Share on Facebook

Main News Page

ਸ੍ਰ. ਜਿਊਣਵਾਲਾ ਜੀ ਸ਼ਾਇਦ ਸਿੱਖਾਂ ਦੇ ਕਛਹਿਰੇ ਪ੍ਰੈੱਸ ਕਰਦੇ ਕਰਦੇ, ਕੋਲ਼ਿਆਂ ਵਾਲੀ ਗਰਮ ਪ੍ਰੈੱਸ ਆਪਣੇ ਹੀ ਪਜਾਮੇ ’ਤੇ ਧਰ ਬੈਠੇ
- ਕਿਰਪਾਲ ਸਿੰਘ ਬਠਿੰਡਾ ਮੋਬ: 9855480797

* ਪ੍ਰੋ: ਧੂੰਦਾ ਜੀ ਨੂੰ ਪੁਜਾਰੀਆਂ ਅੱਗੇ ਪੇਸ਼ ਨਾ ਹੋਣ ਦੀਆਂ ਸਲਾਹਾਂ ਸਿਰਫ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਨੇ ਹੀ ਨਹੀਂ ਦਿੱਤੀਆਂ, ਤੁਹਾਡੇ ਚਹੇਤੇ ਜੋਗਿੰਦਰ ਸਿੰਘ ਸਪੋਕਸਮੈਨ ਨੇ ਵੀ ਦਿੱਤੀਆਂ ਸਨ। ਇਹ ਵੱਖਰੀ ਗੱਲ ਹੈ ਕਿ ਹੁਣ ਉਹ ਦੂਜਿਆਂ ਨੂੰ ਦਿੱਤੀਆਂ ਆਪਣੀਆਂ ਹੀ ਸਲਾਹਾਂ ਨੂੰ ਮਿੱਟੀ ਘੱਟੇ ਰੋਲਦਾ ਹੋਇਆ ਖ਼ੁਦ ਜਾਣ ਲਈ ਤਿਆਰ ਹੈ।

* ਤੁਹਾਡੇ ਲਈ ਸਵਾਲ ਇਹ ਹੈ ਕਿ ਉਹ ਕਿਹੜੇ ਕਾਰਣ ਹਨ ਕਿ ਤੁਸੀਂ ਪ੍ਰੋ: ਦਰਸ਼ਨ ਸਿੰਘ ਦਾ ਤਾਂ ਨਾਮ ਸੁਣਦੇ ਹੀ ਭੁੜਕ ਪੈਂਦੇ ਹੋ, ਪਰ ਜੋਗਿੰਦਰ ਸਿੰਘ ਦਾ ਨਾਮ ਸੁਣਦੇ ਹੀ ਤੁਹਾਡੀ ਕੋਲ਼ਿਆਂ ਵਾਲੀ ਪ੍ਰੈੱਸ ਠੰਢੀ ਠਾਰ ਹੋ ਜਾਂਦੀ ਹੈ।

ਜਦੋਂ ਕੋਈ ਬੁਲਾਰਾ ਬੋਲਦਾ ਹੈ ਜਾਂ ਕੋਈ ਲੇਖਕ ਲਿਖਦਾ ਹੈ ਤਾਂ ਉਸ ਵੱਲੋਂ ਵਰਤੀ ਗਈ ਸ਼ਬਦਾਵਲੀ ’ਚੋਂ ਕੋਈ ਸ਼ਬਦ ਕਿਸੇ ਖਾਸ ਵਿਅਕਤੀ ਨੂੰ ਬਹੁਤ ਬੁਰਾ ਲਗਦਾ ਹੈ ਤੇ ਕਿਸੇ ਦੂਸਰੇ ਨੂੰ ਉਹੀ ਸ਼ਬਦ ਬਹੁਤ ਚੰਗਾ ਲਗਦਾ ਹੈ। ਤੁਸੀਂ ਵੇਖਿਆ ਹੋਣਾ ਹੈ ਕਿ ਮੈਂ ਆਪਣੇ ਲੇਖਾਂ ਵਿੱਚ ਆਮ ਤੌਰ ’ਤੇ ਜਿਸ ਵਿਅਕਤੀ ਦੇ ਵੀਚਾਰਾਂ ਦੀ ਅਲੋਚਨਾ ਕਰਨੀ ਹੋਵੇ ਤਾਂ ਉਸ ਦਾ ਨਾਮ ਸਿੱਧੇ ਤੌਰ ’ਤੇ ਲਿਖ ਦਿੰਦਾ ਹਾਂ। ਇਸ ਲਈ ਮੈਨੂੰ ਕਈ ਸੁਝਾਉ ਆਉਂਦੇ ਰਹਿੰਦੇ ਹਨ ਕਿ ਜਦੋਂ ਕਿਸੇ ਵਿਅਕਤੀ ਦਾ ਸਿੱਧਾ ਨਾਮ ਲਿਖਿਆ ਜਾਂਦਾ ਹੈ ਤਾਂ ਸਬੰਧਤ ਵਿਅਕਤੀ ਨੂੰ ਉਹ ਬਹੁਤ ਚੁਭਦਾ ਹੈ ਇਸ ਲਈ ਕਿਸੇ ਦਾ ਸਿੱਧਾ ਨਾਮ ਲਿਖਣ ਦੀ ਬਜ਼ਾਏ ਇਸ਼ਾਰੇ ਮਾਤਰ ਲਿਖ ਦਿਆ ਕਰੋ। ਇਸ ਤਰ੍ਹਾਂ ਲਿਖਣ ਨਾਲ ਸਮਝਣ ਵਾਲਾ ਵਿਅਕਤੀ ਸਮਝ ਵੀ ਜਾਂਦਾ ਹੈ ਤੇ ਸਬੰਧਤ ਵਿਅਕਤੀ ਵੀ ਇਸ ਨੂੰ ਇਗਨੋਰ ਕਰ ਜਾਂਦਾ ਹੈ। ਉਹ ਸ: ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦੀ ਉਦਾਹਰਣ ਦਿੰਦੇ ਹਨ ਕਿ ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿੱਚ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਅਤੇ ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਦਾ ਸਿੱਧੇ ਤੌਰ 'ਤੇ ਨਾਮ ਲਿਖ ਦਿੱਤਾ ਸੀ ਜਿਸ ਕਾਰਣ ਉਨ੍ਹਾਂ ਦੇ ਸਮਰਥਕ ਇਕਦਮ ਅਫ਼ਗਾਨਾ ਜੀ ਦੇ ਵਿਰੋਧੀ ਹੋ ਗਏ ਤੇ ਆਪਸੀ ਮਤਭੇਦ ਹੋਣ ਦੇ ਬਾਵਯੂਦ ਇਨ੍ਹਾਂ ਵਿਰੁਧ ਇਕੱਠੇ ਹੋ ਗਏ। ਜੇ ਕਦੀ ਉਹ ਸਿੱਧਾ ਨਾਮ ਨਾ ਲਿਖਦੇ ਤਾਂ ਸ਼ਾਇਦ ਇੰਨਾ ਵਿਰੋਧ ਨਾ ਹੁੰਦਾ। ਜੋਗਿੰਦਰ ਸਿੰਘ ਦੇ ਸੁਭਾਉ ਸਬੰਧੀ ਆਪਣਾ ਲੇਖ ਲਿਖਣ ਵੇਲੇ ਮੈਂ ਉਕਤ ਸਲਾਹ ਦੇ ਪ੍ਰਭਾਵ ਹੇਠ ਹੀ ਸ: ਗੁਰਚਰਨ ਸਿੰਘ ਜਿਉਣਵਾਲਾ ਦਾ ਸਿੱਧਾ ਨਾਮ ਲਿਖਣ ਦੀ ਬਜ਼ਾਏ ਉਨ੍ਹਾਂ ਵੱਲ ਇਸ਼ਾਰੇ ਵਜੋਂ ਡਰਾਇਵਰ ਵਿਦਵਾਨ ਲਿਖ ਗਿਆ। ਫੇਸਬੁੱਕ ’ਤੇ ਬੈਠਣ ਵਾਲੇ, ਸ: ਜਿਉਣਵਾਲਾ ਦੇ ਬਹੁਤੇ ਸਮਰਥਕਾਂ ਨੂੰ ਲੇਖ ਵਿੱਚ ਹੋਰ ਕੋਈ ਊਣਤਾਈ ਤਾਂ ਨਹੀਂ ਲੱਭੀ ਪਰ ਉਨ੍ਹਾਂ ਨੂੰ ‘ਡਰਾਇਵਰ’ ਸ਼ਬਦ ਬਹੁਤ ਚੁਭਿਆ ਤੇ ਇਸ ਸ਼ਬਦ ਰਾਹੀਂ ‘ਕਿਰਤ’ ਨੂੰ ਨਿੰਦਣਾ ਦੱਸ ਕੇ ਮੈਨੂੰ ਤੇ ਸ: ਇੰਦਰਜੀਤ ਸਿੰਘ ਕਾਨਪੁਰ ਨੂੰ ਵਿਹਲੜ ਵੀ ਦੱਸਿਆ।

ਇਸ ਲਈ ਸਭ ਤੋਂ ਪਹਿਲਾਂ ਤਾਂ ਮੈਂ ਸ: ਗੁਰਚਰਨ ਸਿੰਘ ਜਿਉਣਵਾਲਾ ਅਤੇ ਉਨ੍ਹਾਂ ਦੇ ਸਾਥੀਆਂ, ਜਿਨ੍ਹਾਂ ਦੇ ਮਨ ਨੂੰ ‘ਡਰਾਇਵਰ’ ਸ਼ਬਦ ਨੇ ਦੁੱਖ ਪਹੁੰਚਾਇਆ, ਉਨ੍ਹਾਂ ਸਾਰਿਆਂ ਤੋਂ ਬਿਨਾਂ ਸ਼ਰਤ ਮੁਆਫੀ ਮੰਗਦਾ ਹਾਂ ਤੇ ਇਸ ਸ਼ਬਦ ਨੂੰ ਵਾਪਸ ਲੈਂਦਾ ਹਾਂ। ਜਿਹੜੀਆਂ ਵੈੱਬ ਸਾਈਟਸ ’ਤੇ ਇਹ ਲੇਖ ਛਪਿਆ ਹੈ ਉਨ੍ਹਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਜੇ ਸੰਭਵ ਹੈ ਤਾਂ ਲੇਖ ਵਿੱਚੋਂ ‘ਡਰਾਇਵਰ’ ਸ਼ਬਦ ਹਟਾ ਲਿਆ ਜਾਵੇ ਤੇ ਜੇ ਕਿਸੇ ਹੋਰ ਵੈੱਬਸਾਈਟ, ਅਖ਼ਬਾਰ ਜਾਂ ਰਸਾਲੇ ਨੇ ਛਾਪਣਾ ਹੈ ਤਾਂ ਉਹ ਇਹ ਸ਼ਬਦ ਕੱਟ ਕੇ ਛਾਪੇ। (Note: Khalsanews.org has deleted word "Driver" from that article)

