Share on Facebook

Main News Page

ਬੜੀ ਵੱਡੀ ਮੁਸ਼ਕਿਲ ਹੈ !! ਕੌਮ 'ਤੇ ਕਾਲੀ ਹਨੇਰੀ ਅਤੇ ਝੱਖੜ ਝੁੱਲ ਰਿਹਾ ਹੈ, ਮੇਰੇ ਵੀਰੋ !
-
ਇੰਦਰਜੀਤ ਸਿੰਘ, ਕਾਨਪੁਰ

ਸਾਡੀ ਅਧੀ ਨਾਲੋਂ ਵਧ ਕੌਮ ਪ੍ਰਬੰਧਕਾਂ, ਚੌਧਰੀਆਂ, ਪ੍ਰਧਾਨਾਂ, ਡੇਰੇਦਾਰਾਂ, ਜਥੇਦਾਰਾਂ, ਅਖੌਤੀ ਵਿਦਵਾਨਾਂ, ਅਖੌਤੀ ਪ੍ਰਚਾਰਕਾਂ, ਅਖੌਤੀ ਕਥਾਕਾਰਾਂ. ਪਾਖੰਡ ਕੀਰਤਨੀ ਜੱਥਿਆਂ, ਅਤੇ ਦਸਮਗ੍ਰੰਥੀ ਰਾਗੀਆਂ ਦੇ ਰੂਪ ਵਿਚ ਵਿਚਰ ਰਹੀ ਹੈ। ਜੋ ਰੱਜ ਕੇ ਸਿੱਖੀ ਦਾ ਘਾਣ ਕਰ ਰਹੇ ਨੇ।

ਬਾਕੀ ਬਚੇ ਪੰਜਾਹ ਫੀ ਸਦੀ। ਜਿਨ੍ਹਾਂ ਵਿਚ 49 ਫੀ ਸਦੀ, "ਭੇਡੂ" ਹਨ, ਜੋ ਭੇਡਾਂ ਵਾਂਗ ਡੇਰਿਆਂ, ਬਾਬਿਆਂ ਅਤੇ ਜੱਥੇਦਾਰਾਂ ਨੂੰ ਹੀ ਮੱਥੇ ਟੇਕੀ ਜਾਂਦੇ ਹਨ। ਇਨ੍ਹਾਂ ਕਰੱਪਟ ਲੋਕਾਂ ਨੂੰ ਇਹ ਕੌਮ ਦੇ ਰਹਿਨੁਮਾਂ ਸਮਝ ਕੇ, ਇਨ੍ਹਾਂ ਦੀਆਂ ਤਿਜੋਰੀਆਂ ਭਰੀ ਜਾ ਰਹੇ ਹਨ। ਇਹ ਲੋਕੀਂ ਗੁਰਦੁਆਰੇ ਜਾਂਦੇ ਤੇ ਰੋਜ ਹਨ, ਲੇਕਿਨ ਪੈਰ ਧੋਤੇ ਹੋਏ ਪਾਣੀ ਨੂੰ ਇਹ ਹੀ ਤਬਕਾ ਚਰਣਾਮ੍ਰਿਤ ਸਮਝ ਕੇ ਪੀਵੀ ਜਾਂਦਾ ਹੈ। ਚਰਨ ਧੂੜ ਲਾ ਲਾ ਕੇ ਸੰਗਮਰਮਰ ਦੀਆਂ ਚੌਖਟਾਂ ਘਿਸਾ ਦੇਂਦਾ ਹੈ। ਪ੍ਰਸਾਦ ਦੇ ਵੱਡੇ ਵੱਡੇ ਬਾਟੇ ਕਰਵਾਉਂਦਾ ਹੈ। ਅਪਨੇ ਨਿਜੀ ਜੀਵਨ ਵਿੱਚ ਭਾਂਵੇ ਜਿਨੀ ਮਰਜੀ ਠੱਗੀ ਕਰੀ ਜਾਵੇ, ਪਰ, ਮਾਘੀ, ਪੂਰਨਮਾਸੀ, ਸੰਗ੍ਰਾਂਦ ਅਤੇ ਮੱਸਿਆ ਨੂੰ, ਗੁਰਦੁਆਰੇ ਵਿੱਚ, ਇਹ ਸਭ ਬਖਸ਼ਾਉਣ ਲਈ ਜ਼ਰੂਰ ਹਾਜਰੀ ਭਰਨ ਜਾਂਦਾ ਹੈ। ਕੰਨ ਫੜ ਫੜ ਕੇ, ਨੱਕ ਰਗੜ ਰਗੜ ਕੇ, ਗੁਰੂ ਗ੍ਰੰਥ ਸਾਹਿਬ ਅਗੇ ਮੱਥੇ ਟੇਕ ਟੇਕ ਕੇ ਪਤਾ ਨਹੀਂ ਕੀ ਕੀ ਅਰਦਾਸਾਂ ਕਰੀ ਜਾਂਦਾ ਹੈ, ਲੇਕਿਨ ਉਥੇ ਚਲ ਰਹੇ ਬਾਣੀ ਦੇ ਪ੍ਰਵਾਹ ਵਿਚੋਂ, ਗੁਰੂ ਸ਼ਬਦਾਂ ਦੀ ਇਕ ਪੰਗਤੀ 'ਤੇ ਵੀ ਉਹ ਵਿਚਾਰ ਨਹੀਂ ਕਰਦਾ, ਅਮਲ ਕਰਨਾਂ ਤਾਂ ਦੂਰ ਦੀ ਗਲ ਹੈ।

