Share on Facebook

Main News Page

ਸਿੰਘ ਸਭਾ ਕੈਨੇਡਾ ਦੀ "ਵਿਸ਼ਵ ਸਿੱਖ ਕਾਨਫਰੰਸ" ਵੀ ਚੜ੍ਹ ਗਈ "ਹਉਮੈ" ਅਤੇ "ਧੱੜੇ ਬੰਦੀ" ਦੀ ਭੇਂਟ
-
ਇੰਦਰਜੀਤ ਸਿੰਘ , ਕਾਨਪੁਰ

ਕੌਮ ਦੀ ਮੌਜੂਦਾ ਹਾਲਤ ਅਤੇ ਜਾਗਰੂਕ ਅਖਵਾਉਣ ਵਾਲੇ ਤਬਕੇ ਦੀ ਖੇਰੂੰ ਖੇਰੂੰ ਹੋਈ ਹਾਲਤ ਨੂੰ ਮੱਦੇ ਨਜਰ ਰਖਦਿਆਂ, ਦਾਸ ਨੇ ਸਰਬਜੀਤ ਸਿੰਘ ਧੂੰਦਾ ਦੇ "ਸਕੱਤਰੇਤ" ਵਿਚ ਪੇਸ਼ ਹੋਣ ਤੋਂ ਬਾਅਦ, ਕਿਸੇ ਵੀ ਜਾਗਰੂਕ ਧਿਰ ਦੀ ਜਨਤਕ ਰੂਪ ਵਿੱਚ ਕੋਈ ਵੀ ਅਲੋਚਨਾਂ ਨਹੀਂ ਕੀਤੀ। ਸਰਬਜੀਤ ਸਿੰਘ ਧੂੰਦਾ ਨੇ ਜਿਸ ਦਿਨ "ਸਕੱਤਰੇਤ ਜੁੰਡਲੀ" ਅਗੇ ਸਪਸ਼ਟੀਕਰਣ ਦੇਣ ਲਈ ਉਨਾਂ ਨੂੰ "ਸਿੰਘ ਸਾਹਿਬਾਨ" ਕਹਿ ਕੇ ਹਾਜਰੀ ਭਰੀ, ਉਸ ਤੋਂ ਬਾਅਦ ਵੈਸੇ ਵੀ "ਜਾਗਰੂਕਤਾ ਲਹਿਰ" ਅਤੇ "ਸਕੱਤਰੇਤ ਜੂੰਡਲੀ" ਦੇ ਖਿਲਾਫ ਚੱਲ ਰਹੀ ਮੁਹਿੰਮ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ ਸੀ। ਜਾਗਰੂਕ ਤਬਕਾ ਕਈ ਧੜਿਆਂ ਵਿਚ ਵੰਡਿਆ ਗਇਆ ਸੀ। ਇਸ ਲਈ ਇਹ ਤਬਕਾ ਹੋਰ ਵਖਰੇਵੇਂ ਸਹਿਨ ਦੀ ਹਾਲਤ ਵਿਚ ਵੀ ਨਹੀਂ ਸੀ ਕਿ ਕਿਸੇ ਨੂੰ ਵੀ ਜਨਤਕ ਰੂਪ ਵਿਚ ਕੁੱਝ ਵੀ ਕਹਿਆ ਜਾ ਸਕੇ। ਮੂਕ ਦਰਸ਼ਕ ਬਣਕੇ ਸਭ ਕੁਝ ਜਾਇਜ, ਨਾਜਾਇਜ ਵੇਖਦੇ ਰਹਿਣਾਂ ਹੀ ਇਕ ਰਸਤਾ ਬਚਿਆ ਸੀ। ਲੇਕਿਨ ਸਿੰਘ ਸਭਾ ਕਨੇਡਾ ਵਾਲਿਆਂ (ਜਿਊਣਵਾਲਾ ਐਂਡ ਕੰਪਨੀ) ਵਲੋਂ ਕਨੈਡਾ ਦੇ ਬਰੈਂਪਟਨ ਸ਼ਹਿਰ ਵਿੱਚ ਜੋ "ਵਿਸ਼ਵ ਸਿੱਖ ਕਾਨਫ੍ਰੇਂਸ" ਬੁਲਾਈ, ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਗਈ ਹੈ।

ਸਿੰਘ ਸਭਾ ਕਨੇਡਾ ਵਲੋ ਸੱਦੇ ਗਏ ਬਰੈਂਪਟਨ ਸ਼ਹਿਰ ਵਿਚ ਜੋ "ਵਿਸ਼ਵ ਸਿੱਖ ਕਾਨਫ੍ਰੇਂਸ" ਬੁਲਾਈ ਗਈ। ਉਸ ਤੋਂ ਬਹੁਤ ਉੱਮੀਦ ਸੀ ਕਿ ਇਹ ਜਾਗਰੂਕ ਅਖਵਾਉਣ ਵਾਲੀ ਧਿਰ ਸ਼ਾਇਦ ਕੁਝ ਐਸੇ ਫੈਸਲੇ ਲਵੇਗੀ ਅਤੇ ਕੁਝ ਐਸੇ ਮਤੇ ਪਾਸ ਕਰੇਗੀ, ਜਿਸ ਨਾਲ ਖੇਰੂੰ ਖੇਰੂੰ ਹੋਏ ਜਾਗਰੂਕ ਤਬਕੇ ਨੂੰ ਮੁੜ ਇਕ ਮੰਚ 'ਤੇ ਇਕੱਠਾ ਕਰਣ ਵਿੱਚ ਸਹਾਇਤਾ ਮਿਲੇਗੀ। ਇਸ ਆਸ ਨਾਲ ਹੀ ਮਿਤੀ 09.09.2012 ਨੂੰ ਇੰਟਰਨੈਟ 'ਤੇ ਰਾਤ 3:45 ਵਜੇ ਤਕ, ਮੈਂ ਇਸ ਦਾ ਲਾਈਵ ਟੇਲੀਕਾਸਟ ਵੇਖਦਾ ਰਿਹਾ। ਹਰ ਪਲ ਇਹ ਹੀ ਆਸ ਕਰ ਰਿਹਾ ਸੀ ਕਿ ਕੋਈ ਬੁਲਾਰਾ ਕੁਝ ਐਸਾ ਕ੍ਰਾਂਤੀਕਾਰੀ ਐਲਾਨ ਕਰੇਗਾ, ਜਿਸ ਨਾਲ ਕੌਮ ਦੇ ਇਸ ਵਰਗ ਵਿਚ ਇਕ ਨਵਾਂ ਜੋਸ਼ ਅਤੇ ਉਤਸਾਹ ਪੈਦਾ ਹੋ ਸਕੇਗਾ, ਜੋ ਧੂੰਦਾ ਸਾਹਿਬ ਦੇ "ਸਕੱਤਰੇਤ" ਵਿਚ ਪੇਸ਼ ਹੋਣ ਤੋਂ ਬਾਅਦ, ਉਕਾ ਹੀ ਮੁਕ ਚੁਕਾ ਸੀ। ਕੋਈ ਐਸਾ ਮਤਾ ਪਾਸ ਕੀਤਾ ਜਾਵੇਗਾ ਜੋ ਕੌਮ ਦੇ ਜਾਗਰੂਕ ਤਬਕੇ ਨੂੰ ਮੁੱੜ ਇਕ ਥਾਂ ਤੇ, ਇਕ ਜੁੱਟ ਕਰਨ ਵਿੱਚ ਸਹਾਇਕ ਹੋਵੇਗਾ। ਇਸ ਕਾਨਫ੍ਰੇਂਸ ਵਿਚ ਇਹੋ ਜਿਹਾ ਕੁਝ ਵੀ ਨਹੀਂ ਹੋ ਸਕਿਆ ।

