Share on Facebook

Main News Page

ਪੰਥ ਦਰਦੀਓ, ਦੇਖਿਉ ਕਿਤੇ ਏਕਤਾ ਨਾ ਹੋ ਜਾਵੇ...!

- ਸਤਿੰਦਰਜੀਤ ਸਿੰਘ

ਸਿੱਖ ਕੌਮ, ਉਹ ਕੌਮ ਹੈ ਜਿਹੜੀ ਆਪਣੀ ਹੋਂਦ ਦਰਸੁਣ ਲਈ ਬੋਤਾ ਸਿੰਘ-ਗਰਜਾ ਸਿੰਘ ਦੇ ਰੂਪ ਵਿੱਚ ਪਿੱਠ ਜੋੜ ਕੇ ਦੁਸ਼ਮਣ ਨਾਲ ਲੜੀ ਤੇ ਦੁਨੀਆਂ ਨੂੰ ਸਿੱਖਾਂ ਦੇ ਹੋਣ ਦਾ ਅਹਿਸਾਸ ਕਰਵਾਇਆ ਪਰ ਅੱਜ ਉਹਨਾਂ ਹੀ ਸ਼ਹੀਦਾਂ ਦੇ ਵਾਰਿਸ ਪੰਥ ਦਰਦੀ ਵੀ ਅਖਵਾਉਂਦੇ ਹਨ ਤੇ ਨਾਲ ਹੀ ਇੱਕ-ਦੂਸਰੇ ਨਾਲ ਪਿੱਠ ਜੋੜਨ ਦੀ ਬਜਾਏ ਮਿਹਣੋ-ਮਿਹਣੀ ਹੁੰਦੇ ਹਨ, ਲੱਤਾਂ ਖਿੱਚਣ ਵਿੱਚ ਵੀ ਢਿੱਲ ਨਹੀਂ ਕਰਦੇ ਵੈਸੇ ਇਹ ਗੱਲ ਕੋਈ ਨਵੀਂ ਨਹੀਂ ਕਿ ਸਿੱਖ ਪੰਥ ਦੇ ਹਮਦਰਦ ਆਪਸ ਵਿੱਚ ਭਿੜੇ ਹਨ, ਇਹ ਵਰਤਾਰਾ ਹੁਣ ਆਮ ਹੈ। ਛੋਟੀਜਹੀ ਗੱਲ ਨੂੰ ਐਨਾ ਵੱਡਾ ਕਰਕੇ ਪੇਸ਼ ਕਰਦੇ ਹਾਂ ਕਿ, ਵਿਰੋਧ ਦੀ ਲਹਿਰ ਬੁਲੰਦ ਹੋ ਉੱਠਦੀ ਹੈ। ਸਿੱਖਾਂ ਨੂੰ ਖਤਮ ਕਰਨ ਲਈ ਹੁਣ ਦੁਸ਼ਮਣ ਤਾਕਤਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਕਿਉਂਕਿ ਉਹ ਜਾਣਦੇ ਹਨ ਕਿ ਇਹਨਾਂ ਆਪਸ ਵਿੱਚ ਹੀ ਡਹਿ-ਡਹਿ ਮਰ ਜਾਣਾ ਹੈ...! ਸਿੱਖ ਕੌਮ ਦੇ ਵਿਦਵਾਨਾਂ ਅਤੇ ਪੰਥ ਦਰਦੀਆਂ ਦਾ ਹਾਲ ਸੰਤਰੇ ਵਰਗਾ ਹੈ ਜੋ ਦੇਖਣ ਨੂੰ ਇੱਕ ਲੱਗਦਾ ਹੈ ਪਰ ਜਦੋਂ ਛਿੱਲੋ ਤਾਂ ਫਾੜੀਆਂ ਹੀ ਹੁੰਦੀਆਂ ਹਨ, ਦੁਸ਼ਮਣ ਬੱਸ ਛਿੱਲਣ ਦਾ ਕੰਮ ਕਰਦਾ ਹੈ ਬਾਕੀ ਕੰਮ ਅਸੀਂ ਖੁਦ ਸਮਝ ਕੇ ਪੂਰਾ ਕਰ ਦਿੰਦੇ ਹਾਂ।

