Share on Facebook

Main News Page

ਵਿੱਦਿਆ ਕੇਂਦਰਾਂ ਦਾ ਆਰਥਿਕ ਅੱਤਿਆਚਾਰ
- ਇਕਵਾਕ ਸਿੰਘ ਪੱਟੀ

ਮਾਪੇ ਬਹੁਤ ਮੁਸ਼ਕਿਲ ਨਾਲ ਆਪਣੇ ਬੱਚਿਆਂ ਨੂੰ ਵਧੀਆ ਮੰਨੇ ਜਾਂਦੇ ਸਕੂਲਾਂ ਵਿੱਚ ਪੜ੍ਹਾ ਰਹੇ ਹਨ। ਦਿਨ-ਬ-ਦਿਨ ਵੱਧ ਰਹੀ ਮਹਿੰਗਾਈ ਦੇ ਬਾਵਜੂਦ ਬੱਚਿਆਂ ਨੂੰ ਉੱਚ-ਸੰਸਕਾਰ ਦੇਣ ਲਈ ਅਤੇ ਚੰਗੇ ਨਾਗਰਿਕ ਬਨਾਉਣ ਲਈ ਤਾਂ ਕਿ ਉਹ ਦੇਸ਼, ਧਰਮ ਅਤੇ ਕੌਮ ਦਾ ਵਿਕਾਸ ਕਰ ਸਕਣ ਅਸੀਂ ਸਕੂਲਾਂ ਵਿੱਚ ਭੇਜਦੇ ਹਾਂ। ਸਕੂਲਾਂ ਵਾਲੇ ਵਿੱਦਿਆ ਦੇਣ ਦੀ ਥਾਂ ਸਾਡਾ ਆਰਥਿਕ ਸੋਸ਼ਣ ਕਰ ਰਹੇ ਹਨ। ਕਿਤਾਬਾਂ ਸਕੂਲ ਤੋਂ, ਕਾਪੀਆਂ-ਪੈੱਨ ਸਕੂਲ ਤੋਂ, ਵਰਦੀ ਸਕੂਲ ਤੋਂ, ਟਾਈ-ਬੈਲਟ ਸਕੂਲ ਤੋਂ, ਸਰਦੀਆਂ ਵਿੱਚ ਕੋਟੀਆਂ ਸਕੂਲ ਤੋਂ ਜਾਂ ਫਿਰ ਸਕੂਲ ਵੱਲੋਂ ਦੱਸੀ ਗਈ ਦੁਕਾਨ ਤੋਂ, ਬੂਟ ਵੀ ਸਕੂਲ ਤੋਂ, ਮਜਬੂਰੀ ਵੱਸ ਸੱਭ ਕੁੱਝ ਕਰਨਾ ਪੈਂਦਾ ਹੈ।

ਪਰ ਹੁਣ ਤਾਂ ਇੱਕ ਨਵਾਂ ਟਰੇਂਡ ਚਲਾ ਦਿੱਤਾ, ਅਖੇ! ਘਰੋਂ ਪ੍ਰੋਜੈਕਟ ਵਰਕ ਬਣਾ ਕੇ ਲਿਆਉ। ਇਹਨਾਂ ਵਿੱਚੋਂ ਬਹੁਤੇ ਪ੍ਰੋਜੇਕਟ ਵਰਕ ਸਿਲੇਬਸ ਤੋਂ ਬਾਹਰ ਦੇ ਹੁੰਦੇ ਹਨ। ਮਾਤਾ-ਪਿਤਾ ਪਹਿਲਾਂ ਹੀ ਨੈੱਟ ਤੋਂ ਅਨਜਾਣ ਹਨ, ਬੱਚੇ ਉਂਝ ਛੋਟੇ ਹੁੰਦੇ ਨੇ ਸਾਰਾ ਕੰਮ ਮਾਪਿਆਂ ਨੂੰ ਬਜ਼ਾਰਾਂ ਵਿੱਚ ਕੰਪਿਊਟਰ ਵਾਲੀਆਂ ਦੁਕਾਨਾਂ ਤੇ ਰੁਲਣਾ ਪੈਂਦਾ ਹੈ, 10 ਫੋਟੋਆਂ, 20 ਫੋਟੋਆਂ ਤੇ ਕਈ ਵਾਰ 50-50 ਫੋਟੋਆਂ ਰੰਗਦਾਰ ਪਿੰ੍ਰਟ ਕਰਵਾਉਣੀਆਂ ਪੈਂਦੀਆਂ ਨੇ, ਨਾਲ ਸਬੰਧਿਤ ਫੋਟੋਆਂ ਦਾ ਜਾਣਕਾਰੀ ਵੱਖਰੇ ਤੌਰ ਤੇ ਪ੍ਰਿੰਟ ਕਰਵਾਉਣੀਂ ਪੈਂਦੀ ਹੈ, ਬੱਚੇ ਹੂ-ਬ-ਹੂ, ਉਸਦੀ ਨਕਲ ਕਰਕੇ ਪ੍ਰੋਜੈਕਟ ਬਣਾ ਕੇ ਲੈ ਜਾਂਦੇ ਹਨ, ਅਧਿਆਪਕ, ਜਿਸਦੀ ਪੇਸ਼ਕਾਰੀ ਵਧੀਆ ਹੋਵੇ ਉਸਨੂੰ 10 ਵਿੱਚੋਂ 20 ਵਿੱਚੋਂ ਜਾਂ 50 ਵਿੱਚੋਂ ਨੰਬਰ ਦੇ ਦਿੰਦੇ ਹਨ, ਔਰ ਇਹਨਾਂ ਨੰਬਰਾਂ ਬਦਲੇ ਸਕੂਲ ਦੀਆਂ ਫੀਸਾਂ, ਫਾਲਤੂ ਖਰਚੇ ਤੋਂ ਇਲਾਵਾ ਇਹਨਾਂ ਪ੍ਰੋਜੈਕਟਾਂ ਤੇ ਘੱਟੋ ਘੱਟ 100 ਤੋਂ 500 ਰੁਪਏ ਤੱਕ ਦਾ ਖਰਚ ਆ ਜਾਂਦਾ ਹੈ।

