Share on Facebook

Main News Page

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ - ਪੰਜਵਾਂ ਪੜਾਅ
-
ਤੱਤ ਗੁਰਮਤਿ ਪਰਿਵਾਰ

* ਤਿਆਰ ਦਸਤਾਵੇਜ਼ ਅਤੇ ਉਸ ਦੀ ਵਿਆਖਿਆ ਦੀ ਪੜਚੋਲ

ਅਕਾਲ ਤਖਤ ਤੋਂ ਲਾਗੂ ਅਤੇ ਪੰਥ ਪ੍ਰਵਾਨਿਤ ਮੰਨੀ ਜਾਂਦੀ ਸਿੱਖ ਰਹਿਤ ਮਰਿਯਾਦਾ ਵਿਚ ਅਨੇਕਾਂ ਨੁਕਤੇ ਐਸੇ ਹਨ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਅਤੇ ਕਸਵੱਟੀ ਤੇ ਖਰੇ ਨਹੀਂ ਉਤਰਦੇ। ਇਸ ਰਹਿਤ ਮਰਿਯਾਦਾ ਨੂੰ ਬਣਾਉਣ ਦਾ ਕੰਮ 1930 ਦੇ ਆਸ ਪਾਸ ਸ਼ੁਰੂ ਹੋਇਆ। ਉਸ ਸਮੇਂ ਕੌਮ ਵਿਚ ਵਿਚਾਰਧਾਰਾ ਪੱਖੋਂ ਅਨੇਕਾਂ ਧੜੇ ਸਨ। ਐਸੇ ਮਾਹੌਲ ਵਿਚ ਇਸ ਮਰਿਯਾਦਾ ਨੂੰ ਤਿਆਰ ਕਰਨ ਵੇਲੇ ਕਈਂ ਸਮਝੌਤੇ ਵੀ ਕਰਨੇ ਪਏ। ਇਸ ਲੈਣ-ਦੇਣ ਦੀ ਇਕ ਝਲਕ ਪੰਥਕ ਨਿਤਨੇਮ ਵਿਚ ਆਉਂਦੀ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਕੱਚੀ ਰਚਨਾ ‘ਬੇਨਤੀ ਚੌਪਈ' ਵਿਚ ਸਪਸ਼ਟ ਵੇਖੀ ਜਾ ਸਕਦੀ ਹੈ।

ਇਸ ਮਰਿਯਾਦਾ ਦੇ ਲਾਗੂ ਹੋਣ ਦੇ ਕੁਝ ਸਮਾਂ ਬਾਅਦ ਹੀ 1945 ਵਿਚ ਸੋਧਾਂ ਦਾ ਦੌਰ ਸ਼ੁਰੂ ਹੋ ਗਿਆ। 1945 ਵਾਲੀ ਸੋਧਾਂ ਦਾ ਮੁੱਖ ਕਾਰਨ ਨਾਂਹ-ਪੱਖੀ ਬਦਲਾਅ ਕਰਦੇ ਹੋਏ, ਕੌਮ ਤੇ ‘ਰਾਗਮਾਲਾ’ ਦਾ ਸ਼ਿਕੰਜਾ ਹੋਰ ਕਸਣਾ ਸੀ। ਇਸ ਸੋਧ ਮੀਟਿੰਗ ਵਿਚ ਰਾਗਮਾਲਾ ਪੱਖੀ ਵਿਦਵਾਨ ਡਾ. ਜੋਧ ਸਿੰਘ ਵਲੋਂ ਵਿਖਾਈ ਜ਼ਿੱਦ ਅਤੇ ਧੌਂਸ ਦਾ ਬਿਆਨ ਮਰਹੂਮ ਗਿਆਨੀ ਗੁਰਦਿਤ ਸਿੰਘ ਜੀ ਨੇ ਆਪਣੀ ਬਹੁ-ਚਰਚਿਤ ਪੁਸਤਕ ‘ਮੁੰਦਾਵਣੀ’ ਵਿਚ ਕੀਤਾ ਹੈ।

