Share on Facebook

Main News Page

ਅਜੋਕਾ ਗੁਰਦੁਆਰਾ ਪ੍ਰਬੰਧ ਹਾਨੀਕਾਰਕ
-
ਹਰਜੀਤ ਸਿੰਘ ਪੱਟੀ ਵਾਲੇ 91 98728 09763

ਮੌਜੂਦਾ ਗੁਰਦੁਆਰੇ ਦਾ ਪ੍ਰਬੰਧ ਤਸੱਲੀਬਖਸ਼ ਨਹੀਂ ਹੈ, ਗੁਰਮਤਿ ਦੀ ਸੂਝ ਬੂਝ ਰੱਖਣ ਵਾਲੇ ਪੰਥ ਦਰਦੀ, ਇਸ ਬੀਮਾਰ ਢਾਂਚੇ ਨੂੰ ਮਹਿਸੂਸ ਕਰਦੇ ਹਨ, ਪਰ ਹੱਲ ਕੋਈ ਨਜ਼ਰ ਨਹੀਂ ਆ ਰਿਹਾ। ਗੁਰੂ ਦਾ ਓਟ ਆਸਰਾ ਲੈਕੇ, ਮਿਲ ਬੈਠ ਕੇ ਹੱਲ ਕਢਿਆ ਜਾ ਸਕਦਾ ਹੈ। ਗੁਰਦੁਆਰਾ ਪ੍ਰਬੰਧ ਦੇ ਵਿਗਾੜ, ਤੇ ਹੋ ਰਹੇ ਨੁਕਸਾਨ ਵੱਲ ਜਲਦੀ ਧਿਆਨ ਦੇਣ ਦੀ ਲੋੜ ਹੈ, ਨਹੀਂ ਤਾਂ ਸਿੱਖੀ ਪ੍ਰਚਾਰ ਦਾ ਹੋਣ ਵਾਲਾ ਨੁਕਸਾਨ ਪੂਰਾ ਨਹੀਂ ਕੀਤਾ ਜਾ ਸਕਦਾ। ਭ੍ਰਿਸ਼ਟ ਪ੍ਰਬੰਧਕੀ ਢਾਂਚੇ ਬਾਰੇ ਇੱਕ ਦੂਜੇ ਦੇ ਕੰਨੀ ਆਵਾਜ਼ ਪਾਕੇ ਹੱਲ ਲਭਣ ਦੀ ਕੋਸ਼ਿਸ਼ ਕਰੀਏ - -

ਗੁਰੂ ਰਾਮ ਦਾਸ ਜੀ ਨੇ, ਸਿੱਖਾਂ ਤੋਂ ਕਾਰ-ਭੇਟਾ ਉਗਰਾਹੀ ਕਰਕੇ ਗੁਰੂ ਦਰਬਾਰ ਵਿਚ ਭੇਜਣ ਵਾਸਤੇ ਮਸੰਦ ਨੀਅਤ ਕੀਤੇ ਸਨ । ਤਖਤ ਨੂੰ ਪਰਸ਼ੀਅਨ ਭਾਸ਼ਾ ਵਿਚ ਮਸਨਦ ਕਹਿੰਦੇ ਹਨ . ਜਿਸਦਾ ਪੰਜਾਬੀ ਵਿਚ ਉਚਾਰਨ ਮਸੰਦ ਹੋ ਗਿਆ ਹੈ । ਮਸੰਦ, ਸਿੱਖ ਪਰਿਵਾਰਾਂ ਤੋਂ ਉਗਰਾਹੀ ਕਰਕੇ ਗੁਰੂ ਦਰਬਾਰ ਭੇਜਦੇ ਸਨ, ਗੁਰੂ ਸਾਹਿਬਾਨ ਉਸ ਮਾਇਆ ਸਮਾਗ੍ਰੀ ਨਾਲ ਧਰਮ ਪ੍ਰਚਾਰ ਅਤੇ ਗਰੀਬਾਂ ਲੋੜਵੰਦਾਂ ਦੀ ਸਹਾਇਤਾ ਕਰਦੇ ਸਨ । ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੱਕ ਮਸੰਦ ਵਿਗੜ ਗਏ, ਉਗਰਾਹੀ ਦਾ ਗਲਤ ਇਸਤੇਮਾਲ ਕਰਨ ਲੱਗ ਪਏ, ਤਾਂ ਸਤਿਗੁਰੂ ਜੀ ਨੇ ਜਿੱਥੇ ਮਸੰਦਾਂ ਨੂੰ ਸਜਾਵਾਂ ਦਿੱਤੀਆਂ ਓੱਥੇ ਮਸੰਦ ਪ੍ਰਥਾ ਨੂੰ ਖਤਮ ਕਰਕੇ ਗੁਰਦੁਆਰਿਆਂ (ਧਰਮਸ਼ਾਲਾਵਾਂ) ਵਿੱਚ ਮਾਇਆ ਦਾ ਚੜ੍ਹਾਵਾ ਅਤੇ ਉਗਰਾਹੀ ਕਰਨ ਤੇ ਪਾਬੰਦੀ ਲਾ ਦਿੱਤੀ । ਗੁਰੂ ਜੀ ਨੇ ਹੁਕਮ ਕੀਤਾ ਸੀ ਕਿਸੇ ਨੇ ਉਗਰਾਹੀ ਨਹੀਂ ਕਰਨੀ, ਕਿਸੇ ਮਸੰਦ ਨੂੰ ਉਗਰਾਹੀ ਨਹੀਂ ਦੇਣੀ, ਸੰਗਤਾਂ ਪ੍ਰਚਾਰਕ ਸ਼੍ਰੇਣੀ (ਗ੍ਰੰਥੀ, ਕਥਾਵਾਚਕ, ਪ੍ਰਚਾਰਕ, ਢਾਢੀ, ਰਾਗੀ, ਕਵੀਆਂ-ਲੇਖਕਾਂ) ਨੂੰ ਧਰਮ ਪ੍ਰਚਾਰ ਕਰਨ ਵਾਸਤੇ ਮਾਇਆ ਬਸਤਰ ਆਦਿ ਭੇਟਾ ਕਰਨ, ਅਤੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਜਾਣ ਕੇ ਗਰੀਬਾਂ ਲੋੜਵੰਦਾਂ ਦੀ ਆਪਣੇ ਹੱਥੀਂ ਆਪ ਸਹਾਇਤਾ ਕਰਨ । ਚੜ੍ਹਾਵੇ ਕਾਰਨ ਧਰਮਸ਼ਾਲਾਵਾਂ ਦੇ ਪ੍ਰਬੰਧਕ ਮਸੰਦ ਭ੍ਰਿਸ਼ਟ ਹੋ ਗਏ ਸਨ ਇਸ ਲਈ ਉਸ ਦਿਨ ਤੋਂ ਗੁਰਦੁਆਰੇ ਮਾਇਆ ਦਾ ਚੜ੍ਹਾਵਾ ਬੰਦ ਕਰ ਦਿੱਤਾ ਸੀ। ਮਸੰਦ ਸਿਲਸਿਲਾ ਬੰਦ ਕਰਨ ਦਾ ਭਾਵ ਮਸੰਦਾਂ ਦੁਆਰਾ ਚੜ੍ਹਾਵਾ, ਉਗਰਾਹੀ ਤੇ ਪਾਬੰਦੀ । ਸੰਗਤਾਂ ਗ੍ਰੰਥੀ ਜੀ ਨੂੰ ਪੁੱਛ ਕੇ ਲੋੜ ਅਨੁਸਾਰ ਲੰਗਰ ਵਾਸਤੇ ਰਸਦ ਅਤੇ ਗੁਰਦੁਆਰੇ ਵਾਸਤੇ ਵਸਤੂਆਂ ਭੇਟ ਕਰਦੀਆਂ ਸਨ ।

ਪ੍ਰ੍ਚਾਚਕ ਸ਼੍ਰੇਣੀ ਦੀ ਮਾਇਆ ਬਸਤਰ ਆਦਿ ਨਾਲ ਸੇਵਾ ਕਰਦੀਆਂ ਆ ਰਹੀਆਂ ਹਨ । ਮਾਇਆ ਰੱਖਕੇ ਮੱਥਾ ਨਹੀਂ ਸੀ ਟੇਕਣਾ, ਗੁਰੂ ਜੀ ਨੂੰ ਮਨ ਭੇਟਾ ਕਰਨਾ ਹੈ । ਗੁਰਦੁਆਰੇ ਦਾ ਪ੍ਰਬੰਧ ਬਹੁਤ ਵਧੀਆ ਚਲਦਾ ਸੀ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਸਿੱਖਾਂ ਤੇ ਮੁਗਲ ਹਕੂਮਤ ਨੇ ਬਹੁਤ ਜੁਲਮ ਢਾਹੇ ,ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਵਰਗੇ ਆਗੂ ਸਿੱਖ ਸ਼ਹੀਦ ਕਰ ਦਿੱਤੇ ਗਏ, ਸਿੱਖ ਤਾਕਤ ਪਖੋਂ ਅਤੇ ਆਰਥਿਕ ਪਖੋਂ ਕਮਜੋਰ ਹੋ ਗਏ ਪਰ ਹੌਂਸਲੇ ਬੁਲੰਦ ਸਨ। ਸਮੇਂ ਦੀ ਹਕੂਮਤ ਨੇ ਸਿੱਖਾਂ ਨੂੰ ਕਾਨੂੰਨ ਵਿਰੁੱਧ ਗਰਦਾਨਿਆ । ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਇਨਾਮ ਦੇ ਲਾਲਚ ਵਿਚ ਘਰ-ਘਰ ਸਿੱਖਾਂ ਦੇ ਦੁਸ਼ਮਣ ਬਣ ਬੈਠੇ । ਸਿਖ ਪਰਿਵਾਰਾਂ ਨੂੰ ਘਰ ਘਾਟ ਛੱਡ ਕੇ ਜੰਗਲਾਂ ਵਿਚ ਜਾਕੇ ਡੇਰੇ ਲਾਉਣੇ ਪੈ ਗਏ । ਇਸ ਸਮੇਂ ਦੌਰਾਨ ਗੁਰੂ ਘਰ ਤੋਂ ਬੇਦਖ਼ਲ ਕੀਤੇ ਮਸੰਦ, ਜਿਨ੍ਹਾਂ ਦੇ ਮੂੰਹ ਨੂੰ ਪੂਜਾ ਦੇ ਧਨ ਦਾ ਲਹੂ ਲੱਗਾ ਸੀ, ਉਹ ਫਿਰ ਮਹੰਤਾਂ ਦੇ ਰੂਪ ਵਿਚ ਕਾਬਜ਼ ਹੋ ਗਏ ਉਹਨਾਂ ਨੇ ਗਰੀਬ ਦਾ ਮੂੰਹ ਗੁਰੂ ਕੀ ਗੋਲਕਫਿਕਰੇ ਨਾਲੋਂ ਗਰੀਬ ਦਾ ਮੂੰਹ ਕੱਟਕੇ ਲੋਹੇ, ਲੱਕੜ ਦੇ ਗੱਲੇ ਨੂੰ ਗੁਰੂ ਕੀ ਗੋਲਕ ਕਹਿਣਾ- ਲਿਖਣਾ ਸ਼ੁਰੂ ਕਰ ਦਿੱਤਾ । ਸੰਗਤਾਂ ਗੁੰਮਰਾਹ ਹੋ ਕੇ ਗੋਲਕਾਂ ਭਰਨ ਲੱਗ ਪਈਆਂ । ਮਹੰਤਾਂ ਦੇ ਸਮੇਂ ਗੁਰਦੁਆਰੇ ਮਾਇਆ ਦਾ ਚੜ੍ਹਾਵਾ ਸ਼ੁਰੂ ਹੋਇਆ, ਚੜ੍ਹਾਵੇ ਦੀ ਸਾਫ਼ ਸੁਥਰੇ ਤਰੀਕੇ ਨਾਲ, ਸਾਂਭ ਸੰਭਾਲ ਵਾਸਤੇ ਲੋਹੇ, ਲੱਕੜ, ਦੀ ਗੋਲਕ ਰੱਖੀ ਗਈ । ਇੱਕ ਚੋਰ, ਦੂਸਰਾ ਚਤਰ ਵਾਲੀ ਗੱਲ ਅਨੁਸਾਰ ਗੋਲਕ ਦੀ ਕਾਢ ਮਹੰਤਾਂ ਨੂੰ ਬਹੁਤ ਰਾਸ ਆਈ;ਅੱਜ ਤੱਕ ਆ ਰਹੀ ਹੈ ।

