Share on Facebook

Main News Page

ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ (6 ਸਤੰਬਰ 1995) ਦੀ ਵਰ੍ਹੇਗੰਢ ਤੇ
-
ਡਾ. ਹਰਜਿੰਦਰ ਸਿੰਘ ਦਿਲਗੀਰ

ਸ. ਜਸਵੰਤ ਸਿੰਘ ਖਾਲੜਾ ਅੰਮ੍ਰਿਤਸਰ ਚ ਇਕ ਬੈਂਕ ਦਾ ਡਾਇਰੈਕਟਰ ਸੀ। ਇਕ ਵਾਰ ਇਕ ਗੁੰਮ ਹੋ ਚੁਕੇ ਦੋਸਤ ਦੀ ਭਾਲ ਕਰਨ ਵਾਸਤੇ ਜਦ ਉਸ ਨੇ ਅੰਮ੍ਰਿਤਸਰ ਮਿਊਂਸਪਲ ਕਮੇਟੀ ਦੇ ਰਿਕਾਰਡ ਫਰੋਲੇ ਤਾਂ ਉਸ ਨੇ ਵੇਖਿਆ ਕਿ ਉਨ੍ਹਾਂ ਵਿਚ ਸੈਂਕੜੇ ਬੰਦਿਆਂ ਦੀਆਂ ਲਾਸ਼ਾਂ ਨੂੰ ਅਣਪਛਾਤੇ ਕਹਿ ਕੇ ਸਸਕਾਰਿਆ ਦਿਖਾਇਆ ਹੋਇਆ ਸੀ। ਘੋਖ ਕਰਨ ਤੇ ਉਸ ਨੁੰ ਪਤਾ ਲੱਗਾ ਕਿ ਇਹ ਸਭ ਉਨ੍ਹਾਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦੇ ਸਸਕਾਰ ਸਨ ਜਿਨ੍ਹਾਂ ਨੂੰ 1984 ਤੋਂ 1995 ਦੇ ਸਮੇਂ ਦੌਰਾਨ ਪੰਜਾਬ ਵਿਚ ਨਕਲੀ ਮੁਕਾਬਲਿਆਂ ਦੇ ਨਾਂ ਹੇਠ ਕਤਲ ਕਰ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਕਹਿ ਕੇ ਸਸਕਾਰ ਦਿੱਤਾ ਗਿਆ ਸੀ।

ਅੰਮ੍ਰਿਤਸਰ ਮਿਊਂਸਪਲ ਕਮੇਟੀ ਦੇ ਰਿਕਾਰਡ ਵੇਖਣ ਮਗਰੋਂ ਉਸ ਨੇ ਤਿੰਨ ਹੋਰ ਜ਼ਿਲ੍ਹਿਆਂ ਦੇ ਰਿਕਾਰਡ ਇਕੱਠੇ ਕੀਤੇ ਤੇ ਵੇਖਿਆ ਕਿ ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਸਕਾਰਿਆ ਦਿਖਾਇਆ ਹੋਇਆ ਸੀ। ਉਸ ਨੇ ਇਹ ਸਾਰੇ ਸਬੂਤ ਇਕੱਠੇ ਕਰ ਕੇ ਇਸ ਜ਼ੁਲਮ ਦਾ ਪਰਦਾ ਫ਼ਾਸ਼ ਕੀਤਾ ਸੀ। ਉਸ ਨੇ ਕਨੇਡਾ ਵਿਚ ਜਾ ਕੇ ਵੀ ਇਸ ਸਬੰਧੀ ਵਿਦੇਸ਼ੀ ਸਰਕਾਰਾਂ ਤੇ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ ਸੀ। ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਜੂਨ 1984 ਤੋਂ ਦਸੰਬਰ 1994 ਤਕ ਅੰਮ੍ਰਿਤਸਰ, ਮਜੀਠਾ ਤੇ ਤਰਨਤਾਰਨ ਵਿਚ ਅਜਿਹੇ ਜ਼ੁਲਮ ਦੀ (2097 ਅਣਪਛਾਤੀਆਂ ਲਾਸ਼ਾਂ ਦੇ ਸਸਕਾਰ) ਦੀ ਲਿਸਟ ਰਲੀਜ਼ ਕੀਤੀ ਤਾਂ ਪੰਜਾਬ ਪੁਲਸ ਦੇ ਚੀਫ਼ ਕੇ.ਪੀ.ਐਸ. ਗਿੱਲ, ਅੰਮ੍ਰਿਤਸਰ ਦੇ ਜ਼ਾਲਮ ਐਸ.ਐਸ.ਪੀ. ਅਜੀਤ ਸੰਧੂ ਤੇ ਹੋਰ ਜ਼ਾਲਮ ਅਫ਼ਸਰਾਂ ਦੇ ਪਾਪ ਕੰਬਨ ਲੱਗ ਪਏ ਤੇ ਉਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਨੂੰ ਹੀ ਖ਼ਤਮ ਕਰ ਦੇਣ ਦਾ ਫ਼ੈਸਲਾ ਕਰ ਲਿਆ।