"ਵਿਸ਼ਵ ਸਿੱਖ ਕਾਨਫਰੰਸ" ਦਾ ਕੀ ਅਜੇਂਡਾ ਸੀ? ਇਹ ਕੀ ਸਾਬਿਤ ਕਰਨਾਂ ਚਾਹੁੰਦੇ ਸਨ? ਕੀ ਐਲਾਨ ਕਰਨਾਂ ਚਾਹੁੰਦੇ ਸਨ? ਇਨਾਂ ਨੇ ਇਸ ਕਾਨਫ੍ਰੇੰਸ ਵਿਚ ਕੀ ਮਤਾ ਪਾਸ ਕੀਤਾ? ਇਹ ਕੁੱਝ ਵੀ ਸਪਸ਼ਟ ਨਹੀਂ ਹੋ ਸਕਿਆ। ਬਲਕਿ ਇਹ ਕਾਨਫ੍ਰੇਂਸ ਪੰਥ ਦਰਦੀਆਂ ਦੇ ਮਨ ਵਿਚ ਇਕ ਨਵਾਂ ਸਵਾਲ ਹੋਰ ਖੜਾ ਕਰ ਗਈ ਕਿ, ਇਹ ਕਾਨਫਰੇਂਸ ਕੌਮ ਦੀਆਂ ਜਾਗਰੂਕ ਧਿਰਾਂ ਨੂੰ ਇਕ ਥਾਂ ਤੇ ਇਕੱਠਾ ਕਰਣ ਲਈ ਬੁਲਾਈ ਗਈ ਸੀ, ਜਾਂ ਜਾਗਰੂਕ ਧਿਰਾਂ ਵਿੱਚ ਪਈ ਹੋਈ ਦਰਾਰ ਨੂੰ ਹੋਰ ਡੂੰਗੀ ਕਰਨ ਲਈ ਬੁਲਾਈ ਗਈ ਸੀ? ਇਹ ਗਲ ਦਾਸ ਐਵੇ ਹੀ ਨਹੀਂ ਕਹਿ ਰਿਹਾ ਹੈ। ਇਸ ਦੇ ਵੀ ਕਈ ਕਾਰਣ ਹਨ, ਜਿਨਾਂ ਬਾਰੇ ਆਪ ਜੀ ਨਾਲ ਵਿਚਾਰ ਜਰੁਰ ਸਾਂਝੇ ਕਰਣਾਂ ਚਾਂਉਦਾ ਹਾਂ।

ਸਾਡੇ ਉਤੇ ਆਏ ਦਿਨ, ਅਪਣੇ ਹੀ ਵੀਰਾਂ ਵਲੋ ਇਹ ਟਿੱਚਰਾਂ ਵੀ ਕੀਤੀਆਂ ਜਾਂਦੀਆਂ ਰਹਿੰਦੀਆਂ ਨੇ ਕਿ ਅਸੀਂ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦੇ ਸਮਰਥਕ ਹਾਂ। ਕਈ ਵਾਰ ਸਾਨੂੰ ਇਨ੍ਹਾਂ ਦੀ ਗਲ 'ਤੇ ਹਾਸਾ ਵੀ ਆਉਂਦਾ ਹੈ, ਕਿ "ਅਕਾਲ ਪੁਰਖ ਦੇ ਪੁਜਾਰੀਆਂ" ਨੂੰ "ਵਿਅਕਤੀ ਪੂਜ" ਹੋਣ ਦੀ ਡਿਗਰੀ ਵੀ ਇਹ ਵੀਰ ਅਕਸਰ ਸਾਨੂੰ ਦੇਂਦੇ ਰਹਿੰਦੇ ਹਨ। ਲੇਕਿਨ ਸਾਨੂੰ ਇਨਾਂ ਬੇ-ਸਿਰ ਪੈਰ ਦੀਆਂ ਫਬਤੀਆਂ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਕਿਸੇ ਪੰਥ ਦਰਦੀ ਦੇ ਸਮਰਥਕ ਹਾਂ, ਕਿਸੇ ਪੰਥ ਦੋਖੀ ਦੇ ਨਹੀਂ। ਸਾਨੂੰ ਤੇ ਇਸ ਵਿਚ ਕੋਈ ਹੇਠੀ ਨਜਰ ਨਹੀਂ ਆਉਂਦੀ, ਬਲਕਿ ਫਖਰ ਹੀ ਮਹਿਸੂਸ ਹੂੰਦਾ ਹੈ, ਕਿ ਅਸੀ ਸੱਚ ਤੇ ਪਹਿਰਾ ਦੇ ਰਹੀ ਪੰਥ ਦੀ ਇਕ ਮਹਾਨ ਸ਼ਖਸੀਯਤ ਦੇ ਸਮਰਥਕ ਹਾਂ, ਕਿਸੇ ਪੰਥ ਦੋਖੀ ਦੇ ਨਹੀਂ। ਅਸੀਂ ਤੇ ਹਰ ਉਸ ਸ਼ਖਸੀਯਤ ਅਤੇ ਪੰਥ ਦਰਦੀ ਦੇ ਸਮਰਥਕ ਹਾਂ, ਜੋ ਅਪਣੇ ਮਨ ਵਿੱਚ ਪੰਥ ਦੇ ਏਕੇ ਅਤੇ ਚੜ੍ਹਦੀਕਲਾ ਲਈ ਜ਼ਰਾ ਜਿਹਾ ਵੀ ਦਰਦ ਰਖਦਾ ਹੈ। ਗਲ ਨੂੰ ਇਸ ਵਿਸ਼ੈ ਵਲ ਨਾਂ ਲੈ ਜਾਂਦੇ ਹੋਏ, ਮੈਂ ਅਪਣੇ ਮੂਲ ਵਿਸ਼ੈ ਤੇ ਵਾਪਸ ਆਂਉਦਾ ਹਾਂ।

ਦਾਸ ਉਪਰ ਲਿਖ ਆਇਆ ਹੈ ਕਿ "ਇਹ ਕਾਨਫ੍ਰੇਂਸ ਪੰਥ ਦਰਦੀਆਂ ਦੇ ਮਨ ਵਿਚ ਇਕ ਸਵਾਲ ਹੋਰ ਪੈਦਾ ਕਰ ਗਈ ਕਿ, ਇਹ ਕਾਨਫਰੇੰਸ ਕੌਮ ਦੀਆਂ ਜਾਗਰੂਕ ਧਿਰਾਂ ਨੂੰ ਇਕ ਥਾਂ ਤੇ ਇਕੱਠਾ ਕਰਣ ਲਈ ਬੁਲਾਈ ਗਈ ਸੀ, ਜਾਂ ਜਾਗਰੂਕ ਧਿਰਾਂ ਵਿੱਚ ਪਈ ਖਾਈ ਨੂੰ ਹੋਰ ਡੂੰਗੀ ਕਰਨ ਲਈ ਬੁਲਾਈ ਗਈ ਸੀ।" ਜਿਸ ਸ਼ਹਿਰ ਵਿਚ ਇਹ ਕਾਨਫ੍ਰੇਂਸ ਹੋ ਰਹੀ ਸੀ, ਉਸੇ ਸ਼ਹਿਰ ਵਿਚ ਰਹਿਣ ਵਾਲੇ ਪੰਥ ਦੇ ਨਿਡਰ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੂੰ ਇਸ ਕਾਨਫ੍ਰੇਂਸ ਵਿਚ ਬੁਲਾਇਆ ਤਕ ਨਹੀਂ ਗਇਆ। ਇਥੋਂ ਤਕ ਕਿ ਕਿਸੇ ਬੁਲਾਰੇ ਦੇ ਮੂੰਹ ਤੋਂ ਉਨਾਂ ਬਾਰੇ ਇਕ ਸ਼ਬਦ ਵੀ ਪੂਰੀ ਕਾਨਫ੍ਰੇਂਸ ਵਿਚ ਨਹੀਂ ਨਿਕਲਿਆ। "ਧੜੇ ਬੰਦੀ" ਅਤੇ "ਅਹੰਕਾਰ" ਦੀ ਇਸ ਤੋਂ ਵੱਧ "ਕਰੂਪ ਮਿਸਾਲ" ਸ਼ਾਇਦ ਹੀ ਕਿਤੇ ਵੇਖਣ ਨੂੰ ਮਿਲੀ ਹੋਵੇ।