ਗੋਲਕ ਵਿੱਚ ਅਰਬਾਂ ਖਰਬਾਂ ਪੈਸਾ ਵੀ ਇਕੱਠਾ ਹੋਈ ਜਾਂਦਾ ਹੈ ਅਤੇ ਨਾਲੋਂ ਨਾਲ ਪੜਦਾ ਵੀ ਬਣਿਆ ਰਹਿੰਦਾ ਹੈ, ਕਿਸੇ ਨੂੰ ਪਤਾ ਵੀ ਨਹੀਂ ਲਗਦਾ ਕਿ ਕਿੰਨੀ ਮਾਇਆ ਦੇ ਅੰਬਾਰ ਲੱਗ ਰਹੇ ਹਨ। ਜੇਕਰ ਗੋਲਕ ਤੋਂ ਬਿਨਾਂ ਸਾਹਮਣੇ ਮਾਇਆ ਦਾ ਢੇਰ ਲੱਗਾ ਸੰਗਤਾਂ ਦੇ ਨਜ਼ਰੀਂ ਪੈ ਜਾਵੇ ਤਾਂ ਇਤਨੀ ਮਾਇਆ ਦੇਖ ਕੇ ਸੰਗਤਾਂ ਹੋਰ ਦੇਣ ਤੋਂ ਸੰਕੋਚ ਕਰ ਸਕਦੀਆਂ ਹਨ ! ਇਤਨੀ ਮਾਇਆ ਵੇਖਕੇ ਕਿਸੇ ਦੇ ਮਨ ਵਿੱਚ ਹਿਸਾਬ-ਕਿਤਾਬ ਦਾ ਖਿਆਲ ਆ ਸਕਦਾ ਹੈ । ਸਾਹਮਣੇ ਮਾਇਆ ਦਾ ਢੇਰ ਲੱਗਾ ਵੇਖਕੇ ਕੋਈ ਗਰੀਬ ਲੋੜਵੰਦ, ਗੁਰੂ ਕੀ ਜਾਣਕੇ ਵਰਤ ਸਕਦਾ ਹੈ; ਇਸ ਲਈ ਮਸੰਦ-ਮਹੰਤ ਸੋਚਣੀ ਨੇ ਇਕੱਠੀ ਹੋ ਰਹੀ ਮਾਇਆ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਛਪਾਉਣ ਵਾਸਤੇ ਗੱਲਾ ਰੱਖਕੇ, ਗੋਲਕ ਕਹਿਣਾ ਸ਼ੁਰੂ ਕਰ ਦਿੱਤਾ। ਗੋਲਕ ਦੇ ਬਹਾਨੇ ਗੁਰਦੁਆਰੇ ਬਹੁਤ ਸਾਰਾ ਪੈਸਾ ਇੱਕਠਾ ਹੋਣਾ ਸ਼ੁਰੂ ਹੋ ਗਿਆ; ਗੋਲਕ ਦੀ ਮਿਹਰਬਾਨੀ ਸਦਕਾ, ਮਸੰਦਾਂ ਵਾਂਗ, ਮਹੰਤਾਂ ਦੇ ਦਿਮਾਗ ਵਿਗੜਨੇ ਸ਼ੁਰੂ ਹੋ ਗਏ; ਉਹ ਸਾਰੀਆਂ ਉਣਤਾਈਆਂ, ਜੋ ਚੜ੍ਹਾਵੇ ਕਾਰਨ ਮਸੰਦਾਂ ਵਿਚ ਆਈਆਂ ਸਨ, ਗੋਲਕ ਦਾ ਕਰਕੇ ਉਹ ਸਾਰੀਆਂ ਖਾਮੀਆਂ ਮਹੰਤਾਂ ਵਿਚ ਆ ਗਈਆਂ । ਗੋਲਕ ਦੇ ਨਸ਼ੇ ਵਿਚ ਚੂਰ ਮਹੰਤ ਦੁਰਾਚਾਰੀ, ਅਯਾਸ਼ੀ, ਭ੍ਰਿਸ਼ਟ ਹੋਕੇ ਮਨਮਰਜੀਆਂ, ਮਨਮਾਨੀਆਂ ਕਰਨ ਲੱਗ ਪਏ; ਸੰਗਤਾਂ ਵਿਚ ਜਾਗ੍ਰਤੀ ਆਈ, ਗੁਰਦੁਆਰਾ ਸੁਧਾਰ ਲਹਿਰ ਦਾ ਜਨਮ ਹੋਇਆ; ਖੂਨ ਖਰਾਬਾ ਹੋਇਆ,ਸਾਕੇ ਵਰਤੇ, ਗੁਰਦੁਆਰੇ ਮਹੰਤਾਂ ਤੋਂ ਛਡਵਾਏ ਗਏ । ਗੁਰਸਿੱਖਾਂ ਨੇ ਸੇਵਾ ਸੰਭਾਲੀ । ਲੇਕਿਨ ਮਹੰਤਾਂ ਨੂੰ ਤਾਂ ਕੱਢ ਦਿੱਤਾ ਗਿਆ, ਪਰ ਮਹੰਤ ਵਾਦ ਦਾ ਸਫਾਇਆ ਨਾ ਹੋ ਸਕਿਆ । ਮਹੰਤਾਂ ਵੱਲੋਂ ਫੈਲਾਏ ਕਰਮਕਾਂਡ, ਕੁਰੀਤੀਆਂ, ਬ੍ਰਾਹਮਣਵਾਦ, ਕੁੰਭ, ਜੋਤ, ਨਾਰੀਅਲ, ਗੋਲਕ ਦਾ ਪਸਾਰਾ ਉਸੇ ਤਰ੍ਹਾਂ ਪਹਿਲਾਂ ਵਾਂਗ ਪਸਰਿਆ ਰਹਿ ਗਿਆ । ਬਿਮਾਰੀ ਦਾ ਵਕਤੀ ਇਲਾਜ ਤਾਂ ਕੀਤਾ ਗਿਆ ਪਰ ਬਿਮਾਰੀ ਦੀ ਜੜ੍ਹ (ਗੋਲਕ) ਬਾਕੀ ਬਚੀ ਰਹਿ ਗਈ ।

ਗੁਰਦੁਆਰਾ ਸੁਧਾਰ ਲਹਿਰ ਦੇ ਕੁਝ ਪੰਥ ਦਰਦੀ ਗੁਰਮੁਖ ਸ਼ਹੀਦ ਹੋ ਗਏ । ਜਿਹੜੇ ਆਗੂ ਬਚੇ ਸਨ ਉਹ ਚੰਗਾ ਪ੍ਰਬੰਧਕੀ ਢਾਂਚਾ ਨਹੀਂ ਸਿਰਜ ਸਕੇ । ਗੁਰਦੁਆਰਾ ਐਕਟ, ਵੋਟਾਂ ਰਾਹੀਂ ਚੋਣ ਪ੍ਰਣਾਲੀ ਦਾ ਫੈਸਲਾ ਬਹੁਤ ਗਲਤ ਸਾਬਤ ਹੋਇਆ । ਕਿਸੇ ਦੇਸ਼ ਦੀ ਰਾਜਨੀਤੀ ਵਾਸਤੇ ਵੋਟਾਂ ਠੀਕ ਹੋ ਸਕਦੀਆਂ ਹਨ । ਪ੍ਰੰਤੂ ਧਾਰਮਿਕ ਪ੍ਰਬੰਧ ਵਾਸਤੇ ਵੋਟਾਂ ਹਾਨੀਕਾਰਕ ਸਾਬਤ ਹੋ ਰਹੀਆਂ ਹਨ। ਚੋਣਾਂ ਦੇ ਕਾਰਨ ਗੁਰਦੁਆਰੇ ਵਿਚ ਗੰਦੀ ਰਾਜਨੀਤੀ ਵੜ ਗਈ ਹੈ । ਜਦੋਂ ਦਾ ਕਮੇਟੀਆਂ ਦੀ ਚੋਣ ਸਿਲਸਿਲਾ ਸ਼ੁਰੂ ਹੋਇਆ ਹੈ ਓਦੋਂ ਦੀ ਗੁਰਦੁਆਰਿਆਂ ਵਿਚ ਲੜਾਈ ਝਗੜੇ ਸ਼ੁਰੂ ਹੋਏ ਹਨ; ਅਤੇ ਉਹਨਾਂ ਦੇ ਕੇਸ ਦੇਸ਼-ਵਿਦੇਸ਼ ਦੀਆਂ ਦੁਨਿਆਵੀ ਅਦਾਲਤਾਂ ਵਿਚ ਚੱਲ ਰਹੇ ਹਨ । ਜਿਸ ਗੁਰੂ ਦਰਬਾਰ ਵਿਚ ਲੋਕਾਂ ਦੇ ਫੈਸਲੇ ਹੁੰਦੇ ਸਨ, ਅਤੇ ਇਨਸਾਫ਼ ਮਿਲਦਾ ਸੀ; ਚੌਧਰ ਦੇ ਲਾਲਚੀ ਪ੍ਰਬੰਧਕਾਂ ਨੇ ਉਸ ਦਰਬਾਰ ਵਿੱਚ, ਪ੍ਰਚਾਰਕ ਸ਼੍ਰੇਣੀ ਨਾਲ ਬੇਇਨਸਾਫੀ ਕਰਦੇ ਅਤੇ ਗੁਰਦੁਆਰੇ ਦੀ ਪਵਿਤ੍ਰਤਾ ਨੂੰ ਅਦਾਲਤਾਂ ਤੇ ਮੀਡੀਏ ਵਿਚ ਰੋਲ ਕੇ ਰੱਖ ਦਿੱਤਾ ਹੈ । ਦਸਵੇਂ ਪਾਤਸ਼ਾਹ ਜੀ ਦੇ ਸਮੇਂ ਮਸੰਦਾਂ ਅੰਦਰ ਆਈ ਗਿਰਾਵਟ ਦਾ ਕਾਰਨ ਗੋਲਕ (ਗੁਰਦੁਆਰੇ ਨੂੰ ਮਾਇਆ ਦਾ ਬੇਲੋੜਾ ਚੜ੍ਹਾਵਾ) ਸੀ। ਮਹੰਤਾਂ ਵਿਚ ਆਏ ਨਿਘਾਰ ਦਾ ਕਾਰਨ ਵੀ ਗੋਲਕ ਸੀ। ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਾਏ ਪਰ ਗੋਲਕ ਤੋਂ ਨਾ ਛਡਾਏ ਗਏ ; ਹੁਣ ਗੋਲਕ ਦੇ ਨਾਲ ਗੁਰਦੁਆਰਿਆਂ ਵਿਚ ਚੋਣ ਕਮੇਟੀਆਂ ਦੁਆਰਾ, ਚੌਧਰ ਦੀ ਗੰਦੀ ਰਾਜਨੀਤੀ ਵੀ ਪ੍ਰਵੇਸ਼ ਕਰ ਗਈ ਹੈ, ਜੋ ਬਲਦੀ ਤੇ ਤੇਲ ਪਾਉਣ ਵਾਂਗ ਹੈ । ਮਹੰਤਾਂ ਵੇਲੇ ਵਿਗਾੜ ਦਾ ਕਾਰਨ ਇੱਕਲੀ ਗੋਲਕ ਸੀ, ਸੰਨ 1920 ਤੋਂ ਬਾਅਦ ਚੌਧਰਪੁਣੇ ਦਾ ਨਵਾਂ ਕਾਰਨ ਵਿਚ ਆ ਰਲਿਆ ਹੈ।

ਗੋਲਕ +ਚੌਧਰ ਇੱਕ, ਇੱਕ ਤੇ ਦੋ ਗਿਆਰਾਂ ਵਾਂਗ ਹੈ ਇਸ ਕਰਕੇ ਗੁਰਦੁਆਰੇ ਦਾ ਪ੍ਰਬੰਧ ਪਹਿਲਾਂ ਨਾਲੋਂ ਜਿਆਦਾ ਭ੍ਰਿਸ਼ਟ ਹੋ ਗਿਆ ਹੈ ਅਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਠੱਪ ਹੋਕੇ ਰਹਿ ਗਿਆ ਹੈ। ਜਿਹੜਾ ਪੈਸਾ ਪਹਿਲਾਂ ਗ੍ਰੰਥੀ, ਪ੍ਰਚਾਰਕ ਸ਼੍ਰੇਣੀ ਦੁਆਰਾ ਸਿੱਖੀ ਪ੍ਰਚਾਰ ਤੇ ਵਰਤਿਆ ਜਾਂਦਾ ਸੀ, ਉਹ ਗੋਲਕਾਂ ਵਿੱਚ ਗਰਕ ਹੋਣ ਲੱਗ ਪਿਆ । ਹੁਣ ਗੁਰਦੁਆਰਾ ਪ੍ਰਬੰਧ ਵਿੱਚ ਵਿਗਾੜ ਦੇ ਵੱਡੇ ਦੋ ਕਾਰਨ ਦਿਖਾਈ ਦਿੰਦੇ ਹਨ, ਪਹਿਲਾ ਕਾਰਨ ਗੋਲਕ । ਦੂਜਾ ਕਾਰਨ ਚੌਧਰਪੁਣੇ ਦੀ ਗੰਦੀ ਸਿਆਸਤ । ਇਹ ਇੱਕ ਸਿੱਕੇ ਦੇ ਦੋ ਪਾਸੇ ਵਾਂਗ ਹਨ, ਇਹ ਦੋਨੇ ਖਤਮ ਕਰਕੇ ਹੀ ਗੁਰਦੁਆਰੇ ਦੀ ਪਵਿਤ੍ਰਤਾ ਬਹਾਲ ਕੀਤੀ ਜਾ ਸਕਦੀ ਹੈ। ਮਾੜੇ ਪ੍ਰਬੰਧਕੀ ਢਾਂਚੇ ਦੇ ਗਲਤ ਨਤੀਜੇ ਸਾਹਮਣੇ ਆ ਰਹੇ ਹਨ - ਸੰਗਤਾਂ ਦੀ ਬਹੁ ਗਿਣਤੀ ਛੋਟੇ ਛੋਟੇ ਧਾਰਮਿਕ ਧੜਿਆਂ ਵਿਚ ਵੰਡੀ ਪਈ ਹੈ । ਕੁਝ ਸੰਗਤ ਵਿਅਕਤੀਗਤ ਦੇਹਧਾਰੀਆਂ, ਦੰਭੀ ਪਖੰਡੀ ਗੁਰੂਆਂ ਦੇ ਚੱਕਰ ਵਿਚ ਫਸੀ ਹੋਈ ਹੈ । ਹਕੀਕਤ ਇਹ ਹੈ ਕਿ ਗੁਰਦੁਆਰਿਆਂ ਵਿਚ ਗੁਰਮਤਿ ਦੀ ਗੱਲ ਨਹੀਂ ਹੋ ਰਹੀ । ਕੋਰੀ ਰਾਜਨੀਤੀ ਚੱਲ ਰਹੀ ਹੈ ।

 ਪ੍ਰਬੰਧਕ ਸ਼੍ਰੇਣੀ, ਚਾਰ ਸ਼੍ਰੇਣੀਆਂ ਵਿਚ ਵੰਡੀ ਹੋਈ ਹੈ, ਪਹਿਲੀ ਸ਼੍ਰੇਣੀ- ਜੋ ਚੰਗੇ ਪ੍ਰਬੰਧਕ ਹਨ ਅਤੇ ਗੁਰਮਤਿ ਦੀ ਸੂਝ ਬੁਝ ਤੇ ਪ੍ਰਚਾਰ ਦੀ ਲਗਨ ਰੱਖਦੇ ਹਨ; ਪਰ ਇਹ ਸ਼੍ਰੇਣੀ ਕੇਵਲ ਇੱਕ ਪ੍ਰਤੀਸ਼ਤ ਹੈ; ਇਨ੍ਹਾਂ ਦੀ ਗਿਣਤੀ ਥੋੜੀ ਹੈ, ਵੋਟਾਂ ਦੀ ਰਾਜਨੀਤੀ ਕਾਰਨ, ਵਿਰੋਧੀ ਧਿਰ ਵੱਸ ਨਹੀਂ ਚੱਲਣ ਦਿੰਦੀ ਇਸ ਕਰਕੇ ਉਹ ਵੀ ਪ੍ਰਚਾਰ ਕਰਨ ਤੋਂ ਅਸਮਰਥ ਹਨ । ਦੂਜੀ ਸ਼੍ਰੇਣੀ ਉਹ ਧਨਾਢ ਪ੍ਰਬੰਧਕ ਹਨ ਜੋ ਧਨ ਅਤੇ ਦਾਨ ਦੇ ਆਸਰੇ ਇਸ ਢਾਂਚੇ ਵਿਚ ਸ਼ਾਮਲ ਹੋਏ ਹਨ ਜਾਂ ਦਾਨ ਲੈਣ ਵਾਸਤੇ ਸ਼ਾਮਲ ਕੀਤੇ ਗਏ ਹਨ । ਇਹ ਪ੍ਰਬੰਧਕ ਆਪਨੇ ਕਾਰੋਬਾਰ ਵਿਚ ਏਨੇ ਰੁਝੇ ਹੋਏ ਹਨ ਕਿ ਇਨ੍ਹਾਂ ਪਾਸ ਗੁਰਦੁਆਰੇ ਦੇ ਪ੍ਰਚਾਰ ਪ੍ਰਬੰਧ ਤੇ ਸਤਸੰਗ ਦੀ ਸੇਵਾ ਦਾ ਬਿਲਕੁਲ ਸਮਾਂ ਨਹੀਂ ਹੈ । ਤੀਸਰੀ ਸ਼੍ਰੇਣੀ ਉਹ ਪ੍ਰਬੰਧਕ ਤਬਕਾ ਜੋ 60 ਫੀਸਦੀ ਹੈ, ਇਹ ਮੁਕੰਮਲ ਤੌਰ ਤੇ ਰਾਜਨੀਤਕ ਹਨ, ਇਹ ਗੁਰਦੁਆਰਿਆਂ ਨੂੰ ਪੌੜੀ ਬਣਾ ਕੇ ਰਾਜਨੀਤਕ ਸਤਾ ਹਾਸਲ ਕਰਦੇ ਹਨ; ਗੁਰਦੁਆਰਿਆਂ ਦੀ ਸ਼ਕਤੀ ਵਰਤ ਕੇ ਹੁਕਮਰਾਨਾਂ ਤੱਕ ਪਹੁੰਚ ਹਾਸਲ ਕਰਨ ਵਿਚ ਲੱਗੇ ਰਹਿੰਦੇ ਹਨ, ਇਹ ਆਪਣੇ ਨਿੱਜੀ ਸੁਆਰਥ ਨੂੰ ਅੱਗੇ ਰੱਖ, ਹੰਕਾਰ ਦੀ ਪੂਰਤੀ ਵਾਸਤੇ, ਹਰ ਹੀਲਾ ਵਰਤ ਕੇ ਗੁਰਦੁਆਰਿਆਂ ਤੇ ਕਾਬਜ਼ ਹੁੰਦੇ ਹਨ, ਆਪਣੀ ਚੌਧਰ ਸਲਾਮਤ ਰੱਖਣੀ ਇਹਨਾਂ ਦਾ ਮੁੱਖ ਨਿਸ਼ਾਨਾ ਹੁੰਦਾ ਹੈ । ਇਸ ਤਰ੍ਹਾਂ ਦੇ ਪ੍ਰਬੰਧਕ ਦੇਸ਼ ਵਿਦੇਸ਼ ਦੇ ਵੱਡੇ ਵੱਡੇ ਗੁਰਦੁਆਰਿਆਂ ਤੇ ਕਬਜ਼ਾ ਜਮਾਈ ਬੈਠੇ ਹਨ । ਇਹ ਪ੍ਰਚਾਰਕ ਸ਼੍ਰੇਣੀ ਨੂੰ ਅਪਣੀ ਨੌਕਰ ਸਮਝਦੇ ਹਨ ਅਤੇ ਗੁਰੂ ਵੱਲੋਂ ਪ੍ਰਵਾਨਿਤ ਇਸ ਪਦਵੀ ਤੇ ਬੈਠੀ ਪ੍ਰਚਾਰਕ ਸ਼੍ਰੇਣੀ ਨੂੰ ਜ਼ਲੀਲ ਕਰਦੇ ਹਨ। ਇਹ ਪ੍ਰਚਾਰਕਾਂ ਤੋਂ ਆਪਣੀ ਉਸਤਤ ਕਰਵਾਉਣੀ ਚਾਹੁੰਦੇ ਹਨ । ਗੁਰਮਤਿ ਦਾ ਪ੍ਰਚਾਰ ਇਨ੍ਹਾਂ ਦਾ ਮਨੋਰਥ ਨਹੀਂ ਹੁੰਦਾ ਇਹ ਸਚ ਤੋਂ ਸੰਗਤਾਂ ਨੂੰ ਕੋਹਾਂ ਦੂਰ ਰੱਖਦੇ ਹਨ । ਸਿਰਫ ਵੋਟਾਂ ਲੈਣ ਵਾਸਤੇ ਇਹ ਸੰਗਤ ਨੂੰ ਵਰਤਦੇ ਹਨ । ਚੌਥੀ ਸ਼੍ਰੇਣੀ ਚੌਥੀ ਕੋਟੀ ਵਿਚ ਕੋਈ 20 ਫੀਸਦੀ ਪ੍ਰਬੰਧਕ, ਉਹ ਤਬਕਾ ਹੈ, ਜੋ ਇਤਨੇ ਲੋਭੀ ਤੇ ਭ੍ਰਿਸ਼ਟ ਹੋ ਚੁੱਕੇ ਹਨ, ਜੋ ਗੋਲਕ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਹਨ । ਗੁਰਦੁਆਰਾ ਉਹਨਾਂ ਲਈ ਦੁਕਾਨ ਤੇ ਕਾਰੋਬਾਰੀ ਦਾ ਦਾਇਰਾ ਹੈ । ਸੰਗਤਾਂ ਉਹਨਾਂ ਲਈ ਗਾਹਕਾਂ ਦੀ ਤਰ੍ਹਾਂ ਹਨ, ਜਿਨ੍ਹਾਂ ਤੋਂ ਉਹ ਆਰਥਿਕ ਲਾਭ ਲੈਂਦੇ ਹਨ । ਲੋਭ ਨੇ ਉਨ੍ਹਾਂ ਨੂੰ ਇਤਨਾ ਹਲਕਾਇਆ ਕਰ ਦਿੱਤਾ ਹੈ, ਉਹ ਸਾਰੀ ਸ਼ਕਤੀ ਇਸੇ ਤੇ ਖਰਚ ਕਰਦੇ ਹਨ ਕਿ ਲੰਬੇ ਸਮੇਂ ਤੱਕ ਗੋਲਕ ਵਿਚੋਂ ਜੇਬਾਂ ਭਰਦੇ ਰਹਿਣ । ਨਾਮ ਰਸ, ਭਗਤੀ ਰਸ, ਗੁਰਮਤਿ ਪ੍ਰਚਾਰ ਤੋਂ ਇਹ ਪ੍ਰਬੰਧਕ ਕੋਹਾਂ ਦੂਰ ਹਨ । ਗੁਰਦੁਆਰੇ ਦੇ ਪ੍ਰਬੰਧਕਾਂ ਦੀਆਂ ਇਹ ਚਾਰ ਸ਼੍ਰੇਣੀਆਂ ਹਨ ਜਿਨ੍ਹਾਂ ਦਾ ਸੰਖੇਪ ਜਿਕਰ ਕੀਤਾ ਹੈ ਬਾਕੀ ਸੰਗਤਾਂ ਇਸ ਵਿਚਾਰ ਤੋਂ ਆਪੇ ਅੰਦਾਜ਼ਾ ਲਗਾ ਸਕਣਗੀਆਂ ।