ਕੋਈ ਇੱਕ ਪੰਥਕ ਧਿਰ ਕੌਮ ਲਈ ਕੁਝ ਚੰਗਾ ਕਰਨ ਦਾ ਯਤਨ ਕਰੇ ਤਾਂ ਦੂਸਰੀ ਕੋਈ ਨਾ ਕੋਈ ਕਮੀ ਲੱਭ ਕੇ ਭੰਢਣ ਲਈ ਤਿਆਰ ਬੈਠੀ ਹੁੰਦੀ ਹੈ। ਇਹ ਗੱਲ ਟੋਰਾਂਟੋ ਵਿੱਚ ਹੋਈ ਵਿਸ਼ਵ ਸਿੱਖ ਕਨਵੈਨਸ਼ਨ ਕਾਰਨ ਹੀ ਨਹੀਂ ਹੋਈ ਪਿਛਲੇ ਸਮੇਂ ਤੇ ਝਾਤੀ ਮਾਰੋ, ਇਹੀ ਕੁਝ ਹੈ। ਨਵੀਂ ਪੀੜ੍ਹੀ ਨੇ ਤਾਂ ਸਰਬੱਤ ਖਾਲਸਾ ਸ਼ਬਦ ਹੀ ਸੁਣਿਆ ਹੈ, ਤੇ ਉਮੀਦ ਹੈ ਕਿ ਇਸਦੀ ਜਾਣਕਾਰੀ ਸ਼ਬਦ ਤੱਕ ਹੀ ਸੀਮਤ ਰਹੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸ਼ਬਦ ਵੀ ਇਤਿਹਾਸ ਵਿੱਚ ਗੁਆਚ ਜਾਵੇਗਾ। ਕੀ ਕਦੇ ਸਰਬੱਤ ਖਾਲਸਾ ਇਕੱਠ ਹੋਇਆ ਕਰਦਾ ਸੀ...? ਇਹ ਗੱਲ ਅੱਜ ਦੇ ਪੰਥ ਦਰਦੀਆਂ ਨੂੰ ਦੇਖ ਕੇ ਤਾਂ ਅਣਹੋਣੀ ਲਗਦੀ ਹੈ। ਪੰਥ ਦੇ ਦਰਦੀ ਇੱਕ ਦੂਸਰੇ ਨੂੰ ਮਿਹਣੇ ਦਿੰਦੇ ਹਨ  ਜਿਵੇਂ ਔਰਤਾਂ ਲਈ ਮਸ਼ਹੂਰ ਹੈ ਕਿ ਮਿਹਣੋ-ਮਿਹਣੀ ਹੁੰਦੀਆਂ ਹਨ, ਇਹ ਪੰਥ-ਦਰਦੀ ਘੱਟ ਪਰ ਸੌਂਕਣਾ ਵੱਧ ਲੱਗਦੇ ਹਨ। ਕਹਿਣ ਨੂੰ ਟੀਚਾ ਇੱਕ, ਮੰਜ਼ਿਲ ਇੱਕ, ਗੁਰੂ ਇੱਕ ਪਰ ਅਸਲੀਅਤ ਵਿੱਚ ਆਪੋ-ਧਾਪੀ ਪਈ ਆ ਸਭ ਨੂੰ। ਚੰਗੇ ਦੀ ਪ੍ਰਸ਼ੰਸ਼ਾ ਕਰਨ ਦੀ ਬਜਾਏ ਕੋਈ ਕਮੀ ਲੱਭ ਕੇ ਭੰਡਣ ਨੂੰ ਵੱਧ ਤਰਜੀਹ ਦਿੰਦੇ ਹਨ ਅੱਜ ਦੇ ਕੌਮ ਹਿਤੈਸ਼ੀ।

