Share on Facebook

Main News Page

ਸਿੱਖ ਚੈੱਨਲ ਯੂਕੇ ਸਿੱਖੀ ਦਾ ਪ੍ਰਚਾਰ ਕਰੇਗਾ ਜਾਂ ਡੇਰਾਵਾਦ ਤੇ ਯੋਗਾ ਦਾ?
-
ਚੈਨ ਸਿੰਘ ਧਾਲੀਵਾਲ

ਬਠਿੰਡਾ, 7 ਸਤੰਬਰ (ਕਿਰਪਾਲ ਸਿੰਘ): ਸਿੱਖ ਚੈੱਨਲ ਯੂਕੇ ਸਿੱਖੀ ਦਾ ਪ੍ਰਚਾਰ ਕਰੇਗਾ ਜਾਂ ਡੇਰਾਵਾਦ ਤੇ ਜੋਗਾ ਦਾ? ਇਹ ਸ਼ਬਦ ਟਰਾਂਟੋ (ਕਨੇਡਾ) ਨਿਵਾਸੀ ਸ: ਚੈਨ ਸਿੰਘ ਧਾਲੀਵਾਲ ਨੇ ਸਿੱਖ ਚੈੱਨਲ ਯੂਕੇ ਦੀ ਭਵਿਖੀ ਯੋਜਨਾ ਤੇ ਸ਼ੰਕਾ ਪ੍ਰਗਟ ਕਰਦੇ ਹੋਏ ਇਸ ਪੱਤਰਕਾਰ ਨਾਲ ਫ਼ੋਨ ਤੇ ਗੱਲ ਕਰਦੇ ਹੋਏ ਕਹੇ।

ਆਪਣੀ ਇਸ ਸ਼ੰਕਾ ਦਾ ਕਾਰਣ ਦਸਦੇ ਹੋਏ ਉਨ੍ਹਾਂ ਇਸ ਚੈੱਨਲ ਦੇ ਮਾਲਕ ਸ: ਜੀ ਐੱਸ ਬੱਲ ਦੇ ਮਹਾਂਪੁਰਖ ਨੀਲਧਾਰੀ ਸਤਨਾਮ ਸਿੰਘ ਪਿਪਲੀ ਵਾਲੇ ਦੀ ਅਸਲੀਅਤ ਵਿਖਾਉਂਦੀ ਵੀਡੀਓ ਦਾ ਯੂਟਿਊਬ ਲਿੰਕ http://www.youtube.com/watch?v=yEYn1BXPwrg&feature=player_embedded#!

ਅਤੇ ਇਸ ਚੈੱਨਲ ਵਲੋਂ ਲਾਈਵ ਪ੍ਰਸਾਰਤ ਕੀਤੇ ਸਿੱਖੀ ਦਾ ਮਖੌਲ ਉਡਾਉਣ ਵਾਲੇ ਪ੍ਰੋਗਰਾਮ ਦੀ ਵੀਡੀਓ ਦਾ ਯੂਟਿਊਬ ਲਿੰਕ http://www.youtube.com/watch?v=_BOyU9f3Qfg&feature=player_embedded#!

 

 

