Share on Facebook

Main News Page

ਚੰਗੇ ਪ੍ਰਚਾਰਕਾਂ ਦੀ ਸਲਾਹ ਅਤੇ ਗੁਰਬਾਣੀ ਨੂੰ ਤੋੜ ਮਰੋੜ ਕੇ ਪੜ੍ਹਨ ਵਾਲੇ ਰਾਗੀਆਂ ਨੂੰ ਸਵਾਲ ਪੁੱਛੇ ਜਾਣੇ, ਪ੍ਰਬੰਧਕਾਂ ਨੂੰ ਕਿਉਂ ਚੁਭਦੇ ਹਨ?
- ਚੈਨ ਸਿੰਘ ਧਾਲੀਵਾਲ

* ਜੇ ਚੰਗੇ ਪ੍ਰਚਾਰਕ ਦੀ ਚੰਗੀ ਸਲਾਹ ਪ੍ਰਬੰਧਕਾਂ ਨੇ ਨਹੀਂ ਮੰਨਣੀ ਤੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਤੇ ਗਰਬਾਣੀ ਚ ਅਦਲਾ ਬਦਲੀ ਕਰਨ ਵਾਲੇ ਰਾਗੀਆਂ ਜਾਂ ਪ੍ਰਚਾਰਕਾਂ ਦੀ ਗਲਤੀ ਵੱਲ ਧਿਆਨ ਦਿਵਾਉਣ ਲਈ ਸੰਗਤ ਵਿੱਚੋਂ ਕਿਸੇ ਸ੍ਰੋਤੇ ਨੂੰ ਇਜਾਜਤ ਨਹੀਂ ਦੇਣੀ ਤਾਂ ਗੁਰੂ ਕੀ ਗੋਲਕ ਚੋਂ ਖਰਚੇ ਪੈਸੇ ਨਾਲ ਪ੍ਰਚਾਰਕ ਬੁਲਾਉਣ ਅਤੇ ਉਨ੍ਹਾਂ ਤੋਂ ਪ੍ਰਚਾਰ ਕਰਵਾਉਣ ਦਾ ਕੀ ਫਾਇਦਾ ਹੈ?

ਬਠਿੰਡਾ, 27 ਅਗਸਤ (ਕਿਰਪਾਲ ਸਿੰਘ): ਸ. ਚੈਨ ਸਿੰਘ ਧਾਲੀਵਾਲ ਨੇ ਟਰਾਂਟੋ (ਕੈਨੇਡਾ) ਤੋਂ ਫ਼ੋਨ ਤੇ ਸੰਪਰਕ ਕਰਕੇ ਦੱਸਿਆ ਕਿ ਬੀਤੇ 25 ਅਗਸਤ ਤੋਂ ਗੁਰਦੁਆਰਾ ਪ੍ਰਬੰਧਕਾਂ ਦੇ ਸੱਦੇ ਤੇ ਰਾਗੀ ਬਲਵਿੰਦਰ ਸਿੰਘ ਰੰਗੀਲਾ ਗੁਰਦੁਆਰਾ ਅੰਟੋਰੀਓ ਖ਼ਾਲਸਾ ਦਰਬਾਰ ਵਿਖੇ ਕੀਰਤਨ ਕਰਨ ਲਈ ਪਹੁੰਚੇ ਹੋਏ ਹਨ ਜਿਹੜੇ ਇੱਥੇ 2 ਸਤੰਬਰ ਤੱਕ ਸ਼ਬਦ ਕੀਰਤਨ ਕਰਨਗੇ। ਭਾਈ ਰੰਗੀਲਾ ਜੀ ਦਾ ਨਾਮ ਸੁਣ ਕੇ ਉਹ (ਧਾਲੀਵਾਲ) ਵਿਸ਼ੇਸ਼ ਤੌਰ ਤੇ ਦਰਬਾਰ ਚ ਕੀਰਤਨ ਸ੍ਰਵਨ ਕਰਨ ਵਾਸਤੇ ਹਾਜਰੀ ਭਰਨ ਗਏ। ਰਾਗੀ ਰੰਗੀਲਾ ਜੀ ਨੇ ਕੀਰਤਨ ਦੀ ਅਰੰਭਤਾ ਕਰਨ ਸਮੇਂ ਮੂਲ ਮੰਤਰ ਪੜ੍ਹਨ ਸਮੇਂ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਤੱਕ ਸਮਾਪਤੀ ਕਰਨ ਦੀ ਬਜਾਏ ਜਪੁਜੀ ਸਾਹਿਬ ਬਾਣੀ ਦਾ ਸਿਰਲੇਖ ॥ਜਪੁ॥ ਅਤੇ ਇਸ ਤੋਂ ਅਗਲੇ ਸਲੋਕ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥ ਨੂੰ ਵੀ ਮੂਲ ਮੰਤਰ ਦਾ ਹਿੱਸਾ ਬਣਾ ਕੇ ਪੜ੍ਹਿਆ, ਜਿਹੜਾ ਕਿ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿੱਤੇ ਸੰਕੇਤ ਦੀ ਉਲੰਘਣਾ ਹੈ।