 ਕੁਝ ਡੇਰਿਆਂ-ਗੁਰਦੁਆਰਿਆਂ ਦਾ ਪ੍ਰਬੰਧ ਸੰਤ-ਬਾਬਿਆਂ ਕੋਲ ਵੀ ਹੈ; ਕੁਝ ਚੰਗੇ ਵੀ ਹਨ ਪਰ ਇੱਕ ਦੋਂ ਨੂੰ ਛੱਡਕੇ ਬਾਕੀ ਜਿਆਦਾ ਸੁਆਰਥੀ ਤੇ ਪਖੰਡੀ ਹਨ; ਕਾਰਸੇਵਾ ਵਾਲੇ ਬਹੁਤੇ ਸੰਤ ਬਾਬੇ ਬੇਲੋੜੇ ਗੁਰਦੁਆਰੇ ਬਣਾਉਣ ਵਿਚ ਰੁਝੇ ਹਨ, ਗੁਰਮਤਿ ,ਗੁਰਬਾਣੀ ਧਰਮ ਪ੍ਰਚਾਰ ਦਾ ਇਹਨਾਂ ਨੂੰ ਕੋਈ ਗਿਆਨ ਨਹੀਂ ਹੈ, ਨਾ ਇਹ ਇਸ ਪਾਸੇ ਤਵੱਜੋਂ ਦੇਣੀ ਚਾਹੁਦੇ ਹਨ, ਇਹ ਕੇਵਲ ਮਕਰਾਣੇ ਦੇ ਪੱਥਰ, ਮਹਾਂਰਾਸ਼ਟਰ ਦੇ ਸਾਗਵਾਨ, ਇਰਾਨ ਦੇ ਕਾਲੀਨ, ਤੇ ਵਿਦੇਸ਼ੀ ਕਾਰਾਂ ਦੇ ਸ਼ੌਕੀਨ ਹਨ ; ਇਹ ਸ਼ੌਕ ਗੁਰਦੁਆਰੇ ਬਣਾਉਣ ਦੇ ਬਹਾਨੇ ਹੀ ਪੂਰਾ ਹੋ ਸਕਦਾ ਹੈ, ਸੋ ਸਾਧ ਧੜਾ ਧੜ ਗੁਰਦੁਆਰੇ ਬਣਾਈ ਜਾਂਦੇ ਹਨ, ਇਨ੍ਹਾਂ ਨੇ ਪੱਥਰ ਢੋ ਢੋ ਕੇ ਰਾਜਸਥਾਨ ਦੇ ਲਾਲੇ ਅਰਬਾਂ ਪਤੀ ਬਣਾ ਦਿੱਤੇ ਹਨ ਅਤੇ ਪੰਜਾਬ ਨੂੰ ਕੰਗਾਲ ਕਰਨ ਤੇ ਤੁੱਲੇ ਹੋਏ ਹਨ । ਸਿੱਖੀ ਦੀ ਕੋਮਲਤਾ ਇਨ੍ਹਾਂ ਸਾਧਾਂ ਨੇ ਪੱਥਰਾਂ ਹੇਠ ਦਬ ਦਿੱਤੀ ਹੈ । ਕੁਝ ਬਾਬਾ ਜੀ ਚੰਗੇ ਹੋਏ ਹਨ ਜਿਨ੍ਹਾਂ ਲੋੜ ਨੂੰ ਮੁੱਖ ਰੱਖ ਕੇ ਗੁਰਦੁਆਰੇ ਬਨਾਏ ਸਨ, ਉਹਨਾਂ ਤੋਂ ਬਾਅਦ ਨਾ ਲੋੜ ਹੁੰਦਿਆਂ ਵੀ ਸੁਆਰਥੀ ਪੂਜਾ ਮਾਨਤਾ ਦੇ ਭੁੱਖੇ ਡੇਰੇਦਾਰਾਂ ਨੇ ਉਗਰਾਹੀਆਂ ਲੈਣ ਦੇ ਬਹਾਨੇ ਡੇਰੇ ਗੁਰਦੁਆਰੇ ਬਣਾਉਣ ਦਾ ਕੰਮ ਜਾਰੀ ਰੱਖਿਆ ਹੋਇਆ ਹੈ। ਇੱਕ ਦੂਜੇ ਨੂੰ ਦੇਖ ਕੇ ਚੇਲੇ ਸਾਧ ਸੰਤ ਬਣੀ ਜਾਂਦੇ ਹਨ ਤੇ ਸਿੱਖੀ ਪ੍ਰਚਾਰ ਨੂੰ ਨਜ਼ਰ ਅੰਦਾਜ਼ ਕਰਕੇ ਬੇ ਲੋੜੇ ਡੇਰੇ ਗੁਰਦੁਆਰੇ ਉਸਾਰੀ ਜਾਂਦੇ ਹਨ । ਫਿਰ ਚੌਧਰ ਦੇ ਭੁੱਖੇ ਪ੍ਰਬੰਧਕ, ਬਾਬਿਆਂ ਤੋਂ ਗੁਰਦੁਆਰਾ ਛਡਾ ਕੇ ਉਸਨੂੰ ਚੌਧਰ ਦਾ ਅੱਡਾ ਬਣਾ ਲੈਂਦੇ ਹਨ, ਬਾਬਿਆਂ ਨੂੰ ਹੋਰ ਕਿਤੇ ਸੇਵਾ ਦੇ ਮੌਕਾ ਦੇ ਦਿੰਦੇ ਹਨ, ਬਾਬੇ ! ਪ੍ਰਬੰਧਕਾਂ ਤੋਂ ਸੇਵਾ ਦਾ ਮੌਕਾ ਲੈਣ ਵਾਸਤੇ ਇਨ੍ਹਾਂ ਨਾਲ ਗੱਠਜੋੜ ਰੱਖਦੇ ਹਨ ਅਤੇ ਪ੍ਰਬੰਧਕ ਬਾਬਿਆਂ ਤੋਂ ਫੋਕੀ ਸ਼ਹੁਰਤ ਖੱਟਣ ਵਾਸਤੇ ਬੇਲੋੜੇ ਗੁਰਦੁਆਰੇ ਬਨਵਾ ਰਹੇ ਹਨ । ਲੋੜ ਅਨੁਸਾਰ ਜਿੱਥੇ ਗੁਰਦੁਆਰੇ ਬਨਾਏ ਗਏ ਹਨ; ਉਨ੍ਹਾਂ ਵਿਚੋਂ ਜਿਸ ਦੀ ਕੁਰਸੀ ਖੁੱਸ ਗਈ, ਉਸ ਨੇ ਨਾ ਲੋੜ ਹੁੰਦਿਆਂ ਵੀ ਦੂਸਰਾ ਗੁਰਦੁਆਰਾ ਖੜਾ ਕਰ ਦਿੱਤਾ । ਅਪਣੀ ਕੁਰਸੀ ਕਾਇਮ ਰੱਖਣ ਵਾਸਤੇ ਗੁਰਦੁਆਰੇ ਬਨਾਏ ਜਾ ਰਹੇ ਹਨ । ਬਾਬਿਆਂ ਦਾ ਨਿਸ਼ਾਨਾ ਉਗਰਾਹੀ ਦੇ ਸਿਰ ਤੇ ਐਸ਼ ਪ੍ਰਸਤੀ ਵਿਦੇਸ਼ੀ ਕਾਰਾਂ ਦਾ ਸੁਖ ਹਾਸਲ ਕਰਨਾ ਹੈ । ਪ੍ਰਬੰਧਕਾਂ ਦਾ ਨਿਸ਼ਾਨਾ ਰਾਜਨੀਤਕ ਲਾਹਾ ਤੇ ਘੜੰਮ ਚੌਧਰੀ ਬਣਨਾ ਹੈ । ਇਹ ਸਭ ਗੁਰਦੁਆਰਾ ਪ੍ਰਬੰਧ ਵਿਚ ਵਿਗਾੜ ਦਾ ਕਾਰਨ ਹਨ ।

 ਸੰਨ 1900 ਦੇ ਨੇੜੇ-ਤੇੜੇ ਸਿੱਖੀ ਪ੍ਰਚਾਰ ਵਾਸਤੇ ਪੰਥ ਦਰਦੀਆਂ ਵੱਲੋਂ ਜਥੇਬੰਦੀਆਂ,ਸੰਸਥਾਵਾਂ ਦੀ ਸ਼ੁਰੁਆਤ ਹੋਈ; ਜਿਤਨਾ ਚਿਰ ਇਹ ਜਥੇਬੰਦੀਆਂ ਚੌਧਰ ਅਤੇ ਸੁਆਰਥ ਤੋਂ ਨਿਰਲੇਪ ਰਹਿਕੇ ਸੁਲਝੇ ਹੋਏ ਪ੍ਰਚਾਰਕਾਂ ਦੇ ਸਹਿਯੋਗ ਨਾਲ ਚਲਦੀਆਂ ਹਨ ਤਾਂ ਇਹਨਾਂ ਪ੍ਰਚਾਰ ਖੇਤਰ ਵਿੱਚ ਯੋਗਦਾਨ ਪਾਇਆ ਹੈ; ਫਿਰ ਵੇਖਾ-ਵੇਖੀ ਜਿਦਾਂ-ਰੀਸਾਂ ,ਤੇ ਫੁੱਟ ਦੇ ਕਾਰਨ ਧੜਾ-ਧੜ ਜਥੇਬੰਦੀਆਂ ਬਣਨ ਲੱਗ ਪਈਆਂ । ਜਥੇਬੰਦੀਆਂ ਵਿੱਚ ਅਹੁਦੇਦਾਰੀਆਂ ਕਾਰਨ ਹੰਕਾਰ ਤੇ ਚੌਧਰ ਨੇ ਧੜੇਬੰਦੀਆਂ ਨੂੰ ਜਨਮ ਦਿੱਤਾ ਹੈ । ਧਰਮ ਨਾਲੋਂ ਧੜਾ ਪਿਆਰਾ ਹੋ ਗਿਆ । ਓਦੋਂ ਤੋਂ ਲੈਕੇ ਹੁਣ ਤੱਕ ਕਈ ਜਥੇਬੰਦੀਆਂ ਬਣੀਆਂ ਕਈ ਖਤਮ ਹੋਈਆਂ । ਕਿਸੇ ਨੇ ਵੀ ਸਿੱਖੀ ਪ੍ਰਚਾਰ ਵਿੱਚ ਕੋਈ ਖਾਸ ਪ੍ਰਾਪਤੀ ਨਹੀਂ ਕੀਤੀ । ਇਹ ਇੱਕ ਦੂਜੇ ਨਾਲ ਨਫਰਤ ਕਰਦੇ ਹਨ; ਅਪਣੀ ਜਥੇਬੰਦੀ ਦੇ ਮੈਂਬਰ ਨੂੰ ਹੀ ਇਹ ਸਿੱਖ ਸਮਝਦੇ ਹਨ; ਆਪਣੇ ਅਹੁਦੇ ਨੂੰ ਕਾਇਮ ਰੱਖਣ ਵਾਸਤੇ ਇਹ ਸਿੱਖੀ ਦੀ ਬਜਾਏ ਅਪਣੀ ਜਥੇਬੰਦੀ ਵਾਸਤੇ ਕੰਮ ਕਰਦੇ ਹਨ; ਕਿਉਂਕਿ ਚੌਧਰ ਸਲਾਮਤ ਰੱਖਣ ਵਾਸਤੇ ਜਥੇਬੰਦੀ ਕਾਇਮ ਰੱਖਣੀ ਜਰੂਰੀ ਹੁੰਦੀ ਹੈ । ਇਹਨਾਂ ਦੇ ਚਾਲੇ ਵੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਜੈਸੇ ਹਨ । ਪ੍ਰਚਾਰਕ ਸ਼੍ਰੇਣੀ ਨਾਲ ਇਨ੍ਹਾਂ ਦਾ ਵਿਵਹਾਰ ਵੀ ਨਿੰਦਣਯੋਗ ਹੈ । ਹਜਾਰਾਂ ਦੀ ਤਾਦਾਦ ਵਿੱਚ ਖੁੰਬਾਂ ਵਾਂਗ ਪੈਦਾ ਹੋਈਆਂ ਜਥੇਬੰਦੀਆ ਨੂੰ ਧੜੇਬੰਦੀਆਂ ਕਿਹਾ ਜਾ ਸਕਦਾ ਹੈ, ਜਿਸ ਕਰਕੇ ਸਿੱਖ ਸਮਾਜ ਵਿੱਚ ਨਫਰਤ ਘਿਰਣਾ ਪੈਦਾ ਹੋ ਰਹੀ ਹੈ । ਇੱਕ ਜਥੇਬੰਦੀ ਦਾ ਕਾਰਕੁੰਨ ਦੂਜੀ ਜਥੇਬੰਦੀ ਦੇ ਵੀਰ ਨੂੰ ਵੇਖਕੇ ਕੁੜੱਤਣ ਨਾਲ ਭਰ ਜਾਂਦਾ ਹੈ । ਪੱਲੇ ਧਰਮ ਨਹੀਂ ਹੈ ਇਸ ਕਰਕੇ ਕੜਵਾਹਟ ਦਿਖਾਈ ਦਿੰਦੀ ਹੈ । ਜਥੇਬੰਦੀਆਂ ਸਿੱਖ ਕੌਮ ਵਾਸਤੇ ਨਵੀਂ ਸਿਰਦਰਦੀ ਬਣ ਰਹੀਆਂ ਹਨ । ਅਜੇ ਇਹਨਾਂ ਕੋਲ ਗੋਲਕ ਨਹੀਂ ਹੈ, ਇਕੱਲੀ ਚੌਧਰ ਦੀ ਰਾਜਨੀਤੀ ਹੈ; ਜੇ ਇਹਨਾਂ ਕੋਲ ਗੋਲਕ ਹੋਵੇ ਤਾਂ ਇਹ ਸਿੱਖੀ ਦਾ ਹੋਰ ਜਿਆਦਾ ਨੁਕਸਾਨ ਕਰ ਸਕਦੀਆਂ ਹਨ । ਬੇਲੋੜੀਆਂ ਜਥੇਬੰਦੀਆਂ, ਸੰਸਥਾਵਾਂ, ਸਭਾ-ਸੁਸਾਇਟੀਆਂ ਨੇ ਸਿੱਖ ਸਮਾਜ਼ ਦੀ ਏਕਤਾ ਦਾ ਘਾਣ ਕਰ ਛੱਡਿਆ ਹੈ। ਇੱਕ ਹੀ ਧਰਮ ਨਾਲ ਸੰਬੰਧਤ ਜਥੇਬੰਦੀਆਂ ਦੀ ਬਹੁ ਗਿਣਤੀ ਸਵਾਲੀਆ ? ਚਿਨ੍ਹ ਹੈ । ਸਿੱਖ ਮੱਤ ਆਪਣੇ ਆਪ ਵਿੱਚ ਇੱਕ ਜਥੇਬੰਦੀ ਹੈ; ਜਿਸਦੀਆਂ ਅੱਜ ਹਜਾਰਾਂ ਸ਼ਾਖਾਵਾਂ ਬਣਾ ਕੇ ਸਿੱਖਾਂ ਨੇ ਖੁਦ ਹੀ ਧਰਮ ਨੂੰ ਕਮਜ਼ੋਰ ਕਰ ਦਿੱਤਾ ਹੈ। ਜਥੇਬੰਦੀਆਂ ਦੀ ਹਾਲਤ ਵੇਖਕੇ ਪਤਾ ਲੱਗਦਾ ਹੈ ਕਿ ਇਹ ਵੀ ਚੌਧਰ ਅਤੇ ਸੁਆਰਥ ਦਾ ਸ਼ਿਕਾਰ ਹਨ ।

 ਸੰਗਤਾਂ ਵਿਚ ਸੇਵਾ ਭਾਵਨਾ ਹੈ ਸੰਗਤਾਂ ਗੁੰਮਰਾਹ ਹੋ ਕੇ ਖੁਲ੍ਹੀ ਮਾਇਆ ਗੁਰਦੁਆਰੇ ਦੇ ਰਹੀਆਂ ਹਨ । ਸੁਆਰਥੀ ਪ੍ਰਬੰਧਕ ਸੰਗਤਾਂ ਦੀ ਭਾਵਨਾ ਨਾਲ ਖਿਲਵਾੜ ਕਰਕੇ ਕਦੀ ਪਾਲਕੀ, ਕਦੀ ਗੁਰਦੁਆਰੇ ਨੂੰ ਹੋਰ ਸੁੰਦਰ ਬਣਾਉਣ, ਕਦੀ ਲੰਗਰ ਲਾਉਣ, ਕਦੀ ਗੁਰਪੁਰਬ ਮਨਾਉਣ, ਕਦੀ ਨੱਗਰ ਕੀਰਤਨ ਕਢਣ ਦੇ ਬਹਾਨੇ ਸੰਗਤ ਤੋਂ ਮਾਇਆ ਬਟੋਰਦੇ ਰਹਿੰਦੇ ਹਨ । ਸੰਗਤਾਂ ਨੂੰ ਗੁਰਮੁਖ ਪ੍ਰਚਾਰਕਾਂ ਰਾਹੀਂ ਗੁਰਬਾਣੀ ਵਿਚਾਰ ਨਾਲ ਜੋੜਨ ਦੀ ਗੱਲ ਨਹੀਂ ਕਰਦੇ। ਸੰਗਤਾਂ ਰੱਬੀ ਰਸ ਵਿਚ ਲੀਨ ਹੋਣਾ ਚਾਹੁੰਦੀਆਂ ਹਨ ਪਰ ਪ੍ਰਬੰਧਕ ਇਸੇ ਇੱਕਠ ਦੇ ਸਹਾਰੇ ਰਾਜਨੀਤਕ ਖੇਤਰ ਵਿਚ ਪ੍ਰਗਟ ਹੋਣਾ ਚਾਹੁੰਦੇ ਹਨ । ਧਰਮ ਦੀ ਸਾਰੀ ਸ਼ਕਤੀ ਸੱਤਾ ਤੱਕ ਪਹੁੰਚਣ ਵਾਸਤੇ ਵਰਤੀ ਜਾ ਰਹੀ ਹੈ। ਕੌਮ ਦੀ ਜਵਾਨੀ ਇਹ ਹਾਲਤ ਵੇਖ ਕੇ ਬਾਣੀ ਬਾਣੇ ਤੋਂ ਮੁਨਕਰ ਹੋਈ ਜਾ ਰਹੀ ਹੈ। ਗੁਰਦੁਆਰੇ ਬਣਾਉਣ ਦਾ ਅਸਲੀ ਮਕਸਦ ਖੋ ਗਿਆ ਹੈ। ਗੁਰਦੁਆਰੇ ਦੇ ਪ੍ਰਬੰਧਕ ਆਪਨੇ ਆਪ ਨੂੰ ਹੁਕਮਰਾਨ ਸਮਝਣ ਲੱਗ ਪਏ ਹਨ, ਇਸ ਹੁਕਮਰਾਨੀ ਸੁਭਾਅ ਨੇ ਪ੍ਰਚਾਰਕ ਸ਼੍ਰੇਣੀ ਨੂੰ ਪ੍ਰਬੰਧਕਾਂ ਦੇ ਜੀ ਹਜੂਰੀਏ ਬਣਾਕੇ ਰੱਖ ਦਿੱਤਾ ਹੈ । ਸੰਗਤਾਂ ਦੇ ਸਹਾਰੇ ਗੁਰਦੁਆਰੇ ਥੋੜਾ ਬਹੁਤ ਕਥਾ ਕੀਰਤਨ ਦਾ ਸਤਸੰਗ ਚੱਲਦਾ ਹੈ । ਜੇ ਪ੍ਰਬੰਧਕ ਕੋਈ ਦੀਵਾਨ ਦਾ ਉਪਰਾਲਾ ਕਰਦੇ ਵੀ ਹਨ ਤਾਂ ਨਾਮੀ ਬੁਲਾਰੇ ਬੁਲਾਕੇ, ਸਾਧਾਂ ਸੰਤਾਂ ਦੇ ਦੀਵਾਨ ਇਸ ਕਰਕੇ ਲਵਾਉਂਦੇ ਹਨ ਕਿ ਵੱਧ ਤੋਂ ਵੱਧ ਸੰਗਤ ਇੱਕਠੀ ਹੋਵੇ ਅਤੇ ਵੱਧ ਤੋਂ ਵੱਧ ਗੋਲਕਾਂ ਭਰਕੇ ਵਾਹ- ਵਾਹ ਖੱਟੀ ਜਾਵੇ । ਅੰਦਰੋਂ ਸਿੱਖੀ ਪ੍ਰਚਾਰ ਦੀ ਕੋਈ ਤੜਫ ਨਹੀਂ ਹੈ ।

 ਕਮਜੋਰੀਆਂ ਭਾਂਵੇਂ ਹਰੇਕ ਕੌਮ ਵਿਚ ਹੁੰਦਿਆਂ ਹਨ ; ਜਿਵੇਂ ਹਿੰਦੂ, ਹਿੰਦੂ ਵਿਚ ਟਕਰਾਉ ਹੈ, ਹਿੰਦੂ ਦੀ ਲੜਾਈ ਦਾ ਮੈਦਾਨ ਬਜਾਰ ਹੈ, ਕਾਰਨ ਆਰਥਕ ਨੇ । ਮੁਸਲਮਾਨ ਵੀ ਮੁਸਲਮਾਨ ਨਾਲ ਲੜ ਰਿਹਾ ਹੈ; ਉਸਦੀ ਲੜਾਈ ਦਾ ਮੈਦਾਨ ਘਰ ਪਰਿਵਾਰ ਹੈ ਜਿਆਦਾ ਸ਼ਾਦੀਆਂ ਕਾਰਨ ਤਲਾਕ ਜੋੜ ਦੀ ਲੜਾਈ ਹੈ । ਸਿੱਖ ਵੀ ਸਿੱਖ ਨਾਲ ਖੂਬ ਲੜ ਰਿਹਾ ਹੈ । ਇਸ ਦੀ ਲੜਾਈ ਦਾ ਮੈਦਾਨ ਗੁਰਦੁਆਰਾ ਹੈ ਅਤੇ ਲੜਾਈ ਦਾ ਕਾਰਨ ਗੋਲਕ ਦੀ ਵਜ੍ਹਾ, ਚੌਧਰ ਦੀ ਭੁੱਖ ਹੈ । ਸੰਗਤਾਂ ਗੁਰੂ ਦਰਬਾਰ ਵਿਚ ਬੈਠ ਕੇ ਆਤਮਾ ਦੀ ਖੁਰਾਕ ਭਜਨ ਬੰਦਗੀ ਕਰਕੇ ਤ੍ਰਿਪਤ ਹੁੰਦਿਆਂ ਨੇ ਅਤੇ ਹੰਕਾਰ ਵਿਚ ਗ੍ਰਸੇ ਪ੍ਰਬੰਧਕ ਦਫ਼ਤਰ ਵਿਚ ਬੈਠ, ਕੁਰਸੀਆਂ ਮੇਜਾਂ ਤੇ ਚਾਹ ਪਕੌੜੇ ਖਾ ਪੀ ਕੇ ਚੌਧਰ ਪੁਣੇ ਦਾ ਨਸ਼ਾ ਪੂਰਾ ਕਰਦੇ ਹਨ । ਗੁਰਦੁਆਰੇ ਆਕੇ ਨਿਮਰਤਾ ਧਾਰਨ ਕਰਨੀ ਸੀ ਪਰ ਪ੍ਰਬੰਧਕ ਹੰਕਾਰ ਦਾ ਪ੍ਰਗਟਾਵਾ ਕਰਦੇ ਹਨ । ਜਿਵੇਂ ਮਝ ਦੇ ਥਣਾਂ ਵਿਚ ਚੰਬੜੀ ਚਿਚੜੀ ਦੁੱਧ ਦੀ ਬਜਾਏ ਖੂਨ ਪੀਂਦੀ ਹੈ, ਇਹ ਹਾਲਤ ਪ੍ਰਬੰਧਕਾਂ ਦੀ ਹੈ ।