ਕਾਲਾ ਅਫਗਾਨਾਂ ਸਾਹਿਬ ਵੀ ਪਰਿਵਾਰ ਸਹਿਤ ਉਥੇ ਬੁਲਾਏ ਗਏ ਸਨ। ਬਹੁਤ ਦਿਨਾਂ ਬਾਦ ਉਨਾਂ ਦੇ ਦਰਸ਼ਨ ਕਰਕੇ ਮਨ ਵਿਚ ਬਹੁਤ ਹੀ ਖੁਸ਼ੀ ਹੋਈ ਕਿ ਉਹ ਅਪਣੇ ਵਡਮੁੱਲੇ ਵਿਚਾਰਾਂ ਰਾਂਹੀ ਕੋਈ ਸੇਧ ਦੇਣ ਗੇ। ਲੇਕਿਨ ਅਪਣੀ ਖਰਾਬ ਸੇਹਤ ਕਾਰਣ ਉਹ ਮਾਈਕ ਤੇ ਬੋਲ ਨਹੀ ਸਕੇ ਅਤੇ ਮਾਫੀ ਮੰਗ ਕੇ ਹੀ ਚਲੇ ਗਏ, ਇਸ ਗਲ ਦਾ ਸਾਰਿਆਂ ਨੂੰ ਬਹੁਤ ਦੁਖ ਹੋਇਆ । ਭਾਰਤ ਤੋਂ ਉਚੇਚਾ ਤੋਂਰ ਤੇ ਬੁਲਾਏ ਗਏ ਭਾਈ ਇੰਦਰ ਸਿੰਘ ਘੱਗਾ ਜੀ ਨੂੰ ਗੋਲਡ ਮੇਡਲ ਦੇ ਕੇ ਸੰਨਮਾਨਿਤ ਕੀਤਾ ਗਇਆ, ਹੋਰ ਬਹੁਤ ਸਾਰੇ ਸਜਣਾਂ ਨੂੰ ਵੀ ਗੋਲਡ ਮੇਡਲ ਅਤੇ ਸਿਮਰਤੀ ਚਿਨ੍ਹ ਦੇ ਕੇ , ਉਨਾਂ ਦਾ ਸਤਕਾਰ ਕੀਤਾ ਗਇਆ। ਇਹ ਵੇਖ ਕੇ ਬਹੁਤ ਹੀ ਖੁਸ਼ੀ ਹੋਈ ਕਿ ਇਹੋ ਜਹੀਆਂ ਮਹਾਨ ਸ਼ਖਸ਼ਿਯਤਾਂ ਦਾ ਸਤਕਾਰ ਕੀਤਾ ਗਇਆ । ਲੇਕਿਨ ਪ੍ਰੋਫੇਸਰ ਦਰਸ਼ਨ ਸਿੰਘ ਜੀ, ਜਿਨਾਂ ਦਾ ਇਸ "ਲਹਿਰ" ਵਿਚ ਬਹੁਤ ਵੱਡਾ ਅਤੇ ਅਹਿਮ ਰੋਲ ਹੈ, ਉਨਾਂ ਨੂੰ ਜਾਨ ਬੂਝ ਕੇ ਬੁਲਾਉਣਾਂ ਤੇ ਦੂਰ ਉਨਾਂ ਦਾ ਨਾਮ ਤਕ ਨਹੀ ਲਇਆ ਗਇਆ । ਜਿਵੇ ਉਹ ਕੌਮ ਦੇ ਕੋਈ ਦੁਸ਼ਮਨ ਹਨ । ਕੀ ਪ੍ਰੋਫੇਸਰ ਦਰਸ਼ਨ ਸਿੰਘ ਜੀ ਦਾ ਇੰਦਰ ਸਿੰਘ ਜੀ ਘੱਗਾ ਅਤੇ ਕਾਲਾ ਅਫਗਾਨਾਂ ਜੀ ਤੋਂ ਕੌਮ ਦੇ ਪ੍ਰਤੀ ਯੋਗਦਾਨ ਕਿਸ ਪੱਖੋਂ ਘੱਟ ਹੈ ? ਜੋ ਇਸ ਕਾਨਫ੍ਰੈਸ ਵਿਚ ਜਾਨ ਬੂਝ ਕੇ ਨੀਵਾਂ ਵਖਾਉਣ ਲਈ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦਾ ਨਾਮ ਤਕ ਨਹੀ ਲਿਆ ਗਇਆ ਅਤੇ ਨਾਂ ਹੀ ਉਨਾਂ ਨੂੰ ਇਸ ਵਿਚ ਸ਼ਾਮਿਲ ਹੋਣ ਦਾ ਕੋਈ ਸੱਦਾ ਦਿਤਾ ਗਿਆ ?

ਸਾਡੀ ਹਮੇਸ਼ਾਂ ਹੀ ਇਹ ਬਹੁਤ ਵਡੀ ਗਲਤੀ ਜਾਂ ਨਾਂ ਸਮਝੀ ਰਹੀ ਹੈ, ਕਿ ਅਸੀ ਹਰ ਜਾਗਰੂਕ ਅਖਵਾਉਣ ਵਾਲੀ ਧਿਰ ਜਾਂ ਵਿਅਕਤੀ ਨੂੰ ਜਾਂਣਦੇ ਬੂਝਦੇ ਹੋਏ ਵੀ ਜਰੂਰਤ ਨਾਲੋਂ ਜਿਆਦਾ ਇਤਬਾਰ ਜਾਂ ਆਸ ਕਰ ਲੈਂਦੇ ਹਾਂ। ਇਹ ਹੀ ਬੰਦੇ ਬਾਦ ਵਿਚ ਇਹੋ ਜਹੀਆ ਹਰਕਤਾਂ ਕਰਦੇ ਹਨ ਕਿ , ਸਾਡੇ ਮੰਨ ਪਹਿਲਾਂ ਨਾਲੋਂ ਵੀ ਵੱਧ ਵਲੂੰਧਰੇ ਜਾਂਦੇ ਹਨ। ਸਿੰਘ ਸਭਾ ਕਨੈਡਾ ਦੇ ਵੀਰ ਬਹੁਤ ਹੀ ਚੰਗੇ ਅਤੇ ਸੂਝਵਾਨ ਹਨ ਲੇਕਿਨ ਇਨਾਂ ਵੀਰਾਂ ਦਾ ਲਗਦਾ ਹੈ, ਵੀਰ ਗੁਰਚਰਣ ਸਿੰਘ ਜਿਊਣਵਾਲਾ ਦੀ ਡਾਂਗ ਅੱਗੇ ਕੋਈ ਜੋਰ ਨਹੀ ਚਲਦਾ । ਅਸੀ ਵੀ ਵਾਰ ਵਾਰ ਉਨਾਂ ਨੂੰ ਇਕ ਜਾਗਰੂਕ ਸਿੱਖ ਅਤੇ ਵਿਦਵਾਨ ਸਮਝਣ ਦੀ ਭੁਲ ਕਰ ਬੈਠਦੇ ਹਾਂ, ਜਦ ਕੇ ਉਨਾਂ ਦੀ ਵੇਬਸਾਈਟ ਤੇ ਆਏ ਦਿਨ ਪੰਥ ਦਰਦੀਆਂ ਅਤੇ ਵਿਦਵਾਨਾਂ ਨੂੰ ਬਹੁਤ ਹੀ ਗੰਦੀ ਸ਼ਬਦਾਵਲੀ ਵਿਚ ਗਾਲ੍ਹਾਂ ਕਡ੍ਹਦੇ ਵੇਖ ਚੁਕੇ ਹਾਂ।

ਕੌਮ ਦੇ ਕਈ ਜਾਗਰੂਕ ਵਿਅਕਤੀਆਂ ਨਾਲ ਸਾਡੇ ਵੀ ਕਈ ਥਾਂਵਾਂ ਤੇ ਵਿਚਾਰ ਮੇਲ ਨਹੀ ਖਾਂਦੇ । ਮੇਲ ਹੀ ਨਹੀ ਖਾਂਦੇ ਬਲਕਿ ਕਈ ਥਾਵਾਂ ਤੇ ਤਾਂ ਅਸੀ ਇਕ ਦੂਜੇ ਦੇ ਵਿਚਾਰਕ ਵਿਰੋਧੀ ਵੀ ਬਣ ਕੇ ਖੜੇ ਹੋ ਜਾਂਦੇ ਹਾਂ। ਲੇਕਿਨ ਦੋਹਾਂ ਪਾਸਿਆ ਤੋਂ ਕਿਸੇ ਨੂੰ ਲੂਲਾ, ਲੰਗੜਾ, ਅਤੇ ਅਪਾਹਿਜ ਵਰਗੀਆਂ ਗਾਲ੍ਹਾਂ ਕਡ੍ਹਣ ਦੀ ਹਿੱਮਾਕਤ ਕਦੀ ਵੀ ਕਿਸੇ ਨੇ ਨਹੀ ਕੀਤੀ । "ਵਿਚਾਰਾਂ ਦਾ ਟਕਰਾਵ" ਤੇ "ਵਖਰੇਵਾਂ" ਦੋਨਾਂ ਨੂੰ ਕਦੀ ਵੀ ਇਕ ਥਾਂ ਤੇ ਆਂਉਣ ਨਹੀ ਦਿਤਾ। ਵੀਰ ਗੁਰਚਰਣ ਸਿੰਘ ਜਿਊਣਵਾਲਾ ਜੋ ਸਿੰਘ ਸਭਾ ਕਨੈਡਾ ਦੇ ਇਕ ਡਿਕਟੇਟਰ ਦੇ ਰੂਪ ਵਿਚ ਵਿਚਰਦੇ ਹਨ । ਉਹ ਹੀ ਇਸ ਸੰਸਥਾ ਦੇ ਨਿਯਮ ਅਤੇ ਅਜੇਂਡੇ ਭੀ ਤੈਅ ਕਰਦੇ ਹਨ। ਅਪਣੇ ਲੇਖਾਂ ਵਿਚ ਜਿਸ ਨੂੰ ਜੋ ਜੀ ਕਰੇ ਉਹ ਗਾਲ੍ਹਾਂ ਕਡ੍ਹਨ ਤੋਂ ਬਾਜ ਨਹੀ ਆਉਦੇ । ਇਸ ਕਾਨਫ੍ਰੇਂਸ ਦੇ ਸਟੇਜ ਸਕੱਤਰ ਵੀਰ ਨੇ ਇਕ ਥਾਂ ਤੇ ਇਹ ਸਵੀਕਾਰ ਕੀਤਾ ਕਿ ਜਿਨਾਂ ਨੂੰ ਅਵਾਰਡ ਦਿਤੇ ਗਏ ਹਨ ਉਨਾਂ ਦਾ ਨਾਮ ਵੀਰ ਜਿਊਣਵਾਲਾ ਸਾਹਿਬ ਨੇ ਹੀ ਤੈਅ ਕੀਤਾ ਹੈ । ਇਨਾਂ ਦੇ ਲੇਖਾਂ ਵਿੱਚ ਜੋ ਇਨਾਂ ਦੀ ਹੀ ਵੇਬਸਾਈਟ ਤੇ ਛਪਣ ਕਾਬਿਲ ਹੂੰਦੇ ਹਨ , ਸ਼ਬਦਾਵਲੀ ਵਲ ਜਰਾਂ ਧਿਆਨ ਦਿਉ ਅਤੇ ਇਹ ਤੈਅ ਕਰੋ ਜੀ ਕਿ ਕਿਸੇ ਵੀ ਪੰਥ ਦਰਦੀ ਜਾਂ ਵਿਦਵਾਨ ਲਈ ਇਹੋ ਜਹੀ ਸ਼ਬਦਾਵਲੀ ਕੀ ੲੲਿਕ ਵਿਦਵਾਨ ਦੀ ਹੋ ਸਕਦੀ ਹੈ?

".......ਕਈ ਤਾਂ, ਜਿਵੇਂ ਤੱਤ ਗੁਰਮਤਿ ਪ੍ਰੀਵਾਰ ਵਾਲੇ ਹਰਦੇਵ ਸਿੰਘ ਜੰਮੂ ਵਾਂਗੂ ਬਿਮਾਰ ਹਨ, ਲੰਗੜੇ-ਲੂਲੇ ਹਨ, ਅਪਾਹਜ ਹਨ ਤੁਰ ਫਿਰ ਨਹੀਂ ਸਕਦੇ ਤੇ ਬੰਦ ਕਮਰੇ ਵਿਚ ਬੈਠੇ ਹੀ ਇੰਟਰਨੈਟ ਤੇ ਦਿਲ ਦੀ ਭੜਾਸ ਕੱਢਣ ਜੋਗਰੇ ਹਨ। ਉਨ੍ਹਾਂ ਨੂੰ ਹੋਰ ਕੋਈ ਕੰਮ ਵੀ ਨਹੀਂ ਤੇ ਬਸ ਹਰ ਇਕ ਦੇ,“ਸੱਦੀ ਨਾ ਬਲਾਈ ਮੈਂ ਲਾੜੇ ਦੀ ਤਾਈ”ਵਾਂਗੂ ਹਰ ਵਕਤ ਮੁੱਖ ਸਲਾਹਰਕਾਰ ਆਪੇ ਨਿਯੁਕਤ ਹੋ ਜਾਂਦੇ ਹਨ। ਗੁਰੁ ਪਿਆਰਿਓ! ਸਾਥੋਂ ਕਿਸੇ ਤੋਂ ਪ੍ਰੋ. ਸਰਬਜੀਤ ਸਿੰਘ ਧੂੰਦੇ ਨੇ ਕੋਈ ਸਲਾਹ ਨਹੀਂ ਮੰਗੀ ਤੇ ਅਸੀਂ ਸਾਰੇ ਹੀ ਉਸਦੇ ਸਲਾਹਕਾਰ ਨਿਯੁਕਤ ਹੋ ਗਏ। ਜਿਨ੍ਹੀ ਦਵਾਈ ਅਸੀਂ ਪ੍ਰੋ. ਧੂੰਦਾ ਜੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਕਿਤੇ ਜੇ ਓਹ ਪੀ ਜਾਂਦਾ ਤਾਂ ਜਰੂਰ ਮਰ ਜਾਂਦਾ।...."

" ................khalsanews.org ਨੇ ਤਾਂ ਮੁੱਖ ਪੰਨਾ ਹੀ ਇਹ ਬਣਾ ਦਿੱਤਾ, ਕਿ ਜੇਕਰ ਪ੍ਰੋ. ਸਰਬਜੀਤ ਸਿੰਘ ਧੂੰਦਾ ਪੁਜਾਰੀਆਂ ਦੇ ਬਣਾਏ ਸਕੱਤ੍ਰਰੇਤ ਵਿਚ ਪੇਸ਼ ਹੋ ਗਿਆ ਤਾਂ ਉਪਰਲੀ-ਥੱਲੇ ਹੋ ਜਾਵੇਗੀ। ਜੇਕਰ ਉਹ ਪ੍ਰੋ. ਦਰਸ਼ਨ ਸਿੰਘ ਹੋਰਾਂ ਵਾਲੀ ਚੋਣ ਕਰੇਗਾ ਤਾਂ 25 ਫਰਵਰੀ 2012 ਨੂੰ ਪੁਜਾਰੀ ਜਮਾਤ ਖਤਮ ਹੋ ਜਾਵੇਗੀ।........"
".........ਮੇਰੇ ਪਿੰਡ ਅੱਜ ਬਿਜਲੀ ਨਹੀਂ ਤੇ ਕੋਇਲਿਆਂ ਵਾਲੀ ਪਰਿਸ ਗਰਮ ਕਰਕੇ ਲੋਕਾਂ ਦੇ ਕਛਿਹਰੇ ਪਰਿਸ ਕਰਨ ਲੱਗਿਆ ਹਾਂ ਕਈਆਂ ਦੇ ਕਛਿਹਰਿਆਂ ਨੂੰ ਸੇਕ ਜਰੂਰ ਲੱਗੇਗਾ।..........."

