Share on Facebook

Main News Page

ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੀ ਮੌਤ ਦੀ ਵਰ੍ਹੇਗੰਢ ਤੇ
- ਡਾ: ਹਰਜਿੰਦਰ ਸਿੰਘ ਦਿਲਗੀਰ

ਪੰਥ ਰਤਨ ਗਿਆਨੀ ਦਿੱਤ ਸਿੰਘ ਦਾ ਜਨਮ 21 ਅਪ੍ਰੈਲ 1852 ਦੇ ਦਿਨ ਕੌਲਗੜ੍ਹ (ਰਿਆਸਤ ਪਟਿਆਲਾ) ਵਿਚ ਹੋਇਆ ਸੀ। ਆਪ ਸਿੱਖ ਕੌਮ ਦੇ ਉਂਗਲੀਆਂ ਤੇ ਗਿਣੇ ਜਾ ਸਕਣ ਵਾਲੇ ਮਹਾਨ ਵਿਦਵਾਨਾਂ ਵਿਚੋਂ ਇਕ ਸਨ। ਦਿੱਤ ਸਿੰਘ ਬਚਪਣ ਤੋਂ ਹੀ ਬਹੁਤ ਸਿਆਣੀਆਂ ਗੱਲਾਂ ਕਰਨ ਲਗ ਪਿਆ ਸੀ ਤੇ ਸਾਰੇ ਉਸ ਦੀ ਸੂਝ ਦੇ ਕਾਇਲ ਸਨ। ਆਪ ਦੇ ਪਿਤਾ ਭਾਈ ਦੀਵਾਨ ਸਿੰਘ ਇਕ ਗ਼ਰੀਬ ਜੁਲਾਹਾ ਪਰਵਾਰ ਵਿਚੋਂ ਸਨ ਪਰ ਆਪ ਦੇ ਮਨ ਵਿਚ ਪੁੱਤਰ ਨੂੰ ਪੜ੍ਹਾਈ ਕਰਵਾੳਣ ਦੀ ਬਹੁਤ ਖ਼ਾਹਿਸ਼ ਸੀ ਇਸ ਕਰ ਕੇ ਉਨ੍ਹਾਂ ਨੇ 1862 ਵਿਚ 10 ਸਾਲ ਦੇ ਦਿੱਤ ਸਿੰਘ ਨੂੰ ਤਿਓੜ (ਜ਼ਿਲ੍ਹਾ ਰੂਪੜ) ਦੇ ਗੁਲਾਬਦਾਸੀ ਡੇਰੇ ਤੇ ਭੇਜ ਦਿੱਤਾ; ਇਥੇ ਉਸ ਨੇ ਵੇਦਾਂਤ, ਨੀਤੀ ਸ਼ਾਸਤਰ ਅਤੇ ਫ਼ਿਲਾਸਫ਼ੀ ਦੀਆਂ ਕਈ ਹੋਰ ਕਿਤਾਬਾਂ ਪੜ੍ਹੀਆਂ। ਉਸ ਦੀ ਕਾਬਲੀਅਤ ਨੂੰ ਵੇਖ ਕੇ 16 ਸਾਲ ਦੀ ਉਮਰ ਵਿਚ ਉਸ ਨੂੰ ਗੁਲਾਬਦਾਸੀਆਂ ਦੇ ਮੁਖ ਡੇਰੇ ਛਟੀਆਂਵਾਲਾ (ਜ਼ਿਲ੍ਹਾ ਕਸੂਰ) ਵਿਚ ਭੇਜ ਦਿੱਤਾ ਗਿਆ। ਏਥੇ ਉਸ ਨੇ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਿਆ ਤੇ ਭਾਈ ਗੁਰਦਾਸ ਤੇ ਹੋਰ ਲੇਖਕਾਂ ਦੀਆਂ ਕਿਤਾਬਾਂ ਵੀ ਪੜ੍ਹੀਆਂ।1875 ਵਿਚ, 23 ਸਾਲ ਦੀ ਉਮਰ ਵਿਚ, ਉਸ ਨੇ ਇਕ ਗੁਲਾਬਦਾਸੀ ਪਰਚਾਰਕ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਉਸ ਦਾ ਮੇਲ ਭਾਈ ਜਵਾਹਰ ਸਿੰਘ ਕਪੂਰ ਨਾਲ ਹੋਇਆ। ਇਨ੍ਹਾਂ ਦਿਨਾਂ ਵਿਚ ਆਰੀਆ ਸਮਾਜ ਦੀ ਨੀਂਹ ਰੱਖੀ ਜਾ ਚੁਕੀ ਸੀ। 