Share on Facebook

Main News Page

ਕੀ ਰਹਿਤ ਮਰਿਆਦਾ ਕੇਵਲ ਕਾਗਜ਼ੀ ਦਸਤਾਵੇਜ਼ ਹੈ?
-
ਜਸਵੰਤ ਸਿੰਘ ਅਜੀਤ

ਬੀਤੇ ਦਿਨੀਂ ਅਖੰਡ ਪਾਠ ਦੀ ਮਰਿਆਦਾ, ਸਿਰਪਾਉ ਦੀ ਪਰੰਪਰਾ ਅਤੇ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਚਿਤ੍ਰਾਂ ਤੇ ਕਿਰਪਾਨਾਂ ਨਾਲ ਗੱਡੀਆਂ ਵਿੱਚ ਭਰ ਘਰ-ਘਰ ਜਾ ਵੰਡਣ ਦੀ ਅਪਨਾ ਲਈ ਗਈ ਹੋਈ ਪਿਰਤ ਦੀ ਚਰਚਾ ਕੀਤੀ ਗਈ ਸੀ। ਇਸ ਚਰਚਾ ਦੇ ਛਪਣ ਤੋਂ ਬਾਅਦ ਪੰਜਾਬ ਸਹਿਤ ਦੇਸ਼ ਅਤੇ ਵਿਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਅਨੇਕਾਂ ਫੋਨ ਆਏ, ਫੋਨ ਕਰਨ ਵਾਲਿਆਂ ਨੇ ਸਵੀਕਾਰ ਕੀਤਾ ਕਿ ਉਹ ਇਹ ਸਭ-ਕੁਝ ਅਰੰਭ ਤੋਂ ਹੀ ਸੁਣਦੇ, ਦੇਖਦੇ ਅਤੇ ਕਰਦੇ ਚਲੇ ਆ ਰਹੇ ਹਨ, ਪ੍ਰੰਤੂ ਉਨ੍ਹਾਂ ਕਦੀ ਵੀ ਇਨ੍ਹਾਂ ਬਾਰੇ ਸੋਚਣ-ਵਿਚਾਰਨ ਦੀ ਲੋੜ ਨਹੀਂ ਸੀ ਸਮਝੀ। ਇਹ ਖੁਸ਼ੀ ਦੀ ਗਲ ਹੈ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਪ੍ਰੰਤੂ ਇਹ ਅਨੁਮਾਨ ਲਾਉਣਾ ਸਹਿਜ ਨਹੀਂ ਕਿ ਇਹ ਚਰਚਾ ਕਿਸੇ ਨਤੀਜੇ ਤਕ ਪੁਜ ਵੀ ਪਾਇਗੀ ਜਾਂ ਅੱਧਵਾਟੇ ਹੀ ਦੰਮ ਤੋੜ ਦੇਵੇਗੀ, ਕਿਉਂਕਿ ਪੰਥ ਵਿੱਚ ਕੁਝ ਅਜਿਹੇ ਵਿਦਵਾਨ ਸਜਣ ਹਨ, ਜੋ ਕਿਸੇ ਵੀ ਚਰਚਾ ਨੂੰ ਮੂਲ ਮੁੱਦੇ ਵਲੋਂ ਭਟਕਾ, ਹੋਰ ਪਾਸੇ ਮੋੜਾ ਦੇ ਦੇਣ ਦੀ ਸਮਰਥਾ ਰਖਦੇ ਹਨ। ਫਿਰ ਵੀ ਇਹ ਆਸ ਤਾਂ ਕੀਤੀ ਹੀ ਜਾ ਸਕਦੀ ਹੈ ਕਿ ਸ਼ਾਇਦ ਕੋਈ ਨਵੀਂ ਸੋਚ ਉਭਰ ਕੇ ਸਾਹਮਣੇ ਆ ਹੀ ਜਾਏ।

