅਤੇ ਲੜਕੇ ਦੇ ਨਾਮ ਨਾਲ ‘ਸਿੰਘ’ ਲਾਇਆ ਜਾਵੇ। ਨਾਮ ਪਿੱਛੇ ਜ਼ਾਤ-ਗੋਤ ਸੂਚਕ ਲਕਬ ਆਦਿ ਲਾਉਣਾ ਮਨਮਤਿ ਹੈ। ਸਰਨੇਮ ਵਜੋਂ ਵੀ ‘ਕੌਰ’ ਜਾਂ ‘ਸਿੰਘ’ ਹੀ ਲਾਇਆ ਜਾਵੇ। ਨਾਮ ਰੱਖਣ ਵੇਲੇ ਪਹਿਲਾ ਅੱਖਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚੋਂ ਕਢਵਾਉਣ ਦੀ ਪਰੰਪਰਾ ਗੁਰਮਤਿ ਅਨੁਸਾਰੀ ਨਹੀਂ ਹੈ। ਨਾਮ ਤੇ ਸਹਿਮਤੀ ਹੋਣ ਉਪਰੰਤ ਸਮਾਗਮ ਵਿਚ (ਜੇ ਕੀਤਾ ਜਾ ਰਿਹਾ ਹੋਵੇ ਤਾਂ) ਇਸ ਸੰਬੰਧੀ ਜੈਕਾਰਾ ਗਜਾਇਆ ਜਾਵੇ। 

ਵਿਆਖਿਆ : ਜਿਵੇਂ ਬ੍ਰਾਹਮਣੀ ਸਮਾਜ ਵਿਚ ਬੱਚੇ ਦੇ ਨਾਮ ਪੁਜਾਰੀ ਵਲੋਂ ਕਿਸੇ ਖਾਸ ਅੱਖਰ ਤੋਂ ਰੱਖਣ ਦੀ ਸ਼ੁਭ-ਅਸ਼ੁਭ ਦੀ ਮਨਮੱਤ ਪ੍ਰਚਲਿਤ ਹੈ। ਉਸੇ ਪ੍ਰਭਾਵ ਹੇਠ ਸਿੱਖ ਸਮਾਜ ਵਿਚ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚੋਂ ਆਏ ਵਾਕ ਦੇ ਪਹਿਲੇ ਅੱਖਰ ਤੋਂ ਨਾਮ ਰੱਖਣ ਦੀ ਮਾਨਤਾ ਪ੍ਰਚਲਿਤ ਕਰ ਦਿਤੀ ਗਈ। ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਗਿਆਨ ਦਾ ਸੋਮਾ ਮੰਨਣ ਦੀ ਥਾਂ ਉਸ ਨੂੰ ਪੁਜਾਰੀਆਂ ਵਾਂਗੂ ਮੰਨਤਾਂ ਪੂਰੀਆਂ ਕਰਨ ਦੇ ਸਾਧਨ ਹੋਣ ਦਾ ਭਰਮ ਪਾਲੀ ਬੈਠੇ ਹਾਂ ਤਾਂ ਹੀ ਇਸ ਸਰੂਪ ਨਾਲ ਜੋੜ ਕੇ ਐਸੀਆਂ ਮਨਮੱਤਾਂ ਅਤੇ ਕਰਮਕਾਂਡ ਪ੍ਰਚਲਿਤ ਕਰ ਦਿਤੇ ਗਏ।

ਮੱਦ : 3.   ਟੇਵਾ-ਕੁੰਡਲੀ, ਜਨਮ ਪੱਤਰੀ, ਸੂਤਕ-ਪਾਤਕ, ਚੌਂਕੇ ਚੜਾਉਣਾ, ਨਿੰਮ-ਸ਼ਰ੍ਹੀਂਹ ਬੰਨਣਾ, ਬੱਚੇ ਨੂੰ ਨਜ਼ਰ ਤੋ ਬਚਾਉਣ ਦੇ ਭਰਮ ਨਾਲ ਕਾਲਾ ਟਿੱਕਾ ਲਾਉਣਾ ਜਾਂ ਬਾਂਹ ਤੇ ਕੁਝ ਹੋਰ ਬੰਨਣਾ, ਕਿਰਪਾਨ ਨਾਲ ‘ਅੰਮ੍ਰਿਤ’ ਤਿਆਰ ਹੋਇਆ ਮੰਨ ਕੇ ਬੱਚੇ ਨੂੰ ਉਸਦੀ ਗੁੜਤੀ-ਬੜੂਆਂ-ਚੁਲਾ ਪਿਲਾਉਣਾ ਆਦਿ ਸਭ ਅੰਧ ਵਿਸ਼ਵਾਸੀ ਮਨਮੱਤਾਂ ਹਨ।

1.      ਗਣਿ ਗਣਿ ਜੋਤਕੁ ਕਾਂਡੀ ਕੀਨੀ ॥ ਪੜੈ ਸੁਣਾਵੈ ਤਤੁ ਨ ਚੀਨੀ ॥

        ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰੁ ॥2॥  (ਮਹਲਾ 1, ਪੰਨਾ 904)

2.       ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥ ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ ॥  (ਮਹਲਾ 3, ਪੰਨਾ 1093)

3.      ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥ ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥   (ਮਹਲਾ 3, ਪੰਨਾ 27)

4.      ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ॥ ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਏ॥

         ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥1॥  (ਮਹਲਾ 3, ਪੰਨਾ 68)

5.      ਪੰਡਿਤ ਜੋਤਕੀ ਸਭਿ ਪੜਿ ਪੜਿ ਕੂਕਦੇ ਕਿਸੁ ਪਹਿ ਕਰਹਿ ਪੁਕਾਰਾ ਰਾਮ ॥

         ਮਾਇਆ ਮੋਹੁ ਅੰਤਰਿ ਮਲੁ ਲਾਗੈ ਮਾਇਆ ਕੇ ਵਾਪਾਰਾ ਰਾਮ ॥   (ਮਹਲਾ 3, ਪੰਨਾ 570)

6.      ਪੰਡਿਤ ਪੜਦੇ ਜੋਤਕੀ ਨਾ ਬੂਝਹਿ ਬੀਚਾਰਾ ॥ ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ ॥  (ਮਹਲਾ 3, ਪੰਨਾ 948)

7.      ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥ ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ ॥1॥ ਰਹਾਉ ॥   (ਮਹਲਾ 5, ਪੰਨਾ 818)

ਵਿਆਖਿਆ : ਪੁਜਾਰੀ ਸ਼੍ਰੇਣੀ ਨੇਂ ‘ਜੋਤਸ਼ ਸ਼ਾਸ਼ਤਰ’ ਦੇ ਨਾਮ ਹੇਠ ਜਨਮ ਸਮੇਂ ਨਾਲ ਜੋੜ ਕੇ ਅਨੇਕਾਂ ਵਹਿਮ ਸਮਾਜ ਵਿਚ ਪ੍ਰਚਲਿਤ ਕਰ ਰੱਖੇ ਹਨ। ਟੇਵਾ/ਜਨਮ-ਪੱਤਰੀ ਵੀ ਐਸਾ ਹੀ ਇਕ ਵਹਿਮ ਹੈ, ਜਿਸ ਨੂੰ ਜਨਮ ਦੇ ਸਮੇਂ ਨੂੰ ਆਧਾਰ ਬਣਾ ਕੇ ਕੁਝ ਗਿਣਤੀਆਂ-ਮਿਣਤੀਆਂ ਕਰਦੇ ਹੋਏ ਤਿਆਰ ਕੀਤਾ ਜਾਂਦਾ ਹੈ। ਉਸ ਉਪਰੰਤ ਇਸ ਜਨਮ-ਪੱਤਰੀ ਅਨੁਸਾਰ ‘ਦੋਸ਼ਾਂ’ (ਭਵਿੱਖ ਵਿਚਲੀਆਂ ਅਖੌਤੀ ਸਮੱਸਿਆਵਾਂ) ਦਾ ਡਰਾਵਾ ਦੇ ਕੇ ਪਰਿਵਾਰ ਨੂੰ ਅਨੇਕਾਂ ਕਰਮਕਾਂਡ ਆਦਿ ਕਰਨ ਲਈ ਪ੍ਰੇਰਿਆ ਜਾਂਦਾ ਹੈ। ਐਸੇ ਕਰਮਕਾਂਡ ਤਾਂ ਪੁਜਾਰੀ ਸ਼੍ਰੇਣੀ ਦੀ ਰੋਜ਼ੀ ਦਾ ਮੁੱਖ ਆਧਾਰ ਹਨ। ਰਾਸ਼ੀਫਲ਼ ਦੇ ਨਾਮ ਤੇ ਵੀ ਵੱਡਾ ਵਹਿਮ ਸਮਾਜ ਵਿਚ ਪਾਇਆ ਜਾਂਦਾ ਹੈ। ਗੁਰਬਾਣੀ ਮਨੁੱਖ ਨੂੰ ਐਸੇ ਵਹਿਮਾਂ/ਕਰਮਕਾਂਡਾਂ ਦੇ ਜੰਜਾਲ ਵਿਚੋਂ ਬਾਹਰ ਨਿਕਲਣ ਦੀ ਪ੍ਰੇਰਣਾ ਕਰਦੀ ਹੈ।

ਮੱਦ : 4.   ਬੱਚੇ ਦੇ ਬਿਮਾਰ ਹੋਣ ਦੀ ਸੂਰਤ ਵਿਚ ਯੋਗ ਡਾਕਟਰੀ ਇਲਾਜ ਕਰਵਾਇਆ ਜਾਵੇ। ਐਸੇ ਮੌਕੇ ਨਜ਼ਰ ਲੱਗੀ ਹੋਣ ਆਦਿ ਦਾ ਵਹਿਮ ਕਰਕੇ ਝਾੜਾ ਕਰਵਾਉਣਾ, ਮਿਰਚਾਂ ਵਾਰਣੀਆਂ ਆਦਿ ਸਭ ਮਨਮੱਤਾਂ ਹਨ।

1.      ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ ॥ ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ ॥1॥ ਰਹਾਉ ॥   (ਮਹਲਾ 5, ਪੰਨਾ 818)

ਵਿਆਖਿਆ: ਛੋਟਾ ਬੱਚਾ ਜੇ ਕਿਸੇ ਬੀਮਾਰੀ ਕਾਰਨ ਲੰਮਾ ਸਮਾਂ ਰੋਂਦਾ ਰਹੇ ਜਾਂ ਤੰਗ ਰਹੇ ਤਾਂ ਇਹ ਵਹਿਮ ਆਮ ਪਾਲ ਲਿਆ ਜਾਂਦਾ ਹੈ ਕਿ ਇਸ ਨੂੰ ਕਿਸੇ ਦੀ (ਭੈੜੀ) ਨਜਰ ਲਗ ਗਈ ਹੈ। ਇਸ ਵਹਿਮ ਹੇਠ ਰਿਸ਼ਤੇਦਾਰ ਉਸ ਨੂੰ ਨੀਮ ਹਕੀਮ ‘ਸਿਆਣਿਆਂ’/ਤਾਂਤਰਿਕਾਂ ਕੋਲ ਝਾੜਫੂਕ/ਝਾੜਾ ਕਰਵਾਉਣ ਲਈ ਲੈ ਜਾਂਦੇ ਹਨ। ਇਸੇ ਤਰਾਂ ਬੱਚੇ ਨੂੰ ਪੀਲੀਆ, ਚੇਚਕ ਆਦਿ ਬੀਮਾਰੀ ਹੋਣ ਜਾਣ ਤੇ ਵੀ ਯੋਗ ਡਾਕਟਰੀ ਇਲਾਜ ਕਰਾਉਣ ਦੀ ਐਸੇ ਨੀਮ-ਹਕੀਮਾਂ ਕੋਲੋਂ ਤੰਤਰ-ਮੰਤਰ/ਝਾੜਾ ਆਦਿ ਕਰਵਾਇਆ ਜਾਂਦਾ ਹੈ। ਐਸੇ ਵਹਿਮਾਂ ਕਾਰਨ ਕਈਂ ਵਾਰ ਬੱਚੇ, ਯੋਗ ਡਾਕਟਰੀ ਇਲਾਜ ਦੀ ਘਾਟ ਕਾਰਨ, ਮੌਤ ਦਾ ਸ਼ਿਕਾਰ ਵੀ ਬਣ ਜਾਂਦੇ ਹਨ। ਸਿੱਖ ਐਸੇ ਵਹਿਮਾਂ ਭਰਮਾਂ ਅਤੇ ਨੀਮ-ਹਕੀਮਾਂ ਦੇ ਜਾਲ ਵਿਚ ਫਸਣ ਦੀ ਥਾਂ ਯੋਗ ਡਾਕਟਰੀ ਇਲਾਜ ਕਰਵਾਏ।

ਮੱਦ : 5.   ਬੱਚਾ (ਲੜਕਾ) ਜਦੋਂ ਯੋਗ ਹੋ ਜਾਵੇ ਉਸਨੂੰ ‘ਦਸਤਾਰ’ ਬੰਨਣ ਦੀ ਪ੍ਰੇਰਣਾ ਕੀਤੀ ਜਾਵੇ। ਇਸ ਲਈ ‘ਦਸਤਾਰਬੰਦੀ’ ਆਦਿ ਰਸਮ ਕਰਨ ਦੀ ਕੋਈ ਲੋੜ ਨਹੀਂ ਹੈ। ਲੜਕੀ ਨੂੰ ਵੀ ਕੇਸਾਂ ਨੂੰ ਚੁੰਨੀ/ਸਕਾਰਫ ਆਦਿ ਨਾਲ ਢੱਕ ਕਰ ਰੱਖਣ ਲਈ ਪ੍ਰੇਰਿਆ ਜਾਵੇ।

1.      ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥  (ਮਹਲਾ 1, ਪੰਨਾ 1)

2.      ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥

          ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥1॥  (ਮਹਲਾ 1, ਪੰਨਾ 9)

3.      ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ ॥ ਮਨੁ ਤਨੁ ਸੀਤਲੁ ਸਭੁ ਥੀਐ ਨਾਮੁ ਵਸੈ ਮਨਿ ਆਇ ॥1॥ ਰਹਾਉ ॥  (ਮਹਲਾ 3, ਪੰਨਾ 37)

4.      ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥

          ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥   (ਮਹਲਾ 1, ਪੰਨਾ 952)

5.      ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥1॥ ਰਹਾਉ ॥  (ਭਗਤ ਨਾਮਦੇਵ ਜੀ, ਪੰਨਾ 988)

6.      ਕਾਇਆ ਕਿਰਦਾਰ ਅਉਰਤ ਯਕੀਨਾ ॥ ਰੰਗ ਤਮਾਸੇ ਮਾਣਿ ਹਕੀਨਾ ॥

          ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥12॥   (ਮਹਲਾ 5, ਪੰਨਾ 1084)

ਵਿਆਖਿਆ : ਸਿਰ ਦੇ ਕੇਸਾਂ ਦੀ ਸੰਭਾਲ ਲਈ ਸਭ ਤੋਂ ਯੋਗ ਤਰੀਕਾ ਦਸਤਾਰ ਹੈ। ਸੋ ਬੱਚੇ ਨੂੰ ਹੋਸ਼ ਸੰਭਾਲਣ ਤੋਂ ਬਾਅਦ ਜਿਤਨੀ ਜਲਦੀ ਦਸਤਾਰ ਬੰਨਣ ਲਈ ਪ੍ਰੇਰਿਆ ਜਾ ਸਕੇ, ਉਤਨਾ ਹੀ ਅੱਛਾ ਹੈ। ਸਿੱਖ ਬੱਚੀ ਨੂੰ ਵੀ ਦਸਤਾਰ ਜਾਂ ਚੁੰਨੀ/ਸਕਾਰਫ ਆਦਿ ਰਾਹੀਂ ਸਿਰ ਢੱਕਣ ਦੀ ਪ੍ਰੇਰਣਾ ਕੀਤੀ ਜਾਵੇ। ਸਿੱਖ ਸਮਾਜ ਵਿਚ ‘ਦਸਤਾਰਬੰਦੀ’ ਦੀ ਰਸਮ ਸ਼ੁਰੂ ਹੋ ਗਈ ਹੈ, ਜੋ ਹੋਰਾਂ ਅਨੇਕਾਂ ਰਸਮਾਂ ਵਾਂਗੂ ਕਰਮਕਾਂਡਾਂ ਅਤੇ ਵਿਖਾਵਿਆਂ ਭਰਪੂਰ ਹੈ। ਇਸ ਨਾਲ ਲੈਣ ਦੇਣ ਦੇ ਨਾਮ ਹੇਠ ਮਾਤਾ ਦੇ ਪਰਿਵਾਰ ਤੇ ਆਰਥਿਕ ਬੋਝ ਪਾਇਆ ਜਾਂਦਾ ਹੈ। ਗੁਰਮਤਿ ਐਸੀ ਕਿਸੇ ਰਸਮ ਦੀ ਲੋੜ ਨੂੰ ਨਹੀਂ ਮੰਨਦੀ।

ਮੱਦ : 6.   ਜਨਮ-ਦਿਨ ਮਨਾਉਣਾ ਪਰਿਵਾਰ ਦਾ ਨਿੱਜੀ ਫੈਸਲਾ ਹੈ ਪਰ ਅਜਿਹੇ ਮੌਕੇ ‘ਤੇ ਕੋਈ ਵੀ ਗੁਰਮਤਿ ਵਿਪਰੀਤ ਕਰਮ-ਕਾਂਡ ਨਾ ਕੀਤਾ ਜਾਵੇ।

ਵਿਆਖਿਆ : ਜਨਮ ਦਿਨ ਮਨਾਉਣ ਵਿਚ ਤਦੋਂ ਤੱਕ ਕੋਈ ਹਰਜ਼ ਨਹੀਂ ਜਦੋਂ ਤੱਕ ਇਸ ਨਾਲ ਬੇਲੋੜਾ ਵਿਖਾਵਾ, ਖਰਚ ਅਤੇ ਕਰਮਕਾਂਡ ਨਹੀਂ ਜੁੜਦੇ। ਐਸੇ ਮੌਕਿਆਂ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਿਆ ਜਾਵੇ ਤਾਂ ਬਹੁਤ ਬਿਹਤਰ ਹੈ।

ਮੱਦ : 7.    ਨਰੋਏ ਸਮਾਜ ਦੀ ਘਾੜਤ ਲਈ ਮਾਤਾ-ਪਿਤਾ ਦਾ ਫਰਜ਼ ਬਣਦਾ ਹੈ ਕਿ ਉਹ ਨਿਰੋਲ ਸੱਚ ਦੇ ਸੇਧ (ਗੁਰਮਤਿ) ਨੂੰ ਆਪ ਸਮਝ ਵਿਚਾਰ ਕੇ ਜੀਵਨ ਵਿਚ ਅਪਨਾਉਣ ਦਾ ਸੁਹਿਰਦ ਯਤਨ ਕਰਨ ਅਤੇ ਆਪਣੀ ਸੰਤਾਨ ਨੂੰ ਇਸ ਸੱਚ ਦੇ ਰਾਹ ਉਤੇ ਤੁਰਣ ਲਈ ਬਚਪਣ ਤੋਂ ਹੀ ਪ੍ਰੇਰਿਤ ਕਰਦੇ ਰਹਿਣ।

1.      ਗੂਜਰੀ ਮਹਲਾ 5॥

        ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ॥  ਸੋ ਹਰਿ ਹਰਿ ਤੁਮ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ॥1॥

        ਪੂਤਾ ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥1॥ਰਹਾਉ॥

        ਸਤਿਗੁਰੁ ਤੁਮ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ॥ ਕਾਪੜ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ॥2॥

        ਅੰਮ੍ਰਿਤ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ॥  ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ॥3॥

          ਭਵਰੁ ਤੁਮਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ॥

          ਨਾਨਕ ਦਾਸੁ ਉਨ ਸੰਗਿ ਲਪਟਾਇੳ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥4॥3॥4॥  (ਪੰਨਾ 496)

ਵਿਆਖਿਆ: ਇਕ ਚੰਗੇ ਸਮਾਜ ਦੀ ਸਿਰਜਣਾ ਲਈ ਸੰਤਾਨ ਨੂੰ ਇਕ ਸੁਚੇਤ, ਕਾਬਲ ਅਤੇ ਇਮਾਨਦਾਰ ਇਨਸਾਨ ਬਣਾਉਣ ਦੇ ਸੁਹਿਰਦ ਯਤਨ ਕਰਨਾ ਹਰ ਮਾਤਾ ਪਿਤਾ ਦਾ ਫਰਜ਼ ਹੈ। ਗੁਰਮਤਿ ਦੀਆਂ ਸੇਧਾਂ ਇਸ ਕਾਰਜ ਲਈ ਬੇਹਤਰੀਨ ਵਿਕਲਪ ਹਨ, ਜੋ ਮਨੁੱਖ ਨੂੰ ਨੇਕ, ਇਮਾਨਦਾਰ ਹੋਣ ਦੇ ਨਾਲ ਨਾਲ ਵਹਿਮਾਂ ਭਰਮਾਂ ਤੋਂ ਸੁਚੇਤ ਹੋਣ ਦੀ ਪ੍ਰੇਰਣਾ ਦਿੰਦੀਆਂ।

 

ਅਨੰਦ (ਵਿਆਹ) ਕਾਰਜ ਸਬੰਧੀ  ਸੇਧਾਂ

ਮੱਦ : 1.   ਅਨੰਦ ਕਾਰਜ (ਵਿਆਹ) ਮਨੁੱਖੀ ਸਮਾਜ ਦੇ ਇਕ ਮੂਲ ਰਿਸ਼ਤੇ (ਪਤੀ-ਪਤਨੀ) ਦੀ ਸਥਾਪਤੀ ਦੀ ਇਕ ਸਮਾਜਿਕ ਰਸਮ ਹੈ। ਅਨੰਦ ਕਾਰਜ ਦੀ ਰਸਮ ਗੁਰਦੁਆਰੇ ਵਿਚ ਜਾਂ ਕਿਸੇ ਹੋਰ ਯੋਗ ਥਾਂ ਕੀਤੀ ਜਾ ਸਕਦੀ ਹੈ। ਉਹ ਥਾਂ ਸਾਫ-ਸੁਥਰੀ ਹੋਵੇ ਅਤੇ ਉਸ ਥਾਂ ਕਿਸੇ ਨਸ਼ੇ ਦੀ ਵਰਤੋਂ ਨਾ ਕੀਤੀ  ਜਾ ਰਹੀ ਹੋਵੇ।

1.      ਧਨ ਪਿਰ ਏਕੈ ਸੰਗਿ ਬਸੇਰਾ ॥ ਸੇਜ ਏਕ ਪੈ ਮਿਲਨੁ ਦੁਹੇਰਾ ॥2॥  (ਭਗਤ ਕਬੀਰ ਜੀ, ਪੰਨਾ 483)

2.      ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥3॥  (ਮਹਲਾ 3, ਪੰਨਾ 788)

ਵਿਆਖਿਆ : ਵਿਵਾਹ ਮਨੁੱਖੀ ਸਮਾਜ ਦਾ ਇਕ ਅਟੁੱਟ ਹਿੱਸਾ ਹੈ। ਹਰ ਮੱਤ ਨੇ ਆਪਣੇ ਵਿਆਹ ਦਾ ਵੱਖਰਾ ਤਰੀਕਾ ਮਿਥਿਆ ਹੋਇਆ ਹੈ। ਪੁਜਾਰੀ ਸ਼੍ਰੇਣੀ ਨੇ ਇਸ ਰਸਮ ਨੂੰ ਵੀ ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਵਿਚ ਪਰੋ ਕੇ ਲੋਕਾਈ ਦੀ ਆਰਥਿਕ ਲੁੱਟ ਦਾ ਸਾਧਨ ਬਣਾਇਆ ਹੋਇਆ ਹੈ। ਨਾਲ ਹੀ ਇਸ ਸਮੇਂ ਖੁਸ਼ੀ ਦਾ ਬੇਲੋੜਾ ਵਿਖਾਵਾ, ਨਸ਼ਿਆਂ ਆਦਿ ਦੀ ਵਰਤੋਂ ਨੇ ਸਮਾਜ ਨੂੰ ਭਟਕਾਇਆ ਹੋਇਆ ਹੈ।

ਗੁਰਮਤਿ ਦੀ ਰੋਸ਼ਨੀ ਕਿਸੇ ਵੀ ਵਹਿਮ ਭਰਮ ਨੂੰ ਨਹੀਂ ਰਹਿਣ ਦਿੰਦੀ ਅਤੇ ਕਰਮਕਾਂਡਾਂ ਤੋਂ ਛੁਟਕਾਰਾ ਦਵਾਉੰਦੀ ਹੈ। ਗੁਰਮਤਿ ਦੀ ਪੈਰੋਕਾਰ ਕਹਾਉਂਦੀ ਸਿੱਖ ਕੌਮ ਵਿਚ ਇਸ ਰਸਮ ਦਾ ਨਾਮ ‘ਅਨੰਦ ਕਾਰਜ’ ਪ੍ਰਚਲਿਤ ਹੈ। ਅਫਸੋਸ! ਇਥੇ ਵੀ ਇਸ ਮੌਕੇ ਕਈਂ ਵਹਿਮ-ਭਰਮ, ਕਰਮਕਾਂਡ, ਨਸ਼ਿਆਂ ਦੀ ਵਰਤੋਂ ਅਤੇ ਹੋਰ ਬੇਲੋੜੇ ਵਿਖਾਵੇ ਸ਼ੁਰੂ ਹੋ ਗਏ ਹਨ। ਸਮਾਜ ਵਿਚ ਲੜਕੀ ਨੂੰ ਨੀਵਾਂ ਸਮਝਣ ਦੀ ਪ੍ਰਵਿਰਤੀ ਦੀ ਝਲਕ ਇਸ ਰਸਮ ਦੌਰਾਣ ਵੀ ਵੇਖੀ ਜਾ ਸਕਦੀ ਹੈ।

ਅਸਲ ਵਿਚ ਵਿਆਹ ਦੋ ਸ਼ਖਸ਼ੀਅਤਾਂ ਦੇ ਲੰਮੇ ਸਾਥ ਦੀ ਸ਼ੁਰੂਆਤ ਹੁੰਦੀ ਹੈ। ਇਸ ਜਿੰਦਗੀ ਭਰ ਦੀ ਸਾਂਝ ਦੀ ਕਾਮਯਾਬੀ ਦਾ ਮੂਲ਼ ਆਧਾਰ ‘ਵਿਚਾਰਕ ਏਕਤਾ’ ਹੈ। ਇਸੇ ਤੱਥ ਨੂੰ ਸਮਝਾਉਂਦਾ ਗੁਰਬਾਣੀ ਵਾਕ ਉਪਰ ਦਿਤਾ ਗਿਆ ਹੈ।

ਗੁਰਮਤਿ ਦੇ ਪਾਂਧੀਆਂ ਨੂੰ ਇਸ ਮੌਕੇ ਸਹਿਜ ਦਾ ਪ੍ਰਗਟਾਵਾ ਕਰਦੇ ਹੋਏ ਫੋਕੀਆਂ ਰਸਮਾਂ, ਵਹਿਮ-ਭਰਮਾਂ, ਕਰਮਕਾਂਡਾਂ, ਬੇਲੋੜੇ ਵਿਖਾਵਿਆਂ ਅਤੇ ਨਸ਼ੇਬਾਜ਼ੀ ਤੋਂ ਪਰਹੇਜ ਕਰਨਾ ਚਾਹੀਦਾ ਹੈ।

ਮੱਦ : 2.   ਹਰ ਸਿੱਖ ਆਪਣਾ ਵਿਆਹ ਸਥਾਨਿਕ ਕਾਨੂੰਨ ਮੁਤਾਬਿਕ ਰਜਿਸਟਰ ਕਰਵਾਏ।

ਵਿਆਖਿਆ : ਵਿਆਹ ਦੀ ਰਜਿਸਟਰੇਸ਼ਨ ਨੂੰ ਕਿਸੇ ਮੱਤ (ਧਰਮ) ਵਿਸ਼ੇਸ਼ ਨਾਲ ਜੋੜਨਾ ਸਹੀ ਨਹੀਂ ਹੈ। ਵਿਆਹ ਦੀ ਰਜਿਸਟਰੇਸ਼ਨ ਸਥਾਨਕ ਕਾਨੂੰਨ ਮੁਤਾਬਿਕ ਕਰਵਾਈ ਜਾਵੇ। ਪਰ ਖਿਆਲ ਰੱਖਿਆ ਜਾਵੇ ਕਿ ਇਸ ਕਾਨੂੰਨ ਨਾਲ ਕਿਸੇ ਅਨਮਤ ਦਾ ਨਾਮ ਨਾ ਜੁੜਿਆ ਹੋਵੇ।

ਮੱਦ : 3.   ਸਿੱਖ ਬੱਚੇ-ਬੱਚੀ ਦਾ ਵਿਆਹ ਸਿਰਫ ਗੁਰਮਤਿ ਨਾਲ ਪਰਣਾਏ ਬੱਚੇ-ਬੱਚੀ ਨਾਲ ਹੀ ਕੀਤਾ ਜਾਵੇ।

ਵਿਆਖਿਆ :       ਇੱਥੇ ਸਿੱਖ ਤੋਂ ਭਾਵ ਸਿਰਫ ਕੇਸਾਧਾਰੀ ਜਾਂ ਪ੍ਰਚਲਿਤ ਸਿੱਖ ਸਮਾਜ ਵਿਚ ਪੈਦਾ ਹੋਏ ਬੱਚੇ ਤੋਂ ਹੀ ਨਹੀਂ ਹੈ। ਸਿੱਖ ਦੀ ਦਿਤੀ ਪਰਿਭਾਸ਼ਾ ਅਨੁਸਾਰ ‘ਸਿੱਖ’ ਤੋਂ ਭਾਵ ਗੁਰਮਤਿ ਸਿਧਾਂਤਾਂ ਦੇ ਰਾਹ ਤੇ ਇਮਾਨਦਾਰੀ ਨਾਲ ਤੁਰਨ ਦੇ ਚਾਹਵਾਨ ਮਨੁੱਖ ਤੋਂ ਹੈ। ਵਿਆਹ ਜਿਹੇ ਲੰਮੇਰੇ ਰਿਸ਼ਤੇ ਲਈ ‘ਵਿਚਾਰਧਾਰਕ ਸਾਂਝ’ ਮੁੱਢਲੀ ਲੋੜ ਹੈ।

ਮੱਦ : 4.   ਰਿਸ਼ਤਾ ਤੈਅ ਕਰਨ ਸਮੇਂ ਅਖੌਤੀ ਜ਼ਾਤ-ਪਾਤ, ਗੋਤ, ਬਿਰਾਦਰੀ, ਇਲਾਕਾ, ਜਨਮ ਪੱਤਰੀ-ਟੇਵਾ ਮਿਲਾਉਣ ਦੀ ਵਿਚਾਰ ਕਰਨ ਦੀ ਥਾਂ ਮੁੰਡੇ-ਕੁੜੀ ਦੀ ਵਿਚਾਰਧਾਰਾ ਅਤੇ ਗੁਣਾਂ ਨੂੰ ਪਹਿਲ ਦਿਤੀ ਜਾਵੇ ਅਤੇ ਉਨ੍ਹਾਂ ਦੀ ਸਹਿਮਤੀ ਲਈ ਜਾਵੇ।

1.      ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥

          ਆਪਹੁ ਜੇ ਕੋ ਭਲਾ ਕਹਾਏ ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥1॥  (ਮਹਲਾ 1, ਪੰਨਾ 83)

2.      ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ ਮਹੁਰਾ ਹੋਵੈ ਹਥਿ ਮਰੀਐ ਚਖੀਐ ॥

          ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ॥ ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥ (ਮਹਲਾ 1, ਪੰਨਾ 142)

3.      ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥1॥ ਰਹਾਉ ॥   (ਮਹਲਾ 1, ਪੰਨਾ 349)

4.      ਸਤਿਗੁਰੁ ਸੇਵੇ ਸੁ ਲਾਲਾ ਹੋਇ ॥ ਊਤਮ ਜਾਤੀ ਊਤਮੁ ਸੋਇ ॥

          ਗੁਰ ਪਉੜੀ ਸਭ ਦੂ ਊਚਾ ਹੋਇ ॥ ਨਾਨਕ ਨਾਮਿ ਵਡਾਈ ਹੋਇ ॥4॥7॥46॥  (ਮਹਲਾ 3, ਪੰਨਾ 363)

5.      ਕਹਾ ਕਰਉ ਜਾਤੀ ਕਹ ਕਰਉ ਪਾਤੀ ॥ ਰਾਮ ਕੋ ਨਾਮੁ ਜਪਉ ਦਿਨ ਰਾਤੀ ॥1॥ ਰਹਾਉ ॥  (ਭਗਤ ਨਾਮਦੇਵ ਜੀ, ਪੰਨਾ 485)

6.      ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥  (ਮਹਲਾ 2, ਪੰਨਾ 1243)

7.      ਬਸੈ ਘਟਾ ਘਟ ਲੀਪ ਨ ਛੀਪੈ ॥ ਬੰਧਨ ਮੁਕਤਾ ਜਾਤੁ ਨ ਦੀਸੈ ॥1॥  (ਭਗਤ ਨਾਮਦੇਵ ਜੀ, ਪੰਨਾ 1318)

8.      ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨ੍‍ ਿਸਾਜਨਾ ਮਿਲਿ ਸਾਝ ਕਰੀਜੈ ॥  (ਮਹਲਾ 1, ਪੰਨਾ 765)

ਵਿਆਖਿਆ:        ਗੁਰਮਤਿ ਦੀ ਪੈਰੋਕਾਰ ਹੋਣ ਦਾ ਦਾਅਵਾ ਕਰਦੇ ਪ੍ਰਚਲਿਤ ਸਿੱਖ ਸਮਾਜ ਵਿਚ ਵੀ ਰਿਸ਼ਤਾ ਤੈਅ ਕਰਨ ਵੇਲੇ ਜ਼ਾਤ-ਗੋਤ, ਟੇਵਾ-ਕੁੰਡਲੀ/ਜਨਮ ਪੱਤਰੀ ਮਿਲਾਉਣ, ਮੰਗਲੀਕ ਦੀ ਮਾਨਤਾ ਆਦਿਕ ਗੁਰਮਤਿ ਵਿਰੋਧੀ ਵਹਿਮ ਆਮ ਵੇਖੇ ਜਾ ਸਕਦੇ ਹਨ। ਰਿਸ਼ਤਾ ਤੈਅ ਕਰਨ ਵੇਲੇ ਪਹਿਲ ਲੜਕਾ-ਲੜਕੀ ਦੇ ਗੁਣਾਂ ਨੂੰ ਹੀ ਦੇਣੀ ਬਣਦੀ ਹੈ। ਜ਼ਾਤ-ਗੋਤ, ਜਨਮ ਪੱਤਰੀ ਮਿਲਾਨ, ਮੰਗਲੀਕ ਆਦਿ ਦੀ ਵਿਚਾਰ ਮਨਮੱਤ ਹੈ।

ਮੱਦ : 5.   ਰੋਕਾ, ਠਾਕਾ, ਸ਼ਗਨ, ਮੰਗਨੀ ਜਾਂ ਸਮੇਂ ਸਮੇਂ ਬਣ ਗਈਆਂ ਹੋਰ ਰਸਮਾਂ ਦੀ ਥਾਂ ਰਿਸ਼ਤਾ ਤੈਅ ਕਰਨ ਵੇਲੇ ਸਾਦੇ ਢੰਗ ਨਾਲ ਸਿਰਫ ਪ੍ਰਭੂ ਦਾ ਸ਼ੁਕਰਾਣਾ ਕਰੇ।

1.      ਜਬ ਆਪਨ ਆਪੁ ਆਪਿ ਉਰਿ ਧਾਰੈ ॥ ਤਉ ਸਗਨ ਅਪਸਗਨ ਕਹਾ ਬੀਚਾਰੈ ॥  (ਮਹਲਾ 5, ਪੰਨਾ 291)

2.      ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥

         ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥2॥  (ਮਹਲਾ 5, ਪੰਨਾ 401)

ਵਿਆਖਿਆ :       ਲੋਕਾਈ ਵਿਚ ਪ੍ਰਚਲਿਤ ਇਨ੍ਹਾਂ ਰਸਮਾਂ ਨਾਲ ਲੈਣ-ਦੇਣ ਦੀ ਕੁ-ਪ੍ਰਥਾ ਵੀ ਜੁੜੀ ਹੋਈ ਹੈ ਜਿਸ ਰਾਹੀਂ ਲੜਕੀ ਵਾਲਿਆਂ ਨੂੰ ਲੁੱਟਣ ਦਾ ਜਾਲ ਫੈਲਾਇਆ ਹੋਇਆ ਹੈ। ਲੜਕੀ ਵਾਲਿਆਂ ਅਤੇ ਗਰੀਬ ਮਾਪਿਆਂ ਲਈ ਐਸੀਆਂ ਰਸਮਾਂ ਸਰਾਪ ਬਣ ਗਈਆਂ ਹਨ। ਐਸੀਆਂ ਰਸਮਾਂ ਆਪਣੇ ਨਾਲ ਕਈਂ ਕਰਮਕਾਂਡ ਵੀ ਸਾਂਭੀ ਬੈਠੀਆਂ ਹਨ।

ਮੱਦ : 6.   ਵਿਆਹ/ਅਨੰਦ ਦਾ ਦਿਨ ਮੁਕੱਰਰ ਕਰਨ ਵੇਲੇ ਥਿਤ-ਵਾਰ, ਮਹੂਰਤ, ਸ਼ੁਭ-ਅਸ਼ੁਭ, ਮੱਲ ਮਾਸ (ਮਹੀਨੇ) ਦਾ ਵਹਿਮ, ਸ਼ਰਾਧਾਂ ਦਾ ਸਮਾਂ ਹੋਣ ਦਾ ਵਹਿਮ, ਪੱਤਰੀ ਵਾਚਨਾ ਆਦਿ ਸਭ ਮਨਮੱਤਾਂ ਹਨ। ਦੋਵੇਂ ਧਿਰਾਂ ਆਪਸੀ ਵਿਚਾਰ ਰਾਹੀਂ ਸਹੂਲਤ ਅਨੁਸਾਰ ਕੋਈ ਵੀ ਦਿਨ ਮੁਕੱਰਰ ਕਰ ਲੈਣ।

1.     ਜਬ ਆਪਨ ਆਪੁ ਆਪਿ ਉਰਿ ਧਾਰੈ ॥ ਤਉ ਸਗਨ ਅਪਸਗਨ ਕਹਾ ਬੀਚਾਰੈ ॥  (ਮਹਲਾ 5, ਪੰਨਾ 291)

2.    ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ॥  ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ॥

       ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥3॥  (ਮਹਲਾ 5, ਪੰਨਾ 44)

3.    ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥ ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥

       ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥1॥  (ਮਹਲਾ 5, ਪੰਨਾ 99)

4.      ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥14॥1॥  (ਮਹਲਾ 5, ਪੰਨਾ 136)

5.      ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥ ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥  (ਮਹਲਾ 1, ਪੰਨਾ 140)

6.      ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ ॥  (ਮਹਲਾ 4,ਪੰਨਾ 540)

7.      ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ ॥ ਸੋ ਮੂਰਤੁ ਭਲਾ ਸੰਜੋਗੁ ਹੈ ਜਿਤੁ ਮਿਲੈ ਗੁਸਾਈ ॥ (ਮਹਲਾ 5, ਪੰਨਾ 709)

8.      ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ ॥ ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ ॥   (ਮਹਲਾ 5,ਪੰਨਾ 958)

9.      ਥਿਤੀ ਵਾਰ ਸਭਿ ਸਬਦਿ ਸੁਹਾਏ ॥ ਸਤਿਗੁਰੁ ਸੇਵੇ ਤਾ ਫਲੁ ਪਾਏ ॥

          ਥਿਤੀ ਵਾਰ ਸਭਿ ਆਵਹਿ ਜਾਹਿ ॥ ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ ॥

          ਥਿਤੀ ਵਾਰ ਤਾ ਜਾ ਸਚਿ ਰਾਤੇ ॥ ਬਿਨੁ ਨਾਵੈ ਸਭਿ ਭਰਮਹਿ ਕਾਚੇ ॥7॥  (ਮਹਲਾ 3, ਪੰਨਾ 843)

10.    ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥

          ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥ ਇਕਤੁ ਨਾਮਿ ਸਦਾ ਰਹਿਆ ਸਮਾਇ ॥10॥2॥  (ਮਹਲਾ 3, ਪੰਨਾ 843)

ਵਿਆਖਿਆ: ਇਹ ਅਫਸੋਸ ਦੀ ਗੱਲ ਹੈ ਕਿ ਸਿੱਖ ਸਮਾਜ ਵਿਚ ਵੀ ਗੁਰਮਤਿ ਨੂੰ ਅਣਦੇਖਿਆ ਕਰਕੇ, ਵਿਆਹ ਦਾ ਦਿਨ ਮੁਕੱਰਰ ਕਰਨ ਵੇਲੇ ਮਾੜੇ-ਚੰਗੇ ਦਿਨ, ਮੱਲ ਮਾਸ, ਤਾਰਾ ਡੁਬੇ ਹੋਣ ਦੀ ਸੋਚ, ਸ਼ਰਾਧਾਂ ਦੇ ਸਮੇਂ ਆਦਿਕ ਵਹਿਮ ਪ੍ਰਚਲਿਤ ਹਨ। ਗੁਰਮੁੱਖ ਪਰਿਵਾਰ ਇਨ੍ਹਾਂ ਵਹਿਮਾਂ ਤੋਂ ਆਜ਼ਾਦ ਰਹਿ ਕੇ ਆਪਸੀ ਸਹੂਲਤ ਅਨੁਸਾਰ ਕੋਈ ਵੀ ਦਿਨ ਅਨੰਦ ਕਾਰਜ ਲਈ ਤੈਅ ਕਰ ਲੈਣ।

ਮੱਦ : 7.   ਅਨੰਦ (ਵਿਆਹ) ਦੇ ਦੌਰਾਣ ਸਿਹਰਾ ਬੰਨਣਾ, ਘੁੰਡ ਕੱਢਣਾ, ਜੈ-ਮਾਲਾ ਪਾਉਣੀ, ਕਲਗੀ, ਮੁੱਕਟ, ਹਾਰ ਪਵਾਉਣੇ, ਘੋੜੀ ਚੜਣਾ, ਪਿੱਤਰ-ਜਠੇਰੇ ਪੂਜਣੇ, ਬੇਰੀ-ਜੰਡੀ ਵੱਢਣੀ, ਘੜੋਲੀ ਭਰਣੀ, ਰੁੱਸਣਾ-ਛੁੱਪਣਾ, ਛੰਦ ਪੜਣਾ, ਹਵਨ-ਯੱਗ, ਵੇਦੀ-ਬੇਦੀ ਗੱਡਣੀ, ਬੈਂਡ ਵਾਜੇ, ਆਰਕੈਸਟਰਾ, ਨਾਚ, ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਸਹੀ ਨਹੀਂ ਹੈ। ਮਿਲਨੀ ਦੀ ਰਸਮ ਗੁਰਮਤਿ ਤੋਂ ਉਲਟ ਹੈ।

1.      ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥2॥ (ਮਹਲਾ 1, ਪੰਨਾ 590)

2.      ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥

          ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥13॥  (ਭਗਤ ਕਬੀਰ ਜੀ, ਪੰਨਾ 1365)

3.      ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥

          ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥5॥  (ਮਹਲਾ 1, ਪੰਨਾ 1410)

4.      ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥  (ਮਹਲਾ 5, ਪੰਨਾ 267)

ਵਿਆਖਿਆ :       ਇਹ ਸਭ ਰਸਮਾਂ ਮਨੁੱਖ ਦੇ ਮਾਇਆ ਵਿਚ ਗਲਤਾਨ ਹੋ ਕੇ ਸੱਚ ਦੇ ਰਾਹ ਤੋਂ ਭਟਕਣ ਦੀਆਂ ਨਿਸ਼ਾਨੀਆਂ ਹਨ। ਇਨ੍ਹਾਂ ਰਸਮਾਂ ਨਾਲ ਅਨੇਕਾਂ (ਗੁਰਮਤਿ ਵਿਰੋਧੀ) ਕਰਮਕਾਂਡ ਵੀ ਜੁੜੇ ਹੋਏ ਹਨ। ਇਨ੍ਹਾਂ ਨੂੰ ਨਿਭਾਉਣ ਲਈ ‘ਲੋਕ-ਲਾਜ’ ਦੀ ਮਜ਼ਬੂਰੀ ਦਰਸਾਈ ਜਾਂਦੀ ਹੈ। ਐਸੇ ਵਿਖਾਵੇ ਭਰੀਆਂ ਰਸਮਾਂ ਬੇਲੋੜੇ ਖਰਚ ਅਤੇ ਕਈਂ ਵਾਰ ਆਪਸੀ ਲੜਾਈ-ਝਗੜੇ ਦਾ ਕਾਰਨ ਵੀ ਬਣਦੀਆਂ ਹਨ।

ਮੱਦ : 8.   ਬਰਾਤ ਦਾ ਸੁਆਗਤ ਜੈਕਾਰਾ ਗਜਾ ਕੇ ਕੀਤਾ ਜਾਵੇ।

ਵਿਆਖਿਆ :       ਬਿਹਤਰ ਹੈ ਕਿ ਲੜਕਾ – ਲੜਕੀ ਵਾਲੇ ਕਿਸੇ ਸਾਂਝੀ ਥਾਂ ਤੇ ਇਹ ਕਾਰਜ ਕਰਨ ਅਤੇ ਖਰਚਾ ਵੀ ਆਪਣੀ ਆਰਥਿਕ ਸਥਿਤੀ ਅਨੁਸਾਰ ਮਿਲਜੁਲ ਕੇ ਕਰਨ ਤਾਂ ਕਿ ਕਿਸੇ ਧਿਰ ਤੇ ਆਰਥਿਕ ਬੋਝ ਨਾ ਪਵੇ ਅਤੇ ਨਾ ਹੀ ਕਿਸੇ ਧਿਰ ਨੂੰ ਨੀਂਵਾ-ਉੱਚਾ ਹੋਣ ਦਾ ਅਹਿਸਾਸ ਹੋਵੇ। ਦੋਹੇਂ ਧਿਰਾਂ ‘ਜੈਕਾਰੇ’ ਨਾਲ ਸਾਂਝ ਕਰਨ। ਜੇ ਬਰਾਤ ਲੜਕੀ ਦੇ ਘਰ ਜਾ ਰਹੀ ਹੋਵੇ ਤਾਂ ਲੜਕੀ ਵਾਲੇ  (ਬੋਲੇ ਸੋ ਨਿਹਾਲ) ਬੁਲਾ ਕੇ ਬਰਾਤ ਨੂੰ ਜੀ ਆਇਆ ਕਹਿਣ ਅਤੇ ਲੜਕੇ ਵਾਲੇ ‘ਸਤਿ ਸ੍ਰੀ ਅਕਾਲ’ ਕਹਿ ਕੇ ਉਸ ਨੂੰ ਕਬੂਲ ਕਰਨ। ਇਸ ਦੌਰਾਣ ਮਿਲਨੀ ਜਾਂ ਕਿਸੇ ਹੋਰ ਰਸਮ ਦੇ ਨਾਮ ਤੇ ਲੈਣ-ਦੇਣ ਦਾ ਬਹਾਨਾ ਬਣਾਉਣਾ ਗਲਤ ਹੈ।

ਮੱਦ : 9.   ਅਨੰਦ ਕਾਰਜ (ਸਮਾਗਮ) ਦੀ ਸ਼ੁਰੂਆਤ ਵੇਲੇ ਲਾੜਾ-ਲਾੜੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਸਾਹਮਣੇ ਨਾਲ ਨਾਲ ਬੈਠ ਜਾਣ। ਬੈਠਣ ਵੇਲੇ ਸੱਜੇ-ਖੱਬੇ ਦਾ ਭਰਮ ਨਹੀਂ ਕਰਨਾ। ਬਾਕੀ ਲੋਕ ਵੀ ਸੰਗਤ ਵਾਂਗੂ ਬੈਠ ਜਾਣ। ਦੀਵਾਨ ਵਿਚ ਕੁੜੀ-ਮੁੰਡੇ ਦੇ ਬੈਠਣ ਲਈ ਕੋਈ ਸਪੈਸ਼ਲ ਇੰਤਜ਼ਾਮ ਕਰਨਾ ਗਲਤ ਹੈ। ਉਹ ਬਾਕੀ ਸੰਗਤ ਵਾਂਗੂ ਹੀ ਬੈਠਣ।

ਵਿਆਖਿਆ :       ਲਾੜੇ ਨੂੰ ਸੱਜੇ ਪਾਸੇ ਬਿਠਾਉਣ ਪਿੱਛੇ ਜਾਣੇ/ਅੰਜਾਣੇ ਮੂਲ਼ ਭਾਵਨਾ  ਲੜਕੀ ਨੂੰ ਨੀਂਵਾ ਵਿਖਾਉਣ ਦੀ ਹੁੰਦੀ ਸੀ ਕਿਉਂਕਿ ਬ੍ਰਾਹਮਣੀ ਸੋਚ ਅਨੁਸਾਰ ਸੱਜੇ ਪਾਸੇ ਨੂੰ ਉੱਚਾ ਸਮਝਿਆ ਜਾਂਦਾ ਹੈ। ਇਸੇ ਸੋਚ ਹੇਠ ਕਿਸੇ ਦੀ ਪਰਕਰਮਾ ਉਸ ਨੂੰ ਸੱਜੇ ਰੱਖ ਕੇ ਕਰਨ ਦਾ ਵਿਧਾਨ ਬਣਾਇਆ ਗਿਆ ਹੈ। ਸਿੱਖ ਸਮਾਜ ਵਿਚ ਵੀ ਬ੍ਰਾਹਮਣੀ ਮੱਤ ਦੇ ਪ੍ਰਭਾਵ ਹੇਠ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ, ਸਰੋਵਰ ਜਾਂ ‘ਨਿਸ਼ਾਨ ਸਾਹਿਬ’ ਨੂੰ ਆਪਣੇ ਸੱਜੇ ਰੱਖ ਕੇ ਪ੍ਰਕਰਮਾ ਕਰਨ ਦੀ ਮਨਮੱਤ ਪ੍ਰਚਲਿਤ ਹੈ।

ਮੱਦ : 10. ਦੀਵਾਨ ਵਿਚ ਇਕ ਗੁਰਮਤਿ ਤੋਂ ਜਾਣੂ ਵਿਅਕਤੀ ਵਲੋਂ ਮੁੰਡਾ-ਕੁੜੀ ਸਮੇਤ ਸਾਰੀ ਸੰਗਤ ਨੂੰ ਵਿਆਹੁਤਾ ਜਿੰਦਗੀ ਬਾਰੇ ਗੁਰਮਤਿ ਫਲਸਫੇ ਅਨੁਸਾਰ ਸੇਧਾਂ ਦਿਤੀਆਂ ਜਾਣ। ਉਪਰੰਤ ਉਹ ਵਿਅਕਤੀ ਲਾੜੀ-ਲਾੜਾ ਦੋਹਾਂ ਨੂੰ ਪੁੱਛੇ ਕਿ ਕੀ ਉਹ ਇਕ-ਦੁਜੇ ਨੂੰ ਆਪਣੇ ਜੀਵਨ ਸਾਥੀ ਵਜੋਂ ਪ੍ਰਵਾਨ ਕਰਦੇ ਹਨ? ਸਹਿਮਤੀ/ਪ੍ਰਵਾਨਗੀ ਵਜੋਂ ਲਾੜਾ-ਲਾੜੀ ਇਕ ਵਾਰ ਦੁਬਾਰਾ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਸਾਹਮਣੇ ਮੱਥਾ ਟੇਕ ਕੇ ਵਾਪਿਸ ਆਪਣੀ ਥਾਂ ਉਪਰ ਬੈਠ ਜਾਣ। ਫਿਰ ਇਸ ਸੰਬੰਧੀ ਜੈਕਾਰਾ ਛੱਡਿਆ ਜਾਵੇ। ਲਾੜੀ/ਲਾੜਾ ਸਮੇਤ ਸਾਰੀ ਸੰਗਤ ਇਕਾਗਰਤਾ ਨਾਲ ਗੁਰਮਤਿ ਅਨੁਸਾਰ ਸ਼ਬਦ ਵੀਚਾਰ, ਕੀਰਤਣ ਆਦਿ (ਜੈਸਾ ਇੰਤਜ਼ਾਮ ਹੋਵੇ) ਸੁਨਣ। ਇਸ ਉਪਰੰਤ ਲੰਗਰ (ਜੇ ਇੰਤਜਾਮ ਕੀਤਾ ਗਿਆ ਹੋਵੇ ਤਾਂ) ਵਰਤਾਇਆ ਜਾਵੇ।

ਵਿਆਖਿਆ: ਵਿਆਹ ਦੀ ਰਸਮ ਵੇਲੇ ਸਮੁੱਚੀ ਸੰਗਤ ਸਾਹਮਣੇ ਲੜਕੀ-ਲੜਕੇ ਨੂੰ ਉਨ੍ਹਾਂ ਦੀ ਰਜ਼ਾਮੰਦੀ ਪੁੱਛਣ ਦਾ ਕਾਰਨ ਇਹ ਹੈ ਕਿ ਇਹ ਸਪਸ਼ਟ ਹੋ ਜਾਵੇ ਕਿ ਦੋਵੇਂ ਇੱਛਾ ਨਾਲ ਇਸ ਰਿਸ਼ਤੇ ਵਿਚ ਜੁੜ ਰਹੇ ਹਨ। ਉਨ੍ਹਾਂ ਉਤੇ ਕੋਈ ਜਬਰਦਸਤੀ ਨਹੀਂ ਕੀਤੀ ਜਾ ਰਹੀ ਜਾਂ ਦਬਾਅ ਨਹੀਂ ਪਾਇਆ ਜਾ ਰਿਹਾ।

ਮੱਦ : 11. ਜੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਵਿਵਸਥਾ ਨਾ ਹੋਵੇ ਤਾਂ ਗੁਰਮਤਿ ਸਮਾਗਮ ਰਾਹੀਂ ਜਾਂ ਕੋਰਟ ਮੈਰਿਜ ਕੀਤੀ ਜਾ ਸਕਦੀ ਹੈ।

ਵਿਆਖਿਆ :       ‘ਆਨੰਦ ਕਾਰਜ’ (ਵਿਆਹ) ਦੋ ਜੀਆਂ ਵਲੋਂ ਆਪਣੇ ਇਸ਼ਟ ਦੀ ਹਾਜ਼ਰੀ ਵਿਚ ਇਕ-ਦੁਜੇ ਪ੍ਰਤੀ ਸੁਹਿਰਦ ਅਤੇ ਵਫਾਦਾਰ ਰਹਿਣ ਦਾ ਪ੍ਰਣ ਹੈ। ਗੁਰਮਤਿ ਅਨੁਸਾਰ ਇਕੋ ਵਾਹਿਦ ਇਸ਼ਟ ‘ਅਕਾਲ ਪੁਰਖ’ ਹੈ, ਜੋ ਹਰ ਥਾਂ ਵਸਿਆ ਹੋਇਆ ਹੈ। ਸੋ ਜੇ ਕਿਸੇ ਸਮੇਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਦੀ ਵਿਵਸਥਾ ਨਾ ਹੋਵੇ ਤਾਂ ਗੁਰਮਤਿ ਸਮਾਗਮ ਕਰਕੇ, ਅਨੰਦ ਕਾਰਜ ਕੀਤਾ ਜਾ ਸਕਦਾ ਹੈ। ਕੋਰਟ ਮੈਰਿਜ ਕਰਨ ਵਿਚ ਵੀ ਕੋਈ ਹਰਜ ਨਹੀਂ ਹੈ।

ਮੱਦ : 12. ਅਨੰਦ ਦੌਰਾਣ ਲਾਵਾਂ ਲੈਣ ਦੀ ਰਸਮ ਬ੍ਰਾਹਮਣੀ ਰਸਮ ਦੀ ਨਕਲ ਅਤੇ ਮਨਮੱਤ ਹੈ।

ਵਿਆਖਿਆ :       1800 ਈ. ਤੱਕ ਪਹੁੰਚਦੇ ਪਹੁੰਚਦੇ ਸਿੱਖ ਸਮਾਜ ਵਿਚ ਬ੍ਰਾਹਮਣਵਾਦ ਪੂਰੀ ਤਰਾਂ ਘਰ ਕਰ ਚੁੱਕਾ ਸੀ। ਪ੍ਰਚਲਿਤ ਸਿੱਖਾਂ ਪਰਿਵਾਰਾਂ ਵਿਚ ਵਿਆਹ ਵੀ ਬ੍ਰਾਹਮਣੀ ਮੱਤ ਵਾਂਗੂ ‘ਵੇਦੀ ਦੇ ਫੇਰੇ (ਲਾਵਾਂ)’ ਲੈ ਕੇ ਹੋਣ ਲੱਗ ਪਏ ਸਨ। ਇਸ ਸਮੇਂ ਬਾਬਾ ਦਿਆਲ ਜੀ ਨੇ ਸੁਧਾਰ ਲਈ ਜਤਨ ਸ਼ੁਰੂ ਕੀਤੇ। ਐਸੇ ਹੀ ਇਕ ਕਦਮ ਵਜੋਂ ਉਨ੍ਹਾਂ ਨੇ ‘ਆਨੰਦ ਕਾਰਜ’ ਦੀ ਰਸਮ ਸ਼ੁਰੂ ਕੀਤੀ ਜਿਸ ਵਿਚ ਲਾਵਾਂ ਵੇਦੀ ਦੀ ਥਾਂ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਦੇ ਦੁਆਲੇ ਲੈਣ ਦਾ ਵਿਧਾਨ ਬਣਾਇਆ ਗਿਆ। ਬੇਸ਼ਕ ਇਹ ਇਕ ਸੁਧਾਰ ਦਾ ਜਤਨ ਸੀ ਪਰ ਫੇਰ ਵੀ ਇਹ ਸਪਸ਼ਟ ਹੈ ਕਿ ‘ਲਾਵਾਂ ਦਾ ਢੰਗ’ ਬ੍ਰਾਹਮਣੀ ਰਸਮ ਦੀ ਨਕਲ ਹੈ। ਫਰਕ ਇਤਨਾ ਹੈ ਕਿ ‘ਵੇਦੀ’ (ਅੱਗ ਦੇਵਤਾ) ਦੀ ਥਾਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਨੇ ਲੈ ਲਈ। ਸੋ ਬ੍ਰਾਹਮਣਵਾਦ ਤੋਂ ਨਿਜਾਤ ਪਾਉਣ ਲਈ ਲਾਵਾਂ ਦੀ ਰਸਮ ਨੂੰ ਵੀ ਛੱਡਣਾ ਜ਼ਰੂਰੀ ਹੋ ਜਾਂਦਾ ਹੈ। ਇਹ ਯਾਦ ਰਹੇ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ‘ਗਿਆਨ ਦਾ ਰੂਪ’ ਹਨ, ਕੋਈ ਮੂਰਤੀ ਨਹੀਂ। ਉਸ ਨਾਲ ਮੂਰਤੀ ਵਾਂਗੂ ਰਸਮਾਂ ਕਰਨੀਆਂ ਗੁਰਮਤਿ ਤੋਂ ਭਟਕਾਅ ਦੀ ਨਿਸ਼ਾਨੀ ਹੈ। ਇਸ ਗਿਆਨ ਦੇ ਸੋਮੇ ਤੋਂ ਪ੍ਰੇਰਣਾ ਲੈ ਕੇ ਜੀਵਨ ਜੀਉਣ ਦਾ ਯਤਨ ਕਰਨਾ ਚਾਹੀਦਾ ਹੈ।

ਮੱਦ : 13. ਅਨੰਦ ਕਾਰਜ ਦੌਰਾਣ ਲਾੜੀ-ਲਾੜੇ ਉਤੇ ਫੁੱਲਾਂ ਦੀ ਵਰਖਾ ਕਰਨਾ ਵੀ ਮਨਮੱਤ ਹੈ।

ਵਿਆਖਿਆ :       ਆਨੰਦ ਕਾਰਜ ਦੌਰਾਣ ਲਾੜਾ-ਲਾੜੀ ਤੇ ਫੁਲਾਂ ਦੀ ਵਰਖਾ ਨਾਲ ਗੁਰਮਤਿ ਸਮਾਗਮ ਦੇ ਮਾਹੌਲ ਵਿਚ ਵਿਘਣ ਪੈਂਦਾ  ਅਤੇ ਸੰਗਤ ਵਿਚ ਬਰਾਬਰਤਾ ਦੇ ਸਿਧਾਂਤ ਦੀ ਵੀ ਉਲੰਘਣਾ ਹੁੰਦੀ ਹੈ।

ਮੱਦ : 14. ਸਿੱਧੇ ਜਾਂ ਅਸਿੱਧੇ ਰੂਪ ਵਿਚ ਕਿਸੇ ਵੀ ਤਰਾਂ ਦਾ ਦਾਜ ਲੈਣਾ ਜਾਂ ਦੇਣਾ ਮਨਮੱਤ ਹੈ।

1.      ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥ ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥  (ਮਹਲਾ 4, ਪੰਨਾ 78)

2.      ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥

         ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥4॥ (ਮਹਲਾ 4, ਪੰਨਾ 78)

ਵਿਆਖਿਆ :       ਦਾਜ ਦੀ ਰਸਮ ਸਮਾਜ ਲਈ ਇਕ ਕਲ਼ੰਕ ਬਣ ਚੁੱਕੀ ਹੈ। ਇਸ ਲਾਹਣਤ ਕਾਰਨ ਲੋਕਾਂ ਵਲੋਂ ਮਾਦਾ ਭਰੂਣ ਹੱਤਿਆ ਦਾ ਰੁਝਾਣ ਬਹੁਤ ਵੱਧ ਗਿਆ ਹੈ। ਗੁਰਮਤਿ ਵਿਚ ਚਾਹਵਾਣ ਲਈ ਵਿਤਕਰੇ ਭਰਪੂਰ ਇਸ ਰਿਵਾਜ (ਉਹ ਭਾਂਵੇ ਕਿਸੇ ਵੀ ਰੂਪ ਵਿਚ ਹੋਵੇ) ਦਾ ਤਿਆਗ ਕਰਨਾ ਲਾਜ਼ਮੀ ਹੈ।

