Share on Facebook

Main News Page

ਲੰਗਰ ਦੀ ਅਸਲੀ ਪਰੰਪਰਾ ਬਹਾਲ ਕਰਨ ਦੀ ਲੋੜ
-
ਭਾਈ ਹਰਜੀਤ ਸਿੰਘ ਬੁੰਗੇ ਵਾਲੇ +91-9872809763

ਲੰਗਰ ਦੀ ਮਰਿਆਦਾ ਵਿੱਚ ਮਿਲਾਵਟ ਹੋ ਰਹੀ ਹੈ, ਅਪਣੀ ਜ਼ਬਾਨ ਦੇ ਸ੍ਵਾਦ ਪੂਰੇ ਕਰਨ ਵਾਸਤੇ ਕਿਹਾ ਜਾਂਦਾ ਹੈ ਕਿ ਗੁਰੂ ਦਾ ਲੰਗਰ ਸਾਡੇ ਘਰ ਨਾਲੋਂ ਵੀ ਵਧੀਆ ਚਾਹੀਦਾ ਹੈ ਇਸ ਤਰ੍ਹਾਂ ਕਹਿ ਕੇ ਲੰਗਰ ਦੀ ਤੁਲਨਾ, ਘਰ ਦੀ ਰਸੋਈ ਅਤੇ ਰੈਸਟੋਰੈਂਟ ਨਾਲ ਨਹੀਂ ਕੀਤੀ ਜਾ ਸਕਦੀ; ਜੇ ਅਸੀਂ ਜਿਦ-ਰੀਸ ਕਰਕੇ ਲੰਗਰ ਬਣਾਈਏ ਤਾਂ ਵੀ ਅਸੀਂ 7 ਸਟਾਰ ਹੋਟਲ ਵਿੱਚ ਬਣਦੇ ਖਾਣੇ ਵਰਗਾ ਲੰਗਰ ਕਿਵੇਂ ਬਣਾ ਸਕਦੇ ਹਾਂ|ਬ੍ਰੂਨੇਈ ਦੇਸ਼ ਦਾ ਰਾਜਾ ਆਪਣੇ ਘਰ 25 ਹਜਾਰ ਡਾਲਰ ਦਾ ਇੱਕ ਦਿਨ ਖਾਣਾ ਖਾਂਦਾ ਹੈ, ਅਸੀਂ ਲੰਗਰ ਵਿੱਚ ਉਸਦੀ ਰੀਸ ਕਿਵੇਂ ਕਰ ਸਕਦੇ ਹਾਂ |