ਸਿੱਖ ਰਹਿਤ ਮਰਿਯਾਦਾ ਵਿਚਲੀਆਂ ਬਜਰ ਗੁਰਮਤਿ ਵਿਰੋਧੀ ਗੱਲਾਂ ਦੀ ਪਛਾਣ ਕਰਦੇ ਹੋਏ, ਇਸ ਵਿਚ ਹਾਂ-ਪੱਖੀ ਸੋਧਾਂ ਦਾ ਹੋਕਾ ਪਹਿਲੀ ਵਾਰ ਖੁੱਲ ਕੇ ਦੇਣ ਦਾ ਸਿਹਰਾ ਗਿਆਨੀ ਭਾਗ ਸਿੰਘ ਜੀ ਅੰਬਾਲਾ ਨੂੰ ਜਾਂਦਾ ਹੈ। ਆਪਣੇ ਇਸ ਖਰੇ ਸੱਚ ਕਾਰਨ ਜਿਥੇ ਉਨ੍ਹਾਂ ਨੂੰ ਪੁਜਾਰੀਆਂ ਦਾ ਛੇਕੂ ਨਜ਼ਲਾ ਸਹਿਣਾ ਪਿਆ। ਉਥੇ ਹੀ ਸੁਚੇਤ ਮੰਨੇ ਜਾਂਦੇ ਮਿਸ਼ਨਰੀ ਕਾਲਜਾਂ ਨੇ ਵੀ ਆਪਣੇ ਇਸ ਸਾਥੀ ਤੋਂ ਕਿਨਾਰਾ ਕਰ ਲਿਆ। ਉਸ ਉਪਰੰਤ ਇਸ ਮਰਿਯਾਦਾ ਵਿਚ ਸੋਧਾਂ ਦੀ ਲੋੜ ਨੂੰ ਮਹਿਸੂਸ ਕਰਨ ਵਾਲਿਆਂ ਦਾ ਕਾਫਲਾ ਨਿਰੰਤਰ ਵੱਧਦਾ ਗਿਆ। ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਪੁਸਤਕ ਲੜੀ ‘ਬਿਪਰਨ ਦੀ ਰੀਤ ਤੋਂ ਸੱਚ ਦਾ ਮਾਰਗ’ ਨੇ ਸੱਚ ਦੇ ਚਾਹਵਾਨ ਸਿੱਖਾਂ ਨੂੰ ਝੰਝੋੜਣ ਦਾ ਕੰਮ ਕੀਤਾ। ਇਸ ਕਾਰਨ ਵੱਧ ਰਹੀ ਜਾਗਰੂਕਤਾ ਦੇ ਪ੍ਰਭਾਵ ਹੇਠ ਸੁਚੇਤ ਸਿੱਖਾਂ ਨੇ ਮਰਿਯਾਦਾ ਵਿਚਲੀਆਂ ਕਮੀਆਂ ਨੂੰ ਖੁੱਲ ਕੇ ਮਹਿਸੂਸ ਕਰਨਾ ਸ਼ੁਰੂ ਕੀਤਾ ਅਤੇ ਇਸ ਵਿਚ ਸੋਧਾਂ ਦੀ ਲੋੜ ਨੂੰ ਮਹਿਸੂਸ ਕੀਤਾ ਜਾਣ ਲੱਗ ਪਿਆ।

ਵਿਵਹਾਰਿਕ ਰੂਪ ਵਿਚ ਇਸ ਸੋਚ ਨੂੰ ਅੰਜਾਮ ਦੇਣ ਲਈ 2007 ਦੇ ਆਸ ਪਾਸ ਮੋਹਾ ਡਾ. ਹਰਜਿੰਦਰ ਸਿੰਘ ਦਿਲਗੀਰ ਦੇ ਗ੍ਰਿਹ ਮੋਹਾਲੀ ਵਿਖੇ ਕੁਝ ਸੁਚੇਤ ਵਿਦਵਾਨਾਂ ਅਤੇ ਪੰਥਦਰਦੀਆਂ ਨੇ ਇਕ ਇਕੱਤਰਤਾ ਲੜੀ ਸ਼ੁਰੂ ਕੀਤੀ ਤਾਂ ਕਿ ਇਸ ਦੇ ਸੁਧਰੇ ਰੂਪ ਦਾ ਇਕ ਸੰਭਾਵੀ ਖਰੜਾ ਤਿਆਰ ਕੀਤਾ ਜਾ ਸਕੇ। ਇਨ੍ਹਾਂ ਇਕੱਤਰਤਾਵਾਂ ਵਿਚ ਮਰਹੂਮ ਮਹਿੰਦਰ ਸਿੰਘ ਜੋਸ਼ ਜੀ ਸਮੇਤ ਹੋਰ ਕਈ ਵਿਦਵਾਨਾਂ ਅਤੇ ਸੱਜਣਾਂ ਨੇ ਹਿੱਸਾ ਲਿਆ ਜਿਸ ਵਿਚ ਤੱਤ ਗਰਮਤਿ ਪਰਿਵਾਰ ਦੇ ਕੁਝ ਮੌਜੂਦਾ ਮੁੱਢਲੇ ਮੈਬਰ ਵੀ ਸ਼ਾਮਿਲ ਸਨ। ਪਰ ਇਕ ਸਮੇਂ ਬਾਅਦ ਇਸ ਉਪਰਾਲੇ ਦਾ ਪ੍ਰਭਾਵ, ਤੋੜ ਚੜ੍ਹਣ ਤੋਂ ਪਹਿਲਾਂ ਹੀ, ਫਿੱਕਾ ਪੈਣ ਲਗ ਪਿਆ । ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਪੁਜਾਰੀਆਂ ਦਾ ਛੇਕੂ ਕੂੜਨਾਮਾ ਸਾਹਮਣੇ ਆਉਣ ਤੋਂ ਬਾਅਦ ਸੁਚੇਤ ਪੰਥ ਵਿਚ ਰਹਿਤ ਮਰਿਯਾਦਾ ਦੀ ਅਨਿਸ਼ਚਿਤ ਸਮੇਂ ਲਈ ਇੰਨ-ਬਿੰਨ ਪ੍ਰੌੜਤਾ ਅਤੇ ਇਸ ਬਾਰੇ ਜਨਤਕ ਕਿੰਤੂ ਨਾ ਕਰਨ ਦੀ ਗੱਲ ਜ਼ੋਰ ਫੜਣ ਲਗ ਪਈ। ਇਸ ਮਾਹੌਲ ਵਿਚ ਮੋਹਾਲੀ ਵਿਖੇ ਸਿੱਖ ਰਹਿਤ ਮਰਿਯਾਦਾ ਸੁਧਾਰ ਦਾ ਉਪਰਾਲਾ ਕਰਨ ਵਾਲੇ ਬਹੁੱਤੇ ਸੱਜਣ ਚੁੱਪ ਬੈਠ ਗਏ ਜਾਂ ਰਹਿਤ ਮਰਿਯਾਦਾ ਦੀ ਪ੍ਰੌੜਤਾ ਦੀ ਹਿਮਾਇਤ ਕਰਨ ਲਗ ਪਏ। ਇਸ ਕਾਰਨ ਇਕ ਚੰਗੀ ਨੀਯਤ ਨਾਲ ਸ਼ੁਰੂ ਕੀਤਾ ਉਹ ਸੁਧਾਰ ਉਪਰਾਲਾ ਲਗਭਗ ਠੱਪ ਹੋ ਗਿਆ।

