Share on Facebook

Main News Page

ਗੁਰਬਾਣੀ ਸਚਿਆਰਾ ਮਾਰਗ ਦੱਸਦੀ ਹੈ, ਪਰ ਧਰਮ ਪੁਜਾਰੀ ਉਸਤੇ ਪਰਦਾ ਪਾਉਂਦਾ ਹੈ
-
ਭਾਈ ਹਰਜਿੰਦਰ ਸਿੰਘ ਸਭਰਾਅ

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਸਚਿਆਰਾ ਮਾਰਗ ਦੱਸਦੀ ਹੈ। ਰੱਬੀ ਗੁਣਾਂ ਮੁਤਾਬਕ ਜੀਵਨ ਜਿਊਣ ਲਈ ਗੁਰਬਾਣੀ ਨੂੰ ਪੜਨਾ ਸੁਣਨਾ ਤੇ ਜੀਵਨ ਵਿਚ ਇਸ ਨੂਮ ਧਾਰਨ ਕਰਨਾ ਹੈ। ਪਰ ਅੱਜ ਬਹੁਤਾ ਸਮਾਜ ਗੁਰਬਾਣੀ ਨੂੰ ਕੇਵਲ ਰਸਮ ਪੂਰਤੀ ਦਾ ਸਾਧਨ ਸਮਝ ਰਿਹਾ ਹੈ, ਤੇ ਕੇਵਲ ਰਸਮਾਂ ਰੀਤਾਂ ਵਾਸਤੇ ਹੀ ਗੁਰਬਾਣੀ ਦੀ ਵਰਤੋਂ ਹੋ ਰਹੀ ਹੈ। ਮੜ੍ਹੀਆਂ, ਜਠੇਰਿਆਂ ਤੇ ਜੋਤਸ਼ੀਆਂ ਤੇ ਭਰਮ ਚੱਕਰ ਵਿਚ ਉਲਝਿਆ ਸਮਾਜ ਸੁਖ ਦੀ ਤਲਾਸ਼ ਉਵੇਂ ਹੀ ਕਰ ਰਿਹਾ ਹੈ, ਜਿਵੇਂ ਮਾਰੂਥਲ ਵਿਚ ਹਿਰਨ ਪਾਣੀ ਲਭਦਾ ਲਭਦਾ ਖੁਆਰ ਹੁੰਦਾ ਹੈ, ਪਰ ਉਸਨੂੰ ਪਾਣੀ ਨਹੀਂ ਲੱਭਦਾ। ਬੂਬਨੇ ਸਾਧਾਂ ਨੇ ਸਿਖ ਸਮਾਜ ਵਿਚ ਆਪਣੀਆਂ ਜੁਤੀਆਂ ਖੂੰਡੀਆਂ ਚੋਲੇ ਤੇ ਮਾਲਾ ਦੀ ਪੂਜਾ ਕਰਵਾ ਕੇ ਬੁਤਪਰਸਤੀ ਨੂੰ ਵਧਾਇਆ ਹੈ, ਜਦੋਂ ਕਿ ਸਿਖ ਧਰਮ ਬੁਤਪ੍ਰਸਤੀ ਵਿਚ ਯਕੀਨ ਨਹੀਂ ਰੱਖਦਾ। ਕਿਰਤੀ ਲੁਟਿਆ ਜਾ ਰਿਹਾ ਹੈ, ਤੇ ਧਰਮ ਤੇ ਰਾਜਨੀਤੀ ਦੇ ਨਾਂ ਤੇ ਆਮ ਮਨੁੱਖ ਨੂੰ ਬੁਰੀ ਤਰ੍ਹਾਂ ਲਿਤਾੜਿਆ ਜਾ ਰਿਹਾ ਹੈ, ਇਸ ਜ਼ੁਲਮ ਖਿਲਾਫ ਹੀ ਗੁਰੂਬਾਣੀ ਮਨੁੱਖ ਨੂੰ ਸੁਚੇਤ ਕਰਦੀ ਹੈ। ਧਰਮ ਪੁਜਾਰੀ ਧਰਮ ਦੀ ਗੱਲ ਤੇ ਪਰਦੇ ਪਾ ਕੇ ਆਪਣੀ ਨਿਜ ਮਤ ਨੂੰ ਲੋਕਾਂ ਤੇ ਥੋਪਦਾ ਆਇਆ ਹੈ, ਤਾਂ ਹੀ ਗੁਰੂ ਬਾਣੀ ਵਿਚ ਤੀਨੇ ਉਜਾੜੇ ਕਾ ਬੰਧ ਕਹਿ ਕੇ ਐਸੀ ਬੁਧੀ ਵਾਲੇ ਧਰਮ ਆਗੂ ਨੂੰ ਦੁਰਕਾਰ ਪਾਈ ਗਈ ਹੈ।

ਉਪਰੋਕਤ ਸ਼ਬਦ ਭਾਈ ਹਰਜਿੰਦਰ ਸਿੰਘ ਸਭਰਾਅ ਨੇ ਕਹੇ ਜੋ ਕਿ ਪਿਛਲੇ ਤਿੰਨ ਹਫਤਿਆਂ ਤੋਂ ਕੈਨੇਡਾ ਦੇ ਪ੍ਰਚਾਰ ਦੌਰੇ ਦਰਮਿਆਂਨ ਟੋਰਾਂਟੋ ਵਿਚ ਆਏ ਸਨ। ਭਾਈ ਸਭਰਾਅ ਨੇ ਟੋਰਾਂਟੋ ਦੇ ਵੱਖ ਵੱਖ ਗੁਰਦੁਆਰਿਆਂ ਵਿਚ ਕਥਾ ਤੇ ਸੈਮੀਨਾਰ ਰਾਹੀਂ ਸੰਗਤਾਂ ਨਾਲ ਗੁਰਬਾਣੀ ਵੀਚਾਰ ਦੀ ਸਾਂਝ ਪਾਈ ਅਤੇ ਸੰਗਤਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਭਾਈ ਸਭਰਾਅ ਨੇ ਟੋਰਾਂਟੋ ਦੇ ਖਾਲਸਾ ਦਰਬਾਰ ਡਿਕਸੀ, ਓਕਵਿਲ, ਗੋਲਫ, ਕਿਚਨਰ, ਸਿਖ ਲਹਿਰ ਸੈਂਟਰ, ਗੁਰਦੁਆਰਾ ਸ਼ਹੀਦਗੜ੍ਹ ਹਮਿਲਟਨ ਅਤੇ ਗੁਰੂ ਨਾਨਕ ਮਿਸ਼ਨ ਸੈਂਟਰ ਗੁਰਦੁਆਰਾ ਸਾਹਿਬ ਵਿਚ ਹਾਜ਼ਰੀ ਭਰੀ। 30 ਅਗਸਤ ਸ਼ਾਮ ਦਾ ਦੀਵਾਨ ਭਾਈ ਸਾਹਿਬ ਦਾ ਇਸ ਫੇਰੀ ਦਾ ਟੋਰਾਂਟੋ ਦਾ ਆਖਰੀ ਦੀਵਾਨ ਸੀ, ਜਿਸ ਵਿਚ ਸੰਗਤਾਂ ਨੇ ਵਧ ਚੜ੍ਹ ਕੇ ਹਾਜ਼ਰੀ ਭਰੀ। ਇਸ ਮੌਕੇ ਗੁਰੂ ਨਾਨਕ ਮਿਸ਼ਨ ਸੈਂਟਰ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਭਾਈ ਸਭਰਾਅ ਦਾ ਸਨਮਾਨ ਕੀਤਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top