ਪਿਛਲੇ ਮਜ਼ਮੂਨ ਵਿੱਚ ਕੀਤੀ ਗਈ ਚਰਚਾ ਪੁਰ ਪ੍ਰਤਕਿਰਿਆ ਦਿੰਦਿਆਂ ਕੁਝ ਸਜਣਾਂ ਨੇ ਇਹ ਸੁਆਲ ਵੀ ਉਠਾਇਆ ਕਿ ਅਖੰਡ ਪਾਠ ਦੀ ਮਰਿਆਦਾ, ਸਿਰੋਪਾ ਦੇਣ ਅਤੇ ਗੁਰੂ ਸਾਹਿਬ ਦੇ ਚਿਤ੍ਰਾਂ ਨਾਲ ਕਿਰਪਾਨਾਂ ਵੰਡਣ ਦੀ ਪਿਰਤ ਕਦੋਂ ਤੋਂ ਅਰੰਭ ਹੋਈ? ਸੱਚਾਈ ਤਾਂ ਇਹ ਹੈ ਕਿ ਇਸ ਸੁਆਲ ਦਾ ਜਵਾਬ ਨਾ ਤਾਂ ਕਿਸੇ ਇਤਿਹਾਸਕ ਪੁਸਤਕ ਵਿਚੋਂ ਮਿਲ ਸਕਿਆ ਹੈ ਅਤੇ ਨਾ ਹੀ ਕਿਸੇ ਧਾਰਮਕ ਪੁਸਤਕ ਵਿਚੋਂ। ਕਿਸੇ ਸਮੇਂ ਕੁਝ ਵਿਦਵਾਨਾਂ ਨੇ ਦਸਿਆ ਸੀ ਕਿ ਅਖੰਡ ਪਾਠ ਦੀ ਮਰਿਆਦਾ ਸ਼ਾਇਦ ਉਸ ਸਮੇਂ ਸ਼ੁਰੂ ਹੋਈ ਹੋਵੇਗੀ, ਜਦੋਂ ਸਿੱਖ ਆਪਣੀ ਹੋਂਦ ਕਾਇਮ ਰਖਣ, ਮਜ਼ਲੂਮਾਂ ਦੀ ਰਖਿਆ ਅਤੇ ਗਰੀਬਾਂ ਦੀ ਮਦਦ ਲਈ ਜੂਝਦੇ ਜੰਗਲਾਂ-ਬੇਲਿਆਂ ਵਿੱਚ ਵਿਚਰਣ ਤੇ ਮਜਬੂਰ ਹੋ ਗਏ ਹੋਏ ਸਨ। ਉਸ ਸਮੇਂ ਦੁਸ਼ਮਣ ਦਾ ਹਮਲਾ ਕਿਸ ਸਮੇਂ ਹੋ ਜਾਏ ਤੇ ਕਦੋਂ ਆਪਣੇ ਆਦਰਸ਼ ਦੀ ਪੂਰਤੀ ਲਈ ਉਨ੍ਹਾਂ ਨੂੰ ਦੁਸ਼ਮਣ ਤੇ ਹੱਲਾ ਬੋਲਣਾ ਪੈ ਜਾਏ, ਇਸ ਸੋਚ ਨੂੰ ਮੁੱਖ ਰਖਦਿਆਂ ਉਨ੍ਹਾਂ ਆਪੋ ਵਿੱਚ ਮਿਲ ਅਖੰਡ ਪਾਠ ਕਰਨਾ ਅਰੰਭ ਕਰ ਦਿੱਤਾ ਹੋਵੇਗਾ ਤਾਂ ਜੋ ਹਮਲਾ ਹੋਣ ਤੋਂ ਪਹਿਲਾਂ-ਪਹਿਲਾਂ ਹੀ ਪਾਠ ਦੀ ਸੰਪੂਰਨਤਾ ਹੋ ਜਾਇਆ ਕਰੇ। ਕੁਝ ਸਮੇਂ ਤਕ ਤਾਂ ਇਹੀ ਵਿਸ਼ਵਾਸ ਬਣਿਆ ਰਿਹਾ, ਫਿਰ ਅਚਾਨਕ ਇਹ ਸੁਆਲ ਉਭਰ ਸਾਹਮਣੇ ਆ ਗਿਆ ਕਿ ਸੰਘਰਸ਼ ਦੇ ਸਮੇਂ ਦੌਰਾਨ ਜਦਕਿ ਦੁਸ਼ਮਣ ਦਾ ਹਮਲਾ ਕਿਸੇ ਵੀ ਸਮੇਂ ਹੋ ਸਕਦਾ ਸੀ, ਕਿਵੇਂ ਸੰਭਵ ਹੋ ਸਕਦਾ ਸੀ ਕਿ ਇਹ ਮੰਨ ਲਿਆ ਜਾਂਦਾ ਕਿ ਬਿਨਾਂ ਖੰਡਤ ਹੋਇਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਸੰਪੂਰਨਤਾ ਹੋ ਜਾਇਗੀ? ਇਸ ਕਰਕੇ ਇਹ ਅਨੁਮਾਨ ਲਾਉਣਾ ਸਹਿਜ ਨਹੀਂ ਕਿ ਅਖੰਡ ਪਾਠ ਕਰਨ ਅਤੇ ਕਰਵਾਉਣ ਦੀ ਮਰਿਆਦਾ ਕਦੋਂ ਅਰੰਭ ਹੋਈ ਹੋਵੇਗੀ? ਇਸ ਕਾਰਣ ਇਹੀ ਮੰਨਿਆ ਜਾ ਸਕਦਾ ਹੈ ਕਿ ਸਿੱਖ ਰਹਿਤ ਮਰਿਆਦਾ ਨਿਸ਼ਚਿਤ ਕਰਨ ਦੇ ਸਮੇਂ ਤੋਂ ਪਹਿਲਾਂ ਇਹ ਪਰੰਪਰਾ ਅਰੰਭ ਹੋ ਚੁਕੀ ਹੋਈ ਸੀ, ਇਸੇ ਕਾਰਣ ਇਸਨੂੰ ਮਰਿਆਦਾ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਅਤੇ ਇਸਨੂੰ ਰਹਿਤ ਮਰਿਆਦਾ ਵਿੱਚ ਇਨ੍ਹਾਂ ਸ਼ਬਦਾਂ ਨਾਲ ਸ਼ਾਮਲ ਕਰ ਲਿਆ ਗਿਆ :

ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਨੁਸਾਰ ਅਖੰਡ ਪਾਠ ਕਿਸੇ ਭੀੜਾ ਜਾਂ ਉਤਸਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ 48 ਘੰਟਿਆਂ ਵਿੱਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ ਅਤੇ ਸ਼ੁਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸਤੋਂ ਸੁਣਨ ਵਾਲਾ ਕੁਝ ਸਮਝ ਨਾ ਸਕੇ, ਗੁਰਬਾਣੀ ਦੀ ਨਿਰਾਦਰੀ ਹੈ।ਅਖੰਡ ਪਾਠ ਜਿਸ ਪਰਿਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ। ਟੱਬਰ ਦੇ ਕਿਸੇ ਆਦਮੀ, ਸਾਕ-ਸਬੰਧੀ ਮਿਤ੍ਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਕੋਈ ਮੁਕਰੱਰ ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕਲਾ ਬੈਠ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਸੁਣਦਾ ਨਾ ਹੋਵੇ।

ਇਹ ਮਰਿਆਦਾ ਤਾਂ ਨਿਸ਼ਚਿਤ ਕਰ ਲਈ ਗਈ ਲਈ ਪ੍ਰੰਤੂ ਸੁਆਲ ਉਠਦਾ ਹੈ ਕਿ ਕੀ ਸ੍ਰੀ ਅਕਾਲ ਤਖ਼ਤ ਅਤੇ ਸ੍ਰੀ ਦਰਬਾਰ ਸਾਹਿਬ ਸਹਿਤ ਕਿਸੇ ਵੀ ਇਤਿਹਾਸਕ ਜਾਂ ਆਮ ਗੁਰਦੁਆਰਿਆਂ ਵਿੱਚ ਅਖੰਡ ਪਾਠ ਦੀ ਇਸ ਨਿਸ਼ਚਿਤ ਮਰਿਆਦਾ ਦਾ ਪਾਲਣ ਕੀਤਾ ਜਾਂਦਾ ਹੈ? ਜਾਂ ਫਿਰ ਅਖੰਡ ਪਾਠਾਂ ਨੂੰ ਆਮਦਨ ਦਾ ਇਕ ਸਾਧਨ ਮਿਥ ਕੇ ਦਰਜਨਾਂ ਦੇ ਹਿਸਾਬ ਨਾਲ, ਇਨ੍ਹਾਂ ਦੀਆਂ ਲੜੀਆਂ ਚਲਦੀਆਂ ਰੱਖੀਆਂ ਜਾਂਦੀਆਂ ਹਨ। ਕਈ ਇਤਿਹਾਸਕ ਗੁਰਦੁਆਰਿਆਂ ਵਿੱਚ ਤਾਂ ਅਖੰਡ ਪਾਠ ਰਖਵਾਉਣ ਲਈ ਵਰ੍ਹਿਆਂ ਬੱਧੀ ਇੰਤਜ਼ਾਰ ਕਰਨ ਲਈ ਵੀ ਕਿਹਾ ਜਾਂਦਾ ਹੈ। ਅਖੰਡ ਪਾਠਾਂ ਦੀ ਵਧਦੀ ਮੰਗ ਨੂੰ ਮੁੱਖ ਰਖ ਕੇ ਕਈ ਗੁਰ-ਅਸਥਾਨਾਂ ਵਿੱਚ ਪਾਠਾਂ ਲਈ ਕਮਰਿਆਂ ਅਤੇ ਕੇਬਿਨਾਂ ਦੀਆਂ ਨਵੀਆਂ ਤੋਂ ਨਵੀਆਂ ਉਸਾਰੀਆਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ, ਤਾਂ ਜੋ ਘਟ ਸਮੇਂ ਵਿੱਚ ਜਿਤਨੇ ਵਧੇਰੇ ਪਾਠ ਹੋ ਸਕਣਗੇ, ਉਤਨੀ ਹੀ ਵੱਧੇਰੇ ਆਮਦਨ ਹੋਵੇਗੀ। ਕੀ ਇਹ ਅਖੰਡ ਪਾਠ ਕਰਵਾਉਣ ਵਾਲੇ ਜਾਂ ਇਨ੍ਹਾਂ ਦੀਆਂ ਲੜੀਆਂ ਚਲਵਾਉਣ ਵਾਲੇ, ਪੂਰਾ ਸਮਾਂ ਤਾਂ ਦੂਰ ਦੀ ਗਲ ਰਹੀ, ਅਖੰਡ ਪਾਠ ਦੀ ਅਰੰਭਤਾ ਜਾਂ ਸਮਾਪਤੀ ਸਮੇਂ ਵੀ ਹਾਜ਼ਰੀ ਭਰਦੇ ਹਨ?

