Share on Facebook

Main News Page

ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਦੀ ਇੱਕ ਮਾਤਰਾ ਬਦਲ ਕੇ ਸੁਣਾਉਣ ਵਾਲੇ ਸ਼੍ਰੀਚੰਦ ਨੂੰ ਗੁਰੂ ਸਾਹਿਬ ਜੀ ਨੇ ਰਾਮ ਰਾਇ ਵਾਂਗ ਛੇਕਿਆ ਕਿਉਂ ਨਹੀਂ?
-
ਭਾਈ ਸ਼ਿਵਤੇਗ ਸਿੰਘ

* ਗੁਰੂ ਅਰਜੁਨ ਸਾਹਿਬ ਜੀ ਨੂੰ ਬਾਣੀ ਉਤਰਨੀ ਬੰਦ ਹੋਣ ’ਤੇ ਬਾਬਾ ਸ਼੍ਰੀਚੰਦ ਵੱਲੋਂ ਸੁਖਮਨੀ ਸਾਹਿਬ ਦੇ 17ਵੇਂ ਸਲੋਕ ਦੀ ਤੁਕ ਬਦਲ ਕੇ ਸੁਣਾਉਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਸਮੇਂ ਗੁਰੂ ਅਰਜੁਨ ਸਾਹਿਬ ਵੱਲੋਂ ਬਾਬਾ ਮੋਹਨ ਤੋਂ ਗੁਰਬਾਣੀਆਂ ਦੀਆਂ ਪੋਥੀਆਂ ਲੈਣ ਲਈ ਉਸ ਦੀ ਉਸਤਤਿ ਵਿੱਚ ਕੀਰਤਨ ਕਰਨ ਦੀਆਂ ਮਨਮਤੀ ਸਾਖੀਆਂ ਨੂੰ ਗੁਰਬਾਣੀ ਦੇ ਪ੍ਰਮਾਣ ਦੇ ਕੇ ਭਾਈ ਸ਼ਿਵਤੇਗ ਸਿੰਘ ਨੇ ਕੀਤਾ ਪੂਰੀ ਤਰ੍ਹਾਂ ਰੱਦ

ਬਠਿੰਡਾ, 31 ਅਗਸਤ (ਕਿਰਪਾਲ ਸਿੰਘ): ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਦੀ ਇੱਕ ਮਾਤਰਾ ਬਦਲ ਕੇ ਸੁਣਾਉਣ ਵਾਲੇ ਸ਼੍ਰੀਚੰਦ ਨੂੰ ਗੁਰੂ ਸਾਹਿਬ ਜੀ ਨੇ ਰਾਮ ਰਾਇ ਵਾਂਗ ਛੇਕਿਆ ਕਿਉਂ ਨਹੀਂ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚੱਲ ਰਹੀ ਕਥਾ ਦੌਰਾਨ ਹੈੱਡ ਪ੍ਰਚਾਰਕ ਭਾਈ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀ.ਵੀ. ਤੋਂ ਹੋ ਰਿਹਾ ਸੀ।

ਉਨ੍ਹਾਂ ਕਿਹਾ ਕਿਸੇ ਵੀ ਇਤਿਹਾਸਕਾਰ ਵੱਲੋਂ ਲਿਖਿਆ ਕੋਈ ਇਤਿਹਾਸ ਪੂਰਨ ਤੌਰ ’ਤੇ ਸੱਚ ਨਹੀਂ ਹੋ ਸਕਦਾ ਕਿਉਂਕਿ ਮੌਕੇ ਦੀਆਂ ਸਰਕਾਰਾਂ ਇਤਿਹਾਸਕ ਘਟਨਾਵਾਂ ਨੂੰ ਆਪਣੇ ਅਨੁਸਾਰ ਮੋੜਾ ਦੇ ਕੇ ਲਿਖਵਾਉਣ ਵਿੱਚ ਸਫਲ ਹੋ ਜਾਂਦੀਆਂ ਹਨ। ਸਿੱਖ ਇਤਿਹਾਸ ਸਾਡੇ ਵਿਰੋਧੀਆਂ ਅਤੇ ਮੌਕੇ ਦੀਆਂ ਸਰਕਾਰਾਂ ਨੇ ਸਿੱਖ ਨੂੰ ਗੁਰਬਾਣੀ ਨਾਲੋਂ ਤੋੜਨ ਵਾਸਤੇ ਰਲਾਵਟ ਕਰਕੇ ਲਿਖਿਆ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਸਿੱਖ ਗੁਰਬਾਣੀ ਤੋਂ ਸ਼ਕਤੀ ਪ੍ਰਾਪਤ ਕਰਦਾ ਹੈ ਇਸ ਲਈ ਇਸ ਨੂੰ ਕਮਜੋਰ ਕਰਨ ਲਈ ਗੁਰਬਾਣੀ ਨਾਲੋਂ ਤੋੜਿਆ ਜਾਵੇ। ਪਰ ਗੁਰਬਾਣੀ ਪੂਰਨ ਤੌਰ ’ਤੇ ਸੱਚ ਹੈ ਜਿਸ ਦੀ ਵੱਡੀ ਮਿਸਾਲ ਇਹ ਹੈ ਕਿ ਗੁਰਬਾਣੀ ਦੀ ਸ਼ੁੱਧਤਾ ਕਾਇਮ ਰੱਖਣ ਲਈ ਗੁਰੂ ਅਰਜੁਨ ਸਾਹਿਬ ਜੀ ਨੇ ਤੱਤੀਆਂ ਤਵੀਆਂ ’ਤੇ ਬੈਠ ਕੇ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ ਸੀ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਮਨੁੱਖ ਦੀ ਸਿਫਤ ਜਾਂ ਸਿਧਾਂਤ ਦੇ ਵਿਰੁਧ ਲਿਖੀ ਰਚਨਾ ਦਰਜ ਕਰਨਾ ਪ੍ਰਵਾਨ ਨਹੀਂ ਸੀ ਕੀਤਾ।

