Share on Facebook

Main News Page

ਸੁਣਨਾ ਅਤੇ ਮੰਨਣਾ
-
ਵਰਿੰਦਰ ਸਿੰਘ

ਜਪੁਜੀ ਵਿੱਚ ਸੁਣਨ ਦੀਆਂ ਚਾਰ ਪਉੜੀਆਂ ਅਤੇ ਮੰਨਣ ਦੀਆਂ ਚਾਰ ਪਉੜੀਆਂ ਆਉਂਦੀਆਂ ਹਨ,ਜੋ ਅਸੀਂ ਸਾਰੇ ਤਕਰੀਬਨ ਰੋਜ਼ ਪੜ੍ਹਦੇ ਹਾਂ ਅਤੇ ਬਹੁਤਿਆਂ ਨੂੰ ਜੁਬਾਨੀ ਯਾਦ ਵੀ ਹੋਣਗੀਆਂ ਪਰ ਕੀ ਅਸੀਂ ਗੁਰੂ ਦੀ ਇਸ ਗੱਲ ਨੂੰ ਮੰਨਿਆ? ਐਤਵਾਰ ਗੁਰਦਵਾਰੇ ਜਾਣਾ ਓਥੇ ਜਾ ਕੇ ਗੁਰਬਾਣੀ ਦਾ ਕੀਰਤਨ ਸੁਣਨਾ, ਗੁਰਬਾਣੀ ਦਾ ਪਾਠ ਸੁਣਨਾ, ਮੁੱਖਵਾਕ ਸੁਣਨਾ, ਲੰਗਰ ਛਕਣਾ ‘ਤੇ ਨਿਬੜ ਗਿਆ ਕੰਮ ਇੱਕ ਹਫਤੇ ਵਾਸਤੇ। ਕੀ ਸੁਣਨ ਦਾ ਏਹੀ ਮਤਲਬ ਸੀ ਗੁਰੂ ਨਾਨਕ ਸਾਹਿਬ ਜੀ ਦਾ? ਨਹੀਂ, ਬਿਲਕੁਲ ਨਹੀਂ ਇਹ ਸੁਣਨਾ ਹਰਗਿਜ਼ ਨਹੀਂ ਹੈ। ‘ਸੁਣਨਾ’ ਆਮ ਬੋਲਣ ਦੀ ਭਾਸ਼ਾ ਵਿਚ ਸਿਰਫ ਕੰਨਾਂ ਵਿੱਚ ਗੱਲ ਪੈਣ ਨੂੰ ਹੀ ਕਹਿੰਦੇ ਹਨ ਫਿਰ ਸਾਡਾ ਉਸ ਗੱਲ ਵੱਲ ਧਿਆਨ ਹੋਵੇ ਜਾਂ ਨਾ ਪਰ ਗੁਰੂ ਜੀ ਦਾ ਜਪੁਜੀ ਵਿੱਚ ਸੁਣਨਾ ਸਿਰਫ ਗੱਲ ਕੰਨਾਂ ਵਿੱਚ ਪੈਣੀ ਨਹੀਂ ਹੈ ਸਗੋਂ ਉਹ ਗੱਲ ਹਿਰਦੇ ਤੱਕ ਪਹੁੰਚਣੀ ਅਤੇ ਦਿਮਾਗ ਵਿੱਚ ਬੈਠਣੀ ਹੈ (That It has been registered)। ਆਓ ਜਪੁਜੀ ਦੀਆਂ ਇਹਨਾਂ ਪਉੜੀਆਂ ਨੂੰ ਵਿਚਾਰੀਏ:

ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥
ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੮॥