ਇਹੀ ਕਾਰਣ ਹੈ ਕਿ ਅਖੰਡ ਪਾਠਾਂ ਦੇ ਸਬੰਧ ਵਿੱਚ ਕਾਫੀ ਕੁਝ ਸੁਣਨ ਨੂੰ ਮਿਲਦਾ ਰਹਿੰਦਾ ਹੈ। ਕੋਈ ਕਹਿੰਦਾ ਹੈ ਕਿ ਪਾਠੀ ਮੌਕਾ ਵੇਖ ਕੇ ਥੱਬਾ ਪਾਠ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਅਰਥਾਤ ਮੌਕਾ ਮਿਲਦਿਆਂ ਹੀ ਬਿਨਾਂ ਪਾਠ ਕੀਤੇ, ਮੁੱਠੀ ਭਰ, ਪੰਨੇ ਪਰਤਾ ਦਿੰਦੇ ਹਨ। ਕੁਝ ਸਜਣ ਦਸਦੇ ਹਨ ਕਿ ਜਿਨ੍ਹਾਂ ਨੂੰ ਅਖੰਡ ਪਾਠ ਕਰਵਾਉਣ ਲਈ ਇੱਛਾ ਅਨੁਸਾਰ ਤਰੀਖ਼ ਨਹੀਂ ਮਿਲਦੀ, ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਕੀਤਾ ਕਰਾਇਆ ਪਾਠ ਲੈ ਲੈਣ। ਇਸਦਾ ਮਤਲਬ ਪੁਛਿਆ ਜਾਂਦਾ ਹੈ ਤਾਂ ਦਸਿਆ ਜਾਂਦਾ ਹੈ ਕਿ ਜਦੋਂ ਪਾਠੀਆਂ ਨੂੰ ਅਖੰਡ ਪਾਠ ਦੀ ਡਿਊਟੀ ਨਹੀਂ ਮਿਲਦੀ ਤਾਂ ਉਹ ਆਪਣੇ ਤੋਰ ਤੇ ਪਾਠ ਕਰ ਲੈਂਦੇ ਹਨ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਇੱਛਾ ਅਨੁਸਾਰ ਪਾਠ ਕਰਾਉਣ ਦੀ ਤਾਰੀਖ਼ ਨਹੀਂ ਮਿਲਦੀ, ਉਹ ਕੀਤਾ-ਕਰਾਇਆ ਪਾਠ ਉਨ੍ਹਾਂ ਨੂੰ ਵੇਚ ਦਿੰਦੇ ਹਨ। ਦੂਰ-ਦੁਰਾਡੇ ਤੋਂ ਜਿਨ੍ਹਾਂ ਅਖੰਡ ਪਾਠ ਬੁਕ ਕਰਵਾਇਆ ਹੁੰਦਾ ਹੈ, ਉਨ੍ਹਾਂ ਨੂੰ ਪਾਠ ਦੀ ਅਰੰਭਤਾ ਅਤੇ ਸਮਾਪਤੀ ਸਮੇਂ ਦੇ ਹੁਕਮਨਾਮੇ ਭੇਜ ਦਿਤੇ ਜਾਂਦੇ ਹਨ ਅਤੇ ਉਹ ਉਨ੍ਹਾਂ ਨੂੰ ਸਿਰ-ਮੱਥੇ ਨਾਲ ਛੁਹਾ ਤੇ ਪੜ੍ਹ, ਸੰਤੁਸ਼ਟ ਹੋ ਜਾਂਦੇ ਹਨ ਕਿ ਉਨ੍ਹਾਂ ਦੀ ਮੰਨਤ ਪੂਰੀ ਹੋ ਗਈ। ਇਹ ਕੇਵਲ ਉਨ੍ਹਾਂ ਦਾ ਵਿਸ਼ਵਾਸ ਹੀ ਹੁੰਦਾ ਹੈ। ਸੱਚਾਈ ਤਾਂ ਕੇਵਲ ਪਾਠ ਕਰਨ ਵਾਲੇ ਹੀ ਜਾਣਦੇ ਹਨ।

ਸਿਰੋਪਾਉ ਦੀ ਗਲ : ਇਸੇ ਤਰ੍ਹਾਂ ਸਿਰੋਪਾਉ ਦੀ ਪਰੰਪਰਾ ਦੇ ਅਰੰਭ ਹੋਣ ਦੇ ਸਮੇਂ ਦਾ ਵੀ ਅਨੁਮਾਨ ਲਾਇਆ ਜਾ ਸਕਣਾ ਸੰਭਵ ਨਹੀਂ। ਪ੍ਰੰਤੂ ਸਿੱਖੀ ਵਿੱਚ ਪ੍ਰਚਲਤ ਪਰੰਪਰਾ ਅਨੁਸਾਰ ਮੰਨਿਆ ਜਾਂਦਾ ਹੈ ਕਿ

