Share on Facebook

Main News Page

ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਏ ਹੁਕਮਨਾਮੇ ਤੋਂ ਸੇਧ ਲੈ ਕੇ ਕੀਤੀ ਜਾਵੇ
-
ਭਾਈ ਤਰਸੇਮ ਸਿੰਘ

ਬਠਿੰਡਾ, 5 ਸਤੰਬਰ (ਕਿਰਪਾਲ ਸਿੰਘ): ਵੋਟ ਪਰਚੀ ਰਾਹੀਂ ਵਰਤਮਾਨ ਗੁਰਦੁਆਰਾ ਚੋਣ ਪ੍ਰਣਾਲੀ ਵਿੱਚ ਆਏ ਅਤਿ ਦੇ ਨਿਘਾਰ ਤੋਂ ਛੁਟਕਾਰਾ ਪਾਉਣ ਲਈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਖ਼ਾਲਸਾ ਨੇ ਸੁਜਾਉ ਦਿੱਤਾ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਏ ਹੁਕਮਨਾਮੇ ਤੋਂ ਸੇਧ ਲੈ ਕੇ ਕੀਤੀ ਜਾਵੇ।

ਉਨ੍ਹਾਂ ਕਿਹਾ ਸਿੱਖ ਧਰਮ ਦੇ ਪ੍ਰਚਾਰ ਅਤੇ ਸੇਵਾ ਸੰਭਾਲ ਵਾਸਤੇ ਅਨੇਕਾਂ ਸੰਸਥਾਵਾਂ ਅਤੇ ਸਿੰਘ ਸਭਾਵਾਂ ਹਨ। ਇਹ ਆਪਣੇ ਆਪਣੇ ਢੰਗ ਨਾਲ ਕਈ ਪ੍ਰਕਾਰ ਦੀਆਂ ਸੇਵਾਵਾਂ ਨਿਭਾ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਦੇ ਪ੍ਰਬੰਧਕ ਚੁਣਨ ਲਈ ਬੇਸ਼ੱਕ ਸਭ ਤੋਂ ਵਧੀਆ ਢੰਗ ਮੈਰਿਟ ਦੇ ਅਧਾਰ ਤੇ ਸਲੈਕਸ਼ਨ ਕਰਨਾ ਹੈ ਪਰ ਲੋਕ ਤੰਤਰਿਕ ਢਾਂਚੇ ਵਿੱਚ ਸੁਆਰਥੀ ਤੱਤਾਂ ਦੇ ਭਾਰੂ ਹੋਣ ਕਾਰਣ ਇਸ ਢੰਗ ਨੂੰ ਸੁਹਿਰਦਤਾ ਨਾਲ ਕੋਈ ਮੰਨਣ ਲਈ ਤਿਆਰ ਨਹੀਂ ਹੈ ਇਸ ਲਈ ਵੋਟ ਪ੍ਰਚੀ ਦੇ ਅਧਾਰ ਤੇ ਇਲੈਕਸ਼ਨ ਦਾ ਢੰਗ ਹੀ ਅਪਣਾਇਆ ਜਾ ਰਿਹਾ ਹੈ।

ਖਾਸ ਕਰਕੇ ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਭਾਵਾਂ ਦੇ ਪ੍ਰਬੰਧਕ ਆਮ ਤੌਰ 'ਤੇ ਵੋਟਾਂ ਪਾ ਕੇ ਹੀ ਚੁਣੇ ਜਾਂਦੇ ਹਨ। ਭਾਈ ਤਰਸੇਮ ਸਿੰਘ ਨੇ ਕਿਹਾ ਅੱਜ ਕੱਲ ਵੋਟਾਂ ਪਵਾ ਕੇ ਚੋਣ ਕਰਨ ਦਾ ਤਰੀਕਾ ਬੜਾ ਭ੍ਰਿਸ਼ਟਿਆ ਗਿਆ ਹੈ। ਹਰ ਉਮੀਦਵਾਰ ਵੱਧ ਵੋਟਾਂ ਲੈਣ ਲਈ ਕਈ ਪ੍ਰਕਾਰ ਦੇ ਪਾਪੜ ਵੇਲਦਾ ਹੈ। ਪਿੰਡਾਂ, ਸ਼ਹਿਰਾਂ ਤੇ ਛੋਟੀਆਂ-ਛੋਟੀਆਂ ਕਲੋਨੀਆਂ ਵਿੱਚ ਵੀ ਸਿੱਖ ਸੰਗਤਾਂ ਧੜਿਆਂ ਵਿਚ ਵੰਡੀਆਂ ਜਾਂਦੀਆਂ ਹਨ, ਕਈ ਵਾਰ ਲੜਾਈਆਂ ਝਗੜੇ ਅਤੇ ਮੁਕਦਮੇਬਾਜੀ ਤੱਕ ਵੀ ਨੌਬਤ ਪਹੁੰਚ ਜਾਂਦੀ ਹੈ। ਇਸ ਸੂਰਤ ਵਿੱਚ ਮੈਰਿਟ ਦੇ ਅਧਾਰ ਤੇ ਚੋਣ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ ਰਹੀ।