ਇਸ ਉਪ੍ਰੰਤ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1395 ਤੇ ਦਰਜ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਭੱਟ ਜਾਲਪ ਦੇ ਉਚਾਰਣ ਕੀਤੇ ਸਵਈਏ ਦਾ ਕੀਰਤਨ ਕੀਤਾ ਜਿਸ ਦੀ ਅਖੀਰਲੀ ਤੁਕ: ਜਾਲਪਾ ਪਦਾਰਥ ਇਤੜੇ, ਗੁਰ ਅਮਰਦਾਸਿ ਡਿਠੈ ਮਿਲਹਿ ॥5॥14॥ ਨੂੰ ਉਹ ਸਥਾਈ ਬਣਾ ਕੇ ਵਾਰ ਵਾਰ ਗਾ ਰਹੇ ਸਨ। ਪਰ ਬੇਧਿਆਨੀ ਚ ਹਰ ਵਾਰ ਉਹ ਗੁਰ ਅਮਰਦਾਸਿ ਡਿਠੈ ਮਿਲਹਿ ਦੀ ਬਜ਼ਾਏ ਗੁਰ ਅਮਰਦਾਸਿ ਜੀ ਜੇ ਮਿਲਹਿ ਪੜ੍ਹਦੇ ਰਹੇ। ਸ: ਚੈਨ ਸਿੰਘ ਧਾਲੀਵਾਲ ਨੇ ਕਿਹਾ ਕਿ ਅੰਤਰਾਸ਼ਟਰੀ ਪੱਧਰ ਦੇ ਰਾਗੀ ਨੂੰ ਮੂਲ ਮੰਤਰ ਦੇ ਸਰੂਪ ਦੀ ਜਾਣਕਾਰੀ ਨਾ ਹੋਣਾ ਤੇ ਗੁਰਬਾਣੀ ਨੂੰ ਬਦਲ ਕੇ ਗਲਤ ਪੜ੍ਹਨਾ ਉਨ੍ਹਾਂ (ਸ: ਧਾਲੀਵਾਲ) ਨੂੰ ਬਹੁਤ ਚੁਭਿਆ ਕਿਉਂਕਿ ਡਿਠੈ ਨੂੰ ਜੀ ਜੇ ਪੜ੍ਹਨ ਨਾਲ ਅਰਥਾਂ ਵਿੱਚ ਢੇਰ ਸਾਰਾ ਅੰਤਰ ਆ ਜਾਂਦਾ ਹੈ।

ਇਸ ਲਈ ਉਨ੍ਹਾਂ ਨੇ ਗੁਰਦੁਆਰਾ ਦੇ ਸਕੱਤਰ ਸ: ਹਰਬੰਸ ਸਿੰਘ ਜੰਡਾਲੀ ਨੂੰ ਬੇਨਤੀ ਕੀਤੀ ਕਿ ਰਾਗੀ ਸਾਹਿਬ ਨੂੰ ਪੁੱਛਿਆ ਜਾਵੇ ਕਿ ਸਿੱਖ ਰਹਿਤ ਮਰਿਆਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਅਨੁਸਾਰ ਮੂਲ ਮੰਤਰ ਦਾ ਸਰੂਪ ਕੀ ਹੈ, ਅਤੇ ਜਿਹੜਾ ਸ਼ਬਦ ਉਹ ਪੜ੍ਹ ਰਹੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਪੰਨੇ ਤੇ ਦਰਜ ਹੈ ਤੇ ਇਸ ਦਾ ਅਸਲ ਸਰੂਪ ਕੀ ਹੈ? ਜੇ ਪੜ੍ਹਦੇ ਸਮੇਂ ਬੇਧਿਆਨੀ ਚ ਕੋਈ ਗਲਤੀ ਹੋਈ ਹੈ, ਤਾਂ ਉਸ ਦੀ ਸੋਧ ਕਰਕੇ ਸੰਗਤਾਂ ਨੂੰ ਜਾਣੂ ਕਰਵਾ ਦਿੱਤਾ ਜਾਵੇ, ਤਾਂ ਕਿ ਸੁਣ ਸੁਣ ਕੇ ਯਾਦ ਕਰਨ ਵਾਲੀ ਸੰਗਤ ਹਮੇਸ਼ਾਂ ਲਈ ਮੂਲ ਮੰਤਰ ਸਬੰਧੀ ਆਪਣੇ ਮਨ ਚ ਸ਼ੰਕੇ ਅਤੇ ਗੁਰਬਾਣੀ ਦੀ ਇਸ ਤੁਕ ਨੂੰ ਗਲਤ ਤੌਰ ਤੇ ਯਾਦ ਕਰਕੇ ਨਾ ਬੈਠ ਜਾਵੇ। ਸਕੱਤਰ ਨੇ ਸਾਫ਼ ਤੌਰ ਤੇ ਨਾਂਹ ਕਰ ਦਿੱਤੀ ਕਿ ਇਥੇ ਰਾਗੀ ਨੂੰ ਕੁਝ ਨਹੀਂ ਪੁੱਛ ਸਕਦੇ, ਜੇ ਤੁਹਾਨੂੰ ਕੋਈ ਸ਼ੰਕਾ ਹੈ ਤਾਂ ਬਾਅਦ ਵਿੱਚ ਦਫ਼ਤਰ ਵਿੱਚ ਪੁੱਛ ਸਕਦੇ ਹੋ? ਸਕੱਤਰ ਨੂੰ ਬੇਨਤੀ ਕੀਤੀ ਕਿ ਬਾਅਦ ਵਿੱਚ ਪੁੱਛਣ ਨਾਲ ਸੰਗਤ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਮੂਲ ਮੰਤਰ ਦਾ ਅਸਲੀ ਸਰੂਪ ਕੀ ਹੈ ਤੇ ਕਿਹੜੀ ਤੁੱਕ ਗਲਤ ਪੜ੍ਹੀ ਗਈ। ਇਸ ਲਈ ਗਲਤੀ ਸੁਧਾਰਣ ਲਈ ਇਹੀ ਸਭ ਤੋਂ ਚੰਗਾ ਮੌਕਾ ਹੈ। ਪਰ ਸਕੱਤਰ ਬਿਲਕੁਲ ਨਾ ਮੰਨਿਆਂ ਤੇ ਰਾਗੀ ਵੱਲੋਂ ਵਾਰ ਵਾਰ ਗਲਤ ਪੜ੍ਹੀ ਜਾ ਰਹੀ ਤੁਕ ਸਬੰਧੀ ਸਵਾਲ ਪੁੱਛਣ ਦਾ ਮੌਕਾ ਨਾ ਦਿੱਤਾ।