ਲੰਗਰ ਆਪਣੇ ਆਪ ਵਿੱਚ ਮਹਾਨ ਹੈ, ਸਾਦਾ ਲੰਗਰ ਦਾਲ ਫੁਲਕਾ ਆਦਿ ਜਿਆਦਾ ਰਸਦਾਇਕ ਹੁੰਦਾ ਹੈ; ਜੇ ਅਸੀਂ ਅਮੀਰ ਘਰਾਂ ਅਤੇ ਹੋਟਲ,ਰੈਸਟੋਰੈਂਟ ਦੇ ਮੁਕਾਬਲੇ ਦਾ ਖਾਣਾ ਲੰਗਰ ਵਿੱਚ ਬਣਾਉਣ ਲੱਗ ਜਾਈਏ, (ਪਹਿਲੀ ਗੱਲ ਪੂਰੀ ਰੀਸ ਹੋ ਨਹੀਂ ਸਕਦੀ) ਜੇ ਬਣ ਵੀ ਜਾਏ ਤਾਂ ਫਿਰ ਢਾਬੇ ਵਿੱਚ ਤੇ ਲੰਗਰ ਵਿੱਚ ਕੀ ਫਰਕ ਰਹਿ ਜਾਵੇਗਾ! ਸਾਫ਼ ਸੁਥਰੇ ਸਾਦੇ ਭੋਜਨ ਦਾ ਨਾਂ ਲੰਗਰ ਹੈ | ਜੋ ਸ੍ਵਾਦ ਸਾਦੇ ਲੰਗਰ ਵਿੱਚ ਹੁੰਦਾ ਹੈ, ਉਹ ਹੋਟਲ ਦੇ ਖਾਣੇ ਵਿੱਚ ਨਹੀਂ ਹੁੰਦਾ| ਇਸ ਲਈ ਸਾਨੂੰ ਘਰ ਨਾਲੋਂ ਵੀ ਵਧੀਆ ਲੰਗਰ ਹੋਣਾ ਚਾਹੀਦਾ ਹੈ ਇਹ ਕਹਿਣਾ ਨਹੀਂ ਸ਼ੋਭਦਾ; ਕਿਉਂਕਿ ਲੰਗਰਦੀ ਤੁਲਨਾ ਘਰ ਜਾਂ ਰੈਸਟੋਰੈਂਟ ਦੇ ਖਾਣੇ ਨਾਲ ਨਹੀਂ ਕੀਤੀ ਜਾ ਸਕਦੀ | ਵਧੀਆ ਲੰਗਰ ਦੇ ਨਾਲ-ਨਾਲ, ਸਾਡਾ ਸਿੱਖੀ ਸਰੂਪ ਤੇ ਜੀਵਨ ਆਚਾਰ ਵੀ ਉੱਚਾ-ਸੁੱਚਾ ਤੇ ਵਧੀਆ ਚਾਹੀਦਾ ਹੈ; ਇਸ ਵਾਸਤੇ ਪੰਗਤ ਵਿੱਚ ਲੰਗਰ ਅਤੇ ਸੰਗਤ ਵਿੱਚ ਸ਼ਬਦ ਦਾ ਲੰਗਰ ਵੀ ਛਕਣਾ ਚਾਹੀਦਾ ਹੈ| ਅਸੀਂ ਖਾਣ ਪੀਣ ਦੇ ਸਵਾਦਾਂ ਵਾਸਤੇ ਸੰਗਤ ਨਾਲੋਂ ਪੰਗਤ ਨੂੰ ਜਿਆਦਾ ਤਰਜੀਹ ਦਿੰਦੇ ਹਾਂ ਅਤੇ ਸ਼ਬਦ ਦੇ ਲੰਗਰ ਨਾਲੋਂ ਟੁਟ ਗਏ ਹਾਂ| ਲੰਗਰ ਸਵਾਦ ਹੋਣਾ ਚਾਹੀਦਾ ਹੈ,ਪਰ ਸਾਦਾ ਹੋਵੇ, ਜਿੰਨਾਂ ਸਮਾਂ ਸਾਡੇ ਪਾਸ ਹੁੰਦਾ ਹੈ, ਓਹ ਵੰਨ-ਸੁਵੰਨੇ ਪਕਵਾਨ ਤਿਆਰ ਕਰਦਿਆਂ ਖਤਮ ਹੋ ਜਾਂਦਾ ਹੈ, ਸੰਗਤ ਵਿਚ ਬੈਠ ਕੇ ਬਾਣੀ ਵਿਚਾਰਨ ਦਾ ਸਮਾਂ ਸਾਡੇ ਕੋਲ ਨਹੀਂ ਬਚਦਾ; ਸਾਦਾ ਲੰਗਰ ਥੋੜੇ ਸਮੇਂ ਵਿਚ ਤਿਆਰ ਕਰਕੇ ਬਾਕੀ ਸਮਾਂ ਸ਼ਬਦ ਵਿਚਾਰ ਕਰਨੀ ਚਾਹੀਦੀ ਹੈ,ਪ੍ਰਸ਼ਾਦੇ ਪਾਣੀ ਦੇ ਲੰਗਰ ਤੇ ਲੋੜ ਤੋਂ ਵੱਧ ਜੋਰ ਦਿੱਤਾ ਜਾ ਰਿਹਾ ਹੈ ਅਤੇ ਗੁਰ - ਸ਼ਬਦ ਦੇ ਲੰਗਰ ਤੋਂ ਤੋੜਿਆ ਜਾ ਰਿਹਾ ਹੈ |

ਆਤਮਾ ਦੀ ਖੁਰਾਕ ਸ਼ਬਦ ਹੈ, ਓਹ ਮਿਲ ਨਹੀਂ ਰਹੀ, ਆਤਮਾ ਭੁਖੀ-ਪਿਆਸੀ ਹੈ, ਇਸ ਕਰਕੇ ਅੰਦਰ ਦੀ ਸ਼ਾਂਤੀ-ਸਕੂਨ ਨਹੀਂ ਮਿਲ ਰਿਹਾ|ਹੁਣ ਗੁਰਦੁਆਰਿਆਂ ਵਿੱਚ ਲੋਕ ਖੁਸ਼ੀ ਦੇ ਅਤੇ ਸੁੱਖਣਾ ਦੇ ਲੰਗਰ ਕਰਾਉਣ ਲੱਗ ਪਏ ਹਨ ; ਗੁਰਦੁਆਰੇ ਆਕੇ ਸ਼ਰਧਾਲੂ ਪਰਿਵਾਰ ਲੰਗਰ ਦੀ ਬੁਕਿੰਗ ਕਰਾਂਦੇ ਹਨ ਕਿ ਅਸੀਂ ਲੰਗਰ ਕਰਾਉਣ ਹੈ;ਸਾਡਾ ਲੰਗਰ ਹੈ ਲੋਕਾਂ ਨੂੰ ਵੀ ਪਰਿਵਾਰ ਵਾਲੇ ਸੱਦਾ ਦਿੰਦੇ ਹਨ ਕਿ ਫਲਾਣੇ ਦਿਨ ਗੁਰਦੁਆਰੇ ਸਾਡਾ ਲੰਗਰ ਹੈ, ਤੁਸੀਂ ਜਰੂਰ ਆਉਣਾ ਚਾਹੀਦਾ ਇਹ ਸੀ ਕਿ ਅਸੀਂ ਸਤਸੰਗ ਦਾ ਦਿਨ ਮਿਥ ਕੇ ਸੱਦਾ ਦਿੰਦੇ ਕਿ ਫਲਾਣੇ ਦਿਨ ਗੁਰਦੁਆਰੇ ਵਿੱਚ ਸਾਡੇ ਵੱਲੋਂ ਸਤਸੰਗ (ਸ਼ਬਦ ਦਾ ਲੰਗਰ ) ਕਰਾਇਆ ਜਾਵੇਗਾ ਸਾਰਿਆਂ ਨੇ ਆਉਣ ਦੀ ਕਿਰਪਾਲਤਾ ਕਰਨੀ ਪਰ ਅੱਜ ਅਸੀਂ ਖਾਣ-ਪੀਣ ਦੇ ਲੰਗਰ ਤੱਕ ਸੀਮਤ ਹੋ ਗਏ ਹਾਂ, ਗੁਰੂ ਸ਼ਬਦ ਦਾ ਲੰਗਰ ਭੁੱਲ ਗਏ ਹਾਂ| ਯਾਦ ਰੱਖਣਾ ਜਿੰਨਾ ਚਿਰ ਅਸੀਂ ਸ਼ਬਦ ਦੇ ਲੰਗਰ ਨੂੰ ਮੁੱਖ ਨਹੀਂ ਰੱਖਾਂਗੇ; ਸਾਡੇ ਲਾਏ ਲੰਗਰ ਨਿਸਫਲ ਹਨ, ਸ਼ਬਦ ਤੋਂ ਬਿਨਾਂ ਲੰਗਰ ਦਾ ਅੱਜ ਤੱਕ ਸਿੱਖ ਕੌਮ ਨਾ ਕੋਈ ਲਾਭ ਹੋਇਆ ਹੈ ਨਾ ਹੋ ਸਕਦਾ ਹੈ, ਸਗੋਂ ਨੁਕਸਾਨ ਹੋ ਰਿਹਾ ਹੈ ਕਿ ਲੰਗਰ ਨੂੰ ਜਿਆਦਾ ਤਰਜੀਹ ਦੇਣ ਨਾਲ ਅਸੀਂ ਸ਼ਬਦ-ਲੰਗਰ ਨਾਲੋਂ ਪੂਰੀ ਤਰ੍ਹਾਂ ਟੁੱਟ ਗਏ ਹਾਂ, ਸਿਰਫ ਰਸਮੀਂ ਤੌਰ ਤੇ ਪਾਠ ਹੀ ਹੁੰਦਾ ਹੈ ਸਾਡਾ ਧਿਆਨ ਸਾਰਾ ਖਾਣ ਪੀਣ ਦੇ ਲੰਗਰ ਵੱਲ ਹੁੰਦਾ ਹੈ | ਪ੍ਰਸ਼ਾਦੇ ਦਾ ਲੰਗਰ ਕੇਵਲ ਸਰੀਰ ਦੀ ਭੁਖ ਮਿਟਾਉਂਦਾ ਹੈ, ਮਨ ਦਾ ਸੱਚਾ ਸੁਖ ਗੁਰ ਸ਼ਬਦ ਨਾਲ ਜੁੜਿਆਂ ਮਿਲਦਾ ਹੈ,ਲੰਗਰ ਇਸ ਲਈ ਹੈ ਕਿ ਸਾਦਾ ਲੰਗਰ ਛਕ ਕੇ ਇਕਾਗਰਤਾ ਨਾਲ ਨਾਮ- ਬਾਣੀ ਦਾ ਅਭਿਆਸ ਕੀਤਾ ਜਾਵੇ, ਗੁਰਦੁਆਰੇ ਆਈ ਸੰਗਤ ਨੂੰ ਭੁਖ ਅਤੇ ਘਰ ਜਾਕੇ ਰੋਟੀ ਬਣਾਉਣ ਦੀ ਚਿੰਤਾ ਨਾ ਲੱਗੀ ਰਹੇ, ਇਸ ਕਰਕੇ ਸਾਦਾ ਲੰਗਰ ਤਿਆਰ ਕਰਨ ਦੀ ਮਰਯਾਦਾ ਹੈ, ਬਹੁਤੀਆਂ ਖੱਟੀਆਂ ਤਲੀਆਂ ਚੀਜ਼ਾਂ ਸਿਹਤ ਖਰਾਬ ਕਰਦੀਆਂ ਹਨ ਅਤੇ ਸੰਗਤ ਵਿਚ ਬੈਠ ਕੇ ਜਸ ਕਰਨਾ ਵੀ ਔਖਾ ਹੋ ਜਾਂਦਾ ਹੈ , ਇਸ ਲਈ ਸਾਦਾ ਲੰਗਰ ਤਿਆਰ ਕਰਕੇ ਹੀ ਛਕਣਾ ਲਾਹੇਵੰਦ ਹੈ, ਸਾਦਾ ਲੰਗਰ ਤੇ ਘੱਟ ਖਰਚਾ ਕਰਕੇ, ਬਾਕੀ ਬਚਿਆ ਪੈਸਾ ਉਸਾਰੂ ਕਾਰਜਾਂ ਤੇ ਵਰਤਿਆ ਜਾਵੇ |