ਤੱਤ ਗੁਰਮਤਿ ਪਰਿਵਾਰ ਨੇ ਹਮੇਸ਼ਾਂ ਤੋਂ ਹੀ ਸੱਚ ਨੂੰ ਇਸ ਦੇ ਖਰੇ ਅਤੇ ਸਪਸ਼ਟ ਰੂਪ ਵਿਚ ਸਾਹਮਣੇ ਰੱਖਣ ਦਾ ਹੋਕਾ ਦਿਤਾ ਹੈ। ਸੋ ਜਦੋਂ ਪ੍ਰੋ. ਦਰਸ਼ਨ ਸਿੰਘ ਜੀ ਦੇ ਪ੍ਰਭਾਵ ਹੇਠ ਬਹੁੱਤੀਆਂ ਧਿਰਾਂ ਨੇ ਰਹਿਤ ਮਰਿਯਾਦਾ ਦੀ ਪ੍ਰੌੜਤਾ ਦਾ ਸਟੈਂਡ ਲੈਣ ਦੀ ਹਿਮਾਇਤ ਸ਼ੁਰੂ ਕਰ ਦਿਤੀ ਤਾਂ ਪਰਿਵਾਰ ਨੇ ਆਪਣਾ ਫਰਜ਼ ਪਛਾਣਦਿਆਂ, ਇਸ ਸਮਝੌਤਾਵਾਦੀ ਨੀਤੀ ਦਾ ਵਿਰੋਧ ਕਰਦੇ ਹੋਏ ਪ੍ਰੋ. ਦਰਸ਼ਨ ਸਿੰਘ ਜੀ ਸਮੇਤ ਸਾਰੀਆਂ ਸੁਚੇਤ ਧਿਰਾਂ ਨੂੰ ਸਪਸ਼ਟ ਸਟੈਂਡ ਲੈਣ ਦਾ ਹੋਕਾ ਵਾਰ ਵਾਰ ਦਿਤਾ। ਇਸ ਕਾਰਨ ਪਰਿਵਾਰ ਨੂੰ ਕਈਂ ਸੱਜਣਾਂ ਦਾ ਨਕਾਰਾਤਮਕ ਵਿਰੋਧ ਵੀ ਸਹਿਣਾ ਪਿਆ।

ਜਦੋਂ ਵਾਰ ਵਾਰ ਦਿਤੇ ਹੋਕਿਆਂ ਤੇ ਵੀ ਜਾਗਰੂਕ ਧਿਰਾਂ ਦੇ ਜਿੰਮੇਵਾਰ ਲੋਕਾਂ ਨੇ ਕੋਈ ਹੁੰਗਾਰਾ ਨਾ ਭਰਿਆ ਤਾਂ ਆਖਿਰ ਪਰਿਵਾਰ ਨੇ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਨੂੰ ਆਪਣੇ ਆਪ ਅੱਗੇ ਵਧਾਉਣ ਦਾ ਫੈਸਲਾ ਕੀਤਾ। ਇਸ ਫੈਸਲੇ ਤੋਂ ਬਾਅਦ ਪਰਿਵਾਰ ਵਲੋਂ ਲੱਗਭਗ 2 ਸਾਲ ਤੱਕ ਕਈਂ ਮੀਟਿੰਗਾਂ ਕੀਤੀਆਂ ਜਿਸ ਵਿਚ 2007 ਵਿਚ ਹੋਈਆਂ ਵਿਚਾਰਾਂ ਤੋਂ ਅੱਗੇ ਗੱਲ ਤੋਰੀ ਗਈ। ਇਨ੍ਹਾਂ ਮੀਟਿੰਗਾਂ ਵਿਚ ਪਰਿਵਾਰ ਦੇ ਮੁੱਢਲੇ ਮੈਂਬਰਾਂ ਤੋਂ ਇਲਾਵਾ ਸਮੇਂ ਸਮੇਂ ਕੁੱਝ ਹੋਰ ਸੱਜਣ ਵੀ ਸ਼ਾਮਿਲ ਹੁੰਦੇ ਰਹੇ।