ਗੁਰੂ ਦੀ ਸਿਫਤ ਸਲਾਹ ਦੀ ਗੱਲ ਨੂੰ ਸੁਣਨ ਦੀ ਪਹਿਲੀ ਸਟੇਜ ‘ਤੇ ਮਨੁੱਖ ਉੱਚੀ ਆਤਮਿਕ ਅਵਸਥਾ ‘ਤੇ ਪਹੁੰਚ ਜਾਂਦਾ ਹੈ, ਉਹ ਸਿੱਧਾਂ, ਪੀਰਾਂ, ਦੇਵਤਿਆਂ ਅਤੇ ਨਾਥਾਂ ਵਾਲੀ ਪਦਵੀ ਪਾ ਲੈਂਦਾ ਹੈ। ਉਹ ਸਮਝ ਜਾਂਦਾ ਹੈ ਕਿ ਅਕਾਲ ਪੁਰਖ ਸਾਰੇ ਖੰਡਾਂ-ਬ੍ਰਹਮੰਡਾ ਵਿੱਚ ਵਿਆਪਕ ਹੈ ਅਤੇ ਧਰਤੀ ਤੇ ਅਕਾਸ਼ ਦਾ ਆਸਰਾ ਹੈ। ਇਸ ਤਰ੍ਹਾਂ ਹੋਣ ਨਾਲ ਮੌਤ ਦਾ ਡਰ ਉਸ ਦੇ ਦਿਲ ਵਿੱਚੋਂ ਨਿਕਲ ਜਾਂਦਾ ਹੈ। ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ ਅਤੇ ਉਹ ਹਮੇਸ਼ਾਂ ਖੁਸ਼ੀ ਵਿਚ ਰਹਿੰਦਾ ਹੈ।

ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥
ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੯॥

ਦੂਜੀ ਸਟੇਜ ਵਿਚ ਜਿਉਂ-ਜਿਉਂ ਸੁਰਤ ਜੁੜਦੀ ਹੈ ਤਾਂ ਵਿਕਾਰਾਂ ਵਿੱਚ ਫਸਿਆ ਹੋਇਆ ਮਨੁੱਖ ਵੀ ਵਿਕਾਰ ਛੱਡ ਕੇ ਸਿਫਤ-ਸਲਾਹ ਕਰਨ ਵਾਲਾ ਸੁਬਾਅ ਬਣਾ ਲੈਂਦਾ ਹੈ। ਉਹ ਸਮਝ ਜਾਂਦਾ ਹੈ ਕੇ ਕੁ਼ਰਾਹੇ ਪੈ ਕੇ ਗਿਆਂਨ ਇੰਦ੍ਰੇ ਕਿਵੇਂ ਉਸ ਨੂੰ ਪਰਮਾਤਮਾ ਤੋਂ ਦੂਰ ਕਰ ਰਹੇ ਹਨ ਅਤੇ ਇਸ ਨੂੰ ਮਿਟਾਉਣ ਦਾ ਕੀ ਤਰੀਕਾ ਹੈ। ਉਸ ਦੇ ਨਾਮ ਵਿਚ ਜੁੜਿਆਂ ਹੀ ਧਾਰਮਿਕ ਪੁਸਤਕਾਂ ਦਾ ਗਿਆਂਨ ਉਸ ਦੇ ਮਨ ਵਿੱਚ ਖੁੱਲ੍ਹਦਾ ਹੈ।

ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥
ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੦॥

ਤੀਜੀ ਸਟੇਜ ਵਿੱਚ ਉਹ ਸਮਝ ਜਾਂਦਾ ਹੈ ਕੇ ਨਾਮ ਵਿਚ ਸੁਰਤ ਜੋੜਿਆਂ ਹੀ ਮਨ ਵਿਸ਼ਾਲ ਹੁੰਦਾ ਹੈ, ਲੋੜਵੰਦਾਂ ਦੀ ਸੇਵਾ ‘ਤੇ ਸੰਤੋਖ ਵਾਲਾ ਜੀਵਨ ਬਣਦਾ ਹੈ। ਨਾਮ ਵਿਚ ਚੁੱਭੀ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਜਗਤ ਦੇ ਕਿਸੇ ਮਾਣ-ਆਦਰ ਦੀ ਪਰਵਾਹ ਨਹੀਂ ਰਹਿ ਜਾਂਦੀ, ਮਨ ਸਹਜਿ ਅਵਸਥਾ ਵਿੱਚ, ਅਡੋਲਤਾ ਵਿੱਚ, ਮਗਨ ਰਹਿੰਦਾ ਹੈ।

ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥
ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥
ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੧॥

