Share on Facebook

Main News Page

ਗੁਰਬਾਣੀ ਦੇ ਅਰਥ ਗੁਰਬਾਣੀ ’ਚੋਂ ਸਮਝਣ ਦੀ ਥਾਂ, ਇਨ੍ਹਾਂ ਨੂੰ ਬੜੇ ਹੀ ਹਲਕੇ ਦੁਨਿਆਵੀ ਅਰਥਾਂ ਵਿਚ ਕਰਕੇ, ਗੁਰਬਾਣੀ ਦਾ ਅਸਲੀ ਮਨੋਰਥ ਤੇ ਭਾਵਨਾ ਹੀ ਗੁਆਈ ਜਾ ਰਹੀ ਹੈ
-
ਭਾਈ ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ.

ਬਠਿੰਡਾ, ੧ ਸਤੰਬਰ (ਕਿਰਪਾਲ ਸਿੰਘ): ਗੁਰਬਾਣੀ ’ਚ ਸ਼ਬਦਾਵਲੀ ਤਾਂ ਦੁਨਿਆਵੀ ਵਰਤੀ ਗਈ ਹੈ ਪਰ ਇਸ ਦੇ ਭਾਵ ਅਰਥ ਹੋਰ ਹਨ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ: ‘ਅਜੁ ਨ ਸੁਤੀ ਕੰਤ ਸਿਉ, ਅੰਗੁ ਮੁੜੇ ਮੁੜਿ ਜਾਇ ॥ ਜਾਇ ਪੁਛਹੁ ਡੋਹਾਗਣੀ, ਤੁਮ ਕਿਉ ਰੈਣਿ ਵਿਹਾਇ ॥੩੦॥’ (ਸਲੋਕ ਫ਼ਰੀਦ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ ੧੩੭੯) ਦੀ ਵਿਆਖਿਆ ਕਰਦੇ ਹੋਏ ਟਾਈਗਰ ਜਥਾ ਯੂ ਕੇ ਦੇ ਭਾਈ ਪ੍ਰਭਦੀਪ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਨ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਆਮ ਤੌਰ ’ਤੇ ਇਸ ਦੇ ਬੜੇ ਹਲਕੇ ਜਿਹੇ ਦੁਨਿਆਵੀ ਅਰਥ ਕਰਦੇ ਹੋਏ ਕਹਿ ਦਿੱਤਾ ਜਾਂਦਾ ਹੈ ਕਿ ਇੱਕ ਸੁਹਾਗਣ ਔਰਤ ਕਹਿੰਦੀ ਹੈ ਕਿ ਮੈਂ ਤਾਂ ਅੱਜ ਰਾਤ ਹੀ ਆਪਣੇ ਪਤੀ ਨਾਲ ਨਹੀਂ ਸੁੱਤੀ ਇਸ ਲਈ ਮੇਰੇ ਅੰਗ ਮੁੜ ਮੁੜ ਜਾ ਰਹੇ ਹਨ, ਉਨ੍ਹਾਂ ਦੁਹਾਗਣਾਂ ਜਿਨ੍ਹਾਂ ਨੇ ਕਦੀ ਆਪਣੇ ਪਤੀ ਦਾ ਸਾਥ ਮਾਣਿਆ ਹੀ ਨਹੀਂ, ਨੂੰ ਜਾ ਕੇ ਪੁੱਛੋ ਕਿ ਉਹ ਆਪਣੀ ਹਰੇਕ ਰਾਤ ਹੀ ਕਿਵੇਂ ਲੰਘਾਉਂਦੀਆਂ ਹਨ?

  ਮਿਰਜ਼ੇ ਦੀ ਤਰਜ਼ 'ਤੇ ਆਸਾ ਕੀ ਵਾਰ ਗਾਉਂਦਾ ਢੱਡਰੀ ਵਾਲਾ ਸਾਧ

 