ਪਹਿਲੇ ਪੜਾਅ ਤੇ ਇਨ੍ਹਾਂ ਮੀਟਿੰਗਾਂ ਦੇ ਨਤੀਜੇ ਵਜੋਂ ‘ਗੁਰਮਤਿ ਜੀਵਨ ਜਾਚ’ ਦੇ ਨਾਮ ਹੇਠ ਸਿੱਖ ਰਹਿਤ ਮਰਿਯਾਦਾ ਦੇ ਸੁਧਰੇ ਰੂਪ ਦਾ ਇਕ ਸੰਭਾਵੀ ਖਰੜਾ ਤਿਆਰ ਕੀਤਾ ਗਿਆ। ਦੂਜੇ ਪੜਾਅ ਵਜੋਂ ਇਸ ਸੰਭਾਵੀ ਖਰੜੇ ਨੂੰ ਜਨਤਕ ਤੌਰ ਤੇ ਪੇਸ਼ ਕਰਦੇ ਹੋਏ ਸਮੁੱਚੇ ਪੰਥ ਦੇ ਵਿਚਾਰ ਮੰਗੇ ਗਏ। ਤੀਜੇ ਪੜਾਅ ਵਿਚ ਮਾਰਚ 2012 ਵਿਚ ਜੰਮੂ ਵਿਖੇ ਸਮੁੱਚੇ ਸੁਚੇਤ ਪੰਥ ਦੇ ਇੱਛੁਕ ਨੁਮਾਇੰਦਿਆਂ ਅਤੇ ਵਿਦਵਾਨਾਂ ਦੀ ਇਕ ਦੋ ਦਿਨਾਂ ਇਕੱਤਰਤਾ ਸੱਦੀ ਗਈ। ਇਸ ਇਕੱਤਰਤਾ ਸਾਹਮਣੇ ਸੰਭਾਵੀ ਖਰੜਾ ਅਤੇ ਉਸ ਬਾਰੇ ਆਏ ਸੁਝਾਅ ਮੱਦ ਵਾਰ ਵਿਚਾਰ ਵਾਸਤੇ ਰੱਖੇ ਗਏ। ਖਰੜੇ ਦੀ ਲਗਭਗ ਹਰ ਇਕ ਮੱਦ ਉੱਪਰ ਖੁੱਲੀ ਵਿਚਾਰ ਉਪਰੰਤ ਉਸ ਨੂੰ ਫਾਈਨਲ ਰੂਪ ਦਿਤਾ ਗਿਆ। ਲਗਭਗ ਹਰ ਮੱਦ ਦੇ ਤਿਆਰ ਹੋਣ ਤੋਂ ਬਾਅਦ ਸਾਰਿਆਂ ਨੇ ਹੱਥ ਖੜੇ ਕਰ ਕੇ ਉਸ ਨੂੰ ਪ੍ਰਵਾਨਗੀ ਦਿਤੀ।

ਇਸ ਇਕੱਤਰਤਾ ਵਿਚ ਮੌਜੂਦਾ ਸਿੱਖ ਰਹਿਤ ਮਰਿਯਾਦਾ ਦੇ ਸੋਧੇ ਹੋਏ ਰੂਪ ਨੂੰ ‘ਗੁਰਮਤਿ ਜੀਵਨ ਸੇਧਾਂ ਦੇ ਮੁੱਖ ਨੁਕੱਤੇ’ ਦੇ ਨਾਮ ਹੇਠਾਂ ਇਕ ਦਸਤਾਵੇਜ਼ ਦੇ ਰੂਪ ਵਿਚ ਤਿਆਰ ਕੀਤਾ ਗਿਆ। ਨਾਲ ਹੀ ਇਸ ਦਸਤਾਵੇਜ਼ ਦੀ ਇਕ ਵਿਆਖਿਆ ਤਿਆਰ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਦੀ ਜਿੰਮੇਵਾਰੀ ਇਕੱਤਰਤਾ ਵਲੋਂ ਪਰਿਵਾਰ ਦੇ ਦੋ ਮੁੱਢਲੇ ਮੈਂਬਰਾਂ ਦੀ ਲਾਈ ਗਈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਸੁਚੇਤ ਪੰਥ ਦੀਆਂ ਬਹੁਤਾਤ ਧਿਰਾਂ ਵਲੋਂ ਇਸ ਸੁਧਾਰ ਉਪਰਾਲੇ ਬਾਰੇ ਸੰਜੀਦਾ ਨਾ ਹੋਣ ਕਾਰਨ, ਇਸ ਦੀ ਸ਼ੁਰੂਆਤ ਦੀ ਜਿੰਮੇਵਾਰੀ ਪਰਿਵਾਰ ਨੂੰ ਆਪਣੇ ਸਿਰ ਲੈਣੀ ਪਈ। ਪਰ ਪਿਛਲੇ ਕੁਝ ਸਮੇਂ ਦੌਰਾਨ ਚੰਗੀ ਗੱਲ ਇਹ ਹੋਈ ਕਿ ਪ੍ਰੋ. ਦਰਸ਼ਨ ਸਿੰਘ ਜੀ ਸਮੇਤ ਬਹੁੱਤੀਆਂ ਸੁਚੇਤ ਧਿਰਾਂ ਨੂੰ ਮੌਜੂਦਾ ਸਿੱਖ ਰਹਿਤ ਮਰਿਯਾਦਾ ਦੀ ਅਨਿਸ਼ਚਿਤ ਸਮੇਂ ਤੱਕ ਪ੍ਰੌੜਤਾ ਦੇ ਸਟੈਂਡ ਦੇ ਗਲਤ ਹੋਣ ਦਾ ਅਹਿਸਾਸ ਹੋ ਗਿਆ ਅਤੇ ਉਨ੍ਹਾਂ ਨੇ ਖੁੱਲ ਕਿ ਇਸ ਦੀਆਂ ਕੁੱਝ ਕਮੀਆਂ ਬਾਰੇ ਜਨਤਕ ਵੀਚਾਰ ਪੇਸ਼ ਕਰਦੇ ਹੋਏ, ਇਸ ਵਿਚ ਸੁਧਾਰ ਦੀ ਲੋੜ ਨੂੰ ਮਹਿਸੂਸ ਕਰਨਾ ਅਤੇ ਪ੍ਰਚਾਰਨਾ ਸ਼ੁਰੂ ਕਰ ਦਿਤਾ। ਇਸ ਹਾਂ-ਪੱਖੀ ਬਦਲਾਅ ਦਾ ਖਿੜੇ ਮੱਥੇ ਸੁਆਗਤ ਕਰਦੇ ਹੋਏ ਪਰਿਵਾਰ ਨੇ ਇਸ ਉਪਰਾਲੇ ਨੂੰ ਸੁਚੇਤ ਪੰਥ ਦਾ ਸਾਂਝਾ ਉਪਰਾਲਾ ਬਣਾਉਣ ਵਿਚ ਨਿਸ਼ਕਾਮਤਾ ਨਾਲ ਯਤਨ ਕਰਨੇ ਸ਼ੁਰੂ ਕਰ ਦਿਤੇ। ਇਸੇ ਭਾਵਨਾ ਹੇਠ ਸੁਚੇਤ ਪੰਥ ਦੀਆਂ ਸਾਰੀਆਂ ਧਿਰਾਂ ਦੇ ਨੁਮਾਇੰਦਆਂ ਅਤੇ ਵਿਦਵਾਨਾਂ ਨੂੰ ਸੰਭਾਵੀ ਖਰੜੇ ਤੇ ਵੀਚਾਰ ਉਪਰੰਤ ਫਾਈਨਲ ਕਰਨ ਲਈ ਸੱਦੀ ਇਕੱਤਰਤਾ ਲਈ ਸੱਦਾ ਖੁੱਲੇ ਦਿਲ ਨਾਲ ਦਿਤਾ ਗਿਆ। ਕੋਈ ਇਕ ਵੀ ਸੱਜਣ ਐਸਾ ਨਹੀਂ ਸੀ ਜਿਸ ਨੂੰ ਸੱਦਾ ਦੇਣ ਤੋਂ ਮਨਾ ਕੀਤਾ ਗਿਆ ਹੋਵੇ। ਪਰ ਅਫਸੋਸ! ਕੁੱਝ ਧਿਰਾਂ ਨੇ ਗੁਰਮਤਿ ਤੋਂ ਉਲਟ ਸ਼ਰਤਾਂ ਨੂੰ ਬਹਾਨਾ ਬਣਾਉਂਦੇ ਹੋਏ ਇਸ ਵਿਚਾਰ ਚਰਚਾ ਤੋਂ ਕਿਨਾਰਾ ਕਰ ਲਿਆ। ਇਨ੍ਹਾਂ ਧਿਰਾਂ ਦੇ ਇਕਾ-ਦੁੱਕਾ ਸੱਜਣਾਂ ਵਲੋਂ ਇਸ ਉਪਰਾਲੇ ਪ੍ਰਤੀ ਬੇਲੋੜਾ ਦੁਸ਼-ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਐਸੇ ਸੱਜਣਾਂ ਦਾ ਇਕ ਇਤਰਾਜ਼ ਇਹ ਹਨ