ਬਾਕੀ ਬਚੇ "ਇਕ ਫੀ ਸਦੀ" ਜੋ ਸੁਚੇਤ ਜਾਂ ਜਾਗਰੂਕ ਅਖਵਾਂਉਦੇ ਹਨ। ਉਨ੍ਹਾਂ ਵਿਚ ਕੁੱਝ ਵਿਦਵਾਨ ਤਾਂ ਇਨੇ ਅਵੇਸਲੇ ਹਨ, ਕੀ ਉਹ ਕੌਮ ਦੀ ਇਸ ਮਾੜੀ ਹਾਲਤ ਨੂੰ ਜਾਣਦੇ ਬੁਝਦੇ ਵੀ, ਅਪਣੀ ਵਿਦਵਤਾ ਦੇ ਝੰਡੇ ਗਡਣ ਲਈ ਆਪਸ ਵਿਚ ਹੀ ਪਾੜੋ ਪਾੜ ਹੋਈ ਜਾ ਰਹੇ ਹਨ। ਭਾਂਵੇ ਗਲ ਕੋਈ ਹੋਵੇ, ਮੁੱਦਾ ਕੋਈ ਹੋਵੇ, ਇਹ ਅਪਣਾ ਝੰਡਾ ਸਭ ਤੋਂ ਉਚਾ ਚੁੱਕ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ, ਕਿ ਸਾਡੇ ਨਾਲੋਂ ਵਡਾ ਵਿਦਵਾਨ ਕੋਈ ਨਹੀਂ ਹੈ। ਕਈ ਥਾਂਵੇਂ ਤਾਂ ਇਨਾਂ ਦੀ ਇਸ ਖਹਿਬਾਜੀ ਲਈ, ਖਾਸ ਕਾਲਮ ਵੀ ਬਣੇ ਹੋਏ ਨੇ, ਜਿਥੇ ਇਹ ਅਕਸਰ ਆਪਣੇ ਖੱਤ ਲਿਖ ਲਿਖ ਕੇ ਇਕ ਦੂਜੇ ਦੇ ਮੂੰਹ 'ਤੇ ਕਾਲਿਖ ਪੋਤਦੇ ਨਜ਼ਰ ਆਉਂਦੇ ਨੇ। ਸਿੱਖ ਰਹਿਤ ਮਰਿਯਾਦਾ ਹੋਵੇ, ਅਕਾਲ ਤਖਤ ਦਾ ਸਿਧਾਂਤ ਭਾਂਵੇ ਗੁਰੂ ਗ੍ਰੰਥ ਸਾਹਿਬ ਦਾ ਮੌਜੂਦਾ ਸਰੂਪ, ਇਹ ਜਨਤਕ ਰੂਪ ਵਿਚ ਇਨਾਂ ਮੁੱਦਿਆਂ 'ਤੇ ਬਹਿਸਾਂ ਕਰਦੇ ਅਤੇ ਇਕ ਦੂਜੇ ਨੂੰ ਅਪਮਾਨਿਤ ਕਰਦੇ ਹਨ, ਜਿਵੇਂ ਇਹ ਹੀ ਕੌਮ ਦੇ ਸਭਤੋਂ ਵੱਡੇ ਖੈਰ ਖੁਆਹ ਹਨ ਅਤੇ ਇਸ ਜਨਤਕ ਬਹਿਸ ਵਿੱਚ ਹੀ ਇਹ ਸਾਰੇ ਭਖਦੇ ਮਸਲਿਆਂ ਨੂੰ ਹਲ ਕਰ ਲੈਣਗੇ। ਨੀਤੀ ਦੇ ਨਾਮ 'ਤੇ, ਇਕੱਠ ਦੇ ਨਾਮ 'ਤੇ ਇਨਾਂ ਕੋਲ ਕੁਝ ਵੀ ਨਹੀਂ ਹੈ।