ਦੂਜੇ ਧਰਮਾਂ ਦੇ ਲੋਕ ਹੈਰਾਨ ਹੋ ਕੇ ਸਿੱਖਾਂ ਦੀ ਆਪਸੀ ਲੜਾਈ ਦਾ ਮਖੌਲ ਉਡਾਉਂਦੇ ਹਨ। ਭਾਈ ਤਰਸੇਮ ਸਿੰਘ ਨੇ ਕਿਹਾ ਕੀ ਅਸੀਂ ਸਮਝਦੇ ਹਾਂ ਕਿ ਇਹ ਸਭ ਕੁੱਝ ਗੁਰੂ ਨੂੰ ਪ੍ਰਵਾਨ ਹੋ ਸਕਦਾ ਹੈ? ਜਾਂ ਕੀ ਇਹ ਸਾਡੀ ਕੌਮ ਦੇ ਹਿਤ ਵਿਚ ਜਾਂਦਾ ਹੈ? ਯਕੀਨਨ, ਬਿਲਕੁਲ ਨਹੀਂ! ਦੂਜੇ ਪਾਸੇ ਜੇਕਰ ਕੁੱਝ ਲੋਕ ਇਕ ਵਾਰ ਪ੍ਰਬੰਧਕ ਬਣ ਜਾਂਦੇ ਹਨ ਤਾਂ ਫਿਰ ਪਿੱਛੋਂ ਉਨ੍ਹਾਂ ਦੀ ਭਾਵੇਂ ਕਿੰਨੀ ਵੀ ਬਦਨਾਮੀ ਕਿਉਂ ਨਾ ਹੋ ਜਾਵੇ, ਫਿਰ ਵੀ ਉਹ ਕਈ ਕਈ ਸਾਲ ਹਟਣ ਦਾ ਨਾਂ ਹੀ ਨਹੀਂ ਲੈਂਦੇ। ਇਹੀ ਕਾਰਨ ਹੈ ਕਿ ਅੱਜ ਕੱਲ੍ਹ ਚੰਗੇ ਬੰਦੇ ਅੱਗੇ ਨਹੀਂ ਆਉਣਾ ਚਾਹੁੰਦੇ। ਹੋਰ ਤੇ ਹੋਰ ਉਹ ਆਪਣੀਆਂ ਵੋਟਾਂ ਨਾ ਬਣਵਾਉਣ ਵਿਚ ਰੁਚੀ ਲੈਂਦੇ ਹਨ ਤੇ ਨਾ ਪਾਉਣ ਵਿੱਚ। ਜਦੋਂ ਅਸੀਂ ਦੂਜੀਆਂ ਕੌਮਾਂ ਵੱਲ ਵੇਖਦੇ ਹਾਂ ਤਾਂ ਅੱਖਾਂ ਖੁੱਲ ਜਾਂਦੀਆਂ ਹਨ ਕਿ ਉਹ ਕਿੰਨ੍ਹੇ ਸਿਆਣੇ ਹਨ। ਉਨ੍ਹਾਂ ਕਿਹਾ ਦੇਖੋ! ਮੰਦਰਾਂ ਵਿਚ ਵੋਟਾਂ ਨਹੀਂ, ਮਸਜ਼ਿਦਾਂ ਵਿੱਚ ਵੋਟਾਂ ਨਹੀਂ, ਚਰਚ ਵਿੱਚ ਵੋਟਾਂ ਨਹੀਂ, ਮੱਠਾਂ ਵਿਚ ਵੋਟਾਂ ਨਹੀਂ, ਫਿਰ ਗੁਰਦੁਆਰਿਆਂ ਵਿਚ ਕਿਉਂ? ਸਿੱਖਾਂ ਤੋਂ ਇਲਾਵਾ ਕੋਈ ਵੀ ਹੋਰ ਕੌਮ, ਆਪਣੇ ਧਰਮ ਸਥਾਨ ਦੇ ਪ੍ਰਬੰਧਕ ਵੋਟ ਪ੍ਰਣਾਲੀ ਦੁਆਰਾ ਨਹੀਂ ਚੁਣਦੀ। ਕੀ ਅਸੀਂ ਹੋਰਾਂ ਨਾਲੋ ਆਪਣੇ ਆਪ ਨੂੰ ਵੱਧ ਸਿਆਣੇ ਸਮਝਦੇ ਹਾਂ?