 ਗੁਰਦੁਆਰੇ ਪ੍ਰਬੰਧਕੀ ਲੜਾਈ ਨੇ ਧਾਰਮਿਕ ਵਿਕਾਸ ਰੋਕ ਦਿੱਤਾ ਹੈ । ਅਨਮਤੀਆਂ ਦਾ ਵਿਕਾਸ ਚੱਲ ਰਿਹਾ ਹੈ । ਜਣਾ ਖਣਾ ਆਪਣੀ ਰਾਜਨੀਤਕ ਹਵਸ਼ ਦੀ ਪੂਰਤੀ ਲਈ ਗੁਰਦੁਆਰੇ ਨੂੰ ਵਰਤਣਾ ਚਾਹੁੰਦਾ ਹੈ । ਆਮ ਮਨੁਖਾਂ ਨੇ ਹਮੇਸ਼ਾਂ ਆਪਣੇ ਆਗੂਆਂ ਤੋਂ ਪ੍ਰੇਰਨਾ ਲੈਣੀ ਹੁੰਦੀ ਹੈ । ਗੁਰਮੁੱਖ-ਪ੍ਰਚਾਰਕ ਸ਼੍ਰੇਣੀ ਅੱਗੇ ਹੋਕੇ ਚਲਦੀ ਅਤੇ ਸੰਗਤ ਦਾ ਮਾਰਗ ਦਰਸ਼ਨ ਕਰ ਸਕਦੀ ਹੈ, ਪਰ ਪ੍ਰਬੰਧਕ ਆਪ ਹੀ ਆਗੂ ਬਣੇ ਬੈਠੇ ਹਨ ਪੱਲੇ ਕੁਝ ਵੀ ਨਹੀਂ ਨਾ ਗਿਆਨ, ਨਾ ਸਿੱਖੀ ਜੀਵਨ ।ਇਸਾਈ ਧਰਮ ਇਸੇ ਕਰਕੇ ਵਧ ਫੈਲ ਰਿਹਾ ਹੈ ਅਤੇ ਫੈਲਿਆ ਹੈ ਉਹ ਪ੍ਰਚਾਰਕ ਸ਼੍ਰੇਣੀ ਨੂੰ ਆਗੂ ਮੰਨ ਕੇ ਮਗਰ ਚੱਲਦੇ ਹਨ । ਪੋਪ ਨੂੰ ਮੁੱਖ ਮੰਨ ਕੇ ਇਸਾਈਆਂ ਦੇ ਰਾਜਨੀਤਕ, ਪੋਪ ਦੇ ਕਦਮਾਂ ਵਿਚ ਬੈਠ ਗਏ ਹਨ ਪਰ ਸਿਖਾਂ ਦੇ ਰਾਜਨੀਤਕ ਲੋਕ, ਧਰਮ ਪ੍ਰਚਾਰ ਦੇ ਜਿੰਮੇਵਾਰ ਜਥੇਦਾਰ ਤੇ ਪ੍ਰਚਾਰਕ ਸ਼੍ਰੇਣੀ ਦੇ ਸਿਰ ਤੇ ਬੈਠ ਗਏ ਹਨ, ਜਿਸ ਨਾਲ ਸਿੰਘ ਸਾਹਿਬਾਨ ਪ੍ਰਚਾਰਕ ਸ਼੍ਰੇਣੀ ਦੀ ਸਵੈਮਾਣ, ਅਣਖ ਰੂਪੀ ਰੀੜ ਦੀ ਹੱਡੀ ਟੁੱਟ ਗਈ ਹੈ। ਨਾਲਾਇਕ ਪ੍ਰਬੰਧਕੀ ਢਾਂਚੇ ਨੇ ਸਿੰਘ ਸਾਹਿਬਾਨ ਨੂੰ ਨਿਰਪੱਖ ਨਹੀਂ ਰਹਿਣ ਦਿੱਤਾ, ਆਪਣਾ ਗਲਬਾ ਪਾਇਆ ਹੋਇਆ ਹੈ; ਜਿਸ ਕਰਕੇ ਜਥੇਦਾਰਾਂ; ਦੇ ਹੱਥ ਵੱਸ ਕੁਝ ਨਹੀਂ ਹੈ । ਸਿੱਖੀ ਸੋਚ ਵਾਲਿਆਂ ਨੂੰ ਐਸਾ ਦਿੱਸ ਰਿਹਾ ਹੈ ।

 ਪ੍ਰਬੰਧਕਾਂ ਦੀ ਸੌੜੀ ਸੋਚਣੀ ਦੇ ਕਾਰਨ ਗੁਰਬਾਣੀ ਦੀ ਸੁਤੰਤਰ ਸੋਚ ਗੁਰਦੁਆਰੇ ਦੀ ਚਾਰ ਦੀਵਾਰੀ ਵਿਚ ਸੀਮਿਤ ਹੋ ਗਈ ਹੈ।ਦੀਵਾਰਾਂ ਤੋਂ ਬਾਹਰ ਖੜ੍ਹੀ ਨੌਜਵਾਨ ਪੀੜ੍ਹੀ ਧਰਮ ਤੋਂ ਬੇਮੁਖ ਹੋ ਗਈ ਹੈ।

 ਮਹੰਤਾਂ ਨੂੰ ਕਢਣ ਤੋਂ ਬਾਅਦ ਸਿੱਖ ਆਗੂ, ਗੁਰਮਤਿ ਅਨੁਕੂਲ ਪ੍ਰਬੰਧਕੀ ਢਾਂਚਾ ਨਹੀਂ ਸਿਰਜ ਸਕੇ ; ਮਹੰਤਾਂ ਤੋਂ ਬਾਅਦ ਗੁਰਦੁਆਰਾ ਪ੍ਰਬੰਧ ਖੂਹ ਵਿਚੋਂ ਕਢ ਕੇ ਖਾਤੇ ਵਿਚ ਪਾਉਣ ਵਾਲੀ ਗੱਲ ਹੋ ਗਈ ਹੈ । ਅੱਜ ਗੁਰਦੁਆਰਿਆਂ ਤੇ ਕਾਬਜ਼ ਪ੍ਰਬੰਧਕ ਜਿਆਦਾਤਰ ਮਹੰਤਾਂ ਨਾਲੋਂ ਵੀ ਨੀਚ ਹਨ । ਗੁਰਦੁਆਰੇ ਨਾਮ ਬਾਣੀ ਦੇ ਸੋਮੇ ਹੁੰਦੇ ਸਨ, ਹੁਣ ਰਾਜਨੀਤੀ ਦੇ ਅਖਾੜੇ ਬਣੇ ਹੋਏ ਹਨ । ਗੁਰਦੁਆਰੇ ਵਿਚ ਤੇਰ ਮੇਰ ਦੀ ਚੌਧਰ ਦੀ ਲੜਾਈ ਝਗੜੇ ਤੇ ਕਲਾ-ਕਲੇਸ਼ ਦੀਆਂ ਚੰਗਿਆੜੀਆਂ ਜਦੋਂ ਚਾਰ ਦੀਵਾਰੀ ਤੋਂ ਬਾਹਰ ਜਾਂਦੀਆਂ ਹਨ, ਤਾਂ ਪੁਲਿਸ ਜੋੜਿਆਂ ਸਮੇਤ ਗੁਰਦੁਆਰੇ ਅੰਦਰ ਜਾਂਦੀ ਹੈ, ਮੀਡੀਏ ਵਿਚ ਸਿੱਖਾਂ ਦੀ ਬੇਇਜ਼ਤੀ ਹੁੰਦੀ ਹੈ, ਗੁਰਦੁਆਰੇ ਦੀ ਪਾਰਟੀ ਬਾਜੀ ਦੇ ਕੇਸ ਗੋਰਿਆਂ ਦੀਆਂ ਅਦਾਲਤਾਂ ਵਿਚ ਚੱਲ ਰਹੇ ਹਨ, ਗੋਲਕਾਂ ਦਾ ਪੈਸਾ ਧਰਮ ਪ੍ਰਚਾਰ ਦੀ ਬਜਾਏ ਅਦਾਲਤਾਂ ਵਿਚ ਖਰਚ ਕੀਤਾ ਜਾ ਰਿਹਾ ਹੈ । ਵਿਦੇਸ਼ ਦੇ ਲੋਕ ਹੈਰਾਨ ਹਨ ਕਿ ਇਹ ਕੈਸਾ ਧਰਮ ਹੈ, ਜਿਸ ਨੂੰ ਮੰਨਣ ਵਾਲੇ ਇੱਕ ਦੂਜੇ ਦੀ ਜਾਨ ਦੇ ਵੈਰੀ ਦੁਸ਼ਮਣ ਬਣੇ ਹਨ । ਇਹੋ ਜਿਹੀ ਹਾਲਤ ਵਿਚ ਅਸੀਂ ਸਚ ਧਰਮ ਦਾ ਪ੍ਰਚਾਰ ਦੂਜਿਆਂ ਵਿਚ ਕਿਵੇਂ ਕਰਾਂਗੇ, ਸਗੋਂ ਉਹ ਸਾਨੂੰ ਮਜ਼ਾਕ ਕਰਨਗੇ ਕਿ ਜਿਹੜਾ ਧਰਮ ਤੁਹਾਨੂੰ ਮਿਲ ਬੈਠਣਾ ਨਹੀਂ ਸਿਖਾ ਸਕਿਆ, ਉਸਨੂੰ ਅਸੀਂ ਕਿਵੇਂ ਠੀਕ ਮੰਨ ਲਈਏ । ਬੀਮਾਰ ਪ੍ਰਬੰਧਕੀ ਢਾਂਚੇ ਕਰਕੇ ਅਸੀਂ ਗੁਰੂ ਜੀ ਦੇ ਦਿੱਤੇ ਮਹਾਨ ਧਰਮ ਨੂੰ ਬਦਨਾਮ ਕਰ ਰਹੇ ਹਾਂ ।

 ਨੀਤ ਦੇ ਖੋਟੇ ਪ੍ਰਬੰਧਕ ਗੁਰਦੁਆਰੇ ਤੋਂ ਸਿਆਸੀ ਤੇ ਜਾਤੀ ਲਾਭ ਲੈਣਾ ਚਾਹੁੰਦੇ ਹਨ । ਇਸ ਲਈ ਸਿਖ ਪਰਿਵਾਰ ਗੁਰਮਤਿ ਦੇ ਪ੍ਰਭਾਵ ਤੋਂ ਹੀਣੇ ਹੁੰਦੇ ਜਾ ਰਹੇ ਹਨ ਅਤੇ ਪਖੰਡੀ ਸਾਧਾਂ ਸੰਤਾਂ ਦੀ ਝੋਲੀ ਵਿਚ ਡਿਗ ਰਹੇ ਹਨ । ਆਤਮਕ ਸ਼ਾਂਤੀ ਹਰੇਕ ਮਨੁਖ ਦੀ ਲੋੜ ਹੈ ਜੋ ਸਚ ਧਰਮ ਨਾਲ ਜੁੜਿਆਂ ਮਿਲ ਸਕਦੀ ਹੈ, ਉਸਤੋਂ ਪ੍ਰਬੰਧਕੀ ਢਾਂਚੇ ਨੇ ਸੰਗਤਾਂ ਨੂੰ ਵਿਰਵਾ ਕਰ ਦਿੱਤਾ ਹੈ ।