ਦੂਸਰੀ ਗੱਲ ਹੈ, ਕਿ ਬੇਸ਼ੱਕ ਲਿਖਣ ਵੇਲੇ ਮੈਨੂੰ ਵੀ ਡਰਾਇਵਰ ਸ਼ਬਦ ਜਚਦਾ ਨਹੀਂ ਸੀ ਪਰ ਲਿਖਿਆ ਗਿਆ। ਵੈਸੇ ਇੱਕ ਗੱਲ ਇਹ ਵੀ ਵੀਚਾਰਨ ਵਾਲੀ ਹੈ ਕਿ ਜੇ ਕਿਰਤ ਮਾੜੀ ਨਹੀਂ ਤਾਂ ਕਿਰਤ ਨਾਲ ਸਬੰਧਤ ਕਿੱਤੇਦਾਰ ਦੇ ਨਾਮ ਤੋਂ ਇੰਨੀ ਚਿੜ ਕਿਉਂ? ਮੈਂ ਸਮਝਦਾ ਹਾਂ ਕਿ ਚਿੜ ਸ਼ਬਦ ‘ਡਰਾਇਵਰ’ ਤੋਂ ਨਹੀਂ ਪਰ ਉਸ ਦੀ ਕੀਤੀ ਅਲੋਚਨਾ ਤੋਂ ਹੀ ਹੈ, ਪਰ ਉਸ ਦਾ ਜਵਾਬ ਨਾ ਹੋਣ ਕਰਕੇ ਇਨ੍ਹਾਂ ਨੇ ‘ਡਰਾਇਵਰ’ ਸ਼ਬਦ ਨੂੰ ਚੁੱਕ ਲਿਆ। ਜੇ ਕਦੀ ਇਸ ਲੇਖ ਵਿੱਚ ਸਿਫਤ ਕੀਤੀ ਜਾਂਦੀ ਤਾਂ ਤੁਹਾਨੂੰ ਸ਼ਾਇਦ ਇਹ ਸ਼ਬਦ ਬਿਲਕੁਲ ਨਾ ਚੁਭਦਾ ਸਗੋਂ ਬਹੁਤ ਖੁਸ਼ ਹੋਣਾ ਸੀ ਤੇ ਕਹਿਣਾ ਸੀ- ਜੀ ਇਹ ਪੰਥ ਦੀ ਗੱਡੀ ਦਾ ਡਰਾਵਿਰ ਹੈ, ਬੇੜੇ ਦਾ ਮਲਾਹ ਹੈ! ਇਸ ਦੀ ਗੱਡੀ ਜਾਂ ਬੇੜੀ ਵਿੱਚ ਬੈਠਿਆਂ ਸਾਨੂੰ ਕੋਈ ਖ਼ਤਰਾ ਨਹੀਂ ਕਿ ਇਹ ਸਾਨੂੰ ਗਲਤ ਪਾਸੇ ਲੈ ਜਾਵੇਗਾ, ਆਦਿ ਆਦਿ।

ਤੀਸਰੀ ਗੱਲ ਹੈ ਕਿ ਕੀ ਡਰਾਵਿਰੀ ਕਰਨੀ ਹੀ ਇੱਕਲੀ ਕ੍ਰਿਤ ਹੈ? ਵਾਪਾਰ ਕਰਨਾ ਤੇ ਸਰਕਾਰੀ ਮੁਲਾਜਮਤ ਕਰਨੀ ਕ੍ਰਿਤ ਨਹੀਂ ਹੈ? ਜੇ ਹੈ ਤਾਂ ਉਨ੍ਹਾਂ ਮੁਤਾਬਕ ਮੈਂ ਅਤੇ ਸ: ਇੰਦਰਜੀਤ ਸਿੰਘ ਕਾਨ੍ਹਪੁਰ ਵਾਲੇ ਵਿਹਲੜ ਕਿਵੇਂ ਬਣ ਗਏ? ਮੈਂ ਪੰਜਾਬ ਰਾਜ ਬਿਜਲੀ ਬੋਰਡ ’ਚੋਂ 37 ਸਾਲ ਦੇ ਲੰਬੇ ਸਮੇਂ ਤੱਕ ਸੇਵਾ ਕਰਨ ਉਪ੍ਰੰਤ ਬਤੌਰ ਸਹਾਇਕ ਕਾਰਜਕਾਰੀ ਇੰਜਨੀਅਰ ਦੇ ਰਿਟਾਇਰ ਹੋਇਆ ਹਾਂ ਤੇ ਇਸ ਵੇਲੇ 30 ਹਜਾਰ ਰੁਪਏ ਦੇ ਲੱਗਪਗ ਪੈਨਸ਼ਨ ਲੈ ਰਿਹਾ ਹਾਂ? ਇਸ ਰਕਮ ਨੂੰ ਆਪਣੇ ਗੁਜਾਰੇ ਲਈ ਕਾਫੀ ਸਮਝ ਕੇ ਹੋਰ ਕੋਈ ਕ੍ਰਿਤ ਕਰਨ ਦੀ ਝਾਕ ਛੱਡ ਦਿੱਤੀ ਹੈ ਤੇ ਆਪਣਾ ਸਾਰੇ ਦਾ ਸਾਰਾ ਸਮਾਂ ਆਪਣੇ ਭਾਣੇ ਪੰਥਕ ਹਿੱਤਾਂ ਵਿੱਚ ਲਿਖਤਾਂ ਲਿਖ ਕੇ ਭੇਜਣ ਲਈ ਵਰਤ ਰਿਹਾ ਹਾਂ। ਹੋ ਸਕਦਾ ਹੈ ਕਿ ਕਿਸੇ ਨੂੰ ਆਪਣੀ ਸੋਚ ਮੁਤਾਬਕ ਇਹ ਲਿਖਤਾਂ ਪੰਥ ਦੋਖੀ ਵੀ ਲਗਦੀਆਂ ਹੋਣ ਪਰ ਇਸ ਦਾ ਫੈਸਲਾ ਤਾਂ ਗੁਰੂ ਨੇ ਹੀ ਕਰਨਾ ਹੈ ਕਿ ਮੈਂ ਪੰਥਕ ਹਿੱਤਾਂ ਲਈ ਲਿਖ ਰਿਹਾਂ ਹਾਂ ਜਾਂ ਪੰਥਕ ਨੁਕਸਾਨ ਕਰਨ ਲਈ। ਕੋਈ ਕੱਲਾ ਦੁਕੱਲਾ ਮੈਨੂੰ ਪੰਥ ਦੋਖੀ ਜਾਂ ਦੋਖੀਆਂ ਦੇ ਹੱਥਾਂ ਵਿੱਚ ਖੇਡਣ ਦੇ ਫਤਵੇ ਜਾਰੀ ਨਹੀਂ ਕਰ ਸਕਦਾ। ਇਨ੍ਹਾਂ ਲਿਖਤਾਂ ਲਈ ਅੱਜ ਤੱਕ ਕਿਸੇ ਤੋਂ ਕੋਈ ਪੈਸਾ ਜਾਂ ਸਹੂਲਤ ਨਹੀਂ ਲਈ ਤੇ ਨਾ ਹੀ ਕਿਸੇ ਤੋਂ ਲੈਣ ਦੀ ਝਾਕ ਰੱਖੀ ਹੈ। ਦੂਸਰੇ ਪਾਸੇ ਦੂਜਿਆਂ ਦੀ ਮਿੱਟੀ ਪਲੀਤ ਕਰਕੇ ਬਲੈਕ ਮੇਲਿੰਗ ਰਾਹੀਂ ਇਸ਼ਤਿਹਾਰ ਲੈਣ ਵਾਲੇ ਇਨ੍ਹਾਂ ਦੇ ਚਹੇਤੇ ਸੰਪਾਦਕ ਦੀ ਕਮਾਈ ਤਾਂ ਇਨ੍ਹਾਂ ਵੀਰਾਂ ਨੂੰ ਤੇ ਉਸ ਖ਼ੁਦ ਨੂੰ ਵੀ ਦਸਾਂ ਨਹੁੰਆਂ ਦੀ ਕਮਾਈ ਜਾਪਦੀ ਹੈ ਪਰ ਮੇਰੀਆਂ ਲਿਖਤਾਂ ਇਨ੍ਹਾਂ ਨੂੰ ਵਿਹਲੜ ਵੱਲੋਂ ਲਿਖੀਆਂ ਜਾਪਦੀਆਂ ਹਨ। ਇਹ ਦੂਹਰਾ ਮਿਆਰ ਕਿਉਂ?

ਚੌਥੀ ਗੱਲ ਹੈ ਕਿ ਜਿਨ੍ਹਾਂ ਵੀਰਾਂ ਨੂੰ ਡਰਾਇਵਰ ਸ਼ਬਦ ਚੁਭਿਆ ਹੈ, ਕਦੀ ਉਸ ਵੱਲੋਂ ਵਰਤੀ ਜਾਂਦੀ ਸ਼ਬਦਾਵਲੀ ਵੀ ਚੁਭੀ ਹੈ। ਕਦੀ ਇਸ ਵੱਲੋਂ ਬਜੁਰਗ ਮਿਸ਼ਨਰੀ ਸ: ਸੁਰਜੀਤ ਸਿੰਘ ਨਵੀਂ ਦਿੱਲੀ, ਪ੍ਰੋ: ਦਰਸ਼ਨ ਸਿੰਘ, ਸ: ਜਸਵੀਰ ਸਿੰਘ ਵਿਰਦੀ ਕੈਲਗਰੀ ਤੇ ਅਨੇਕਾਂ ਹੋਰ ਜਿਨ੍ਹਾਂ ਨਾਲ ਇਸ ਦੇ ਵੀਚਾਰਾਂ ਦੀ ਮਾਮੂਲੀ ਭਿੰਨਤਾ ਹੈ ਉਨ੍ਹਾਂ ਪ੍ਰਤੀ ਇਸ ਦੀ ਸ਼ਬਦਾਵਲੀ ਪੜ੍ਹੀ ਸੁਣੀ ਹੈ? ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਵੀਰ ਸ: ਜਿਉਣਵਾਲਾ ਸ਼ਾਇਦ ਸਿੱਖਾਂ ਦੇ ਕਛਹਿਰੇ ਪ੍ਰੈੱਸ ਕਰਦੇ ਕਰਦੇ ਭੁਲੇਖੇ ’ਚ ਕੋਲਿਆਂ ਵਾਲੀ ਗਰਮ ਪ੍ਰੈੱਸ ਆਪਣੇ ਪਜਾਮੇ ’ਤੇ ਹੀ ਧਰ ਬੈਠੇ ਤੇ ਉਹ ਵੀ ਪਹਿਨੇ ਹੋਏ ਪਜਾਮੇ ’ਤੇ ਹੀ। ਜਰੂਰੀ ਸੀ ਕਿ ਇਨ੍ਹਾਂ ਦੇ ਪੱਟ ਨੂੰ ਸਹਿਨਸ਼ਕਤੀ ਤੋਂ ਥੋਹੜਾ ਵੱਧ ਸੇਕ ਤਾਂ ਲੱਗਣਾ ਹੀ ਸੀ, ਇਸ ਲਈ ਇਨ੍ਹਾਂ ਅਤੇ ਇਨ੍ਹਾਂ ਦੇ ਸਾਥੀਆਂ ਦਾ ਚੀਕ ਚਿਹਾੜਾ ਬਿਲਕੁਲ ਵਾਜ਼ਬ ਹੈ। ਹੁਣ ਇਸ ਸੇਕ ਤੋਂ ਬਚਣ ਦਾ ਇੱਕੋ ਇੱਕ ਸਾਧਨ ਹੈ ਕਿ ਗਰਮ ਪ੍ਰੈੱਸ ’ਚੋਂ ਮੱਚ ਰਹੇ ਕੋਲੇ ਬਾਹਰ ਸੁੱਟ ਕੇ ਪ੍ਰੈੱਸ ਨੂੰ ਠੰਡਾ ਕਰੇ।

ਅਸਲ ਵਿੱਚ ਭਾਈ ਜਿਊਣਵਾਲੇ ਨੇ ਸੱਚਮੁੱਚ ਕੋਲਿਆਂ ਵਾਲੀ ਪ੍ਰੈੱਸ ਤਾਂ ਹੱਥ ਵਿੱਚ ਫੜੀ ਨਹੀਂ। ਇਸ ਦੀ ਸ਼ਬਦਾਵਲੀ ਹੀ ਕੋਲਿਆਂ ਵਾਂਗ ਸੜ ਰਹੀ ਹੈ। ਮੈਂ ਆਸ ਕਰਦਾ ਹਾਂ ਕਿ ਭਾਈ ਜਿਊਣਵਾਲਾ ਜੀ ਖ਼ੁਦ ਹੀ ਗੰਭੀਰਤਾ ਨਾਲ ਸੋਚਣ ਤੇ ਇਸ ਦੇ ਸਾਥੀ ਵੀ ਤਮਾਸ਼ਾ ਵੇਖਣ ਲਈ ਇਸ ਦੀ ਪ੍ਰੈੱਸ ਵਿੱਚ ਹੋਰ ਕੋਲੇ ਨਾ ਸੁੱਟੀ ਜਾਣ ਬਲਕਿ ਠੰਡਾ ਕਰਨ ਲਈ ਇਸ ਨੂੰ ਮਨਾਉਣ ਦਾ ਯਤਨ ਕਰਨ ਕਿ ਜਿਨ੍ਹਾਂ ਜਿਨ੍ਹਾਂ ਪ੍ਰਤੀ ਇਸ ਨੇ ਗਲਤ ਸ਼ਬਦਾਵਲੀ ਵਰਤੀ ਹੈ ਉਹ ਸ਼ਬਦ ਵੀ ਵਾਪਸ ਲਵੇ ਤੇ ਉਨ੍ਹਾਂ ਤੋਂ ਮੁਆਫ਼ੀ ਮੰਗੇ, ਤਾ ਕਿ ਜਾਗਰੂਕ ਧਿਰਾਂ ਵਿੱਚ ਵਧ ਰਹੀਆਂ ਤਰੇੜਾਂ ਘਟਣ ਵੱਲ ਮੂੰਹ ਕਰਨ। ਤੁਸੀਂ ਵੇਖਦੇ ਹੋ ਕਿ ਅਖੌਤੀ ਦਸਮਗ੍ਰੰਥ ਦੇ ਸਮਰਥਕਾਂ ਦਾ ਆਪਸ ਵਿੱਚ ਕੁਝ ਵੀ ਸਾਂਝਾ ਨਹੀਂ। ਮਰਿਆਦਾ ਦੇ ਹਰ ਪਹਿਲੂ ’ਤੇ ਉਨ੍ਹਾਂ ਦਾ ਵਖਰੇਵਾਂ ਹੈ ਪਰ ਕਦੀ ਵੀ ਇੱਕ ਦੂਜੇ ਦੀ ਰਹਿਤ ਮਰਿਆਦਾ ਜਾਂ ਸ਼ਬਦਾਵਲੀ ’ਤੇ ਕਿੰਤੂ ਨਹੀਂ ਕਰਦੇ ਤੇ ਸਾਡੇ ਵਿਰੁੱਧ ਸਾਰੇ ਇਕੱਠ ਹਨ। ਗੱਲ ਭਾਵੇਂ ਪ੍ਰੋ: ਦਰਸ਼ਨ ਸਿੰਘ ਜੀ ਦੀ ਹੋਵੇ ਜਾਂ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਦੀ ਉਹ ਪ੍ਰੋ: ਦਰਸ਼ਨ ਸਿੰਘ, ਪ੍ਰੋ: ਧੂੰਦਾ, ਸ: ਗੁਰਬਖ਼ਸ਼ ਸਿੰਘ ਕਾਲ਼ਾ ਅਫ਼ਗਾਨਾ, ਪ੍ਰੋ: ਇੰਦਰ ਸਿੰਘ ਘੱਗਾ, ਸ: ਜਿਊਣਵਾਲਾ, ਆਦਿ ਸਾਰਿਆਂ ਨੂੰ ਇੱਕੋ ਹੀ ਫਿਕਰੇ ਵਿੱਚ ਭੰਡਦੇ ਹਨ। ਪਰ ਇੱਧਰ ਅਸੀਂ ਹਾਂ ਕਿ ਗੱਲ ਭਾਵੇਂ ਕੋਈ ਹੋਵੇ ਪਰ ਅਸੀਂ ਪ੍ਰੋ: ਦਰਸ਼ਨ ਸਿੰਘ ਤੇ ਪ੍ਰੋ: ਧੂੰਦਾ ਨੂੰ ਇੱਕ ਦੂਜੇ ਦੇ ਵਿਰੋਧੀ ਖੜ੍ਹੇ ਕਰਕੇ ਉਨ੍ਹਾਂ ਦੀ ਫੌਜ ਦੇ ਕਮਾਂਡਰ ਬਣਕੇ ਆਪਸ ’ਚ ਲੜਨ ਲਈ ਮੈਦਾਨ ’ਚ ਆ ਡਟਦੇ ਹਾਂ। ਕਈ ਵਾਰ ਜਦੋਂ ਸਾਡਾ ਕੋਈ ਅੰਗ, ਅੱਗ ਜਾਂ ਲਾਲ ਗਰਮ ਲੋਹੇ ਨਾਲ ਲੱਗ ਕੇ ਸੜ ਰਿਹਾ ਹੋਵੇ ਤਾਂ ਉਸ ਸਮੇਂ ਤਕਲੀਫ਼ ’ਚ ਮੂੰਹ ’ਚੋਂ ਬੋਲਣਾ ਤਾਂ ਕੁਝ ਹੋਰ ਹੁੰਦਾ ਹੈ ਪਰ ਨਿਕਲ ਕੁਝ ਹੋਰ ਹੀ ਜਾਂਦਾ ਹੈ।

ਬਿਲਕੁਲ ਉਹੀ ਹਾਲ ਸ: ਜਿਊਣਵਾਲਾ ਦਾ ਹੈ। ਅਪਣੀ ਕੋਲਿਆਂ ਵਾਲੀ ਪ੍ਰੈੱਸ ਤਾਂ ਇਹ ਆਪਣੇ ਹੀ ਪੱਟ ’ਤੇ ਖ਼ੁਦ ਹੀ ਰੱਖ ਬੈਠੇ, ਇਸ ਲਈ ਦਰਦ ਨਾਲ ਚੀਕਦੇ ਹੋਏ ਜੋ ਮੂੰਹ ’ਚੋਂ ਨਿਕਲਦਾ ਹੈ, ਉਹੀ ਕੱਢੀ ਜਾਂਦੇ ਹਨ। ਹੁਣ ਗੱਲ ਤਾਂ ਸਿਰਫ ਐਨੀ ਹੀ ਸੀ ਕਿ ਜੇ ਜਾਗਰੂਕ ਧਿਰਾਂ ਨੇ ਪੰਥਕ ਮਸਲੇ ਵੀਚਾਰਨ ਲਈ ‘ਵਰਲਡ ਸਿੱਖ ਕਨਵੈੱਨਸ਼ਨ’ ਬੁਲਾਈ ਸੀ ਤਾਂ ਇਸ ਜਾਗਰੂਕਤਾ ਲਹਿਰ ਵਿੱਚ ਪ੍ਰੋ: ਦਰਸ਼ਨ ਸਿੰਘ ਦਾ ਉਘਾ ਰੋਲ ਹੈ ਜਿੰਨ੍ਹਾਂ ਨੇ ਪੰਥ ’ਚ ਘੁਸਪੈਠ ਕਰ ਚੁੱਕੀ ਸਭ ਤੋਂ ਵੱਡੀ ਬੀਮਾਰੀ ‘ਪੁਜਾਰੀਵਾਦ’ ਦੇ ਵਿਰੁਧ ਅਤੇ ਗੁਰੂ ਗੰਥ ਸਾਹਿਬ ਜੀ ਦੀ ਸਰਬਉਚਤਾ ਬਹਾਲ ਕਰਵਾਉਣ ਲਈ ਸ਼ਲਾਘਾਯੋਗ ਸਟੈਂਡ ਲਿਆ ਹੈ। ਇਨ੍ਹਾਂ ਵਿੱਚ ਇੱਕ ਹੋਰ ਵਾਧਾ ਹੈ ਕਿ ਜੋ ਸਟੈਂਡ ਇਨ੍ਹਾਂ ਨੇ ਸ਼ੁਰੂਆਤੀ ਸਮੇਂ ’ਚ ਲਿਆ ਉਸ ਤੋਂ ਰੱਤੀ ਭਰ ਵੀ ਪਿਛਾਂਹ ਨਹੀਂ ਹਟੇ ਸਗੋਂ ਕਦਮ ਦਰ ਕਦਮ ਅਗਾਂਹ ਵੱਧ ਰਹੇ ਹਨ। ਜਦੋਂ ਕਿ ਬਾਕੀਆਂ ਦਾ ਕੰਮ ਭਾਂਵੇ ਸ਼ਾਲਾਘਾਯੋਗ ਹੈ, ਮੈਂ ਕਿਸੇ ਦੇ ਕੰਮ ਨੂੰ ਘਟਾ ਕੇ ਨਹੀਂ ਵੇਖਣਾ ਚਾਹੁੰਦਾ, ਪਰ ਕਈ ਵਾਰ ਮੌਕੇ ਮੁਤਾਬਿਕ ਲਚਕੀਲਾਪਨ ਵਿਖਾਉਂਦੇ ਹੋਏ ਉਲਟਬਾਜ਼ੀ ਵੀ ਮਾਰ ਜਾਂਦੇ ਹਨ।

ਸੋ, ਸ: ਇੰਦਰਜੀਤ ਸਿੰਘ ਕਾਨਪੁਰ ਵੱਲੋਂ ਉਠਾਏ ਗਏ ਇਤਰਾਜ ਦਾ ਸਿਰਫ ਇੱਕ ਹੀ ਲਾਈਨ ਵਿੱਚ ਜਵਾਬ ਦੇ ਕੇ ਗੱਲ ਮੁਕਾਈ ਜਾ ਸਕਦੀ ਸੀ, ਕਿ ਪ੍ਰੋ: ਦਰਸ਼ਨ ਸਿੰਘ ਜੀ ਦੀ ਬੈਕਬੋਨ ਦਾ ਅਪਰੇਸ਼ਨ ਹੋਇਆ ਹੋਣ ਕਰਕੇ ਉਹ ਆ ਨਹੀਂ ਸਨ ਸਕਦੇ, ਇਸ ਲਈ ਉਨ੍ਹਾਂ ਨੂੰ ਨਹੀਂ ਬੁਲਾਇਆ। ਪਰ ਜਿਹੜਾ ਆਪਣੇ ਹੀ ਦੁੱਖ ਵਿੱਚ ਕਰਾਹ ਰਿਹਾ ਹੋਵੇ, ਉਸ ਦੇ ਮੂੰਹੋਂ ਠੀਕ ਗੱਲ ਨਿਕਲ ਹੀ ਨਹੀਂ ਸਕਦੀ। ਇਸ ਲਈ ਉਹ ਪ੍ਰੋ: ਦਰਸ਼ਨ ਸਿੰਘ - ਪ੍ਰੋ: ਧੂੰਦਾ ਨੂੰ ਆਹਮੋ ਸਾਹਮਣੇ ਖੜ੍ਹੇ ਕਰਨ ਤੋਂ ਵੀ ਅੱਗੇ ਨਿਕਲ ਕੇ ਕਹਿ ਗਏ ਕਿ ‘‘ਜਦੋਂ ਇੰਦਰ ਸਿੰਘ ਘੱਗਾ ਉਪਰ ਅਕਾਲ ਤਖਤ ਦੇ ਗੁੰਡਿਆਂ ਨੇ ਪਾਬੰਦੀ ਲਾਈ ਸੀ ਤੇ ਪ੍ਰੋ. ਦਰਸ਼ਨ ਸਿੰਘ ਨੇ ਵੀ ਉਹਨਾਂ ਨਾਲ ਸਟੇਜ ਸਾਂਝੀ ਕਰਨ ਤੋਂ ਨਾਂਹ ਕਰ ਦਿੱਤੀ ਸੀ ਤੇ ਸ. ਕਾਲਾ ਅਫਗਾਨਾ ਦੇ ਛੇਕੇ ਜਾਣ ’ਤੇ ਉਹਨਾਂ ਨਾਲੋਂ ਨਾਤਾ ਰੱਖਣ ਤੋਂ ਕੰਨੀ ਕਤਰਾਉਂਦੇ ਸਨ। ਇਸ ਲਈ ਉਨ੍ਹਾਂ ਨੇ ਹੀ ਪ੍ਰੋ: ਦਰਸ਼ਨ ਸਿੰਘ ਨਾਲ ਸਟੇਜ਼ ਸਾਂਝੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।’’

ਸ: ਜਿਊਣਵਾਲਾ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਜਾਂ ਤਾਂ ਇਨ੍ਹਾਂ ਦੀ ਯਾਦਾਸ਼ਤ ਬਹੁਤ ਕਮਜੋਰ ਹੈ ਜਾਂ ਉਨ੍ਹਾਂ ਦੀ ਜਾਣਕਾਰੀ ਬਹੁਤ ਹੀ ਅਧੂਰੀ ਹੈ। ਕਨੇਡਾ ਬਾਰੇ ਤਾਂ ਮੈਨੂੰ ਬਹੁਤੀ ਜਾਣਕਾਰੀ ਨਹੀਂ ਪਰ ਜਦ ਪਟਿਆਲਾ ਵਿਖੇ ਪ੍ਰੋ: ਇੰਦਰ ਸਿੰਘ ਘੱਗਾ ਦੇ ਘਰ ਉਨ੍ਹਾਂ ’ਤੇ ਹਮਲਾ ਹੋਇਆ ਸੀ ਤਾਂ ਪ੍ਰੋ: ਦਰਸ਼ਨ ਸਿੰਘ ਸਭ ਤੋਂ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਹਾਲ ਚਾਲ ਪੁੱਛਿਆ ਤੇ ਹਮਲੇ ਦੀ ਨਿਖੇਧੀ ਕੀਤੀ। ਇਸ ਦੀ ਖ਼ਬਰ ਸਪੋਕਸਮੈਨ ਵਿੱਚ ਵੀ ਛਪੀ ਸੀ ਤੇ ਉਨ੍ਹਾਂ ਦੇ ਘਰ ਪ੍ਰੋ: ਦਰਸਨ ਸਿੰਘ ਦੇ ਬਿਆਨ ਦੀ ਵੀਡੀਓ ਯੂਟਿਊਬ ’ਤੇ ਵੀ ਪਈ ਹੈ।

Click here ro read news when Prof Darshan Singh went to see Prof. Ghagga after attack

ਕਾਲ਼ਾ ਅਫ਼ਗਾਨਾ ਜੀ ਦਾ ਤਾਂ ਆਪਣਾ ਹੀ ਪੱਤਰ ਸਪੋਕਸਮੈਨ ’ਚ ਦੋ ਵਾਰ ਛਪ ਚੁੱਕਾ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਪ੍ਰੋ: ਦਰਸ਼ਨ ਸਿੰਘ ਨੇ ਉਨ੍ਹਾਂ ਨੂੰ ਆਪਣੇ ਘਰ ਬੁਲਾ ਕੇ ਸਿਰੋਪੇ ਵਜੋਂ ਵਸਤਰ ਦਿੱਤੇ ਸਨ। ਫਿਰ ਸ: ਜਿਊਣਵਾਲਾ ਸੋਚੇ ਸਮਝੇ ਬਿਨਾਂ ਹੀ ਜਾਗਰੂਕ ਧਿਰਾਂ ਨੂੰ ਗੁਮਰਾਹ ਕਰਨ ਲਈ ਇਸ ਤਰ੍ਹਾਂ ਦੇ ਬਿਆਨ ਕਿਉਂ ਦਾਗ ਰਹੇ ਹਨ?

ਸ: ਜਿਊਣਵਾਲਾ ਦੇ ਇੱਕ ਹੋਰ ਸਮਰਥਕ ਨੇ ਲਿਖ ਦਿੱਤਾ: ‘‘ਸਤਿਕਾਰ ਯੋਗ ਵੀਰੋ, ਇਹ ਸਮਾਗਮ ਸਿੰਘ ਸਭਾ ਇੰਟਰਨੈਸ਼ਲ ਵੱਲੋਂ ਕੀਤਾ ਗਿਆ ਸੀ। ਇਹ ਕੋਈ ਪਹਿਲਾ ਸਮਾਗਮ ਨਹੀ ਸੀ। ਇਸ ਲਹਿਰ ਦੀ ਬੁਨਿਆਦ 1998 ’ਚ ਰੋਜਵੈਲ ਕੈਲੇਫੋਰੀਅਨ ’ਚ ਰੱਖੀ ਗਈ ਸੀ। ਵੀਰ ਇੰਦਰਜੀਤ ਸਿੰਘ ਕਾਨਪੁਰੀ ਨੂੰ, ਇਸ ਸਮਾਗਮ ’ਤੇ ਨਾਂਹ ਪੱਖੀ ਟਿੱਪਣੀਆਂ ਕਰਨ ਤੋਂ ਪਹਿਲਾਂ, ਪਿਛਲੇ 15 ਸਾਲਾਂ ’ਚ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਹੁੰਦੀ ਤਾਂ ਇਹ ਲੇਖ ਲਿਖਣ ਦੀ ਲੋੜ ਨਹੀ ਸੀ ਪੈਣੀ।’’