ਹਰ ਇੱਕ ਦੀ ਕੋਸ਼ਿਸ਼ ਹੈ ਆਪਣੇ-ਆਪ ਨੂੰ ਸਹੀ ਸਾਬਤ ਕਰਨ ਦੀ,

ਜਿਵੇਂ ਇਹ ਜ਼ਿੰਦਗੀ, ਜ਼ਿੰਦਗੀ ਨਹੀਂ ਕੋਈ ਇਲਜ਼ਾਮ ਹੋਵੇ।

ਇਹੀ ਹਾਲ ਹੈ ਅੱਜ ਕੌਮ ਦੇ ਵਿਦਵਾਨਾਂ ਅਤੇ ਦਰਦੀਆਂ ਦਾ, ਕੋਈ ਲਿਖ ਕੇ ਤੇ ਕੋਈ ਬੋਲ ਕੇ ਆਪਣੇ-ਆਪ ਨੂੰ ਸਹੀ ਤੇ ਦੂਸਰੇ ਨੂੰ ਗਲਤ ਸਾਬਤ ਕਰਨ ਵਿੱਚ ਭੱਜਿਆ ਫਿਰਦਾ ਹੈ ਪਰ ਉਸਦੀ ਇਸ ਦੌੜ ਵਿੱਚ ਪੰਥ ਦਾ ਭਲਾ ਵਰਗੇ ਟੀਚੇ ਤਾਂ ਬਹੁਤ ਪਿੱਛੇ ਰਹਿ ਗਏ ਹਨ। ਮੈਂ ਕੋਈ ਵਿਦਵਾਨ ਜਾਂ ਆਗੂ ਨਹੀਂ, ਇਸ ਸੰਸਾਰ ਸਮੁੰਦਰ ਵਿੱਚ ਇੱਕ ਛੋਟਾ ਜਿਹਾ ਕਿਣਕਾ ਮਾਤਰ ਹਾਂ, ਮੇਰੀ ਪਹਿਚਾਣ ਤਾਂ ਪਿੰਡ ਤੋਂ ਰਿਸ਼ਤੇਦਾਰਾਂ ਤੱਕ ਹੈ ਪਰ ਜਿਹੜੇ ਕੌਮ ਦੇ ਆਗੂ, ਵਿਦਵਾਨ, ਪੰਥ ਦਰਦੀ ਕਹਾਉਣ ਵਾਲੇ ਸੰਸਾਰ ਪੱਧਰ ਤੇ ਪਹਿਚਾਣ ਰੱਖਦੇ ਹਨ ਉਹਨਾਂ ਦਾ ਇਹ ਹਾਲ ਦੇਖ ਕੇ ਤਰਸ ਆਉਂਦਾ ਹੈ ਕੌਮ ਤੇ ਕਿ ਇਸਦਾ ਭਵਿੱਖ ਕੀ ਹੋਵੇਗਾ...? ਯਕੀਨਨ ਉਹੀ ਹੋਵੇਗਾ ਜੋ ਸਿੱਖ ਕੌਮ ਦੀਆਂ ਵਿਰੋਧੀ ਸ਼ਕਤੀਆਂ ਚਾਹੁੰਦੀਆਂ ਹਨ। ਅਸੀਂ ਬੱਸ ਦਾ ਮਤਲਬ ਦੂਜਿਆਂ ਨੂੰ ਸਮਝਾਉਣ ਤੱਕ ਹੀ ਜ਼ੋਰ ਲਾਇਆ ਹੈ, ਖੁਦ ਨਹੀਂ ਸਮਝਦੇ। ਕਹਿੰਦੇ ਹਾਂ ਕਿ ਸਾਡਾ ਗੁਰੂ ਇੱਕ ਹੈ ਪਰ ਕੀ ਉਸ ਗੁਰੂ ਦੀ ਸਿੱਖਿਆ ਹਰ ਇੱਕ ਲਈ ਅਲੱਗ ਹੈ...? ਜੇ ਨਹੀਂ ਤਾਂ ਫਿਰ ਕਿਉਂ ਸਿੱਖ ਵੀ ਇੱਕ ਹੋ ਕੇ ਨਹੀਂ ਚੱਲ ਸਕਦੇ...? ਕਾਰਨ, ਸਾਨੂੰ ਹਊਮੈ ਨੇ ਜਕੜਿਆ ਹੋਇਆ ਹੈ ਤੇ ਅਸੀਂ ਵੀ ਇਹ ਜੱਫਾ ਛੱਡਣ ਨੂੰ ਤਿਆਰ ਨਹੀਂ। ਕਿਸੇ ਨਾਲ ਵੀ ਗੱਲ ਕਰ ਲਉ ਕਹੂ ਮੈਂ ਹੀ ਸਹੀ ਆਂ ਦਲੀਲਾਂ ਦੇ-ਦੇ ਕੇ ਪੇਜ਼ ਭਰ ਦਿੰਦਾ ਪਰ ਵਿੱਚੋਂ ਕੀ ਨਿਕਲਦਾ...? ਇੱਕ ਹੋਰ ਧੜੇਬੰਦੀ।

ਕੌਮ ਵਿਰੋਧੀ ਤਾਕਤਾਂ ਤਾਂ ਬੱਸ ਹੁਣ ਪਿੱਛੇ ਬੈਠ ਕੇ ਸਿੱਖ ਬੁੱਧੀਜੀਵੀਆਂ ਦਾ ਮੈਚ ਦੇਖ ਰਹੀਆਂ ਨੇ ਕਿ ਕਿਹੜਾ ਦੂਸਰੇ ਦੀ ਪਿੱਠ ਲਵਾਉਂਦਾ। ਪਿੱਠ ਕਿਸੇ ਦੀ ਵੀ ਲੱਗੇ, ਅਗਲਿਆਂ ਦੇ ਤਾਂ ਦੋਨੀ ਹੱਥੀਂ ਲੱਡੂ ਨੇ ਤੇ ਇਹ ਲੱਡੂ ਫੜਾਏ ਕਿਸਨੇ...? ਆਪਾਂ ਹੀ ਫੜਾਏ ਨੇ ਕੋਈ ਬਾਹਰੋਂ ਨਹੀਂ ਦੇ ਗਿਆ। ਸਿੱਖਾਂ ਦੀਆਂ ਕਿੰਨੀਆਂ ਪਾਰਟੀਆਂ ਨੇ...? ਗਿਣ ਕੇ ਦੇਖੋ ਥੱਕ ਜਾਉਂਗੇ ਪਰ ਗਿਣਤੀ ਬਾਕੀ ਹੀ ਰਹੂ। ਮੇਰਾ ਕਿਸੇ ਸੰਸਥਾ ਜਾਂ ਜਥੇਬੰਦੀ ਨਾਲ ਸਿੱਧਾ ਸੰਬੰਧ ਨਹੀਂ ਤੇ ਨਾ ਹੀ ਮੈਂ ਕਿਸੇ ਵਿਆਕਤੀ ਵਿਸ਼ੇਸ਼ ਪਿੱਛੇ ਹੀ ਘੁੰਮ ਰਿਹਾ ਹਾਂ। ਮੇਰੇ ਇਸ ਲੇਖ ਨੂੰ ਕਿਸੇ ਗਰੁੱਪ, ਸੰਸਥਾ ਜਾਂ ਜਥੇਬੰਦੀ ਨਾਲ ਜੋੜ ਕੇ ਨਾ ਦੇਖਿਆ ਜਾਵੇ। ਇਹ ਸ਼ਬਦ ਮੇਰੇ ਆਪਣੇ ਨਿੱਜੀ ਹਨ ਜੋ ਪਿਛਲੇ ਸਮੇਂ ਵਿੱਚ ਕੌਮ ਦਰਦੀਆਂ ਦੀ ਖਿੱਚ-ਧੂਹ ਕਾਰਨ ਜ਼ਿਹਨ ਵਿੱਚ ਆਏ। ਪ੍ਰੋ.