ਮੱਦ : 15. ਵਿਆਹ (ਅਨੰਦ) ਸਮਾਗਮ ਦਾ ਖਰਚਾ ਦੋਵੇਂ ਧਿਰਾਂ ਮਿਲ-ਜੁਲ ਕੇ ਕਰਨ।

ਵਿਆਖਿਆ :       ਵਿਆਹ ਦੀ ਪ੍ਰਚਲਿਤ ਰਸਮ ਵਿਚ ਕੁੜੀ ਵਾਲੀ ਧਿਰ ਤੇ ਆਰਥਿਕ ਬੋਝ ਬਹੁਤਾ ਪਾਇਆ ਜਾਂਦਾ ਹੈ, ਜਿਸ ਲਈ ਸਮਾਜ ਵਿਚ ਕੁੜੀ ਨੂੰ ਪੈਦਾ ਹੁੰਦੇ ਹੀ ਇਕ ਬੋਝ ਮੰਨ ਲਿਆ ਜਾਂਦਾ ਹੈ। ਇਸ ਮਾਨਸਿਕਤਾ ਨੂੰ ਬਦਲਣ ਲਈ ਦੋਹਾਂ ਧਿਰਾਂ ਨੂੰ ਆਪਣੀ ਆਰਥਿਕ ਸਥਿਤੀ ਅਨੁਸਾਰ ਵਿਆਹ ਸਮਾਗਮ ਦਾ ਖਰਚਾ ਮਿਲ-ਜੁਲ ਕੇ ਕਰਨਾ ਚਾਹੀਦਾ ਹੈ। ਮਿਲ-ਜੁਲ ਕੇ ਕਰਨ ਦਾ ਭਾਵ 50%-50% ਹੀ ਨਹੀਂ, ਬਲਕਿ ਦੋਹਾਂ ਧਿਰਾਂ ਦੀ ਹੈਸੀਅਤ ਦੇ ਨਿਰਭਰ ਕਰਦਾ ਹੈ। ਜੇ ਇਕ ਧਿਰ ਆਰਥਿਕ ਪੱਖੋਂ ਜਿਆਦਾ ਕਮਜ਼ੋਰ ਹੈ ਤਾਂ ਦੁਜੀ ਧਿਰ ਨੂੰ ਖੁਸ਼ੀ ਖੁਸ਼ੀ ਵਾਧੂ ਭਾਰ ਲੈ ਲੈਣਾ ਚਾਹੀਦਾ ਹੈ। ਜੇ ਦੋਹੇ ਧਿਰਾਂ ਆਰਥਿਕ ਪੱਖੋਂ ਕਮਜ਼ੋਰ ਹਨ ਤਾਂ ਵਿਆਹ ਸਾਦਾ ਹੀ ਕਰਨਾ ਚਾਹੀਦਾ ਹੈ। ਲੋਕ ਵਿਖਾਵੇ ਲਈ ਆਪਣੀ ਹੈਸੀਅਤ ਤੋਂ ਬਾਹਰ ਜਾ ਕੇ (ਕਰਜ਼ਾ ਆਦਿ ਚੁੱਕ ਕੇ) ਖਰਚਾ ਕਰਨਾ ਗੁਰਮਤਿ ਸੇਧ ਤੋਂ ਉਲਟ ਹੈ ਅਤੇ ਭਵਿੱਖ ਵਿਚ ਪਰੇਸ਼ਾਨੀ ਦਾ ਕਾਰਨ ਵੀ ਬਣ ਸਕਦਾ ਹੈ।

ਮੱਦ : 16. ਗੁਰਮਤਿ ਅਨੁਸਾਰ ਦੋਹਾਂ ਧਿਰਾਂ ਦਾ ਦਰਜਾ ਬਰਾਬਰ ਹੈ। ਇਸ ਲਈ ਇਕ ਧਿਰ ਨੂੰ ਉੱਚਾ ਅਤੇ ਦੂਜੀ ਧਿਰ ਨੂੰ ਨੀਂਵਾ ਮੰਨਣਾ ਮਨਮੱਤ ਹੈ।

ਵਿਆਖਿਆ :       ਆਮ ਕਰ ਕੇ ਸਮਾਜ ਵਿਚ ਕੁੜੀ ਵਾਲੀ ਧਿਰ ਨੂੰ ਨੀਂਵਾ ਸਮਝਿਆ ਜਾਂਦਾ ਹੈ ਅਤੇ ਲੜਕੇ ਵਾਲੇ ਰੋਹਬ ਵਿਖਾਉਣਾ ਆਪਣਾ ਹੱਕ ਸਮਝਦੇ ਹਨ। ਐਸੀ ਹੰਕਾਰੀ ਮਾਨਸਿਕਤਾ ਗੁਰਮਤਿ ਦਾ ਵਿਰੋਧ ਹੈ।

ਮੱਦ : 17. ਸਿੱਖ ਦੇ ਪੁਨਰ-ਵਿਆਹ ਸੰਬੰਧੀ ਕੋਈ ਪਾਬੰਦੀ ਨਹੀਂ ਹੈ। ਪੁਨਰ-ਵਿਆਹ ਦਾ ਕਾਰਜ ਵੀ ਆਮ ਵਿਆਹ ਜੈਸਾ ਹੀ ਹੈ।

ਵਿਆਖਿਆ :  ਪਤੀ ਜਾਂ ਪਤਨੀ ਵਿਚੋਂ ਕਿਸੇ ਇਕ ਦੇ ਚਲਾਣਾ ਕਰ ਜਾਣ ਉਪਰੰਤ ਪੁਨਰ-ਵਿਆਹ ਕਰਨ ਵਿਚ ਕੋਈ ਹਰਜ਼ ਨਹੀ ਹੈ। ਇਸ ਦਾ ਤਰੀਕਾ ਵੀ ਆਮ ਆਨੰਦ ਕਾਰਜ ਜੈਸਾ ਹੀ ਹੋਵੇ।

ਮੱਦ : 18. ਇਕ ਪਤੀ/ਪਤਨੀ ਦੇ ਹੁੰਦਿਆਂ ਸਿੱਖ ਲਈ ਆਮ ਹਾਲਤਾਂ ਵਿਚ ਦੂਜਾ ਵਿਆਹ ਕਰਨਾ ਵਰਜਿਤ ਹੈ।

ਵਿਆਖਿਆ :       ਇਕ ਪਤੀ ਜਾਂ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਕਰਵਾਉਣਾ ਆਪਸੀ ਵਿਸਾਹ-ਘਾਤ ਅਤੇ ਇਕ ਦੁਜੇ ਪ੍ਰਤੀ ਸਮਰਪਣ ਦੀ ਘਾਟ ਹੈ। ਸੰਤਾਨ ਪੈਦਾ ਕਰਨ ਦੀ ਅਸਮਰਥਤਾ ਆਦਿ ਨਿਗੁਣੇ ਬਹਾਨਿਆਂ ਦੇ ਆਧਾਰ ਤੇ ਦੂਜਾ ਵਿਆਹ ਕਰਵਾਉਣ ਦੀ ਸੋਚ ਗਲਤ ਹੈ। ਐਸੇ ਹਾਲਾਤ ਵਿਚ ਆਪਸੀ ਸਹਿਮਤੀ ਨਾਲ ਕੋਈ ਯੋਗ ਬੱਚਾ ਗੋਦ ਲਿਆ ਜਾ ਸਕਦਾ ਹੈ। ਹਾਂ ਕਿਸੇ ਲੰਮੇਰੀ ਅਸਾਧ ਬੀਮਾਰੀ ਦੀ ਹਲਾਤ ਵਿਚ, ਜਿਸ ਵਿਚ ਪੀੜਿਤ ਮਨੁੱਖ ਹੋਸ਼ ਵਿਚ ਨਾ ਹੋਵੇ ਜਾਂ  ਉਸ ਨੂੰ ਲੰਮੇ ਸਮੇਂ ਤੱਕ ਸੇਵਾ ਦੀ ਲੋੜ ਹੋਵੇ, ਐਸੇ ਕੁਝ ਖਾਸ ਹਾਲਾਤ ਵਿਚ ਪਰਿਵਾਰ ਦੀ ਸਹਿਮਤੀ ਨਾਲ ਦੂਜਾ ਵਿਆਹ ਕਰਵਾਇਆ ਜਾ ਸਕਦਾ ਹੈ।  ਦੂਜੇ ਵਿਆਹ ਦੀ ਇੱਛਾ ਲਈ, ਹਾਲਾਤ ਦਾ ਬਹਾਨਾ ਬਣਾ ਲੈਣ ਦੀ ਪ੍ਰਵਿਰਤੀ ਬੇਈਮਾਨੀ ਹੈ।

 

ਮੱਦ : 19. ਜੇ ਹਾਲਾਤ ਕਾਬੂ ਤੋਂ ਬਾਹਰ ਹੋ ਜਾਣ ਤਾਂ ਆਪਸੀ ਸਹਿਮਤੀ ਨਾਲ ਤਲਾਕ ਲੈ ਲੈਣ ਵਿਚ ਕੋਈ ਹਰਜ਼ ਨਹੀਂ ਹੈ। ਤਲਾਕ ਲੈਣ ਲਈ ਸਥਾਨਕ ਕਾਨੂੰਨ ਦਾ ਢੰਗ ਅਪਨਾਇਆ ਜਾਵੇ।

 

1.      ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਹਾਰੁ ॥

          ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥1॥  (ਮਹਲਾ 4, ਪੰਨਾ 316)

 

2.      ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗ੍ਹਾਨੁ ਅੰਧਾਰੁ ॥

          ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ ॥1॥  (ਮਹਲਾ 3, ਪੰਨਾ 549)

 

ਵਿਆਖਿਆ :       ਪਤੀ-ਪਤਨੀ ਦੇ ਰਿਸ਼ਤੇ ਦੀ ਨੀਂਹ ਵਿਚਾਰਧਾਰਕ ਅਤੇ ਆਚਰਣਕ ਸਾਂਝ ਤੇ ਟਿੱਕੀ ਹੁੰਦੀ ਹੈ। ਛੋਟੇ ਮੋਟੇ ਮਤਭੇਦ ਹੋਣਾ ਵੱਡੀ ਗੱਲ ਨਹੀਂ ਹੈ। ਆਪਣੇ ਅਵਗੁਣਾਂ ਤੇ ਕਾਬੂ ਪਾਉਂਦੇ ਹੋਏ, ਆਪਸੀ ਮਨ-ਮੁਟਾਵ ਦੂਰ ਕਰ ਲੈਣ ਦਾ ਹਰ ਸੰਭਵ ਯਤਨ ਕੀਤਾ ਜਾਵੇ। ਪਰ ਅਗਰ ਹਾਲਾਤ ਕਾਬੂ ਤੋਂ ਬਾਹਰ ਹੋ ਜਾਣ ਅਤੇ ਨਾਲ ਰਹਿਣ ਕਾਰਨ ਜੀਵਨ ਅਤਿ ਦੁਖਦਾਈ ਬਣ ਰਿਹਾ ਹੋਵੇ ਤਾਂ ਆਪਸੀ ਸਹਿਮਤੀ ਨਾਲ ਤਲਾਕ ਲੈ ਲੈਣ ਵਿਚ ਕੋਈ ਹਰਜ ਨਹੀਂ। ਤਲਾਕ ਲੈਣ ਦਾ ਫੈਸਲਾ ਕਰਨ ਉਪਰੰਤ ਮੁੱਕਦਮੇਬਾਜ਼ੀ ਆਦਿ ਰਾਹੀਂ ਇਕ ਦੂਜੇ ਨੂੰ ਸਬਕ ਸਿਖਾਉਣ, ਤੰਗ ਕਰਨ ਜਾਂ ਖੁੰਦਕ ਕੱਢਣ ਦੀ ਪ੍ਰਵਿਰਤੀ ਗੁਰਮਤਿ ਦੇ ਉਲਟ ਹੈ। ਤਾਲਾਕ ਲੈਣ ਵਿਚ ਸੁਹਿਰਦਤਾ ਅਤੇ ਇਮਾਨਦਾਰੀ ਦਾ ਖਿਆਲ ਰੱਖਣਾ ਚਾਹੀਦਾ ਹੈ।

 

ਮ੍ਰਿਤੂ ਸਮੇਂ ਸੰਬੰਧੀ ਸੇਧਾਂ

 

ਮੱਦ : 1.   ਪ੍ਰਾਣੀ ਦੀ ਮ੍ਰਿਤੂ ਮਗਰੋਂ ਮੰਜੇ ਤੋਂ ਹੇਠਾਂ ਉਤਾਰਨ ਜਾਂ ਨਾ ਉਤਾਰਨ ਸੰਬੰਧੀ ਕੋਈ ਭਰਮ ਨਹੀਂ ਕਰਨਾ। ਦੀਵਾ-ਵੱਟੀ, ਗਉ ਮਨਸਾਉਣਾ ਆਦਿ ਕੋਈ ਕਰਮਕਾਂਡ ਨਹੀਂ ਕਰਨਾ। ਪਿੱਟਣਾ, ਧਾਹਾਂ ਮਾਰਨਾ, ਸਿਆਪਾ ਕਰਨਾ ਆਦਿ ਸਹੀ ਨਹੀਂ ਹੈ। ਮਨ ਨੂੰ ਧਰਵਾਸ ਦੇਣ ਖਾਤਿਰ ਗੁਰਬਾਣੀ ਦਾ ਪਾਠ ਵਿਚਾਰ ਕੇ ਕੀਤਾ ਜਾ ਸਕਦਾ ਹੈ। ਮ੍ਰਿਤਕ ਦੇਹ ਨੂੰ ਮੱਥਾ ਟੇਕਣਾ ਜਾਂ ਗੁਰਦੁਆਰੇ ਮੱਥਾ ਟਿਕਾਉਣ ਲੈ ਜਾਣਾ, ਦੇਹ ਦੀ  ਪ੍ਰਕਰਮਾ ਕਰਨੀ, ਮ੍ਰਿਤਕ ਦਾ ਮੰਜਾ ਖੜਾ ਕਰਨ ਦਾ ਭਰਮ, ਦੀਵਾ ਜਗਾਉਣ ਦਾ ਭਰਮ, ਵਾਧੂ ਕਛਿਹਰਾ ਨਾਲ ਬੰਨਣ ਦਾ ਭਰਮ, ਕਕਾਰ ਜੁਦਾ ਨਾ ਕਰਨ ਦਾ ਭਰਮ, ਸ਼ਮਸ਼ਾਨ ਘਾਟ ਦੇ ਰਸਤੇ ਵਿਚ ਬਿਬਾਨ ਰੱਖਣਾ, ਕਿਸੇ ਭਰਮ ਹੇਠ ਪਾਣੀ ਡੋਲਣਾ, ਘੜਾ ਭੰਨਣਾ, ਘਾਹ ਦੇ ਤਿਨਕੇ ਤੋੜਣਾ, ਬਬਾਣ ਸਜਾਉਣਾ/ਵੱਡਾ ਕਰਨਾ/ਬੁੱਢਾ ਮਰਨਾ ਕਰਨਾ, ਫੁੱਲੀਆਂ-ਮਖਾਣੇ ਬਦਾਮ/ਗਿਰੀਆਂ ਸੁਟਣਾ/ਲੱਡੂ ਵੰਡਣਾ, ਗੰਗਾ ਜਲ/ਘਿਉ ਆਦਿ ਮੂੰਹ ਵਿਚ ਪਾਉਣਾ ਜਾਂ ਲਾਸ਼ ਤੇ ਛਿੜਕਨਾ, ਜਲਾਉਣ ਲਈ ਦਿਨ-ਰਾਤ ਦਾ ਭਰਮ ਕਰਨਾ ਆਦਿ ਸਭ ਮਨਮੱਤਾਂ ਹਨ।

 

1.      ਰਾਮਕਲੀ ਮਹਲਾ 5 ॥

ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥ ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ॥1॥

ਕਉਨੁ ਮੂਆ ਰੇ ਕਉਨੁ ਮੂਆ ॥  ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥1॥ ਰਹਾਉ ॥

ਅਗਲੀ ਕਿਛੁ ਖਬਰਿ ਨ ਪਾਈ ॥ ਰੋਵਨਹਾਰੁ ਭਿ ਊਠਿ ਸਿਧਾਈ ॥ਭਰਮ ਮੋਹ ਕੇ ਬਾਂਧੇ ਬੰਧ ॥ ਸੁਪਨੁ ਭਇਆ ਭਖਲਾਏ ਅੰਧ ॥2॥

ਇਹੁ ਤਉ ਰਚਨੁ ਰਚਿਆ ਕਰਤਾਰਿ ॥ ਆਵਤ ਜਾਵਤ ਹੁਕਮਿ ਅਪਾਰਿ ॥ ਨਹ ਕੋ ਮੂਆ ਨ ਮਰਣੈ ਜੋਗੁ ॥ ਨਹ ਬਿਨਸੈ ਅਬਿਨਾਸੀ ਹੋਗੁ ॥3॥

ਜੋ ਇਹੁ ਜਾਣਹੁ ਸੋ ਇਹੁ ਨਾਹਿ ॥ ਜਾਨਣਹਾਰੇ ਕਉ ਬਲਿ ਜਾਉ ॥ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥ ਨਾ ਕੋਈ ਮਰੈ ਨ ਆਵੈ ਜਾਇਆ ॥4॥10॥ 

(ਮਹਲਾ 5, ਪੰਨਾ 885)

2.      ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥  (ਮਹਲਾ 5, ਪੰਨਾ 294)

3.      ਜੇ ਮਿਰਤਕ ਕਉ ਚੰਦਨੁ ਚੜਾਵੈ ॥ਉਸ ਤੇ ਕਹਹੁ ਕਵਨ ਫਲ ਪਾਵੈ॥

          ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ਤਾਂ ਮਿਰਤਕ ਕਾ ਕਿਆ ਘਟਿ ਜਾਈ॥3॥  (ਮਹਲਾ 5, ਪੰਨਾ 1160)

4.      ਮਨਮੁਖ ਅੰਧੇ ਕਿਛੂ ਨ ਸੂਝੈ ॥ ਮਰਣੁ ਲਿਖਾਇ ਆਏ ਨਹੀ ਬੂਝੈ ॥  (ਮਹਲਾ 3, ਪੰਨਾ 114)

5.      ਮਰਣੁ ਲਿਖਾਇ ਆਏ ਨਹੀ ਰਹਣਾ ॥ ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥1॥ ਰਹਾਉ ॥  (ਮਹਲਾ 1, ਪੰਨਾ 153)

6.      ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥  (ਮਹਲਾ 1, ਪੰਨਾ 685)

7.      ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ॥

          ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ॥3॥(ਮਹਲਾ 1, ਪੰਨਾ 876)

8.      ਮਰਣੁ ਲਿਖਾਇ ਮੰਡਲ ਮਹਿ ਆਏ ॥ ਕਿਉ ਰਹੀਐ ਚਲਣਾ ਪਰਥਾਏ ॥   (ਮਹਲਾ 1, ਪੰਨਾ 1022)

9.      ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥ ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥  (ਬਾਬਾ ਸੁੰਦਰ ਜੀ, 923)

10.    ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥  (ਭਗਤ ਨਾਮਦੇਵ ਜੀ, ਪੰਨਾ 1292)

11.    ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥ ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥

          ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥2॥   (ਮਹਲਾ 1, ਪੰਨਾ 15)

12.    ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ॥ ਤੁਮ ਰੋਵਹੁਗੇ ਓਸ ਨੋ ਤੁਮ੍‍ ਕਉ ਕਉਣੁ ਰੋਈ ॥3॥  (ਮਹਲਾ 1, ਪੰਨਾ 418)

13.    ਬਾਲਕੁ ਮਰੈ ਬਾਲਕ ਕੀ ਲੀਲਾ ॥ ਕਹਿ ਕਹਿ ਰੋਵਹਿ ਬਾਲੁ ਰੰਗੀਲਾ ॥

         ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ ਹੇ ॥7॥  (ਮਹਲਾ 1, ਪੰਨਾ 1027)

14.    ਭਾਣਾ ਮੰਨੇ ਸਦਾ ਸੁਖੁ ਹੋਇ ॥ ਨਾਨਕ ਸਚਿ ਸਮਾਵੈ ਸੋਇ ॥4॥10॥49॥  (ਮਹਲਾ 3, ਪੰਨਾ 364)

15.   ਜੋ ਤੁਧੁ ਕਰਣਾ ਸੋ ਕਰਿ ਪਾਇਆ ॥ ਭਾਣੇ ਵਿਚਿ ਕੋ ਵਿਰਲਾ ਆਇਆ ॥ ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥1॥

      ਗੁਰਮੁਖਿ ਤੇਰਾ ਭਾਣਾ ਭਾਵੈ ॥ ਸਹਜੇ ਹੀ ਸੁਖੁ ਸਚੁ ਕਮਾਵੈ ॥ ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥2॥

ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥ ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ ॥ ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ ॥3॥

ਜਾ ਤਿਸੁ ਭਾਵੈ ਤਾ ਗੁਰੂ ਮਿਲਾਏ ॥ ਗੁਰਮੁਖਿ ਨਾਮੁ ਪਦਾਰਥੁ ਪਾਏ॥ਤੁਧੁ ਆਪਣੈ ਭਾਣੈ ਸਭ ਸ੍ਰਿਸਟਿ ਉਪਾਈ ਜਿਸ ਨੋ ਭਾਣਾ ਦੇਹਿ ਤਿਸੁ ਭਾਇਦਾ॥4॥

ਮਨਮੁਖੁ ਅੰਧੁ ਕਰੇ ਚਤੁਰਾਈ ॥ ਭਾਣਾ ਨ ਮੰਨੇ ਬਹੁਤੁ ਦੁਖੁ ਪਾਈ ॥

ਭਰਮੇ ਭੂਲਾ ਆਵੈ ਜਾਏ ਘਰੁ ਮਹਲੁ ਨ ਕਬਹੂ ਪਾਇਦਾ ॥5॥  (ਮਹਲਾ 3, ਪੰਨਾ 1064)

16.   ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥50॥(ਮਹਲਾ 9, ਪੰਨਾ 1429) 

ਵਿਆਖਿਆ : ਜੀਵ ਦਾ ਪੈਦਾ ਹੋਣਾ ਅਤੇ ਇਕ ਉਮਰ ਹੰਡਾ ਕੇ ਮਰ ਜਾਣਾ, ਪ੍ਰਮਾਤਮਾ ਵਲੋਂ ਸ੍ਰਿਸ਼ਟੀ ਚਲਾਉਣ ਲਈ ਬਣਾਏ ਅਟੱਲ ਨਿਯਮਾਂ ਵਿਚੋਂ ਇਕ ਹੈ।  ਜੋ ਇਸ ਸੰਸਾਰ ਵਿਚ ਪੈਦਾ ਹੋਇਆ ਹੈ, ਉਸ ਨੇ ਇਕ ਦਿਨ ਅਵੱਸ਼ ਤੁਰ ਜਾਣਾ ਹੈ। ਜਿਸ ਮਨੁੱਖ ਨੇ ਇਹ ਸਪਸ਼ਟ ਸੱਚਾਈ ਆਪਣੇ ਮਨ ਵਿਚ ਇਮਾਨਦਾਰੀ ਨਾਲ ਵਸਾ ਲਈ, ਉਹ ਨਾਂ ਤਾਂ ਸੰਤਾਨ ਦੀ ਪੈਦਾਇਸ਼ ਤੇ ਬੇਲੋੜੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੈ ਅਤੇ ਨਾ ਹੀ ਕਿਸੇ ਦੀ ਤੁਰ ਜਾਣ ਤੇ ਬੇਲੋੜਾ ਵਿਰਲਾਪ। ਗੁਰਮਤਿ ਦੇ ਪਾਂਧੀ ਲਈ ਲੋਕ ਵਿਖਾਵਾ ਕੋਈ ਮਾਅਨਾ ਨਹੀਂ ਰੱਖਦਾ।

ਪੁਜਾਰੀ ਜਮਾਤ ਨੇ ਮਨੁੱਖੀ ਜੀਵਨ ਦੇ ਹਰ ਮੁੱਖ ਪੜਾਅ ਨਾਲ ਜੋੜ ਕੇ ਅੰਧਵਿਸ਼ਵਾਸਾਂ ਅਤੇ ਕਰਮਕਾਂਡਾਂ ਦਾ ਇਕ ਜਾਲ ਵਿਛਾ ਰੱਖਿਆ ਹੈ। ਸਭ ਤੋਂ ਜਿਆਦਾ ਅੰਧਵਿਸ਼ਵਾਸ ਅਤੇ ਕਰਮਕਾਂਡ ਮ੍ਰਿਤਕ ਨਾਲ ਹੀ ਜੁੜੇ ਹੋਏ ਹਨ। ਪੁਜਾਰੀਆਂ ਵਲੋਂ ਫੈਲਾਈ ਸੋਚ ਅਨੁਸਾਰ ਮ੍ਰਿਤਕ ਪ੍ਰਾਣੀ ਨਮਿੱਤ ਕੁਝ ਰਸਮਾਂ ਅਤੇ ਕਰਮਕਾਂਡ ਕਰਕੇ ਉਸ ਨੂੰ ਮੁਕਤੀ (ਸੁਰਗ ਦੀ ਪ੍ਰਾਪਤੀ) ਦਵਾਈ ਜਾ ਸਕਦੀ ਹੈ। ਇਨ੍ਹਾਂ ਰਸਮਾਂ ਅਤੇ ਕਰਮਕਾਂਡਾਂ ਨਾਲ  ਪੁਜਾਰੀ ਸ਼੍ਰੇਣੀ ਦੀ ਕਮਾਈ ਜੁੜੀ ਹੋਈ ਹੈ।

ਗੁਰਮਤਿ ‘ਜੀਵਨ ਮੁਕਤਿ’ ਦੇ ਸਿਧਾਂਤ ਦੀ ਪ੍ਰੋੜਤਾ ਕਰਦੀ ਹੈ ਅਤੇ ਮਰਨ ਤੋਂ ਬਾਅਦ ਕਿਸੀ ਮੁਕਤੀ ਦਾ ਖੰਡਨ ਕਰਦੀ ਹੈ। ਇਸ ਪ੍ਰਥਾਇ ਗੁਰਵਾਕ ਹੈ

ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥

ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥5॥   (ਭਗਤ ਬੇਣੀ ਜੀ, ਪੰਨਾ 93)

ਸਪਸ਼ਟ ਹੈ ਕਿ ਗੁਰਮਤਿ ਅਨੁਸਾਰ ਮ੍ਰਿਤਕ ਪ੍ਰਾਣੀ ਨਮਿੱਤ ਕੀਤਾ ਗਿਆ ਕੋਈ ਕਰਮਕਾਂਡ (ਸਮੇਤ ਰਸਮੀ ਪਾਠ), ਦਾਨ ਪੁੰਨ ਆਦਿ ਉਸ ਦਾ ਕੁਝ ਨਹੀਂ ਸੰਵਾਰ ਸਕਦਾ। ਸੋ ਗੁਰਮਤਿ ਦੇ ਪਾਂਧੀ ਲਈ ਜ਼ਰੂਰੀ ਹੈ ਕਿ ਉਹ ਮ੍ਰਿਤਕ ਸੰਬੰਧੀ ਜੋੜੇ ਜਾਂਦੇ ਕਿਸੇ ਵੀ ਭਰਮ, ਅੰਧਵਿਸ਼ਵਾਸ, ਕਰਮਕਾਂਡ ਆਦਿ ਤੋਂ ਦੂਰ ਰਹੇ। 

ਮੱਦ: 2.    ਮ੍ਰਿਤਕ ਦੇਹ ਨੂੰ ਜਲਾਉਣਾ ਚਾਹੀਦਾ ਹੈ, ਉਮਰ ਭਾਂਵੇ ਕੋਈ ਵੀ ਹੋਵੇ। ਜਲਾਉਣ ਲਈ ਬਿਜਲੀ ਵਾਲੇ ਸ਼ਮਸ਼ਾਨ ਘਾਟ ਦਾ ਇਸਤੇਮਾਲ ਕਰਨਾ ਬਿਹਤਰ ਹੈ। ਜੇ ਜਲਾਉਣ ਦਾ ਪ੍ਰਬੰਧ ਨਾ ਹੋਵੇ ਤਾਂ ਦਫਨਾਉਣਾ ਜਾਂ ਜਲ ਪ੍ਰਵਾਹ ਆਦਿ ਯੋਗ ਤਰੀਕਾ ਅਪਣਾ ਲੈਣ ਵਿਚ ਕੋਈ ਹਰਜ ਨਹੀਂ ਹੈ।

1.      ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥

          ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥2॥   (ਮਹਲਾ 1, ਪੰਨਾ 648)

2.      ਜੇ ਮਿਰਤਕ ਕਉ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ ॥

          ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥3॥  (ਮਹਲਾ 5, ਪੰਨਾ 1160) 

ਵਿਆਖਿਆ:        ਗੁਰਮਤਿ ਅਨੁਸਾਰ ਮ੍ਰਿਤਕ ਸ਼ਰੀਰ ਨੂੰ ਕਿਸੇ ਖਾਸ ਤਰੀਕੇ ਸਪੁਰਦ-ਏ-ਖਾਕ ਕਰਨ ਦਾ ਕੋਈ ਫਾਇਦਾ ਨਹੀਂ ਹੈ। ਸੋ ਇਸ ਸੰਬੰਧੀ ਕੋਈ ਭਰਮ ਨਹੀਂ ਕਰਨਾ। ਸੰਸਾਰ ਦੀ ਵੱਧਦੀ ਆਬਾਦੀ ਕਾਰਨ ਥਾਂ ਦੀ ਘਾਟ ਹੁੰਦੀ ਪੈ ਰਹੀ ਹੈ। ਮ੍ਰਿਤਕ ਸ਼ਰੀਰ ਨੂੰ ਦਫਨਾਉਣ ਲਈ ਕਬਰਿਸਤਾਨ ਲਈ ਭਵਿੱਖ ਵਿਚ ਥਾਂ ਦੀ ਥੁੜ ਹੋ ਸਕਦੀ ਹੈ। ਇਸ ਲਈ ਮ੍ਰਿਤਕ ਸ਼ਰੀਰ ਨੂੰ ਜਲਾਉਣ ਦਾ ਢੰਗ ਹੀ ਠੀਕ ਲਗਦਾ ਹੈ। ਕੋਸ਼ਿਸ਼ ਇਹ ਕੀਤੀ ਜਾਵੇ ਕਿ ਸਸਕਾਰ ਬਿਜਲੀ ਵਾਲੇ ਸ਼ਮਸ਼ਾਨ ਘਾਟ ਵਿਚ ਹੋਵੇ ਤਾਂ ਕਿ ਪ੍ਰਦੂਸ਼ਨ ਘੱਟ ਹੋਵੇ। ਜੇ ਜਲਾਉਣ ਦਾ ਪ੍ਰਬੰਧ ਨਾ ਹੋਵੇ ਤਾਂ ਦਫਨਾਉਣ ਵਿਚ ਜਾਂ ਜਲ-ਪ੍ਰਵਾਹ ਕਰਣ ਆਦਿ ਹੋਰ ਕੋਈ ਯੋਗ ਤਰੀਕਾ ਅਪਣਾ ਲੈਣ ਵਿਚ ਵੀ ਕੋਈ ਹਰਜ ਨਹੀਂ। 

ਮੱਦ: 3.    ਮ੍ਰਿਤਕ ਦੇਹ ਦੇ ਕੰਮ ਆਉਣ ਯੋਗ ਅੰਗਾਂ ਨੂੰ ਲੋੜਵੰਦਾਂ ਦੀ ਸਹਾਇਤਾ ਲਈ ਅਰਪਿਤ ਕਰਨ ਦਾ ਯਤਨ ਕੀਤਾ ਜਾਵੇ। ਪੂਰੀ ਦੇਹ ਮੈਡੀਕਲ ਖੋਜ ਕਾਰਜਾਂ ਲਈ ਅਰਪਿਤ ਕਰਨਾ ਬਿਹਤਰ ਹੈ।

1.      ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥  (ਮਹਲਾ 5, ਪੰਨਾ 273)

2.      ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥  (ਮਹਲਾ 5, ਪੰਨਾ 286)

ਵਿਆਖਿਆ:        ਵਿਗਿਆਨ ਦੀ ਤਰੱਕੀ ਨਾਲ ਮ੍ਰਿਤਕ ਦੇ ਕਈਂ ਅੰਗ ਜੇ ਸਮੇਂ ਤੇ ਕੱਢ ਲਏ ਜਾਣ ਤਾਂ ਕਿਸੇ ਹੋਰ ਦੇ ਕੰਮ ਆ ਸਕਦੇ ਹਨ।  ਜੇ ਮ੍ਰਿਤਕ ਸ਼ਰੀਰ ਦੇ ਕੰਮ ਆਉਣ ਯੋਗ ਅੰਗ ਦਾਨ ਕਰਨ ਦਿਤੇ ਜਾਣ ਤਾਂ ਇਹ ਗੁਰਮਤਿ ਦੇ ਇਕ ਮੂਲ ਸਿਧਾਂਤ ‘ਪਰ-ਉਪਕਾਰ’ ਤੇ ਪਹਿਰਾ ਦੇਣ ਵਾਲੀ ਗੱਲ ਹੈ।

ਮੱਦ: 4.    ਮ੍ਰਿਤਕ ਦੇਹ ਦੀ ਸਸਕਾਰ ਤੋਂ ਪਹਿਲਾਂ ਯੋਗ ਸਫਾਈ ਕਰ ਲੈਣ ਵਿਚ ਕੋਈ ਹਰਜ ਨਹੀਂ ਹੈ ਪਰ ਇਸ ਸੰਬੰਧੀ ਕੋਈ ਭਰਮ ਨਹੀਂ ਕਰਨਾ।

