Share on Facebook

Main News Page

ਸਿੱਖਾਂ ਦਾ ਜਲੂਸ? (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਸੜਕ 'ਤੇ ਜਗ੍ਹਾ ਜਗ੍ਹਾ ਚਿੱਕੜ ਦੇ ਢੇਰ ਦੇ ਨਾਲ ਨਾਲ ਡੂੱਨੇ, ਪੇਪਰ ਪਲੇਟਾਂ, ਡਿਸਪੋਸਿਬਲ ਗਲਾਸ ਫੈਲੇ ਹੋਏ ਸੀ! “ਇਹ ਅੱਜ ਇਤਨੀ ਗੰਦਗੀ ਕਿਓਂ ਫੈਲੀ ਹੈ?” ਕੋਈ ਕਿਸੀ ਨੂੰ ਪੁਛ ਰਿਹਾ ਸੀ! ਜਵਾਬ ਆਇਆ ਕੀ ਕਲ ਸਿੱਖਾਂ ਦਾ ਜਲੂਸ ਸੀ, ਤੇ ਉਨ੍ਹਾਂ ਨੇ ਤਰਾਂ ਤਰਾਂ ਦੇ ਸਟਾਲ ਲਾ ਕੇ, ਸੰਗਤਾਂ ਦੀ ਭਰਪੇਟ ਸੇਵਾ ਕਿੱਤੀ ਤੇ ਫਿਰ ਸੇਵਾ ਪੂਰੀ ਨਿਭਾਏ ਬਿਨਾ ਹੀ ਗੰਦ ਛਡ ਕੇ ਚਲੇ ਗਏ !

ਇਹ ਸੁਣਦਿਆਂ ਹਰਸਿਮਰਤ ਸਿੰਘ ਦਿਆਂ ਅੱਖਾਂ ਨੀਵੀਆਂ ਪੈ ਗਈਆਂ ! ਕੀ ਵਾਕਈ ਹੀ ਸਾਡਾ “ਨਗਰ ਕੀਰਤਨ” ਲੋਕਾਂ ਨੂੰ “ਜਲੂਸ” ਦਿੱਸਣ ਲੱਗ ਪਿਆ ਹੈ ? ਸ਼ਾਇਦ ਹਾਂ ! ਉਸਦੇ ਖਿਆਲਾਂ ਵਿਚ ਕਲ ਦੇ “ਨਗਰ ਕੀਰਤਨ” ਦੇ ਦ੍ਰਿਸ਼ ਚਲਨ ਲੱਗ ਪਏ .. ... ਜਗ੍ਹਾ  ਜਗ੍ਹਾ ਖਾਉਣ-ਪੀਣ ਦੇ ਸਟਾਲ, ਉੱਚੀ ਉੱਚੀ ਲਾਉਡ-ਸਪੀਕਰਾਂ ਉੱਤੇ ਸ਼ਬਦ ਜਾਂ ਕਚੀ ਬਾਣੀ ਆਪਸ ਵਿਚ ਗੱਡ-ਮੜ੍ਹ ਹੋਈ, ਕੇਲੇ ਸੇਬ ਪ੍ਰਸ਼ਾਦ ਦੇ ਨਾਮ 'ਤੇ ਸੁੱਟ ਸੁੱਟ ਕੇ ਦੇਣੇ, ਮੋਟਰ-ਸਾਇਕਲਾਂ ਦੇ ਸਾਇਲੇੰਸਰ ਕਢ ਕੇ ਦਗੜ-ਮਗੜ ਕਰਦੇ ਨੌਜਵਾਨ, ਜਿਨ੍ਹਾਂ ਵਿਚੋਂ ਜਿਆਦਾਤਰ ਸਿਖੀ ਤੋਂ ਹੀ ਅਨਜਾਣ (ਦਾੜੀ ਕੱਟੀ, ਟੀਟੂ ਪਟਕੇ ਬੰਨੀ), ਜੀਪਾਂ ਤੇ ਸਵਾਰ ਸਿਆਸੀ ਆਗੂ, ਜਿਨ੍ਹਾਂ ਦਾ ਧਿਆਨ ਗੁਰਪੁਰਬ ਮਨਾਉਣ ਵੱਲ ਘਟ ਤੇ ਆਪਣੀ ਸ਼ਕਲ ਚਮਕਾਉਣ ਵੱਲ ਵਧ, ਤੇ ਨਾਲ ਉਨ੍ਹਾਂ ਦੇ ਚੇਲੇ-ਚਪਾਟੇ, ਭਾਂਤ ਭਾਂਤ ਦੇ ਬੈੰਡ-ਬਾਜੇ ਵਾਲੇ ਜਿਨ੍ਹਾਂ ਦਾ ਕੋਈ ਸੰਬੰਧ ਹੀ ਨਹੀਂ ਹੈ, ਗੁਰੂ ਨਾਲ ਜਾਂ ਗੁਰੂ ਦੇ ਸਿਧਾਂਤ ਨਾਲ, ਪਟਾਖਿਆਂ ਦੀ ਗਗਨਭੇਦੀ ਆਵਾਜਾਂ, ਹਰ ਤਰਫ਼ ਹਸੀਂ-ਠਠੇ ਦਾ ਮਾਹੌਲ ! ਥਕੇ ਹੋਏ ਸਕੂਲਾਂ ਦੇ ਬੱਚੇ, ਜਿਨ੍ਹਾਂ ਨੂੰ ਖਿਚ-ਧਰੂ ਕੇ ਗਿਣਤੀ ਵਧਾਉਣ ਲਈ ਲੈ ਆਇਆ ਗਿਆ ! ਤੇ ਸਭ ਤੋਂ ਆਖਿਰ ਵਿਚ ਆਪਣੇ ਹੀ ਵੱਲੋਂ ਪਾਏ ਗੰਦ ਨੂੰ ਇੱਕ ਪਾਸੇ ਕਰਕੇ ਰਾਹ ਸਾਫ਼ ਕਰਦੇ, ਤੇ ਫਿਰ ਉਸਤੋਂ ਬਾਅਦ ਗੁਰੂ ਗਰੰਥ ਸਾਹਿਬ ਜੀ ਦੀ ਸਵਾਰੀ ਦੇ ਅੱਗੇ ਤੇ ਪਿੱਛੇ ਕੀਰਤਨ ਕਰਦੇ ਕੁਛ ਕੁ ਸ਼ਰਧਾਲੂ !