"................ਪ੍ਰੋ: ਦਰਸ਼ਨ ਸਿੰਘ ਕੁਝ ਸਮੇਂ ਤੋਂ ਜਾਗਰੂਕਤਾ ਵਾਲੇ ਪਾਸੇ ਤੁਰੇ ਹਨ ਤੇ ਛੇਕੇ ਵੀ ਗਏ , ਉਹਨਾਂ ਦਾ ਕਹਿਣਾ ਹੈ ਕਿ ਸਿਰਫ ਇੱਕ ਅਕਾਲ ਤਖਤ ਤੇ ਜਾਣਾ ਚਾਹੀਦਾ ਹੈ ਪਰ ਜਦੋਂ ਉਹ ਆਪ ਗਏ ਸੀ ਤੇ ਜੇ ਅੱਗੇ ਜਫੇਮਾਰ ਅਕਾਲ ਤਖਤ ਤੇ ਹੀ ਹੁੰਦੇ ਤਾਂ ਉਥੇ ਵੀ ਤਾਂ ਪੰਜਾਂ ਦੇ ਨਾਲ ਹੀ ਗੱਲ ਕਰਨੀ ਸੀ। ਚਾਹੇ ਸਕੱਤਰੇਤ ਚਾਹੇ ਅਕਾਲ ਤਖਤ ਪੇਸ਼ ਤਾਂ ਫਿਰਵੀ ਪੰਚਾਲੀ ਨੇ ਪੰਜਾਂ ਸਾਹਮਣੇ ਹੀ ਹੋਣਾ ਹੈ । ਉਹਨੋਂ ਵੱਲੋਂ ਕੀਤੀ ਇਹ ਟਿਪਣੀ ਨੀਵੇਂ ਪੱਧਰ ਦੀ ਹੈ ਤੇ ਇਹਨਾਂ ਨੌਜਵਾਨਾਂ ਨਾਲ ਜ਼ਿਆਦਤੀ ਹੈ। ਜਦੋਂ ਉਹ ਤਖਤ ਦੇ ਜਥੇਦਾਰ ਸੀ ਤਾਂ ਵੀ ਤੇ ਪੰਜ -ਪੰਜ ਹੀ ਸਿੱਖਾਂ ਦੀਆ ਪੇਸ਼ੀਆਂ ਕਰਵਾਉਂਦੇ ਸਨ ਉਂਦੋ ਇੱਕ ਵਾਲਾ ਸਿਧਾਂਤ ਕਿੱਥੇ ਰਿਹਾ, ਜੋ ਉਂਦੋ ਪੰਚਾਲੀਆਂ ਤਿਆਰ ਕੀਤੀਆਂ ਜਾਂਦੀਆਂ ਸਨ ਤੇ ਕੀ ਉਹ ਪੰਚਾਲੀਆਂ ਗੁਰਮਤਿ ਅਨੁਸਾਰੀ ਸਨ ।........."

ਇਤਿਹਾਸਕਾਰ ਹਰਜਿੰਦਰ ਸਿੰਘ ਜੀ ਦਿਲਗੀਰ ਨੇ ਵੀ ਪੂਰੀ ਮਨ ਦੀ ਭੜਾਸ ਕੱਢੀ , ਇਤਿਹਾਸਕਾਰ ਜੀ ਨੇ ਸਭ ਤੋਂ ਪਹਿਲਾਂ ਆਪਣਾ ਫਤਵਾ ਕੱਢ ਮਾਰਿਆ।..................

"..........ਕੀ ਤੁਹਾਡੀ ਇਹ ਚਿੱਠੀ ਇੱਟਾਂ ਦੇ ਬਣੇ ਅਕਾਲ ਤਖਤ ਨੇ ਪੜ੍ਹੀ ਜਾਂ ਕਾਬਜ ਸੇਵਾਦਾਰ ਨੇ ?..................."
".............ਪੇਸ਼ ਤੁਸੀਂ ਸੱਚੇ ਅਕਾਲ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਮੂਹਰੇ ਹੋਏ । ਕੀ ਉਸ ਨੇ ਤੁਹਾਡੀ ਫਰਿਯਾਦ ਸੁਣੀ ? ਜੇ ਸੁਣੀ ਤਾਂ ਫਿਰ ਤੁਹਾਨੂੰ ਉਸ ਨੇ ਆਪਣੇ ਪੰਥ ਵਿਚ ਰੱਖ ਕੇ ਅਕਲ ਦੇ ਅੰਧੇ ਲੋਕਾਂ ਨੂੰ ਇਹ ਅਕਲ ਕਿਉਂ ਨਹੀਂ ਦਿੱਤੀ ਕਿ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਦਾ ਅਕਾਲ ਤਖਤ ਤੋਂ ਦਿਤਾ ਅਦੇਸ਼ ਗਲਤ ਤੇ ਇਸ ਨੂੰ ਪ੍ਰਵਾਨ ਨਾ ਕੀਤਾ ਜਾਵੇ ?........"

ਕਈ ਵਰ੍ਹਿਆਂ ਤੋਂ ਦਾਸ ਇਹ ਸਟਡੀ ਕਰਦਾ ਆ ਰਿਹਾ ਹੈ ਕਿ ਬਹੁਤ ਸਾਰੇ ਲੋਕੀ " ਅਖੌਤੀ ਦਸਮ ਗ੍ਰੰਥ" ਦੇ ਵਿਰੋਧ ਕਾਰਣ ਕੌਮ ਵਿਚ ਮਸ਼ਹੂਰ ਹੋਏ। ਕੁਝ ਦਿਨਾਂ ਬਾਦ ਉਹ ਅਪਣੇ ਆਪ ਨੂੰ ਇਨਾਂ ਵੱਡਾ ਵਿਦਵਾਨ ਸਮਝਣ ਲਗ ਪਏ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਹੀ ਕਿੰਤੂ ਕਰਣ ਲਗ ਪਏ। ਸਿੱਖੀ ਦੇ ਮੁਡਲੇ ਅਸੂਲਾਂ, ਅਰਦਾਸ, ਕਾਰ ਸੇਵਾ, ਕਕਾਰਾਂ, ਖੰਡੇ ਦੀ ਪਾਹੁਲ ਦੇ ਸਿਧਾਂਤ ਨੂੰ ਹੀ ਰੱਦ ਕਰਨ ਲਈ ਤਰਲੋ ਮੱਛੀ ਹੋਣ ਲਗ ਪਏ। ਝੰਡੇ ਬੂੰਗਿਆ ਨੂੰ ਇਟਾਂ ਗਗਾਰੇ ਦੀ ਬਣੀ ਇਮਾਰਤ ਅਤੇ ਮੜ੍ਹੀ ਆਦਿਕ ਕਹਿ ਕੇ ਹੀ ਸ਼ੰਕੇ ਅਤੇ ਕਿੰਤੂ ਕਰ ਕੇ ਕੌਮ ਵਿੱਚ ਨਵੇਨ ਨਵੇਂ ਵਿਵਾਦ ੳਤੇ ਭੰਬਲਭੂਸਿਆ ਨੂੰ ਜਨਮ ਦੇਣ ਲਗ ਪਏ।