1. ਸਿਰਫ ਕੁਝ ਮੱਦਾਂ ਦਾ ਸੁਧਾਰ ਹੀ ਜ਼ਰੂਰੀ ਹੈ, ਬਾਕੀ ਮਰਿਯਾਦਾ ਉਂਵੇ ਹੀ ਰੱਖੀ ਜਾਵੇ।

ਸਾਡਾ ਪੱਖ : ਸੁਧਾਰ ਦੀ ਕੋਈ ਸੀਮਾ ਨਹੀਂ ਹੋ ਸਕਦੀ। ਸੁਧਾਰ ਲਈ ਸਿਰਫ ਇਕ ਕਸਵੱਟੀ ਹੋ ਸਕਦੀ ਹੈ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ। ਐਸਾ ਪ੍ਰਚਾਰ ਕਰਨ ਵਾਲੇ ਕਿਸੇ ਸੱਜਣ ਨੇ ਪਹਿਲੇ ਖਰੜੇ ਦਾ ਕੋਈ ਐਸਾ ਅੰਸ਼ ਨਹੀਂ ਦੱਸਿਆ ਜੋ ਗੁਰਮਤਿ ਤੋਂ ਉਲਟ ਹੋਵੇ। ਹੁਣ ਵੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਗੁਰਬਾਣੀ ਦੀ ਰੋਸ਼ਨੀ ਵਿਚ ਮੌਜੂਦਾ ਰਹਿਤ ਮਰਿਯਾਦਾ ਦਾ ਐਸਾ ਕੋਈ ਹਾਂ-ਪੱਖੀ ਅੰਸ਼ ਦੱਸਣ, ਜੋ ਸੋਧੇ ਹੋਏ ਖਰੜੇ ਵਿਚ ਸ਼ਾਮਿਲ ਨਹੀਂ ਹੈ। ਜੇ ਐਸਾ ਕੋਈ ਅੰਸ਼ ਸਾਹਮਣੇ ਆ ਜਾਂਦਾ ਹੈ ਤਾਂ ਉਸ ਨੂੰ ਇਕੱਤਰਤਾ ਵਿਚ ਵਿਚਾਰ ਲਈ ਰੱਖਿਆ ਜਾਵੇਗਾ।