ਜੇ ਸਾਰਾ ਕੰਮ ਗੂਗਲ ਤੋਂ ਨਕਲ ਮਾਰ ਕੇ ਹੀ ਕਰਨਾ ਹੈ, ਤਾਂ ਕਿਉਂ ਪਾਇਆ ਜਾਂਦਾ ਹੈ, ਮਹਿੰਗੀਆਂ ਅਤੇ ਭਾਰੀਆਂ ਕਿਤਾਬਾਂ ਦਾ ਬੋਝ ਬੱਚਿਆਂ ਦੇ ਸਿਰ? ਕਿਉਂ ਲਈਆਂ ਜਾਂਦੀਆਂ ਨੇ ਮੋਟੀਆਂ ਰਕਮਾਂ ਬੱਚਿਆਂ ਦੇ ਮਾਪਿਆਂ ਕੋਲੋਂ ਤੇ ਹੋਰ ਸਕੂਲੀ ਫੰਡ?

ਕੀ ਇਸ ਹੋ ਰਹੇ ਵਪਾਰੀਕਰਨ ਵਿਰੁੱਧ ਕੋਈ ਅਵਾਜ਼ ਉੱਠੇਗੀ, ਮਾਂ-ਬਾਪ ਕਦ ਤੱਕ ਸਕੂਲ ਵਾਲਿਆਂ ਦਾ ਇਹ ਆਰਥਿਕ ਅੱਤਿਆਚਾਰ ਸਹਿੰਦੇ ਰਹਿਣਗੇ? ਕਦੋਂ ਕੋਈ ਬੋਲੇਗਾ? ਮੈਨੂੰ ਨਹੀਂ ਪਤਾ।

ਪਰ ਗਰੀਬ ਮਾਪਿਆਂ ਵੱਲ ਦੇਖਕੇ, ਅਖੌਤੀ ਵਿੱਦਿਆ ਦੇ ਕੇਂਦਰ ਵੱਲੋਂ ਮਚਾਈ ਜਾ ਰਹੀ ਇਸ ਲੁੱਟ ਦੇ ਖਿਲਾਫ ਮੈਂ ਚੁੱਪ ਨਹੀਂ ਰਹਿ ਸਕਦਾ, ਮੇਰੀ ਕਲਮ ਚੁੱਪ ਨਹੀਂ ਰਹੇਗੀ ਤੇ ਨਾ ਹੀ ਮੇਰੀ ਜ਼ੁਬਾਨ।

ਜੋ ਸਹਿਮਤ ਹੈ ਆਪਣੇ ਵਿਚਾਰ ਭੇਜ ਕੇ ਧੰਨਵਾਦੀ ਬਣਾਵੇ ਤਾਂ ਕਿ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਮੈਂ ਇਸ ਬਾਰੇ ਦਸਤਖਤੀ ਮੁਹਿੰਮ ਚਲਾਉਣਾ ਚਾਹੁੰਦਾ ਹਾਂ। ਜਿਸਦਾ ਪ੍ਰੋਫਾਰਮਾਂ ਤੁਹਾਡੀ ਰਾਏ ਜਾਨਣ ਤੋਂ ਬਾਅਦ ਤਿਆਰ ਕੀਤਾ ਜਾਵੇਗਾ।

ਸੁਲਤਾਨਵਿੰਡ ਰੋਡ, ਅੰਮ੍ਰਿਤਸਰ
+91-981-502-4920


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top