ਵਿਆਖਿਆ :       ਕਈਂ ਵਾਰ ਕਿਸੇ ਬਿਮਾਰੀ ਕਾਰਨ ਮ੍ਰਿਤਕ ਸ਼ਰੀਰ ਦੀ ਹਾਲਤ ਸਹੀ ਨਹੀਂ ਰਹਿੰਦੀ। ਜੇ ਮ੍ਰਿਤਕ ਦੇਹ ਦੀ ਸਸਕਾਰ ਤੋਂ ਪਹਿਲਾਂ ਯੋਗ ਸਫਾਈ ਕਰ ਲਈ ਜਾਵੇ ਤਾਂ  ਚੰਗਾ ਹੈ। ਸਮਾਜ ਵਿਚ ਮ੍ਰਿਤਕ ਦੇਹ ਨੂੰ ਇਸ਼ਨਾਨ ਕਰਵਾਉਣ ਸੰਬੰਧੀ ਕੁਝ ਭਰਮ ਵੀ ਪ੍ਰਚਲਿਤ ਹਨ। ਪਰ ਗੁਰਮੁੱਖ  ਐਸੇ ਭਰਮਾਂ ਤੋਂ ਦੂਰ ਰਹਿੰਦਾ ਹੈ।

ਮੱਦ: 5.    ਸ਼ਮਸ਼ਾਨ ਘਾਟ ਵੱਲ ਜਾਂਦੇ ਵੇਲੇ ਗੁਰਬਾਣੀ ਸ਼ਬਦਾਂ ਦਾ ਗਾਇਨ ਕਰਨਾ ਯੋਗ ਹੈ। ਮ੍ਰਿਤਕ ਦੇਹ ਦੀ ਚਿਖਾ ਵਿਚ ਚੰਦਨ ਦੀਆਂ ਲਕੜਾਂ ਪਾਉਣਾ, ਦੇਸੀ ਘਿਉ ਪਾਉਣਾ ਆਦਿ ਭਰਮ ਅਤੇ ਵਿਖਾਵਾ ਹੈ। ਅਗਨ ਭੇਟ ਸਾਦੇ ਢੰਗ ਨਾਲ ਕੀਤਾ ਜਾਵੇ। ਜੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਲਈ ਅਰਪਿਤ ਕਰਨਾ ਹੋਵੇ ਤਾਂ ਸ਼ਮਸ਼ਾਨ ਘਾਟ ਜਾਣ ਦੀ ਲੋੜ ਨਹੀਂ ਹੈ।

1.      ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥ ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥  (ਬਾਬਾ ਸੁੰਦਰ ਜੀ, 923)

2.      ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥  (ਭਗਤ ਨਾਮਦੇਵ ਜੀ, ਪੰਨਾ 1292)

ਵਿਆਖਿਆ:        ਆਮ ਕਰਕੇ ਵੇਖਿਆ ਜਾਂਦਾ ਹੈ ਕਿ ਸ਼ਮਸ਼ਾਨ ਘਾਟ ਵੱਲ ਜਾਂਦੇ ਸਮੇਂ ਨਜ਼ਦੀਕੀ ਰਿਸ਼ਤੇਦਾਰਾਂ ਵਲੋਂ ਵਿਰਲਾਪ ਜਾਂ ਪਿੱਟ ਸਿਆਪਾ ਕੀਤਾ ਜਾਂਦਾ ਹੈ। ਸੱਚ ਦੇ ਗਿਆਨ ਦੀ ਸੇਧ ਵਿਚ ਕੁਦਰਤ ਦੇ ਨਿਯਮਾਂ ਨੂੰ ਸਮਝਣ ਵਾਲਾ ਸੱਚਾ ਇੰਸਾਨ ਇਹ ਜਾਣਦਾ ਹੈ ਕਿ ਜੰਮਣਾ-ਮਰਣਾ ਉਸ ਪ੍ਰਭੂ ਦੀ ਖੇਡ ਦਾ ਇਕ ਹਿੱਸਾ ਹੈ। ਐਸਾ ਸਚਿਆਰਾ ਮਨੁੱਖ (ਸਿੱਖ) ਐਸੇ ਪਿੱਟ-ਸਿਆਪੇ ਤੋਂ ਦੂਰ ਰਹਿੰਦਾ ਹੈ। ਐਸੇ ਸਮੇਂ ਵਿਚ ਮਨ ਦੀ ਸੇਧ ਲਈ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਯੋਗ ਹੈ। ਮ੍ਰਿਤਕ ਦੇ ਸਸਕਾਰ ਲਈ ਜਾਣ ਵੇਲੇ ਸਿਰਫ ਸਫੈਦ ਕਪੜੇ ਜਾਂ ਚੁੰਨੀ ਧਾਰਨ ਕਰਨ ਦੀ ਸੋਚ ਵੀ ਵਹਿਮ ਹੈ। ਮ੍ਰਿਤਕ ਸ਼ਰੀਰ ਦੇ ਕਫਨ ਦਾ ਰੰਗ ਚਿੱਟਾ ਹੀ ਹੋਣ, ਅਨਸੀਤਿਆ ਕਪੜਾ ਹੀ ਪਾਉਣ ਜਾਂ ਨਵਾਂ ਕਪੜਾ ਹੀ ਵਰਤਣ ਆਦਿਕ ਸੋਚਾਂ ਵੀ ਭਰਮ ਹੀ ਹਨ।

ਮੱਦ: 6.    ਮ੍ਰਿਤਕ ਦੇਹ ਨੂੰ ਕੋਈ ਵੀ ਅਗਨ ਭੇਟ ਕਰ ਸਕਦਾ ਹੈ, ਜ਼ਰੂਰੀ ਨਹੀਂ ਪੁੱਤਰ ਹੀ ਕਰੇ।

ਵਿਆਖਿਆ:        ਬ੍ਰਾਹਮਣੀ ਮੱਤ ਨੇ ਸਮਾਜ ਵਿਚ ਇਹ ਭਰਮ ਫੈਲਾਇਆ ਹੋਇਆ ਹੈ ਕਿ ਮ੍ਰਿਤਕ ਪ੍ਰਾਣੀ ਦੀ ਮੁਕਤੀ ਤਾਂ ਹੀ ਹੁੰਦੀ ਹੈ ਜੇ ਚਿਖਾ ਨੂੰ ਅੱਗ ‘ਪੁੱਤਰ’ ਲਾਵੇ। ਇਹ ਪੁਰਸ਼ ਪ੍ਰਧਾਨ ਸਮਾਜ ਦੀ ਇਕ ਫਿਤਰਤ ਬਣ ਗਈ ਹੈ।  ਗੁਰਬਾਣੀ ਵਿਚ ਐਸੇ ਵਹਿਮਾਂ ਦਾ ਭਰਪੂਰ ਖੰਡਨ ਮਿਲਦਾ ਹੈ। ਸੋ ਮ੍ਰਿਤਕ ਦੀ ਚਿੱਖਾ ਨੂੰ ਅੱਗ ਪੁਤਰੀ, ਪੁੱਤਰ ਜਾਂ ਹੋਰ ਰਿਸ਼ਤੇਦਾਰ ਆਦਿ ਕੋਈ ਵੀ ਲਾ ਸਕਦਾ ਹੈ।

ਮੱਦ: 7.    ਅੰਗੀਠਾ ਠੰਡਾ ਹੋਣ ਤੇ ਅਸਥੀਆਂ ਰਾਖ (ਸੁਆਹ) ਸਣੇ ਇਕੱਠੀਆਂ ਕਰਕੇ ਥੈਲੇ ਵਿਚ ਪਾ ਲਈਆਂ ਜਾਣ। ਅਸਥੀਆਂ ਨੂੰ ਅਲੱਗ ਚੁਨਣਾ ਮਨਮੱਤ ਹੈ। ਇਸ ਨੂੰ ਨੇੜੇ ਵੱਗਦੇ ਕਿਸੇ ਦਰਿਆ/ਨਦੀ/ਨਹਿਰ ਵਿਚ ਪ੍ਰਵਾਹ ਕਰ ਦਿਤਾ ਜਾਵੇ। ਅੰਗੀਠੇ ਦੀ ਰਾਖ/ਅਸਥੀਆਂ ਨੂੰ ਕੀਰਤਪੁਰ, ਗੋਇੰਦਵਾਲ, ਹਰਦੁਆਰ, ਮਟਨ ਸਮੇਤ ਕਿਸੇ ਖਾਸ ਥਾਂ ਪ੍ਰਵਾਹ ਕਰਨ ਦੀ ਸੋਚ ਮਨਮੱਤ ਹੈ। 

ਵਿਆਖਿਆ:        ਸਪੁਰਦ-ਏ ਅਗਨ ਕਰਨ ਉਪਰੰਤ ਮ੍ਰਿਤਕ ਸ਼ਰੀਰ ਦੀਆਂ ਬੱਚੀਆਂ ਹੱਡੀਆਂ (ਅਸਥੀਆਂ) ਆਦਿ ਨੂੰ ਸੰਭਾਲਣਾ (ਡਿਸਪੋਜ਼ ਆਫ) ਕਰਨਾ ਜ਼ਰੂਰੀ ਹੈ, ਕਿਉਂਕਿ ਉਸੇ ਥਾਂ ਤੇ ਕਿਸੇ ਹੋਰ ਮ੍ਰਿਤਕ ਦਾ ਸਸਕਾਰ ਵੀ ਬਾਅਦ ਵਿਚ ਕੀਤਾ ਜਾਣਾ ਹੈ। ਪੁਜਾਰੀ ਜਮਾਤ ਨੇ ਹੱਡੀਆਂ ਦੇ ਸੰਭਾਲ (ਡਿਸਪੋਜ਼) ਕਰਨ ਦੇ ਢੰਗ ਨੂੰ ਵੀ ਅਖੌਤੀ ਮੁਕਤੀ ਨਾਲ ਜੋੜ ਕੇ ਅਨੇਕਾਂ ਕਰਮਕਾਂਡ ਅਤੇ ਵਹਿਮ-ਭਰਮ ਸਮਾਜ ਵਿਚ ਪ੍ਰਚਾਰ ਦਿਤੇ। ਇਨ੍ਹਾਂ ਵਿਚੋਂ ਮੁੱਖ ਹੈ ਹੱਡੀਆਂ ਨੂੰ ਕਿਸੇ ਖਾਸ ਥਾਂ ਜਲ-ਪ੍ਰਵਾਹ ਕਰਨ ਦਾ ਮਹਾਤਮ (ਮੁਕਤੀ ਦਾ ਸਾਧਨ)। ਬ੍ਰਾਹਮਣੀ ਸਮਾਜ ਵਿਚ ਇਸ ਕੰਮ ਲਈ ਹਰਿਦੁਆਰ ਨਿਸ਼ਚਿਤ ਕੀਤਾ ਹੋਇਆ ਹੈ। ਉਥੇ ਪਾਂਡਿਆਂ ਵਲੋਂ ਹੁੰਦੀ ਲੋਕਾਈ ਦੀ ਲੁੱਟ ਕਿਸੇ ਤੋਂ ਛੁੱਪੀ ਨਹੀਂ ਹੈ। ਗੁਰਮਤਿ ਐਸੇ ਕਿਸੇ ਭਰਮ ਨੂੰ ਮਾਨਤਾ ਨਹੀਂ ਦਿੰਦੀ ਬਲਕਿ ਥਾਂ ਥਾਂ ਖੰਡਨ ਕਰਦੀ ਹੈ। ਪਰ ਬ੍ਰਾਹਮਣਵਾਦ ਦੀ ਘੁਸਪੈਠ ਕਾਰਨ ਪ੍ਰਚਲਿਤ ਸਿੱਖ ਸਮਾਜ ਨੇ ਹਰਿਦੁਆਰ ਦੀ ਥਾਂ ਆਪਣੇ ਲਈ ਖਾਸ ‘ਪਤਾਲਪੁਰੀ ਕੀਰਤਪੁਰ’ ਦੇ ਨਾਂ ਹੇਠ ਤਿਆਰ ਕਰ ਲਈ। ਸੱਚ ਦੇ ਰਾਹੀ ਨੂੰ ਗੁਰਮਤਿ ਦੀ ਸੇਧ ਵਿਚ ਐਸੇ  ਭਰਮਾਂ ਤੋਂ ਹਮੇਸ਼ਾਂ ਦੂਰ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ। ਸੋ ਜਲਨ ਉੁਪਰੰਤ ਬੱਚੀਆਂ ਅਸਥੀਆਂ ਨੂੰ ਰਾਖ ਸਮੇਤ ਕਿਸੇ ਬੋਰੀ ਆਦਿ ਵਿਚ ਪਾ ਲਿਆ ਜਾਵੇ। ਇਸ ਨੂੰ ਨਾਲ ਲਗਦੇ ਕਿਸੇ ਦਰਿਆ ਆਦਿ ਵਿਚ ਪ੍ਰਵਾਹ ਕਰ ਦਿਤਾ ਜਾਵੇ। ਜੇ ਨਜ਼ਦੀਕ ਕੋਈ ਐਸਾ ਦਰਿਆ ਨਾ ਹੋਵੇ ਤਾਂ ਟੋਆ ਪੁੱਟ ਕੇ ਦਬਾ ਦੇਣਾ ਚਾਹੀਦਾ ਹੈ। ਅਸਥੀਆਂ ਨੂੰ ਰਾਖ ਤੋਂ ਅਲਗ ਚੁਨਣ ਦੀ ਮਾਨਤਾ ਮਨਮੱਤ ਹੈ।

ਮੱਦ: 8.    ਮ੍ਰਿਤਕ ਸੰਬੰਧੀ ਕੋਈ ਥੜਾ, ਮੜੀ, ਸਮਾਧ, ਦੇਹੁਰਾ ਆਦਿ ਬਣਾਉਣਾ ਗਲਤ ਹੈ। 

ਵਿਆਖਿਆ:        ਸ਼ੁਰੂ ਸ਼ੁਰੂ ਵਿਚ ਕਿਸੇ ਦੀ ਯਾਦ ਵਿਚ ਥੜਾ ਬਣਾਇਆ ਜਾਂਦਾ ਹੋਵੇਗਾ। ਸਮੇਂ ਨਾਲ ਉਸ ਥੜੇ ਰੂਪੀ ਸਮਾਧ ਆਦਿ ਦੀ ਧੂਫ-ਬੱਤੀ, ਪੂਜਾ ਆਦਿ ਵੀ ਸ਼ੁਰੂ ਹੋ ਜਾਂਦੀ ਹੈ। ਸੋ ਮ੍ਰਿਤਕ ਪ੍ਰਾਣੀ ਨਮਿੱਤ ਕਿਸੇ ਤਰਾਂ ਦਾ ਥੜਾ, ਮੜੀ, ਸਮਾਧ, ਦੇਹੁਰਾ ਆਦਿ ਬਣਾਉਣਾ ਗਲਤ ਹੈ।

ਮੱਦ: 9.    ਸਸਕਾਰ ਤੋਂ ਬਾਅਦ ਹੀ ਸ਼ਮਸ਼ਾਨ ਘਾਟ ਵਿਚ ਜਾਂ ਘਰ ਆਕੇ ‘ਭਾਣਾ ਮੰਨਣ’ ਦੀ ਸੇਧ ਗੁਰਬਾਣੀ ਤੋਂ ਲੈਂਦੇ ਹੋਏ ਸਹਿਜ ਵਿਚ ਰਹਿਣ ਦਾ ਯਤਨ ਕੀਤਾ ਜਾਵੇ।

ਵਿਆਖਿਆ:        ਗੁਰਮਤਿ ਦੀ ਇਹ ਸੇਧ ਸਪਸ਼ਟ ਹੈ ਕਿ ਮ੍ਰਿਤਕ ਪ੍ਰਾਣੀ ਨਮਿੱਤ ਕੀਤਾ ਕੋਈ ਵੀ ਕਰਮਕਾਂਡ (ਅਖੰਡ ਪਾਠ, ਅਰਦਾਸ ਆਦਿ) ਉਸ ਦਾ ਕੁਝ ਨਹੀਂ ਸੰਵਾਰ ਸਕਦਾ।  ਪਰਿਵਾਰ ਨੂੰ ਰਜ਼ਾ ਮੰਨਣ ਦਾ ਬਲ ਧਾਰਨ ਕਰਨ ਲਈ ਗੁਰਬਾਣੀ ਤੋਂ ਸੇਧ ਲੇਣੀ ਚਾਹੀਦੀ ਹੈ।

ਮੱਦ: 10. ਸਸਕਾਰ ਤੋਂ ਕੁਝ ਦਿਨ ਬਾਅਦ ਤੱਕ ਪਰਿਵਾਰ ਵਾਲੇ ਚਾਹੁਣ ਤਾਂ ਕੁਝ ਦਿਨ ਸ਼ਬਦ ਕੀਰਤਨ/ਵਿਚਾਰ ਕਰ/ਕਰਵਾ ਸਕਦੇ ਹਨ। ਇਸ ਦਾ ਮਕਸਦ ਗੁਰਮਤਿ ਨਾਲ ਜੁੜਨਾ/ਜੋੜਨਾ ਹੋਵੇ, ਮ੍ਰਿਤਕ ਦੀ ਮੁਕਤੀ ਦਾ ਭਰਮ ਜਾਂ ਸ਼ਰਧਾਂਜਲੀ ਨਹੀਂ। ਮ੍ਰਿਤਕ ਸੰਬੰਧੀ ਕਿਸੇ ਕਿਸਮ ਦਾ ਰਸਮੀ (ਅਖੰਡ/ਸਪਤਾਹ/ਸਹਿਜ) ਪਾਠ ਰੱਖਣਾ ਮਨਮੱਤ ਹੈ। ਜੇ ਪਰਿਵਾਰ ਵਾਲੇ ਚਾਹੁਣ ਤਾਂ ਗੁਰਮਤਿ ਪ੍ਰਚਾਰ ਦੇ ਮਕਸਦ ਨਾਲ ਕੁਝ ਦਿਨਾਂ ਬਾਅਦ ਇਕ ਸਮਾਗਮ ਕਰਵਾ ਸਕਦੇ ਹਨ। ਪਰ ਇਹ ਸਮਾਗਮਾਂ ਕਰਮ-ਕਾਂਡਾਂ ਰਹਿਤ ਹੋਵੇ। ਇਸ ਵਿਚ ਪ੍ਰਾਣੀ ਨਮਿੱਤ ਮੰਜਾ, ਬਿਸਤਰਾ, ਭਾਂਡੇ, ਕਪੜਾ, ਫਲ ਆਦਿਕ ਦਾਨ ਕਰਨਾ ਮਨਮੱਤ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਹਜ਼ੂਰੀ ਵਿਚ ਮ੍ਰਿਤਕ ਦੀ ਤਸਵੀਰ ਨਾ ਰੱਖੀ ਜਾਵੇ।

ਵਿਆਖਿਆ:        ਇਕ ਸਿੱਖ ਨੂੰ ਹਰ ਘਰੇਲੂ ਸਮਾਗਮ ਨੂੰ ਗੁਰਮਤਿ ਪ੍ਰਚਾਰ ਲਈ ਵਰਤਣ ਦਾ ਵੱਧ ਤੋਂ ਵੱਧ ਯਤਨ ਕਰਨਾ ਚਾਹੀਦਾ ਹੈ। ਸੋ ਜੇ ਪਰਿਵਾਰ ਵਾਲੇ ਚਾਹੁਣ ਤਾਂ ਮ੍ਰਿਤਕ ਦੀ ਯਾਦ ਨੂੰ ਸਮਰਪਿਤ ਕਰਕੇ ਕੁਝ ਦਿਨਾਂ ਬਾਅਦ (ਗਿਣਤੀ ਨਿਸ਼ਚਿਤ ਨਹੀਂ) ਗੁਰਮਤਿ ਸਮਾਗਮ ਕਰਵਾ ਸਕਦੇ ਹਨ। ਇਸ ਸਮਾਗਮ ਦਾ ਭਾਵ ਸ਼ਰਧੰਾਜਲੀ ਸਮਾਗਮ ਨਾ ਹੋਵੇ। ਇਸ ਸਮਾਗਮ ਲਈ ਦਸਵੇਂ, 13 ਵੇਂ ਜਾਂ 17ਵੇਂ ਦਿਨ ਦਾ ਕੋਈ ਵਹਿਮ ਨਹੀਂ ਕਰਨਾ। ਇਸ ਸਮਾਗਮ ਤੋਂ ਪਹਿਲਾਂ ਮ੍ਰਿਤਕ ਪ੍ਰਾਣੀ ਨਮਿੱਤ ਕਿਸੇ ਪ੍ਰਕਾਰ ਦਾ ਰਸਮੀ ਪਾਠ (ਅਖੰਡ, ਸਪਤਾਹ ਜਾਂ ਸਹਿਜ) ਰਖਵਾਉਣਾ ਮਨਮੱਤ ਹੈ। 

ਮੱਦ: 11. ਮ੍ਰਿਤਕ ਪ੍ਰਾਣੀ ਦੀ ਛਿਮਾਹੀ, ਬਰਸੀ, ਚੌਬਰਸੀ, ਸ਼ਰਾਧ ਆਦਿ ਕਰਨੇ ਸਭ ਮਨਮੱਤ ਹਨ।

1.      ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ ॥

          ਨਾਨਕ ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ ਡੁਬਾ ਸੰਸਾਰੁ ॥2॥  (ਮਹਲਾ 1, ਪੰਨਾ 138)

2.      ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥

          ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥1॥  (ਭਗਤ ਕਬੀਰ ਜੀ, ਪੰਨਾ 332)

ਵਿਆਖਿਆ:        ਬ੍ਰਾਹਮਣੀ ਮੱਤ ਦੇ ਅਸਰ ਹੇਠ ਸਿੱਖ ਸਮਾਜ ਵਿਚ ਵੀ ਮ੍ਰਿਤਕ ਪ੍ਰਾਣੀ ਦੀ ਛਿਮਾਹੀ, ਬਰਸੀ, ਚੌਬਰਸੀ, ਸ਼ਰਾਧ ਆਦਿ ਕਰਵਾਉਣ ਦਾ ਪ੍ਰਚਲਣ ਘਰ ਕਰ ਚੁਕਿਆ ਹੈ। ਇਨ੍ਹਾਂ ਮੌਕਿਆਂ ਤੇ ਪੁਜਾਰੀਵਾਦੀ ਤਰਜ਼ ਦੇ ਕਰਮਕਾਂਡ ਹੀ ਪ੍ਰਧਾਨ ਹੁੰਦੇ ਹਨ। ਇਨ੍ਹਾਂ ਕਰਮਕਾਂਡਾਂ ਨਾਲ ਮ੍ਰਿਤਕ ਦੀ ਮੁਕਤੀ ਹੋਣ ਦੀ ਸੋਚ ਇਕ ਬ੍ਰਾਹਮਣੀ ਭਰਮ ਮਾਤਰ ਹੈ, ਜਿਸਦਾ ਗੁਰਮਤਿ ਖੰਡਨ ਕਰਦੀ ਹੈ।

ਮੱਦ: 12.  ਪਤੀ ਦੀ ਮੌਤ ਨਾਲ ਉਸ ਦੀ ਚਿਖਾ ਵਿਚ ਸਤੀ (ਜਲਣ) ਹੋਣ ਦੀ ਪ੍ਰਥਾ ਮਨਮੱਤ ਹੈ

1.      ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍‍ ਿ॥

          ਨਾਨਕ ਸਤੀਆ ਜਾਣੀਅਨ੍‍ ਿਜਿ ਬਿਰਹੇ ਚੋਟ ਮਰੰਨ੍‍ ਿ॥1॥    (ਮਹਲਾ 3, ਪੰਨਾ 787)

ਵਿਆਖਿਆ:  ਪੁਰਾਤਨ ਸਮੇਂ ਤੋਂ ਹੀ ਮਰਦ-ਪ੍ਰਧਾਨ ਸਮਾਜ ਨੇ ਇਸਤਰੀ ਨੂੰ ਨੀਂਵਾ ਦਰਜਾ ਦੇਂਦੇ ਹੋਏ, ਧਰਮ ਦੇ ਨਾਮ ਤੇ ਉਸ ਤੇ ਅਨੇਕਾਂ ਬੰਦਸ਼ਾਂ ਲਾਈਆਂ ਅਤੇ ਜ਼ੁਲਮ ਕੀਤੇ। ਬ੍ਰਾਹਮਣੀ ਸਮਾਜ ਵਿਚ ਪ੍ਰਚਲਿਤ ਸਤੀ ਪ੍ਰਥਾ ਦੀ ਰਸਮ ਇਸ ਅਤਿਆਚਾਰ ਦੀ ਸਿਖਰ ਸੀ। ਬ੍ਰਾਹਮਣੀ ਮੱਤ ਦੇ ਅਸਰ ਹੇਠ ਆ ਜਾਣ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ, ਹੋਰ ਮਨਮੱਤਾਂ ਵਾਂਗੂ, ਇਹ ਜ਼ਾਲਮ ਪ੍ਰਥਾ ਵੀ ਸਿੱਖ ਸਮਾਜ ਵਿਚ ਪ੍ਰਚਲਿਤ ਹੋ ਗਈ ਸੀ। ਗੁਰਮਤਿ ਦੇ ਪਾਂਧੀ ਲਿੰਗ ਵਿਤਕਰੇ ਸਮੇਤ ਕਿਸੇ ਵੀ ਭੇਦ-ਭਾਵ ਨੂੰ ਮਾਨਤਾ ਨਹੀਂ ਦੇਂਦੇ।

ਕਕਾਰ

ਸੰਕਲਪ : ਕਕਾਰ ਇਕ ਮਨੁੱਖ ਦੇ ਰੋਜ਼ਾਮੱਰਾਂ ਦੀ ਮੁਢਲੀਆਂ ਲੋੜਾਂ ਵਿਚੋਂ ਹਨ। ਅਨਮਤਾਂ ਦੇ ਤਿਲਕ, ਜਨੇਉ, ਸੁੰਨਤ  ਆਦਿ ਵਾਂਗੂ ਇਹ ਕੋਈ ਧਾਰਮਿਕ ਚਿੰਨ੍ਹ ਨਹੀਂ ਹਨ। ਗੁਰਮਤਿ ਧਰਮ ਦੇ ਨਾਮ ਤੇ ਚਿੰਨ੍ਹ ਧਾਰਨ ਕਰਨ ਨੂੰ ਸਹੀ ਨਹੀਂ ਮੰਨਦੀ। ਗੁਰਮਤਿ ਵਿਚ ਧਰਮ ਦੇ ਨਾਂ ਤੇ ਚਿੰਨ੍ਹ ਧਾਰਨ ਕਰਨ ਦਾ ਖੰਡਨ ਥਾਂ ਥਾਂ ਮਿਲਦਾ ਹੈ।

ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥1॥   (ਭਗਤ ਕਬੀਰ ਜੀ, ਪੰਨਾ 1158)

ਵਿਆਖਿਆ:        ਸਪਸ਼ਟ ਹੈ ਕਿ ਕਕਾਰ ਹਰ ਮਨੁੱਖ ਦੀਆਂ ਮੁੱਢਲੀਆਂ ਜ਼ਰੂਰਤ ਦੀ ਵਸਤਾਂ ਹਨ। ਗੁਰਮਤਿ ਇਨਕਲਾਬ ਦੀ ਅਲ਼ੰਬਰਦਾਰ ਮੰਨੀ ਜਾਂਦੀ ਸਿੱਖ ਕੌਮ ਵਿਚ ਕਕਾਰਾਂ ਨੂੰ ਲੈ ਕੇ ਮੁਲੋਂ ਹੀ ਗਲਤ ਮਾਨਤਾਵਾਂ ਪ੍ਰਵਾਨਿਤ ਹੋ ਗਈਆਂ ਹਨ। ਇਸੇ ਗਲਤ ਸੋਚ ਹੇਠ ਸਿੱਖ ਸਮਾਜ ਵਿਚ ਕਕਾਰਾਂ ਦੀ ਲੋੜ ਸਿਰਫ ਉਨ੍ਹਾਂ ਲੋਕਾਂ ਲਈ ਮੰਨੀ ਜਾਂਦੀ ਹੈ, ਜਿਨ੍ਹਾਂ ਨੇ ਖੰਡੇ ਦੀ ਪਾਹੁਲ ਲਈ ਹੋਵੇ। ਇਹ ਬਹੁਤ ਬੇਦਲੀਲੀ ਮਾਨਤਾ ਹੈ। ਕੀ ਇਕ ਆਮ ਮਨੁੱਖ (ਜਿਸ ਨੇ ਖੰਡੇ ਦੀ ਪਾਹੁਲ ਨਹੀਂ ਲਈ), ਨੂੰ ਕਕਾਰਾਂ ਦੀ ਲੋੜ ਨਹੀਂ?

ਇਸੇ ਗੁਰਮਤਿ ਵਿਰੋਧੀ ਸੋਚ ਕਾਰਨ ‘ਕਕਾਰਾਂ’ ਨੂੰ ‘ਧਾਰਮਿਕ ਚਿੰਨ੍ਹ’ ਮੰਨਣ ਦੀ ਗਲਤ ਮਾਨਤਾ ਵੀ ਸਿੱਖ ਸਮਾਜ ਵਿਚ ਕੇਂਦਰੀ ਤੌਰ ਤੇ ਪ੍ਰਵਾਨ ਹੋ ਚੁੱਕੀ ਹੈ। ਤਾਂ ਹੀ ਪ੍ਰਚਲਿਤ ਸਿੱਖਾਂ ਦੀ ਕਿਰਪਾਨ ਤਿੰਨ ਫੁਟ ਤੋਂ ਗਾਤਰੇ ਵਿਚੋਂ ਹੁੰਦੀ ਹੋਈ, ਗਲੇ ਦੇ ਧਾਗੇ ਤੱਕ ਪਹੁੰਚ ਚੁੱਕੀ ਹੈ। ਕੰਘਾ ਵੀ ਕਿਰਪਾਨ ਨਾਲ ਪੱਕੇ ਤੌਰ ਤੇ ਬੰਨ੍ਹਿਆ ਆਮ ਵੇਖਿਆ ਜਾ ਸਕਦਾ ਹੈ।

ਸੱਚ ਦੇ ਪਾਂਧੀ (ਸਿੱਖ) ਨੂੰ ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਕਕਾਰ ਕੋਈ ਧਾਰਮਿਕ ਚਿੰਨ੍ਹ ਨਹੀਂ ਹਨ ਅਤੇ ਇਨ੍ਹਾਂ ਦੀ ਲੋੜ ਹਰ ਮਨੁੱਖ ਨੂੰ ਹੈ, ਨਾ ਕਿ ਸਿਰਫ ਪਾਹੁਲ ਧਾਰੀਆਂ ਨੂੰ।

1. ਕਿਰਪਾਨ 

ਵਿਆਖਿਆ:        ਕਿਰਪਾਨ ਇਕ ਮੁੱਢਲਾ ਹਥਿਆਰ ਹੈ। ਸਵੈ-ਰੱਖਿਆ ਲਈ ਹਰ ਮਨੁੱਖ ਕੌਲ ਮੁੱਢਲੇ ਹਥਿਆਰ (ਅਤੇ ਉਸ ਨੂੰ ਚਲਾਉਣ ਦੀ ਮਹਾਰਤ) ਦਾ ਹੋਣਾ ਜ਼ਰੂਰੀ ਹੈ। ਮਜ਼ਲੂਮ ਦੀ ਸਹਾਇਤਾ ਅਤੇ ਰੱਖਿਆ ਲਈ ਵੀ ਅੰਤਿਮ ਹੀਲੇ ਵਜੋਂ ਹਥਿਆਰ ਨੂੰ ਵਰਤ ਲੈਣ ਵਿਚ ਕੋਈ ਹਰਜ ਨਹੀਂ। ਇਸ ਮੁੱਢਲੇ ਹਥਿਆਰ ਨੂੰ ਅੰਗ-ਸੰਗ ਰੱਖਣਾ ਇਕ ਚੰਗੇ ਇੰਸਾਨ ਲਈ ਜ਼ਰੂਰੀ ਹੈ। ਪਰ ਇਸ ਨੂੰ ਧਾਰਨ ਕਰਨ ਤੋਂ ਪਹਿਲਾਂ ਗੁਰਮਤਿ ਦੀ ਰੋਸ਼ਨੀ ਵਿਚ ਇਸ ਨੂੰ ਸਹਿਜ ਵਿਚ ਰਹਿੰਦੇ ਹੋਏ ਅੰਤਿਮ ਹੀਲੇ ਵਜੋਂ ਵਰਤਣ ਦੀ ਸੋਝੀ ਹੋਣਾ ਜ਼ਰੂਰੀ ਹੈ, ਵਰਨਾ ਕ੍ਰੋਧ ਅਤੇ ਹੰਕਾਰ ਦੀ ਮਾਰ ਹੇਠ ਗੱਲ ਗੱਲ ਤੇ ਕ੍ਰਿਪਾਨ ਧੂਹ ਲੈਣੀ ਜਾਂ ਵਰਤ ਲੈਣੀ ਸ਼ੈਤਾਨੀ ਪ੍ਰਵਿਰਤੀ ਦਾ ਪ੍ਰਗਟਾਵਾ ਹੈ।

ਸਿੱਖ ਸਮਾਜ ਵਿਚ ਇਸ ਨੂੰ ਇਕ ਧਾਰਮਿਕ ਚਿੰਨ੍ਹ ਮੰਣ ਲੈਣ ਦੀ ਗਲਤ ਮਾਨਤਾ ਕਾਰਨ ਇਸ ਸੰਬੰਧੀ ਕਾਫੀ ਵਹਿਮ ਵੀ ਫੈਲ ਚੁੱਕੇ ਹਨ। ਮਿਸਾਲ ਲਈ ਇਸ ਨੂੰ ਅੰਗ-ਸੰਗ ਰੱਖਣ ਦੇ ਨਾਮ ਹੇਠਾਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਇਸ ਨੂੰ ਇਕ ਸੈਕਿੰਡ ਲਈ ਵੀ ਸ਼ਰੀਰ ਤੋਂ ਵੱਖ ਕਰਨ ਨਾਲ ‘ਅੰਮ੍ਰਿਤ’ ਭੰਗ ਹੋ ਜਾਂਦਾ ਹੈ ਅਤੇ ਇਸ ਦੀ ਰਹਿਤ ਸਿਰਫ ਪਾਹੁਲਧਾਰੀ ਲਈ ਜ਼ਰੂਰੀ ਹੈ। ਕਈਂ ਥਾਵਾਂ ਤੇ ਸਿੱਖ ਅਦਾਲਤਾਂ ਵਿਚ ਇਹ ਤਸਦੀਕ ਕਰ ਕੇ ਦੇ ਰਹੇ ਹਨ ਕਿ ਇਹ ਸਿਰਫ ਇਕ ਧਾਰਮਿਕ ਚਿੰਨ੍ਹ ਹੀ ਹੈ, ਕੋਈ ਹਥਿਆਰ ਨਹੀਂ। ਬਹੁਤੇ ਪਾਹੁਲਧਾਰੀ ਸਿੱਖ ਇਸ ਨੂੰ ਸ਼ਰੀਰ ਤੇ ਬਿਨਾਂ ਧਾਰ ਦੇ (ਖੁੰਡੀ) ਇਵੇਂ ਹੀ ਲਟਕਾਈ ਫਿਰਦੇ ਹਨ, ਕਿਉਂਕਿ ਉਨ੍ਹਾਂ ਦੀ ਗਲਤ ਸਮਝ ਅਨੁਸਾਰ ਇਹ ਤਾਂ ਸਿਰਫ ਇਕ ਧਾਰਮਿਕ ਚਿੰਨ੍ਹ ਹੈ ਅਤੇ ਇਸ ਨੂੰ ਪਹਿਨ ਲੈਣ (ਜਾਂ ਪਾਹੁਲ ਲੈ ਲੈਣ) ਨਾਲ ਮਨੁੱਖ ਪਵਿੱਤਰ ਹੋ ਜਾਂਦਾ ਹੈ। ਐਸੀ ਸੋਚ ਗੁਰਮਤਿ ਵਿਰੋਧੀ ਵਹਿਮ ਹੈ।

2. ਕੇਸ

ਵਿਆਖਿਆ:        ਕਾਦਰ ਦੀ ਰਜ਼ਾ ਵਿਚ ਕੁਦਰਤੀ ਤੌਰ ਤੇ ਆਏ ਕੇਸਾਂ ਦੀ ਸੰਭਾਲ ਕਰਨਾ ਹਰ ਸੱਚ ਦੇ ਚਾਹਵਾਣ ਮਨੁੱਖ (ਸਿੱਖ) ਦਾ ਫਰਜ਼ ਬਣਦਾ ਹੈ, ਕਿਉਂਕਿ ਕੁਦਰਤ ਵਲੋਂ ਕੇਸ ਉਸ ਨੂੰ ਸ਼ਰੀਰ ਦੀ ਲੋੜ ਅਨੁਸਾਰ ਦਿਤੇ ਜਾਂਦੇ ਹਨ। ਸਾਇੰਸ ਵੀ ਕੇਸਾਧਾਰੀ ਹੋਣ ਦੇ ਬਹੁਪੱਖੀ ਲਾਭਾਂ ਦੀ ਗਵਾਹੀ ਭਰਦੀ ਹੈ। ਸਿਰ ਦੇ ਕੇਸਾਂ ਦੀ ਸੰਭਾਲ ਲਈ ਸਭ ਤੋਂ ਯੋਗ ਤਰੀਕਾ ਦਸਤਾਰ ਹੈ। ਪਰ ਕਈਂ ਵਾਰ ‘ਹਾਰਮੋਨਸ’ ਦੀ ਗੜਬੜੀ ਕਾਰਨ ਕੁਦਰਤੀ ਵਰਤਾਰੇ ਤੋਂ ਉਲਟ ਵੀ ਕੇਸ ਸ਼ਰੀਰ ਤੇ ਉੱਗ ਆਉਂਦੇ ਹਨ ਜਿਵੇਂ ਇਸਤਰੀ ਦੇ ਚਿਹਰੇ ਦੇ ਦਾੜੀ/ਮੁੱਛਾਂ ਦੇ ਵਾਲ ਆ ਜਾਣਾ। ਐਸੇ ਗੈਰ-ਕੁਦਰਤੀ ਕੇਸਾਂ ਦਾ ਇਲਾਜ ਕਰਵਾ ਲੈਣ ਵਿਚ ਕੋਈ ਹਰਜ ਨਹੀਂ ਹੈ। ਇਸੇ ਤਰਾਂ ਅਗਰ ਕਿਸੇ ਬਿਮਾਰੀ ਦੇ ਇਲਾਜ ਜਾਂ ਆਪ੍ਰੇਸ਼ਨ ਸਮੇਂ ਸ਼ਰੀਰ ਦੇ ਕਿਸੇ ਹਿੱਸੇ ਤੋਂ ਲੋੜ ਅਨੁਸਾਰ ਕੇਸ ਹਟਾ ਲੈਣ ਵਿਚ ਕੋਈ ਹਰਜ ਨਹੀਂ ਹੈ। ਇਹ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਅਨਮਤਾਂ ਦੇ ਪ੍ਰਚਲਿਤ ਕੀਤੇ ਧਾਰਮਿਕ ਚਿੰਨ੍ਹਾਂ ਵਾਂਗੂ  ਹੀ ਕੇਸ ਇਕ ‘ਧਾਰਮਿਕ ਚਿੰਨ੍ਹ’ ਨਹੀਂ ਹਨ। ਗੁਰਮਤਿ ਧਰਮ ਦੇ ਨਾਮ ਤੇ ਚਿੰਨ੍ਹਵਾਦ ਦੀ ਮਾਨਤਾ ਨੂੰ ਸਹੀ ਨਹੀਂ ਮੰਨਦੀ।

 3.  ਕਛਿਹਰਾ

ਵਿਆਖਿਆ:        ਮਾਨਵੀ ਸਭਿਅਤਾ ਦੇ ਵਿਕਾਸ ਦੇ ਦੌਰ ਵਿਚ ਕੁਝ ਸਮਾਂ ਬਾਅਦ ਹੀ ਮਨੁੱਖ ਨੂੰ ਗੁਪਤ ਅੰਗਾਂ ਨੂੰ ਢੱਕ ਕੇ ਨੰਗੇਜ਼ ਢੱਕਣ ਦੀ ਸੋਝੀ ਆਉਣੀ ਸ਼ੁਰੂ ਹੋ ਗਈ ਸੀ। ਸ਼ੁਰੂਆਤੀ ਦੌਰ ਵਿਚ ਇਸ ਲਈ ਪੱਤਿਆਂ ਆਦਿ ਦੀ ਵਰਤੋਂ ਕਰਨ ਦਾ ਸਪਸ਼ਟ ਜ਼ਿਕਰ ਇਤਿਹਾਸ ਵਿਚ ਮਿਲਦਾ ਹੈ। ਸੋ ਕਛਿਹਰਾ ਗੁਪਤ ਅੰਗਾਂ ਨੂੰ ਢੱਕ ਕੇ ਨੰਗੇਜ਼ ਕੱਜਣ ਦਾ ਇਕ ਮੁੱਢਲਾ ਵਸਤਰ ਹੈ।

ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਮੇਂ ਨਾਮ ਕਛਿਹਰੇ ਦਾ ਰੂਪ ਬਦਲਦਾ ਰਿਹਾ ਹੈ, ਪਰ ਇਹ ਹਰ ਮਨੁੱਖ ਦੀ ਇਕ ਮੁੱਢਲੀ ਲੋੜ ਰਿਹਾ ਹੈ। ਕਛਿਹਰੇ ਦਾ ਰੂਪ ਲੋੜ ਅਨੁਸਾਰ ਕੈਸਾ ਵੀ ਹੋ ਸਕਦਾ ਹੈ, ਪਰ ਉਹ ਨੰਗੇਜ਼ ਕੱਜਣ ਵਾਲਾ ਹੋਵੇ।

ਸਿੱਖ ਸਮਾਜ ਵਿਚ ਇਸ ਨੂੰ ਵੀ ਇਕ ਧਾਰਮਿਕ ਚਿੰਨ੍ਹ ਮੰਨਣ ਦੀ ਗਲਤ ਸੋਚ ਕਾਰਨ ਇਸ ਪ੍ਰਤੀ ਅਨੇਕਾਂ ਵਹਿਮ ਪੈਦਾ ਹੋ ਗਏ ਹਨ। ਮਿਸਾਲ ਲਈ ਇਕ ਵਹਿਮ ਇਹ ਕੀਤਾ ਜਾਂਦਾ ਹੈ ਕਿ ਕਛਿਹਰਾ ਬਦਲਣ ਵੇਲੇ ਦੋਹਾਂ ਪੈਰਾਂ ਵਿਚੋਂ ਇਕ ਦਮ ਨਹੀਂ ਕੱਢਣਾ ਚਾਹੀਦਾ, ਬਲਕਿ ਇਕ ਪੈਰ ਵਿਚੋਂ ਉਤਾਰ ਕੇ, ਉਸ ਵਿਚ ਦੁਜਾ ਕਛਿਹਰਾ ਪਾ ਲੈਣਾ ਚਾਹੀਦਾ ਹੈ ਤਾਂ ਦੂਜੇ ਪੈਰ ਵਿਚੋਂ ਉਤਾਰਨਾ ਚਾਹੀਦਾ ਹੈ। ਇਵੇਂ ਹੀ ਕਛਿਹਰੇ ਦੇ ਰੂਪ ਅਤੇ ਰੰਗ ਨੂੰ ਲੇਕੇ ਵੀ ਕੁਝ ਬੰਦਸ਼ਾਂ ਕਈਂ ਵਾਰ ਸੁਨਣ ਨੂੰ ਮਿਲਦੀਆਂ ਹਨ। ਇਸ ਨੂੰ ਜਤ-ਸਤ (ਕਾਮ ਰੋਗ ਤੋਂ ਬੱਚਣ ਦੀ ਸੋਚ) ਦਾ ਪ੍ਰਤੀਕ ਵੀ ਪ੍ਰਚਾਰਿਆ ਜਾਂਦਾ ਹੈ, ਪਰ ਇਹ ਸੋਚ ‘ਸੱਚ ਦੇ ਗਿਆਨ’ ਨਾਲ ਆਉਂਦੀ ਹੈ, ਕਿਸੇ ਖਾਸ ਕਿਸਮ ਦਾ ਕਛਹਿਰਾ ਪਾ ਲੈਣ ਨਾਲ ਨਹੀਂ। ਪ੍ਰਚਲਿਤ ‘ਸਿੱਖੀ ਕਛਿਹਰੇ’ ਦੇ ਧਾਰਨੀ ਕਈ ਸ਼ੈਤਾਨ ਪਰ-ਗਮਨ ਦਾ ਕੁਕਰਮ ਕਰਦੇ ਵੀ ਮਿਲ ਜਾਂਦੇ ਹਨ।

ਸਿੱਖ ਸਮਾਜ ਵਿਚ ਪ੍ਰਚਲਿਤ ਰੇਵਦਾਰ ਕਛਿਹਰਾ ਬਹੁਤ ਆਰਾਮਦਾਇਕ ਅਤੇ ਸੁਵਿਧਾਜਨਕ ਹੈ। ਪਰ ਕਛਿਹਰੇ ਦੇ ਸਰੂਪ ਨੂੰ ਲੈ ਕੋਈ ਭਰਮ ਨਹੀਂ ਕਰਨਾ। ਇਸਦਾ ਰੂਪ ਲੋੜ ਅਨੁਸਾਰ ਕੈਸਾ ਵੀ ਹੋ ਸਕਦਾ ਹੈ। ਇਸ ਵਿਚ ਨਾੜੇ ਦੀ ਥਾਂ ਇਲਾਸਟਿਕ ਵਰਤ ਲੈਣ ਵਿਚ ਵੀ ਕੋਈ ਹਰਜ ਨਹੀਂ ਹੈ।

 4. ਕੜਾ 

ਵਿਆਖਿਆ:        ਕੜਾ ਮੁੱਢਲੇ ਤੌਰ ਤੇ ਇਕ ਹਥਿਆਰ ਵਾਂਗੂ ਹੀ ਪਾਇਆ ਜਾਂਦਾ ਸੀ। ਖਾਲਸੇ ਵਲੋਂ ਜੰਗਾਂ-ਜੁਧਾਂ ਵੇਲੇ ਕਈਂ ਕਈਂ ਕੜੇ ਹੱਥਾਂ ਵਿਚ ਪਾਏ ਜਾਂਦੇ ਸਨ, ਜੋ ਮਿਲ ਕੇ ਹੱਥ ਲਈ ਇਕ ਢਾਲ ਦਾ ਕੰਮ ਵੀ ਕਰਦੇ ਸਨ ਅਤੇ ਮੋਟੇ ਹੋਣ ਕਾਰਨ ਵਾਰ ਕਰਨ ਵੇਲੇ ਵਿਰੋਧੀ ਤੇ ਚੋਟ ਵੀ ਚੰਗੀ ਕਰਦੇ ਸਨ। ਸਵੈ-ਰੱਖਿਆ ਲਈ ਕੜਾ ਵੀ ਇਕ ਮੁੱਢਲੇ ਹਥਿਆਰ ਵਜੋਂ ਅੱਜ ਵੀ ਵਰਤਿਆ ਜਾ ਸਕਦਾ ਹੈ। ਸੋ ਹਰ ਮਨੁੱਖ ਨੂੰ ਕੜਾ ਧਾਰਨ ਕਰਨਾ ਲਾਹੇਵੰਦ ਹੈ।

ਸਿੱਖ ਸਮਾਜ ਵਿਚ ਕਕਾਰਾਂ ਨੂੰ ‘ਧਾਰਮਿਕ ਚਿੰਨ੍ਹ’ ਮੰਨਣ ਦੀ ਗਲਤ ਮਾਨਤਾ ਕੇਂਦਰੀ ਤੌਰ ਤੇ ਪ੍ਰਵਾਨ ਹੋ ਜਾਣ ਕਾਰਨ ਕੜੇ ਨੂੰ ਵੀ ਲੋੜ ਦੀ ਵਸਤੂ ਦੀ ਥਾਂ ਇਕ ਪ੍ਰਤੀਕ ਵਜੋਂ ਮੰਨਿਆ/ਪ੍ਰਚਾਰਿਆ ਜਾ ਰਿਹਾ ਹੈ। ਇਸ ਨਾਲ ਇਕ ਸਾਖੀ ਜੋੜ ਕੇ ਇਹ ਪ੍ਰਚਾਰਿਆ ਜਾਂਦਾ ਹੈ ਕਿ ਇਹ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਦਾ ਪ੍ਰਤੀਕ ਹੈ। ਪਰ ਇਹ ਦਲੀਲ ਬਹੁਤ ਕੱਚੀ ਹੈ। ਵਹਿਮਾਂ-ਭਰਮਾਂ ਅਤੇ ਹੋਰ ਅਲਾਮਤਾਂ ਤੋਂ ਬੱਚਣ ਦਾ ਸਾਧਨ ‘ਸੱਚ ਦਾ ਗਿਆਨ’ ਹੀ ਹੈ, ਕੋਈ ਪ੍ਰਚਲਿਤ ਧਾਰਮਿਕ ਚਿੰਨ੍ਹ ਨਹੀਂ। ਇਸ ਦਾ ਸਬੂਤ ਸਾਡੇ ਸਾਹਮਣੇ ਹੈ। ਇਹੀ ਕੜਾ ਧਾਰਨ ਕਰਕੇ ਅਨੇਕਾਂ ਪ੍ਰਚਲਿਤ ਸਿੱਖ ਗੁਰਮਤਿ ਵਿਰੋਧੀ ਕਰਮਕਾਂਡ ਅਤੇ ਵਹਿਮ-ਭਰਮ ਕਰਦੇ ਆਮ ਵੇਖੇ ਜਾ ਸਕਦੇ ਹਨ। ਹੋਰ ਕਈਂ ਐਸੇ ਮਨੁੱਖ ਵੀ ਮਿਲ ਜਾਣਗੇ ਜੋ ਕੜਾ ਤਾਂ ਧਾਰਨ ਨਹੀਂ ਕਰਦੇ ਪਰ ਵਹਿਮਾਂ-ਭਰਮਾਂ ਤੋਂ ਮੁਕਤ ਹਨ।

ਜਿਆਦਾਤਰ ਮਨੁੱਖਾਂ ਦਾ ਸੱਜਾ ਹੱਥ ਹੀ ਵੱਧ ਕ੍ਰਿਆਸ਼ੀਲ ਹੁੰਦਾ ਹੈ, ਇਸ ਲਈ ਕੜਾ ਸੱਜੇ ਹੱਥ ਵਿਚ ਪਾਉਣ ਦੀ ਸੋਚ ਪ੍ਰਧਾਨ ਹੋ ਗਈ। ਪਰ ਇਸ ਸੰਬੰਧੀ ਕੋਈ ਵਹਿਮ ਨਹੀਂ ਕਰਨਾ ਚਾਹੀਦਾ ਅਤੇ ਕੜਾ ਆਪਣੀ ਲੋੜ ਅਤੇ ਸਹੂਲਤ ਅਨੁਸਾਰ ਕਿਸੇ ਵੀ ਹੱਥ ਵਿਚ ਪਾਇਆ ਜਾ ਸਕਦਾ ਹੈ।

5. ਕੰਘਾ

ਵਿਆਖਿਆ:        ਸਿਰ ਦੇ ਕੇਸਾਂ ਦੀ ਸਫਾਈ ਲਈ ਕੰਘਾ ਵਰਤਣ ਦੀ ਜਾਚ ਵੀ ਮਨੁੱਖ ਨੇ ਬਹੁਤ ਪਹਿਲਾਂ ਤੋਂ ਹੀ ਸਿੱਖ ਲਈ। ਕੇਸਾਂ ਦੀ ਸਫਾਈ ਹਰ ਮਨੁੱਖ ਦੀ ਇਕ ਮੁੱਢਲੀ ਲੋੜ ਹੈ। ਹਰ ਮਨੁੱਖ ਕੰਘੇ ਦੀ ਵਰਤੋਂ ਨਿਯਮਤ ਰੂਪ ਵਿਚ ਕਰਦਾ ਹੈ। ਸਮੇਂ ਦੇ ਵਿਕਾਸ ਨਾਲ ਕੰਘੇ ਦਾ ਰੂਪ-ਰੰਗ ਬਦਲਦਾ ਰਿਹਾ ਹੈ। ਇਕ ਮੁੱਢਲੀ ਲੋੜ ਵਜੋਂ ਬਹੁਤੇ ਲੋਕ ਕੰਘੇ ਨੂੰ ਕਿਸੇ ਨਾ ਕਿਸੇ ਰੂਪ ਵਿਚ ਅੰਗ ਸੰਗ ਰੱਖਦੇ ਹਨ। ਇਸ ਨੂੰ ਕਿਸੇ ਖਾਸ ਥਾਂ ਅੰਗ-ਸੰਗ ਰੱਖਣ ਦੀ ਸੋਚ ਇਕ ਵਹਿਮ ਮਾਤਰ ਹੈ। ਆਪਣੀ ਲੋੜ ਅਤੇ ਸਹੂਲਤ ਮੁਤਾਬਿਕ ਇਸ ਨੂੰ ਕਿਸੇ ਵੀ ਰੂਪ,  ਕਿਸੇ ਵੀ ਥਾਂ (ਪਰਸ ਆਦਿ ਵਿਚ ਵੀ) ਨਾਲ (ਅੰਗ-ਸੰਗ) ਰੱਖਿਆ ਜਾ ਸਕਦਾ ਹੈ।

ਇਕ ਧਾਰਮਿਕ ਚਿੰਨ੍ਹ ਮੰਨ ਲਏ ਜਾਣ ਦੀ ਗਲਤ ਸੋਚ ਕਾਰਨ ਸਿੱਖ ਸਮਾਜ ਵਿਚ ਕੰਘੇ ਨੂੰ ਲੈ ਕੇ ਵੀ ਕਈਂ ਬੰਦਸ਼ਾਂ ਅਤੇ ਵਹਿਮ ਮਿਲ ਜਾਂਦੇ ਹਨ। ਮਿਸਾਲ ਲਈ ਇਸ ਨੂੰ ਸਿਰਫ ਸਿਰ ਦੇ ਕੇਸਾਂ ਵਿਚ ਰੱਖਣ ਦੀ ਬੰਦਿਸ਼ ਵੀ ਪ੍ਰਚਾਰੀ ਜਾਂਦੀ ਹੈ। ਧਾਰਮਿਕ ਚਿੰਨ੍ਹ ਦੀ ਗਲਤ ਮਾਨਤਾ ਹੇਠ ਹਮੇਸ਼ਾਂ ਸ਼ਰੀਰ ਨਾਲ ਰੱਖਣ ਦੀ ਪ੍ਰਵਿਰਤੀ ਕਾਰਨ ਕਈਂ ਸੱਜਣਾਂ ਵਲੋਂ ਇਸ ਨੂੰ ਕਿਰਪਾਨ ਨਾਲ ਧਾਗਾ ਪਾ ਕੇ ਬੰਨਣ ਜਾਂ ਗਲੇ ਵਿਚ ਇਸ ਦਾ ਬਹੁਤ ਛੋਟੇ ਰੂਪ ਦਾ ਮਾਡਲ ਧਾਗੇ ਵਿਚ ਪਿਰੋ ਕੇ ਪਾਇਆ ਵੇਖਿਆ ਜਾ ਸਕਦਾ ਹੈ। ਲਕੜੀ ਦਾ ਕੰਘਾ ਕੇਸਾਂ ਦੀ ਸਿਹਤ ਲਈ ਬਿਹਤਰ ਹੈ ਪਰ ਇਸ ਸੰਬੰਧੀ ਬੇਲੋੜਾ ਭਰਮ ਨਹੀਂ ਕਰਨਾ।

ਬਜ਼ਰ ਕੁਰਹਿਤਾਂ

1.      ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥  (ਮਹਲਾ 1, ਪੰਨਾ 61) 

2.      ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥  (ਮਹਲਾ 4, ਪੰਨਾ 301) 

3.      ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥  (ਮਹਲਾ 1, ਪੰਨਾ 1344)

4.      ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥  (ਮਹਲਾ 5, ਪੰਨਾ 269)

5.      ਉਪਾਵ ਸਿਆਨਪ ਸਗਲ ਤੇ ਰਹਤ ॥ ਸਭੁ ਕਛੁ ਜਾਨੈ ਆਤਮ ਕੀ ਰਹਤ ॥  (ਮਹਲਾ 5, ਪੰਨਾ 269)

6.      ਸਚੁ ਕਰਣੀ ਸਚੁ ਤਾ ਕੀ ਰਹਤ ॥ ਸਚੁ ਹਿਰਦੈ ਸਤਿ ਮੁਖਿ ਕਹਤ ॥  (ਮਹਲਾ 5, ਪੰਨਾ 283)

7.      ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥ ਐਸੀ ਰਹਤ ਰਹਉ ਹਰਿ ਪਾਸਾ ॥

          ਕਹੈ ਕਬੀਰ ਨਿਰੰਜਨ ਧਿਆਵਉ ॥ ਤਿਤੁ ਘਰਿ ਜਾਉ ਜਿ ਬਹੁਰਿ ਨ ਆਵਉ ॥4॥18॥  (ਭਗਤ ਕਬੀਰ ਜੀ, ਪੰਨਾ 327)

ਸੰਕਲਪ : ਮਨੁੱਖ ਗਲਤੀਆਂ ਦਾ ਪੁਤਲਾ ਹੈ, ਸੋ ਜਾਣੇ/ਅੰਜਾਣੇ ਵਿਚ ਭੁਲ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਬਜਰ ਕੁਰਿਹਤਾਂ, ਉਹ ਕੁਝ ਮੂਲ ਗਲਤੀਆਂ ਹਨ ਜੋ ਕਿਸੇ ਮਨੁੱਖ ਦੇ ਚਰਿੱਤਰ ਦੇ ਬਹੁਪੱਖੀ ਘਾਣ ਅਤੇ ਸਮਾਜ ਵਿਚ ਅਰਾਜਕਤਾ ਫੈਲਾਉਣ ਦਾ ਕਾਰਨ ਬਣਦੀਆਂ ਹਨ। ਬਜਰ ਕੁਰਿਹਤਾਂ ਪ੍ਰਤੀ ਕਿਸੇ ਬਾਹਰੀ ਡੰਡੇ ਦੀ ਨਹੀਂ, ਬਲਕਿ ਗੁਰਮਤਿ ਦੀ ਸੇਧ ਵਿਚ ਆਪਣੇ ਜ਼ਮੀਰ ਦੀ ਸਵੈ-ਪੜਚੋਲ ਕਰਨ ਦੀ ਲੋੜ ਹੈ। ਅੰਜਾਣੇ ਵਿਚ ਹੋਈ ਭੁੱਲ ਜਾਂ ਗਲਤੀ ਨੂੰ ਇਕ ਵਾਰ ਅਣਗੌਲਿਆ ਕੀਤਾ ਜਾ ਸਕਦਾ ਹੈ, ਪਰ ਜਾਣਦੇ-ਬੁਝਦੇ ਹੋਏ ਗਲਤੀ ਕਰਨਾ ਅਤੇ  ਗਲਤੀ ਨੂੰ ਵਾਰ ਵਾਰ ਦੁਹਰਾਉਣਾ ਗੁਰਮਤਿ ਦੀ ਸੇਧ ਤੋਂ ਮੁਨਕਰ ਹੋਣ ਦੇ ਤੁੱਲ ਹੈ। ਗੁਰਮਤਿ ਦੀ ਸੇਧ ਵਿਚ ਲਗਾਤਾਰ ਮਨ ਦੀ ਸਵੈ-ਪੜਚੋਲ ਕਰਦੇ ਰਹਿਣਾ ਹੀ ਇਨ੍ਹਾਂ ਗਲਤੀਆਂ ਤੋਂ ਬਚਾਅ ਦਾ ਇਕ ਢੰਗ ਹੈ।

ਵਿਆਖਿਆ : ਮਨੁੱਖੀ ਮਨ ਚੰਚਲ ਹੁੰਦਾ ਹੈ। ਇਸ ਮਨ ਬਾਰੇ ਗੁਰਵਾਕ ਹੈ

1.      ਇਹੁ ਮਨੁ ਚੰਚਲੁ ਵਸਿ ਨ ਆਵੈ ॥ ਦੁਬਿਧਾ ਲਾਗੈ ਦਹ ਦਿਸਿ ਧਾਵੈ ॥

         ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥4॥   (ਮਹਲਾ 3, ਪੰਨਾ 127)

2.      ਮਨੁ ਚੰਚਲੁ ਧਾਵਤੁ ਫੁਨਿ ਧਾਵੈ ॥ ਸਾਚੇ ਸੂਚੇ ਮੈਲੁ ਨ ਭਾਵੈ ॥ ਨਾਨਕ ਗੁਰਮੁਖਿ ਹਰਿ ਗੁਣ ਗਾਵੈ ॥8॥3॥   (ਮਹਲਾ 1, ਪੰਨਾ 222)

3.      ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥

          ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥2॥3॥   (ਮਹਲਾ  9, ਪੰਨਾ 685)

‘ਮਨ ਜੀਤੈ ਜਗ ਜੀਤ’ ਭਾਵ ਜਿਸ ਨੇ ਮਨ ਤੇ ਜਿੱਤ ਪਾ ਲਈ, ਸਮਝੋ ਉਸ ਨੇ ਸਭ ਨੂੰ ਆਪਣੇ ਸਦਗੁਣਾਂ ਨਾਲ ਜਿਤ ਲਿਆ। ਹਰ ਇਕ ਵਿਕਾਰ (ਗਲਤੀ) ਦੀ ਸ਼ੁਰੂਆਤ ਮਨ (ਸੋਚ) ਦੇ ਤਲ ਤੋਂ ਹੁੰਦੀ ਹੈ। ਸੋ ਮਨ ਨੂੰ ਕਾਬੂ ਵਿਚ ਕਰ ਲੈਣ ਨਾਲ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਦ੍ਰਿੜ ਇੱਛਾ-ਸ਼ਕਤੀ ਦੀ ਲੋੜ ਹੈ। ਕਈਂ ਵਾਰ ਭਟਕਾਵ ਕਾਰਨ ਮਨ ਗਲਤ ਸੋਚਾਂ ਸੋਚ ਵੀ ਲਵੇ ਤਾਂ ਇਕ ਗੁਰਮੁੱਖ ਦੀ ਇੱਛਾ-ਸ਼ਕਤੀ ਇਤਨੀ ਦ੍ਰਿੜ ਹੋਣੀ ਚਾਹੀਦੀ ਹੈ ਕਿ ਉਸ ਗਲਤ ਸੋਚ ਨੂੰ ਵਿਵਹਾਰ ਵਿਚ ਬਦਲਣ ਤੋਂ ਰੋਕ ਸਕੇ।

ਬਜ਼ਰ ਕੁਰਿਹਤਾਂ ਹਰ ਇਕ ਮਨੁੱਖ ਤੇ ਲਾਗੂ ਹੁੰਦੀਆਂ ਹਨ ਨਾਕਿ ਕਿਸੇ ਇਕ ਖਾਸ ਗਰੁੱਪ ਜਾਂ ਫਿਰਕੇ ਤੇ। ਪ੍ਰਚਲਿਤ ਸਿੱਖ ਸਮਾਜ ਵਿਚ ਸਮੇਂ ਨਾਲ ਕਕਾਰਾਂ ਵਾਂਗੂ ਬਜਰ ਕੁਰਿਹਤਾਂ ਪ੍ਰਤੀ ਵੀ ਇਹ ਗਲਤਫਹਿਮੀ ਕੇਂਦਰੀ ਤੌਰ ਤੇ ਪ੍ਰਚਲਿਤ ਹੋ ਗਈ ਕਿ ਬਜਰ ਕੁਰਿਹਤਾਂ ਸਿਰਫ ‘ਪਾਹੁਲਧਾਰੀਆਂ’ ਲਈ ਹਨ, ਹਰ ਮਨੁੱਖ ਲਈ ਨਹੀਂ।