ਅੱਗੇ ਵੱਧਣ ਤੋਂ ਪਹਿਲਾਂ ਇਹ ਸਪਸ਼ਟ ਕਰ ਦੇਈਏ ਕਿ ਅਸੀਂ ਸਿੱਖ ਰਹਿਤ ਮਰਿਯਾਦਾ ਦੀ ਲੋੜ ਤੋਂ ਮੁਨਕਰ ਨਹੀਂ ਹਾਂ ਅਤੇ ਨਾ ਹੀ ਕਦੇ ਹੋਏ ਹਾਂ। ਜੇ ਐਸਾ ਹੁੰਦਾ ਤਾਂ ਇਸ ਉਪਰਾਲੇ ਦਾ ਨਾਮ ‘ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ’ ਨਾ ਰੱਖਦੇ। ਸਾਡੀ ਸਮਝ ਅਨੁਸਾਰ ਗੁਰਮਤਿ ਦੀ ਰੋਸ਼ਨੀ ਵਿਚ ਸਰਲ ਅਤੇ ਸਾਦੇ ਲਫਜ਼ਾਂ ਵਿਚ ਗੁਰਮਤਿ ਰਾਹ ਨੂੰ ਜਾਨਣ ਦੇ ਚਾਹਵਾਨਾਂ ਲਈ ਸੰਖੇਪ ਸੇਧਾਂ ਦਾ ਹੋਣਾ ਜ਼ਰੁਰੀ ਹੈ, ਕਿਉਂਕਿ ਹਰ ਕਿਸੇ ਲਈ, ਹਰ ਵੇਲੇ ਇਹ ਸੰਭਵ ਨਹੀਂ ਹੈ ਕਿ ਉਹ ਆਪ ਗੁਰਬਾਣੀ ਨੂੰ ਪੜ੍ਹ ਕੇ ਸਮਝ ਸਕੇ। ਪਰ ਇਨ੍ਹਾਂ ਸੇਧਾਂ ਲਈ ਜ਼ਰੂਰੀ ਹੈ ਕਿ ਆਧਾਰ ਮੂਲ ਰੂਪ ਵਿਚ ਗੁਰਬਾਣੀ ਹੀ ਹੋਵੇ। ਸਿੱਖ ਰਹਿਤ ਮਰਿਯਾਦਾ ਤਿਆਰ ਕਰਨ ਵਾਲਿਆਂ ਦੀ ਮੰਸ਼ਾ, ਹੋ ਸਕਦਾ ਹੈ ਐਸੀ ਰਹੀ ਹੋਵੇ। ਪਰ ਹੁਣ ਸਾਰੇ ਸੁਚੇਤ ਸਿੱਖ ਇਸ ਗੱਲ ਨਾਲ ਸਹਿਮਤ ਹਨ ਕਿ ਇਸ ਵਿਚ ਅਨੇਕਾਂ ਨੁਕਤੇ ਗੁਰਮਤਿ ਤੋਂ ਉਲਟ ਹਨ ਅਤੇ ਫੌਰੀ ਸੁਧਾਰ ਦੀ ਮੰਗ ਕਰਦੇ ਹਨ । ਸਾਡਾ ਇਹ ਉਪਰਾਲਾ ਉਸੇ ਦਿਸ਼ਾ ਵਿਚ ਇਕ ਨਿਸ਼ਕਾਮ ਯਤਨ ਹੈ।

ਅਸੀਂ ਹਮੇਸ਼ਾਂ ਤੋਂ ਚਾਹਿਆ ਅਤੇ ਠੋਸ ਯਤਨ ਕੀਤਾ ਹੈ ਕਿ ਇਸ ਉਪਰਾਲੇ ਨੂੰ ਸਾਂਝੇ ਤੌਰ ਤੇ ਸੁਚੇਤ ਪੰਥ ਅਪਣਾ ਲਵੇ। ਇਸ ਉਪਰਾਲੇ ਦੇ ਦੂਜੇ ਅਤੇ ਤੀਜੇ ਪੜਾਅ ਤੇ ਵੀ ਇਹ ਯਤਨ ਕੀਤਾ ਗਿਆ। ਪਰ ਕੁਝ ਧਿਰਾਂ ਅਤੇ ਸੱਜਣ ਵਿਚਾਰ ਵਿਚ ਸ਼ਾਮਿਲ ਹੋਣ ਲਈ ਸ਼ਰਤਾਂ ਲਾੳੇੁਣ ਲਗ ਪਏ, ਜਿਨ੍ਹਾਂ ਨੂੰ ਮਨਜ਼ੂਰ ਕਰਨਾ ਗੁਰਮਤਿ ਨੂੰ ਪਿੱਠ ਵਿਖਾਉਣ ਦੇ ਤੁਲ ਹੁੰਦਾ। ਇਸ ਵਾਰ ਫੇਰ ਅਸੀਂ ਸਮੁੱਚੇ ਸੁਚੇਤ ਪੰਥ ਨੂੰ ਆਪਣੇ ਵਿਚਾਰ/ਸੁਝਾਵ ਦੇਣ ਦੀ ਬੇਨਤੀ ਕਰਦੇ ਹਾਂ। ਇਸ ਸੁਧਾਰ ਉਪਰਾਲੇ ਦੇ ਚੌਥੇ ਪੜਾਅ ਵਿਚ ਤਿਆਰ ਦਸਤਾਵੇਜ਼ ਦੀ ਇਕ ਸੰਭਾਵੀ ਵਿਆਖਿਆ ਤਿਆਰ ਕਰ ਲਈ ਗਈ ਹੈ। ਅਗਲੇ ਹਫਤੇ (15-16 ਸਿਤੰਬਰ 12) ਨੂੰ ਇਹ ਸੰਭਾਵੀ ਦਸਤਾਵੇਜ਼ ਅਤੇ ਉਸ ਦੀ ਵਿਆਖਿਆ ਜਨਤਕ ਤੌਰ ਤੇ ਇੰਟਰਨੈਟ ਉਤੇ ਪਾ ਦਿਤੀ ਜਾਵੇਗੀ। ਇਸ ਬਾਰੇ ਸਾਰਿਆਂ ਨੂੰ ਆਪਣੇ ਕੀਮਤੀ ਵੀਚਾਰ/ਸੁਝਾਅ 15 ਅਕਤੂਬਰ ਤੱਕ ਲਿਖਤੀ ਰੂਪ ਵਿਚ ਭੇਜਣ ਦੀ ਬੇਨਤੀ ਕੀਤੀ ਜਾਂਦੀ ਹੈ।

ਸਾਡੀ ਬੇਨਤੀ ਹੈ ਕਿ ਸੁਝਾਅ/ਵਿਚਾਰ ਦੇਣ ਵੇਲੇ ਹੇਠ ਲਿਖੇ ਨੁਕਤਿਆਂ ਦਾ ਧਿਆਨ ਰੱਖਿਆ ਜਾਵੇ:

  1. ਗੁਰਮਤਿ ਦੀਆਂ ਸੇਧਾਂ ਸਮੁੱਚੀ ਮਨੁੱਖਤਾ ਦੀ ਲੋੜ ਹਨ ਸਿਰਫ ਕਿਸੇ ਇਕ ਖਾਸ ਫਿਰਕੇ, ਖਿੱਤੇ ਜਾਂ ਸਮਾਜ ਦੀਆਂ ਨਹੀਂ।

  2. ਸੁਝਾਅ/ਵਿਚਾਰ ਦਾ ਆਧਾਰ ਗੁਰਬਾਣੀ ਦਲੀਲ ਹੋਵੇ। ਪੰਥ ਪ੍ਰਵਾਨਿਕਤਾ, ਸੰਗਤ ਦਾ ਖਿਆਲ, ਪਰੰਪਰਾ, ਵਿਰੋਧ ਦਾ ਡਰ ਆਦਿ ਨੂੰ ਆਧਾਰ ਬਣਾ ਕੇ ਗੁਰਬਾਣੀ ਸੇਧਾਂ ਤੋਂ ਕਿਨਾਰਾ ਕਰਨ ਤੋਂ ਪਰਹੇਜ਼ ਕੀਤਾ ਜਾਵੇ।

  3. ਸੁਝਾਅ ਮੂਲ ਰੂਪ ਵਿਚ ਇਸ ਦਸਤਾਵੇਜ਼ ਦੀਆਂ ਮੱਦਾਂ ਅਤੇ ਉਸ ਦੀ ਵਿਆਖਿਆ ਬਾਰੇ ਹੀ ਦਿਤੇ ਜਾਣ। ਸੁਝਾਅ ਲਿਖਤੀ ਰੂਪ ਵਿਚ ਈ-ਮੇਲ ਰਾਹੀਂ ਜਾਂ ਡਾਕ ਰਾਹੀਂ ਹੀ ਭੇਜੇ ਜਾਣ। ਸੁਧਾਰ ਉਪਰਾਲੇ ਦੀ ਲੋੜ ਜਾਂ ਉਸ ਨੂੰ ਕਰਨ ਦਾ ਹੱਕ, ਇਜ਼ਾਜ਼ਤ ਆਦਿ ਬਾਰੇ ਬੇਲੋੜੀ ਨੁਕਤਾਚੀਨੀ ਦਾ ਅਸੀਂ ਨੋਟਿਸ ਲੈਣ ਤੋਂ ਅਸਮਰਥ ਹੋਵਾਂਗੇ।

  4. ਵਿਚਾਰ ਦੇਣ ਲਈ ਕੋਈ ਸ਼ਰਤ ਜਾਂ ਸੀਮਾ ਨਾ ਰੱਖੀ ਜਾਵੇ। ਮਿਸਾਲ ਲਈ ਕਈਂ ਸੱਜਣਾਂ ਦਾ ਵਿਚਾਰ ਹੈ ਕਿ ਪੰਥਕ ਅਰਦਾਸ ਵਿਚ ਸਿਰਫ ਭਗੌਤੀ ਦੀ ਥਾਂ ‘ਵਾਹਿਗੁਰੂ’ ਲਫਜ਼ ਬਦਲ ਲਿਆ ਜਾਵੇ, ਬਾਕੀ ਸਭ ਠੀਕ ਹੈ। ਵਿਰੋਧ ਜਾਂ ਕਿਸੇ ਹੋਰ ਡਰ ਕਾਰਨ ਸੁਧਾਰ ਦੀ ਸੀਮਾ ਨਹੀਂ ਬੰਨ੍ਹੀ ਜਾ ਸਕਦੀ। ਸੁਧਾਰ ਤਾਂ ਪੂਰਾ ਹੋਣਾ ਚਾਹੀਦਾ ਹੈ, ਸਿਰਫ ਕਸਵੱਟੀ ਗੁਰਮਤਿ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਹੋਣੀ ਚਾਹੀਦੀ ਹੈ।

ਆਸ ਹੈ ਸਭ ਸੱਜਣ ਇਨ੍ਹਾਂ ਨੁਕਤਿਆਂ ਦਾ ਖਿਆਲ ਰੱਖਣਗੇ। ਬਾਕੀ ਜੇ ਕੋਈ ਇਸ ਉਪਰਾਲੇ ਨੂੰ ਲੈ ਕੇ ਆਪਣੇ ਮਨ ਦੀ ਭੜਾਸ ਹੀ ਕੱਢਣਾ ਚਾਹੁੰਦਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਪਰ ਸਾਡੇ ਲਈ ਸ਼ਾਇਦ ਉਸ ਦਾ ਨੋਟਿਸ ਲੈਣਾ ਸੰਭਵ ਨਾ ਹੋਵੇ।