ਦਰਸ਼ਨ ਸਿੰਘ ਬਹੁਤ ਸਤਿਕਾਰਯੋਗ ਹਨ ਪਰ ਕੌਮੀ ਹਿੱਤਾਂ ਲਈ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ, ਗੁਰਮਤਿ ਦੀ ਗੱਲ ਕਰਨ ਵਾਲੇ ਬਾਕੀ ਸੱਜਣ ਵੀ ਪਰ ਜਿਹੜੀ ਕਾਵਾਂ-ਰੌਲੀ ਟੋਰਾਂਟੋ ਕਾਨਫਰੰਸ ਤੋਂ ਬਾਅਦ ਪਈ ਆ ਉਹ ਗਲਤ ਹੈ, ਇਹ ਨਹੀਂ ਸੀ ਹੋਣਾ ਚਾਹੀਦਾ। ਜੇ ਉਹਨਾਂ ਪ੍ਰੋ.ਦਰਸ਼ਨ ਸਿੰਘ ਨੂੰ ਨਹੀਂ ਬੁਲਾਇਆ ਤਾਂ ਕੀ ਪ੍ਰੋ. ਦਰਸ਼ਨ ਸਿੰਘ ਜੀ ਦਾ ਕੋਈ ਬਿਆਨ ਆਇਆ ਇਸ  ਬਾਬਤ...? ਜੇ ਨਹੀਂ ਤਾਂ ਫਿਰ ਅਸੀਂ ਉਹਨਾਂ ਦੇ ਸਮਰਥਕ ਕਿਉਂ ਲੀੜਿਉਂ ਬਾਹਰ ਹੋਏ ਫਿਰਦੇ ਹਾਂ...? ਕਾਨਫਰੰਸ ਲਈ ਉਹ ਬੁਲਾ ਲੈਂਦੇ ਤਾਂ ਕੋਈ ਗਲਤ ਗੱਲ ਨਹੀਂ ਸੀ। ਇੱਕ ਪਾਸੇ ਕੋਈ ਪਰਿੱਸ ਕਰਨ ਦੀ ਗੱਲ ਕਰਦਾ ਤੇ ਦੂਸਰੇ ਪਾਸੇ ਉਸੇ ਗੱਲ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ, ਕੀ ਇਹ ਸਿੱਖਾਂ ਦੇ ਵਿਦਵਾਨ ਵਰਗ ਨੂੰ ਸ਼ੋਭਾ ਦਿੰਦਾ...? ਕੀ ਇਹ ਕੌਮੀ ਹਿੱਤ ਵਿੱਚ ਹੈ...? ਜੇ ਵਿਦਵਾਨ ਸਿੱਖਾਂ ਦਾ ਇਹ ਹਾਲ ਆ ਤਾਂ ਫਿਲਮਾਂ ਵਿੱਚ ਮਜ਼ਾਕ ਤਾਂ ਬਣਨਾ ਹੀ ਆ।

ਕੱਲ੍ਹ ਹੀ ਫੇਸਬੁੱਕ ਤੇ ਕੁਝ ਪੰਥ ਦਰਦੀਆਂ ਦੀ ਗੱਲਬਾਤ ਪੜ੍ਹੀ, ਉਸਨੂੰ ਪੜ੍ਹ ਕੇ ਹਰ ਕੋਈ ਸਮਝੇਗਾ ਕਿ ਜਾਂ ਤਾਂ ਇਹ ਕੋਈ ਬੱਚੇ ਲੜ ਰਹੇ ਨੇ ਤਾਂ ਜਾਂ ਫਿਰ ਸਿੱਖ ਬੇ-ਅਕਲ ਨੇ। ਇੱਕ ਪਾਸੇ ਤੋਂ ਲਿਖਿਆ ਆਉਂਦਾ ਕਿ ਤੁਹਾਡੇ ਵਰਗੇ ਸਾਡੇ ਕੋਲ 30 ਡਰਾਈਵਰ ਕੰਮ ਕਰਦੇ ਹਨ, ਦੂਸਰੇ ਪਾਸੇ ਤੋਂ ਜਵਾਬੀ ਕਾਰਵਾਈ ਵਿੱਚ ਆਉਂਦਾ ਤੇ ਸਾਡੇ ਕੋਲ 30 ਰਾਗੀ ਹਰ ਵਕਤ ਕੰਮ ਕਰਦੇ ਹਨ ਹੁਣ ਕੀ ਇਹਨਾਂ ਗੱਲਾਂ ਵਿੱਚ ਹਉਮੈ ਨਹੀਂ ਬੋਲਦੀ ਕਿ ਤੁਹਾਡੇ ਵਰਗੇ ਤਾਂ ਅਸੀਂ ਕੰਮ ਤੇ ਰੱਖੇ ਹੋਏ ਹਨ ਤੂੰ ਕੀ ਚੀਜ਼ ਆਂ।

ਮੈਂ ਫਿਰ ਸਪੱਸ਼ਟ ਕਰਦਾਂ ਕਿ ਮੈਂ ਇਹ ਸਭ ਕਿਸੇ ਖਾਸ ਦਾ ਪੱਖ ਪੂਰਨ ਜਾਂ ਦੋਸ਼ੀ ਕਹਿਣ ਲਈ ਨਹੀਂ ਲਿਖਿਆ ਪਰ ਇਹ ਹਾਲ ਦੇਖ ਕੇ ਮਨ ਦੁਖੀ ਹੋਇਆ ਕਿ ਅੱਜ ਦਾ ਸਿੱਖ ਕਿੱਧਰ ਨੂੰ ਤੁਰ ਪਿਆ ਹੈ? ਪੰਥ ਦਰਦੀਓ, ਦੇਖਿਉ ਕਿਤੇ ਸਿੱਖਾਂ ਵਿੱਚ ਏਕਤਾ ਨਾ ਹੋ ਜਾਵੇ ਇਹ ਸੋਚ ਕਦੇ ਵਿਰੋਧੀਆਂ ਨੂੰ ਚੈਨ ਨਹੀਂ ਸੀ ਲੈਣ ਦਿੰਦੀ ਪਰ ਅੱਜ ਉਹ ਬੇ-ਫਿਕਰ ਨੇ। ਅਖੌਤੀ ਸਾਧ ਤੇ ਹੋਰ ਪੰਥ ਵਿਰੋਧੀ ਤਾਕਤਾਂ ਬੇਸ਼ੱਕ ਆਪ ਵੱਖਰੀ-ਵੱਖਰੀ ਵੀਚਾਰਧਾਰਾ ਦੀਆਂ ਹੋਣ ਪਰ ਸਿੱਖਾਂ ਖਿਲਾਫ ਉਹ ਇੱਕ ਨੇ, ਉਹਨਾਂ ਦਾ ਟੀਚਾ ਸਿੱਖਾਂ ਦਾ ਸਰਬਨਾਸ਼ ਹੈ, ਜਿਸਤੇ ਉਹ ਕੇਂਦਰਿਤ ਨੇ। ਉਹ ਇੱਕ-ਦੂਜੇ ਦੀ ਨੁਕਤਾਚੀਨੀ ਕਰਨ ਦੀ ਬਜਾਏ ਸਿੱਖਾਂ ਵਿਰੁੱਧ ਕੀਤੇ ਹਰ ਛੋਟੇ-ਛੋਟੇ ਕੰਮ ਨੂੰ ਵੱਡੇ ਪੱਧਰ ਤੇ ਵਡਿਆਉਂਦੀਆਂ ਹਨ, ਉਹ ਇੱਕ ਦੂਜੇ ਦੀਆਂ ਲੱਤਾਂ ਨਹੀਂ ਖਿੱਚਦੇ ਸਗੋਂ ਸਿੱਖੀ ਦੇ ਗਲ ਚ ਹੱਥ ਪਾਉਣ ਲਈ ਇੱਕ-ਦੂਜੇ ਨੂੰ ਮੋਢਿਆਂ ਤੇ ਚੁੱਕਦੇ ਹਨ। ਆਮ ਸਿੱਖਾਂ ਨੂੰ ਕਿਵੇਂ ਅਤੇ ਕਿਸ ਗੱਲ ਤੇ ਇੱਕ ਕਰੋਂਗੇ...? ਆਮ ਸਿੱਖ ਕਿਸਦੀ ਗੱਲ ਨੂੰ ਸਹੀ ਮੰਨੇ...? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਇੱਕ ਹੋਣ ਦੀ ਗੱਲ ਕਹੋ ਜਾਂ ਉਸਨੂੰ ਮੰਨਣ ਦੀ ਤਾਂ ਇਹ ਸਭ ਨੂੰ ਚੰਗੀ ਤਰ੍ਹਾਂ ਪਤਾ ਕਿ ਡੇਰੇਦਾਰੀ ਪ੍ਰਥਾ ਨੇ ਕਿਵੇਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪਣੇ ਨਾਲ ਜੋੜਿਆ ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹਰ ਸਿੱਖ ਸਮਝ ਲੈਂਦਾ ਤਾਂ ਫਿਰ ਪੰਥ ਦਰਦੀਆਂ ਦਾ ਚੀਕ-ਚਿਹਾੜਾ ਕਦੇ ਨਾ ਪੈਂਦਾ। ਜੇ ਹਰ ਸਿੱਖ ਖੁਦ ਗੁਰੂ ਦੀ ਗੱਲ ਤੇ ਇੱਕ ਹੁੰਦਾ ਤਾਂ ਫਿਰ ਸਿੱਖ ਜਥੇਬੰਦੀਆਂ ਦਾ ਕੀ ਕੰਮ...? ਬੇਨਤੀ ਹੈ ਕਿ ਸਾਰੀਆਂ ਜਥੇਬੰਦੀਆਂ, ਸਾਰੀਆਂ ਧਿਰਾਂ ਲੇਖਾਂ ਜ਼ਰੀਏ ਲੜਨ ਦੀ ਬਜਾਏ ਇੱਕਜੁੱਟ ਹੋਣ ਦਾ ਯਤਨ ਕਰੋ।

ਆਪਸੀ ਗਿਲੇ, ਆਪਸ ਵਿੱਚ ਨਿਪਟਾ ਲਵੋ ਪਰ ਸ਼ਰੇਆਮ ਕੌਮ ਦਾ ਜਲੂਸ ਨਾ ਕੱਢੋ। ਇੱਕ-ਦੂਸਰੇ ਦਾ ਸਹਾਰਾ ਬਣੋ ਨਾ ਕਿ ਵਿਰੋਧੀਆਂ ਨੂੰ ਮਜ਼ਬੂਤ ਕਰਨ ਦਾ ਵਸੀਲਾ। ਬਾਕੀ ਮਰਜ਼ੀ ਤੁਹਾਡੀ ਆ ਕਿਉਂਕਿ ਤੁਸੀਂ ਵਿਦਵਾਨ, ਬੁੱਧੀਜੀਵੀ ਜੋ ਹੋਏ, ਮੇਰੇ ਵਰਗੇ ਆਮ ਜਿਹੇ ਬੰਦੇ ਦੀ ਕੀ ਔਕਾਤ ਕਿ ਤੁਹਾਨੂੰ ਕੁਝ ਕਹੇ ਕਿਉਂਕਿ ਸਾਨੂੰ ਤਾਂ ਡਰ ਹੀ ਹੈ ਕਿ ਕਿਤੇ ਕੱਲ੍ਹ ਨੂੰ ਛਪਣ ਵਾਲੇ ਲੇਖਾਂ ਦਾ ਕੇਂਦਰ ਬਿੰਦੂ ਮੈਂ ਹੀ ਨਾ ਹੋਵਾਂ ਉਮੀਦ ਹੈ ਕਿ ਇਸ ਲੇਖ ਤੋਂ ਬਾਅਦ ਜਵਾਬੀ ਕਾਰਵਾਈ ਕਰਕੇ ਮੈਨੂੰ ਪਸਤ ਕਰਨ ਲਈ ਕਲਮਾਂ ਜ਼ਰੂਰ ਚੱਲਣਗੀਆਂ। ਕਲਮਾਂ ਜ਼ਰੂਰ ਚੱਲਣ ਪਰ ਕੌਮ ਦੇ ਭਲੇ ਲਈ, ਗੁਰਮਤਿ ਪ੍ਰਚਾਰ ਲਈ, ਕਰਮਕਾਂਡ, ਮਨਮਤਿ ਤੇ ਡੇਰਾਵਾਦ ਦੇ ਖਿਲਾਫ ਕੌਮ ਨੂੰ ਜਾਗਰੂਕ ਕਰਨ ਲਈ ਨਾ ਕਿ ਮੇਰੇ ਵਰਗੇ ਆਮ ਬੰਦੇ ਦਾ ਮੂੰਹ ਬੰਦ ਕਰਨ ਲਈ। ਪ੍ਰਮਾਤਮਾ ਸੁਮੱਤ ਬਖਸ਼ੇ ਸਾਨੂੰ ਏਕਤਾ ਦੀ ਸਮਝ ਆ ਜਾਵੇ ਤੇ ਇਸਨੂੰ ਬਣਾਉਣ ਦੀ ਸੋਝੀ ਵੀ। ਜੇ ਸਾਰੇ ਪੰਥ ਦਰਦੀ ਆਪਸੀ ਰੰਜ਼ਿਸ਼ ਅਤੇ ਗਿਲੇ-ਸ਼ਿਕਵੇ, ਪੰਥਕ ਹਿੱਤਾਂ ਅੱਗੇ ਪਾਸੇ ਰੱਖ ਕੇ ਚੱਲਣਗੇ, ਇੱਕ ਹੋ ਕੇ ਚੱਲਣਗੇ ਤਾਂ ਕੌਮ ਦਾ ਭਵਿੱਖ ਗੁਰਮਤਿ ਅਂਸਾਰ ਸੁਨਹਿਰੀ ਹੋਵੇਗਾ ਨਹੀਂ ਤਾਂ ਫਿਰ ਦਿਸਦਾ ਈ ਆ ਕਿ ਕੀ ਹੋਣਾਂ? ਉਮੀਦ ਹੈ ਸਾਰੇ ਪੰਥ ਦਰਦੀ ਇਸਨੂੰ ਉਸਾਰੂ ਰੂਪ ਵਿੱਚ ਲੈਣਗੇ ਕੋਈ ਵੀ ਨਿੱਜੀ ਹਮਲੇ ਵਜੋਂ ਨਹੀਂ ਦੇਖੇਗਾ ਅਤੇ ਨਾ ਹੀ ਇਹ ਕਿਸੇ ਤੇ ਨਿੱਜੀ ਹਮਲਾ ਹੈ।

ਭੁੱਲ-ਚੁੱਕ ਦੀ ਖਿਮਾਂ...!


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top