ਬਜਰ ਕੁਰਿਹਤ ਹੋ ਜਾਣ ਤੇ, ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਸਮਝਦੇ ਹੋਏ, ਉਸ ਨੂੰ ਨਾ ਦੁਹਰਾਉਣ ਦਾ ਪ੍ਰਣ ਇਮਾਨਦਾਰੀ ਨਾਲ ਕਰੇ। ਇਕੋ ਗਲਤੀ (ਕੁਰਹਿਤ) ਵਾਰ ਵਾਰ ਕਰਨ ਦਾ ਸਪਸ਼ਟ ਭਾਵ ਹੈ ਕਿ ਮਨੁੱਖ ਸੁਹਿਰਦ ਨਹੀਂ ਹੈ। ਬਜਰ ਕੁਰਿਹਤ ਦੇ ਸੁਧਾਰ ਲਈ ਇਕ ਜਾਂ ਪੰਜ ਆਦਿ ਬੰਦਿਆਂ ਸਾਹਮਣੇ ਹਾਜ਼ਰ ਹੋਣ ਦੀ ਕੋਈ ਲੋੜ ਨਹੀਂ ਹੈ।

1.  ਬੇਈਮਾਨੀ

1.     ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ ॥7॥   (ਮਹਲਾ 3, ਪੰਨਾ 121)

2.    ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥1॥ (ਮਹਲਾ 3, ਪੰਨਾ 558)

3.     ਮਨੁ ਮੈਲਾ ਵੇਕਾਰੁ ਹੋਵੈ ਸੰਗਿ ਪਾਕੁ ॥ ਦਿਸੈ ਸਚਾ ਮਹਲੁ ਖੁਲੈ ਭਰਮ ਤਾਕੁ ॥  (ਮਹਲਾ 5, ਪੰਨਾ 959)

4.      ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ ॥ ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥   (ਮਹਲਾ 1, ਪੰਨਾ 1411)

5.      ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥  (ਮਹਲਾ 4, ਪੰਨਾ 317)

6.      ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥

          ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥  (ਮਹਲਾ 1, ਪੰਨਾ 471)

ਵਿਆਖਿਆ:        ਹਰ ਵਿਕਾਰ ਪਿੱਛੇ ਮਨੁੱਖੀ ਮਨ ਦੀ ਬੇਈਮਾਨੀ ਹੁੰਦੀ ਹੈ। ਬੇਈਮਾਨੀ ਹੀ ਇਕ ਐਸੀ ਅਲਾਮਤ ਹੈ, ਜੋ ਸਮਾਜ ਵਿਚਲੀਆਂ ਬਹੁੱਤੀਆਂ ਬੁਰਾਈਆਂ ਦੀ ਜੜ ਹੈ। ਇਕ ਨਰੋਏ ਸਮਾਜ ਦੀ ਕਾਇਮੀ ਲਈ ਉਸ ਵਿਚਲੇ ਮਨੁੱਖਾਂ ਦੀ ਸਰਬਪੱਖੀ ਇਮਾਨਦਾਰੀ ਇਕ ਮੁੱਢਲੀ ਜ਼ਰੂਰਤ ਹੈ। ਜਿਸ ਸਮਾਜ ਦੇ ਬਾਸ਼ਿੰਦਿਆਂ ਵਿਚ ਜਿਤਨੀ ਜ਼ਿਆਦਾ ਇਮਾਨਦਾਰੀ ਹੋਵੇਗੀ, ਉਹ ਸਮਾਜ ਉਤਨਾ ਜ਼ਿਆਦਾ ਬੁਰਾਈਆਂ ਤੋਂ ਰਹਿਤ ਹੋਵੇਗਾ। ਪ੍ਰਮਾਤਮਾ ਦੀ ਨਜ਼ਦੀਕੀ ਚਾਹੁਣ ਵਾਲੇ ਸੱਚ ਦੇ ਪਾਂਧੀਆਂ ਲਈ ਮਨ ਨੂੰ ਸਰਬਪੱਖੀ ਬੇਈਮਾਨੀ ਤੋਂ ਬਚਾ ਕੇ ਰੱਖਣ ਦਾ ਸੁਹਿਰਦ ਯਤਨ ਕਰਦੇ ਰਹਿਣਾ ਇਕ ਮੂਲ ਲੋੜ ਹੈ।

2.    ਕੇਸਾਂ ਦਾ ਕਤਲ ਕਰਵਾਉਣਾ

1.      ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥12॥   (ਮਹਲਾ 5, ਪੰਨਾ 1084)

2.      ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥  (ਮਹਲਾ 1, ਪੰਨਾ 1)

ਵਿਆਖਿਆ:        ਕੁਦਰਤ ਨੇ ਮਨੁੱਖ ਨੂੰ ਉਸੇ ਥਾਂ ਤੇ ਕੇਸ ਦਿਤੇ ਹਨ, ਜਿਥੇ ਇਨ੍ਹਾਂ ਦੀ ਲੋੜ ਹੈ। ਅਜੌਕਾ ਵਿਗਿਆਨ ਵੀ ਸ਼ਰੀਰ ਦੇ ਕੇਸਾਂ ਦੇ ਬਹੁੱਪੱਖੀ ਲਾਭਾਂ ਦੀ ਗੱਲ ਕਰਦਾ ਹੈ। ਸੋ ਸ਼ਰੀਰ ਤੇ ਆਏ ਕੁਰਦਤੀ ਕੇਸਾਂ ਦੀ ਸੰਭਾਲ ਪ੍ਰਮਾਤਮਾ ਦੀ ਰਜ਼ਾ ਨੂੰ ਸਿਰ ਮੱਥੇ ਮੰਨਣ ਵਾਲੇ ਹਰ ਮਨੁੱਖ ਦਾ ਫਰਜ਼ ਬਣਦਾ ਹੈ। ਇਹ ਸੰਭਾਲ ਕਿਸੇ ਭਰਮ ਹੇਠ ਨਹੀਂ, ਬਲਕਿ ਆਪਣੇ ਲਾਭ ਲਈ ਹੈ। ਸੋ ਕੁਦਰਤੀ ਕੇਸਾਂ ਨੂੰ ਵਿਖਾਵੇ ਮਾਤਰ ਲਈ ਕਟਵਾਉਣ ਜਾਂ ਹਟਾਉਣ ਦੀ ਸੋਚ ਪ੍ਰਮਾਤਮਾ ਦੀ ਰਜ਼ਾ ਤੋਂ ਮੁਨਕਰ ਹੋਣ ਵਾਲੀ ਗੱਲ ਹੈ। ਰਜ਼ਾ ਤੋਂ ਮੁਨਕਰੀ ਮਨੁੱਖੀ ਸੁਭਾਅ ਵਿਚ ਬਹੁ-ਪੱਖੀ ਵਿਕਾਰ ਪੈਦਾ ਕਰਨ ਦਾ ਇਕ ਕਾਰਨ ਬਣਦੀ ਹੈ।

3.    ਪਰ ਨਾਰੀ ਪਰ ਪੁਰਖ ਦਾ ਗਮਨ

1.      ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥  (ਮਹਲਾ 1, ਪੰਨਾ 1013) 

2.      ਘਰ ਕੀ ਨਾਰਿ ਤਿਆਗੈ ਅੰਧਾ ॥ ਪਰ ਨਾਰੀ ਸਿਉ ਘਾਲੈ ਧੰਧਾ ॥   (ਭਗਤ ਨਾਮਦੇਵ ਜੀ, ਪੰਨਾ 1165)

3.      ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ ਹਉਮੈ ਕਰਤ ਗਵਾਇਆ ॥

          ਪਰ ਧਨ ਪਰ ਨਾਰੀ ਰਤੁ ਨਿੰਦਾ ਬਿਖੁ ਖਾਈ ਦੁਖੁ ਪਾਇਆ ॥  (ਮਹਲਾ 1, ਪੰਨਾ 1255)

4.      ਬਨਿਤਾ ਛੋਡਿ ਬਦ ਨਦਰਿ ਪਰ ਨਾਰੀ॥ ਵੇਸਿ ਨ ਪਾਈਐ ਮਹਾ ਦੁਖਿਆਰੀ॥5॥ (ਮਹਲਾ 5, ਪੰਨਾ 1348)

5.      ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥ ਸਾਧ ਕੀ ਟਹਲ ਸੰਤਸੰਗਿ ਹੇਤ ॥  (ਮਹਲਾ 5, ਪੰਨਾ 274)

ਵਿਆਖਿਆ:        ਪਰ-ਪੁਰਸ਼ ਜਾਂ ਪਰ ਨਾਰੀ ਦਾ ਗਮਨ ਜਿਥੇ ਮਨੁੱਖੀ ਚਰਿਤ੍ਰ ਦਾ ਇਕ ਮੁੱਢਲਾ ਵਿਕਾਰ ਹੈ ਉਥੇ ਇਹ ਸਮਾਜ ਵਿਚ ਅਰਾਜਕਤਾ ਫੈਲਾਉਣ ਦਾ ਇਕ ਵੱਡਾ ਕਾਰਨ ਵੀ ਹੈ। ਦੁਨੀਆਂ ਦੀ ਹਰ ਵਿਚਾਰਧਾਰਾ ਨੇ ਇਸ ਨੂੰ ਨਿਖੇਧ ਦੱਸਿਆ ਹੈ। ਅਜੌਕੇ ਸਮਾਜ ਸਾਹਮਣੇ ਚੁਨੌਤੀ ਬਣ ਕੇ ਖੜੀ ਲਾਇਲਾਜ ਬੀਮਾਰੀ ‘ਏਡਜ਼’ ਦਾ ਵੀ ਮੂਲ ਕਾਰਨ ਇਹੀ ਵਿਕਾਰ ਹੈ। ਸੋ ਗੁਰਮਤਿ ਦੇ ਪਾਂਧੀ ਲਈ ਇਸ ਵਿਕਾਰ ਤੋਂ ਬੱਚਣਾ ਬਹੁਤ ਜ਼ਰੂਰੀ ਹੈ।

4.    ਤੰਬਾਕੂ, ਸ਼ਰਾਬ ਸਮੇਤ ਹੋਰ ਕਿਸੇ ਵੀ ਨਸ਼ੇ ਦਾ ਸੇਵਨ

1.      ਸਲੋਕ ਮਃ 3 ॥

ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥

ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥

ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ  

ਆਇ ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥1॥   (ਪੰਨਾ 554)

ਵਿਆਖਿਆ:        ਮਨੁੱਖੀ ਸਮਾਜ ਨੂੰ ਚੰਬੜੀਆਂ ਕੁਝ ਮਾਰੂ ਅਲਾਮਤਾਂ ਵਿਚੋਂ ਇਕ ਨਸ਼ਾ-ਖੋਰੀ ਹੈ। ਨਸ਼ਾ ਜਿਥੇ ਮਨੁੱਖ ਨੂੰ ਮਾਨਸਿਕ ਪੱਖੋ ਕਮਜ਼ੋਰ ਬਣਾਉਂਦਾ ਹੈ, ਉੱਥੇ ਹੀ ਉਸ ਨੂੰ ਸ਼ਰੀਰਕ ਪੱਖੋਂ ਵੀ ਖੋਖਲਾ ਕਰ ਦੇਂਦਾ ਹੈ। ਨਸ਼ਾ ਕਰਨ ਵਾਲੇ ਮਨੁੱਖ ਦੇ ਪਰਿਵਾਰ ਨੂੰ ਜਿਥੇ ਇਸ ਦਾ ਸੰਤਾਪ ਝਲਣਾ ਪੈਂਦਾ ਹੈ, ਉਥੇ ਇਹ ਸਮਾਜ ਵਿਚ ਵੀ ਕਈਂ ਜੁਰਮਾਂ ਅਤੇ ਵਿਕਾਰਾਂ ਦਾ ਕਾਰਨ ਬਣਦਾ ਹੈ। ਨਸ਼ੇ ਦੀ ਸ਼ੁਰੂਆਤ ਤਾਂ ਸ਼ੌਂਕ ਵਿਚ  ਥੋੜੇ ਨਾਲ ਹੁੰਦੀ ਹੈ ਪਰ ਸਮੇਂ ਨਾਲ ਇਹ ਇਕ ਲੱਤ ਬਣ ਜਾਂਦੀ ਹੈ, ਜੋ ਅਕਸਰ ਮਾਰੂ ਸਾਬਿਤ ਹੁੰਦੀ ਹੈ। ਤੰਬਾਕੂ ਅਤੇ ਸ਼ਰਾਬ ਦਾ ਨਸ਼ਾ ਮੂਲ ਤੌਰ ਤੇ ਸਮਾਜ ਵਿਚ ਕੋਹੜ ਵਾਂਗੂ ਪ੍ਰਚਲਿਤ ਹੈ, ਪਰ ਆਧੁਨਿਕ ਸਮੇਂ ਵਿਚ ਕਈਂ ਤਰਾਂ ਦੇ ਹੋਰ ਮਾਰੂ ਨਸ਼ੇ ਵੀ ਚਲ ਪਏ ਹਨ। ਪ੍ਰਚਲਿਤ ਸਿੱਖ ਸਮਾਜ ਦੀਆਂ ਕੁਝ ਸੰਪਰਦਾਈ ਧਿਰਾਂ ਵਲੋਂ ‘ਭੰਗ’ ਦੇ ਨਸ਼ੇ ਨੂੰ ‘ਪ੍ਰਸ਼ਾਦ’ ਸਮਝ ਕੇ ਛਕਣ ਅਤੇ ਵਰਤਾਉਣ ਦੀ ਮਨਮੱਤ ਵੀ ਕੀਤੀ ਜਾਂਦੀ ਹੈ, ਜੋ ਬ੍ਰਾਹਮਣੀ ਮੱਤ (ਸਾਕਤ) ਦਾ ਪ੍ਰਭਾਵ ਹੈ।

ਸੱਚ ਦੇ ਚਾਹਵਾਣ (ਸਿੱਖ) ਲਈ ਕਿਸੇ ਵੀ ਤਰਾਂ ਦਾ ਨਸ਼ਾ ਕਰਨਾ ਸਹੀ ਨਹੀਂ ਹੈ। ਇਸ ਤੋਂ ਬੱਚਣ ਦਾ ਸੁਹਿਰਦ ਯਤਨ ਕਰਨਾ ਚਾਹੀਦਾ ਹੈ, ਜਿਸ ਲਈ ਦ੍ਰਿੜ ਇੱਛਾ-ਸ਼ਕਤੀ ਸਭ ਤੋਂ ਜ਼ਰੂਰੀ ਹੈ।

5.     ਕੁੱਠਾ ਮਾਸ (ਉਹ ਮਾਸ ਜੋ ਧਰਮ ਦੇ ਨਾਮ ਨਾਲ ਜੋੜਿਆ ਜਾਂਦਾ ਹੈ ਜਿਵੇਂ ਹਲਾਲ, ਬਲੀ ਵਾਲਾ ਮਾਸ ਆਦਿ)।

1.             ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥

ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥187॥   (ਭਗਤ ਕਬੀਰ ਜੀ, ਪੰਨਾ 1374)

ਵਿਆਖਿਆ:        ਕਈਂ ਮੱਤਾਂ ਵਿਚ ਮਾਸ ਖਾਣ ਨੂੰ ਗਲਤ ਮੰਨਿਆ ਜਾਂਦਾ ਹੈ। ਪਰ ਮਾਸ ਨੂੰ ਕੁਝ ਧਾਰਮਿਕ ਰਸਮਾਂ ਨਿਭਾਅ ਕੇ (ਕਲਮਾਂ, ਮੰਤਰ ਆਦਿ ਪੜ ਕੇ) ਪਵਿਤ੍ਰ ਹੋਣ ਦਾ ਭਰਮ ਪਾਲ ਲਿਆ ਜਾਂਦਾ ਹੈ। ਬ੍ਰਾਹਮਣੀ ਮੱਤ ਵਿਚਲਾ ਬਲੀ ਚੜਾਇਆ ਮਾਸ ਅਤੇ ਇਸਲਾਮ ਵਿਚਲਾ ਹਲਾਲ (ਕੁੱਠਾ) ਕਿਹਾ ਜਾਂਦਾ ਮਾਸ ਇਸ ਦੀਆਂ ਮਿਸਾਲਾਂ ਹਨ। ਗੁਰਮਤਿ ਵਿਚ ਮਾਸ ਨਾ ਖਾਉਣ ਬਾਰੇ ਕੋਈ ਬੰਦਿਸ਼ ਨਹੀਂ ਹੈ। ਮਾਸ ਖਾਣ ਨੂੰ ਪਾਪ-ਕਰਮ ਸਮਝਣ ਦੀ ਗਲਤ ਸੋਚ ਦਾ ਖੰਡਨ ਕਰਦੇ ਸਪਸ਼ਟ ਗੁਰਵਾਕ ਹਨ।

1.      ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥

          ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥   (ਮਹਲਾ 1, ਪੰਨਾ 1289)

2.      ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥   (ਮਹਲਾ 2, ਪੰਨਾ 955)

3.        ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥    (ਮਹਲਾ 1, ਪੰਨਾ 472)

4.        ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥  (ਮਹਲਾ 1, ਪੰਨਾ 472)

ਪਰ ਕਿਸੇ ਮਾਸ ਨੂੰ ‘ਧਾਰਮਿਕ ਰਸਮ’ ਕਰ ਕੇ ਪਵਿਤ੍ਰ ਹੋਇਆ ਮੰਨ ਲੈਣਾ ਇਕ ਬੇਈਮਾਨੀ ਅਤੇ ਭਰਮ ਮਾਤਰ ਹੈ, ਜਿਸ ਦਾ ਗੁਰਮਤਿ ਭਰਪੂਰ ਖੰਡਨ ਕਰਦੀ ਹੈ।  ਗੁਰਮਤਿ ਦੀ ਸੇਧ ਵਿਚ ਤੁਰਣ ਵਾਲੇ ਮਨੁੱਖ ਦੇ ਜੀਵਨ ਵਿਚ ਐਸੇ ਭਰਮਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਸ ਲਈ ਇਕ ਸਿੱਖ ਲਈ ‘ਧਾਰਮਿਕ ਰਸਮਾਂ’ ਨਾਲ ਜੋੜਿਆ ਜਾਂਦਾ ਮਾਸ ਖਾਉਣਾ ਸਹੀ ਨਹੀਂ ਹੈ। ਕੁਝ ਇਸੇ ਤਰਾਂ ਦੀ ਮਾਨਤਾ ‘ਮਹਾਂ-ਪ੍ਰਸ਼ਾਦ’ ਦੇ ਨਾਮ ਹੇਠ ਪ੍ਰਚਲਿਤ ਸਿੱਖ ਸਮਾਜ ਦੀਆਂ ਕੁਝ ਸੰਪਦਰਾਵਾਂ ਅਤੇ ਅਸਥਾਨਾਂ ਤੇ ਮਿਲਦੀ ਹੈ। ਮਿਸਾਲ ਲਈ ਨਾਂਦੇੜ (‘ਹਜ਼ੂਰ ਸਾਹਿਬ’ ਦੇ ਨਾਮ ਨਾਲ ਜਾਣੇ ਜਾਂਦੇ ਗੁਰਦੁਆਰੇ) ਵਿਖੇ।

ਕੁੱਠਾ ਮਾਸ ਖਾਉਣ ਦੀ ਮਨਾਹੀ ਪਿੱਛੇ ਇਕ ਹੋਰ ਇਤਿਹਾਸਕ ਕਾਰਨ ਵੀ ਜੁੜਿਆ ਹੈ। ਆਪਣੇ ਮੱਤ ਨੂੰ ਦੂਜੇ ਤੇ ਥੋਪਣ ਦੀ ਪ੍ਰਵਿਰਤੀ ਮਨੁੱਖ ਵਿਚ ਪੁਰਾਣੇ ਸਮੇਂ ਤੋਂ ਹੀ ਭਾਰੂ ਰਹੀ ਹੈ। ਇਤਿਹਾਸ ਗਵਾਹ ਹੈ ਕਿ ਅਨੇਕਾਂ ਮਤਾਂ ਦੇ ਪੈਰੋਕਾਰ ਨੇ ਆਪਣੇ ਮੱਤ ਨੂੰ ਦੁੱਜੇ ਲੋਕਾਂ ਦੇ ਥੌਪਨ ਲਈ ਤਾਕਤ ਅਤੇ ਜਬਰ ਦਾ ਇਸਤੇਮਾਲ ਕਈਂ ਵਾਰ ਕੀਤਾ ਹੈ। ਇਹ ਪ੍ਰਵਿਰਤੀ ਉਸ ਵਿਚਾਰਧਾਰਾ (ਮੱਤ) ਅਤੇ ਉਸ ਦੇ ਪ੍ਰਚਾਕਰਾਂ ਦੀ ਕਮਜ਼ੋਰੀ ਦਾ ਪ੍ਰਗਟਾਵਾ ਹੀ ਹੈ। ਅੱਜ ਦੇ ਸਮੇਂ ਵਿਚ ਵੀ ਐਸੇ ਪ੍ਰਚਾਰਕ ਮਿਲ ਜਾਂਦੇ ਹਨ ਜੋ ਤਾਕਤ ਜਾਂ ਲਾਲਚ ਦੇ ਜ਼ੋਰ ਨਾਲ ਅਪਣਾ ਮੱਤ ਫੈਲਾੳੇੁਣ ਵਿਚ ਵਿਸ਼ਵਾਸ ਰੱਖਦੇ ਹਨ। ਪਰ ਗੁਰਮਤਿ ਸਾਰੀ ਮਨੁੱਖਤਾ ਨੂੰ ਸਹੀ ਮਾਇਨੇ ਵਿਚ ਆਪਣੇ ਕਲਾਵੇ ਵਿਚ ਲੈਣ ਦਾ ਫਲਸਫਾ ਹੈ, ਜੋ ਐਸੇ ਗੈਰ-ਮਨੁੱਖੀ ਵਰਤਾਰਿਆਂ ਦਾ ਖੰਡਨ ਕਰਦੀ ਹੋਈ ਸੰਦੇਸ਼ ਦੇਂਦੀ ਹੈ

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥

ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥16॥   (ਮਹਲਾ 9, ਪੰਨਾ 1427)

ਮੱਧ ਕਾਲ ਵਿਚ ਮੁਗਲ ਸ਼ਾਸ਼ਨ ਵੇਲੇ ਵੀ ਐਸੇ ਹੀ ਹਾਲਾਤ ਸਨ। ਉਸ ਵੇਲੇ ਇਸਲਾਮੀ ਸ਼ਾਸ਼ਕਾਂ ਵਲੋਂ ਅਨਮਤੀਂ ਦੇ ਲੋਕਾਂ ਤੇ ਇਸਲਾਮੀ ਸ਼ਰ੍ਹਾ ਤਾਕਤ ਦੇ ਜ਼ੋਰ ਨਾਲ ਥੋਪਨ ਦਾ ਯਤਨ ਕੀਤਾ ਗਿਆ। ਮਾਸ ਸਿਰਫ ਹਲਾਲ (ਕੁੱਠਾ) ਹੀ ਖਾਣਾ ਹੈ, ਇਹ ਕਬਾਇਲੀ ਫੁਰਮਾਨ ਵੀ ਉਸੇ ਦੌਰ ਵਿਚ ਸੀ।

ਗੁਰਮਤਿ ਦੇ ਪਾਂਧੀਆਂ ਨੇ ਹਮੇਸ਼ਾਂ ਹੀ ਐਸੇ ਗਲਤ ਫੁਰਮਾਨਾਂ ਦੀ ਖਿਲਾਫਤ ਕਰਦੇ ਹੋਏ ਆਪਣੀ ਜਾਗਦੀ ਜ਼ਮੀਰ ਦਾ ਪ੍ਰਗਟਾਵਾ ਕੀਤਾ ਹੈ। ਇਸੇ ਸੋਚ ਹੇਠ ਸਿੱਖਾਂ ਨੂੰ ਕੁੱਠਾ ਮਾਸ ਖਾੳੇੁਣਾ ਮਨਾ ਕੀਤਾ ਗਿਆ। ਅੱਜ ਦੇ ਸਮੇਂ ਵੀ ਜੇ ਕੋਈ ਜ਼ਬਰਦਸਤੀ ਐਸਾ ਫੁਰਮਾਨ ਜ਼ਾਰੀ ਕਰਦਾ ਹੈ ਤਾਂ ਉਸ ਨੂੰ ਨਾ ਮੰਨਣਾ ਹੀ ਇਕ ਸਚਿਆਰੇ ਮਨੁੱਖ ਦਾ ਫਰਜ਼ ਹੈ।

ਖੰਡੇ ਦੀ ਪਾਹੁਲ 

ਸੰਕਲਪ : ਖੰਡੇ ਦੀ ਪਾਹੁਲ ਵਾਲੀ ਰਸਮ ਦਾ ਮਕਸਦ ਉਨ੍ਹਾਂ ‘ਸਿੱਖਾਂ’ ਦੀ ਪਛਾਣ ਕਰਨਾ ਹੈ ਜੋ ਨਾਨਕ ਫਲਸਫੇ (ਗੁਰਮਤਿ) ਨਾਲ ਪੂਰੀ ਸਹਿਮਤੀ ਹੁੰਦਿਆਂ, ਸਮੁੱਚੀ ਮਨੁੱਖਤਾ ਦੇ ਭਲੇ ਲਈ ਲੋੜ ਪੈਣ ਤੇ ਆਪਾ ਤੱਕ ਵਾਰ ਸਕਣ, ਗੁਰਮਤਿ ਰੋਸ਼ਨੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਸ਼ਕਾਮਤਾ ਅਤੇ ਸੁਹਿਰਦਤਾ ਨਾਲ ਸਮਰਪਿਤ ਹੋਣਾ ਚਾਹੁੰਦੇ ਹਨ। ਇਸ ਵਾਸਤੇ ਯੋਗਤਾ ਜਾਂਚਨ ਲਈ ਇਕ ਪ੍ਰੀਖਿਆ ਵੀ ਹੋਵੇਗੀ, ਤਾਂ ਕਿ ਅਯੋਗ ਬੰਦੇ ਨੂੰ ਅੱਗੇ ਆਉਣ ਤੋ ਰੋਕਿਆ ਜਾ ਸਕੇ। ਪਾਹੁਲਧਾਰੀ ਅਤੇ  ਗੈਰ-ਪਾਹੁਲਧਾਰੀ ਵਿਚ ਕੋਈ ਫਰਕ ਨਾ ਸਮਝਿਆ ਜਾਵੇ।

1.      ਸਲੋਕ ਮਹਲਾ 2 ॥

ਜਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥  ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥

ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥  ਤਿਨ੍‍ੀ ਪੀਤਾ ਰੰਗ ਸਿਉ ਜਿਨ੍‍ ਕਉ ਲਿਖਿਆ ਆਦਿ ॥1॥  (ਮਹਲਾ 2, ਪੰਨਾ 1238)

2     ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ॥

      ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥2॥(ਮਹਲਾ 3, ਪੰਨਾ 644)

3.      ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥

ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥ ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥   (ਮਹਲਾ 3, ਪੰਨਾ 644)

ਵਿਆਖਿਆ : ਪ੍ਰਮਾਨਿਕ ਇਤਿਹਾਸ ਤੇ ਝਾਤ ਮਾਰਿਆ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸੰਨ 1699 ਦੀ ਵੈਸਾਖੀ ਦੇ ਦਿਹਾੜੇ ਤੇ ਦਸਮ ਪਾਤਸ਼ਾਹ ਜੀ ਨੇ ਲਗਭਗ 80,000 ਸੰਗਤ ਦੀ ਹਾਜ਼ਰੀ ਵਿਚ ਇਕ ਐਸਾ ਪ੍ਰੀਖਿਆ ਰੂਪ ਲਾਸਾਣੀ ਕੌਤਕ ਕੀਤਾ ਵੈਸੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਨਹੀਂ ਮਿਲਦੀ।  ਪਰ ਤਲਖ ਹਕੀਕਤ ਇਹ ਹੈ ਕਿ ਸੰਨ 1708 ਤੋਂ ਬਾਅਦ ਸ਼ਖਸੀ ਅਗਵਾਈ ਦੀ ਘਾਟ ਅਤੇ ਬਿਖੜੇ ਹਾਲਾਤਾਂ ਕਾਰਨ ਸਿੱਖੀ ਦੇ ਪ੍ਰਚਾਰ ਕੇਂਦਰਾਂ ਉਤੇ ਨਿਰਮਲੇ ਅਤੇ ਉਦਾਸੀ ‘ਸਾਧੂਆਂ’ ਦੇ ਰੂਪ ਵਿਚ ਪੁਜਾਰੀਵਾਦੀ ਤਾਕਤਾਂ ਦਾ ਕਬਜ਼ਾ ਹੋ ਗਿਆ। ਲਗਭਗ 100 ਕੁ ਸਾਲਾਂ ਦੇ ਸਮੇਂ ਵਿਚ ਇਨ੍ਹਾਂ ਤਾਕਤਾਂ ਨੇ ਗੁਰਮਤਿ ਇਨਕਲਾਬ ਦਾ ਮੁੰਹ-ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿਤਾ ਅਤੇ ਗੁਰਮਤਿ ਇਨਕਲਾਬ ਨਾਲ ਜੁੜੀਆਂ ਲਗਭਗ ਬਹੁੱਤੀਆਂ ਮਾਨਤਾਵਾਂ ਤੇ ਬ੍ਰਾਹਮਣੀ ਵਿਚਾਰਧਾਰਾ ਦੀ ਪੁੱਠ ਚੜ੍ਹਾ ਦਿਤੀ । ਕੁਝ ਐਸਾ ਹੀ ਹਾਲ ‘ਖੰਡੇ ਦੀ ਪਾਹੁਲ’ ਵਾਲੇ ਕੌਤਕ ਦੇ ਮਕਸਦ ਅਤੇ ਸਵਰੂਪ ਨਾਲ ਵੀ ਹੋਇਆ। ਸਿੱਖ ਇਤਿਹਾਸ ਅਤੇ ਫਲਸਫੇ ਬਾਰੇ ਮਿਲਦੀਆਂ ਬਹੁਤੀਆਂ ਪੁਰਾਤਨ ਲਿਖਤਾਂ ਐਸੇ ਪੁਜਾਰੀਵਾਦੀ ਮਿਲਗੋਭਾ ਲੇਖਕਾਂ ਦੀਆਂ ਹੀ ਰਚਨਾਵਾਂ ਹਨ। ਇਸ ਲਈ ਉਸ ਦੌਰ ਦੀ ਕਿਸੇ ਇਕ ਲ਼ਿਖਤ ਬਾਰੇ ਵੀ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਇਹ ਪੂਰਨ ਤੌਰ ਤੇ ਗੁਰਮਤਿ ਅਨੁਸਾਰੀ ਹੈ।