ਭਾਈ ਪ੍ਰਭਦੀਪ ਸਿੰਘ ਨੇ ਕਿਹਾ ਪਰ ਇਸ ਸ਼ਲੋਕ ਵਿਚ ਬਾਬਾ ਫ਼ਰੀਦ ਜੀ ਦਾ ਇਹ ਭਾਵ ਬਿਲਕੁਲ ਨਹੀਂ ਹੈ। ਬਾਬਾ ਫ਼ਰੀਦ ਜੀ ਦਾ ਭਾਵ ਸਮਝਣ ਲਈ ਇਸਤਰੀ, ਕੰਤ, ਸੁੱਤੀ, ਅੰਗ, ਦੁਹਾਗਣੀ ਅਤੇ ਰੈਣਿ ਦੇ ਅਰਥ ਗੁਰਬਾਣੀ ਵਿਚੋਂ ਸਮਝਣੇ ਪੈਣਗੇ। ਉਨ੍ਹਾਂ ਕਿਹਾ ਉਸ ਸਮੇਂ ਇਸਤਰੀ ਜਾਤੀ ਨੂੰ ਬੜੀ ਹੀ ਨੀਵੀਂ, ਅਬਲਾ ਤੇ ਮੱਤਹੀਣ ਸਮਝ ਕੇ ਮਾੜਾ ਸਮਝਿਆ ਜਾਂਦਾ ਸੀ ਜਿਸ ਨੂੰ ਧਾਰਮਿਕ ਕਰਮ ਕਰਨ ਦਾ ਵੀ ਕੋਈ ਹੱਕ ਨਹੀਂ ਸੀ। ਪਰ ਇਸਤਰੀ ’ਚ ਮਰਦ ਨਾਲੋਂ ਨਿਮਰਤਾ, ਪਿਆਰ, ਆਪਾ ਸਮਰਪਣ ਤੇ ਸੇਵਾ ਭਾਵਨੀ ਆਦਿ ਦੇ ਗੁਣਾਂ ਦੀ ਮਰਦ ਨਾਲੋਂ ਬਹੁਤਾਤ ਹੈ। ਇਨ੍ਹਾਂ ਗੁਣਾਂ ਕਾਰਨ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਦਿੱਤਾ ਕਿ ਜੇ ਮਨੁੱਖ ਪ੍ਰਭੂ ਨੂੰ ਪਾਉਣਾ ਚਾਹੁੰਦਾ ਹੈ ਤਾਂ ਉਹ ਪ੍ਰਭੂ ਨੂੰ ਆਪਣਾ ਪਤੀ ਸਮਝ ਕੇ ਇਸਤਰੀ ਵਾਲੇ ਗੁਣ ਧਾਰਨ ਕਰੇ। ਇਸ ਲਈ ਗੁਰਬਾਣੀ ਅਨੁਸਾਰ ਅਸੀਂ ਸਾਰੇ ਹੀ (ਬੇਸ਼ੱਕ ਮਰਦ ਹਾਂ ਜਾਂ ਔਰਤਾਂ) ਜੀਵ ਇਸਤਰੀਆਂ ਹੀ ਹਾਂ ਤੇ ਪ੍ਰਭੂ ਸਾਡਾ ਸਾਂਝਾ ਭਰਤਾ ਹੈ: ‘ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥’ (ਭੈਰਉ ਮ: ੩, ਗੁਰੂ ਗ੍ਰੰਥ ਸਾਹਿਬ ਪੰਨਾ ੧੧੨੮)। ‘ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ॥’ (ਵਡਹੰਸ ਕੀ ਵਾਰ ਮ: ੩ ਗੁਰੂ ਗ੍ਰੰਥ ਸਾਹਿਬ -ਪੰਨਾ ੫੯੧)।

ਸੰਗੀਤ ਨੂੰ ਉਨ੍ਹਾਂ ਸਮਿਆਂ ਵਿਚ ਕਾਮ ਉਕਸਾਊ ਤੇ ਨਸ਼ਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵਰਤਿਆ ਜਾਂਦਾ ਸੀ ਇਸ ਕਾਰਨ ਇਸਲਾਮ ’ਚ ਸੰਗੀਤ ਵਿਵਰਜਿਤ ਹੈ। ਜਿੱਥੇ ਵੀ ਸੰਗੀਤ ਗਾਇਆ ਜਾਂਦਾ ਸੀ ਉਸ ਦੀ ਭਾਵਨਾ ਮੁੱਖ ਤੌਰ ’ਤੇ ਇਸਤਰੀ ਜਾਤੀ ਨੂੰ ਨੀਵਾਂ ਵਿਖਾਉਣ ਵਾਲੀ ਹੁੰਦੀ ਹੈ। ਪਰ ਜਿਸ ਸੰਗੀਤ ਰਾਹੀਂ ਔਰਤ ਨੂੰ ਮਾੜਾ ਤੇ ਨੀਚ ਵਿਖਾਇਆ ਜਾਂਦਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਸੰਗੀਤ ਨੂੰ ਉਸ ਦੀ ਵਡਿਆਈ ਕਰਨ ਲਈ ਵਰਤਿਆ ਤੇ ਸੰਗੀਤ ਨਾਲ ਮਿਲਾ ਕੇ ਗਾਇਆ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥
’ (ਆਸਾ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੪੭੩)।