 ਗੰਦੀ ਰਾਜਨੀਤੀ ਦੇ ਹੱਥ ਵਿਚ ਆਏ ਗੁਰਦੁਆਰਿਆਂ ਦੀ ਹਾਲਤ ਪਾਰਲੀਮੈਂਟ ਤੇ ਅਸੈਂਬਲੀ ਹਾਲਾਂ ਜੈਸੀ ਹੁੰਦੀ ਜਾ ਰਹੀ ਹੈ । ਗੁਰਦੁਆਰੇ ਦੇ ਕਰਿੰਦਿਆਂ ਦੀ ਸੀਮਤ ਸੋਚਣੀ, ਸ਼ਰਧਾ ਹੀਣਤਾ, ਤੇ ਧਰਮ ਦੀ ਨਾਵਾਕ੍ਫੀ ਅਤੇ ਕੌੜਾ ਵਿਹਾਰ, ਅਨਮਤੀਆਂ, ਨੌਜਵਾਨ ਪੀੜ੍ਹੀ, ਗੁਰਮਤਿ ਦੀ ਸੋਚ ਵਾਲੇ ਪੰਥ ਦਰਦੀਆਂ ਅਤੇ ਗੁਰਸਿਖ ਰੂਹਾਂ ਦੇ ਦਿਲਾਂ ਤੇ ਗਹਿਰੀ ਸੱਟ ਮਾਰਦਾ ਹੈ । ਹੰਕਾਰੀ ਪ੍ਰਬੰਧਕਾਂ ਨੇ ਅੱਤ ਚੁੱਕ ਲਈ ਹੈ । ਬਹੁਤਾ ਮਾਨ ਸਨਮਾਨ ਤੇ ਧਨ ਪਦਾਰਥ ਮਸੰਦਾਂ ਨੂੰ ਰਾਸ ਨਹੀਂ ਸੀ ਆਇਆ, ਉਹ ਭ੍ਰਿਸ਼ਟ ਹੋ ਗਏ ਸਨ ਸਤਿਗੁਰੂ ਜੀ ਨੇ ਉਨ੍ਹਾਂ ਦਾ ਖਾਤਮਾ ਕਰ ਦਿੱਤਾ ਸੀ, ਉਨ੍ਹਾਂ ਮਸੰਦਾਂ ਦੇ ਕਦਮਾਂ ਚਲਣ ਵਾਲੇ ਪ੍ਰਬੰਧਕਾਂ ਦਾ ਖਾਤਮਾ ਵੀ ਜਰੂਰੀ ਹੈ, ਨਹੀਂ ਤਾਂ ਗੁਰਦੁਆਰੇ ਐਨੇ ਬਦਨਾਮ ਹੋ ਜਾਣਗੇ, ਮਸੰਦਾਂ ਵਾਂਗ ਲੋਕ ਨਫਰਤ ਕਰਨਗੇ ।

 ਜੋ ਕਾਨੂੰਨ ਨਹੀਂ ਪੜਿਆ ਉਹ ਜੱਜ ਨਹੀਂ ਬਣ ਸਕਦਾ, ਜੋ ਅਰਥ ਸ਼ਾਸਤਰ ਨਹੀਂ ਪੜ੍ਹਿਆ ਉਹ ਬੈਂਕ ਦਾ ਮੁਖੀ ਨਹੀਂ ਬਣ ਸਕਦਾ, ਜੋ ਗੁਰਮਤਿ ਗੁਰਬਾਣੀ ਦਾ ਗਿਆਨ ਹਾਸਲ ਕਰਕੇ ਗੁਰਸਿੱਖੀ ਜੀਵਨ ਨਹੀਂ ਜਿਉਂਦਾ ਉਹ ਗੁਰਦੁਆਰੇ ਦਾ ਪ੍ਰਬੰਧਕ ਨਹੀਂ ਬਣ ਸਕਦਾ, ਪਰ ਗੁਰਮਤਿ ਗਿਆਨ ਤੋਂ ਕੋਰੇ ਅਤੇ ਭ੍ਰਿਸ਼ਟ ਮਸੰਦ ਅੱਜ ਗੁਰਦੁਆਰਿਆਂ ਦੇ ਪ੍ਰਬੰਧਕ ਬਣੇ ਬੈਠੇ ਹਨ । ਸਾਨੂੰ ਸੋਚਣਾ ਪਵੇਗਾ ਕਿ ਭਾਈ ਮਨੀ ਸਿੰਘ ਜੀ, ਬਾਬਾ ਬੁੱਢਾ ਜੀ ਵਰਗੇ ਗੁਰਮੁਖ ਪਿਆਰੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਸਨ । ਕਿਥੇ ਅੱਜ ਦੇ ਸੁਆਰਥੀ ਲਾਲਚੀ, ਹੰਕਾਰੀ ਚੌਧਰ ਦੇ ਭੁੱਖੇ ਪ੍ਰਬੰਧਕ ਗੁਰਦੁਆਰੇ ਦਾ ਪ੍ਰਬੰਧ ਵਿਗਾੜ ਰਹੇ ਹਨ, ਗੁਰਸਿੱਖਾਂ ਨਾਲ ਇਨ੍ਹਾਂ ਦਾ ਕੋਈ ਮੇਲ ਨਹੀਂ ਹੈ ।

 ਗੁਰੂ ਗੋਬਿੰਦ ਸਿੰਘ ਜੀ ਨੇ ਸੰਤ ਸਿਪਾਹੀ ਨੂੰ ਜਨਮ ਦਿੱਤਾ; ਸੰਤ- ਜੋ ਦਇਆ ਤੇ ਪ੍ਰੇਮ ਦੀ ਮੂਰਤੀ ਹੈ, ਸਿਪਾਹੀ ਤੋਂ ਭਾਵ ਸੂਰਬੀਰ ਤੇ ਵਿਸ਼ਾਲ ਹੌਂਸਲੇ ਦਾ ਮਾਲਕ ਹੈ, ਪ੍ਰੰਤੂ ਗੁਰਦੁਆਰਾ ਪ੍ਰਬੰਧਕੀ ਢਾਂਚੇ ਵਿਚ ਨਾ ਸੰਤ (ਸ਼ਾਂਤ) ਸੁਭਾਉ ਹੈ, ਨਾ ਸੂਰਬੀਰਤਾ ਤੇ ਹੌਸਲਾ ਹੈ; ਸਿਰਫ ਕੋਰੀ ਰਾਜਨੀਤੀ ਤੇ ਸੁਆਰਥ ਸਿਧੀ ਹੈ, ਗੁਰਦੁਆਰਿਆਂ ਦੀ 95 ਪ੍ਰਤੀਸ਼ਤ ਸ਼ਕਤੀ ਸੁਆਰਥ ਸਿਧ ਰਾਜਨੀਤਕਾਂ ਦੇ ਹੱਥ ਆ ਗਈ ਹੈ, ਜਿਸ ਨਾਲ ਗੁਰਮਤਿ ਪ੍ਰਚਾਰ ਨੂੰ ਗਹਿਰੀ ਸੱਟ ਲੱਗੀ ਹੈ, ਕਿਉਂਕਿ ਧਾਰਮਿਕ ਪ੍ਰਬੰਧ ਗਿਆਨਹੀਂਣ ਰਾਜਨੀਤਕ ਚਲਾ ਰਹੇ ਹਨ, ਇਸ ਕਰਕੇ ਸੂਝਵਾਨ ਹਿਤੈਸ਼ੀ ਪ੍ਰਚਾਰਕ ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚੇ ਤੋਂ ਅੱਡ ਹੋ ਗਏ ਹਨ । ਰੋਜੀ ਰੋਟੀ ਦੀ ਖਾਤਰ ਕੁਝ ਮਜਬੂਰ ਗ੍ਰੰਥੀ ਪ੍ਰਚਾਰਕ ਸ਼੍ਰੇਣੀ ਨੂੰ ਘਰੇਲੂ ਮੁਲਾਜਮਾਂ ਦੀ ਤਰ੍ਹਾਂ ਤਾਨਾਸ਼ਾਹ ਪ੍ਰਬੰਧਕਾਂ ਦੇ ਭੈ ਹੇਠ ਕੰਮ ਕਰਨਾ ਪੈ ਰਿਹਾ ਹੈ। ਇਹ 70 ਸਾਲ ਤੋਂ ਏਦਾਂ ਚੱਲ ਰਿਹਾ ਹੈ । ਬਾਬਾ ਬੁੱਢਾ ਜੀ, ਭਾਈ ਮਨੀ ਸਿੰਘ, ਭਾਈ ਗੁਰਦਾਸ ਜੀ ਵਰਗੇ ਕਿਰਦਾਰ ਆਚਾਰ ਵਾਲੇ ਗੁਰਮੁਖ ਪਿਆਰੇ ਅਜੋਕੇ ਪ੍ਰਬੰਧਕੀ ਢਾਂਚੇ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੋਂ ਦੂਰ ਕਰ ਦਿੱਤੇ ਹਨ; ਉਨ੍ਹਾਂ ਦੀ ਜਗ੍ਹਾ ਬੇਦਖਲ ਕੀਤੇ ਮਸੰਦਾਂ ਨੇ ਪ੍ਰਬੰਧਕਾਂ ਦੇ ਰੂਪ ਵਿਚ ਮੱਲ ਲਈ ਹੈ ; ਜਿਨ੍ਹਾਂ ਦੀ ਪ੍ਰਿਥੀਚੰਦ, ਰਾਮਰਾਏ, ਧੀਰਮੱਲ ਵਾਂਗ ਸਰਕਾਰੇ ਦਰਬਾਰੇ ਭ੍ਰਿਸ਼ਟ ਹਾਕਮਾਂ ਨਾਲ ਜੋਟੀ ਹੈ । ਅਸਲੀ ਪ੍ਰਬੰਧ - ਸੇਵਾ ਦੀ ਹੱਕਦਾਰ, ਗੁਰੂ ਘਰ ਵੱਲੋਂ ਪ੍ਰਵਾਨਿਤ ਪਦਵੀ ਵਾਲੀ ਪ੍ਰਚਾਰਕ ਸ਼੍ਰੇਣੀ ਨੂੰ ਪ੍ਰਬੰਧਕਾਂ ਨੇ ਗੁਲਾਮ ਬਣਾ ਲਿਆ ਹੈ; ਜਿਸ ਕਰਕੇ ਅਤੀ ਸਤਿਕਾਰਤ ਪਦਵੀ ਦੀ ਨਿਰਾਦਰੀ ਹੋ ਰਹੀ ਹੈ। ਗ੍ਰੰਥੀ ਪ੍ਰਚਾਰਕ; ਚੌਥੀ ਸ਼੍ਰੇਣੀ ਦੇ ਮੁਲਾਜ਼ਮ ਬਣ, ਦਬ ਕੇ ਰਹਿ ਗਏ ਹਨ ।

 ਬੀਮਾਰ ਪ੍ਰਬੰਧਕੀ ਢਾਂਚੇ ਦੇ ਕਾਰਨ ਅਪਣੀ ਅਣਖ ਗੈਰਤ ਸਵੈਮਾਨ ਗਵਾ ਚੁੱਕੀ ਪ੍ਰਚਾਰਕ ਸ਼੍ਰੇਣੀ ਆਪਸ ਵਿਚ ਈਰਖਾ ਦਵੈਸ਼ ਤੇ ਖਹਿ ਬਾਜ਼ੀ ਦਾ ਸ਼ਿਕਾਰ ਹੋ ਚੁੱਕੀ ਹੈ । ਇਹ ਸਭ ਖੋਟੇ ਪ੍ਰਬੰਧਕੀ ਨਿਜਾਮ ਦੇ ਸਿੱਟੇ ਹਨ, ਜਿਸਨੇ ਗੁਰੂ ਸਾਹਿਬ ਵੱਲੋਂ ਚਲਾਈ ਰਹੁਰੀਤੀ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ ।