ਭਾਈ ਤਰਸੇਮ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲੇ ਉਨ੍ਹਾਂ ਨੇ ਗੁਰਦੁਆਰਿਆਂ ਦੀ ਇਲੈਕਸ਼ਨ ਨਾਲ ਹੋਣ ਵਾਲੇ ਸਰਬ-ਪੱਖੀ ਨੁਕਸਾਨ ਦੀ 'ਇਲੈਕਸ਼ਨ' ਨਾਂ ਦੇ ਇਕ ਐਕਟ ਵਿੱਚ ਖੁੱਲ ਕੇ ਚਰਚਾ ਕੀਤੀ ਸੀ, ਜਿਸ ਨੂੰ ਸਮੁੱਚੇ ਸਿੱਖ ਸੰਸਾਰ ਨੇ ਬੜੇ ਚਾਅ ਨਾਲ ਪੜ੍ਹਿਆ। ਕਿਉਂਕਿ ਉਨ੍ਹਾਂ ਵਿਚਾਰਾਂ ਵਿੱਚ ਗਹਿਰੀਆਂ ਜੜਾਂ ਫੜ ਚੁੱਕੀ ਇਸ ਸਮੱਸਿਆ ਦਾ ਕੇਵਲ ਜ਼ਿਕਰ ਹੀ ਨਹੀਂ ਸੀ ਕੀਤਾ ਗਿਆ ਸਗੋਂ ਸਭਾ, ਸੁਸਾਇਟੀਆਂ, ਸਿੰਘ ਸਭਾਵਾਂ ਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਚੋਣ ਕਰਨ ਦਾ ਇਕ ਨਿਵੇਕਲਾ, ਨਿਰਵਿਵਾਦ ਅਤੇ ਬੜਾ ਨਿਆਯਾਬ ਢੰਗ ਵੀ ਸੁਝਾਇਆ ਗਿਆ ਸੀ, ਜਿਸ ਦੀ ਭਰਪੂਰ ਪ੍ਰੰਸਸਾ ਕੀਤੀ ਗਈ। ਇਸ ਪ੍ਰਕ੍ਰਿਆ ਨੂੰ ਵਰਤੋਂ ਵਿੱਚ ਲਿਆਉਣ ਨਾਲ ਘੱਟ ਤੋਂ ਘੱਟ ਸਿੰਘ ਸਭਾਵਾਂ ਦੇ ਪ੍ਰਬੰਧ ਨੂੰ ਲੈ ਕੇ ਸਿੱਖ ਜਗਤ ਦੇ ਅੰਦਰੂਨੀ ਗ੍ਰਹਿ-ਯੁੱਧ ਵਾਲੇ ਹਾਲਾਤ ਪੂਰੀ ਤਰ੍ਹਾਂ ਖਤਮ ਹੋ ਸਕਦੇ ਹਨ। ਉਹ ਚੋਣ ਢੰਗ ਇਹ ਹੈ ਕਿ ਉਮੀਦਵਾਰ ਦੀ ਯੋਗਤਾ ਦੀਆਂ ਸ਼ਰਤਾਂ, ਸਿੱਖ ਸੰਗਤ ਦੀ ਇੱਛਾ ਮੁਤਾਬਕ ਪਹਿਲਾਂ ਆਪ ਤਹਿ ਕਰ ਲਈਆਂ ਜਾਣ। ਇਹ ਸ਼ਰਤਾਂ ਪੂਰੀਆਂ ਕਰਨ ਵਾਲੇ ਸਾਰੇ ਚਾਹਵਾਨ ਉਮੀਦਵਾਰ, ਚੋਣ ਤੋਂ ਕੁਝ ਦਿਨ ਪਹਿਲੇ ਨਿਸ਼ਚਿਤ ਕੀਤਾ ਨਾਮੀਨੇਸ਼ਨ ਫਾਰਮ ਭਰਕੇ ਦੇਣ। ਮੰਨ ਲਵੋ ਇਹ ਸ਼ਰਤਾਂ ਪੂਰੀਆਂ ਕਰਨ ਵਾਲੇ ਹੇਠ ਲਿਖੇ ਚਾਰ ਬੰਦੇ ਪ੍ਰਧਾਨ ਬਣਨਾ ਚਾਹੁੰਦੇ ਹਨ:-

