Share on Facebook

Main News Page

ਸ਼ਬਦ ਗੁਰੂ ਦੇ ਸਤਿਕਾਰ ਪ੍ਰਤੀ ਸਿੱਖ ਆਪ ਸੁਚੇਤ ਹੋਣ
-
ਭਾਈ ਕੁਲਵੀਰ ਸਿੰਘ ਬੜਾਪਿੰਡ

ਖੰਨਾ, ੮ ਸਤੰਬਰ (ਪੰਚ ਪਰਧਾਨੀ) - ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਬਣਾਈ ਰੱਖਣ ਲਈ ਆਪ ਸੁਚੇਤ ਹੋਣਾ ਪਵੇਗਾ ਕਿਉਂਕਿ ਦਿੱਲੀ ਦੀ ਸਰਕਾਰ ਤੇ ਉਸਦੀਆਂ ਏਜੰਸੀਆਂ ਵਲੋਂ ਕਦੇ ਸਬਦ ਗੁਰੂ ਦੇ ਸਿਧਾਂਤ ਨੂੰ ਢਾਹ ਲਾਉਂਣ ਲਈ ਦੇਹਧਾਰੀਆਂ-ਪਖੰਡੀਆਂ ਨੂੰ ਸ਼ਹਿ ਦਿੱਤੀ ਜਾਂਦੀ ਹੈ ਅਤੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਧੇ ਰੂਪ ਵਿਚ ਬੇਅਦਬੀ ਕੀਤੀ ਜਾਂਦੀ ਹੈ ਅਤੇ ਪਿਛਲੇ ਦਿਨੀਂ ਸਾਹਨੇਵਾਲ (ਲੁਧਿਆਣਾ), ਖਾਨਪੁਰ (ਹੁਸ਼ਿਆਰਪੁਰ), ਲੋਹੀਆਂ (ਨਕੋਦਰ) ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਪਰਤੱਖ ਹੈ ਕਿ ਬੇਅਦਬੀ ਕਰਨ ਵਾਲੇ ਲੋਕਾਂ ਦੇ ਪਿੱਛੇ ਕੋਈ ਇਕ ਸ਼ਕਤੀ ਹੈ ਜੋ ਗੁਰੂ ਪਾਤਸ਼ਾਹ ਤੇ ਸਿੱਖਾਂ ਨੂੰ ਬੇਪੱਤ ਕਰਨ ਦੀਆਂ ਸਾਜ਼ਿਸਾਂ ਕਰ ਰਹੀ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪ੍ਰਧਾਨ ਭਾਈ ਕੁਲਵੀਰ ਸਿੰਘ ਬੜਾਪਿੰਡ ਨੇ ਅੱਜ ਇੱਥੇ ਪਾਰਟੀ ਵਰਕਰਾਂ ਦੀ ਮੀਟਿੰਗ ਤੇ ਪ੍ਰਧਾਨ ਬਣਨ ਤੋਂ ਬਾਦ ਪਹਿਲੀ ਵਾਰ ਖੰਨਾ ਆਉਂਣ 'ਤੇ ਕੀਤੀ ਪ੍ਰੈੱਸ ਮਿਲਣੀ ਦੌਰਾਨ ਕੀਤਾ।

ਭਾਈ ਬੜਾਪਿੰਡ ਨੇ ਕਿਹਾ ਕਿ ਸਾਹਨੇਵਾਲ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਖੀ ਨੂੰ ਸਜ਼ਾ ਦੇਣ ਵਾਲੇ ਭਾਈ ਮਨਦੀਪ ਸਿੰਘ ਨੇ ਸਿੱਖ ਜੁਝਾਰੂਆਂ ਦੀ ਤਰ੍ਹਾਂ ਗੁਰੂ ਦਾ ਸਪੁੱਤਰ ਹੋਣ ਦਾ ਫਰਜ਼ ਅਦਾ ਕੀਤਾ ਹੈ ਉਸ ਤੋਂ ਵੀ ਅੱਗੇ ਜੋ ਪਰਿਵਾਰ ਵਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਉਹ ਵੀ ਸ਼ਲਾਘਾਯੋਗ ਹੈ।

ਉਹਨਾਂ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵੱਧਣ ਪਿੱਛੇ ਅਪਾਣੇ ਆਪ ਨੂੰ ਪੰਥਕ ਸਰਕਾਰ ਕਹਾਉਂਣ ਵਾਲੀ ਸਰਕਾਰ ਤੇ ਉਹਨਾਂ ਦੇ ਭਾਈਵਾਲਾਂ ਦੀ ਚੁੱਪ-ਸਹਿਮਤੀ ਹੀ ਵੱਡਾ ਕਾਰਨ ਅਤੇ ਪੰਥ ਦੋਖੀਆਂ ਨੂੰ ਸਿੱਧੀ ਸ਼ਹਿ ਹੈ। ਉਹਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼ਰੋਮਣੀ ਕਮੇਟੀ ਵੀ ਗੁਰੂ ਪ੍ਰਤੀ ਆਪਣੇ ਫਰਜ਼ਾਂ ਤੋਂ ਪਿੱਛੇ ਹਟ ਚੁੱਕੇ ਹਨ। ਉਹਨਾਂ ਪੰਜਾਬ ਸਰਕਾਰ ਵਲੋਂ ਰਾਧਾ-ਸਵਾਮੀਆਂ ਨੂੰ ਵੋਟਾਂ ਦੀ ਖਾਤਰ ਕਾਨੂੰਨ ਤੋਂ ਬਾਹਰ ਜਾ ਕੇ ਦਿੱਤੀ ਜਾ ਰਹੀ ਹਮਾਇਤ ਦੀ ਵੀ ਨਿੰਦਾ ਕੀਤੀ।

ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਮੀਤ ਪ੍ਰਧਾਨ ਭਾਈ ਅਮਰੀਕ ਸਿੰਘ ਈਸੜੂ, ਸਕੱਤਰ ਜਨਰਲ ਭਾਈ ਮਨਧੀਰ ਸਿੰਘ ਆਦਿ ਵੀ ਹਾਜ਼ਰ ਸਨ।

ਜਾਰੀ ਕਰਤਾ:
ਜਸਪਾਲ ਸਿੰਘ ਮੰਝਪੁਰ
ਪ੍ਰੈੱਸ ਸਕੱਤਰ
ਅਕਾਲੀ ਦਲ ਪੰਚ ਪਰਧਾਨੀ
੯੮੫੫੪-੦੧੮੪੩


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top