ਸ: ਚੈਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਤਨਾਮ ਸਿੰਘ ਪਿਪਲੀ ਵਾਲਾ 31 ਅਗਸਤ ਨੂੰ ਓਨਟੋਰੀਓ ਖ਼ਾਲਸਾ ਦਰਬਾਰ ਡਿਕਸੀ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨ ਆਏ। ਇਸ ਦਾ ਕੀਰਤਨ ਸੁਣ ਕੇ ਉਥੇ ਇੱਕ ਸਿੰਘ ਨੂੰ ਸ਼ੱਕ ਪਿਆ ਕਿ ਇਹ ਤਾਂ ਪਖੰਡੀ ਨੀਲਧਾਰੀ ਸਤਨਾਮ ਸਿੰਘ ਪਿਪਲੀ ਵਾਲਾ ਲਗਦਾ ਹੈ! ਕਿਉਂਕਿ ਇਸ ਨੇ ਆਪਣਾ ਸਰੂਪ ਕਾਫੀ ਬਦਲਿਆ ਹੋਇਆ ਸੀ ਤੇ ਨੀਲੇ ਪਟਕੇ ਨੂੰ ਛੱਡ ਕੇ ਨੀਲਾ ਦੁਮਾਲਾ ਸਜਾ ਕੇ ਉਪਰ ਖੰਡਾ ਵੀ ਲਾਇਆ ਹੋਇਆ ਸੀ, ਇਸ ਲਈ ਕੀਰਤਨ ਦੀ ਸਮਾਪਤੀ ਤੇ ਉਨ੍ਹਾਂ ਪੁੱਛ ਲਿਆ ਕਿ ਤੁਸੀਂ ਓਹੀ ਤਾਂ ਨਹੀਂ ਜਿਹੜੇ ਜੈ ਜੈ ਰਾਧੇ ਸ਼ਾਮ, ਜੈ ਜੈ ਸੀਤਾ ਰਾਮ ਗਾਉਂਦੇ ਹੁੰਦੇ ਹੋ? ਉਹ ਪਾਖੰਡੀ ਸਾਫ਼ ਮੁੱਕਰ ਗਿਆ ਕਿ ਨਹੀਂ ਜੀ ਮੈਂ ਉਹ ਨਹੀਂ ਹਾਂ। ਪਰ ਬਾਅਦ ਚ ਪਤਾ ਲੱਗਾ ਕਿ ਇਹ ਉਹੀ ਸੀ ਤੇ ਉਹ ਗੁਰਦੁਆਰੇ ਵਿੱਚ ਖੜ੍ਹ ਕੇ ਵੀ ਝੂਠ ਬੋਲ ਗਿਆ ਸੀ।

ਸ: ਚੈਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਸ ਗੁਰਦੁਆਰੇ ਦਾ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੇ 4 ਸਤੰਬਰ ਦੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਦਫਤਰ ਵਿਚ ਸਕੱਤਰ ਹਰਬੰਸ ਸਿੰਘ ਜੰਡਾਲੀ, ਚੇਅਰਮੈਨ ਅਵਤਾਰ ਸਿੰਘ ਪੂਨੀਆ, ਖਜ਼ਾਨਚੀ ਕਸ਼ਮੀਰ ਸਿੰਘ, ਅਤੇ ਮੀਤ ਪ੍ਰਧਾਨ ਕੁਲਦੀਪ ਸਿੰਘ ਲੱਛਰ ਨੂੰ ਪੁੱਛ ਲਿਆ ਕਿ 31 ਅਗਸਤ ਨੂੰ ਜਿਹੜਾ ਸਤਨਾਮ ਸਿੰਘ ਕੀਰਤਨ ਕਰਕੇ ਗਿਆ ਹੈ, ਕੀ ਤੁਸੀਂ ਉਸ ਦੇ ਪਿਛੋਕੜ ਬਾਰੇ ਜਾਣਦੇ ਹੋ? ਤਾਂ ਉਨ੍ਹਾਂ ਸਾਰਿਆਂ ਨੇ ਹੀ ਕਿਹਾ ਕਿ ਨਹੀਂ ਉਨ੍ਹਾਂ ਨੂੰ ਉਸ ਦੇ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁੱਛਿਆ ਕਿ ਜੇ ਜਾਣਕਾਰੀ ਹੀ ਨਹੀਂ, ਤਾਂ ਉਸ ਨੂੰ ਬੁਲਾਇਆ ਹੀ ਕਿਉਂ ਗਿਆ ਸੀ? ਉਨ੍ਹਾਂ ਕਿਹਾ ਕਿ ਉਸ ਨੂੰ ਪ੍ਰਧਾਨ ਸਾਹਿਬ ਨੇ ਸਿੱਖ ਚੈੱਨਲ ਦੇ ਕਹਿਣ ਤੇ ਟਾਈਮ ਦਿੱਤਾ ਗਿਆ ਸੀ, ਕਿਉਂਕਿ ਉਸ ਦਿਨ ਉਨ੍ਹਾਂ ਨੇ ਆਪਣੇ ਚੈੱਨਲ ਤੇ ਲਾਈਵ ਪ੍ਰੋਗਾਮ ਦੇਣਾ ਸੀ? ਜਦੋਂ ਉਨ੍ਹਾਂ ਨੂੰ ਸਤਨਾਮ ਸਿੰਘ ਦੇ ਪਿਛੋਕੜ ਦੀ ਅਸਲੀਅਤ ਦੱਸੀ ਤਾਂ ਸਕੱਤਰ ਹਰਬੰਸ ਸਿੰਘ ਜੰਡਾਲੀ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਪਹਿਲਾਂ ਜਾਣਕਾਰੀ ਹੁੰਦੀ ਤਾਂ ਉਹ ਕਦੀ ਵੀ ਉਸ ਨੂੰ ਟਾਈਮ ਨਾ ਦਿੰਦੇ, ਅੱਗੇ ਤੋਂ ਉਸ ਨੂੰ ਨਹੀਂ ਬੁਲਾਇਆ ਜਾਵੇਗਾ।