ਸਿੱਖ ਧਰਮ ਵਿੱਚ ਸਿਰੋਪਾਉ ਦੀ ਇਕ ਵਿਸ਼ੇਸ ਮਹਤੱਤਾ ਹੈ। ਇਹ ਗਲ ਧਿਆਨ ਵਿੱਚ ਰਖਣ ਵਾਲੀ ਹੈ ਕਿ ਸਿਰੋਪਾਉ ਦਿੱਤਾ ਨਹੀਂ ਜਾਂਦਾ, ਸਗੋਂ ਸਤਿਗੁਰਾਂ ਦੇ ਨਾਂ ਤੇ ਇਸਦੀ ਬਖ਼ਸ਼ਸ਼ ਕੀਤੀ ਜਾਂਦੀ ਹੈ ਅਤੇ ਇਹ ਬਖ਼ਸ਼ਸ਼ ਕੇਵਲ ਉਸ ਸ਼ਖਸੀਅਤ ਪੁਰ ਹੀ ਹੋ ਸਕਦੀ ਹੈ, ਜਿਸਨੇ ਦੇਸ਼, ਕੌਮ ਜਾਂ ਪੰਥ ਲਈ ਕੋਈ ਅਦੁਤੀ ਤੇ ਪ੍ਰਸ਼ੰਸਾਯੋਗ ਕੰਮ ਕੀਤਾ ਹੋਵੇ ਜਾਂ ਸੇਵਾ ਕੀਤੀ ਹੋਵੇ। ਇਸੇ ਤਰ੍ਹਾਂ ਕਿਰਪਾਨ, ਜੋ ਕਿ ਸਿੱਖੀ ਵਿੱਚ ਕਿਰਪਾ ਅਤੇ ਆਨ ਦਾ ਸੰਗਮ ਮੰਨੀ ਜਾਂਦੀ ਹੈ, ਨੂੰ ਮਜ਼ਲੂਮ ਦੀ ਅਤੇ ਆਤਮ-ਰਖਿਆ ਲਈ ਹੀ ਵਰਤਿਆ ਜਾਂਦਾ ਹੈ। ਪ੍ਰਿੰ. ਸਤਿਬੀਰ ਸਿੰਘ ਦੇ ਕਥਨ ਅਨੁਸਾਰ ਇਹ (ਕਿਰਪਾਨ) ਆਤਮ-ਸਨਮਾਨ ਦੀ ਰਖਿਆ ਲਈ, ਸਤਿਗੁਰਾਂ ਨੇ ਬਖ਼ਸ਼ੀ ਹੈ, ਜੇ ਇਹ ਕਿਸੇ ਹੋਰ ਦੇ ਹਵਾਲੇ ਕੀਤੀ ਜਾਂਦੀ ਹੈ ਤਾਂ ਇਸਦਾ ਮਤਲਬ ਇਹ ਹੁੰਦਾ ਹੈ ਕਿ ਦੇਣ ਵਾਲੇ ਨੇ ਉਸਦੀ ਅਧੀਨਤਾ ਸਵੀਕਾਰ ਕਰ ਲਈ ਹੈ

ਅਜ ਸਿੱਖ-ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਦੀ ਰਖਿਆ ਕਰਨ ਦੇ ਕਹਿੰਦੇ-ਕਹਾਉਂਦੇ ਜ਼ਿਮੇਂਦਾਰ ਸਿੱਖ ਆਗੂ, ਸਿਰੋਪਾਉ, ਗੁਰੂ ਸਾਹਿਬਾਨ ਦੇ ਫੋਟੌ ਅਤੇ ਕਿਰਪਾਨ, (ਇਹ ਸਵੀਕਾਰ ਕਰ ਕਿ ਹੁਣ ਉਹ ਆਪ ਆਪਣੀ ਰਖਿਆ ਕਰਨ ਦੇ ਸਮਰਥ ਨਹੀਂ ਰਹਿ ਗਏ) ਲੈ, ਘਰ-ਘਰ ਵੰਡਣ ਤੁਰ ਪੈਂਦੇ ਹਨ। ਤਾਂ ਜੋ ਉਹ ਉਨ੍ਹਾਂ ਦੀ ਰਖਿਆ ਦੀ ਜ਼ਿਮੇਂਦਾਰੀ ਸੰਭਾਲ ਲੈਣ।