ਬਿਨਾਂ ਕੁਝ ਸੋਚੇ ਵੀਚਾਰੇ ਸ: ਜਿਊਣਵਾਲਾ ਨੇ ਲਿਖਿਆ: ‘‘ਧੰਨਵਾਦ ਸਰਬਜੀਤ ਸਿੰਘ ਜੀ ਜੋ ਤੁਸੀਂ ਕਾਨ੍ਹਪੁਰੀ ਜੀ ਦੇ ਸਾਹਮਣੇ ਸ਼ੀਸ਼ਾ ਰੱਖਿਆ ਹੈ। ਇਹਨਾਂ ਦੇ ਭਾਅਦਾ ਤਾਂ ਪ੍ਰੋ. ਜੀ ਤੋਂ ਅੱਗੇ ਉਜਾੜ ਹੈ।’’ ਥੋਹੜੀ ਸੂਝ ਵਾਲਾ ਬੰਦਾ ਵੀ ਸਮਝ ਜਾਂਦਾ ਹੈ ਕਿ ਸਰਬਜੀਤ ਸਿੰਘ ਜੀ ਕੀ ਲਿਖ ਰਹੇ ਹਨ ਪਰ ਸ: ਜਿਊਣਵਾਲਾ ਜੀ ਨੇ ਆਪਣੇ ਧੜੇ ਦੇ ਬੰਦੇ ਦਾ ਨਾਂ ਪੜ੍ਹ ਕੇ ਉਸ ਨੂੰ ਸ਼ਾਬਾਸ਼ ਦਿੰਦਿਆਂ ਉਸ ਦਾ ਧੰਨਵਾਦ ਕਰ ਦਿੱਤਾ। ਸਰਬਜੀਤ ਸਿੰਘ ਦੇ ਲਿਖਣ ਦਾ ਤਾਂ ਭਾਵ ਸੀ ਕਿ ਇਹ ‘ਵਿਸ਼ਵ ਸਿੱਖ ਕਨਵੈਨਸ਼ਨ’ ਨਹੀਂ ਸੀ ਬਲਕਿ ‘ਸਿੰਘ ਸਭਾ ਇੰਟਰਨੈਸ਼ਨਲ ਦਾ ਸਮਾਗਮ’ ਸੀ। ਇਸ ਲਈ ਇਹ ਸਿੰਘ ਸਭਾ ਇੰਟਰਨੈਸ਼ਨਲ ਦੇ ਪ੍ਰਬੰਧਕਾਂ ਦੀ ਮਰਜੀ ਹੈ ਕਿ ਉਹ ਜਿਸ ਨੂੰ ਮਰਜੀ ਹੈ ਬੁਲਾਉਣ ਤੇ ਜਿਸ ਨੂੰ ਮਰਜੀ ਨਾ ਬੁਲਾਉਣ। ਜੇ ਸ: ਜਿਊਣਵਾਲਾ ਜੀ ਇਸ ਨਾਲ ਸਹਿਮਤ ਹਨ ਤਾਂ ਉਹ ਇਸ ਗੱਲ ਦਾ ਜਵਾਬ ਦੇਣ ਕਿ ਇਸ ਸਮਾਗਮ ਦਾ ਨਾਮ ‘ਵਿਸ਼ਵ ਸਿੱਖ ਕਨਵੈਨਸ਼ਨ’ ਕਿਉਂ ਰੱਖਿਆ ਗਿਆ ਸੀ ਤੇ ਮੀਟਿੰਗ ਹਾਲ ਦੇ ਅੰਦਰ ਤੇ ਬਾਹਰ ਇਸ ਨਾਮ ਦੇ ਫਲੈਕਸ ਬੋਰਡ ਕਿਉਂ ਲਾਏ ਗਏ ਸਨ? ਕੀ ਇਹ ਲੋਕਾਂ ਨੂੰ ਧੋਖਾ ਦੇਣ ਲਈ ਸੀ ਕਿ ਉਥੇ ਚੱਲੇਗੀ ਤਾਂ ਸਾਡੀ ਮਰਜੀ, ਪਰ ਸੰਗਤ ਵਜੋਂ ਹਰ ਜਥੇਬੰਦੀ ਨਾਲ ਸਬੰਧਤ ਵਰਕਰ ਤੇ ਆਮ ਸਿੱਖ ਪਹੁੰਚ ਜਾਣ ਤਾਂ ਕਿ ਸ੍ਰੋਤਿਆਂ ਨਾਲ ਹਾਲ ਭਰਿਆ ਭਰਿਆ ਲੱਗੇ ਤੇ ਸਮਾਗਮ ਦੀ ਪੂਰੀ ਪੂਰੀ ਸਫਲਤਾ ਵਿਖਾਈ ਜਾ ਸਕੇ।

ਸਵਾਲ ਇਹ ਉਠਦਾ ਹੈ ਕਿ ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ ਕਿ ਆਪਣੇ ਹੀ ਧੜੇ ਦੇ ਚਾਰ ਬੰਦਿਆਂ ਦੀ ਮੀਟਿੰਗ ਰੱਖ ਲਓ ਤੇ ਉਸ ਦਾ ਨਾਮ ਰੱਖ ਲਓ ‘ਸਿੱਖ ਵਰਲਡ ਕਨਵੈਨਸ਼ਨ’। ਕੀ ਇਹ ਪੰਥਕ ਸ਼ਬਦ ਦੀ ਬੇਕਦਰੀ ਤੇ ਦੁਰਵਰਤੋਂ ਨਹੀਂ? ਪਰ ਹੈਰਾਨੀ ਹੈ ਕਿ ਇਹ ਸ਼ੀਸ਼ਾ ਆਪ ਵੇਖਣ ਦੀ ਬਜ਼ਾਏ ਉਹ ਕਾਨ੍ਹਪੁਰੀ ਜੀ ਨੂੰ ਵਿਖਾ ਰਹੇ ਹਨ। ਕਾਨਪੁਰੀ ਜੀ ਨੇ ਸਮਾਗਮ ’ਤੇ ਨਾਂਹ ਪੱਖੀ ਟਿੱਪਣੀ ਤਾਂ ਕੀਤੀ ਕੋਈ ਨਹੀਂ ਸੀ ਉਹ ਤਾਂ ਸਿਰਫ ਇਹੀ ਕਹਿ ਰਹੇ ਹਨ ਕਿ ਜੇ ਇਹ ਸਮਾਗਮ ‘ਸਿੰਘ ਸਭਾ ਇੰਟਰਨੈਸ਼ਨਲ ਦਾ ਸਮਾਗਮ’ ਸੀ ਤਾਂ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ, ਪਰ ਜੇ ਇਹ ‘ਵਿਸ਼ਵ ਸਿੱਖ ਕਨਵੈਨਸ਼ਨ’ ਸੀ ਤਾਂ ਪ੍ਰੋ: ਦਰਸ਼ਨ ਸਿੰਘ ਸਮੇਤ ਹਰ ਵਰਗ ਦੇ ਸਿੱਖਾਂ ਨੂੰ ਸੱਦਾ ਦੇਣਾ ਚਾਹੀਦਾ ਸੀ। ਅਤੇ ਦੂਸਰੀ ਗੱਲ ਕਿ ਜਾਗਰੂਕ ਧਿਰਾਂ ਵਿਚਕਾਰ ਪਈਆਂ ਵਿਥਾਂ ਨੂੰ ਘਟਾਉਣ ਲਈ ਮਤਾ ਪਾਸ ਕਰਨਾ ਚਾਹੀਦਾ ਸੀ। ਦੱਸੋ ਇਸ ਵਿੱਚ ਕਾਨਪੁਰੀ ਜੀ ਦੀ ਕੀ ਗਲਤੀ ਹੈ ਤੇ ਸ਼ੀਸ਼ਾ ਵੇਖਣ ਦੀ ਕਿਸ ਨੂੰ ਲੋੜ ਹੈ?