ਸ: ਚੈਨ ਸਿੰਘ ਨੇ ਦੱਸਿਆ ਕਿ 5 ਸਤੰਬਰ ਨੂੰ ਉਸ ਨੇ ਪ੍ਰਧਾਨ ਜਸਜੀਤ ਸਿੰਘ ਭੁੱਲਰ ਨੂੰ ਫ਼ੋਨ ਕਰ ਕੇ ਪੁੱਛਿਆ ਤਾਂ ਉਨ੍ਹਾਂ ਵੀ ਕਿਹਾ ਕਿ ਉਸ ਨੂੰ ਉਸ ਦੇ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਨਾ ਹੀ ਉਸ ਨੂੰ ਗੁਰਦੁਆਰਾ ਸਾਹਿਬ ਵੱਲੋਂ ਬੁਲਾਇਆ ਸੀ। ਇਸ ਨਿਰੋਲ ਸਿੱਖ ਚੈੱਨਲ ਯੂਕੇ ਦਾ ਪ੍ਰੋਗਰਾਮ ਸੀ ਤੇ ਸਿੱਖ ਚੈੱਨਲ ਦੇ ਟਰਾਂਟੋ ਵਿਖੇ ਪ੍ਰਤੀਨਿਧ ਹਰਦੀਪ ਸਿੰਘ ਦੇ ਕਹਿਣ ਤੇ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਸਟੇਜ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਸੀ। ਪ੍ਰਧਾਨ ਭੁੱਲਰ ਤੋਂ ਹਰਦੀਪ ਸਿੰਘ ਦਾ ਫ਼ੋਨ ਨੰ: ਲੈ ਕੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਾਣਕਾਰੀ ਤਾਂ ਉਸ ਨੂੰ ਵੀ ਕੋਈ ਨਹੀਂ ਹੈ ਪਰ ਸਾਡੇ ਚੈੱਨਲ ਦੇ ਮਾਲਕ ਸ: ਜੀ ਐੱਸ ਬੱਲ ਨੇ ਕਿਹਾ ਸੀ ਕਿ ਉਹ ਕਨੇਡਾ ਤੋਂ ਆਪਣੇ ਚੈੱਨਲ ਦਾ ਲਾਈਵ ਪ੍ਰੋਗਰਾਮ ਲਾਂਚ ਕਰਨ ਜਾ ਰਹੇ ਹਨ, ਜਿਸ ਦੀ ਸਾਫਟ ਟੈਸਟ ਲਾਂਚਿੰਗ 31 ਅਗਸਤ ਨੂੰ ਹੋ ਰਹੀ ਹੈ। ਇਸ ਲਈ ਉਨ੍ਹਾਂ ਨੇ ਥਾਈਲੈਂਡ ਤੋਂ ਆਪਣੇ ਮਹਾਂਪੁਰਖ ਸਤਿਨਾਮ ਸਿੰਘ ਨੂੰ ਬੁਲਾਇਆ ਹੈ। ਇਸ ਲਈ ਓਨਟੋਰੀਓ ਖ਼ਾਲਸਾ ਦਰਬਰ ਡਿਕਸੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਟਾਈਮ ਦਿਵਾਓ। ਸ: ਬੱਲ ਦੇ ਕਹਿਣ ਤੇ ਮੈਂ ਪ੍ਰਧਾਨ ਸ: ਭੁੱਲਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੇਰੀ ਬੇਨਤੀ ਮੰਨ ਕੇ ਉਸ ਨੂੰ ਟਾਈਮ ਦੇ ਦਿੱਤਾ। ਇਸ ਤੋਂ ਵੱਧ ਮੈਨੂੰ ਹੋਰ ਕੋਈ ਜਾਣਕਾਰ ਨਹੀਂ ਹੈ।