ਇਸ ਉਪਰਾਲੇ ਦੇ ਛੇਵੇਂ ਪੜਾਅ ਵਜੋਂ ਸੁਚੇਤ ਪੰਥ ਦੀਆਂ ਸਾਰੀਆਂ ਸੁਧਾਰ ਦੀਆਂ ਇੱਛੁਕ ਧਿਰਾਂ ਦੇ ਨੁਮਾਇੰਦਿਆਂ ਅਤੇ ਵਿਦਵਾਨਾਂ ਦੀ ਇਕ 2-3 ਦਿਨਾਂ ਇਕੱਤਰਤਾ ਸੱਦੀ ਜਾਵੇਗੀ, ਜਿਸ ਵਿਚ ਇਸ ਦਸਤਾਵੇਜ਼ ਅਤੇ ਵਿਆਖਿਆ ਅਤੇ ਉਸ ਬਾਰੇ ਆਏ ਸੁਝਾਵਾਂ ਨੂੰ ਮੱਦਵਾਰ ਵਿਚਾਰ ਲਈ ਪੇਸ਼ ਕੀਤਾ ਜਾਵੇਗਾ। ਖੁੱਲੀ ਵਿਚਾਰ ਉਪਰੰਤ ਇਸ ਦਸਤਾਵੇਜ਼ ਅਤੇ ਉਸ ਦੀ ਵਿਆਖਿਆ ਦਾ ਫਾਈਨਲ ਰੂਪ ਤਿਆਰ ਕੀਤਾ ਜਾਵੇਗਾ। ਇਸ ਤੋਂ ਅਗਲੇ ਪੜਾਅ ਦੀ ਗੱਲ ਸਮਾਂ ਆੳਣ 'ਤੇ ਕੀਤੀ ਜਾਵੇਗੀ।

ਛੇਵੇਂ ਪੜਾਅ ਦੀ ਇਸ ਇਕਤੱਰਤਾ ਵਿਚ ਵੀ ਦਾਖਲਾ ਸਿਰਫ ਸੱਦਾ ਪੱਤਰ ਰਾਹੀਂ ਹੀ ਹੋਵੇਗਾ ਤਾਂ ਕਿ ਇਸ ਦੇ ਸੁਚੱਜੇ ਪ੍ਰਬੰਧ ਕੀਤੇ ਜਾ ਸਕਣ। ਆਪਣੀ ਜਾਨਕਾਰੀ ਅਨੁਸਾਰ ਸੁਚੇਤ ਪੰਥ ਦੀਆਂ ਸਾਰੀਆਂ ਧਿਰਾਂ ਅਤੇ ਵਿਦਵਾਨਾਂ ਨੂੰ ਇਸ ਇਕੱਤਰਤਾ ਬਾਰੇ ਸੱਦਾ ਪੱਤਰ ਅਕਤੂਬਰ ਦੇ ਪਹਿਲੇ ਹਫਤੇ ਤੱਕ ਭੇਜ ਦਿਤੇ ਜਾਣਗੇ। ਇਕੱਤਰਤਾ ਦਾ ਸਮਾਂ ਅਤੇ ਥਾਂ ਸਿਰਫ ਸੱਦਾ ਪੱਤਰ ਰਾਹੀਂ ਹੀ ਦੱਸਿਆ ਜਾਵੇਗਾ। ਇਸ ਸੁਧਾਰ ਉਪਰਾਲੇ ਨਾਲ ਸਹਿਮਤ ਕਿਸੇ ਸੱਜਣ ਨੂੰ ਜੇ ਇਹ ਜਾਪਦਾ ਹੈ ਕਿ ਉਹ ਇਸ ਚਰਚਾ ਵਿਚ ਹਾਂ-ਪੱਖੀ ਨਿੱਘਰ ਯੋਗਦਾਨ ਪਾ ਸਕਦਾ ਹੈ ਤਾਂ ਉਹ ਸਾਨੂੰ ਸੱਦਾ ਪੱਤਰ ਭੇਜਣ ਲਈ ਲਿਖ ਸਕਦਾ ਹੈ। ਵਿਦੇਸ਼ਾਂ ਵਿਚ ਰਹਿਣ ਵਾਲੇ ਐਸੇ ਸੱਜਣ ਅਗਰ ਵੀਡੀਉ ਕਾਨਫਰਾਂਸ ਰਾਹੀਂ ਇਸ ਵਿਚ ਸ਼ਾਮਿਲ ਹੋਣਾ ਚਾਹੁਣ ਤਾਂ ਉਹ ਸਾਨੂੰ ਲਿਖ ਸਕਦੇ ਹਨ ਤਾਂ ਕਿ ਸਮਾਂ ਰਹਿੰਦੇ ਇਸ ਦੇ ਇੰਤਜ਼ਾਮ ਕੀਤੇ ਜਾ ਸਕਣ। ਇਕੱਤਰਤਾ ਦੇ ਰਿਕਾਰਡ ਲਈ ਵੀਡੀਉ ਰਿਕਾਰਡਿੰਗ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਪਾਰਦਰਸ਼ਤਾ ਬਣੀ ਰਹੇ।

ਆਸ ਹੈ ਸੁਧਾਰ ਦੀ ਲੋੜ ਨੂੰ ਮਹਿਸੂਸ ਕਰਨ ਵਾਲੀਆਂ ਸਾਰੀਆਂ ਸੁਚੇਤ ਅਤੇ ਸੁਹਿਰਦ ਧਿਰਾਂ ਇਸ ਵਾਰ ਇਸ ਉਪਰਾਲੇ ਨੂੰ ਇਕ ਸਾਂਝੇ ਉਪਰਾਲੇ ਵਜੋਂ ਲੈਣਗੀਆਂ ਅਤੇ ਨਿਸ਼ਕਾਮਤਾ ਨਾਲ ਸਹਿਯੋਗ ਕਰਨਗੀਆਂ। ਇਸ ਤਰੀਕੇ ਗੁਰਮਤਿ ਇਨਕਲਾਬ ਦੇ ਸਫਰ ਵਿਚ ਇਕ ਠੋਸ ਪ੍ਰਾਪਤੀ ਦਾ ਪੱਕਾ ਆਧਾਰ ਪੈਦਾ ਹੋ ਸਕਦਾ ਹੈ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
09/09/12


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top