  1. ਜੋਗਾ ਸਿੰਘ ਸਪੁੱਤਰ ਨਰਿੰਦਰ ਸਿੰਘ
  2. ਕੁਲਤਾਰ ਸਿੰਘ ਸਪੁੱਤਰ ਸੇਵਾ ਸਿੰਘ
  3. ਜਗਜੀਤ ਸਿੰਘ ਸਪੁੱਤਰ ਸੰਤੋਖ ਸਿੰਘ
  4. ਮਨਮੋਹਣ ਸਿੰਘ ਸਪੁੱਤਰ ਦਿਆਲ ਸਿੰਘ

ਭਾਈ ਤਰਸੇਮ ਸਿੰਘ ਦੇ ਸੁਝਾਉ ਅਨੁਸਾਰ ਸੰਗਤਾਂ ਦੀ ਹਾਜਰੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕਰਕੇ ਕੋਈ ਇੱਕ ਸਿੰਘ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਤੋਂ ਹੁਕਮਨਾਮਾ ਲਵੇ । ਫ਼ਰਜ ਕਰ ਲਵੋ ਕਿ ਹੁਕਮਨਾਮਾ ਇਹ ਨਿਕਲਦਾ ਹੈ:

ਧਨਾਸਰੀ ਮਹਲਾ 5 ॥
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥1॥
ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥
ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥
ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥
ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥2॥15॥46॥
(ਗੁਰੂ ਗ੍ਰੰਥ ਸਾਹਿਬ - ਪੰਨਾ 682)

ਇਸ ਸਾਰੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਲਗਾਂ ਮਾਤ੍ਰਾਂ ਨੂੰ ਛੱਡ ਕੇ ਤਰਤੀਬ ਵਾਰ ਹੇਠਾਂ ਲਿਖੇ ਅੱਖਰਾਂ ਦੀ ਵਰਤੋਂ ਕੀਤੀ ਹੈ:-

ਅ ੳ ਖ ਘ ੜ ਨ ਦ ਖ ਣ ਦ ੲ ਅ ਪ ਨ ਬ ਰ ਦ ਸ ਮ ਲ ॥
ਹ ਥ ਦ ੲ ਰ ਖ ਅ ਪ ਨ ਕ ੳ ਸ ਸ ਸ ਸ ਪ ਰ ਤ ਪ ਲ ॥1॥
ਪ ਰ ਭ ਸ ੳ ਲ ਗ ਰ ਹ ਓ ਮ ਰ ਚ ਤ ॥
ਅ ਦ ਅ ਨ ਤ ਪ ਰ ਭ ਸ ਦ ਸ ਹ ੲ ਧ ਨ ਹ ਮ ਰ ਮ ਤ ॥ ਰਹਾਉ ॥
ਮ ਨ ਬ ਲ ਸ ਭ ੲ ਸ ਹ ਬ ਕ ਅ ਚ ਰ ਜ ਦ ਖ ਬ ਡ ੲ ॥
ਹ ਰ ਸ ਮ ਰ ਸ ਮ ਰ ਅ ਨ ਦ ਕ ਰ ਨ ਨ ਕ ਪ ਰ ਭ ਪ ਰ ਨ ਪ ਜ ਰ ਖ ੲ ॥2॥15॥46॥