1877 ਵਿਚ ਆਰੀਆ ਸਮਾਜ ਦਾ ਦਯਾ ਨੰਦ ਲਾਹੌਰ ਆਇਆ; ਦਿੱਤ ਸਿੰਘ ਤੇ ਜਵਾਹਰ ਸਿੰਘ ਕਪੂਰ ਉਸ ਨੂੰ ਮਿਲਣ ਗਏ; ਇਸ ਮੌਕੇ ਤੇ ਦਿੱਤ ਸਿੰਘ ਨੇ ਦਯਾ ਨੰਦ ਨਾਲ ਕੁਝ ਨੁਕਤਿਆਂ ਤੇ ਚਰਚਾ ਕੀਤੀ ਪਰ ਦਯਾ ਨੰਦ ਇਸ ਚਰਚਾ ਵਿਚ ਫੇਲ੍ਹ ਹੋ ਗਿਆ ਉਹ ਗਿਆਨੀ ਦਿੱਤ ਸਿੰਘ ਦੀਆਂ ਦਲੀਲਾਂ ਅੱਗੇ ਲਾਜਵਾਬ ਹੋ ਗਿਆ (ਇਹ ਗਲਬਾਤ ਕਿਤਾਬ ਮੇਰਾ ਤੇ ਸਾਧੂ ਦਯਾ ਨੰਦ ਦਾ ਸੰਬਾਦ ਵਿਚ ਦਰਜ ਹੈ)। ਇਸ ਚਰਚਾ ਦੌਰਾਨ ਗਿਆਨੀ ਦਿੱਤ ਸਿੰਘ ਤੇ ਜਵਾਹਰ ਸਿੰਘ ਕਪੂਰ ਨੂੰ ਅਹਿਸਾਸ ਹੋ ਗਿਆ ਕਿ ਦਯਾ ਨੰਦ ਕੋਲ ਕੁਝ ਨਹੀਂ ਲੋਕ ਐਵੇਂ ਹੀ ਭੇਡ ਚਾਲ ਵਿਚ ਉਸ ਦੇ ਪਿੱਛੇ ਲਗੇ ਹੋਏ ਹਨ। ਉਨ੍ਹੀਂ ਦਿਨੀਂ ਹੀ ਸਿੰਘ ਸਭਾ ਲਹਿਰ ਸ਼ੁਰੂ ਹੋ ਚੁਕੀ ਸੀ ਤੇ ਦੋਵੇਂ ਇਸ ਲਹਿਰ ਦਾ ਹਿੱਸਾ ਬਣ ਗਏ।

11 ਅਪ੍ਰੈਲ 1880 ਦੇ ਦਿਨ ਗਿਆਨੀ ਦਿੱਤ ਸਿੰਘ ਨੇ ਗੁਰਮੁਖੀ ਅਖ਼ਬਾਰ ਸ਼ੁਰੂ ਕੀਤਾ ਜੋ ਛੇਤੀ ਹੀ ਹਰਮਨ ਪਿਆਰਾ ਹੋ ਗਿਆ। ਇਨ੍ਹਾਂ ਦਿਨਾਂ ਵਿਚ ਹੀ ਗਿਆਨੀ ਦਿੱਤ ਸਿੰਘ ਤੇ ਪ੍ਰੋ ਗੁਰਮੁਖ ਸਿੰਘ ਵਿਚ ਦੋਸਤੀ ਬਣ ਗਈ ਤੇ ਇਸ ਦੋਸਤੀ ਨੇ ਸਿੱਖ ਕੌਮ ਨੂੰ ਮਹਾਨ ਦੇਣ ਦਿੱਤੀ। ਕੁਝ ਚਿਰ ਮਗਰੋਂ ਪ੍ਰੋ ਗੁਰਮੁਖ ਸਿੰਘ ਨੇ ਖਾਲਸਾ ਅਖ਼ਬਾਰ ਸ਼ੁਰੂ ਕੀਤਾ; ਇਸ ਅਖ਼ਬਾਰ ਦਾ ਸਾਰਾ ਕੰਮ ਵੀ ਗਿਆਨੀ ਦਿੱਤ ਸਿੰਘ ਹੀ ਕਰਦੇ ਹੁੰਦੇ ਸਨ। ਦੋਹਾਂ ਸ਼ਖ਼ਸੀਅਤਾਂ ਨੇ ਸਿੱਖੀ ਵਿਚ ਆਏ ਨਿਘਾਰ ਨੂੰ ਖ਼ਤਮ ਕਰਨ ਵਿਚ ਵੱਡਾ ਰੋਲ ਅਦਾ ਕੀਤਾ। ਪ੍ਰੋ. ਗੁਰਮੁਖ ਸਿੰਘ ਨੇ ਤਾਂ ਅਖੌਤੀ ਸਾਹਿਬਜ਼ਾਦਿਆਂ (ਬੇਦੀ, ਭੱਲੇ, ਸੋਢੀ ਖ਼ਾਨਦਾਨਾਂ) ਦਾ ਦੰਭ ਵੀ ਬੁਰੀ ਤਰ੍ਹਾਂ ਨੰਗਾ ਕੀਤਾ; ਖਾਸ ਕਰ ਕੇ ਖੇਮ ਸਿੰਘ ਬੇਦੀ ਵੱਲੋਂ ਨੀਮ-ਗੁਰੂ ਬਣਨ ਦੀ ਕਰਤੂਤ ਦੇ ਖ਼ਿਲਾਫ਼ ਉਸ ਨੇ ਇਕ ਕਿਸਮ ਦਾ ਜਹਾਦ ਖੜ੍ਹਾ ਕੀਤਾ। ਇਸ ਤੋਂ ਖਿਝ ਕੇ ਬੇਦੀ ਟੋਲੇ ਨੇ ਮਾਰਚ 1997 ਵਿਚ ਪ੍ਰੋ ਗੁਰਮੁਖ ਸਿੰਘ ਨੂੰ ਅਖੌਤੀ ਤੌਰ ਤੇ ਪੰਥ ਵਿਚੋਂ ਖਾਰਜ ਕਰਨ ਦਾ ਡਰਾਮਾ ਕੀਤਾ। ਗਿਆਨੀ ਦਿੱਤ ਸਿੰਘ ਨੇ ਇਸ ਹਰਕਤ ਦੀ ਜ਼ਬਰਦਸਤ ਨਿੰਦਾ ਕੀਤੀ। ਹੁਣ ਸੁਮੇਰ ਸਿੰਘ ਪਟਨਾ (ਅਖੌਤੀ ਦਸਮ ਗ੍ਰੰਥ ਦੇ ਬਹੁਤੇ ਹਿੱਸੇ ਦਾ ਲੇਖਕ) ਅਤ ਖੇਮ ਸਿੰਘ ਬਦੀ ਨੇ ਗਿਆਨੀ ਦਿੱਤ ਸਿੰਘ ਦੇ ਖ਼ਿਲਾਫ਼ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੂੰ ਇਕ ਲਿਖਤ ਦੇ ਮਾਮਲੇ ਵਿਚ ਅਦਾਲਤ ਵਿਚ ਵੀ ਘਸੀਟਿਆ। ਇਨ੍ਹਾਂ ਦਿਨਾਂ ਵਿਚ ਗਿਆਨੀ ਜੀ ਦੇ ਸਭ ਤੋਂ ਵੱਡੇ ਮਦਦਗਾਰ ਕੰਵਰ ਬਿਕਰਮ ਸਿੰਘ ਕਪੂਰਥਲਾ ਦੀ 8 ਮਈ 1887 ਦੇ ਦਿਨ ਮੌਤ ਹੋ ਗਈ; ਇਸ ਨਾਲ ਗਿਆਨੀ ਜੀ ਨੂੰ ਬਬੁਤ ਨੁਕਸਾਨ ਹੋਇਆ ਤੇ ਉਨ੍ਹਾਂ ਨੂੰ ਅਖ਼ਬਾਰ ਵੀ ਬੰਦ ਕਰਨਾ ਪਿਆ। ਹਿੰਮਤ ਕਰ ਕੇ ਉਨ੍ਹਾਂ ਨੇ 1893 ਵਿਚ ਅਖ਼ਬਾਰ ਦੋਬਾਰਾ ਸ਼ੁਰੂ ਕਰ ਲਿਆ। ਫਿਰ 1896 ਵਿਚ ਪ੍ਰੋ ਗੁਰਮੁਖ ਸਿੰਘ ਚੜ੍ਹਾਈ ਕਰ ਗਏ। ਇਕ ਵਾਰ ਫੇਰ ਗਿਆਨੀ ਦਿੱਤ ਸਿੰਘ ਨੂੰ ਮਾਲੀ ਮੁਸ਼ਕਿਲਾਂ ਨੇ ਘੇਰ ਲਿਆ। 1899 ਵਿਚ ਜਦ ਭਗਤ ਲਕਸ਼ਮਣ ਸਿੰਘ ਨੇ ਖਾਲਸਾ ਅਖ਼ਬਾਰ ਸ਼ੁਰੂ ਕੀਤਾ ਤਾਂ ਗਿਆਨੀ ਜੀ ਨੇ ਉਸ ਦੀ ਬਹੁਤ ਮਦਦ ਕੀਤੀ।