ਅਹੰਕਾਰ ਅਤੇ ਅਪਣੀ ਚੌਧਰ ਨੂੰ ਪੰਥ ਦੇ ਹਿਤ ਨਾਲੋਂ ਬਹੁਤਾ ਮਹੱਤਵ ਦੇਣ ਵਾਲਿਆਂ ਕੋਲੋਂ, ਪੰਥ ਦੀਆਂ ਜਾਗਰੂਕ ਧਿਰਾਂ ਨੂੰ ਇਕ ਜੁਟ ਕਰਨ ਦੀ ਆਸ ਕਰਨਾਂ ਸਾਡੀ ਮੂਰਖਤਾ ਨਹੀ ਤੇ ਹੋਰ ਕੀ ਸੀ? ਪ੍ਰੋ. ਦਰਸ਼ਨ ਸਿੰਘ ਵਰਗੀ ਕੌਮ ਦੀ ਮਹਾਨ ਸ਼ਖਸ਼ਿਅਤ ਇਹੋ ਜਹੇ ਬੰਦਿਆਂ ਦੇ ਕਿਸੇ ਮੇਡਲ ਦੀ ਮੋਹਤਾਜ ਨਹੀ ਹੈ। ਪ੍ਰੋਫੇਸਰ ਸਾਹਿਬ ਜੀ ਦਾ ਇਹ ਅਪਮਾਨ ਜਿਊਣਵਾਲਾ ਸਾਹਿਬ ਨੇ ਸਿਰਫ ਇਸ ਕਰਕੇ ਕੀਤਾ ਹੈ ਕਿ ਧੂੰਦਾ ਸਾਹਿਬ ਨੂੰ ਸਕਤਰੇਤ ਵਿਚ ਪੇਸ਼ ਕਰਵਾਂ ਕੇ ਜਿਊਣਵਾਲਾ ਸਾਹਿਬ ਇਕ ਬਹੁਤ ਵਡੀ ਇਤਿਹਾਸਕ ਗਲਤੀ ਕਰ ਚੁਕੇ ਸਨ। ਇਸ ਗਲਤ ਨਿਰਣੈ ਲਈ ਕੌਮ ਵਿਚ ਉਨਾਂ ਦੀ ਬਹੁਤ ਫਜੀਹਤ ਵੀ ਹੋ ਰਹੀ ਸੀ। ਅਪਣੇ ਇਸ ਗਲਤ ਫੈਸਲੇ ਨੂੰ ਜਸਟੀਫਾਈ ਕਰਨ ਅਤੇ ਉਸ ਤੇ ਪਰਦਾ ਪਾਉਣ ਲਈ ਉਨਾਂ ਨੇ ਪ੍ਰੋਫੇਸਰ ਸਾਹਿਬ ਨੂੰ ਗਲਤ ਅਤੇ ਅਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਇਹ ਖੇਡ ਖੇਡਿਆ ਹੈ। ਜੋ ਉਨਾਂ ਦੀ ਗਲਤ ਪਹੁੰਚ ਅਤੇ ਵਿਕ੍ਰਤ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ।

ਪ੍ਰੋ. ਸਾਹਿਬ ਨੂੰ ਉਨਾਂ ਪੁਜਾਰੀਆਂ ਨੇ ਅਪਣੇ ਪੰਥ ਵਿਚੋਂ ਛੇਕਿਆ ਸੀ । ਕੀ ਇਹ ਉਸ ਨਾਲੋਂ ਵੀ ਮਾੜੀ ਅਤੇ ਦੁਖਦਾਈ ਘਟਨਾਂ ਨਹੀ ਹੈ ? ਉਹ ਪੁਜਾਰੀ ਤੇ , ਬੇ ਗੈਰਤ ਸਨ । ਇਹ ਤਾਂ ਅਪਣੇ ਹੀ ਰਹਿਬਰ ਹਣ, ਜਿਨਾਂ ਨੇ ਪੁਜਾਰੀਆਂ ਵਾਲਾ ਕ੍ਰਿਤ ਦੋਬਾਰਾ ਕੀਤਾ ਹੈ । ਉਨਾਂ ਪੁਜਾਰੀਆਂ, ਅਤੇ ਇਨਾਂ ਵਿੱਚ ਫਰਕ ਕੀ ਰਹਿ ਗਇਆ ਹੈ ? "ਸਕੱਤਰੇਤ ਲਾਣਾਂ " ਜੋ ਚਾਂਉਦਾ ਸੀ, ਉਹ ਉਸ ਵਿਚ ਪੂਰੀ ਤਰ੍ਹਾਂ ਫੇਲ ਹੋ ਚੁਕਾ ਸੀ। ਪ੍ਰੋਫੇਸਰ ਦਰਸ਼ਨ ਸਿੰਘ ਨੂੰ ਛੇਕਣ ਤੋਂ ਬਾਦ ਕੌਮ ਵਿੱਚ ਪ੍ਰੋਫੇਸਰ ਸਾਹਿਬ ਦੇ ਸਤਕਾਰ ਵਿੱਚ ਹੋਰ ਵਾਧਾ ਹੋ ਗਇਆ ਸੀ, ਲੇਕਿਨ ਉਨਾਂ ਕੇਸਾਧਾਰੀ ਬ੍ਰਾਹਮਣਾਂ ਦਾ ਕੰਮ "ਜਿਊਣਵਾਲਾ ਐਂਡ ਕੰਪਨੀ" ਨੇ ਅਪਣੀ ਹਉਮੈ ਕਰਕੇ ਪੂਰਾ ਕਰ ਵਖਾਇਆ ਹੈ।


ਟਿੱਪਣੀ:

ਸ੍ਰ. ਕੁਲਦੀਪ ਸਿੰਘ ਸ਼ੇਰੇਪੰਜਾਬ ਨੇ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਅਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਜ਼ਿਕਰ ਆਪਣੇ ਲੈਕਚਰ 'ਚ ਕੀਤਾ ਸੀ, ਜਦੋਂ ੳਹ ਪੁਜਾਰੀਆਂ ਖਿਲਾਫ ਜਿਹੜੇ ਡਟੇ ਉਨ੍ਹਾਂ ਦਾ ਨਾਮ ਲੈ ਰਹੇ ਸੀ, ਪਰ ਸਿੰਘ ਸਭਾ ਵਾਲਿਆਂ ਨੇ ਕੀਤੇ ਵੀ ਉਨ੍ਹਾਂ ਦਾ ਜ਼ਿਕਰ ਨਹੀਂ ਕੀਤਾ, ਨਾ ਹੀ ਸੱਦਿਆ ਗਿਆ। (ਇਹ ਗੱਲ ਵਖਰੀ ਹੈ, ਕਿ ਉਨ੍ਹਾਂ ਦੀ ਪਿੱਠ ਦਾ ਆਪਰੇਸ਼ਨ ਪਿਛਲੇ ਦੋ ਕੁ ਹਫਤੇ ਪਹਿਲਾਂ ਹੋਇਆ ਹੈ, ਅਤੇ ਉਨ੍ਹਾਂ ਨੂੰ ਇਸ ਵੇਲੇ ਡਾਕਟਰਾਂ ਵਲੋਂ ਆਰਾਮ ਕਰਨ ਦੀ ਸਲਾਹ ਦਿਤੀ ਗਈ ਹੈ, ਪਰ ਮਨੋਬਲ ਤੌਰ 'ਤੇ ਉਹ ਚੜ੍ਹਦੀਕਲਾ 'ਚ ਹਨ।) ਸ੍ਰ. ਗੁਰਚਰਣ ਸਿੰਘ ਜਿਊਣਵਾਲਾ ਪਿਛਲੇ ਸਾਲ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਮਿਲਣ ਗਏ ਸੀ, ਜਦੋਂ ਜਿਊਣਵਾਲਾ ਜੀ ਨੇ ਪ੍ਰੋ. ਦਰਸ਼ਨ ਸਿੰਘ ਨੂੰ ਇੱਕ ਸੈਮੀਨਾਰ ਕਰਵਾਏ ਜਾਣ ਬਾਰੇ ਦੱਸਿਆ ਸੀ, ਅਤੇ ਉਨ੍ਹਾਂ ਨੂੰ ਉਸ ਵਿੱਚ ਸ਼ਾਮਿਲ ਹੋਣ ਲਈ ਆਖਿਆ ਸੀ। ਚਮੜੀ ਅਤੇ ਦਮੜੀ ਬਚਾਉਣ ਖ਼ਾਤਿਰ ਪ੍ਰੋ. ਧੂੰਦਾ ਨੂੰ ਉਨਾਂ ਹੀ ਪੁਜਾਰੀਆਂ ਅੱਗੇ ਪੇਸ਼ ਕਰਵਾਉਣ ਲਈ ਜਿਊਣਵਾਲਾ ਜੀ ਅਤੇ ਉਨ੍ਹਾਂ ਦੇ ਸਿੰਘ ਸਭਾ ਕੈਨੇਡਾ ਦੇ ਸਾਥੀਆਂ ਨੇ ਹਿਦਾਇਤ ਕੀਤੀ ਸੀ, ਜਿਨ੍ਹਾਂ ਪੁਜਾਰੀਆਂ ਦਾ ਸ੍ਰ. ਜਿਊਣਵਾਲਾ ਅਤੇ ਸਾਰੇ ਸਾਥੀ ਵਿਰੋਧ ਕਰਦੇ ਹਨ। ਪ੍ਰੋ. ਧੂੰਦਾ ਦੇ ਕੇਸ 'ਚ ਜਿਸ ਤਰ੍ਹਾਂ ਜਿਊਣਵਾਲਾ ਜੀ ਨੇ ਯੂ ਟਰਨ ਮਾਰਿਆ ਹੈ, ਪ੍ਰੋ. ਦਰਸ਼ਨ ਸਿੰਘ ਦੇ ਖਿਲਾਫ ਲਿਖਣਾ ਚਾਲੂ ਕੀਤਾ ਹੈ, ਇਸ ਸੈਮੀਨਾਰ 'ਚ ਸਾਫ ਝਲਕਦਾ ਸੀ।  ਜਿਊਣਵਾਲਾ ਜੀ, ਥੋੜੇ ਸਾਲ ਪਹਿਲਾਂ ਹਰੀ ਪ੍ਰਸਾਦ ਰੰਧਾਵਾ ਨਾਲ ਅਖੌਤੀ ਦਸਮ ਗ੍ਰੰਥ ਦੇ ਸੰਬੰਧ 'ਚ ਬਹਿਸ ਲਈ ਤੁਸੀਂ ਪ੍ਰੋ. ਦਰਸ਼ਨ ਸਿੰਘ ਹੋਰਾਂ ਨਾਲ ਗਏ ਸੀ, ਹੁਣ ਐਨੀ ਐਲਰਜੀ???