ਹੁਣ ਇਨ੍ਹਾਂ ਅੱਖਰਾਂ ਵਿਚੋਂ ਇਹ ਦੇਖਿਆ ਜਾਵੇਗਾ ਕਿ ਚਾਰਾਂ ਵਿਚੋਂ ਕਿਹੜੇ ਉਮੀਦਵਾਰ ਦੇ ਨਾਂ ਦਾ ਪਹਿਲਾ ਅੱਖਰ "" ਜਾਂ "" ਜਾਂ "" ਜਾਂ "" ਹੁਕਮਨਾਮੇ ਦੇ ਅੱਖਰਾਂ ਵਿਚ ਸਭ ਤੋਂ ਪਹਿਲਾਂ ਆਇਆ ਹੈ।

(ੳ) ਅਸੀਂ ਦੇਖਦੇ ਹਾਂ ਕਿ ਮਨਮੋਹਣ ਸਿੰਘ ਦੇ ਨਾਂ ਦਾ ਪਹਿਲਾ ਅੱਖਰ 'ਮ', ਹੁਕਮਨਾਮੇ ਦੇ 19ਵੇਂ ਅੱਖਰ 'ਮ' ਨਾਲ ਸਭ ਤੋਂ ਪਹਿਲੇ ਮਿਲਦਾ ਹੈ। ਜਿਸ ਦਾ ਭਾਵ ਹੈ, ਕਿ ਗੁਰੂ ਮਹਾਰਾਜ ਨੇ ਮਨਮੋਹਣ ਸਿੰਘ ਉਪਰ ਬਖਸ਼ਿਸ਼ ਕਰਕੇ, ਉਸ ਨੂੰ ਪ੍ਰਧਾਨ ਬਣਾਉਣਾ ਪ੍ਰਵਾਨ ਕੀਤਾ ਹੈ। ਠੀਕ ਇਸੇ ਤਰ੍ਹਾਂ ਹੋਰ ਅਹੁਦੇਦਾਰ ਵੀ ਚੁਣ ਲਏ ਜਾਣਗੇ।

(ਬ) ਸਾਡੇ ਪਾਸ 'ਜ' ਅੱਖਰ ਵਾਲੇ ਦੋ ਉਮੀਦਵਾਰ ਜੋਗਾ ਸਿੰਘ ਤੇ ਜਗਜੀਤ ਸਿੰਘ ਵੀ ਸਨ। ਜੇਕਰ ਹੁਕਮਨਾਮੇ ਦੇ ਅੱਖਰਾਂ ਦੀ ਤਰਤੀਬ ਵਿਚ ਪਹਿਲਾਂ 'ਜ' ਅੱਖਰ ਆ ਜਾਂਦਾ ਤਾਂ ਦੋਹਾਂ ਦੇ ਪਿਤਾ ਦੇ ਨਾਂ ਦਾ ਪਹਿਲਾ ਅੱਖਰ 'ਨ' ਅਤੇ 'ਸ' ਵਾਚਿਆ ਜਾਣਾ ਸੀ। ਉਪਰੋਕਤ ਹੁਕਮਨਾਮੇ ਵਿਚ ਅਸੀਂ ਦੇਖਦੇ ਹਾਂ ਕਿ 6ਵਾਂ ਅੱਖਰ 'ਨ' ਪਹਿਲਾਂ ਆਇਆ ਹੈ। ਇਸ ਤਰ੍ਹਾਂ ਦੋਹਾਂ ਉਮੀਦਵਾਰਾਂ ਵਿਚੋਂ ਇਹ ਨਿਰਣਾਂ ਹੋ ਗਿਆ ਕਿ ਨਰਿੰਦਰ ਸਿੰਘ ਦੇ ਸਪੁੱਤਰ ਜੋਗਾ ਸਿੰਘ ਉਤੇ ਗੁਰੂ ਦੀ ਕ੍ਰਿਪਾ ਹੋਈ ਹੈ।