ਜਿਸ ਸ਼ਰਾਬ ਪੀਣ ਨਾਲ ਮਤ ਦੂਰ ਹੁੰਦੀ ਹੈ ਤੇ ਮਨੁੱਖ ਨੂੰ ਵਿਕਾਰ ਭੋਗਣ ਲਈ ਉਤਸ਼ਾਹਿਤ ਕਰਦੀ ਹੈ, ਗੁਰੂ ਸਾਹਿਬ ਜੀ ਨੇ ਉਸ ਦੇ ਪੀਣ ਨੂੰ ਮਾੜਾ ਦੱਸ ਕੇ ਉਪਦੇਸ਼ ਦਿੱਤਾ ਕਿ ਜੇ ਤੂੰ ਸ਼ਰਾਬ ਪੀਣੀ ਹੀ ਹੈ ਤਾਂ ਆ ਮੈਂ ਤੈਨੂੰ ਅਸਲੀ ਸ਼ਰਾਬ ਬਣਾਉਣ ਦਾ ਤਰੀਕਾ ਦੱਸਾਂ: ‘ਆਸਾ ਮਹਲਾ ੧ ॥ ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥’ (ਹੇ ਜੋਗੀ!) ਪ੍ਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤ ਨੂੰ ਮਹੂਏ ਦੇ ਫ਼ੁਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਹਨਾਂ ਵਿਚ) ਰਲਾ ਦੇ। ਸਰੀਰਕ ਮੋਹ ਨੂੰ ਸਾੜ-ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿਚ ਪਿਆਰ ਜੋੜ-ਇਹ ਹੈ ਉਹ ਠੰਢਾ ਪੋਚਾ ਜੋ ਅਰਕ ਵਾਲੀ ਨਾਲੀ ਉੱਤੇ ਫੇਰਨਾ ਹੈ। ਇਸ ਸਾਰੇ ਮਿਲਵੇਂ ਰਸ ਵਿਚੋਂ (ਅਟੱਲ ਆਤਮਿਕ ਜੀਵਨ ਦਾਤਾ) ਅੰਮ੍ਰਿਤ ਨਿਕਲੇਗਾ ॥੧॥

ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥ ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥’ ਜੇ ਜੋਗੀ! (ਤੁਸੀਂ ਸੁਰਤ ਨੂੰ ਟਿਕਾਣ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ; ਤੇ ਸੁਰਤ ਮੁੜ ਉੱਖੜ ਜਾਂਦੀ ਹੈ) ਅਸਲ ਮਸਤਾਨਾ ਉਹ ਮਨ ਹੈ ਜੋ ਪ੍ਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ (ਸਿਮਰਨ ਦਾ ਆਨੰਦ ਮਾਣਦਾ ਹੈ) ਜੋ (ਸਿਮਰਨ ਦੀ ਬਰਕਤਿ ਨਾਲ) ਅਡੋਲਤਾ ਦੇ ਹੁਲਾਰਿਆਂ ਵਿਚ ਟਿਕਿਆ ਰਹਿੰਦਾ ਹੈ, ਜਿਸ ਨੂੰ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਇਤਨੀ ਲਿਵ ਲਗਦੀ ਹੈ ਕਿ ਦਿਨ ਰਾਤ ਬਣੀ ਰਹਿੰਦੀ ਹੈ, ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ ॥੧॥ ਰਹਾਉ ॥ (ਆਸਾ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੩੬੦)