ਏਕਤਾ ਦੇ ਸਬੰਧ ਵਿੱਚ ਮੈਂ ਇੱਕ ਗੱਲ ਇਹ ਵੀ ਕਰ ਲਵਾਂ ਕਿ ਜੋਗਿੰਦਰ ਸਿੰਘ ਸਪੋਕਸਮੈਨ ਨਾਲੋਂ ਰੁੱਸੇ ਬੰਦਿਆਂ ਦੀ ਉਸ ਨਾਲ ਏਕਤਾ ਕਰਵਾਉਣ ਲਈ ਤਾਂ ਸ: ਜਿਊਣਵਾਲਾ ਜੀ ਘਰ ਘਰ ਜਾ ਚੱਕੇ ਹਨ। ਮੇਰੇ ਘਰ ਵੀ ਸਤੰਬਰ 2010 ਵਿੱਚ ਆਏ ਸਨ ਤੇ ਮੈਨੂੰ ਕਿਹਾ ਸੀ: ‘‘ਕਿਰਪਾਲ ਸਿੰਘ ਜੀ ਜੇ ਸਪੋਕਸਮੈਨ ਨਾਲ ਕੰਮ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਸ ਵਿਰੁੱਧ ਪ੍ਰਚਾਰ ਕਰ ਕੇ ਨਿੰਦਾ ਵੀ ਨਾ ਕਰੋ।’’
ਮੇਰਾ ਇਨ੍ਹਾਂ ਨੂੰ ਜਵਾਬ ਸੀ: ਸਪੋਕਸਮੈਨ ਵਿਰੁੱਧ ਅੱਜ ਤੱਕ ਮੈਂ ਪ੍ਰਚਾਰ ਕਦੇ ਨਹੀਂ ਕੀਤਾ ਅਤੇ ਨਾ ਹੀ ਸਿਰਫ ਨਿੰਦਾ ਕਰਨ ਲਈ ਕੁਝ ਲਿਖਿਆ ਹੈ। ਪਰ ਜਦੋਂ ਉਹ ਆਪਣੀ ‘ਨਿੱਜੀ ਡਾਇਰੀ’ ਅਤੇ ਸੰਪਾਦਕੀਆਂ ਵਿੱਚ ਆਪਣੇ ਆਪ ਨੂੰ ਸਰਬੋਤਮ ਸਿੱਧ ਕਰਦਾ ਹੋਇਆ ਕਦੇ 9 ਗੁਰੂ ਸਾਹਿਬਾਨ ਦੀ ਹੋਂਦ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ, ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਸਿੱਧ ਕਰਨ ਦੀ ਕੋਸ਼ਿਸ ਕਰਦਾ ਹੈ, ਕਦੀ ਕਹਿੰਦਾ ਹੈ ਜਿਸ ਸ਼ਬਦ ਨੂੰ ਬਾਬਾ ਨਾਨਕ ਨੇ ‘ਗੁਰੂ’ ਕਿਹਾ ਸੀ ਉਹ ਗੁਰੂ ਗ੍ਰੰਥ ਸਾਹਿਬ ’ਚ ਦਰਜ਼ ਹੀ ਨਹੀਂ ਹੈ। ਕਦੀ (ਅਖੌਤੀ) ਦਸਮ ਗ੍ਰੰਥ ਦੀ ਮੰਜੀ ਚੁਕਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵਧਾਉਣ ਦਾ ਬੀੜਾ ਚੁੱਕਣ ਵਾਲੇ ਪ੍ਰੋ. ਦਰਸ਼ਨ ਸਿੰਘ ਦਾ ਅਕਸ਼ ਵਿਗਾੜਨ ਲਈ ਬਿਲਕੁਲ ਝੂਠੀਆਂ ਖ਼ਬਰਾਂ ਲਾ ਕੇ ਵੀ ‘ਸਚੁ ਸੁਣਾਇਸੀ ਸਚ ਕੀ ਬੇਲਾ’ ਤੁਕ ਵਰਤਦਾ ਹੋਇਆ ਲਿਖਦਾ ਹੈ ਕਿ ਜੋ ਉਸ ਨੇ ਲਿਖਿਆ ਹੈ, ਇਹ 16 ਆਨੇ ਸੱਚ ਹੈ। ਸਿਰਫ ਉਸ ਸਮੇਂ ਹੀ ਮੈਂ ਉਸੇ ਦੀਆਂ ਲਿਖਤਾਂ ’ਚੋਂ ਉਸ ਦੇ ਹੀ ਸ਼ਬਦ ਵਰਤ ਕੇ ਉਸ ਨੂੰ ਕੁਝ ਸਵਾਲ ਪੁੱਛਦਾ ਹਾਂ, ਪਰ ‘ਰੋਸੁ ਨ ਕੀਜੈ ਉਤਰੁ ਦੀਜੈ’ ਦੀ ਦਲੀਲ ਦੇਣ ਵਾਲੇ ਨੇ ਕਦੀ ਕਿਸੇ ਦਾ ਅੱਜ ਤੱਕ ਜਵਾਬ ਨਹੀਂ ਦਿੱਤਾ। ਜਿਉਣਵਾਲਾ ਜੀ! ਹੁਣ ਤੁਸੀਂ ਹੀ ਦੱਸੋ ਕਿ ਜੇ ਉਹ ਪੁਜਾਰੀਆਂ, ਸ਼੍ਰੋਮਣੀ ਕਮੇਟੀ ਅਤੇ ਪਾਖੰਡੀ ਸਾਧਾਂ ਵਿਰੁੱਧ ਲਿਖੀਆਂ ਖ਼ਬਰਾਂ ਤੇ ਸੰਪਾਕੀਆਂ ਨੂੰ ‘ਨਿੰਦਾ ਨਹੀਂ ਸਗੋਂ ਸੱਚ’ ਦਾ ਨਾਮ ਦਿੰਦਾ ਹੈ ਤਾਂ ਮੇਰੇ ਵਲੋਂ ਉਸ ਦੇ ਹੀ ਵਰਤੇ ਹੋਏ ਸ਼ਬਦ ਲਿਖਣ ਦਾ ਅਰਥ, ਉਸ ‘ਵਿਰੁੱਧ ਪ੍ਰਚਾਰ ਅਤੇ ਨਿੰਦਾ’ ਕਿਵੇਂ ਬਣ ਗਿਆ? ਜੇ ਤੁਹਾਡੇ ਸਮਝਾਉਣ ’ਤੇ, ਉਹ ਵਿਵਾਦਪੂਰਣ ਲਿਖਤਾਂ ਲਿਖਣ ਤੋਂ ਹਟ ਜਾਂਦੇ ਹਨ ਤਾਂ ਮੇਰੇ ਵੱਲੋਂ ਕਥਿਤ ਵਿਰੋਧੀ ਪ੍ਰਚਾਰ ਆਪੇ ਹੀ ਖਤਮ ਹੋ ਜਾਵੇਗਾ।

ਪਰ ਇਸ ਦਾ ਸਹੀ ਜਵਾਬ ਦੇਣ ਦੀ ਥਾਂ ਸ: ਜਿਊਣਵਾਲੇ ਦਾ ਜਵਾਬ ਸੀ : ‘‘ਅਖੌਤੀ ਜਥੇਦਾਰਾਂ, ਪੁਜਾਰੀਆਂ, ਪਖੰਡੀ ਸਾਧਾਂ, ਜਿਹੜੇ ਕਦੀ ਪੰਥ ਦੇ ਮਾਲਕ ਬਣੇ ਹੋਏ ਸਨ, ਦੀ ਜੋਗਿੰਦਰ ਸਿੰਘ ਸਪਕੋਸਮੈਨ ਨੇ ਮਿੱਟੀ ਪਲੀਤ ਕਰ ਕੇ ਰੱਖ ਦਿੱਤੀ ਹੈ, ਹੁਣ ਉਹ ਕਿਤੇ ਕੁਸਕਣ ਜੋਗੇ ਨਹੀਂ ਰਹੇ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਅਕਾਲੀ ਧੜੇ ਦੀ ਨੀਂਦ ਉਡਾਈ ਹੋਈ ਹੈ। ਪਰ ਜੇ ਇਤਨੀ ਜਾਗ੍ਰਿਤੀ ਲਿਆਉਣ ਵਾਲੇ ਸਪੋਕਸਮੈਨ ਨੂੰ ਅਸੀਂ ਆਪ ਹੀ ਕਮਜ਼ੋਰ ਕਰ ਲਿਆ ਤਾਂ ਉਹ ਮੁੜ ਸਿਰ ਚੁੱਕ ਲੈਣਗੇ। ਕੀ ਇਸ ਨਾਲ ਪੰਥ ਦਾ ਨੁਕਸਾਨ ਨਹੀਂ ਹੋਵੇਗਾ?’’
ਇਨ੍ਹਾਂ ਨੂੰ ਜਵਾਬ ਵਿੱਚ ਮੈਂ ਕਿਹਾ ਸੀ ਕਿ ਸਾਨੂੰ ਕਿਸੇ ਦੀ ਮਿੱਟੀ ਪਲੀਤ ਕਰਨ ਜਾਂ ਨੀਂਦ ਉਡਾਉਣ ਦੀ ਓਨੀ ਲੋੜ ਨਹੀਂ ਜਿੰਨੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਏ ‘ਸ਼ਬਦ ਗੁਰੂ ਸਿਧਾਂਤ’ ਵਿੱਚ ਸਿੱਖਾਂ ਦਾ ਯਕੀਨ ਬਣਾਈ ਰੱਖਣ ਦੀ ਹੈ। ਪਰ ਇਹ ਨਾਂ ਤਾਂ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਤੇ ਨਾਂ ਹੀ ਤੁਹਾਨੂੰ ਪਤਾ ਹੈ ਕਿ ਉਹ ‘ਸ਼ਬਦ ਗੁਰੂ’ ਕਿਹੜਾ ਹੈ ਜਿਸ ਵਿੱਚ ਸਿੱਖਾਂ ਨੇ ਆਪਣਾ ਯਕੀਨ ਬਣਾਈ ਰੱਖਣਾ ਹੈ। ਫਿਰ ਦੱਸੋ ਕਿਸੇ ਦੀ ਮਿੱਟੀ ਪਲੀਤ ਕਰਨ ਦਾ ਸਾਨੂੰ ਲਾਭ ਕੀ ਹੋਵੇਗਾ? ਤੁਸੀਂ ਇਸ ਦਾ ਕੋਈ ਜਵਾਬ ਨਾ ਦੇ ਸਕੇ। ਬਾਅਦ ਵਿੱਚ ਮੈਂ ਇਸ ਸਬੰਧੀ ਇੱਕ ਲੇਖ ਲਿਖਿਆ ‘ਗੁਰੂ ਨਾਨਕ ਦਾ ਗੁਰੂ ਕੌਣ’ ਇਸ ਦੇ ਜਵਾਬ ਵਿੱਚ ਤੁਸੀਂ ਵੀ ਲਿਖਤੀ ਰੂਪ ਵਿੱਚ ਜਵਾਬ ਦਿੱਤਾ ਤੇ ਆਪਣੇ ਦੋਵਾਂ ਦੇ ਇਹ ਲੇਖ ਹੋਰਨਾਂ ਵੈੱਬਸਾਈਟਸ ਅਤੇ ਅਖ਼ਬਾਰਾਂ ਰਸਾਲਿਆਂ ਵਿੱਚ ਛਪਣ ਤੋਂ ਇਲਾਵਾ ਸਿੱਖ ਮਾਰਗ ਦੇ ਚਿੱਠੀ ਪੱਤਰਾਂ ਵਾਲੇ ਕਾਲਮ ਦੇ ਪੰਨਾਂ ਨੰ: 65 ’ਤੇ ਇਸ ਲਿੰਕ http://www.sikhmarg.com/your-view65.html  ’ਤੇ ਮੇਰੇ ਵੱਲੋਂ ਲਿਖੇ 17.10.2010 ਵਾਲੇ ਪੱਤਰ ਦੇ ਹੇਠਾਂ ਛਪੇ ਹੋਏ ਹਨ। ਪਰ ਤੁਹਾਡੀ ਕਮਜੋਰੀ ਇੰਨੀ ਨਿਕਲੀ ਕਿ ਸਿੱਖ ਮਾਰਗ ’ਤੇ ਤਿੰਨ ਮਹੀਨੇ ਤੁਸੀਂ ਤੇ ਤੁਹਾਡੇ ਸਮਰਥਕ ਹੁਣ ਵਾਂਗ ਹੋਰ ਸਿਰ ਪੈਰ ਦੀਆਂ ਤਾਂ ਬਥੇਰੀਆਂ ਮਾਰਦੇ ਰਹੇ ਪਰ ਨਾਂ ਤਾਂ ਤੁਸੀਂ ਆਪਣੇ ਆਪ ਨੂੰ ਜੋਗਿੰਦਰ ਸਿੰਘ ਸਪੋਕਸਮੈਨ ਦੀਆਂ ਲਿਖਤਾਂ ਨਾਲ ਸਹਿਮਤ ਤੇ ਨਾ ਹੀ ਅਸਮਿਤ ਹੋਣ ਦੀ ਦੋ ਟੁਕ ਗੱਲ ਲਿਖ ਸਕੇ ਇਸ ਲਈ ਤੁਹਾਡੇ ਵੱਲੋਂ ਵਰਤੀ ਜਾ ਰਹੀ ਭਾਸ਼ਾ ਦੇ ਮੱਦੇ ਨਜ਼ਰ ਸਿੱਖ ਮਾਰਗ ਦੇ ਸੰਪਾਦਕ ਸ: ਮੱਖਣ ਸਿੰਘ ਜੀ ਨੇ ਆਪ ਜੀ ਦੇ 20.1.2011 ਵਾਲੇ ਪੱਤਰ ਹੇਠ ਇਹ ਸੰਪਾਦਕੀ ਨੋਟ ਲਿਖ ਕੇ ਚਰਚਾ ਦਾ ਭੋਗ ਪਾਇਆ:

‘‘2- ਸਪੋਕਸਮੈਨ ਦੇ ਜੋਗਿੰਦਰ ਸਿੰਘ ਨੂੰ ਤੁਸੀਂ ਸਿਆਣਾ ਕਿਹਾ ਸੀ ਅਤੇ ਗੱਲ ਸਿਰਫ ਇਤਨੀ ਹੀ ਸੀ ਕਿ ਤੁਸੀਂ ਉਸ ਦੀ ਉਸ ਸਿਆਣਪ ਨਾਲ ਸਹਿਮਤ ਸੀ, ਜਿਹੜੀਆਂ ਗੱਲਾਂ ਉਸ ਨੇ ਗੁਰਬਾਣੀ ਅਤੇ ਗੁਰੂਆਂ ਬਾਰੇ ਕਹੀਆਂ ਸਨ। ਇਹ ਵਿਚਾਰ ਮੈਂ ਨਹੀਂ ਸ਼ਰੂ ਕੀਤੀ, ਇਹ ਤੁਸੀਂ ਖੁਦ ਹੀ ਆਪ ਜਾ ਕੇ ਕਿਰਪਾਲ ਸਿੰਘ ਬਠਿੰਡਾ ਨਾਲ ਸ਼ੁਰੂ ਕੀਤੀ ਸੀ ਅਤੇ ਦੋਹਾਂ ਨੇ ਇਸ ਬਾਰੇ ਲੇਖ ਵੀ ਲਿਖੇ ਸਨ।

3- ਠੀਕ ਹੈ ਜੇ ਕਰ ਤੁਸੀਂ ਨਹੀਂ ਵਿਚਾਰ ਦੇਣਾ ਚਾਹੁੰਦੇ ਤਾਂ ਮੈਂ ਵੀ ਕਿਸੇ ਦੀ ਧੌਂਸ ਨਹੀਂ ਝੱਲਣਾ ਚਾਹੁੰਦਾ ਅਤੇ ਨਾ ਹੀ ਅੱਜ ਤੱਕ ਕਿਸੇ ਦੀ ਝੱਲੀ ਹੈ। ਅੱਜ ਤੋਂ ਬਾਅਦ ਤੁਸੀਂ ਕੋਈ ਲਿਖਤ 'ਸਿੱਖ ਮਾਰਗ' ਨੂੰ ਨਾ ਭੇਜਣੀ ਅਤੇ ਨਾ ਹੀ ਅੱਜ ਤੋਂ ਬਾਅਦ ਤੁਹਾਨੂੰ ਕੋਈ ਸਵਾਲ ਕਰੇਗਾ ਅਤੇ ਨਾ ਹੀ ਕਿਸੇ ਦੀ ਚਿੱਠੀ ਵਿੱਚ ਤੁਹਾਡਾ ਕੋਈ ਨਾਮ ਲਿਖੇਗਾ।’’ ਜਿਹੜੇ ਕਿ ਹੁਣ ਵੀ ਸਿੱਖ ਮਾਰਗ ਦੇ ਚਿੱਠੀ ਪੱਤਰਾਂ ਵਾਲੇ ਕਾਲਮ ਦੇ ਪੰਨਾਂ ਨੰ 68 ’ਤੇ ਇਸ ਲਿੰਕ; http://www.sikhmarg.com/your-view68.html  ’ਤੇ ਪੜ੍ਹ ਸਕਦੇ ਹੋ।

ਹੁਣ ਆਪਾਂ ਮੌਜੂਦਾ ਚਲਦੀ ਬਹਿਸ ਵੱਲ ਆਈਏ। ਸ: ਗੁਰਜਾਪ ਸਿੰਘ ਜੀ ਨੇ ਸ: ਇੰਦਰਜੀਤ ਸਿੰਘ ਕਾਨਪੁਰ ਦੇ ਖ਼ਾਲਸਾ ਨਿਊਜ਼ ਵਿੱਚ ਛਪੇ ਲੇਖ ਦੇ ਹੇਠਾਂ ਇਹ ਪੋਸਟ ਪਾਈ: ‘‘ਸਿੰਘ ਸਭਾ ਵਾਲਿਉ ਵੀਰੋ, ਤੁਸੀਂ ਇਸ ਗੱਲ ਦਾ ਜਵਾਬ ਕਿਉਂ ਨਹੀ ਦੇ ਰਹੇ ਕਿ ਪ੍ਰੋ: ਦਰਸ਼ਨ ਸਿੰਘ ਖਾਲਸਾ ਨੂੰ ਵਿਸ਼ਵ ਕਾਨਫਰੰਸ਼ ਤੋਂ ਦੂਰ ਕਿਉਂ ਰੱਖਿਆ ਗਿਆ ਕੀ ਕਾਰਣ ਸਨ। ਵੀਰ ਜੀਉ ਤੁਸੀਂ ਕਿਉ ਇਸ ਤਰਾਂ ਕੀਤਾ। ਕੀ ਪ੍ਰੋ: ਸਾਹਿਬ ਹੁਣ ਇਸ ਕਾਬਲ ਨਹੀਂ ਰਹੇ ਕਿ ਉਹ ਹੁਣ ਕੌਮ ਨੂੰ ਸੇਧ ਨਹੀਂ ਦੇ ਸਕਦੇ! ਵੀਰ ਜੀਉ, ਜਾਗਰੂਕਤਾ ਲਹਿਰ ਨੂੰ ਫੁੱਟ ਦਾ ਸ਼ਿਕਾਰ ਬਣਨ ਤੋਂ ਰੋਕੋ!’’

ਇਸ ਦੇ ਜਵਾਬ ’ਚ ਤੁਸੀਂ ਲਿਖਿਆ ‘‘ਗੁਰਜਾਪ ਸਿੰਘ ਜੀ , ਸਿੰਘ ਸਭਾ ਦੇ ਵਰਕਰਾਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ, ਅਮਰੀਕ ਸਿੰਘ ਜੀ ਤੁਸੀਂ ਵੀ ਇਸੇ ਸ਼ਹਿਰ ਵਿੱਚ ਰਹਿੰਦੇ ਹੋ ਤੁਸੀਂ ਕਾਨਫਰੰਸ ਕਰੋ ਅਤੇ ਸਿੰਘ ਸਭਾ ਦੇ ਕਿਸੇ ਮੈਂਬਰ ਨੂੰ ਨਾ ਸੱਦਿਓ ਕਿਉਂਕਿ ਇਹ ਸਾਰੇ ਕਾਮਰੇਡ ਹਨ।’’

ਭਾਈ ਜਿਊਣਵਾਲਾ ਸਾਹਿਬ ਜੀਉ ਮੈਂ ਤੁਹਾਨੂੰ ਇਹ ਬੇਨਤੀ ਬਿਲਕੁਲ ਨਹੀਂ ਕਰਦਾ ਕਿ ਹੁਣ ਤੁਸੀਂ ਆਪਣੇ ਕਿਸੇ ਅਗਲੇ ਸਮਾਗਮ ’ਚ ਪ੍ਰੋ: ਦਰਸ਼ਨ ਸਿੰਘ ਨੂੰ ਬੁਲਾ ਲਿਓ। ਕਿਉਂਕਿ ਤੁਹਾਡੀ ਬੋਲਬਾਣੀ ਨੇ ਫਰਕ ਹੀ ਇੰਨਾ ਪਾ ਦਿੱਤਾ ਹੈ ਕਿ ਹੁਣ ਤੁਸੀਂ ਇੱਕ ਸਟੇਜ਼ ’ਤੇ ਬੈਠਣ ਦੇ ਕਾਬਲ ਹੀ ਨਹੀਂ ਰਹੇ। ਪਰ ਇਹ ਜਰੂਰ ਪੁੱਛਣਾ ਚਾਹਾਂਗਾ ਕਿ ਆਖ਼ਰ ਉਹ ਕਿਹੜੇ ਕਾਰਣ ਹਨ ਜਿਨ੍ਹਾਂ ਕਰਕੇ ਤੁਸੀਂ ਜੋਗਿੰਦਰ ਸਿੰਘ ਸਪੋਕਸਮੈਨ, ਜਿਸ ਦੀਆਂ ਲਿਖਤਾਂ ਨਾਲ ਤੁਸੀਂ ਅੱਜ ਤੱਕ ਸਹਿਮਤ ਜਾਂ ਅਸਹਿਮਤ ਹੋਣ ਦਾ ਵੀ ਜਨਤਕ ਤੌਰ ’ਤੇ ਐਲਾਣ ਕਰਨ ਤੋਂ ਅਸਮਰਥ ਰਹੇ ਹੋ, ਨਾਲ ਏਕਤਾ ਕਰਵਾਉਣ ਲਈ ਤਾਂ ਤਰਲੋਮੱਛੀ ਹੋਏ ਦੇਸ਼ ਵਿਦੇਸ਼ ਵਿੱਚ ਰੁੱਸਿਆਂ ਨੂੰ ਮਨਾਉਣ ਤੁਰੇ ਰਹਿੰਦੇ ਹੋ, ਪਰ ਪ੍ਰੋ: ਦਰਸ਼ਨ ਸਿੰਘ ਦਾ ਨਾਮ ਸੁਣਦਿਆਂ ਹੀ ਪਹਿਲਾਂ ਹੀ ਭਖ ਰਹੀ ਆਪਣੀ ਕੋਲਿਆਂ ਵਾਲੀ ਪ੍ਰੈੱਸ ’ਚ ਹੋਰ ਕੋਲੇ ਪਾ ਕੇ ਉਸ ਨੂੰ ਧੌਖਣੀ ਨਾਲ ਹਵਾ ਦੇਣੀ ਸ਼ੁਰੂ ਕਰ ਦਿੰਦੇ ਹੋ!