ਸ: ਚੈਨ ਸਿੰਘ ਨੇ ਦੱਸਿਆ ਕਿ ਇਸੇ ਗੁਰਦੁਆਰੇ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਪ੍ਰਚਾਰ ਕਰਕੇ ਗਏ ਸਨ। ਉਨ੍ਹਾਂ ਨੂੰ ਮੈਂ ਦਫ਼ਤਰ ਵਿੱਚ ਪ੍ਰਬੰਧਕੀ ਕਮੇਟੀ ਦੇ ਸਾਹਮਣੇ ਪੁੱਛ ਲਿਆ ਕਿ ਤੁਸੀਂ ਇੱਥੇ ਪੰਜ ਦਿਨ ਪ੍ਰਚਾਰ ਕੀਤਾ ਹੈ ਤੇ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਤੇ ਜੋਰ ਦਿੰਦੇ ਰਹੇ ਹੋ। ਪਰ ਤੁਹਾਡੇ ਪ੍ਰਚਾਰ ਤੋਂ ਪਿਛੋਂ ਤੁਹਾਡੇ ਸਾਹਮਣੇ ਹੀ ਜਦੋਂ ਚੌਪਈ ਦਾ ਪਾਠ ਕੀਤਾ ਜਾਂਦਾ ਹੈ ਤਾਂ ਪਾਠੀ ਉਹ ਸਾਰੇ ਦੋਹਰੇ, ਅੜਿਲ ਤੇ ਚੌਪਈ ਪੜ੍ਹਦਾ ਹੈ ਜਿਹੜੇ ਸਿੱਖ ਰਹਿਤ ਮਰਿਆਦਾ ਵਿੱਚ ਪ੍ਰਵਾਨ ਨਹੀਂ ਹਨ। ਪ੍ਰਬੰਧਕਾਂ ਨੂੰ ਪੁੱਛੋ ਕਿ ਕੀ ਇਹ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਠੀਕ ਹੈ। ਪ੍ਰੋ: ਧੂੰਦਾ ਜੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਪ੍ਰਬੰਧਕਾਂ ਨੂੰ ਕਿਹਾ ਕਿ ਬਾਬਾ ਜੀ ਠੀਕ ਕਹਿ ਰਹੇ ਹਨ, ਇਹ ਨਹੀਂ ਪੜ੍ਹਨੇ ਚਾਹੀਦੇ।

ਅਗਲੇ ਦਿਨ ਗੁਰਦੁਆਰੇ ਦਾ ਪ੍ਰਧਾਨ ਸ: ਜਸਜੀਤ ਸਿੰਘ ਭੁੱਲਰ ਮੇਰੇ ਨਾਲ ਬਹੁਤ ਗੁੱਸੇ ਹੋਇਆ, ਕਿ ਬਾਹਰੋਂ ਆਏ ਪ੍ਰਚਾਰਕ ਦੇ ਸਾਹਮਣੇ ਤੁਸੀਂ ਇਹ ਸਵਾਲ ਪੁੱਛ ਕੇ ਸਾਡੀ ਬੇਇਜਤੀ ਕੀਤੀ ਹੈ? ਸ: ਚੈਨ ਸਿੰਘ ਨੇ ਕਿਹਾ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਚੰਗੇ ਪ੍ਰਚਾਰਕਾਂ ਦੀ ਸਲਾਹ ਅਤੇ ਗੁਰਬਾਣੀ ਨੂੰ ਤ੍ਰੋੜ ਮ੍ਰੋੜ ਕੇ ਪੜ੍ਹਨ ਵਾਲੇ ਰਾਗੀਆਂ ਨੂੰ ਸਵਾਲ ਪੁੱਛੇ ਜਾਣੇ ਪ੍ਰਬੰਧਕਾਂ ਨੂੰ ਕਿਉਂ ਚੁਭਦੇ ਹਨ? ਉਨ੍ਹਾਂ ਕਿਹਾ ਕਿ ਜੇ ਚੰਗੇ ਪ੍ਰਚਾਰਕ ਦੀ ਚੰਗੀ ਸਲਾਹ ਪ੍ਰਬੰਧਕਾਂ ਨੇ ਬੇਇਜਤੀ ਸਮਝਣੀ ਹੈ, ਤੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਤੇ ਗਰਬਾਣੀ ਚ ਅਦਲਾ ਬਦਲੀ ਕਰਨ ਵਾਲੇ ਰਾਗੀਆਂ ਜਾਂ ਪ੍ਰਚਾਰਕਾਂ ਦੀ ਗਲਤੀ ਵੱਲ ਧਿਆਨ ਦਿਵਾਉਣ ਲਈ ਸੰਗਤ ਵਿੱਚੋਂ ਕਿਸੇ ਸ੍ਰੋਤੇ ਨੂੰ ਇਜਾਜ਼ਤ ਨਹੀਂ ਦੇਣੀ, ਤਾਂ ਗੁਰੂ ਕੀ ਗੋਲਕ ਚੋਂ ਖਰਚੇ ਪੈਸੇ ਨਾਲ ਪ੍ਰਚਾਰਕ ਬੁਲਾਉਣ ਅਤੇ ਉਨ੍ਹਾਂ ਤੋਂ ਪ੍ਰਚਾਰ ਕਰਵਾਉਣ ਦਾ ਕੀ ਫਾਇਦਾ ਹੈ?


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top