(ਚ) ਜਿਸ ਉਮੀਦਵਾਰ ਦੇ ਨਾਂ ਦਾ ਪਹਿਲਾ ਅੱਖਰ ਸਾਰੇ ਹੁਕਮਨਾਮੇ ਵਿਚ ਨਾ ਹੋਵੇ, ਸਮਝ ਲਵੋ ਗੁਰੂ ਮਹਾਰਾਜ ਨੂੰ ਅਜੇ ਉਸ ਦੀ ਸੇਵਾ ਪ੍ਰਵਾਨ ਨਹੀਂ ਹੈ, ਅਤੇ ਇਸ ਹਾਲਤ ਵਿੱਚ ਉਸ ਦੀ ਨਾਮੀਨੇਸ਼ਨ ਕੈਂਸਲ ਸਮਝੀ ਜਾਵੇਗੀ।

ਇਸ ਤਰੀਕੇ ਨਾਲ ਚੋਣ ਕਰਨ ਪਿੱਛੋਂ ਕੋਈ ਵਿਵਾਦ ਨਹੀਂ ਰਹੇਗਾ ਅਤੇ ਸ਼ਾਂਤੀ ਪੂਰਵਕ ਸਾਰੇ ਪ੍ਰਬੰਧਕ ਸੱਜਣ ਇਕ ਨਿਸਚਿਤ ਸਮੇਂ ਤੱਕ ਆਪਣੀਆਂ ਜਿੰਮੇਵਾਰੀਆਂ ਨਿਭਾਅ ਸਕਣਗੇ। ਹੁਕਮਨਾਮਾ ਅਧਾਰਿਤ ਚੋਣ ਪ੍ਰਣਾਲੀ ਨਾਲ ਸਿੱਖ ਸੰਗਤਾਂ ਨੂੰ ਇਹ ਵੀ ਸਪੱਸ਼ਟ ਹੋ ਜਾਵੇਗਾ ਕਿ ਜਿਹੜੇ ਸਿੱਖਾਂ ਨੂੰ ਆਪਣੇ ਗੁਰੂ ਦੇ ਹੁਕਮਨਾਮੇ ਉਤੇ ਪੂਰਾ ਯਕੀਨ ਹੈ ਉਹ ਤਾਂ ਸੱਚੇ ਸਿੱਖ ਹਨ ਅਤੇ ਜਿਹੜੇ ਆਪਣੀ ਅਕਲ ਅਤੇ ਤਾਕਤ ਨੂੰ ਗੁਰੂ ਦੀ ਤਾਕਤ ਨਾਲੋਂ ਵੱਡਾ ਸਮਝ ਕੇ ਯਕੀਨ ਨਹੀਂ ਕਰਦੇ, ਉਹ ਭੇਖੀ ਸਿੱਖ ਹਨ। ਇਸ ਚੋਣ ਦੇ ਲਾਭ ਇਹ ਹੋਵੇਗਾ ਕਿ ਲੜਾਈਆਂ ਖਤਮ, ਧੜੇਬੰਦੀ ਖਤਮ, ਈਰਖਾ ਨਫ਼ਰਤ ਖਤਮ, ਹੈਂਕੜਬਾਜ਼ੀ ਖਤਮ, ਮੁਕਦਮੇਬਾਜ਼ੀ ਖਤਮ, ਚੋਣਾਂ ਦਾ ਸਾਰਾ ਤਮਾਸ਼ਾ ਖਤਮ, ਸਿੱਖ ਵਿਰੋਧੀ ਤਾਕਤਾਂ ਦੇ ਏਜੰਟਾਂ ਦੀ ਘੁਸਪੈਠ ਖਤਮ, ਸਾਰੇ ਲੋਕ ਕਹਿਣਗੇ ਕਿ ਸਿੱਖ ਵਾਕਿਆ ਹੀ ਆਪਣੇ ਗੁਰੂ 'ਸ੍ਰੀ ਗੁਰੂ ਗ੍ਰੰਥ ਸਾਹਿਬ' ਦਾ ਦਿਲੋਂ ਸਤਿਕਾਰ ਕਰਦੇ ਹਨ।

ਭਾਈ ਤਰਸੇਮ ਸਿੰਘ ਨੇ ਆਸ ਪ੍ਰਗਟ ਕੀਤੀ ਕਿ ਸਿੱਖ ਜਗਤ, ਕੌਮ ਦੇ ਅੰਦਰੂਨੀ ਹਾਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪ੍ਰਕ੍ਰਿਆ ਨੂੰ ਅਮਲ ਵਿਚ ਲਿਆਉਣ ਦੇ ਯਤਨ ਕਰੇਗਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top