ਜਿਸ ਤਬਕੇ ਤੇ ਕੌਮ ਨੂੰ ਮਾਣ ਹੁੰਦਾ ਹੈ, ਜਿਸ ਤਬਕੇ ਰਾਹੀ ਕੌਮ ਵਿਚ ਚੇਤਨਾ ਆਉਂਦੀ ਹੈ। ਜੋ ਤਬਕਾ ਕੌਮ ਵਿਚ ਇਕ ਕ੍ਰਾਂਤੀ ਲਿਆ ਕੇ ਕੌਮ ਨੂੰ ਨਿਘਾਰ ਤੋਂ ਚੜ੍ਹਦੀਕਲਾਂ ਵਿਚ ਲਿਆਉਣ ਲਈ ਸਹਾਇਕ ਹੂੰਦਾ ਹੈ, ਉਹ ਹੀ ਭੁਲੜਾ ਵਾਂਗ ਭਟਕ ਚੁਕਾ ਹੈ। ਆਉਣ ਵਾਲੀ ਕੌਮ ਦੀ ਨਵੀਂ ਪਨੀਰੀ ਜੋ ਜਿਗਿਆਸੂ ਹੋਣ ਕਰਕੇ ਸਵਾਲਾਂ ਦੇ ਦਲਦਲ ਵਿੱਚ ਧੱਸਦੀ ਚਲੀ ਜਾ ਰਹੀ ਹੈ। ਇਸ ਦਲਦਲ ਵਿਚੋਂ ਉਨ੍ਹਾਂ ਨੂੰ ਕੌਣ ਕੱਢੇਗਾ? ਹੌਲੀ ਹੌਲੀ ਨਮੋਸ਼ੀਆਂ ਹੀ ਨਮੋਸ਼ੀਆਂ ਦਾ ਅੰਧੇਰਾ ਚਹੁਆਂ ਪਾਸੇ ਨਜ਼ਰ ਆਉਣ ਲਗਾ ਹੈ।

ਫਿਰ ਵੀ ਇਸ ਹਨੇਰੀ ਤੁਫਾਨ ਵਾਲੀ ਰਾਤ ਵਿਚ ਵੀ, ਇਕ ਉੱਮੀਦ ਦੇ ਚਿਰਾਗ ਨੂੰ ਬਾਲਣ ਦੀ ਕੋਸ਼ਿਸ਼ ਕਰਦੇ ਰਹੋ ਮੇਰੇ ਵੀਰੋ! ਇਹ ਹੀ ਇਕ ਤਰੀਕਾ ਹੈ, ਗਿਆਨੀ ਦਿੱਤ ਸਿੰਘ ਜੀ ਦੀ ਬਰਸੀ ਮਨਾਉਣ ਦਾ ਅਤੇ ਉਨਾਂ ਨੂੰ ਸੱਚੀ ਸ਼ਰਧਾਜਲੀਂ ਦੇਣ ਦਾ। ਕੌਮ ਦਾ ਜੋ ਹੋਣਾਂ ਹੈ, ਉਹ ਤੇ ਰੱਬ ਹੀ ਜਾਣੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top