ਕੱਲ ਹੋਏ ਸੈਮੀਨਾਰ ਵਿੱਚ ਵੀ ਰੱਜ ਕੇ ਉਨ੍ਹਾਂ ਪੁਜਾਰੀਆਂ ਦੀ ਤਹਿ ਲਾਈ ਗਈ, ਪਰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਉਨ੍ਹਾਂ ਹੀ ਪੁਜਾਰੀਆਂ ਦੇ ਸਾਹਮਣੇ ਪ੍ਰੋ. ਧੂੰਦਾ ਕੋਲ਼ੋਂ ਮੁਆਫੀ ਮੰਗਵਾਈ ਗਈ। ਇਸੇ ਸੈਮੀਨਾਰ 'ਚ ਜਰਮਨੀ ਤੋਂ ਆਏ ਇਕ ਭਾਈ ਸਾਹਿਬ ਜਿਨ੍ਹਾਂ ਨੇ ਮਤਾ ਵੀ ਪੜ੍ਹਿਆ ਸੀ, ਉਹ ਕਹਿ ਰਹੇ ਸੀ ਕਿ ਸਾਨੂੰ ਹੁਣ ਚਮੜੀ ਤੇ ਦਮੜੀ ਬਚਾਉਣਾ ਛੱਡ ਕੇ, ਮੈਦਾਨ ਵਿੱਚ ਉਤਰਨਾ ਚਾਹੀਦਾ ਹੈ। ਕਥਨੀ ਤੇ ਕਰਨੀ 'ਚ ਐਨਾ ਫਰਕ!!!

ਆਸਟ੍ਰੇਲੀਆ ਤੋਂ ਆਏ ਇਕ ਕਾਮਰੇਡੀ ਵਿਦਵਾਨ ਨੇ ਸਿੱਖੀ ਦੀਆਂ ਮੁੱਢਲੇ ਸਿਧਾਂਤਾਂ 'ਤੇ ਅੰਗ੍ਰੇਜੀ 'ਚ ਬੋਲਣਾ ਜਾਰੀ ਰੱਖਿਆ, ਪਰ ਸਟੇਜ ਸਕੱਤਰ ਜਾਂ ਸਿੰਘ ਸਭਾ ਕੈਨੇਡਾ ਵਾਲਿਆਂ ਨੇ, ਕਿਸੇ ਨੇ ਵੀ ਉਨ੍ਹਾਂ ਨੂੰ ਟੋਕਣਾ ਜਾਇਜ਼ ਨਾ ਸਮਝਿਆ। ਇਹ ਗੱਲ ਕੁੱਝ ਹਜ਼ਮ ਨਹੀਂ ਹੋ ਰਹੀ ਸੀ, ਪਰ ਕਿਸੇ ਦੇ ਪ੍ਰਾਈਵੇਟ ਫੰਕਸ਼ਨ 'ਚ ਖ਼ਲਲ ਨਾ ਪਾਇਆ ਜਾਵੇ, ਉਸ ਕਰਕੇ ਉਥੇ ਕੁੱਝ ਨਾ ਕਹਿਣ ਦਾ ਮਨ ਬਣਾਇਆ, ਪਰ ਸੋਚਿਆ ਕੀ ਲਿਖਣਾ ਜ਼ਰੂਰ ਹੈ।

ਉਸ ਕਾਮਰੇਡੀ ਵਿਦਵਾਨ ਨੇ ਸਿੱਖ ਅਤੇ ਸਿੰਘ ਨੂੰ ਵਖਰਾ ਦੱਸਿਆ, ਸਿੰਘ ਨੂੰ Millitant ਦੱਸਿਆ, ਖੰਡੇ ਦੀ ਪਾਹੁਲ ਦਾ ਅੱਜ ਦੇ ਯੁਗ ਕੋਈ ਜ਼ਰੂਰਤ ਨਹੀਂ, ਕੇਸਾਂ ਦੀ ਕੋਈ ਜ਼ਰੂਰਤ ਨਹੀਂ, ਉਹ ਵੀ ਇਹ ਕਹਿ ਕੀ ਗੁਰਬਾਣੀ 'ਚ ਆਉਂਦਾ ਹੈ "ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥" ਉਸ ਕਾਮਰੇਡੀ ਵਿਦਾਵਨ ਨੂੰ ਇਹ ਨਹੀਂ ਪਤਾ ਕਿ, ਇਹ ਤੁੱਕ ਕੀ ਕਹਿ ਰਹੀ ਹੈ, "ਭਾਵੈ ਲਾਂਬੇ ਕੇਸ ਕਰੁ..." ਜਿਸਦਾ ਮਤਲਬ ਹੈ ਕਿ ਭਾਂਵੇਂ ਕੋਈ ਜਟਾਧਾਰੀ ਸਾਧੂਆਂ ਵਾਂਗ ਲੰਬੀਆਂ ਲੰਬੀਆਂ ਜਟਾਵਾਂ ਬਣਾਵੇ, ਭਾਂਵੇ ਕੋਈ ਬੋਧੀਆਂ ਜੈਨੀਆਂ ਵਾਂਗ ਸਿਰ ਘਸਾ ਲਵੇ... ਇਥੇ ਉਂਨ੍ਹਾਂ ਭੇਖੀ ਸਾਧੂਆਂ ਦੀ ਗੱਲ ਹੈ, ਜਿਹੜੇ ਜਟਾਂਵਾਂ ਬਣਾਉਂਦੇ ਨੇ, ਨਹਾਉਂਦੇ ਨਹੀਂ, ਹੋਰ ਕਈ ਤਰ੍ਹਾਂ ਦੇ ਪਖੰਡ ਕਰਦੇ ਹਨ, ਪਰ ਸਿੱਖ ਕੇਸ ਰੱਖਦਾ ਨਹੀਂ, ਕੇਸ ਸ਼ਰੀਰ ਦਾ ਹਿਸਾ ਹੈ, ਉਨ੍ਹਾਂ ਨੂੰ ਸੰਭਾਲਦਾ ਹੈ। ਕੇਸ ਸਿੱਖ ਲਈ ਭੇਖ ਨਹੀਂ, ਸਿੱਖ ਪ੍ਰਮਾਤਮਾ ਦੀ ਬਣਾਈ ਹੋਈ ਦੇਹੀ ਨੂੰ ਸਾਂਭ ਕੇ ਰੱਖਦਾ ਹੈ।