ਹੋਰ ਤਾਂ ਹੋਰ ਸਤਿਗੁਰਾਂ ਦੀ ਬਖ਼ਸ਼ਸ਼ ਸਿਰੋਪਾਉ, ਸ੍ਰੀ ਦਰਬਾਰ ਸਾਹਿਬ ਸਮੇਤ ਦੇਸ਼ ਦੇ ਲਗਭਗ ਹਰ ਇਤਿਹਾਸਕ ਗੁਰਦੁਆਰੇ ਵਿੱਚ, ਵੇਚੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੋਇਆ ਹੈ। ਇਸ ਗਲ ਦਾ ਕੋਈ ਧਿਆਨ ਨਹੀਂ ਰਖਿਆ ਜਾਂਦਾ ਕਿ ਸੌ ਰੁਪਏ ਦੇ ਕੇ ਸਿਰੋਪਾਉ ਪ੍ਰਾਪਤ ਕਰ ਰਿਹਾ ਵਿਅਕਤੀ, ਇਸ ਬਖ਼ਸ਼ਸ਼ ਦਾ ਯੋਗ ਪਾਤਰ ਹੈ ਵੀ ਜਾਂ ਨਹੀਂ। ਸ੍ਰੀ ਦਰਬਾਰ ਸਾਹਿਬ ਤੋਂ ਸਿਰੋਪਾਉ ਵੇਚਣ ਦਾ ਸਿਲਸਿਲਾ ਸ਼ੁਰੂ ਕਰਵਾਉਣ ਵਾਲੀ ਸ਼ਖਸੀਅਤ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਉਸ ਸਮੇਂ ਦੀ ਮਜਬੂਰੀ ਬਣ ਗਈ ਸੀ, ਜਦੋਂ ਨੀਲਾ ਤਾਰਾ ਸਾਕੇ ਤੋਂ ਬਾਅਦ ਗੁਰੂ ਘਰ ਦਾ ਖ਼ਜ਼ਾਨਾ ਖਾਲੀ ਹੋ ਗਿਆ ਸੀ ਅਤੇ ਆਮਦਨ ਘਟ ਗਈ ਸੀ।

ਹੈਰਾਨੀ ਦੀ ਗਲ ਇਹ ਹੈ ਕਿ ਇਹ ਸੌਦਾਗਰੀ ਉਨ੍ਹਾਂ ਸਤਿਗੁਰਾਂ ਦੇ ਦਰਬਾਰ ਤੋਂ ਸ਼ੁਰੂ ਕੀਤੀ ਗਈ, ਜਿਨ੍ਹਾਂ ਦੇ ਸਮੇਂ ਦੀ ਮਰਿਆਦਾ-ਪਰੰਪਰਾ ਇਹ ਰਹੀ ਸੀ ਕਿ ਰਾਤ ਨੂੰ, ਇਸ ਵਿਸ਼ਵਾਸ ਨਾਲ ਲੰਗਰ ਦੇ ਭਾਂਡੇ ਮੂਧੇ ਮਾਰ ਦਿਤੇ ਜਾਂਦੇ ਸਨ ਕਿ ਸਵੇਰੇ ਅਕਾਲ ਪੁਰਖ ਆਪ ਇਨ੍ਹਾਂ ਨੂੰ ਭਰੇਗਾ। ਇਤਿਹਾਸ ਗੁਆਹ ਹੈ ਕਿ ਇਹ ਵਿਸ਼ਵਾਸ ਕਦੀ ਵੀ ਨਹੀਂ ਟੁੱਟਾ, ਗੁਰੂ ਦੇ ਲੰਗਰ ਵਿੱਚ ਕਦੀ ਵੀ ਤੋਟ ਨਹੀਂ ਆਈ। ਅਜ ਤਾਂ ਹਾਲਤ ਇਹ ਹੋ ਗਈ ਹੈ ਕਿ ਸਿਰੋਪਾਉ ਵੇਚਣ ਨੂੰ ਲਾਹੇਵੰਦਾ ਸੌਦਾ ਮੰਨ, ਹਰ ਇਤਿਹਾਸਕ ਗੁਰਦੁਆਰੇ ਵਿੱਚ ਇਸਨੂੰ ਇਕ ਬਾਜ਼ਾਰੀ ਵਸਤ ਦੇ ਰੂਪ ਵਿੱਚ ਵੇਚਿਆ ਜਾਣਾ, ਜ਼ਰੂਰੀ ਕਰ ਦਿਤਾ ਗਿਆ ਹੋਇਆ ਹੈ।

