Share on Facebook

Main News Page

ਗੁਰਸਿੱਖਾਂ ਦੀ ਜੜ ਸੰਗਤ ਵਿੱਚ ਹੈ, ਤੇ ਉਸ ਨੂੰ ਵਧਣ ਫੁੱਲਣ ਲਈ ਪਾਣੀ ਗੁਰਬਾਣੀ ਦਾ ਮਿਲਦਾ ਹੈ:
-
ਗਿਆਨੀ ਹਰਿੰਦਰ ਸਿੰਘ ਅਲਵਰ

* ਇਹ ਸੰਗਤ ਦਾ ਹੀ ਅਸਰ ਹੈ ਕਿ 1 ਲੱਖ ਸਿੱਖਾਂ ਦੇ ਕਤਲ ਕਰਨ ਪਿੱਛੋਂ ਡਕਾਰ ਨਾ ਮਾਰਨ ਵਾਲੇ ਭਸਮਾਂਸੁਰ ਵਿਰੁਧ ਅਵਾਜ ਨਾ ਕੱਢਣ ਵਾਲੇ, ਉਸ ਅਮਰੀਕਾ ਦੇਸ਼ ਦਾ ਕੌਮੀ ਝੰਡਾ ਸਾੜਨ ਤੁਰ ਪਏ, ਜਿਸ ਦੇਸ਼ ਵੱਲੋਂ ਤੁਰੰਤ ਕਾਰਵਾਈ ਕੀਤੇ ਜਾਣ ਅਤੇ ਸਿੱਖਾਂ ਨਾਲ ਹਮਦਰਦੀ ਜਤਾਉਣ ਵਿੱਚ ਕੋਈ ਸਾਨੀ ਨਹੀਂ ਹੈ।

ਬਠਿੰਡਾ, 4 ਸਤੰਬਰ (ਕਿਰਪਾਲ ਸਿੰਘ): ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1288 ਤੇ ਦਰਜ ਮਲਾਰ ਕੀ ਵਾਰ ਦੇ ਸਲੋਕ ਮ: 1, ਪਹਿਲੋ ਦੇ ਜੜ ਅੰਦਰਿ ਜੰਮੈ, ਤਾ ਉਪਰਿ ਹੋਵੈ ਛਾਂਉ ॥ ਦਾ ਹਵਾਲਾ ਦਿੰਦੇ ਹੋਏ, ਗੁਰਦੁਆਰਾ ਬੰਗਲਾ ਸਾਹਿਬ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਪ੍ਰਸਿੱਧ ਕਥਾ ਵਾਚਕ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਅੱਜ ਸਵੇਰੇ ਕਿਹਾ ਕਿ ਜਿਵੇਂ ਹਰ ਬਨਸਪਤੀ ਦੇ ਵਧਣ ਫੁੱਲਣ ਲਈ ਜੜ ਚਾਹੀਦੀ ਹੈ ਫਿਰ ਪਾਣੀ ਚਾਹੀਦਾ ਹੈ, ਇਸੇ ਤਰ੍ਹਾਂ ਗੁਰਸਿੱਖਾਂ ਦੀ ਜੜ ਸੰਗਤ ਵਿੱਚ ਹੈ ਤੇ ਉਸ ਨੂੰ ਵਧਣ ਫੁੱਲਣ ਲਈ ਗੁਰਬਾਣੀ ਦਾ ਪਾਣੀ ਮਿਲਦਾ ਹੈ। ਇਸ ਕਥਾ ਦਾ ਸਿੱਧਾ ਪ੍ਰਸਾਰਣ ਹਰ ਰੋਜ਼ ਵਾਂਗ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਕਥਾ ਦੌਰਾਨ ਗੁਰਸਿੱਖਾਂ ਲਈ ਸਤਸੰਗਤ ਦੀ ਮਹਾਨਤਾ ਦੱਸਦੇ ਹੋਏ ਉਨ੍ਹਾਂ ਕਿਹਾ ਜਿਸ ਸਮੇਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨਾਲ ਸਵਾਲ ਜਵਾਬ ਕਰਦਿਆਂ ਉਨ੍ਹਾਂ ਤੋਂ ਪੁੱਛਿਆ ਕਿ ਤੁਹਾਨੂੰ ਕਿਸ ਦਾ ਆਸਰਾ ਹੈ ਤੇ ਤੇਰੇ ਕੋਲ ਅਜੇਹੀ ਕੋਈ ਕਰਾਮਾਤ ਹੈ ਤਾਂ ਉਹ ਸਾਨੂੰ ਵੀ ਵਿਖਾਓ ਤਾਂ ਇਸ ਦੇ ਜਵਾਬ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਸੀ : ਗੁਰ ਸੰਗਤਿ ਬਾਣੀ ਬਿਨਾ, ਦੂਜੀ ਓਟ ਨਹੀਂ ਹਹਿ ਰਾਈ। (ਭਾਈ ਗੁਰਦਾਸ ਜੀ ਵਾਰ 1 ਪਉੜੀ 42)। ਇਸੇ ਕਾਰਣ ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਜੀ ਨੇ ਸ਼ਬਦ ਉਚਾਰਣ ਕੀਤਾ ਹੈ: ਮੇਰੇ ਮਾਧਉ ਜੀ, ਸਤਸੰਗਤਿ ਮਿਲੇ ਸੁ ਤਰਿਆ ॥ ਜਿਸ ਦਾ ਅਸੀਂ ਹਰ ਰੋਜ਼ ਰਹਿਰਾਸ ਵਿੱਚ ਪਾਠ ਕਰਦੇ ਹਾਂ।

ਜੋ ਜੈਸੀ ਸੰਗਤਿ ਮਿਲੈ, ਸੋ ਤੈਸੋ ਫਲੁ ਖਾਇ ॥86॥ (ਸਲੋਕ ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ 1369) ਦਾ ਪ੍ਰਮਾਣ ਦੇ ਕੇ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਿਹਾ ਕਿ ਜਿਸ ਤਰ੍ਹਾਂ ਚੰਗੀ ਸੰਗਤ ਚੋਂ ਮਨੁੱਖ ਚੰਗੇ ਗੁਣ ਧਾਰਣ ਕਰਦਾ ਹੈ, ਉਸੇ ਤਰ੍ਹਾਂ ਮਾੜੀ ਸੰਗਤ ਵਿੱਚ ਰਹਿਣ ਕਾਰਣ ਮਾੜਾ ਵੀ ਬਣ ਜਾਂਦਾ ਹੈ। ਗੁਰਬਾਣੀ ਦੇ ਇਸ ਖ਼ਿਆਲ ਦੀ ਪ੍ਰੋੜਤਾ ਲਈ ਉਨ੍ਹਾਂ ਭਾਈ ਗੁਰਦਾਸ ਜੀ ਦੇ ਕਬਿੱਤ ਨੰ: 174 ਦਾ ਹਵਾਲ ਦਿੱਤਾ:

ਤਨਕ ਹੀ ਜਾਵਨ ਕੈ, ਦੂਧ ਦਧ ਹੋਤ ਜੈਸੇ; ਤਨਕ ਹੀ ਕਾਂਜੀ ਪਰੈ, ਦੂਧ ਫਟ ਜਾਤ ਹੈ। : ਜੇਹਾ ਕੁ ਥੋੜੀ ਜੇਹੀ (ਜਾਮਨ) ਜਾਗ ਨਾਲ ਦੁੱਧ ਦਾ (ਦਧਿ) ਦਹੀਂ ਹੋ ਜਾਂਦਾ ਹੈ ਅਤੇ ਥੋੜੀ ਜੇਹੀ ਕਾਂਜੀ ਖਟਿਆਈ ਪੈ ਜਾਣ ਨਾਲ ਦੁੱਧ ਫਟ ਜਾਂਦਾ ਹੈ। ਭਾਵ ਥੋੜੀ ਜੇਹੀ ਜਾਗ ਨਾਲ ਦੁਧ ਜੰਮ ਕੇ ਦਹੀਂ ਬਣ ਜਾਂਦਾ ਹੈ ਜਿਸ ਨੂੰ ਰਿੜਕਣ ਨਾਲ ਮੱਖਣ ਨਿਕਲ ਆਉਂਦਾ ਹੈ, ਘਿਉ ਬਣ ਜਾਂਦਾ ਹੈ, ਪਰ ਥੋੜੀ ਜੇਹੀ ਕਾਂਜੀ ਨਾਲ ਓਹੋ ਹੀ ਦਹੀਂ ਵਿਗੜ ਜਾਂਦਾ ਹੈ, ਜਿਸ ਦੇ ਖਾਣ ਨਾਲ ਵੀ ਨੁਕਸਾਨ ਹੁੰਦਾ ਹੈ।

ਤਨਕ ਹੀ ਬੀਜ ਬੋਇ, ਬਿਰਖ ਬਿਥਾਰ ਹੋਇ; ਤਨਕ ਹੀ ਚਿਨਗ ਪਰੇ, ਭਸਮ ਹੁਇ ਸਮਾਤ ਹੈ। : ਥੋੜੇ ਜੇਹੇ ਬੀਜ (ਬੋਇ) ਬੀਜਣ ਨਾਲ ਜੇਹਾ ਕੁ ਬਹੁਤ ਬ੍ਰਿਛਾਂ ਦਾ ਫੈਲਾਉ ਹੋ ਜਾਂਦਾ ਹੈ (ਅਥਵਾ ਨਿਕਾ ਜੇਹਾ ਬੀਜ ਬੀਜਣ ਨਾਲ ਵੱਡਾ ਸਾਰਾ ਬ੍ਰਿਛ ਹੋ ਜਾਂਦਾ ਹੈ, ਉਸ ਤੋਂ ਅਨੇਕਾਂ ਹੋਰ ਬੀਜ ਪੈਦਾ ਹੁੰਦੇ ਹਨ, ਉਹ ਬੀਜ ਬੀਜਣ ਨਾਲੇ ਅੱਗੇ ਹੋਰ ਬੀਜ ਪੈਦਾ ਹੁੰਦੇ ਹਨ) ਪਰ ਥੋੜੀ ਜੇਹੀ ਅੱਗ ਦੀ (ਚਿਨਗ) ਚਿੰਗਿਆੜੀ ਪੈ ਜਾਣ ਨਾਲ ਸਾਰੇ ਬ੍ਰਿਛ ਸੜ ਕੇ (ਭਸਮ) ਖਾਕ ਹੋ ਕੇ ਧਰਤੀ ਨਾਲ ਸਮਾ ਜਾਂਦੇ ਹਨ।

ਤਨਕ ਹੀ ਖਾਇ ਬਿਖੁ, ਹੋਤ ਹੈ ਬਿਨਾਸ ਕਾਲ; ਤਨਕ ਹੀ ਅੰਮ੍ਰਿਤ ਕੈ, ਅਮਰੁ ਹੋਇ ਗਾਤ ਹੈ। : ਥੋੜੀ ਜੇਹੀ ਵਿਹੁ ਖਾਣ ਨਾਲ ਮੌਤ ਦਾ ਵੇਲਾ ਨੇੜੇ ਆਉਂਦਾ ਹੈ ਭਾਵ ਆਦਮੀ ਮਰ ਜਾਂਦਾ ਹੈ ਅਤੇ ਥੋੜਾ ਜੇਹਾ ਅੰਮ੍ਰਿਤ ਪੀਣ ਨਾਲ ਆਦਮੀ ਦਾ (ਗਾਤ) ਸਰੀਰ ਅਮਰ ਹੋ ਜਾਂਦਾ ਹੈ ਭਾਵ (ਦੇਵਤਿਆਂ ਵਰਗਾ) ਹੋ ਜਾਂਦਾ ਹੈ। ਜਿਵੇਂ ਕਿ ਪੰਜ ਪਿਆਰੇ, ਚਾਰੇ ਸਾਹਿਬਜ਼ਾਦੇ ਤੇ ਅਨੇਕਾਂ ਹੋਰ ਕਰਨੀ ਵਾਲੇ ਸਿੱਖ ਖੰਡੇ ਬਾਟੇ ਦੀ ਪਾਹੁਲ ਛਕ ਕੇ ਅਤੇ ਬਾਣੀ ਦੇ ਪਾਣੀ ਨਾਲ ਵਧ ਫੁਲ ਕੇ ਅੱਜ ਵੀ ਅਮਰ ਹਨ ਤੇ ਸਾਡੇ ਲਈ ਪ੍ਰੇਰਣਾ ਸ੍ਰੋਤ ਹਨ। ਗਿਆਨੀ ਅਲਵਰ ਨੇ ਕਿਹਾ ਕਿ ਬੇਸ਼ੱਕ ਅੱਜ ਕਈ ਸਿੱਖ ਐਸੇ ਵੀ ਪੈਦਾ ਹੋ ਗਏ ਹਨ ਜਿਹੜੇ ਖੰਡੇ ਬਾਟੇ ਦੀ ਪਾਹੁਲ ਦੇ ਨਾਮ ਤੋਂ ਹੀ ਚਿੜ ਖਾਣ ਲੱਗ ਪਏ ਹਨ ਤੇ ਕਹਿੰਦੇ ਹਨ ਇਹ ਇੱਕ ਕਰਮਕਾਂਡ ਹੈ, ਕਰਮਕਾਂਡ ਰੂਪੀ ਖੰਡੇ ਦੀ ਪਾਹੁਲ ਵਿੱਚ ਕੀ ਪਿਆ ਹੈ? ਕਰਨੀ ਹੋਣੀ ਚਾਹੀਦੀ ਹੈ, ਨਾਮ ਹੀ ਅੰਮ੍ਰਿਤ ਹੈ ਇਸ ਲਈ ਨਾਮ ਹੀ ਜਪਣਾ ਚਾਹੀਦਾ ਹੈ। ਐਸੇ ਲੋਕਾਂ ਤੋਂ ਗਿਆਨੀ ਅਲਵਰ ਨੇ ਪੁੱਛਿਆ ਕੀ ਤੁਹਾਡੀ ਕਰਨੀ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਉਚੀ ਹੈ, ਕੀ ਤੁਹਾਡੀ ਕਰਨੀ ਗੁਰੂ ਵੱਲੋਂ ਮੰਗ ਕਰਨ ਤੇ ਸੀਸ ਭੇਟ ਕਰਨ ਵਾਲੇ ਪੰਜ ਪਿਅਰਿਆਂ ਨਾਲੋਂ ਵੀ ਉਚੀ ਹੈ, ਕੀ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਵੱਧ ਨਾਮ ਜਪਦੇ ਹਨ। ਉਨ੍ਹਾਂ ਕਿਹਾ ਕਿ ਖੰਡੇਬਾਟੇ ਦੀ ਪਾਹੁਲ ਗੁਰਸਿੱਖੀ ਦਾ ਬੀਜ ਹੈ ਤੇ ਇਸ ਦੇ ਵਧਣ ਫੁੱਲਣ ਲਈ ਗੁਰੂ ਦੀ ਸੰਗਤ ਤੇ ਗੁਰਬਾਣੀ ਦੀ ਅੰਤਿਅੰਤ ਲੋੜ ਹੈ।