 ਦੀਨ ਇਮਾਨ ਤੋਂ ਕਾਣੇ ਪ੍ਰਬੰਧਕਾਂ ਨੇ ਆਪਣੀਆਂ ਮਨਮਾਨੀਆਂ ਦੇ ਪਾਲੇ ਦੇ ਡਰੋਂ, ਗੁਰਮਤਿ ਪ੍ਰਚਾਰਕਾਂ ਨੂੰ ਆਪਣੇ ਅਨੁਕੂਲ ਕਰ ਲਿਆ ਹੈ, ਜੋ ਮਜਬੂਰੀ ਵੱਸ ਗੋਲ ਮੋਲ ਪ੍ਰਚਾਰ ਕਰਦੇ ਹਨ । ਪ੍ਰਚਾਰਕ ਸ਼੍ਰੇਣੀ ਦੀ ਹਾਲਤ ਬਹੁਤ ਤਰਸਯੋਗ ਕਰ ਦਿੱਤੀ ਗਈ ਹੈ ; ਇਸ ਮੁਸ਼ਕਲ ਵਿਚੋਂ ਪ੍ਰਚਾਰਕ ਸ਼੍ਰੇਣੀ ਨੂੰ ਗੁਰਮਤਿ ਹਿਤੈਸ਼ੀ ਸੰਗਤਾਂ ਤੇ ਨੌਜਵਾਨ ਗੁਰਸਿਖ ਹੀ ਕਢ ਸਕਦੇ ਹਨ ।

 ਦਿਸ਼ਾਹੀਨ ਪ੍ਰਬੰਧਕੀ ਢਾਂਚੇ ਕਾਰਨ ਪ੍ਰਚਾਰ ਦੇ ਦ੍ਰਿਸ਼ਟੀਕੋਣ ਤੋਂ ਬੜੀ ਪ੍ਰਬਲ ਨਿਰਾਸ਼ਾ ਦਿਖਾਈ ਦੇ ਰਹੀ ਹੈ । ਜਿੱਥੇ ਇਸਾਈ ਮਿਸ਼ਨਰੀਆਂ ਨੇ ਇਨ੍ਹਾਂ ਛੇ ਦਹਾਕਿਆਂ ਵਿਚ ਲੱਖਾਂ ਇਸਾਈ ਬਨਾਏ ਹਨ ਅਤੇ ਲੱਖਾਂ ਯੌਰਪੀਅਨ ਸਨਾਤਨ ਮੱਤ ਦੀ ਦੱਸੀ ਧਿਆਨ ਸਾਧਨਾ ਕਰ ਰਹੇ ਹਨ, ਉੱਥੇ ਹਰੇ ਰਾਮਾ ਹਰੇ ਕ੍ਰਿਸ਼ਨਾ ਦੀ ਲਹਿਰ, ਸਵਾਮੀ ਵਿਵੇਕਾ ਨੰਦ ਦਾ ਪ੍ਰਭਾਵ, ਰਜਨੀਸ਼ ਦੇ ਵਿਚਾਰਾਂ ਦਾ ਪ੍ਰਭਾਵ ਪਛਮ ਦੀ ਦੁਨੀਆਂ ਵਿਚ ਮਿਲ ਰਿਹਾ ਹੈ, ਹਰੀ ਓਮ ਦੀ ਧੁਨੀ ਯੂਰਪੀਨ ਲੋਕਾਂ ਦੇ ਕੰਠ ਤੋਂ ਸੁਣਾਈ ਦੇ ਰਹੀ ਹੈ । ਕੁਝ ਦੇਸ਼ਾਂ ਵਿਚ ਮਹਾਤਮਾ ਬੁੱਧ ਦੀ ਛਾਪ ਵੀ ਹੁਣ ਵਧਦੀ ਜਾ ਰਹੀ ਹੈ । ਇਸਦੇ ਮੁਕਾਬਲੇ ਸਿੱਖ ਜੱਗਤ ਵਿਚ 70 ਫੀਸਦੀ ਸਿਖ, ਸਿੱਖੀ ਸਰੂਪ, ਗੁਰਮੁਖੀ ਸੁਭਾਅ, ਤੇ ਸਭਿਆਚਾਰ ਗਵਾ ਬੈਠੇ ਹਨ । ਗੁਰਸਿੱਖੀ ਤੋਂ ਬੇਮੁਖ ਹੋਏ, ਆਪਣੇ ਘਰ ਵਾਪਸ ਪਰਤ ਆਉਣ, ਐਸੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਪਈ ।

 ਜਿਸ ਗੁਰੂ ਦਰ ਤੇ ਆਪਣੇ ਹੰਕਾਰ ਨੂੰ ਅਰਪਨ ਕਰਨਾ ਸੀ ਉਸ ਗੁਰਦੁਆਰੇ ਵਿਚ ਸਿਖ ਪ੍ਰਬੰਧਕ ਪ੍ਰਬਲ ਹੰਕਾਰ ਭਰ ਕੇ ਲੜ ਰਹੇ ਹਨ । ਰਾਜਨੀਤੀ ਦਾ ਸਾਰਾ ਝੂਠ ਫਰੇਬ ਤੇ ਮਕਾਰੀ ਦਾ ਜਾਲ ਗੁਰਦੁਆਰਿਆਂ ਵਿਚ ਪਸਰ ਗਿਆ ਹੈ । ਗੁਰਮਤਿ ਗਿਆਨ ਤੋਂ ਕੋਰੇ ਪ੍ਰਬੰਧਕ ਗੁਰਮਤਿ ਪ੍ਰਚਾਰ ਦੇ ਕੇਂਦਰ ਗੁਰਦੁਆਰੇ ਚਲਾ ਰਹੇ ਹਨ । ਧਾਰਮਿਕ ਸੋਝੀ ਤੋਂ ਹੀਣੇ ਪ੍ਰਬੰਧਕਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਅੰਧੇ ਰਸਤਾ ਦਿਖਾ ਰਹੇ ਹਨ, ਡੁੱਬੇ ਹੋਏ ਪਾਰ ਲਗਾ ਰਹੇ ਹਨ, ਬੀਮਾਰ ਪ੍ਰਬੰਧਕ ਤੰਦਰੁਸਤੀ ਦੀਆਂ ਦਵਾਈਆਂ ਵੰਡ ਰਹੇ ਹਨ । ਗੁਰਦੁਆਰਿਆਂ ਵਿਚ ਪ੍ਰਬੰਧਕਾਂ ਦੀਆਂ ਲੜਾਈਆਂ ਮੀਡੀਏ ਰਾਹੀਂ ਜਦੋਂ ਦੇਸ਼ ਵਿਦੇਸ਼ ਦੇ ਲੋਕ ਦੇਖਦੇ ਹਨ ਤਾਂ ਕਈ ਤਰ੍ਹਾਂ ਦੀਆਂ ਦੰਦ ਕਥਾਵਾਂ ਪ੍ਰਚਲਤ ਹੋ ਰਹੀਆਂ ਹਨ ਕੋਈ ਸਾਨੂੰ ਝਗੜਾਲੂ ਕਿਹਾ ਰਿਹਾ, ਕੋਈ ਤੰਗ ਨਜ਼ਰ, ਤੇ ਕੋਈ ਮੋਟੀ ਅਕਲ ਵਾਲੇ ਕਹਿ ਰਿਹਾ ਹੈ।

 ਜੋ ਪ੍ਰਬੰਧਕ ਗੁਰਦੁਆਰੇ ਦਾ ਦੁਰਉਪਯੋਗ ਕਰ ਰਹੇ ਹਨ ਉਹ ਚੰਡਾਲ ਚੌਂਕੜੀ ਇੱਕਠੀ ਹੈ । ਬੇਈਮਾਨਾਂ ਨੇ ਆਪਸ ਵਿਚ ਹੱਥ ਮਿਲਾਏ ਹੋਏ ਹਨ । ਜਿਨ੍ਹਾਂ ਕੋਲ ਗੁਰਮਤਿ ਗਿਆਨ ਦੀ ਸੋਝੀ ਹੈ ਉਹ ਇੱਕਠੇ ਨਹੀਂ ਹਨ। ਸੁਆਰਥੀ ਪ੍ਰਬੰਧਕ ਸੰਗਠਤ ਹਨ ਜਿਸ ਕਰਕੇ ਸਿੱਖ ਕੌਮ ਨੂੰ ਰਸਾਤਲ ਵਿਚ ਡੇਗ ਰਹੇ ਹਨ ।

ਸੋ ਸਾਰੀ ਵਿਚਾਰ ਅਤੇ ਇਤਹਾਸਕ ਹਵਾਲਿਆਂ ਤੋਂ ਸਾਫ਼ ਹੈ ਕਿ ਸਿੱਖੀ ਦੇ ਸੋਮੇ ਗੁਰਦੁਆਰੇ ਦਾ ਪ੍ਰਬੰਧ ਭ੍ਰਿਸ਼ਟ ਹੋ ਚੁੱਕਾ ਹੈ, ਜਿਸਨੂੰ ਬਿਨਾਂ ਦੇਰੀ ਤੋਂ ਬਦਲਣ ਦੀ ਲੋੜ ਹੈ । ਰਾਜਨੀਤਕ ਹੱਥ-ਕੰਡੇ ਵਰਤਕੇ ਪ੍ਰਬੰਧਕਾਂ ਨੇ ਅਪਣੀ ਪਕੜ ਮਜਬੂਤ ਬਣਾਈ ਹੋਈ ਹੈ । ਇਹਨਾਂ ਨੂੰ ਕਾਨੂੰਨੀ ਕਾਰਵਾਈ ਕਰਕੇ ਜਾਂ ਝਗੜਾ ਕਰਕੇ ਕਢਣਾ ਮੁਸ਼ਕਿਲ ਹੈ; ਗੋਲਕ ਇਨ੍ਹਾਂ ਦੀ ਜਿੰਦਜਾਨ ਹੈ, ਗੁਰਦੁਆਰੇ ਪੈਸੇ ਦਾ ਚੜ੍ਹਾਵਾ ਤੇ ਗੋਲਕ ਤੋਂ ਸੰਕੋਚ ਕਰਨ ਵਾਸਤੇ ਸੰਗਤਾਂ ਨੂੰ ਜਾਗਰਿਤ ਕੀਤਾ ਜਾਵੇ। ਲੋੜ ਨੂੰ ਮੁੱਖ ਰੱਖਕੇ ਰਸਦਾਂ-ਵਸਤਾਂ ਹੀ ਦਿੱਤੀਆਂ ਜਾਣ। ਉਤਸ਼ਾਹੀ ਤੇ ਸੁਧਾਰਕ ਗ੍ਰੰਥੀ, ਪ੍ਰਚਾਰਕ ਸ਼੍ਰੇਣੀ ਨੂੰ ਪ੍ਰਬੰਧਕਾਂ, ਜਥੇਬੰਦੀਆਂ, ਸੰਤ-ਬਾਬਿਆਂ ਨੇ ਅੱਖੋਂ ਪ੍ਰੋਖਾ ਅਤੇ ਕੱਖੋਂ ਹੌਲਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਕਰਕੇ ਸਿੱਖੀ ਦਾ ਅਸਲੀ ਪ੍ਰਚਾਰਕ ਢਾਂਚਾ ਠੱਪ ਹੋ ਕੇ ਰਹਿ ਗਿਆ ਹੈ । ਪ੍ਰਚਾਰ ਦੇ ਵਾਧੇ ਵਾਸਤੇ ਪ੍ਰਚਾਰਕ ਸ਼੍ਰੇਣੀ ਦੇ ਹੱਥ ਮਜਬੂਤ ਕਰਨ ਦੀ ਲੋੜ ਹੈ । ਪ੍ਰਚਾਰਕ ਸ਼੍ਰੇਣੀ ਦਾ ਸਾਥ ਦੇਕੇ ਅਤੇ ਉਨ੍ਹਾਂ ਦਾ ਸਹਿਯੋਗ ਲੈਕੇ ਪ੍ਰਚਾਰ ਦੇ ਖੇਤਰ ਵਿੱਚ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top