Share on Facebook

Main News Page

ਗੁਰੂ ਦੀ ਸੇਵਾ ਕੀ ਹੈ?
-
ਵਰਿੰਦਰ ਸਿੰਘ

ਸਿੱਖੀ ਵਿੱਚ ਸੇਵਾ ਨੂੰ ਬਹੁਤ ਹੀ ਅਹਮ ਗਿਣਿਆ ਗਿਆ ਹੈ ਜੋ ਹੋਰਾਂ ਧਰਮਾ ਵਿੱਚ ਦੇਖਣ ਨੂੰ ਨਹੀਂ ਮਿਲਦਾ| ਗੁਰੂ ਗਰੰਥ ਸਾਹਿਬ ਜੀ ਵਿੱਚ ਬਹੁਤ ਵਾਰ ਸੇਵਾ ਦਾ ਜਿਕਰ ਆਇਆ ਹੈ ਪਰ ਕੀ ਅੱਜ ਜੋ ਅਸੀਂ ਕਰ ਰਹੇ ਹਾਂ ਉਸ ਨੂੰ ਸੇਵਾ ਦਾ ਨਾਮ ਦਿੱਤਾ ਜਾ ਸਕਦਾ ਹੈ| ਸੇਵਾ ਦੇ ਨਾਮ ਤੇ ਗੁਰਦਵਾਰਾ ਸਾਹਿਬ ਜਾ ਕੇ ਲੰਗਰ ਬਣਾਉਣੇ, ਜੋੜੇ ਸਾਫ਼ ਕਰਨੇ, ਝਾੜੂ ਲਾਉਣੇ, ਲੰਗਰ ਵਰਤਾਉਣੇ| ਕੀ ਇਹ ਹੀ ਸੇਵਾ ਹੈ ਜਿਸ ਬਾਰੇ ਗੁਰੂ ਜੀ ਸਾਨੂੰ ਦੱਸ ਰਹੇ ਹਨ| ਗੁਰਦਵਾਰੇ ਸਾਹਿਬ ਜਾ ਕੇ ਭੱਜ ਭੱਜ ਕੇ ਕਮ ਕਰਨ ਵਾਲਾ ਬੰਦਾ ਆਪਣੇ ਘਰ ਵੜਦੇ ਸਾਰ ਹੀ ਆਪਣੇ ਬਜੁਰਗ ਮਾਂ ਪਿਓ ਨੂੰ ਪਾਣੀ ਤੱਕ ਨਹੀਂ ਫੜਾ ਸਕਦਾ| ਰਸੋਈ ਵਿੱਚ ਆਪਣੀ ਪਤਨੀ ਦੀ ਮਦਦ ਨਹੀਂ ਕਰ ਸਕਦਾ, ਫਿਰ ਓਹ ਜਿਹੜੀ ਗੁਰਦਵਾਰਾ ਸਾਹਿਬ ਸੇਵਾ ਕੀਤੀ ਉਸਦਾ ਕੀ ਫਾਇਦਾ? ਸ਼ਾਇਦ ਸਾਨੂੰ ਸੇਵਾ ਦਾ ਮਤਲਬ ਹੀ ਸਮਝ ਨਹੀਂ ਆਇਆ| ਅੱਜ ਦਸਵੰਦ ਜਾਂ ਸੇਵਾ ਦੇ ਨਾਮ ਤੇ ਡੇਰੇਦਾਰ ਸਿਖਾਂ ਨੂੰ ਦੋਵਾਂ ਹੱਥਾਂ ਨਾਲ ਲੁੱਟ ਰਹੇ ਹਨ, ਲੋਕਾਂ ਕੋਲੋਂ ਡਾਲਰਾਂ, ਪੌਡਾਂ ਦੇ ਢੇਰ ਇਹ ਲੋਕ ਲੈ ਜਾਂਦੇ ਹਨ| ਐਥੋਂ ਤੱਕ ਕੇ ਕਈ ਲੋਕ ਸੇਵਾ ਸਮਝ ਕੇ ਇਹਨਾ ਨੂੰ ਕਾਰਾਂ ਅਤੇ ਜਮੀਨਾ ਤੱਕ ਦੇ ਦੇਂਦੇ ਹਨ| ਆਓ ਗੁਰੂ ਨੂੰ ਪੁਛੀਏ ਸੇਵਾ ਦੇ ਬਾਰੇ...

ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ॥
ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ ॥ ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥ ਗੁਰ ਸੇਵਾ ਤੇ ਸਦਾ ਸੁਖੁ ਪਾਇਆ ॥
ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥ ਕਰਿ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ ਪਾਲੈ ॥

ਕੀ ਹੈ ਗੁਰੂ ਕੀ ਸੇਵਾ? ਓਹ ਅਸੀਂ ਕਿਵੇਂ ਕਰ ਸਕਦੇ ਹਾਂ ? ਸਾਡਾ ਗੁਰੂ ਤਾਂ ਸ਼ਬਦ ਗੁਰੂ ਹੈ ਕੋਈ ਦੇਹਧਾਰੀ ਨਹੀਂ ਅਸੀਂ ਗੁਰੂ ਨੂੰ ਲੰਗਰ ਨਹੀਂ ਛਕਾ ਸਕਦੇ, ਗੁਰੂ ਦੀਆਂ ਲੱਤਾਂ ਨਹੀਂ ਘੁੱਟ ਸਕਦੇ, ਗੁਰੂ ਨੂੰ ਨਵੇਂ ਕਪੜੇ ਨਹੀਂ ਲੈ ਕੇ ਦੇ ਸਕਦੇ, ਗੁਰੂ ਨੂੰ ਮਕਾਨ ਜਾਂ ਕਾਰ ਨਹੀਂ ਦੇ ਸਕਦੇ ? ਫਿਰ ਅਸੀਂ ਕਿਸ ਤਰਾਂ ਗੁਰੂ ਦੀ ਸੇਵਾ ਕਰ ਸਕਦੇ ਹਾਂ ? ਆਓ ਇਹ ਵੀ ਗੁਰੂ ਨੂੰ ਹੀ ਪੁਛੀਏ ...

ਗੁਰ ਕੀ ਸੇਵਾ ਸਬਦੁ ਵੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥
ਜਪ ਤਪ ਸੰਜਮ ਪਾਠ ਪੁਰਾਣੁ ॥ ਕਹੁ ਨਾਨਕ ਅਪਰੰਪਰ ਮਾਨੁ ॥


(ਅਸਲ ਜੋਗੀ) ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਂਦਾ ਹੈ। ਹਉਮੈ ਨੂੰ (ਆਪਣੇ ਅੰਦਰੋਂ) ਮਾਰਦਾ ਹੈ-ਇਹ ਹੈ ਉਸ ਜੋਗੀ ਦੀ ਸ੍ਰੇਸ਼ਟ ਕਰਣੀ ॥ ਉਸ ਜੋਗੀ ਦੇ ਜਪ, ਤਪ, ਸੰਜਮ ਤੇ ਪਾਠ, ਪੁਰਾਣ ਆਦਿਕ ਧਰਮ-ਪੁਸਤਕ ਇਹੀ ਹੈ, ਹੇ ਨਾਨਕ! ਉਸ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਆਪਣੇ ਆਪ ਨੂੰ ਗਿਝਾਣਾ ॥

ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥ ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥

ਹੇ ਭਾਈ! ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ। ਨਾਨਕ ਆਖਦਾ ਹੈ ਕਿ (ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ ॥

ਗੁਰੂ ਦੇ ਸ਼ਬਦ ਸਮਝ ਕੇ ਉਸ ਦੱਸੇ ਗੁਣਾ ਨੂੰ ਆਪਣੇ ਅੰਦਰ ਧਾਰਨਾ ਹੀ ਉਸ ਦੀ ਅਸਲੀ ਸੇਵਾ ਕਰਨੀ ਹੈ| ਉਸ ਦੀ ਰਜਾ ਵਿਚ ਚਲਣਾ ਹੀ ਉਸ ਦੀ ਅਸਲੀ ਸੇਵਾ ਕਰਨੀ ਹੈ| ਇਸ ਵਾਸਤੇ ਜੇ ਗੁਰੂ ਦੀ ਅਸਲੀ ਸੇਵਾ ਕਰਨੀ ਹੈ ਤਾਂ ਗੁਰੂ ਸ਼ਬਦ ਨੂੰ ਪੜੋ ਵਿਚਾਰੋ ਅਤੇ ਆਪਣੇ ਜੀਵਨ ਵਿਚ ਲੈ ਕੇ ਆਓ| ਗੁਰੂ ਦੀ ਦਿੱਤੀ ਮੱਤ ਅਨੁਸਾਰ ਚੱਲ ਕੇ ਕਿਸੇ ਲੋੜਵੰਦ ਦੀ ਮੱਦਦ ਕਰਨੀ ਅਸਲੀ ਸੇਵਾ ਹੈ ਨਾ ਕੇ ਪਹਲਾਂ ਹੀ ਕੱਚੀ ਲੱਸੀ ਪੀ ਪੀ ਕੇ ਰਜੇ ਲੋਕਾਂ ਨੂੰ ਧੱਕੇ ਨਾਲ ਰੋਕ ਰੋਕ ਕੇ ਹੋਰ ਪਿਆਉਣੀ| ਆਪਣਾ ਦਸਵੰਦ ਕੱਡ ਕੇ ਕਿਸੇ ਗਰੀਬ ਦੀ ਮੱਦਦ ਕਰਨੀ ਅਸਲੀ ਸੇਵਾ ਹੈ ਨਾ ਕੇ ਪਾਖੰਡੀਆਂ ਦੇ ਡੇਰਿਆਂ ਤੇ ਮਾਇਆ ਦੇਣੀ| ਅੱਜ ਬਹੁਤ ਸਾਰੀਆਂ ਏਹੋ ਜਿਹੀਆਂ ਜਥੇਬੰਦੀਆਂ ਹਨ ਜੋ ਗਰੀਬਾਂ ਦੀ ਮੱਦਦ ਕਰਨ ਵਾਸਤੇ ਜਾਂ ਧਰਮ ਦਾ ਪ੍ਰਚਾਰ ਕਰਨ ਵਾਸਤੇ ਅਗੇ ਆ ਰਹੀਆਂ ਹਨ ਓਹਨਾ ਦੀ ਹੈਲਪ ਕਰਨੀ ਅਸਲੀ ਸੇਵਾ ਹੈ ਨਾ ਕੇ ਪਖੰਡੀਆਂ ਨੂੰ ਪੈਸੇ ਭੇਜਣੇ| ਕਿਸੇ ਨੰਗੇ ਨੂੰ ਕਪੜੇ ਲੈ ਕੇ ਦੇਣੇ ਅਸਲੀ ਸੇਵਾ ਹੈ ਨਾ ਕੇ ਗੁਰਦਵਾਰੇ ਜਾ ਕੇ ਰੁਮਾਲੇ ਚੜਾਉਣੇ|

ਕੋਮ ਵਾਸਤੇ ਕੁਰਬਾਨੀਆਂ ਕਰਨੀਆਂ, ਲੋਕਾਂ ਨੂੰ ਜਾਗਰੁਕ ਕਰਨਾ, ਪਾਖੰਡੀ ਸੰਤਾਂ ਨੂੰ ਨੰਗਾਂ ਕਰਕੇ ਡੇਰਾਵਾਦ ਦਾ ਖਾਤਮਾ ਕਰਨਾ , ਦਸਮ ਗਰੰਥ ਨਾਮ ਦੀ ਕੂੜ ਕਿਤਾਬ ਦੀ ਅਸਲੀਅਤ ਤੋਂ ਲੋਕਾਂ ਨੂੰ ਜਾਣੁ ਕਰਵਾਉਣਾ, ਅਖੌਤੀ ਜਥੇਦਾਰਾਂ ਨੂੰ ਪੰਥ ਦੇ ਖਿਲਾਫ਼ ਕੰਮ ਕਰਨ ਤੋਂ ਰੋਕਣਾ, ਪੰਥਕ ਕਹਾਉਂਦੀ ਸਰਕਾਰ ਅਤੇ ਉਸ ਦੇ ਟੁਕੜਬੋਚ ਬੰਦਿਆਂ ਨੂੰ ਹਮੇਸ਼ਾਂ ਵਾਸਤੇ ਤਿਆਗਣਾ, ਗੁਰਦਆਰਾ ਕਮੇਟੀ ਦੇ ਅਰਬਾਂ ਦੇ ਬੱਜਟ ਦਾ ਹਿਸਾਬ ਮੰਗਣਾ ਕੁਝ ਇਕ ਸੇਵਾ ਹਨ ਜੋ ਕੀਤੀਆਂ ਜਾ ਸਕਦੀਆਂ ਹਨ|

ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥

ਆਓ ਸਾਰੇ ਰਲ ਮਿਲ ਕੇ ਗੁਰੂ ਦੀ ਅਸਲੀ ਸੇਵਾ ਕਰੀਏ| ਭੁੱਲ ਚੁੱਕ ਦੀ ਖਿਮਾ|


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top