6 ਸਤੰਬਰ 1995 ਦੇ ਦਿਨ ਅਜੀਤ ਸੰਧੂ ਦੇ ਭੇਜੇ ਪੁਲਸੀਆਂ ਨੇ (ਜਿਨ੍ਹਾਂ ਵਿਚ ਅਸ਼ੋਕ ਕੁਮਾਰ ਡੀ.ਐਸ.ਪੀ., ਸੁਰਿੰਦਰਪਾਲ ਸਿੰਘ ਐਸ.ਐਚ.ਓ, ਸਰਹਾਲੀ ਤੇ ਪ੍ਰਿਥੀਪਾਲ ਸਿੰਘ ਹੈਡ ਕਾਂਸਟੇਬਲ ਮਾਨੋਚਾਹਲ ਪੁਲਿਸ ਸਟੇਸ਼ਨ ਵੀ ਸ਼ਾਮਿਲ ਸਨ) ਜਸਵੰਤ ਸਿੰਘ ਕਾਲੜਾ ਨੂੰ ਉਸ ਦੇ ਘਰ, ਕਬੀਰ ਪਾਰਕ ਅੰਮ੍ਰਿਤਸਰ, ਦੇ ਮੂਹਰਿਓਂ ਆਪਣੀ ਕਾਰ ਨੂੰ ਧੋਂਦੇ ਨੂੰ ਚੁੱਕ ਲਿਆ ਅਤੇ ਝਬਾਲ ਥਾਣੇ ਵਿਚ ਲੈ ਗਏ। ਉਥੇ ਡੀ.ਐਸ.ਪੀ. ਜਸਪਾਲ ਦੀ ਨਿਗਰਾਨੀ ਵਿਚ ਨੇ 7 ਸਿਪਾਹੀਆਂ ਨੇ ਉਸ ਦੀਆਂ ਲੱਤਾਂ ਦੋਹੀਂ ਪਾਸੀਂ ਖਿੱਚ ਕੇ ਉਸ ਦੀ ਛਾਤੀ ਵਿਚ ਠੁੱਡੇ ਮਾਰੇ; ਫਿਰ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ਅਤੇ ਉਸ ਦੀ ਲਾਸ਼ ਹਰੀਕੇ ਨਹਿਰ ਵਿਚ ਸੁੱਟ ਦਿੱਤੀ।

ਮਗਰੋਂ, ਬਹੁਤ ਰੌਲਾ ਪਾਉਣ, ਕੌਮਾਂਤਰੀ ਦਬਾਅ ਅਤੇ ਕਾਨੂੰਨੀ ਲੜਾਈ ਲੜਨ ਮਗਰੋਂ ਇਸ ਦੀ ਪੜਤਾਲ ਸੀ.ਬੀ.ਆਈ. ਹੱਥੋਂ ਹੋਈ ਅਤੇ ਨੌਂ ਪੁਲਸੀਆਂ ਤੇ ਮੁਕੱਦਮਾ ਚਲਾਇਆ ਗਿਆ। ਇਸ ਕਤਲ ਦੇ 10 ਸਾਲ ਮਗਰੋਂ ਸੈਸ਼ਨ ਅਦਾਲਤ ਨੇ 18 ਨਵੰਬਰ 2005 ਨੂੰ ਇਨ੍ਹਾਂ ਵਿਚੋਂ ਛੇ ਮੁਜਰਮਾਂ ਨੂੰ ਸੱਤ-ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਮਗਰੋਂ ਹਾਈ ਕੋਰਟ ਨੇ 16 ਅਕਤੂਬਰ 2007 ਦੇ ਦਿਨ ਇਨ੍ਹਾਂ ਵਿਚੋਂ ਚਾਰਾਂ ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ, ਜਸਬੀਰ ਸਿੰਘ (ਤਿੰਨੇ ਸਬ ਇੰਸਪੈਕਟਰ) ਤੇ ਪ੍ਰਿਥੀਪਾਲ ਸਿੰਘ (ਹੈਡ ਕਾਂਸਟੇਬਲ) ਦੀ ਸਜ਼ਾ ਵਧਾ ਕੇ ਉਮਰ ਕੈਦ ਕਰ ਦਿੱਤੀ। ਪਰ ਇਸ ਕਤਲ ਕੇਸ ਦੇ ਦੋ ਮੁਜਰਿਮ (ਕੇ.ਪੀ.ਗਿੱਲ ਡੀ.ਜੀ.ਪੀ. ਅਤੇ ਅਜੀਤ ਸੰਧੂ ਐਸ.ਐਸ.ਪੀ.) ਸਜ਼ਾ ਤੋਂ ਬਚ ਗਏ। ਅਜੀਤ ਸੰਧੂ ਬਾਰੇ ਇਹ ਖ਼ਬਰ ਛਪੀ ਸੀ ਕਿ ਉਸ ਨੇ ਕੈਦ ਦੇ ਡਰ ਤੋਂ 23 ਮਈ 1997 ਦੇ ਦਿਨ ਗੱਡੀ ਅੱਗੇ ਛਾਲ ਮਰ ਕੇ ਖ਼ੁਦਕੁਸ਼ੀ ਕਰ ਲਈ ਸੀ। ਪਰ ਇਹ ਚਰਚਾ ਹੈ ਕਿ ਉਸ ਨੇ ਕਿਸੇ ਹੋਰ ਨੂੰ ਆਪਣੇ ਕਪੜੇ ਪਾ ਕੇ ਮਾਰ ਦਿੱਤਾ ਸੀ ਤੇ ਉਹ ਡੁਪਲੀਕੇਟ ਪਾਸਪੋਰਟ ਤੇ ਆਪ ਅਮਰੀਕਾ ਦੌੜ ਗਿਆ ਸੀ ਤੇ ਉਥੇ ਲੁਕ ਕੇ ਰਹਿਣ ਲਗ ਪਿਆ; ਅਤੇ ਦੂਜੇ ਮੁਜਰਿਮ ਕੇ.ਪੀ. ਗਿੱਲ ਤੇ ਮੁਕੱਦਮਾ ਕਦੇ ਵੀ ਨਾ ਚਲਾਇਆ ਗਿਆ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top