ਖੰਡੇ ਦੀ ਪਾਹੁਲ ਦੀ ਰਸਮ ਬਾਰੇ ਵੀ ਪੁਰਾਤਨ ਲਿਖਤਾਂ ਵਿਚ ਜ਼ਿਕਰ ਮਿਲਦਾ ਹੈ। ਜਿਥੇ ਇਹ ਲਿਖਤਾਂ 1699 ਦੀ ਵੈਸਾਖੀ ਦੇ ਕੌਤਕ ਹੋਣ ਦੀ ਗਵਾਹੀ ਇਕ ਮੱਤ ਹੋ ਕੇ ਭਰਦੀਆਂ ਹਨ ਪਰ ਦੁਜੀ ਤਰਫ ਇਸ ਕੌਤਕ ਦੇ ਮਕਸਦ ਅਤੇ ਰੂਪ ਬਾਰੇ ਇਹ ਲਿਖਤਾਂ ਆਪਸ ਵਿਚ ਬਹੁਤ ਵਖਰੇਂਵਾ ਰੱਖਦੀਆਂ ਹਨ।  ਸਮੇਂ ਨਾਲ ਖੰਡੇ ਦੀ ਪਾਹੁਲ ਦੀ ਰਸਮ ਦਾ ਨਾਮ ਬਦਲ ਕੇ ‘ਅੰਮ੍ਰਿਤਪਾਨ’ ਕਰ ਦਿਤਾ ਗਿਆ ਅਤੇ ਇਹ ਪ੍ਰਭਾਵ ਦਿਤਾ ਗਿਆ ਕਿ ਇਸ ਰਸਮ ਵਿਚ ਕੁਝ (ਪੱਕੀਆਂ-ਕੱਚੀਆਂ) ਬਾਣੀਆਂ ਪੜ੍ਹ ਕੇ ਤਿਆਰ ਕੀਤਾ ਜਾਂਦਾ ਜਲ ‘ਅੰਮ੍ਰਿਤ’ ਬਣ ਜਾਂਦਾ ਹੈ। ਇਸ ‘ਅੰਮ੍ਰਿਤ’ ਨੂੰ ਪੀਣ ਮਾਤਰ ਨਾਲ ਹੀ ਮਨੁੱਖ ਉੱਚ ਅਵਸਥਾ ਦਾ ਮਾਲਿਕ ਜਾਂ ਵੱਡਾ ਸਿੱਖ ਬਣ ਜਾਂਦਾ ਹੈ। ਪਰ ਇਹ ਮਾਨਤਾ ਉਸ ਸਮੇਂ ਚਕਨਾਚੂਰ ਹੋ ਜਾਂਦੀ ਹੈ ਜਦੋਂ ਇਸੇ ਰਸਮ ਦਾ ‘ਅੰਮ੍ਰਿਤਪਾਨ’ ਕਰਨ ਤੋਂ ਬਾਅਦ ਕਈਂ ਅੰਮ੍ਰਿਤਧਾਰੀ ਬ੍ਰਾਹਮਣਵਾਦੀ ਕਰਮਕਾਂਡ ਅਤੇ ਹੋਰ ਵਿਕਾਰ ਕਰਦੇ ਆਮ ਵੇਖੇ ਜਾਂਦੇ ਹਨ। ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਸ ‘ਅੰਮ੍ਰਿਤ’ ਵਿਚ ਆਪਣੇ ਆਪ ਵਿਚ ਕਿਸੇ ਨੂੰ ਸੁਧਾਰ ਸਕਣ ਦੀ ਕੋਈ ਸਮਰੱਥਾ ਨਹੀਂ ਹੈ। ਗੁਰਬਾਣੀ ਤਾਂ ਪਹਿਲਾਂ ਹੀ ਬਾਣੀ ਨੂੰ ਮੰਤਰਾਂ ਵਾਂਗੂ ਪੜ੍ਹਨ ਨਾਲ ਕਿਸੇ ਜਲ ਨੂੰ ‘ਅੰਮ੍ਰਿਤ’ ਸਮਝ ਲੈਣ ਦਾ ਖੰਡਨ ਕਰਦੀ ਹੈ।

ਜੇ ਮਨਮੱਤਾਂ ਅਤੇ ਵਿਕਾਰਾਂ ਤੋਂ ਕੋਈ ਬਚਾ ਸਕਦਾ ਹੈ ਤਾਂ ਉਹ ਹੈ ‘ਸੱਚ ਦੇ ਗਿਆਨ’ ਨੂੰ ਆਪਣੇ ਜੀਵਨ ਵਿਚ ਵਸਾ ਲੈਣਾ। ਬਾਬਾ ਨਾਨਕ ਜੀ ਤੋਂ ਸ਼ੁਰੂ ਹੋ ਕੇ ਦਸ਼ਮੇਸ਼ ਜੀ ਤੱਕ ਦੱਸਾਂ ਰਹਿਬਰਾਂ ਨੇ ਸਾਨੂੰ ਗੁਰਬਾਣੀ ਰਾਹੀਂ ਇੱਸੇ ਸੱਚ ਦੇ ਗਿਆਨ ਰੂਪੀ ਅੰਮ੍ਰਿਤ ਨਾਲ ਜੋੜਿਆ ਸੀ, ਕਿਸੇ ਤੋਤਾਰਟਨੀ ਜਾਂ ਪਾਣੀ ਰੂਪੀ ਅਖੌਤੀ ਅੰਮ੍ਰਿਤ ਨਾਲ ਨਹੀਂ। ਇਸ ਰਸਮ ਵੇਲੇ ਪੜ੍ਹੀਆਂ ਗਈਆਂ ਰਚਨਾਵਾਂ ਬਾਰੇ ਤਾਂ ਸਾਰੀਆਂ ਪੁਰਾਤਨ ਲਿਖਤਾਂ ਵਿਚ ਵਿਰੋਧਾਭਾਸ ਹੈ ਅਤੇ ਇਹ ਪ੍ਰਚਲਿਤ ਪੰਥ ਵਿਚ ਵੀ ਲਗਾਤਾਰ ਵਿਵਾਦ ਦਾ ਕਾਰਨ ਬਣੀਆਂ ਰਹੀਆਂ ਹਨ।

ਜੇ ਦਸ਼ਮੇਸ਼ ਪਾਤਸ਼ਾਹ ਜੀ ਵਲੋਂ ਕੀਤੇ ਇਸ ਕੌਤਕ ਦੇ ਮਕਸਦ ਬਾਰੇ ਗੱਲ ਕਰੀਏ ਤਾਂ ਇਸ ਬਾਰੇ ਵੀ ਸਿੱਖ ਸਮਾਜ ਵਿਚ ਕੇਂਦਰੀ ਤੌਰ ਤੇ ਭੁਲੇਖੇ ਹੀ ਹਨ। ਅੱਜ ਕੇਂਦਰੀ ਤੌਰ ਤੇ ਇਸ ਰਸਮ ਦਾ ਮਕਸਦ ‘ਸਿੱਖ’ ਬਣਾਉਣ/ਬਨਣ ਦੀ ਰਸਮ ਪਰਚਾਰਿਆ ਜਾ ਰਿਹਾ ਹੈ। ਸਿੱਖ ਸੰਸਥਾਵਾਂ ਵਲੋਂ ਆਪਣੀ ਦੁਬਿਧਾਮਈ ਪਹੁੰਚ ਹੇਠ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਿਰਫ ਇਸ ਰਸਮ ਰਾਹੀਂ ‘ਅੰਮ੍ਰਿਤਪਾਨ’ ਕਰਨ ਵਾਲਾ ਹੀ ਅਸਲ ਸਿੱਖ ਹੁੰਦਾ ਹੈ। ਇਸ ਨਾਲ ਉਠਿਆ ਇਕ ਸਵਾਲ ਇਹ ਸੀ ਕਿ 1699 ਦੀ ਵੈਸਾਖੀ ਤੋਂ ਪਹਿਲਾਂ ਸਿੱਖ ਕਿਵੇਂ ਬਣਦੇ ਸਨ ? ਇਸ ਦਾ ਜਵਾਬ ਗੁਰਮਤਿ ਨੂੰ ਅੱਖੋਂ ਪਰੋਖੇ ਕਰਕੇ ਪ੍ਰਚਲਿਤ ਪੁਜਾਰੀਵਾਦੀ ਸਾਖੀਆਂ ਦੇ ਆਧਾਰ ਤੇ ਇਹ ਦੇ ਦਿਤਾ ਜਾਂਦਾ ਹੈ ਕਿ ਬਾਬਾ ਨਾਨਕ ਜੀ ਨੇ ਸਿੱਖ ਬਣਾਉਣ ਲਈ ‘ਚਰਨ ਪਾਹੁਲ’ ਦੀ (ਬ੍ਰਾਹਮਣਵਾਦੀ) ਰੀਤ ਅਪਣਾਈ ਹੋਈ ਸੀ। ਪ੍ਰਚਲਿਤ ਮਾਨਤਾਵਾਂ ਦੇ ਖੰਡਨ ਦੇ ਭੈਅ ਤੋਂ ਅਸੀਂ ਬਾਬਾ ਨਾਨਕ ਜੀ ਨਾਲ ਗਲਤ ਗੱਲਾਂ ਜੋੜਣ ਤੋਂ ਵੀ ਪਰਹੇਜ਼ ਨਹੀਂ ਕਰਦੇ।

ਇਹ ਮਾਨਤਾ ਵੀ ਰੇਤ ਦੀ ਕੰਧ ਵਾਂਗੂ ਭੁਰ ਜਾਂਦੀ ਹੈ ਜਦੋਂ ਦਲੀਲ ਅਤੇ ਤੱਥਾਂ ਦੇ ਆਧਾਰ ਤੇ ਇਸ ਦੀ ਪੜਚੋਲ ਕਰਦੇ ਹਾਂ। ਇਤਿਹਾਸ ਵਿਚ ਇਹ ਜ਼ਿਕਰ ਮਿਲਦਾ ਹੈ ਕਿ ਨਾਨਕ ਪਾਤਸ਼ਾਹ ਜੀ ਦੇ ਪ੍ਰਚਾਰ ਨੇ ਕੁਝ ਕਰੋੜ ਸਿੱਖ ਬਣਾਏ। ਕੀ ਆਪਣੇ 70 ਸਾਲ ਦੇ ਜੀਵਨ ਵਿਚ ਉਨ੍ਹਾਂ ਨੇ ਇਤਨੇ ਲੋਕਾਂ ਨੂੰ ‘ਚਰਨ ਪਾਹੁਲ’ ਦੇ ਦਿਤੀ ਸੀ? ਜਾਂ ਫੇਰ ਉਨ੍ਹਾਂ ਦੇ ਹਰ ਥਾਂ ਦੇ ਮੁੱਖ ਪ੍ਰਚਾਰਕ ਨੂੰ ਆਪਣਾ ਜਾਨਸ਼ੀਨ ਥਾਪ ਕੇ ‘ਚਰਨ ਪਾਹੁਲ’ ਪਿਲਾਉਣ ਦਾ ਹੱਕ ਦੇ ਦਿਤਾ ਸੀ?  ਸਭ ਤੋਂ ਵੱਡਾ ਸਵਾਲ ਤਾਂ ਉਥੇ ਹੀ ਖੜਾ ਹੈ ਕਿ ਬਾਬਾ ਨਾਨਕ ਜੀ ਨੂੰ ਇਹ ਬ੍ਰਾਹਮਣਵਾਦੀ ਰਸਮ ਅਪਨਾਉਣ ਦੀ ਕੀ ਲੋੜ ਸੀ? ਉਨ੍ਹਾਂ ਦੀ ਬਾਣੀ ਸਪਸ਼ਟ ਕਹਿ ਰਹੀ ਹੈ ‘ਸੱਚ ਦੇ ਗਿਆਨ’ (ਨਾਮ) ਰੂਪੀ ਅੰਮ੍ਰਿਤ ਨੂੰ ਧਾਰਨ ਕਰਨ ਵਾਲਾ ਸਿੱਖ ਹੁੰਦਾ ਹੈ। ਬਾਣੀ ਵਿਚ ਇਹ ਕਿਧਰੇ ਨਹੀਂ ਲਿਖਿਆ ਕਿ ਸਿੱਖ ਉਹ ਹੁੰਦਾ ਹੈ ਜੋ ਕਿਸੇ ਰਹਿਬਰ ਦੇ ਚਰਨ ਧੋ ਕੇ ਬਣਾਈ ਪਾਹੁਲ ਨੂੰ ਪੀ ਲੈਂਦਾ ਹੈ।

‘ਖੰਡੇ ਦੀ ਪਾਹੁਲ’ ਰਾਹੀਂ ਸਿੱਖ ਬਣਾਉਣ ਦੀ ਮਾਨਤਾ ਸੰਨ 1699 ਦੇ ਕੌਤਕ ਦੀ ਪੜਚੋਲ ਕਰਨ ਤੇ ਵੀ ਖੋਖਲੀ ਸਾਬਿਤ ਹੋ ਜਾਂਦੀ ਹੈ। ਇਤਿਹਾਸਿਕ ਤੱਥਾਂ ਅਨੁਸਾਰ ਉਸ ਦੀਵਾਨ ਦੀ ਸੰਗਤ ਵਿਚ ਲਗਭਗ 80,000 ਸਿੱਖ ਸਨ। ਤੱਥ ਇਹ ਵੀ ਦਸਦੇ ਹਨ ਕਿ ਉਸ ਵੇਲੇ 20,000 ਲੋਕਾਂ ਨੇ ਪਾਹੁਲ ਲਈ। ਕੀ ਬਾਕੀ 50-60000 ਸਿੱਖਾਂ ਦਾ ਸਿੱਖ ਹੋਣ ਦਾ ਦਰਜਾ ਖਤਮ ਹੋ ਗਿਆ? ਸੰਨ 1699 ਤੋਂ ਲਗਭਗ 9 ਸਾਲ ਬਾਅਦ ਤੱਕ ਦਸ਼ਮੇਸ਼ ਜੀ ਇਸ ਸੰਸਾਰ ਵਿਚ ਵਿਚਰਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਪੁਨਰ ਸੰਪਾਦਨਾ ਵੀ ਕੀਤੀ। ਜੇ ‘ਖੰਡੇ ਦੀ ਪਾਹੁਲ’ ਦੀ ਰਸਮ ਦਾ ਮਕਸਦ ਸਿੱਖ ਬਣਾਉਣ ਦਾ ਹੁੰਦਾ ਤਾਂ ਇਤਨੀ ਅਹਿਮ ਗੱਲ ਬਾਰੇ ਕੋਈ ‘ਹੁਕਮ’ ਉਹ ਗ੍ਰੰਥ ਵਿਚ ‘ਮਹਲਾ 10’ ਹੇਠ ਦਰਜ ਕਰ ਜਾਂਦੇ। ਇਸ ਦੇ ਹੱਕ ਵਿਚ ਹਵਾਲੇ ਜੇ ਮਿਲਦੇ ਹਨ ਤਾਂ ਰਹਿਤਨਾਮਿਆਂ ਵਿਚ ਜਿਨ੍ਹਾਂ ਦੀ ਪ੍ਰਮਾਨਿਕਤਾ ਉਨ੍ਹਾਂ ਵਿਚਲੇ ਆਪਾ-ਵਿਰੋਧ ਅਤੇ ਬ੍ਰਾਹਮਣਵਾਦੀ ਅੰਸ਼ਾਂ ਨਾਲ ਆਪੇ ਹੀ ਸ਼ੱਕੀ ਸਾਬਿਤ ਹੋ ਜਾਂਦੀ ਹੈ।

ਚੇਤੇ ਰਹੇ ਬਾਬਾ ਨਾਨਕ ਜੀ ਅਤੇ ਮਗਰਲੇ 4 ਨਾਨਕ ਸਰੂਪਾਂ ਨੇ ਵੀ ਆਪਣੀ ਬਾਣੀ ਵਿਚ ਗਲਤ ਪ੍ਰਚਾਰੀ ਜਾਂਦੀ ‘ਚਰਨ ਪਾਹੁਲ ਰਾਹੀਂ ਸਿੱਖੀ ਵਿਚ ਪ੍ਰਵੇਸ਼’  ਦੀ ਰਸਮ ਦਾ ਕੋਈ ਜ਼ਿਕਰ ਨਹੀਂ ਕੀਤਾ। ਇਹ ਸਪਸ਼ਟ ਕਰਦਾ ਹੈ ਕਿ ‘ਸਿੱਖ ਬਨਣ’ ਲਈ ਕਿਸੇ ਰਸਮ ਦੀ ਲੋੜ ਨਹੀਂ ਬਲਕਿ ਮਨ ਨੂੰ ਜਿੱਤਣ ਦੀ ਲੋੜ ਹੈ। ਨਾਲ ਹੀ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ‘ਚਰਨ-ਪਾਹੁਲ’ ਜਿਹੀ ਕੋਈ ਬ੍ਰਾਹਮਣਵਾਦੀ ਰਸਮ ਪ੍ਰਚਲਿਤ ਨਹੀਂ ਸੀ ਅਤੇ ਨਾ ਹੀ ‘ਖੰਡੇ ਦੀ ਪਾਹੁਲ’ ਦੀ ਰਸਮ ਦਾ ਮਕਸਦ ‘ਸਿੱਖੀ ਪ੍ਰਵੇਸ਼’ ਸੀ।

ਜੇ ‘ਖੰਡੇ ਦੀ ਪਾਹੁਲ’ ਦੇ ਕੌਤਕ ਦਾ ਮਕਸਦ ਸਿੱਖ ਬਣਾਉਣ ਦੀ ਰਸਮ ਸ਼ੁਰੂ ਕਰਨਾ ਨਹੀਂ ਸੀ ਤਾਂ ਫੇਰ ਕੀ ਸੀ? ਆਉ ਇਸ ਬਾਰੇ ਸਹਿਜ ਨਾਲ ਵਿਚਾਰ ਕਰ ਲੈਂਦੇ ਹਾਂ। ਇਸ ਕੌਤਕ ਦਾ ਮੁੱਖ ਹਿੱਸਾ ਇਕ ‘ਪ੍ਰੀਖਿਆ’ ਸੀ। ਉਸ ਨੂੰ ਜ਼ਹਿਨ ਵਿਚ ਰੱਖ ਕੇ ਜੇ ਇਸ ਦਾ ਮਕਸਦ ਲੱਭਣ ਦਾ ਯਤਨ ਕੀਤਾ ਜਾਵੇ ਤਾਂ ਕੋਈ ਦੁਬਿਧਾ ਜਾਂ ਆਪਾ ਵਿਰੋਧ ਨਹੀਂ ਰਹਿੰਦਾ। ਪ੍ਰਮਾਣਿਕ ਪੁਰਾਤਨ ਇਤਿਹਾਸ ਬਾਬਾ ਨਾਨਕ ਜੀ ਵਲੋਂ ਗੁਰਮਤਿ ਇਨਕਲਾਬ ਦੇ ਪ੍ਰਸਾਰ ਲਈ ਸਮਰਪਿਤ ਅਤੇ ਕਾਬਿਲ ਸੱਜਣਾਂ ਦੀ ਚੌਣ ਲਈ ਕੁਝ ਪ੍ਰੀਖਿਆਮਈ ਕੌਤਕ ਕੀਤੇ ਜਾਣ ਦੀ ਗਵਾਹੀ ਭਰਦਾ ਹੈ। (ਉਹ ਗੱਲ ਵੱਖਰੀ ਹੈ ਕਿ ਸਾਖੀਕਾਰਾਂ ਨੇ ਉਨ੍ਹਾਂ ਕੌਤਕਾਂ ਤੇ ਵੀ ਕਈਂ ਥਾਂ ਪੁਜਾਰੀਵਾਦੀ ਪੁੱਠ ਚੜ੍ਹਾ ਦਿਤੀ )। ਇਨ੍ਹਾਂ ਸਮਰਪਿਤ ਸੱਜਣਾਂ ਵਿਚੋਂ ਹੀ ‘ਗੁਰਮਤਿ ਇਨਕਲਾਬ’ ਦੇ ਅਗਲੇ ਰਹਿਬਰ (ਆਗੂ, ਉਤਰਾਧਿਕਾਰੀ)  ਚੁਣੇ ਗਏ।

ਬਾਬਾ ਨਾਨਕ ਤੋਂ ਚਲੀ ਸੇਧ ਅਨੁਸਾਰ ‘ਖੰਡੇ ਦੀ ਪਾਹੁਲ’ ਦਾ ਪ੍ਰੀਖਿਆਮਈ ਕੌਤਕ ਵੀ ‘ਗੁਰਮਤਿ ਇਨਕਲਾਬ’ ਦੇ ਪ੍ਰਸਾਰ ਲਈ ਸਮਰਪਿੱਤ ਹੋਣ ਦੇ ਇੱਛੁਕ ਅਤੇ ਕਾਬਿਲ ਸੱਜਣਾਂ ਦੀ ਇਕ ਚੌਣ ਸੀ।  ਖੰਡੇ ਦੀ ਪਾਹੁਲ ਦੀ ਰਸਮ ਉਨ੍ਹਾਂ ਸੱਜਣਾਂ ਦੀ ਚੌਣ ਹੈ ਜੋ ਆਪਣੇ ਆਪ ਨੂੰ ‘ਗੁਰਮਤਿ ਇਨਕਲਾਬ’ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਮਰੱਪਿਤ ਕਰਨ ਦੇ ਇਛੁੱਕ ਹਨ। ਗਲਤ ਅਨਸਰਾਂ ਨੂੰ ਰੋਕਣ ਅਤੇ ਕਾਬਿਲ ਬੰਦਿਆਂ ਦੀ ਚੌਣ ਲਈ ਇਸ ਰਸਮ ਨਾਲ ਇਕ ਪ੍ਰੀਖਿਆ ਦਾ ਜੁੜਿਆ ਹੋਣਾ ਜ਼ਰੁਰੀ ਹੈ ਤਾਂ ਕਿ ਅੱਜ ਦੇ ਅਨੇਕਾਂ ‘ਪਾਹੁਲਧਾਰੀਆਂ’ ਦੀਆਂ ਮਨਮੱਤਾਂ ਵਾਂਗੂ ਜਗ-ਹੰਸਾਈ ਨਾ ਹੋਵੇ।

ਖੰਡੇ ਦੀ ਪਾਹੁਲ ਨਾਲ ਜੁੜੀਆਂ ਗਲਤ ਪ੍ਰਚਲਿਤ ਮਾਨਤਾਵਾਂ ਵਿਚੋਂ ਇਕ ਕਕਾਰਾਂ ਅਤੇ ਬਜਰ-ਕੁਰਿਹਤਾਂ ਨੂੰ ਸਿਰਫ ‘ਪਾਹੁਲਧਾਰੀਆਂ’ ਨਾਲ ਜੋੜ ਕੇ ਵੇਖਣ ਦੀ ਵੀ ਹੈ। ਪ੍ਰਚਲਿਤ ਮਾਨਤਾ ਅਨੁਸਾਰ ਕਕਾਰ ਅਤੇ ਬਜਰ ਕੁਰਹਿਤਾਂ ਸਿਰਫ ‘ਅੰਮ੍ਰਿਤਧਾਰੀਆਂ’ ਲਈ ਹੀ ਹਨ। ਪਰ ਇਹ ਮਾਨਤਾ ਮੂਲੋਂ ਗਲਤ ਹੈ। ਕਕਾਰ ਕੋਈ ਧਾਰਮਿਕ ਚਿੰਨ੍ਹ ਨਹੀਂ, ਇਕ ਮਨੁੱਖ ਦੇ ਰੋਜ਼ਮੱਾਾਂ ਜਿੰਦਗੀ ਵਿਚ ਕੰਮ ਆਉਣ ਵਾਲੀਆਂ ਕੁਝ ਮੁਢਲੀਆਂ ਵਸਤਾਂ ਹਨ ਜਿਨ੍ਹਾਂ ਦੀ ਜ਼ਰੂਰਤ (ਸਮੇਤ ਪਾਹੁਲਧਾਰੀਆਂ ਦੇ) ਹਰ ਇਕ ਨੂੰ ਹੈ। ਇਸੇ ਤਰਾਂ ਬਜਰ ਕੁਰਿਹਤਾਂ (ਗਲਤੀਆਂ) ਵੀ ਹਰ ਮਨੁੱਖ ਲਈ ਹੀ ਗਲਤ ਹਨ, ਸਿਰਫ ‘ਪਾਹੁਲਧਾਰੀਆਂ’ ਲਈ ਹੀ ਨਹੀਂ।

ਪਾਹੁਲਧਾਰੀ ਅਤੇ ਗੈਰ-ਪਾਹੁਲਧਾਰੀ ਦੋਹਾਂ ਦਾ ਦਰਜਾ ਬਰਾਬਰ ਹੈ। ਇਸ ਕਾਰਨ ਮਨ ਵਿਚ ਵੱਡੇ ਸਿੱਖ ਹੋਣ ਦਾ ਭਰਮ, ਨਫਰਤ, ਵਿਤਕਰੇ  ਜਾਂ ਗਿਲਾਨੀ ਦੀ ਭਾਵਨਾ ਨਹੀਂ ਆਉਣੀ ਚਾਹੀਦੀ।

ਖੰਡੇ ਦੀ ਪਾਹੁਲ ਦੀ ਰਸਮ ਸੰਬੰਧੀ ਕੁਝ ਸੇਧਾਂ

ਮੱਦ: 1.    ਖੰਡੇ ਦੀ ਪਾਹੁਲ ਦੀ ਰਸਮ ਇਕਾਂਤ ਥਾਂ ਤੇ ਹੋਵੇ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਲਾਜ਼ਮੀ ਹੈ। ਇਸ ਕਾਰਜ ਵਾਸਤੇ ਘੱਟੋ-ਘੱਟ 6 ਪਾਹੁਲਧਾਰੀ ਸਿੱਖਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿਚੋਂ ਇਕ ਤਾਬਿਆਂ ਬੈਠ ਕੇ ਚੌਰ ਕਰੇ, ਬਾਕੀ ਪੰਜ ਪਾਹੁਲ ਤਿਆਰ ਕਰਨ। ਇਨ੍ਹਾਂ ਵਿਚੋਂ ਕੋਈ ਵੀ ਫੈਲਣ ਵਾਲੇ ਰੋਗ ਨਾਲ ਗ੍ਰਸਤ ਨਾ ਹੋਵੇ।

ਵਿਆਖਿਆ:        ਇਥੇ ਪੰਜ ਜਾਂ ਛੇ ਦੀ ਗਿਣਤੀ ਕਿਸੇ ਭਰਮ ਹੇਠ ਨਹੀਂ ਰੱਖੀ ਗਈ, ਬਲਕਿ 1699 ਦੀ ਵੈਸਾਖੀ ਲਈ ਆਪਾ ਵਾਰਨ ਲਈ ਪਹੁੰਚੇ ਪਹਿਲੇ ਪੰਜ ਪਿਆਰਿਆਂ ਦੇ ਸਮਰਪਣ ਨੂੰ ਚੇਤੇ ਕਰਨ ਦਾ ਇਕ ਵਸੀਲਾ ਹੈ। ਫੈਲਣ ਵਾਲੇ ਰੋਗ ਵਾਲੇ ਮਨੁੱਖ ਲਈ ਮਨਾਹੀ ਸਿਹਤ ਕਾਰਨਾਂ ਕਰਕੇ ਹੈ, ਕਿਸੇ ਨਫਰਤ ਦੀ ਭਾਵਨਾ ਹੇਠ ਨਹੀਂ।

ਮੱਦ: 2.    ਹਰ ਸਿੱਖ ਬਿਨਾਂ ਕਿਸੀ ਭੇਦ-ਭਾਵ ਦੇ ਖੰਡੇ ਦੀ ਪਾਹੁਲ ਲੈਣ ਦਾ ਹੱਕਦਾਰ ਹੈ, ਬਸ਼ਰਤੇ ਉਹ ਨਿਰਧਾਰਿਤ ‘ਯੋਗਤਾ ਪ੍ਰੀਖਿਆ’ ਪਾਸ ਕਰੇ।

ਵਿਆਖਿਆ:        ਪ੍ਰੀਖਿਆ ਦਾ ਮਕਸਦ ਕੋਈ ਭੇਦ-ਭਾਵ ਕਰਨਾ ਨਹੀਂ, ਬਲਕਿ ਅਯੋਗ ਬੰਦਿਆਂ ਨੂੰ ਅੱਗੇ ਆਉਣ ਤੋਂ ਰੋਕਣ ਦਾ ਇਕ ਯਤਨ ਹੈ। 1699 ਦੇ ਕੌਤਕ ਨਾਲ ਵੀ ਪ੍ਰੀਖਿਆ ਦਾ ਪੱਖ ਜੁੜਿਆ ਹੋਇਆ ਹੈ।

ਮੱਦ: 3.    ਪਾਹੁਲ ਦੇ ਅਭਿਲਾਖੀ ਦੀ ਉਮਰ ਬਹੁਤੀ ਛੋਟੀ ਨਾ ਹੋਵੇ। ਹੋਸ਼ ਸੰਭਾਲੀ ਹੋਵੇ। ਪਾਹੁਲ ਲੈਣ ਸਮੇਂ ਪੰਜ ਕਕਾਰੀ ਵਰਦੀ ਵਿਚ ਹੋਵੇ।

ਵਿਆਖਿਆ:   ਪਾਹੁਲ ਲੈਣ ਦਾ ਮਕਸਦ ਸਮਰਪਣ ਲਈ ਪ੍ਰ੍ਰਣ ਹੈ, ਨਾ ਕਿ ਅਖੌਤੀ ਪਵਿਤ੍ਰ ਹੋਣ ਦੀ ਕੋਈ ਭੇਡਚਾਲੀ ਰਸਮ। ਸੋ ਜ਼ਰੂਰੀ ਹੈ ਕਿ ਇਸ ਵਿਚ ਸ਼ਾਮਿਲ ਹੋਣ ਵਾਲੇ ਸੱਜਣਾਂ ਨੇ ਹੋਸ਼ ਸੰਭਾਲੀ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਪੂਰੀ ਤਿਆਰ ਗਿਆਤ ਹੋਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੇ ਹਨ। ਪੰਜ ਕਕਾਰ ਮਨੁੱਖ ਦੀ ਲੋੜ ਹਨ। ਸੋ ਪਾਹੁਲਧਾਰੀ ਹੋਣ ਦੇ ਚਾਹਵਾਨ ਸੱਜਣਾਂ ਕੌਲ ਇਹ ਹੋਣੇ ਜ਼ਰੂਰੀ ਹਨ।

ਮੱਦ: 4.    ਕਿਸੇ ਨੇ ਪਹਿਲਾਂ ਪਾਹੁਲ ਲੈ ਕੇ ਕੋਈ ਬਜਰ ਕੁਰਹਿਤ ਕੀਤੀ ਹੋਵੇ ਤਾਂ ਉਹ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ, ਨੇਕ ਨੀਅਤ ਨਾਲ ਪਛਤਾਵਾ ਕਰਦਾ ਹੋਇਆ, ਗਲਤੀ ਦੁਬਾਰਾ ਦਾ ਦੁਹਰਾਉਣ ਦਾ ਪ੍ਰਣ ਕਰੇ। ਮੁੜ ਪਾਹੁਲ ਲੈਣ ਲਈ ਉਸ ਨੂੰ ਦੁਬਾਰਾ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਣ ਦੀ ਲੋੜ ਨਹੀਂ ਹੈ।

ਵਿਆਖਿਆ:        ਬਜਰ ਕੁਰਿਹਤ (ਗਲਤੀ) ਕਰਨ ਵਾਲਾ ਕਿਧਰੇ ਵੀ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਦੁਬਾਰਾ ਭੁੱਲ ਨਾ ਕਰਨ ਦਾ ਪ੍ਰਣ ਲੈ ਲਵੇ। ਸਿਰਫ ਇਸ ਕੰਮ ਲਈ ਇਸ ਰਸਮ ਵਿਚ ਮੁੜ ਸ਼ਾਮਿਲ ਹੋਣ ਦੀ ਲੋੜ ਨਹੀਂ ਹੈ। ਪਾਹੁਲ ਜੀਵਨ ਵਿਚ ਇਕੋ ਵਾਰ ਹੀ ਛੱਕੀ ਜਾ ਸਕਦੀ ਹੈ।

ਮੱਦ: 5.    ਪਾਹੁਲ ਛਕਾਉਣ ਵਾਲੇ ਸਿੰਘ/ਸਿੰਘਣੀਆਂ ਵਿਚੋਂ ਕੋਈ ਇਕ ਚਾਹਵਾਣਾਂ ਨੂੰ ਪਾਹੁਲ ਦਾ ਸੰਕਲਪ ਸਮਝਾਏ। ਉਹ ਸਾਰੇ ਚਾਹਵਾਣਾਂ ਤੋਂ ਉਨ੍ਹਾਂ ਦੀ ਰਜ਼ਾਮੰਦੀ ਇਕ ਵਾਰ ਫੇਰ ਪੁੱਛੇ। ਜੇ ਕਿਸੇ ਚਾਹਵਾਣ ਨੂੰ ਕੋਈ ਸ਼ੰਕਾ ਹੈ ਤਾਂ ਉਸ ਦੀ ਨਵਿਰਤੀ ਕੀਤੀ ਜਾਵੇ।