ਦੂਸਰੀ ਗੱਲ ਦਾ ਜਵਾਬ ਵੀ ਦੇਣਾ ਕਿ ਜੇ ਕਨਸੋਆਂ ਅਨੁਸਾਰ ਅਕਾਲੀ ਦਲ ਬਾਦਲ- ਪੁਜਾਰੀ ਗਠਜੋੜ ਦਾ ਜੋਗਿੰਦਰ ਸਿੰਘ ਨਾਲ ਸਮਝੌਤਾ ਤਹਿਸ਼ੁਦਾ ਫੈਸਲੇ ਮੁਤਾਬਕ ਸਿਰੇ ਚੜ੍ਹ ਗਿਆ ਤਾਂ ਜੋਗਿੰਦਰ ਸਿੰਘ ਸਪੋਕਸਮੈਨ ਪੁਜਾਰੀਆਂ, ਸਾਧ ਲਾਣੇ ਅਤੇ ਬਾਦਲ ਦਲ ਦੀ (ਤੁਹਾਡੇ ਅਨੁਸਾਰ) ਹੁਣ ਵਾਂਗ ਹੀ ਮਿੱਟੀ ਪਲੀਤ ਕਰਕੇ ਉਨ੍ਹਾਂ ਦੀ ਨੀਂਦ ਉਡਾਉਂਦਾ ਰਹੇਗਾ ਜਾਂ ਉਨ੍ਹਾਂ ਦੀ ਖ਼ੁਸ਼ਾਮਦ ਕਰਨ ਲਈ ਜਾਗਰੂਕ ਧਿਰਾਂ ਦੀ ਮਿੱਟੀ ਹੀ ਪਲੀਤ ਕਰਨੀ ਸ਼ੁਰੂ ਕਰ ਦੇਵੇਗਾ ਜਿਸ ਦਾ ਤੁਸੀਂ ਪਹਿਲਾਂ ਹੀ ਅਭਿਆਸ ਸ਼ੁਰੂ ਕਰ ਦਿੱਤਾ ਹੈ?

ਆਪ ਜੀ ਨੂੰ ਇੱਕ ਗੱਲ ਹੋਰ ਵੀ ਦੱਸ ਦੇਵਾਂ ਕਿ ਪ੍ਰੋ: ਸਰਬਜੀਤ ਸਿੰਘ ਧੂੰਦਾ ਦੇ ਕੇਸ ਵਿੱਚ ਮੈਂ ਇਸ ਹੱਕ ਵਿੱਚ ਸੀ ਕਿ ਉਸ ਨੂੰ ਪੁਜਾਰੀਆਂ ਅੱਗੇ ਬੰਦ ਕਮਰੇ ’ਚ ਪੇਸ਼ ਨਹੀਂ ਹੋਣ ਚਾਹੀਦਾ, ਪਰ ਇਸ ਦੇ ਨਾਲ ਹੀ ਇਹ ਵੀ ਸਲਾਹ ਦਿੱਤੀ ਸੀ ਕਿ ਜੇ ਉਹ ਆਪਣੀ ਸੰਸਥਾ ਦੇ ਨਫ਼ੇ ਨੁਕਸਾਨ ਨੂੰ ਵੇਖ ਕੇ ਕਿਸੇ ਮਜ਼ਬੂਰੀ ਕਾਰਨ ਪੇਸ਼ ਹੋ ਜਾਂਦਾ ਹੈ ਤਾਂ, ਇਹ ਸਲਾਹ ਸਿਰਫ ਉਸ ਤਰੀਖ ਤੱਕ ਹੈ, ਜਦ ਤੱਕ ਉਹ ਪੇਸ਼ ਨਹੀਂ ਹੋ ਜਾਂਦੇ ਤੇ ਉਸ ਤੋਂ ਬਾਅਦ ਸਾਰੀਆਂ ਧਿਰਾਂ ਨੂੰ ਇਹ ਬਹਿਸ ਉਸੇ ਦਿਨ ਹੀ ਖ਼ਤਮ ਕਰ ਦੇਣੀ ਚਾਹੀਦੀ ਹੈ। ਉਹ ਤਰੀਖ ਲੰਘਣ ਤੋਂ ਬਾਅਦ ਇਸ ਬਹਿਸ ਨੂੰ ਇੱਥੇ ਹੀ ਖਤਮ ਕਰਕੇ ਉਸ ਨੂੰ ਸਹਿਯੋਗ ਦੇਣਾ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇ। ਮੈਂ ਅਪਣੇ ਇਸ ਵਾਅਦੇ ’ਤੇ ਅੱਜ ਤੱਕ ਵੀ ਕਾਇਮ ਹਾਂ ਤੇ ਉਸ ਦੀਆਂ ਤੇ ਉਨ੍ਹਾਂ ਦੀ ਸੰਸਥਾ ਦੀਆਂ ਖ਼ਬਰਾਂ ਉਸੇ ਪ੍ਰਮੁਖਤਾ ਨਾਲ ਭੇਜਣੀਆਂ ਜਾਰੀ ਰੱਖੀਆਂ ਹਨ। ਜੇ ਤੁਸੀਂ ਕਦੀ ਈਰਖਾ ਵੱਸ ਮੇਰਾ ਨਾਮ ਵੇਖ ਕੇ ਉਹ ਨਹੀਂ ਪੜ੍ਹੀਆਂ ਤਾਂ ਪ੍ਰੋ: ਧੂੰਦਾ ਜੀ ਅਤੇ ਉਨ੍ਹਾਂ ਦੀ ਸੰਸਥਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਕਿਸੇ ਵੀ ਪ੍ਰਚਾਰਕ ਨਾਲ ਗੱਲ ਕਰਕੇ ਪੁੱਛ ਸਕਦੇ ਹੋ। ਜੇ ਕਦੀ ਪ੍ਰੋ: ਧੂੰਦਾ ਜੀ ਪੁਜਾਰੀਆਂ ਅੱਗੇ ਬੰਦ ਕਮਰੇ ਦੀ ਥਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਅਤੇ ਸੰਗਤ ਦੀ ਹਾਜਰੀ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ’ਤੇ ਪੇਸ਼ ਹੋਏ ਹੁੰਦੇ ਤਾਂ ਜਥੇਦਾਰ ਤੇ ਵਿਰੋਧੀ ਇਹ ਅਫਵਾਹਾਂ ਉਡਾਉਣ ਵਿੱਚ ਸਫਲ ਨਾ ਹੋ ਸਕਦੇ ਸੀ, ਕਿ ਦਸਮ ਗ੍ਰੰਥ ਤੇ ਪੁਜਾਰੀਵਾਦ ਵਿਰੁਧ ਨਾ ਬੋਲਣ ਦਾ ਬਚਨ ਦੇ ਕੇ ਉਸ ਨੇ ਮੁਆਫੀ ਮੰਗ ਲਈ ਹੈ। ਇਸ ਤਰ੍ਹਾਂ ਜੋ ਉਸ ਦੀ ਉਨ੍ਹਾਂ ਨੇ ਬਦਨਾਮੀ ਕੀਤੀ ਤੇ ਹੁਣ ਵੀ ਕਰ ਰਹੇ ਹਨ ਇਹ ਕਦੀ ਵੀ ਸੰਭਵ ਨਾ ਹੁੰਦਾ।

ਦੂਸਰੀ ਵੀਚਾਰਨ ਵਾਲੀ ਗੱਲ ਹੈ ਕਿ ਪ੍ਰੋ: ਧੂੰਦਾ ਜੀ ਨੂੰ ਪੁਜਾਰੀਆਂ ਅੱਗੇ ਪੇਸ਼ ਨਾ ਹੋਣ ਦੀਆਂ ਸਲਾਹਾਂ ਸਿਰਫ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ ਨੇ ਹੀ ਨਹੀਂ ਦਿੱਤੀਆਂ ਤੁਹਾਡੇ ਚਹੇਤੇ ਜੋਗਿੰਦਰ ਸਿੰਘ ਸਪੋਕਸਮੈਨ ਨੇ ਵੀਆਂ ਦਿੱਤੀਆਂ ਸਨ। ਇਹ ਵੱਖਰੀ ਗੱਲ ਹੈ ਕਿ ਹੁਣ ਉਹ ਦੂਜਿਆਂ ਨੂੰ ਦਿੱਤੀਆਂ ਆਪਣੀਆਂ ਹੀ ਸਲਾਹਾਂ ਨੂੰ ਮਿੱਟੀ ਘੱਟੇ ਰੋਲਦਾ ਹੋਇਆ ਖ਼ੁਦ ਜਾਣ ਲਈ ਤਿਆਰ ਹੈ। ਤੁਹਾਡੇ ਲਈ ਸਵਾਲ ਇਹ ਹੈ, ਕਿ ਉਹ ਕਿਹੜੇ ਕਾਰਣ ਹਨ ਕਿ ਤੁਸੀਂ ਪ੍ਰੋ: ਦਰਸ਼ਨ ਸਿੰਘ ਦਾ ਤਾਂ ਨਾਮ ਸੁਣਦੇ ਹੀ ਭੁੜਕ ਪੈਂਦੇ ਹੋ ਪਰ ਜੋਗਿੰਦਰ ਸਿੰਘ ਦਾ ਨਾਮ ਸੁਣਦੇ ਹੀ ਤੁਹਾਡੀ ਕੋਲ਼ਿਆਂ ਵਾਲੀ ਪ੍ਰੈੱਸ ਠੰਢੀ ਠਾਰ ਹੋ ਜਾਂਦੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top