ਸਾਡੇ ਸਰੀਰਕ ਅੰਗ ਹਨ ਹੱਥ, ਪੈਰ, ਕੰਨ, ਅੱਖਾਂ, ਜੀਭ ਜਿਨ੍ਹਾਂ ਨਾਲ ਕੰਮ ਕਰਨ, ਸੁਣਨ, ਵੇਖਣ ਦਾ ਕੰਮ ਲੈਂਦੇ ਹਾਂ ਪਰ ਪ੍ਰਭੂ ਨੂੰ ਮਿਲਣ ਲਈ ਇਨ੍ਹਾਂ ਸਰੀਰਕ ਅੰਗਾਂ ਦੀ ਲੋੜ ਨਹੀਂ। ਫ਼ੁਰਮਾਨ ਹੈ:
ਸਲੋਕੁ ਮ: ੨ ॥ ਅਖੀ ਬਾਝਹੁ ਵੇਖਣਾ, ਵਿਣੁ ਕੰਨਾ ਸੁਨਣਾ ॥ ਪੈਰਾ ਬਾਝਹੁ ਚਲਣਾ, ਵਿਣੁ ਹਥਾ ਕਰਣਾ ॥

ਜੀਭੈ ਬਾਝਹੁ ਬੋਲਣਾ, ਇਉ ਜੀਵਤ ਮਰਣਾ ॥ ਨਾਨਕ ਹੁਕਮੁ ਪਛਾਣਿ ਕੈ, ਤਉ ਖਸਮੈ ਮਿਲਣਾ ॥੧॥’ ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਪ੍ਰਭੂ ਦੀ ਸਿਫ਼ਤ ਸਾਲਾਹ ਸੁਣਨ ਲਈ ਇਹ ਕੰਨ ਵਰਤੀਏ), ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ), ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਪ੍ਰਭੂ ਦੇ ਗੁਣ ਗਾਇਣ ਕਰਨ ਦਾ ਕੰਮ ਲਈਏ), -ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ। ਹੇ ਨਾਨਕ! ਇਸ ਤਰ੍ਹਾਂ ਜੇ ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ॥੧॥

ਗੁਰਬਾਣੀ ਦੇ ਅੰਗ ਕਿਹੜੇ ਹਨ- ਉਹ ਦੂਸਰੇ ਸਲੋਕ ਵਿਚ ਇੰਝ ਬਿਆਨ ਕੀਤੇ ਗਏ ਹਨ:

ਮ: ੨ ॥ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥ ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥

(ਪ੍ਰਮਾਤਮਾ ਕੁਦਰਤ ਵਿਚ ਵੱਸਦਾ) ਦਿੱਸ ਰਿਹਾ ਹੈ, (ਉਸ ਦੀ ਜੀਵਨ-ਰੌ ਸਾਰੀ ਰਚਨਾ ਵਿਚ) ਸੁਣੀ ਜਾ ਰਹੀ ਹੈ, (ਉਸ ਦੇ ਕੰਮਾਂ ਤੋਂ) ਜਾਪ ਰਿਹਾ ਹੈ (ਕਿ ਉਹ ਕੁਦਰਤ ਵਿਚ ਮੌਜੂਦ ਹੈ, ਫਿਰ ਭੀ ਉਸ ਦੇ ਮਿਲਾਪ ਦਾ) ਸੁਆਦ (ਜੀਵ ਨੂੰ) ਹਾਸਲ ਨਹੀਂ ਹੁੰਦਾ। (ਇਹ ਕਿਉਂ?) ਇਸ ਵਾਸਤੇ ਕਿ ਪ੍ਰਭੂ ਨੂੰ ਮਿਲਣ ਲਈ (ਜੀਵ ਦੇ) ਨਾਹ ਪੈਰ ਹਨ, ਨਾਹ ਹੱਥ ਹਨ ਤੇ ਨਾਹ ਅੱਖਾਂ ਹਨ (ਫਿਰ ਇਹ) ਕਿਵੇਂ ਭੱਜ ਕੇ (ਪ੍ਰਭੂ ਦੇ) ਗਲ ਜਾ ਲੱਗੇ? ਇਸ ਦਾ ਜਵਾਬ ਅਗਲੀਆਂ ਤੁਕਾਂ ਵਿਚ ਦਿੱਤਾ ਹੈ:

ਭੈ ਕੇ ਚਰਣ, ਕਰ ਭਾਵ ਕੇ, ਲੋਇਣ ਸੁਰਤਿ ਕਰੇਇ ॥ ਨਾਨਕੁ ਕਹੈ ਸਿਆਣੀਏ, ਇਵ ਕੰਤ ਮਿਲਾਵਾ ਹੋਇ ॥੨॥

ਜੇ (ਜੀਵ ਪ੍ਰਭੂ ਦੇ) ਡਰ (ਵਿਚ ਤੁਰਨ) ਨੂੰ (ਆਪਣੇ) ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ (ਪ੍ਰਭੂ ਦੀ) ਯਾਦ (ਵਿਚ ਜੁੜਨ) ਨੂੰ ਅੱਖਾਂ ਬਣਾਏ, ਤਾਂ ਨਾਨਕ ਆਖਦਾ ਹੈ- ਹੇ ਸਿਆਣੀ (ਜੀਵ-ਇਸਤ੍ਰੀਏ)! ਇਸ ਤਰ੍ਹਾਂ ਖਸਮ-ਪ੍ਰਭੂ ਨਾਲ ਮੇਲ ਹੁੰਦਾ ਹੈ ॥੨॥ (ਮਾਝ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੧੩੯)

ਰੈਣਿ ਦਾ ਦੁਨਿਆਵੀ ਅਰਥ ਹੈ ਰਾਤ ਜਿਸ ’ਚ ਹਨੇਰਾ ਹੁੰਦਾ ਹੈ। ਪਰ ਗੁਰਬਾਣੀ ਵਿਚ ਰੈਣਿ ਦਾ ਅਰਥ ਹੈ ਜੁਆਨੀ ਕਾਰਨ ਅਗਿਆਨਤਾ ਹੈ। ਜਿਵੇਂ ਰਾਤ ਹਨੇਰੇ ਕਾਰਨ ਕਾਲੀ ਹੁੰਦੀ ਹੈ ਇਸੇ ਤਰ੍ਹਾਂ ਜੁਆਨੀ ਵਿਚ ਜਿੱਥੇ ਸਾਡੇ ਕੇਸ ਦਾੜ੍ਹੀ ਕਾਲੀ ਹੁੰਦੀ ਹੈ ਉੱਥੇ ਅਗਿਆਨਤਾ ਦਾ ਹਨੇਰਾ ਵੀ ਪਸਰਿਆ ਹੁੰਦਾ ਹੈ ਤੇ ਇਸ ਲਈ ਰੱਬ ਨਾਲੋਂ ਟੁੱਟਣ ਵਾਲੇ ਜਿੰਨੇ ਕੰਮ ਹਨ, ਜਿਵੇਂ ਕਾਮ, ਹੰਕਾਰ, ਨਸ਼ੇ ਆਦਿ ਇਹ ਸਭ ਜੁਆਨੀ ਵਿਚ ਹੀ ਕੀਤੇ ਜਾਂਦੇ ਹਨ। ਦੁਹਾਗਣ ਦਾ ਅਰਥ ਹੈ ਮਾੜੇ ਭਾਗਾਂ ਵਾਲੀ। ਸੁੱਤੀ ਦਾ ਅਰਥ ਹੈ ਸੁਰਤੀ। ਸੋ ਗੁਰਬਾਣੀ ਦੇ ਇਨ੍ਹਾਂ ਅਰਥਾਂ ਅਨੁਸਾਰ ਜੇ ਅਸੀਂ ਬਾਬਾ ਫ਼ਰੀਦ ਜੀ ਦੇ ਵਿਚਾਰ ਅਧੀਨ ਸਲੋਕ ਦੇ ਅਰਥ ਕਰਾਂਗੇ ਤਾਂ ਇਸ ਦੇ ਅਰਥ ਬਣਦੇ ਹਨ:

ਅਜੁ ਨ ਸੁਤੀ ਕੰਤ ਸਿਉ, ਅੰਗੁ ਮੁੜੇ ਮੁੜਿ ਜਾਇ ॥ ਜਾਇ ਪੁਛਹੁ ਡੋਹਾਗਣੀ, ਤੁਮ ਕਿਉ ਰੈਣਿ ਵਿਹਾਇ ॥੩੦॥