ਸ: ਚੈਨ ਸਿੰਘ ਨੇ ਦੱਸਿਆ ਕਿ ਸ: ਹਰਦੀਪ ਸਿੰਘ ਤੋਂ ਇਹ ਸੁਣ ਕੇ ਹੈਰਾਨੀ ਹੋਈ ਕਿ ਜਿਸ ਚੈੱਨਲ ਦੇ ਮਾਲਕ ਦਾ ਮਹਾਂਪੁਰਖ ਜੈ ਜੈ ਰਾਧੇ ਸ਼ਾਮ, ਜੈ ਜੈ ਸੀਤਾ ਰਾਮ ਗਾਉਣ ਵਾਲਾ ਡੇਰੇਦਾਰ ਹੈ ਉਹ ਸਿੱਖੀ ਦਾ ਕਿਹੜਾ ਪ੍ਰਚਾਰ ਕਰੇਗਾ? ਇਨ੍ਹਾਂ ਸੋਚਾਂ ਵਿੱਚ ਇਸ ਚੈੱਨਲ ਵਲੋਂ ਲਾਈਵ ਵਿਖਾਏ ਗਏ ਪ੍ਰੋਗਰਾਮ ਦੀ ਇੱਕ ਵੀਡੀਓ ਵੀ ਧਿਆਨ ਵਿੱਚ ਆਈ ਕਿ ਇਹ ਕਿਸ ਤਰਾਂ ਆਪਣੇ ਚੈੱਨਲ ਦੇ ਲੋਗੋ -ਸਿੱਖੀ ਦਾ ਨਿਸ਼ਾਨ ਖੰਡਾ ਪਿੱਠ ਭੂਮੀ ਵਿੱਚ ਵਿਖਾ ਕੇ ਅੱਗੇ ਇੱਕ ਸਿੱਖ ਭੇਸ ਵਾਲਾ ਲੜਕਾ ਤੇ ਇੱਕ ਗੋਰੀ ਲੜਕੀ ਕੁਰਸੀਆਂ ਤੇ ਬੈਠੇ ਯੋਗਾ ਦੇ ਆਸਣਾਂ ਨਾਲ ਹਰਿ ਹਰਿ ਹਰੇ ਤੇ ਹੋਰ ਇਸ ਤਰ੍ਹਾਂ ਦੇ ਕਈ ਸ਼ਬਦਾਂ ਦੇ ਉਚਾਰਣ ਕਰਕੇ ਸਿੱਖੀ ਦਾ ਮਖੌਲ ਉਡਾ ਰਹੇ ਹਨ।

ਸੋ, ਇਹ ਦੋ ਵੀਡੀਓ ਵੇਖ ਕੇ ਮੇਰੀ ਸ਼ੰਕਾ ਹੋਰ ਵਧ ਗਈ ਕਿ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਇਸ ਨੇ ਆਪਣੇ ਚੈੱਨਲ ਦਾ ਨਾਮ ਤਾਂ ਸਿੱਖ ਚੈੱਨਲ ਰੱਖ ਲਿਆ ਪਰ ਅਸਲ ਵਿੱਚ ਇਹ ਡੇਰੇਵਾਦ ਤੇ ਯੋਗਾ ਨੂੰ ਪ੍ਰੋਮੋਟ ਕਰੇਗਾ! ਸ: ਚੈਨ ਸਿੰਘ ਧਾਲੀਵਾਲ ਨੇ ਕਿਹਾ ਸਿੱਖ ਸੰਗਤਾਂ ਨੂੰ ਸਿੱਖੀ ਨਾਮ ਵਾਲੇ ਅਜੇਹੇ ਕਾਰੋਬਾਰੀਆਂ ਤੋਂ ਸੁਚੇਤ ਹੋ ਕੇ ਉਨ੍ਹਾਂ ਦਾ ਅਸਲ ਮੰਤਵ ਸਮਝਣਾ ਚਾਹੀਦਾ ਹੈ ਤਾਂ ਕਿ ਜਣਾ ਖਣਾ ਹੀ ਸਿੱਖਾਂ ਨੂੰ ਗੁੰਮਰਾਹ ਨਾ ਕਰ ਸਕੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top