ਸੋਚਣ ਵਾਲੀ ਗਲ ਇਹ ਹੈ ਕਿ ਕੀ ਇਹ ਸਭ ਕੁਝ ਸਿੱਖ ਮਰਿਆਦਾ, ਪਰੰਪਰਾ ਅਤੇ ਮਾਨਤਾ ਅਨੁਸਾਰ ਹੋ ਰਿਹਾ ਹੈ ਜਾਂ ਫਿਰ ਚਿੱਟੇ ਦਿਨ ਉਨ੍ਹਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ?

ਅਤੇ ਅੰਤ ਵਿੱਚ : ਕੁਝ ਦਿਨ ਹੋਏ ਦਿੱਲੀ ਵਿੱਚ ਹੋਏ ਇਕ ਸਮਾਗਮ ਦੌਰਾਨ ਕੁਝ ਸਜਣਾਂ, ਜਿਨ੍ਹਾਂ ਵਿੱਚ ਪੰਜਾਬ ਦੇ ਇਕ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਸ਼ਾਮਲ ਸਨ, ਵਿੱਚ ਪੰਜਾਬ ਵਿੱਚ ਵਧ ਰਹੇ ਪਤੱਤਪੁਣੇ ਅਤੇ ਸਿੱਖੀ ਨੂੰ ਲਗ ਰਹੀ ਢਾਹ ਪੁਰ ਚਰਚਾ ਛਿੜ ਪਈ। ਇਕ ਸਜਣ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ ਬਾਰਾਂ ਹਜ਼ਾਰ ਪਿੰਡ ਹਨ ਅਤੇ ਸਿੱਖ ਪੰਥ ਦੇ ਤਿੰਨ ਉੱਚ ਤਖ਼ਤ। ਜੇ ਤਿੰਨਾਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਚਾਰ-ਚਾਰ ਹਜ਼ਾਰ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰ, ਪਤੱਤਪੁਣੇ ਨੂੰ ਠਲ੍ਹ ਪਾਣ ਦੀ ਮੁਹਿੰਮ ਚਲਾਉਣ ਦੀ ਜ਼ਿਮੇਂਦਾਰੀ ਸੰਭਾਲ ਲੈਣ ਤਾਂ ਕੁਝ ਹੀ ਸਮੇਂ ਵਿੱਚ ਉਤਸਾਹਜਨਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਸਕਦੇ ਹਨ। ਇਸ ਤੇ ਉਥੇ ਹਾਜ਼ਰ ਸਿੰਘ ਸਾਹਿਬ ਬੋਲੇ ਜੇ ਉਹ ਪਿੰਡਾਂ ਵੱਲ ਤੁਰ ਪੈਣਗੇ ਤਾਂ ਫਿਰ ਪੰਜਾਬ ਤੋਂ ਬਾਹਰ, ਵਿਦੇਸ਼ਾਂ ਵਿੱਚ ਜਾ ਸਿੱਖੀ ਦਾ ਪ੍ਰਚਾਰ ਕੌਣ ਕਰੇਗਾ? ਇਹ ਸੁਣ ਉਥੇ ਮੌਜੂਦ ਕਿਸੇ ਸਜਣ ਨੇ ਦਬੀ ਜ਼ਬਾਨ ਵਿੱਚ ਟਿੱਪਣੀ ਕਰਦਿਆਂ ਕਿਹਾ ਕਿ ਪੌਂਡਾਂ ਤੇ ਡਾਲਰਾਂ ਦੀ ਲਲਕ ਛੱਡ, ਕੌਣ ਪਿੰਡਾਂ ਦੀ ਮਿੱਟੀ ਫਕਣ ਲਈ ਤਿਆਰ ਹੋਵੇਗਾ?


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top