ਲੰਗਰ ਲਾਉਣ ਦੀ ਮਰਿਆਦਾ

ਲੰਗਰ ਸਾਦਾ ਤੇ ਸਾਫ਼ ਸੁਥਰਾ ਹੱਥੀਂ ਤਿਆਰ ਕੀਤਾ ਜਾਵੇ, ਜੋ ਸਭ ਨੂੰ ਬਰਾਬਰ ਵਰਤੇ |
ਸੰਗਤ ਵਿੱਚ ਬੈਠਕੇ ਨਾਮ-ਬਾਣੀ ਦਾ ਅਭਿਆਸ ਕਰਨ ਵਾਲੇ ਲੰਗਰ ਦੇ ਅਧਿਕਾਰੀ ਹਨ|
ਜੇ ਕਿਤੇ ਕੁਦਰਤੀ ਆਫਤ ਆ ਜਾਵੇ, ਕਾਲ ਪੈ ਜਾਵੇ, ਲੋਕ ਭੁੱਖੇ ਮਰ ਰਹੇ ਹੋਣ ਉੱਥੇ ਲੰਗਰ ਲਾਇਆ ਜਾ ਸਕਦਾ ਹੈ|
ਜਿਸ ਧਾਰਮਿਕ ਅਸਥਾਨ ਤੇ ਸੰਗਤਾਂ ਦੀ ਬਹੁਤ ਦੂਰੋਂ ਆਵਾਜਾਈ ਹੋਵੇ ਉੱਥੇ ਲੰਗਰ ਲਾਇਆ ਜਾ ਸਕਦਾ ਹੈ|
ਕੋਈ ਲਾਚਾਰ, ਯਤੀਮ, ਬੇਸਹਾਰਾ, ਲੂਲਾ-ਲੰਗੜਾ, ਮਜਬੂਰ ਬੀਮਾਰ,ਲੰਗਰ ਦਾ ਹੱਕਦਾਰ ਹੈ |
ਜਿਸਦੇ ਨੈਣ-ਪਰਾਇਣ ਚਲਦੇ ਹਨ ਅਤੇ ਵਿਹਲੜ ਹੋਵੇ, ਉਹ ਰੋਜਾਨਾ ਲੰਗਰ ਖਾਣ ਦਾ ਅਧਿਕਾਰੀ ਨਹੀਂ ਹੈ|

ਮਸਿਆ, ਪੁੰਨਿਆਂ, ਸੰਗਰਾਂਦ ਵਾਲੇ ਦਿਨ ਸੜਕਾਂ ਤੇ ਲੰਗਰ ਲਾਉਣ ਦੀ ਕੋਈ ਪੁਰਾਤਨ ਰਵਾਇਤ ਨਹੀਂ ਹੈ, ਜੇ ਅਸੀਂ ਹਰੇਕ ਥਾਂ ਬੇਲੋੜੇ ਲੰਗਰ ਲਵਾਂਗੇ ਤਾਂ ਆਲਸੀ, ਵਿਹਲੜ ਲੋਕ ਪੈਦਾ ਹੋਣਗੇ, ਜੋ ਸਮਾਜ ਤੇ ਬੋਝ ਬਣਦੇ ਹਨ, ਮੰਗਤਿਆਂ ਦੀ ਗਿਣਤੀ ਵਧੇਗੀ ਇਸ ਪਾਪ ਦੇ ਜਿੰਮੇਵਾਰ, ਬੇਲੋੜੇ ਲੰਗਰ ਲਾਉਣ ਵਾਲੇ ਹੋ ਸਕਦੇ ਹਨ| ਲੋੜ ਅਨੁਸਾਰ ਲੰਗਰ ਲਾਇਆ ਜਾਵੇ |

ਕਈ ਪਿੰਡਾਂ ਥਾਂਵਾਂ ਤੇ ਜਿਦਾਂ-ਰੀਸਾਂ ਕਰਕੇ ਅਤੇ ਟੋਕਰੀ ਰੱਖ ਕੇ ਪੈਸੇ ਇਕੱਠੇ ਕਰਨ ਵਾਸਤੇ ਵੀ ਲੰਗਰ ਲਾਉਣ ਦੀ ਭਾਵਨਾ ਦਿਖਾਈ ਦਿੰਦੀ ਜਾਪਦੀ ਹੈ; ਜੋ ਲੰਗਰ ਦੀ ਬੇਅਦਬੀ ਹੈ |


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top