ਸੰਗਤਿ ਅਸਾਧ ਸਾਧ, ਗਨਿਕਾ ਬਿਵਾਹਿਤਾ ਜਿਉ; ਤਨਕ ਮੈ ਉਪਕਾਰ ਅਉ ਬਿਕਾਰ ਘਾਤ ਹੈ ॥174॥ : ਭੈੜੇ ਆਦਮੀਆਂ ਦੀ ਸੰਗਤ (ਗਨਿਕਾ) ਵੇਸਵਾ ਦੀ ਸੰਗਤ ਵਾਕਰ ਹੈ ਅਤੇ ਸਾਰਿਆਂ ਮਹਾਤਮਾਂ ਦੀ ਸੰਗਤ (ਵਿਵਾਹਤਾ) ਵਿਆਹੀ ਹੋਈ ਇਸਤ੍ਰੀ ਵਾਕਰ ਹੈ। ਭਾਵ ਵੇਸ਼ਵਾ ਇਸਤ੍ਰੀ ਦੀ ਸੰਗਤ ਵਿਕਾਰਾਂ ਨੂੰ ਪ੍ਰਗਟ ਕਰਨ ਵਾਲੀ ਹੈ ਅਤੇ ਰੋਗ ਆਦਕ ਨਾਲ ਘਾਤ ਕਰਨ ਵਾਲੀ ਹੈ ਅਤੇ ਵਿਆਹੀ ਹੋਈ ਇਸਤ੍ਰੀ ਦੀ ਸੰਗਤ ਚੰਗੀ ਸੰਤਾਨ ਨੂੰ ਪ੍ਰਗਟ ਕਰਨ ਵਾਲੀ ਹੈ ਤਿਸਤੇ ਅਨੇਕਾਂ ਕੰਮ ਘਰ ਦੇ ਸੌਰਦੇ ਹਨ। ਥੋੜਾ ਜੇਹਾ ਚਿਰ ਪਾਮਰਾਂ ਤੇ ਵੇਸਵਾ ਪਾਸ ਬਹਨ ਨਾਲ ਇਹ ਕੁਝ ਮਿਲਦਾ ਹੈ ਜੋ ਕਿ ਮੌਤ ਤੇ ਕੈਦ ਦਾ ਡਰ ਅਤੇ ਥੋੜਾ ਜੇਹਾ ਚਿਰ ਸਾਧੂਆਂ (ਚੰਗੀਆਂ ਇਸਤ੍ਰੀਆਂ) ਪਾਸ ਬਹਨ ਨਾਲ ਇਹ ਫਲ ਮਿਲਦਾ ਹੈ ਜੋ ਕਿ ਹੁਣ ਗੁਰਸਿੱਖੀ ਜੀਵਨ ਅਤੇ ਸੰਤਾਨ ॥174॥

ਗਿਆਨੀ ਅਲਵਰ ਨੇ ਕਿਹਾ ਕਿ ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਕਿਸੇ ਵੱਲੋਂ ਦਾਖ਼ਲ ਹੋ ਕੇ ਗੋਲ਼ੀ ਚਲਾਉਣ ਨਾਲ 6 ਆਦਮੀਆਂ ਦਾ ਕਤਲ ਕਰ ਦੇਣਾ ਕਿਸੇ ਮੁਲਕ ਲਈ ਬਹੁਤੀ ਵੱਡੀ ਖ਼ਬਰ ਨਹੀਂ ਹੈ ਪਰ ਜਿਸ ਤਰ੍ਹਾਂ ਇਸ ਮੰਦਭਾਗੀ ਘਟਨਾ ਦਾ ਨੋਟਿਸ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਬਰਾਕ ਓਬਾਮਾ, ਉਸ ਦੀ ਸਰਕਾਰ ਤੇ ਲੋਕਾਂ ਨੇ ਲਿਆ, ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਸ਼੍ਰੀ ਓਬਾਮਾਂ ਨੇ ਇਸ ਘਟਨਾ ਤੋਂ ਤੁਰੰਤ ਮਗਰੋਂ (ਮਾਰੇ ਗਏ ਸਿੱਖਾਂ ਦੇ ਭੋਗ) ਇੱਕ ਹਫਤੇ ਤੱਕ ਵਾਈਟ ਹਾਊਸ, ਸਾਰੇ ਫੌਜੀ ਅੱਡਿਆਂ, ਤੇ ਬਾਹਰਲੇ ਦੇਸ਼ਾਂ ਵਿੱਚ ਆਪਣੇ ਦੇਸ਼ ਦੀਆਂ ਅੰਬੈਸੀਆਂ ਤੇ ਸੋਗ ਵਜੋਂ ਆਪਣੇ ਕੌਮੀ ਝੰਡੇ ਝੁਕਾ ਕੇ ਰੱਖੇ। ਨਵੀਂ ਦਿੱਲੀ ਵਿੱਚ ਅਮਰੀਕਾ ਦੇ ਅੰਬੈਸੇਡਰ ਨੇ ਇਸੇ ਬੰਗਲਾ ਸਾਹਿਬ ਗੁਰਦੁਆਰੇ ਚ ਆ ਕੇ ਸਿੱਖਾਂ ਤੋਂ ਇਸ ਮੰਦਭਾਗੀ ਘਟਨਾ ਲਈ ਅਫਸੋਸ ਜ਼ਾਹਰ ਕਰਦੇ ਹੋਏ ਮੁਆਫੀ ਮੰਗੀ ਤੇ ਮਾਰੇ ਗਏ ਸਿੱਖਾਂ ਦੇ ਪ੍ਰਵਾਰਾਂ ਸਮੇਤ ਸਮੁੱਚੀ ਸਿੱਖ ਕੌਮ ਨਾਲ ਹਮਦਰਦੀ ਪ੍ਰਗਟ ਕੀਤੀ।

ਗਿਆਨੀ ਅਲਵਰ ਜੀ ਨੇ ਦੱਸਿਆ ਕਿ ਉਹ ਉਸ ਸਮੇਂ ਅਮਰੀਕਾ ਵਿੱਚ ਹੀ ਸਨ ਤੇ ਵਿਸਕਾਨਸਨ ਦੇ ਉਸ ਗੁਰਦੁਆਰੇ ਵਿੱਚ ਕਈ ਵਾਰ ਕਥਾ ਕਰਨ ਲਈ ਗਏ ਹੋਣ ਕਾਰਣ ਉਥੋਂ ਦੇ ਗ੍ਰੰਥੀ ਤੇ ਹੋਰਨਾਂ ਗੁਰਸਿੱਖਾਂ ਨੂੰ ਨਿੱਜੀ ਤੌਰ ਤੇ ਜਾਣਦੇ ਸਨ। ਗਿਆਨੀ ਅਲਵਰ ਨੇ ਦੱਸਿਆ ਕਿ ਉਸ ਘਟਨਾ ਪਿੱਛੋਂ ਸ਼ਾਮ ਨੂੰ ਉਹ ਇੱਕ ਸਟੋਰ ਵਿੱਚ ਕੁਝ ਸਮਾਨ ਖ੍ਰੀਦਣ ਲਈ ਗਏ ਤਾਂ ਉਥੇ ਪਹੁੰਚੇ ਸਾਰੇ ਗਾਹਕ ਮਰਦ, ਔਰਤਾਂ ਤੇ ਬੱਚੇ ਉਨ੍ਹਾਂ (ਗਿਆਨੀ ਅਲਵਰ) ਦੇ ਦੁਆਲੇ ਇਕੱਠੇ ਹੋ ਗਏ ਤੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦੇ ਹੋਏ ਹਮਦਰਦੀ ਪ੍ਰਗਟ ਕੀਤੀ। ਪਰ ਇੱਧਰ ਆਪਣੇ ਮੁਲਕ ਵਿਚ ਇੱਕ ਲੱਖ ਦੇ ਕਰੀਬ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ, ਕਿਸੇ ਨੇ ਦੋ ਸ਼ਬਦ ਅਫਸੋਸ ਦੇ ਨਹੀਂ ਕਹੇ, ਕਿਸੇ ਨੇ ਪਾਰਲੀਮੈਂਟ ਚ ਅਫਸੋਸ ਦਾ ਮਤਾ ਪੇਸ਼ ਨਹੀਂ ਕੀਤਾ। ਇਹ ਸੰਗਤ ਦਾ ਹੀ ਅਸਰ ਹੈ ਕਿ 1 ਲੱਖ ਸਿੱਖਾਂ ਦੇ ਕਤਲ ਕਰਨ ਪਿੱਛੋਂ ਡਕਾਰ ਨਾ ਮਾਰਨ ਵਾਲੇ ਭਸਮਾਂਸੁਰਾਂ ਵਿਰੁਧ, ਮਾੜੀ ਸੰਗਤ ਚ ਰਹਿਣ ਵਾਲਿਆਂ ਨੇ ਅਵਾਜ ਤੱਕ ਨਹੀਂ ਕੱਢੀ, ਕਿਸੇ ਨੇ ਦੇਸ਼ ਦਾ ਕੌਮੀ ਝੰਡਾ ਨਹੀਂ ਸਾੜਿਆ, ਕੌਮੀ ਝੰਡਾ ਨਾ ਸਹੀ ਤਾਂ ਮੌਕੇ ਦੀ ਸਤਾਧਾਰੀ ਪਾਰਟੀ ਜਿਸ ਨੇ ਇਹ ਕਤਲੇਆਮ ਕਰਵਾਇਆ ਉਸ ਦਾ ਝੰਡਾ ਹੀ ਸਾੜ ਦਿੰਦੇ, ਜਿਨ੍ਹਾਂ ਨੇ ਇਹ ਕਤਲੇਆਮ ਕਰਨ ਲਈ ਸਰਕਾਰ ਨੂੰ ਉਕਸਾਇਆ, ਹੱਲਾਸ਼ੇਰੀ ਦਿੱਤੀ ਤੇ ਖੁਸ਼ੀਆਂ ਮਨਾਈਆਂ; ਉਸ ਪਾਰਟੀ ਦਾ ਝੰਡਾ ਹੀ ਸਾੜ ਦਿੰਦੇ ਪਰ ਕਿਸੇ ਨੇ ਕੁਝ ਨਹੀਂ ਕੀਤਾ। ਦੂਸਰੇ ਪਾਸੇ ਮਾੜੀ ਸੰਗਤ ਵਿੱਚ ਰਹਿਣ ਵਾਲੇ ਉਹ ਲੋਕ ਉਸ ਅਮਰੀਕਾ ਦੇਸ਼ ਦਾ ਕੌਮੀ ਝੰਡਾ ਸਾੜਨ ਤੁਰ ਪਏ, ਜਿਸ ਦੇਸ਼ ਦਾ ਤੁਰੰਤ ਕਾਰਵਾਈ ਕੀਤੇ ਜਾਣ ਅਤੇ ਸਿੱਖਾਂ ਨਾਲ ਹਮਦਰਦੀ ਜਤਾਉਣ ਵਿੱਚ ਕੋਈ ਸਾਨੀ ਨਹੀਂ ਹੈ। ਗਿਆਨੀ ਅਲਵਰ ਜੀ ਨੇ ਕਿਹਾ ਕਿ ਇੱਕ ਲੱਖ ਦੇ ਕਰੀਬ ਸਿੱਖਾਂ ਦਾ ਕਤਲੇਆਮ ਕਰਨ ਦੀ ਜਿੰਮੇਵਾਰ ਨੂੰ ਦੁਰਗਾ ਮਾਤਾ ਦਾ ਖਿਤਾਬ ਦੇਣ ਵਾਲੇ ਅਤੇ ਸਿੱਖਾਂ ਦੇ ਗੁਰਧਾਮਾਂ ਤੇ ਹੋਏ ਫੌਜੀ ਹਮਲੇ ਦੀਆਂ ਖੁਸ਼ੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਰਹਿਣ ਵਾਲਿਆਂ, ਉਨ੍ਹਾਂ ਨਾਲ ਭਾਈਵਾਲੀ ਪਾਉਣ ਵਾਲਿਆਂ ਤੇ ਇੰਨਾਂ ਕੁ ਅਸਰ ਤਾਂ ਹੋ ਹੀ ਜਾਂਦਾ ਹੈ ਨਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top