ਮੇਰੀ ਸੁਰਤੀ ਤਾਂ (ਕੇਵਲ) ਅੱਜ (ਹੀ) ਪਿਆਰੇ ਪਤੀ-ਪਰਮਾਤਮਾ ਵਿਚ ਲੀਨ ਨਹੀਂ ਹੋਈ, ਤੇ ਹੁਣ) ਇਉਂ ਹੈ ਜਿਵੇਂ ਮੇਰੇ ਅੰਗ ਪ੍ਰਭੂ ਪਾਸੋਂ ਮੁੜ ਮੁੜ ਜਾ ਰਹੇ ਹਨ। ਕਿਉਂਕਿ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਪ੍ਰਭੂ ਦੇ ਡਰ ਵਿਚ ਤੁਰਨ ਵਾਲੇ ਮੇਰੇ ਪੈਰਾਂ ਦਾ ਡਰ ਖ਼ਤਮ ਹੋ ਗਿਆ ਹੈ ਤੇ ਹੁਣ ਮੰਦੇ ਪਾਸੇ ਤੁਰਨ ਲੱਗ ਪਏ ਹਨ। ਪਿਆਰ ਵਿਚ ਕੰਮ ਕਰਨ ਵਾਲੇ ਮੇਰੇ ਹੱਥ ਚੰਗਾਈ ਕਰਨ ਤੋਂ ਹਟ ਗਏ ਹਨ (ਪ੍ਰਭੂ ਦੀ) ਯਾਦ (ਵਿਚ ਜੁੜਨ) ਵਾਲੀਆਂ ਅੱਖਾਂ ਪਰਾਇਆ ਰੂਪ ਤੱਕਣ ਲੱਗ ਪਈਆਂ ਹਨ। ਛੁੱਟੜਾਂ ਮੰਦ-ਭਾਗਣਾਂ ਜਿਨ੍ਹਾਂ ਨੇ ਜੁਆਨੀ ਕਾਰਨ ਕਿਤੇ ਪ੍ਰਭੂ ਨਾਲ ਸੁਰਤੀ ਜੋੜੀ ਹੀ ਨਹੀਂ ਉਨ੍ਹਾਂ ਨੂੰ ਪੁੱਛੋ ਕਿ ਤੁਹਾਡੀ ਸਾਰੀ ਜ਼ਿੰਦਗੀ ਰੂਪੀ ਰਾਤ ਕਿਵੇਂ ਬੀਤਦੀ ਹੈ (ਭਾਵ, ਮੈਨੂੰ ਤਾਂ ਅੱਜ ਹੀ ਥੋੜ੍ਹਾ ਚਿਰ ਪ੍ਰਭੂ ਵਿੱਸਰਿਆ ਹੈ ਤੇ ਮੈਂ ਦੁਖੀ ਹਾਂ। ਜਿਨ੍ਹਾਂ ਕਦੇ ਭੀ ਉਸ ਨੂੰ ਯਾਦ ਨਹੀਂ ਕੀਤਾ, ਉਨ੍ਹਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ) ॥੩੦॥

ਭਾਈ ਪ੍ਰਭਦੀਪ ਸਿੰਘ ਨੇ ਕਿਹਾ ਕਿ ਗੁਰਬਾਣੀ ਦੇ ਅਰਥ ਗੁਰਬਾਣੀ ’ਚੋਂ ਸਮਝਣ ਦੀ ਥਾਂ ਇਨ੍ਹਾਂ ਨੂੰ ਬੜੇ ਹੀ ਹਲਕੇ ਦੁਨਿਆਵੀ ਅਰਥਾਂ ਵਿਚ ਕਰ ਕੇ ਗੁਰਬਾਣੀ ਦਾ ਅਸਲੀ ਮਨੋਰਥ ਤੇ ਭਾਵਨਾ ਹੀ ਗੁਆਈ ਜਾ ਰਹੀ ਹੈ। ਭਾਈ ਪ੍ਰਭਦੀਪ ਸਿੰਘ ਜੀ ਵੱਲੋਂ ਕੀਤੀ ਕਥਾ ਦਾ ਇੱਕ ਭਾਗ ਯੂ ਟਿਊਬ ਦੇ ਹੇਠਾਂ ਦਿੱਤੇ ਲਿੰਕ ਦੇ ਇਸ ਲਿੰਕ ’ਤੇ ਸੁਣੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top