ਵਿਆਖਿਆ:  ਪਾਹੁਲ ਲੈਣ ਦੇ ਚਾਹਵਾਨ ਨੂੰ ਇਸ ਦੀ ਮੂਲ ਭਾਵਨਾ ਦੀ ਜਾਨਕਾਰੀ ਹੋਣਾ ਜ਼ਰੂਰੀ ਹੈ। ਰਜ਼ਾਮੰਦੀ ਪੁੱਛਣੀ ਇਸ ਲਈ ਜਰੂਰੀ ਹੈ ਕਿ ਕੋਈ ਕਿਸੇ ਦਬਾਅ ਹੇਠ ਜਾਂ ਹੋਰ ਕਾਰਨ ਕਰਕੇ ਨਾ ਆਇਆ ਹੋਵੇ ਬਲਕਿ ਸਵੈ-ਇੱਛੁਕ ਹੋਵੇ। ਪਾਹੁਲ ਲੈਣ ਤੋਂ ਪਹਿਲਾਂ ਕਿਸੇ ਦਾ ਜੇ ਕੋਈ ਸ਼ੰਕਾ ਹੈ ਤਾਂ ਉਸ ਨੂੰ ਸਪਸ਼ਟ ਕਰਨਾ ਵੀ ਜਰੂਰੀ ਹੈ।

ਮੱਦ: 6.   ਬਾਟੇ ਵਿਚ ਲੋੜ ਅਨੁਸਾਰ ਸਾਫ ਜਲ ਪਾ ਕੇ ਅਤੇ ਪਤਾਸੇ ਪਾ ਕੇ ਪੰਜ ਪਾਹੁਲਧਾਰੀ ਬਾਟੇ ਦੇ ਇਰਦ ਗਿਰਦ ਬੈਠ ਜਾਣ। ਪੰਜੇ ਮਿਲ ਕੇ ਇਕਾਗਰਚਿੱਤ ਹੋ ਕੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪਹਿਲੇ 13 ਪੰਨਿਆਂ ਤੇ ਅੰਕਿਤ ਮੂਲ ਸਿਧਾਂਤਾਂ ਨੂੰ ਸਪਸ਼ਟ ਕਰਦੀਆਂ ਬਾਣੀਆਂ (ਜਪੁ, ਸੋਦਰੁ, ਸੋ ਪੁਰਖ, ਸੋਹਿਲਾ) ਪੜਣ। ਜਲ ਵਿਚ ਖੰਡਾ ਵੀ ਫੇਰੀ ਜਾਣ। ਅਭਿਲਾਖੀਆਂ ਸਮੇਤ ਸਾਰੇ ਹਾਜ਼ਰੀਨ ਇਕਾਗਰਚਿੱਤ ਹੋ ਕੇ ਬਾਣੀ ਨੂੰ ਸੁਨਣ।

ਵਿਆਖਿਆ:  ਮੌਜੂਦਾ ਸਮੇਂ ਪੰਥ ਵਿਚ ਪ੍ਰਚਲਿਤ ਖੰਡੇ ਦੀ ਪਾਹੁਲ ਦੀ ਰਸਮ ਵਿਚ ਗੁਰਬਾਣੀ ਦੇ ਨਾਲ ਨਾਲ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੀਆਂ ਕੁਝ ਰਚਨਾਵਾਂ ਦੇ ਪਾਠ ਕਰਨ ਦੀ ਮਿਲਗੋਭਾ (ਮਨਮੱਤ) ਪਰੰਪਰਾ ਹੈ। ਉਸ ਸਮੇਂ ਦੇ ਸਾਰੇ ਇਤਿਹਾਸਿਕ ਸ੍ਰੋਤ ਇਸ ਪ੍ਰਤੀ ਆਪਾ-ਵਿਰੋਧ ਰੱਖਦੇ ਹਨ। ਇਸ ਲਈ ਇਸ ਰਸਮ ਵੇਲੇ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੇ ਪਹਿਲੇ 13 ਪੰਨਿਆਂ ਤੇ ਦਰਜ਼ ਬਾਣੀ ਦਾ ਹੀ ਵਿਚਾਰਮਈ ਪਾਠ ਹੋਣਾ ਚਾਹੀਦਾ ਹੈ। ਵਿਚਾਰਮਈ ਤੋਂ ਭਾਵ ਹੈ ਪਾਠ ਕਰਦੇ/ਸੁਣਦੇ ਇਕਾਗਰਤਾ ਉਸ ਦੇ ਭਾਵ ਅਰਥਾਂ (ਸੰਦੇਸ਼) ਵੱਲ ਹੋਵੇ।

ਮੱਦ: 7.    ਉਪਰੰਤ ਇਕ ਇਕ ਅਭਿਲਾਖੀ ਨੂੰ, ਬਿਨਾਂ ਕਿਸੇ ਵਿਤਕਰੇ ਦੇ, ਵਾਰੀ ਵਾਰੀ ਪਾਹੁਲ ਦੇ ਕੁਝ ਚੂਲ੍ਹੇ ਛਕਾਏ ਜਾਣ ਅਤੇ ਇਕੋ ਬਾਟੇ ਵਿਚੋਂ ਦੋ ਵਾਰ ਘੁੱਮਾ ਕੇ ਛਕਾਏ ਜਾਣ।

ਵਿਆਖਿਆ:        ਇਕੋ ਬਾਟੇ ਵਿਚੋਂ ਘੁਮਾ ਕੇ ਛਕਾਉਣ ਦਾ ਮਕਸਦ ਕਿਸੇ ਦੇ ਮਨ ਵਿਚਲੇ ਛੂਤ-ਛਾਤ ਦੇ ਭਾਵ ਨੂੰ ਵਿਵਹਾਰ ਵਿਚ ਦੂਰ ਕਰਨ ਦਾ ਉਪਰਾਲਾ ਹੈ। ਚੂਲਿਆਂ ਨੂੰ ਪੰਜ ਦੀ ਗਿਣਤੀ ਦਾ ਭਰਮ ਵੀ ਗਲਤ ਹੈ।

 ਮੱਦ: 8.    ਇਸ ਉਪਰੰਤ ਇਸ ਕਾਰਜ ਦੀ ਸੰਪੂਰਨਤਾ ਦੀ ਸਮਝੀ ਜਾਵੇ। ਉਪਰੰਤ ਸਾਰੇ ਰਲ ਮਿਲ ਕੜਾਹ/ਲੰਗਰ ਛੱਕਣ।

ਵਿਆਖਿਆ:  ਰਸਮ ਦੀ ਸਮਾਪਤੀ ਤੇ ਕੜਾਹ ਜਾਂ ਲੰਗਰ ਰਲ ਮਿਲ ਕੇ ਛਕਿਆ ਜਾਵੇ। ਰਲ ਮਿਲ ਕੇ ਤੋਂ ਭਾਵ ਆਪਸੀ ਸਾਂਝ ਵਧਾਉਣ ਲਈ ਬਿਨਾ ਕਿਸੇ ਭੇਦ-ਭਾਵ ਦੇ ਛਕਿਆ ਜਾਵੇ।

ਕੇਂਦਰੀ ਵਿਵਸਥਾ

ਮੱਦ:        ਕੇਂਦਰੀ ਤੌਰ ਤੇ ਗੁਰਮਤਿ ਇਨਕਲਾਬ ਦੇ ਪਾਂਧੀਆਂ ਦੇ ਕਾਫਲੇ ਦੀ ਅਗਵਾਈ ਲਈ ਇਕ ਕੇਂਦਰੀ ਵਿਵਸਥਾ ਦਾ ਹੋਣਾ ਜ਼ਰੂਰੀ ਹੈ, ਜਿਸ ਦੀ ਸਰਪ੍ਰਸਤੀ ‘ਗੁਣਤੰਤਰ’ ਦੀ ਨੀਂਹ ਤੇ 20-25 ਪਾਹੁਲਧਾਰੀ ਬੁਧੀਜੀਵੀ ਪੰਥਦਰਦੀਆਂ ਦਾ ਇਕ ਪੈਨਲ ਕਰੇ। ਇਸ ਪੈਨਲ ਲਈ ਵੀ ਇਕ ਨਿਸ਼ਚਿਤ ਵਿਧੀ ਵਿਧਾਨ ਗੁਰਮਤਿ ਦੀ ਸੇਧ ਵਿਚ ਹੋਵੇ। ਨਿਸ਼ਚਿਤ ਵਿਧੀ ਵਿਧਾਨ ਦੀ ਸੇਧ ਵਿਚ, ਸਾਰੇ ਕੌਮੀ ਅਦਾਰਿਆਂ ਦੀ ਸੇਵਾ-ਸੰਭਾਲ ਲਈ ਨਿਸ਼ਕਾਮ ਸੇਵਕਾਂ (ਪ੍ਰਬੰਧਕਾਂ) ਦੀ ਨਿਯੁਕਤੀ ਦਾ ਇੰਤਜ਼ਾਮ ਕੀਤਾ ਜਾਵੇ। ਬਜਰ ਕੁਰਹਿਤ ਕਰਨ ਵਾਲਾ ਪ੍ਰਬੰਧਕ ਸੇਵਾ ਤੋਂ ਖਾਰਿਜ਼ ਕੀਤਾ ਜਾਵੇ। ਇਕ ਵਾਰ ਉਹ ਭੁੱਲ ਬਖਸ਼ਾ ਕੇ, ਅੱਗੇ ਤੋਂ ਗਲਤੀ ਨਾ ਦੁਹਰਾਉਣ ਦਾ ਪ੍ਰਣ ਕਰਨ ਤੇ ਦੁਬਾਰਾ ਸੇਵਾ ਵਿਚ ਲਿਆ ਜਾ ਸਕਦਾ ਹੈ। ਦੂਜੀ ਵਾਰ ਬਜਰ ਕੁਰਹਿਤ ਕਰਨ ਵਾਲਾ ਪੱਕੇ ਤੌਰ ਤੇ ਸੇਵਾ ਤੋਂ ਖਾਰਜ ਕੀਤਾ ਜਾਵੇ।

ਵਿਆਖਿਆ: ਪਾਹੁਲਧਾਰੀ ਤੋਂ ਭਾਵ ਗੁਰਮਤਿ ਮਿਸ਼ਨ ਲਈ ਆਪਣੇ ਆਪ ਨੂੰ ਸਮਰਪਣ ਕਰਨ ਵਾਲੇ ਮਨੁੱਖ ਤੋਂ ਹੈ। ਸਮਰਪਿਤ ਮਨੁੱਖ ਹੀ ਜਿੰਮੇਵਾਰੀ ਵੱਧੀਆ ਤਰੀਕੇ ਨਿਭਾਉਣ ਦੇ ਕਾਬਲ ਹੁੰਦਾ ਹੈ। ‘ਅਕਾਲ ਤਖਤ’ ਦੇ ਨਾਮ ਹੇਠ ਮੌਜੂਦਾ ਸਮੇਂ ਸਿੱਖ ਸਮਾਜ ਵਿਚ ਚਲ ਰਹੀ ਕੇਂਦਰੀ ਵਿਵਸਥਾ ਭ੍ਰਿਸ਼ਟ ਹਾਕਮ-ਪੁਜਾਰੀ ਗਠਜੋੜ ਦੀ ਗੁਲਾਮ ਬਣਾ ਦਿਤੀ ਗਈ ਹੈ। ਇਸ ਦੇ ਸੁਧਾਰ ਹੋਣ ਦੀ ਆਸ ਮੱਧਮ ਹੈ। ਇਸ ਨੂੰ ਮੌਜੂਦਾ ਸਰੂਪ ਵਿਚ ਕਿਸੇ ਵੀ ਤਰਾਂ ਦੀ ਮਾਨਤਾ ਦੇਣਾ ਗੁਰਮਤਿ ਅਨੁਸਾਰ ਸਹੀ ਨਹੀਂ ਹੈ, ਕਿਉਂਕਿ ਇਹ ਵਿਵਸਥਾ ਲੰਬੇ ਸਮੇਂ ਤੋਂ ਗੁਰਮਤਿ ਇਨਕਲਾਬ ਦੇ ਪ੍ਰਸਾਰ ਵਿਚ ਸਹਾਇਕ ਹੋਣ ਦੀ ਥਾਂ ਉਸ ਦਾ ਵਿਰੋਧੀ ਦਾ ਰੁੱਖ ਅਪਣਾਉਂਦੀ ਆ ਰਹੀ ਹੈ। ਇਸ ਦਾ ਬਦਲ ਹੋਣਾ ਜ਼ਰੁਰੀ ਹੈ। ਪ੍ਰਮਾਨਿਕ ਸਿੱਖ ਇਤਿਹਾਸ ਵੀ ਇਸ ਗੱਲ ਦੀ ਸਪਸ਼ਟ ਮਿਸਾਲ ਦੇਂਦਾ ਹੈ ਕਿ ਸੁਧਾਰ ਦੀ ਸੀਮਾ ਤੋਂ ਬਾਹਰ ਜਾ ਕੇ ਭ੍ਰਿਸ਼ਟ ਹੋ ਚੁਕੀਆਂ ਵਿਵਸਥਾਵਾਂ ਨੂੰ ‘ਨਾਨਕ ਸਰੂਪਾਂ’ ਨੇ ਬਦਲ ਦਿਤਾ ਜਾਂ ਖਤਮ ਕਰ ਦਿਤਾ, ਬੇਸ਼ਕ ਉਹ ਵਿਵਸਥਾਵਾਂ ਪਹਿਲੇ ਨਾਨਕ ਸਰੂਪਾਂ ਵਲੋਂ ਹੀ ਸ਼ੁਰੂ ਕੀਤੀਆਂ ਹੋਈਆਂ ਸਨ।

ਗੁਰੂ ਦਾ ਪੰਥ

ਮੱਦ:        ਗੁਰਮਤਿ ਦੇ ਰਾਹ ਤੇ ਤੁਰਨ ਵਾਲੇ ਸੱਜਣਾਂ ਦਾ ਸਮੂਹ  ਹੀ ਅਸਲ ਵਿਚ ‘ਗੁਰੂ ਦਾ ਪੰਥ’ (ਜਾਂ ਸੰਖੇਪ ਵਿਚ ਪੰਥ) ਹੈ। ਇਹ ਪੰਥ ਸਾਰੇ ਫੈਸਲੇ ਗੁਰਮਤਿ ਦੀ ਰੋਸ਼ਨੀ ਵਿਚ ਕਰੇ।

ਵਿਆਖਿਆ:        ਨਾਨਕ ਫਲਸਫਾ ਪ੍ਰਮਾਤਮਾ ਦੀ ਬਖਸ਼ਿਸ਼ ਸੱਚ ਦੇ ਗਿਆਨ (ਗੁਰੂ) ਆਧਾਰਿਤ ਜੀਵਨ ਜੀਉਣ ਦਾ ਰਾਹ (ਪੰਥ) ਹੈ। ਇਸ ਰਾਹ ਤੇ ਤੁਰਨ ਦੇ ਇੱਛੁਕ ਸੱਜਣਾਂ (ਸਿੱਖਾਂ) ਦੇ ਸਮੂਹ ਨੂੰ ਗੁਰੂ ਦਾ ਪੰਥ ਕਿਹਾ ਜਾਂਦਾ ਸੀ। ਸਮੇਂ ਨਾਲ ਨਾਨਕ ਫਲਸਫੇ ਨੂੰ ਮਿਲਗੋਭਾ ਬਣਾ ਕੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਦੌਰਾਨ ਇਸ ਨੂੰ ‘ਸ਼ਰੀਰ ਗ੍ਰੰਥ ਵਿਚ, ਆਤਮਾ ਪੰਥ ਵਿਚ’ ਦਾ ਨਾਅਰਾ ਪਾ ਕੇ ‘ਪੰਥ’ ਨੂੰ ਹੀ ‘ਗੁਰੂ’ ਮੰਨਣ ਦਾ ਭੁਲੇਖਾ ਖੜਾ ਕਰ ਦਿਤਾ ਗਿਆ।

ਪੰਥਕ ਪੁਰਬ

ਮੱਦ:        ਜ਼ਿਆਦਾ ਗੁਰਪੁਰਬ ਪੰਥਕ ਏਕਤਾ ਨੂੰ ਨੁਕਸਾਨ ਪਹੁੰਚਾਉਂਦੇ ਹਨ, ਕਰਮਕਾਂਡਾਂ ਵਿਚ ਵਾਧਾ ਕਰਦੇ ਦਿੰਦੇ ਹਨ ਅਤੇ ਬਹੁਤ ਵੱਡੇ ਪੱਧਰ ਤੇ ‘ਕੌਮੀ ਧਨ’ ਦੀ ਬੇਮੁਹਾਰੀ ਵਰਤੋਂ ਦੇ ਰੂਪ ਵਿਚ ਬਰਬਾਦੀ ਦਾ ਕਾਰਨ ਬਣਦੇ ਹਨ।  ਇਕਸਾਰਤਾ ਪੈਦਾ ਕਰਨ ਲਈ ਸਿਰਫ ਤਿੰਨ ਹੀ ਕੌਮੀ ਤਿਉਹਾਰ ਮੰਨੇ ਜਾਣ।

ਵਿਆਖਿਆ:        ਪ੍ਰਮਾਤਮਾ ਦੀ ਮਿਹਰ ਸਦਕਾ ਗੁਰਮਤਿ ਇਨਕਲਾਬ ਦੇ ਮੋਢੀ ਬਾਬਾ ਨਾਨਕ ਜੀ ਸਨ। ਉਨ੍ਹਾਂ ਨੇ ਇਸ ਇਨਕਲਾਬ ਨੂੰ ਪੱਕੇ ਪੈਰੀਂ ਕਰਨ ਦੇ ਮਕਸਦ ਨਾਲ ਆਪਣੇ ਪ੍ਰਚਾਰ ਦੌਰਿਆਂ ਦੌਰਾਣ ਹਮਖਿਆਲੀ ਭਗਤਾਂ ਅਤੇ ਮਹਾਂਪੁਰਸ਼ਾਂ ਦੀ ਬਾਣੀ ਇਕੱਤਰ ਕੀਤੀ ਅਤੇ ਇਸ ਸੰਸਾਰ ਤੋਂ ਵਿਦਾ ਹੋਣ ਤੋਂ ਪਹਿਲਾਂ ਇਸ ਇਨਕਲਾਬ ਦਾ ਯੋਗ ਉਤਰਾਧਿਕਾਰੀ ਚੁਨਣ ਦੀ ਰੀਤ ਤੋਰੀ। ਇਸ ਰਹਿਬਰ ਲੜੀ ਵਿਚ ਬਾਬਾ ਨਾਨਕ ਜੀ ਤੋਂ ਬਾਅਦ 9 ਹੋਰ ਰਹਿਬਰ ਹੋਏ। ਦਸਵੇਂ ਪਾਤਸ਼ਾਹ ਜੀ ਨੇ 1708 ਵਿਚ ਸ਼ਖਸੀ ਅਗਵਾਈ ਦੀ ਰੀਤ ਖਤਮ ਕਰਦੇ ਹੋਇਆਂ ਪੰਥ ਨੂੰ ਹਮੇਸ਼ਾਂ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਅਗਵਾਈ ਦੇ ਅੰਦਰ ਰਹਿਣ ਦਾ ਹੁਕਮ ਦਿਤਾ। ਇਸ ਗ੍ਰੰਥ ਵਿਚ 6 ਨਾਨਕ ਸਰੂਪਾਂ, ਭਗਤਾਂ ਅਤੇ ਮਹਾਂਪੁਰਖਾਂ ਸਮੇਤ ਲਗਭਗ 35 ਮਹਾਂ-ਪੁਰਖਾਂ ਦੀ ਬਾਣੀ ਹੈ।

ਜੇ ਇਕ ਰਹਿਬਰ ਦੇ ਜਨਮ, ਰਹਿਬਰੀ ਧਾਰਨ ਕਰਨ ਅਤੇ ਚਲਾਣੇ ਦੇ ਤਿੰਨ ਦਿਨ ਵੀ ‘ਗੁਰਪੁਰਬ’ ਮੰਨ ਲਈਏ ਤਾਂ ਇਨ੍ਹਾਂ ਦੀ ਗਿਣਤੀ ਤੀਹ ਬਣ ਜਾਂਦੀ ਹੈ। ਇਸ ਤਰਾਂ ਹੋਰ ਮੁੱਖ ਘਟਨਾਵਾਂ ਜੋੜ ਦੇਈਏ ਤਾਂ ਪੁਰਬਾਂ ਦੀ ਗਿਣਤੀ 100 ਤੱਕ ਪਹੁੰਚ ਜਾਂਦੀ ਹੈ ਜਾਂ ਉਸ ਤੋਂ ਵੀ ਵੱਧ। ਨਾ ਤਾਂ ਇਤਨੇ ਪੁਰਬ ਸ਼ਾਇਦ ਯਾਦ ਰੱਖਣੇ ਸੰਭਵ ਹਨ ਨਾ ਹੀ ਮਨਾਉਣੇ। ਇਸੇ ਕਰਕੇ ਪੰਥ ਵਿਚ ਮਨਮਰਜ਼ੀ ਦੇ ਭਾਂਤ ਭਾਂਤ ਦੇ ਪੁਰਬ ਪ੍ਰਚਲਿਤ ਹਨ। ਜ਼ਿਆਦਾਤਰ ਗੁਰਦੁਆਰਿਆਂ ਵਿਚ ਪਹਿਲੇ ਅਤੇ ਦਸਵੇਂ ਰਹਿਬਰ ਦੇ ਪੁਰਬ ਹੀ ਜ਼ਿਆਦਾ ਮਨਾਏ ਜਾਂਦੇ ਹਨ। ਜੋ ਵਿਤਕਰੇ ਵੱਲ ਵੀ ਇਸ਼ਾਰਾ ਕਰਦਾ ਹੈ। ਹਰ ਗੁਰਦੁਆਰੇ ਦੇ ਆਪਣੇ ਮੁੱਖ ਪੁਰਬ ਵੀ ਵੱਖ ਵੱਖ ਹਨ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਬਾਕੀ ਬਾਣੀਕਾਰਾਂ ਦੇ ਪੁਰਬ ਨਾ ਮਨਾਏ ਜਾਣ ਸੰਬੰਧੀ ਵੀ ਕਿੰਤੂ ਉਠਦਾ ਰਿਹਾ ਹੈ।

ਸੋ ਇਕਸਾਰਤਾ ਲਿਆਉਣ ਲਈ ਜ਼ਰੂਰੀ ਹੈ ਕਿ ਸਮੁੱਚਾ ਪੰਥ ਸਾਲ ਵਿਚ ਸਿਰਫ ਤਿੰਨ ਸਾਂਝੇ ਪੁਰਬ ਹੀ ਮਨਾਏ। ਇਹ ਪੁਰਬ ਐਸੇ ਹੋਣੇ ਚਾਹੀਦੇ ਹਨ ਜਿਨ੍ਹਾਂ ਵਿਚ ਸਾਰੀਆਂ ਪ੍ਰਮੁੱਖ ਇਤਿਹਾਸਿਕ ਘਟਨਾਵਾਂ ਸ਼ਾਮਿਲ ਹੋ ਜਾਣ।

ਮੱਦ: 1.        13-15 ਅਪ੍ਰੈਲ : ਨਾਨਕ ਸਰੂਪਾਂ ਅਤੇ ਸਮੂਹ ਬਾਣੀ ਰਚਨਹਾਰਿਆਂ ਨੂੰ ਸਮਰਪਿਤ ਸਾਂਝਾ ਕੌਮੀ ਪੁਰਬ

ਵਿਆਖਿਆ:        ਗੁਰਬਾਣੀ ਰਾਹੀ ਪੈਦਾ ਕੀਤੇ ਗਏ ‘ਗੁਰਮਤਿ ਇਨਕਲਾਬ’ ਦੇ ਮੋਢੀ ਨਾਨਕ ਪਾਤਸ਼ਾਹ ਸਨ। ਸੋ ਉਨ੍ਹਾਂ ਦੇ ‘ਪ੍ਰਕਾਸ਼ ਦਿਵਸ’ ਨੂੰ ਸਮੂਹ ਬਾਣੀ ਰਚਨਹਾਰਿਆਂ ਨੂੰ ਸਮਰਪਿਤ ਦਿਵਸ ਵਜੋਂ ਮਨਾਇਆ ਜਾਵੇ।

ਮੱਦ: 2.    01-03 ਸਿਤੰਬਰ : ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਪੁਰਬ

ਵਿਆਖਿਆ:        ਦਸ਼ਮੇਸ਼ ਪਾਤਸ਼ਾਹ ਜੀ ਵਲੋਂ ਰਹਿੰਦੀ ਦੁਨੀਆਂ ਤੱਕ ਮਨੁੱਖਤਾ ਦੀ ਅਗਵਾਈ ਲਈ ਪੰਥ ਨੂੰ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੀ ਸੇਧ ਦੇ ਤਾਬਿਆਂ ਕੀਤਾ ਗਿਆ। ਇਸ ਲਈੋ ਦੂਜਾ ਪੁਰਬ ਇਸ ਗ੍ਰੰਥ ਦੀ ਪਹਿਲੀ ਸੰਪਾਦਨਾ ਦੇ ਲਾਸਾਣੀ ਇਤਿਹਾਸਕ ਯਾਦ ਨੂੰ ਸਮਰਪਿਤ ਮਨਾਇਆ ਜਾਵੇ।

ਮੱਦ: 3.    20-22 ਦਿਸੰਬਰ : ਸੱਚ ਲਈ ਸ਼ਹੀਦ ਹੋਏ ਸਮੂਹ ਮਹਾਂਪੁਰਖਾਂ ਨੂੰ ਸਮਰਪਿਤ ਸਾਂਝਾ ਕੌਮੀ ਪੂਰਬ           

ਵਿਆਖਿਆ:        ਗੁਰਮਤਿ ਇਨਕਲਾਬ ਦੇ ਇਤਿਹਾਸ ਵਿਚ ਬਾਬਾ ਨਾਨਕ ਜੀ, ਬਾਕੀ ਨੌ ਰਹਿਬਰਾਂ , ਸਮੂਹ ਬਾਣੀ ਰਚਨਹਾਰਿਆਂ, ਬਾਣੀ ਦੇ ਸੰਗ੍ਰਹ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਅਦ ਸਭ ਤੋਂ ਵੱਧ ਮਹੱਤਵ ਸੱਚ ਲਈ ਹੋਈਆਂ ਸ਼ਹਾਦਤਾਂ ਦਾ ਹੈ। ਇਨ੍ਹਾਂ ਵਿਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਮਿਸਾਲ ਸੰਸਾਰ ਵਿਚ ਲਾਸਾਣੀ ਹੈ। ਸੋ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਨਾਲ ਜੋੜ ਕੇ ਮਾਨਵਤਾ ਲਈ ਕੁਰਬਾਣ ਹੋਏ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਤੀਜਾ ਪੁਰਬ ਮਨਾਉਣਾ ਚਾਹੀਦਾ ਹੈ।

4.  ਮੱਦ:     ਇਨ੍ਹਾਂ ਕੌਮੀ ਤਿਉਹਾਰਾਂ (ਪੁਰਬਾਂ) ਨੂੰ ਗੁਰਮਤਿ ਦੀ ਰੋਸ਼ਨੀ ਵਿਚ ਮਨਾਉਣ ਦੀਆਂ ਸੇਧਾਂ ਕੇਂਦਰੀ ਤੌਰ ਤੇ ਜਾਰੀ ਕੀਤੀਆਂ ਜਾਣ।

ਵਿਆਖਿਆ:  ਇਕਸਾਰਤਾ ਅਤੇ ਸੁਚੱਜੇ ਢੰਗ ਨਾਲ ਇਨ੍ਹਾਂ ਪੁਰਬਾਂ ਨੂੰ ਮਨਾਉਣ ਲਈ ਕੇਂਦਰੀ ਤੌਰ ਤੇ ਸੇਧਾਂ ਦਾ ਹੋਣਾ ਬਹੁਤ ਜਰੂਰੀ ਹੈ। ਇਨ੍ਹਾਂ ਦੀ ਘਾਟ ਕਾਰਨ ਭਾਂਤ ਭਾਂਤ ਦੇ ਆਡੰਬਰ, ਕਰਮਕਾਂਡ ਅਤੇ ਹੋਰ ਮਨਮੱਤਾਂ ਇਨ੍ਹਾਂ ਪੁਰਬਾਂ ਦਾ ਹਿੱਸਾ ਬਣ ਸਕਦੀਆਂ ਹਨ।

ਗੁਰਮਤਿ ਜੀਵਨ ਸੇਧਾਂ ਦੀ ਪੜਚੋਲ/ਸੋਧ

ਮੱਦ:        ਇਕ ਨਿਸ਼ਚਿਤ ਸਮੇਂ (20 ਸਾਲ) ਬਾਅਦ ਲੋੜ ਅਨੁਸਾਰ, ਗੁਰਮਤਿ ਦੀ ਰੋਸ਼ਨੀ ਵਿਚ, ਗੁਰਮਤਿ ਜੀਵਨ ਸੇਧਾਂ ਦੇ ਇਸ ਦਸਤਾਵੇਜ਼ ਦੀਆਂ ਮੱਦਾਂ ਦੀ ਪੜਚੋਲ ਉਪਰੰਤ ਸੋਧ ਕੀਤੀ ਜਾ ਸਕਦੀ ਹੈ।

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥  (ਮਹਲਾ 1, ਪੰਨਾ 61)

ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥  (ਮਹਲਾ 1, ਪੰਨਾ 1344)

ਵਿਆਖਿਆ:        ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ ਦਰਜ ਗੁਰਬਾਣੀ ਗੁਰਮਤਿ ਇਨਕਲਾਬ ਦਾ ਧੁਰਾ ਹੈ, ਜੋ ਅਟੱਲ ਅਤੇ ਅ-ਬਦਲ ਹੈ। ਪਰ ਉਸ ਦੀ ਰੋਸ਼ਨੀ ਵਿਚ ਤਿਆਰ ਕੀਤੀਆਂ ਗਈਆਂ ‘ਗੁਰਮਤਿ ਜੀਵਨ ਸੇਧਾਂ ਦੇ ਮੁੱਖ ਨੁਕਤੇ’ ਦਸਤਾਵੇਜ ਮਨੁੱਖਾਂ ਦੀ ਗੁਰਬਾਣੀ ਸਮਝ ਅਨੁਸਾਰ ਤਿਆਰ ਕੀਤਾ ਗਿਆ ਹੈ। ਸੋ ਸੰਭਵ ਹੈ ਕਿ ਇਸ ਵਿਚ ਕੁਝ ਕਮੀ ਰਹਿ ਸਕਦੀ ਹੈ। ਸੋ ਇਕ ਨਿਸ਼ਚਿਤ ਸਮੇਂ (20 ਸਾਲ) ਬਾਅਦ ਇਸ ਦੀ ਫਿਰ ਪੜਚੋਲ ਕੀਤੀ ਜਾਇਆ ਕਰੇ ਤਾਂ ਕਿ ਸਾਹਮਣੇ ਆਈਆਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਉਸ ਸਮੇਂ ਤੱਕ ਜੇ ਕੋਈ ਵੀ ਆਪਣੇ ਵਿਚਾਰ ਭੇਜ ਸਕਦਾ ਹੈ, ਜਿਨ੍ਹਾਂ ਨੂੰ ਸਾਂਭ ਕੇ ਰੱਖਿਆ ਜਾਵੇ ਅਤੇ ਅਗਲੀ ਪੜਚੋਲ ਸਮੇਂ ਉਨ੍ਹਾਂ ਨੂੰ ਵੀ ਪੜਚੋਲ ਵਿਚ ਸ਼ਾਮਿਲ ਕੀਤਾ ਜਾਵੇ।

ਇਕ ਨਿਸ਼ਚਿਤ ਸਮੇਂ ਬਾਅਦ ਲੋੜ ਅਨੁਸਾਰ, ਗੁਰਮਤਿ ਦੀ ਰੋਸ਼ਨੀ ਵਿਚ, ਗੁਰਮਤਿ ਜੀਵਨ ਸੇਧਾਂ ਦੇ ਇਸ ਦਸਤਾਵੇਜ਼ ਦੀਆਂ ਮੱਦਾਂ ਦੀ ਪੜਚੋਲ ਉਪਰੰਤ ਸੋਧ ਕੀਤੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top