ਸੁਣਨ ਦੀ ਆਖਰੀ ਅਤੇ ਚੌਥੀ ਸਟੇਜ ਵਿਚ ਜਿਉਂ-ਜਿਉਂ ਸੁਰਤਿ ਨਾਮ ਵਿੱਚ ਜੁੜਦੀ ਹੈ, ਮਨੁੱਖ ਰੱਬੀ ਗੁਣਾਂ ਦੇ ਸਮੁੰਦਰ ਵਿੱਚ ਚੁੱਭੀ ਲਾਉਂਦਾ ਹੈ। ਸੰਸਾਰ ਅਥਾਹ ਸਮੁੰਦਰ ਹੈ, ਜਿੱਥੇ ਰੱਬ ਨਾਲੋਂ ਵਿਛੜਿਆ ਹੋਇਆ ਜੀਵ ਅੰਨ੍ਹਿਆਂ ਵਾਂਗ ਹੱਥ ਪੈਰ ਮਾਰਦਾ ਹੈ ਪਰ ਨਾਮ ਵਿੱਚ ਜੁੜਿਆ ਜੀਵ ਜੀਵਨ ਦਾ ਸਹੀ ਰਾਹ ਲੱਭ ਲੈਂਦਾ ਹੈ ।11।

ਇਹ ਤਾਂ ਸਨ ਸੁਣਨ ਦੀਆਂ ਚਾਰ ਸਟੇਜਾਂ ਜਿਸ ਨਾਲ ਸਾਨੂੰ ਪਤਾ ਲੱਗਿਆ ਕਿ ਸੁਣਨ ਵਾਲੇ ਮਨੁੱਖ ਦੀ ਅਵਸਥਾ ਕਿੰਨੀ ਉੱਚੀ ਹੋ ਜਾਂਦੀ ਹੈ ਪਰ ਫਿਰ ਵੀ ਹਾਲੇ ਸਾਨੂੰ ਸਿਰਫ ਰਸਤਾ ਹੀ ਮਿਲਿਆ ਹੈ ‘ਤੇ ਜੇ ਇਸ ਰਸਤੇ ਤੇ ਚੱਲਾਂਗੇ ਨਹੀਂ ਤਾਂ ਮੰਜ਼ਿਲ ਕਦੇ ਵੀ ਨਹੀਂ ਮਿਲ ਸਕਦੀ। ਸੁਣਨ ਦੀ ਅਵਸਥਾ ਤੱਕ ਮਨੁੱਖ ਨੂੰ ਅਥਾਹ ਮਿਹਨਤ ਕਰਨੀ ਪੈਂਦੀ ਹੈ ਤਾਂ ਕਿ ਉਹ ਸਹੀ ਰਸਤੇ ‘ਤੇ ਚੱਲ ਸਕੇ ਪਰ ਮੰਨਣ ਦੀ ਅਵਸਥਾ ਸਹਜ ਵਾਲੀ ਹੋ ਜਾਂਦੀ ਹੈ ਜਿੱਥੇ ਸਾਰਾ ਕੁਝ ਆਪਣੇ-ਆਪ ਹੋਣ ਲੱਗ ਜਾਂਦਾ ਹੈ। ਜੋ ਮਨੁੱਖ ਇਸ ਅਵਸਥਾ ਵਿਚ ਪਹੁੰਚ ਜਾਵੇ ਉਹ ਪ੍ਰਮਾਤਮਾ ਨਾਲ ਇੱਕ-ਮਿੱਕ ਹੋ ਜਾਂਦਾ ਹੈ ਅਤੇ ਉਸ ਦਾ ਹੀ ਰੂਪ ਬਣ ਜਾਂਦਾ ਹੈ। ਆਉ ਇਹਨਾ ਪਉੜੀਆਂ ਨੂੰ ਵਿਚਾਰੀਏ:

ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥
ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥
ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥

ਪਹਿਲੀ ਅਵਸਥਾ ਵਿੱਚ ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਬੇਅੰਤ ਉੱਚਾ ਹੈ। ਉਸ ਦੇ ਨਾਮ ਵਿੱਚ ਸੁਰਤ ਜੋੜ-ਜੋੜ ਕੇ ਜਿਸ ਮਨੁੱਖ ਦੇ ਮਨ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਉਸ ਦੀ ਭੀ ਆਤਮਾ ਮਾਇਆ ਦੀ ਮਾਰ ਤੋਂ ਉਤਾਂਹ ਹੋ ਜਾਂਦੀ ਹੈ।

ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥
ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥
ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥

ਦੂਜੀ ਅਵਸਥਾ ਵਿੱਚ ਪ੍ਰਭੂ-ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿਚ ਚਾਨਣ ਕਰ ਦੇਂਦੀ ਹੈ, ਸਾਰੇ ਸੰਸਾਰ ਵਿਚ ਉਸ ਨੂੰ ਪਰਮਾਤਮਾ ਹੀ ਦਿਸਦਾ ਹੈ। ਉਸ ਨੂੰ ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਦੀਆਂ ਤੇ ਨਾ ਹੀ ਉਸ ਨੂੰ ਮੌਤ ਡਰਾ ਸਕਦੀ ਹੈ।

ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥
ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥
ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥

ਮੰਨੇ ਦੀ ਤੀਜੀ ਅਵਸਥਾ ਵਿੱਚ ਯਾਦ ਦੀ ਬਰਕਤਿ ਨਾਲ ਜਿਉਂ-ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ ਰੂਪ ‘ਧਰਮ’ ਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ। ਹੋਰ ਲਾਂਭ ਦੀਆਂ ਪਗ-ਡੰਡੀਆਂ ਉਸਨੂੰ ਕੁਰਾਹੇ ਨਹੀਂ ਪਾ ਸਕਦੀਆਂ ।

ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥
ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥
ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥

ਮੰਨੇ ਦੀ ਆਖਰੀ ਅਵਸਥਾ ਵਿਚ ਇਸ ਲਗਨ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪਾਈ ਹੋਈ ਸੀ। ਐਸੀ ਲਗਨ ਵਾਲਾ ਬੰਦਾ ਨਿਰਾ ਆਪ ਹੀ ਨਹੀਂ ਬਚਦਾ, ਆਪਣੇ ਪਰਿਵਾਰ ਦੇ ਜੀਆਂ ਨੂੰ ਭੀ ਖਸਮ ਪ੍ਰਭੂ ਦੇ ਲੜ ਲਾ ਲੈਂਦਾ ਹੈ। ਇਹ ਦਾਤ ਜਿਨ੍ਹਾਂ ਨੂੰ ਗੁਰੂ ਤੋਂ ਮਿਲਦੀ ਹੈ ਉਹ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭਟਕਦੇ।

ਬਾਹਰਵੀਂ ਪਉੜੀ ਵਿਚ ਦੋ ਥਾਵਾਂ ਨੂੰ ਛੱਡ ਕੇ ਬਾਕੀ ਸਾਰੇ ਥਾਵਾਂ ਤੇ ‘ਮੰਨੈ’ ਆਇਆ ਹੈ ਇਹਨਾਂ ਦੋਵਾਂ ਵਿੱਚ ਅੰਤਰ ਜਾਨਣਾ ਬਹੁਤ ਜਰੂਰੀ ਹੈ। ‘ਮੰਨੇ’ ਦਾ ਭਾਵ ਹੈ, ‘ਮੰਨੇ ਹੋਏ ਮਨੁੱਖ ਦਾ... ਜਿਵੇਂ ਪਹਿਲੀਆਂ ਚਾਰ ਪਉੜੀਆਂ ਵਿਚ ‘ਸੁਣਿਐ’ ਆਇਆ ਹੈ। ‘ਸੁਣਿਐ’ ਦਾ ਅਰਥ ਹੈ ‘ਸੁਣਨ ਨਾਲ, ਜੇ ਸੁਣ ਲਈਏ’ ਤਿਵੇਂ ‘ਮੰਨੈ’ ਦਾ ਅਰਥ ਹੈ ‘ਮੰਨ ਲੈਣ ਨਾਲ, ਜੇ ਮਨ ਪਤੀਜ ਜਾਏ’।

ਆਉ, ਜਪੁਜੀ ਦਾ ਸਿਰਫ ਹਰ ਰੋਜ਼ ਤੋਤਾ ਰਟਣ ਹੀ ਨਾ ਕਰੀਏ, ਸਮਝਣ ਦਾ ਯਤਨ ਵੀ ਕਰੀਏ ਕਿ ਗੁਰੂ ਸਾਹਿਬ ਸਾਨੂੰ ਕੀ ਹੁਕਮ ਕਰ ਰਹੇ ਹਨ? ਤਾਂ ਹੀ ਹੁਕਮ ਰਜਾਈ ਚੱਲ ਸਕਾਂਗੇ।

ਭੁੱਲ-ਚੁੱਕ ਦੀ ਖਿਮਾਂ।
 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top