ਗਿਆਨੀ ਦਿੱਤ ਸਿੰਘ ਜੀ ਦੇ ਦੋ ਬੱਚੇ ਸਨ: ਬੇਟਾ ਬਲਦੇਵ ਸਿੰਘ (ਜਨਮ 1886) ਬੇਟੀ ਵਿਦਿਆਵੰਤ ਕੌਰ (ਜਨਮ 1890); 17 ਜੂਨ 1901 ਦੇ ਦਿਨ ਵਿਦਿਆਵੰਤ ਕੌਰ ਦੀ ਮੌਤ ਹੋ ਗਈ; ਇਸ ਬੇਟੀ ਨਾਲ ਆਪ ਦਾ ਬਹੁਤ ਪਿਆਰ ਸੀ; ਇਸ ਮੌਤ ਨੇ ਉਨ੍ਹਾਂ ਨੂੰ ਬਹੁਤ ਉਦਾਸ ਕਰ ਦਿੱਤਾ। ਭਾਵੇਂ ਆਪ ਫਿਰ ਵੀ ਕੌਮ ਦੀ ਸੇਵਾ ਕਰਦੇ ਰਹੇ ਪਰ ਉਨ੍ਹਾਂ ਦੇ ਮਨ ਦੀ ਦਿਲਗੀਰੀ ਨੇ ਉਨ੍ਹਾਂ ਦਾ ਸਾਥ ਨਾ ਛੱਡਿਆ ਅਤੇ 6 ਸਤੰਬਰ 1906 ਦੇ ਦਿਨ ਉਹ ਇਸ ਫ਼ਾਨੀ ਦੁਨੀਆਂ ਤੋਂ ਵਿਦਾ ਹੋ ਗਏ।

ਗਿਆਨੀ ਦਿੱਤ ਸਿੰਘ ਜੀ ਨੇ ਅਖ਼ਬਾਰਾਂ ਵਾਸਤੇ ਬਹੁਤ ਕੀਮਤੀ ਲੇਖ ਤੇ ਐਡੀਟੋਰੀਅਲ ਤਾਂ ਲਿਖੇ ਹੀ ਪਰ ਉਨ੍ਹਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਕਿਤਾਬੀ ਰੂਪ ਵਿਚ ਵੀ ਮਿਲਦੀਆਂ ਹਨ (ਇਨ੍ਹਾਂ ਵਿਚੋਂ ਕਈ ਤਾਂ ਅਜੇ ਵੀ ਅਣਛਪੀਆਂ ਪਈਆਂ ਹਨ); ਉਨ੍ਹਾਂ ਦੀਆਂ ਲਿਖਤਾਂ ਵਿਚੋਂ ਮੁਖ ਇਹ ਹਨ: ਖਾਲਸਾ ਧਰਮ ਸੰਸਕਾਰ ਵਿਧੀ, ਨਕਲੀ ਸਿੱਖ ਪ੍ਰਬੋਧ, ਦੰਭ ਨਿਵਾਰਣ, ਮੇਰਾ ਤੇ ਸਾਧੂ ਦਯਾ ਨੰਦ ਦਾ ਸੰਬਾਦ, ਜੀਵਨ ਗੁਰੂ ਨਾਨਕ ਸਾਹਿਬ, ਗੁਰੂ ਅਮਰ ਦਾਸ ਸਾਹਿਬ, ਗੁਰੂ ਅਰਜਨ ਸਾਹਿਬ, ਗੁਰੂ ਹਰਿ ਰਾਇ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ, ਕਲਗੀਧਰ ਉਪਕਾਰ, ਸਿੰਘਣੀਆਂ ਦਾ ਸਿਦਕ, ਭਾਈ ਤਾਰੂ ਸਿੰਘ ਦੀ ਸ਼ਹੀਦੀ, ਸਿੱਖ ਬੱਚੇ ਦੀ ਸ਼ਹੀਦੀ, ਗੁਰੂ ਨਾਨਕ ਪ੍ਰਬੋਧ, ਪੰਥ ਸੁਧਾਰ ਬਿਨੈ ਪੱਤਰ, ਦੁਰਗਾ ਪ੍ਰਬੋਧ, ਗੁਰਮਤਿ ਆਰਤੀ ਪ੍ਰਬੋਧ, ਡਰਪੋਕ ਸਿੰਘ, ਰਾਜ ਪ੍ਰਬੋਧ, ਸੁਲਤਾਨ ਪੁਆੜਾ, ਨਵਾਂ ਨਕਲੀ ਸਿੱਖ ਪ੍ਰਬੋਧ, ਖਲਾਸਾ ਪੱਤਰ ਤੇ ਕਈ ਹੋਰ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top