ਇਸ ਤਰ੍ਹਾਂ ਦੇ ਕਾਮਰੇਡੀ ਵਿਦਵਾਨ, ਸਿੱਖੀ ਦਾ ਕੁੱਝ ਸੰਵਾਰ ਤਾਂ ਨਹੀਂ ਸਕਦੇ, ਵਿਗਾੜ ਜ਼ਰੂਰ ਰਹੇ ਨੇ। ਵਿਸ਼ਵ ਸਿੱਖ ਕਾਨਫਰੰਸ 'ਚ ਇਹੇ ਜਿਹੇ ਅਖੌਤੀ ਵਿਦਵਾਨ ਦਾ ਬੋਲਣਾ ਅਤੇ ਪ੍ਰਬੰਧਕਾ ਵਲੋਂ ਉਸਨੂੰ ਟਾਈਮ ਦੇਣਾ ਅਤੇ ਨਾ ਟੋਕਣਾ, ਇਸ ਕਾਨਫਰੰਸ 'ਤੇ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ।

ਖ਼ਾਲਸਾ ਨਿਊਜ਼ ਕਿਸੇ ਵਿਅਕਤੀ ਜਾਂ ਸੰਸਥਾ ਦੇ ਪੱਖ ਜਾਂ ਵਿਰੋਧ 'ਚ ਨਹੀਂ, ਸਿਰਫ ਗੁਰਮਤਿ ਅਤੇ ਸਿੱਖੀ ਸਿਧਾਂਤਾਂ ਦੇ ਉਲਟ ਹੋ ਰਹੀ ਕਿਸੇ ਵੀ ਗੱਲ ਦੇ ਵਿਰੁੱਧ ਹੈ, ਭਾਂਵੇਂ ਕੋਈ ਚਮੜੀ ਜਾਂ ਦਮੜੀ ਬਚਾਉਣ ਲਈ ਪਾਲਤੂ ਅਖੌਤੀ ਜਥੇਦਾਰਾਂ ਅਗੇ ਪੇਸ਼ ਹੋਵੇ ਜਾਂ ਕੋਈ ਅਖੌਤੀ ਵਿਦਵਾਨ ਸਿੱਖੀ ਦੇ ਮੁੱਢਲੇ ਸਿਧਾਂਤਾਂ 'ਤੇ ਹਮਲੇ ਕਰਦਾ ਹੋਵੇ, ਸਾਡਾ ਕੰਮ ਲਿਖਣਾ ਅਤੇ ਸੱਚ ਦੇ ਨਾਲ ਖੜਨਾ ਹੈ।

ਇੱਕ ਗੱਲ ਹੋਰ, ਜਿਊਣਵਾਲਾ ਜੀ ਅਖੀਰ 'ਤੇ ਇਹ ਵੀ ਕਹਿ ਗਏ ਕਿ ਮੈਂ ਕਿਸੇ ਤੋਂ ਡਰਦਾ ਨਹੀਂ, ਆਪਣੀ ਘਰਵਾਲੀ ਤੋਂ ਵੀ ਨਹੀਂ... ਪਰ ਕੀ ਗੱਲ ਅਖੌਤੀ ਜਥੇਦਾਰਾਂ ਕੋਲ਼ੋਂ ਕਿਸ ਤਰ੍ਹਾਂ ਡਰ ਗਏ? ਅਤੇ ਕੌਮ ਦੇ ਉਭਰ ਰਹੇ ਨੌਜਵਾਨ ਪ੍ਰਚਾਰਕ ਨੂੰ ਵੀ ਡਰਾ ਦਿੱਤਾ... ਕੀ ਇਹ ਚਮੜੀ ਤੇ ਦਮੜੀ ਬਚਾਉਣਾ ਨਹੀਂ??? ਡਰਨਾ ਨਹੀਂ? ਕਿ ਕਿਤੇ ਸਾਨੂੰ ਕੋਈ ਸਟੇਜ ਨਾ ਦਵੇ, ਸਾਡਾ ਫਿਰ ਕੀ ਬਣੂੰ??? ਹੈਂਅ ਐਨਾ ਡਰ...

ਅੱਜ ਜਿਹੜੇ ਕਾਲਾ ਅਫਗਾਨਾ ਜੀ, ਘੱਗਾ ਜੀ ਨੂੰ ਤੁਸੀਂ ਗੋਲਡ ਮੈਡਲ ਦੇ ਰਹੇ ਹੋ, ਕੀ ਉਨ੍ਹਾਂ ਦਾ ਰੁਤਬਾ ਘੱਟਿਆ ਹੈ? ਕੀ ਪ੍ਰੋ. ਗੁਰਮੁੱਖ ਸਿੰਘ ਦਾ ਰੁੱਤਬਾ ਘਟਿਆ ਹੈ? ਕੀ ਪ੍ਰੋ. ਦਰਸ਼ਨ ਸਿੰਘ ਨੂੰ ਕੋਈ ਫਰਕ ਪਇਆ ਹੈ, ਕੀ ਉਨ੍ਹਾਂ ਦੇ ਪ੍ਰੋਗ੍ਰਾਮ ਘਟੇ ਹਨ... ਨਹੀਂ, ਉਨ੍ਹਾਂ ਦਾ ਸਨਮਾਨ ਅਤੇ ਸਮਾਗਮ ਪਿਛਲੇ ਸਮਿਆਂ ਨਾਲੋਂ ਵਧੇ ਹਨ। ਕੀ ਕੇਵਲ ਬੰਗਲਾ ਸਾਹਿਬ ਦੀ ਸਟੇਜ ਹੀ ਦੁਨਿਆ ਦੀ ਆਖਰੀ ਸਟੇਜ ਹੈ?

ਪ੍ਰੋ. ਧੂੰਦਾ ਦੀ ਖੱਲ ਬਚਾ ਕੇ, ਜਿਊਣਵਾਲਾ ਜੀ, ਤੁਸੀਂ ਉਨ੍ਹਾਂ ਦੇ ਬਾਕੀ ਸਾਥੀਆਂ ਦੇ ਭਵਿੱਖ ਨਾਲ ਖੇਡਿਆ ਹੈ, ਜਿਸਦਾ ਪ੍ਰਤੱਖ ਪ੍ਰਮਾਣ ਪ੍ਰੋ. ਸਭਰਾਅ ਦੇ ਪ੍ਰੋਗ੍ਰਾਮ ਹਨ। ਜਿਸ ਤਰ੍ਹਾਂ ਦਾ ਉਤਸ਼ਾਹ ਪ੍ਰੋ. ਧੂੰਦਾ ਵੇਲੇ ਸੀ, ਉਹ ਪ੍ਰੋ. ਸਭਰਾਅ ਵੇਲੇ ਬਿਲਕੁਲ ਨਾਮਾਤਰ ਸੀ। ਕਾਲੇਜ ਤਾਂ ਬਚਾ ਲਿਆ, ਪਰ ਸਿਧਾਂਤ, ਸਵਾਭਿਮਾਨ ਨਹੀਂ ਬਚਾ ਸਕੇ... ਪਰ ਮੁਆਫ ਕਰਨਾ, ਚਮੜੀ ਤੇ ਦਮੜੀ ਬੱਚ ਗਈ, ਉਹ ਸਭ ਤੋਂ ਵੱਡੀ ਹੈ, ਹੈ ਕਿ ਨਹੀਂ???

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top