ਹਰਸਿਮਰਤ ਦਿਆਂ ਅੱਖਾਂ ਅੱਗੇ ਓਹ ਪੋਸਟਰ ਨਚਣ ਲੱਗਾ ਜਿਸ ਵਿਚ ਲਿਖਿਆ ਸੀ “ਗੁਰੂ ਗਰੰਥ ਸਾਹਿਬ ਜੀ ਦੀ ਅਗੁਵਾਈ ਵਿਚ ਨਗਰ ਕੀਰਤਨ ਹੋਵੇਗਾ ਜੀ”! ਉਸਨੂੰ ਅਗੁਵਾਈ ਦਾ ਮਤਲਬ ਹੀ ਸਮਝ ਨਹੀਂ ਆਇਆ ... ਅਗੁਆਈ ਤੇ ਅੱਗੇ ਅੱਗੇ ਹੋ ਕੇ ਹੁੰਦੀ ਹੈ, ਨਾ ਕੀ ਪਿਛੇ ਪਿਛੇ ਰਹ ਕੇ? ਹੋਣਾ ਤੇ ਇਹ ਚਾਹੀਦਾ ਸੀ ਕੇ ਸਭ ਤੋਂ ਅੱਗੇ ਅੱਗੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਵਾਰੀ ਹੁੰਦੀ ਤੇ ਨਾਲ ਨਾਲ ਕੀਰਤਨ ਹੁੰਦਾ ਤੇ ਪਿਛੇ ਸੰਗਤਾਂ ਚਲਦਿਆਂ! ਪਿਛੇ ਭਾਵੇਂ ਜਿਤਨਾ ਮਰਜੀ ਲੇਟ ਹੋਵੋ, ਕਿਸਨੂੰ ਮਤਲਬ ਹੈ? ਆਪਣੇ ਵਿਖਾਵਿਆਂ ਲਈ ਗੁਰੂ ਸਾਹਿਬ ਦੀ ਸਵਾਰੀ ਨੂੰ ਲੇਟ ਕਰਨਾ ਸਮਝ ਨਹੀਂ ਆਇਆ?

ਹੋਣਾ ਤੇ ਇਹ ਚਾਹੀਦਾ ਸੀ ਕੀ “ਨਗਰ ਕੀਰਤਨ” ਤੋਂ ਬਾਅਦ ਕੋਈ ਸੰਸਥਾ ਜਾਂ ਨੌਜਵਾਨ ਮੁੰਡੇ ਸਾਰਾ ਕੂੜਾ ਚੁੱਕ ਕੇ ਕਿਧਰੇ ਟਿਕਾਣੇ ਲਗਾ ਆਉਂਦੇ, ਤੇ ਲੋਕਾਂ ਨੂੰ ਵੀ ਸਹੀ ਰਾਹ ਵਿਖਾਉਂਦੇ, ਕਿ ਅਸੀਂ ਚੰਗੇ ਸ਼ਹਿਰੀ ਹਾਂ ! ਪੁਲਿਸ ਨਾਲ ਮਿਲ ਕੇ ਟ੍ਰੈਫਿਕ ਨੂੰ ਤਰੀਕੇ ਨਾਲ  ਜਗ੍ਹਾ ਦਿੰਦੇ ਹੋਏ ਚਲਦੇ, ਜਿਸ ਨਾਲ ਹੋਰਨਾ ਨੂੰ ਕੋਈ ਦਿੱਕਤ ਨਾ ਆਉਂਦੀ ! ਦਗੜ-ਮਗੜ ਮੋਟਰ ਸਾਇਕਲਾਂ ਨੂੰ ਚੁੱਕ ਕੇ ਥਾਣੇ ਬੰਦ ਕਰਵਾਉਂਦੇ !

ਗੁਰਮਤਿ ਅਨੁਸਾਰ ਨਗਰ ਕੀਰਤਨ ਕਰਦਿਆਂ ਸਾਡੇ ਗੁਰੂ ਦੀ ਕੀਰਤੀ (ਜੱਸ) ਆਪ ਹੀ ਫੈਲਦੀ ਤੇ ਫਿਰ ਇਹ ਲੋਕਾਂ ਨੂੰ ਵੀ ਜਲੂਸ ਨਹੀਂ ਬਲਕਿ “ਨਗਰ ਕੀਰਤਨ” ਹੀ ਦਿਸਦਾ! ਇਹ ਸਭ ਸੋਚਦੇ ਸੋਚਦੇ ਹਰਸਿਮਰਤ ਨੇ ਆਪਣਾ ਮੰਨ ਪੱਕਾ ਕਰ ਲਿਆ, ਕੀ ਅੱਗੇ ਤੋਂ ਓਹ ਨਗਰ ਕੀਰਤਨ ਦਾ ਹਿੱਸਾ ਬਣੇਗਾ... ਜਲੂਸ ਦਾ ਨਹੀਂ!


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top