ਉਨ੍ਹਾਂ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਵਿੱਚ ਚੰਦੂ ਦਾ ਬਹੁਤ ਵੱਡਾ ਹਿੱਸਾ ਸੀ, ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਤਸੀਹੇ ਦੇ ਕੇ ਕਤਲ ਕਰਨ ਲਈ ਚੰਦੂ ਦੇ ਹੀ ਹਵਾਲੇ ਕੀਤਾ ਸੀ ਤੇ ਚੰਦੂ ਨੇ ਹੀ ਗੁਰੂ ਜੀ ਨੂੰ ਤੱਤੀਆਂ ਤਵੀਆਂ ’ਤੇ ਬੈਠਾਇਆ, ਸਿਰ ’ਚ ਗਰਮ ਰੇਤਾ ਪਾਇਆ। ਇਸੇ ਲਈ ਜਹਾਂਗੀਰ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਮਝੌਤਾ ਹੋਣ ਉਪ੍ਰੰਤ ਚੰਦੂ ਨੂੰ ਸਜਾ ਦੇਣ ਲਈ ਸਿੱਖਾਂ ਦੇ ਹਵਾਲੇ ਕੀਤਾ ਗਿਆ ਸੀ ਜਿਸ ਦੇ ਨੱਕ ’ਚ ਨਕੇਲ ਪਾ ਕੇ ਗਲੀ ਗਲੀ ਘੁੰਮਾਇਆ ਗਿਆ ਤੇ ਉਹੀ ਕੜਛਾ ਉਸ ਦੇ ਸਿਰ ’ਚ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ। ਜੇ ਕਰ ਚੰਦੂ ਦਾ ਕੋਈ ਕਸੂਰ ਨਾ ਹੁੰਦਾ ਤਾਂ ਛੇਵੇਂ ਪਾਤਸ਼ਾਹ ਉਸ ਨਿਰਦੋਸ਼ ਚੰਦੂ ਨੂੰ ਸਜਾ ਨਾ ਦਿੰਦੇ। ਪਰ ਸਾਡੇ ਪ੍ਰਚਾਰਕ ਤੇ ਲੇਖਕ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਦਾ ਕੇਵਲ ਇਹੀ ਪੱਖ ਉਭਾਰ ਰਹੇ ਹਨ ਕਿ ਗੁਰੂ ਅਰਜੁਨ ਸਾਹਿਬ ਜੀ ਨੇ ਚੰਦੂ ਦੀ ਲੜਕੀ ਦਾ (ਗੁਰੂ) ਹਰਿਗੋਬਿੰਦ ਸਾਹਿਬ ਲਈ ਰਿਸ਼ਤਾ ਠੁਕਰਾ ਦਿੱਤਾ ਸੀ ਇਸ ਕਰਕੇ ਚੰਦੂ ਨੇ ਗੁਰੂ ਸਾਹਿਬ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਜੇ ਕੇਵਲ ਤੇ ਕੇਵਲ ਰਿਸ਼ਤਾ ਠੁਕਰਾਉਣਾ ਹੀ ਸ਼ਹੀਦੀ ਦਾ ਕਾਰਣ ਹੁੰਦਾ ਤਾਂ ਇੱਕ ਪ੍ਰਵਾਰਕ ਝਗੜੇ ਪਿੱਛੇ ਕਦੀ ਵੀ ਜਹਾਂਗੀਰ ਗੁਰੂ ਜੀ ਨੂੰ ਇਤਨੀ ਸਖਤ ਸਜਾ ਨਾ ਸੁਣਾਉਂਦੇ। ਗੁਰੂ ਜੀ ਦੀ ਸ਼ਹੀਦੀ ਦਾ ਅਸਲ ਕਾਰਣ ਇਹ ਹੈ ਕਿ ਜਹਾਂਗੀਰ ਚਾਹੁੰਦਾ ਸੀ ਕਿ ਗੁਰੂ ਜੀ ਵੱਲੋਂ ਤਿਆਰ ਕੀਤੇ ਗ੍ਰੰਥ ਵਿੱਚ ਮੁਹੰਮਦ ਸਾਹਿਬ ਦੀ ਤਰੀਫ਼ ਦੇ ਕਲਾਮ ਦਰਜ ਕੀਤੇ ਜਾਣ, ਪੀਲੂ, ਕਾਹਨਾ ਆਦਿ ਭਗਤ ਚਾਹੁੰਦੇ ਸਨ ਕਿ ਉਨ੍ਹਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਜਾਵੇ ਪਰ ਗੁਰੂ ਸਾਹਿਬ ਜੀ ਨੇ ਇਸ ਨੂੰ ਗੁਰਮਤਿ ਵਿਰੋਧੀ ਰਚਨਾ ਜਾਣ ਕੇ ਦਰਜ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਜਿਸ ਕਾਰਣ ਇਹ ਸਾਰੇ ਗੁਰੂ ਸਾਹਿਬ ਜੀ ਨੂੰ ਸਖ਼ਤ ਸਜਾ ਦੇਣੀ ਚਾਹੁੰਦੇ ਸਨ। ਉਸ ਸਮੇਂ ਗੁਰੂ ਸਾਹਿਬ ਦੇ ਵਿਰੋਧੀ, ਕੱਟੜ ਸ਼ਰਈ ਮੁਸਲਮਾਨ ਸ਼ੇਖ਼ ਅਹਿਮਦ ਸਰਹੰਦੀ, ਗੁਰਿਆਈ ਕਾਰਨ ਈਰਖਾ ਰੱਖਣ ਵਾਲੇ ਬਾਬਾ ਪ੍ਰਿਥੀਚੰਦ ਅਤੇ ਰਿਸ਼ਤਾ ਠੁਕਰਾਉਣ ਕਾਰਣ ਕੱਟਰ ਵਿਰੋਧੀ ਬਣੇ ਚੰਦੂ ਨੇ ਗੁਰੂ ਸਾਹਿਬ ਨੂੰ ਸਖਤ ਸਜਾ ਦਿਵਾਉਣ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਤੇ ਗੁਰਬਾਣੀ ਵਿੱਚ ਮੁਸਲਿਮ ਵਿਰੋਧੀ ਸ਼ਬਦ ਲਿਖੇ ਜਾਣ ਦਾ ਦੋਸ਼ ਲਾ ਕੇ ਜਹਾਂਗੀਰ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਦੀ ਸਜਾ ਸੁਣਾਈ ਤੇ ਚੰਦੂ ਨੇ ਇਸ’ਤੇ ਅਮਲ ਕਰਕੇ ਸ਼ਹੀਦ ਕੀਤਾ। ਪਰ ਅਫਸੋਸ ਹੈ ਕਿ ਅੱਜ ਵੀ ਰਲਾਵਟ ਵਾਲੇ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖ ਕੇ ਸੋਧਣ ਦੀ ਬਜ਼ਾਏ ਸਾਡੇ ਪ੍ਰਚਾਰਕ ਗੁਰਬਾਣੀ ਦੇ ਅਰਥ ਰਲਾਵਟ ਵਾਲੇ ਇਤਿਹਾਸ ਅਨੁਸਾਰ ਕਰ ਰਹੇ ਹਨ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕੁਝ ਡੇਰੇਦਾਰਾਂ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਗੁਰੂ ਅਰਜੁਨ ਸਾਹਿਬ ਜੀ ਜਿਸ ਸਮੇਂ ਸੁਖਮਨੀ ਸਾਹਿਬ ਦੀ ਰਚਨਾ ਕਰ ਰਹੇ ਸਨ ਤਾਂ 16ਵੀਂ ਅਸ਼ਟਪਦੀ ਤੋਂ ਬਾਅਦ ਉਨ੍ਹਾਂ ਨੂੰ ਬਾਣੀ ਉਤਰਨੀ ਬੰਦ ਹੋ ਗਈ ਤਾਂ ਉਨ੍ਹਾਂ ਬਾਬਾ ਸ਼੍ਰੀਚੰਦ ਅੱਗੇ ਬੇਨਤੀ ਕੀਤੀ ਕਿ ਅੱਗੇ ਬਾਣੀ ਉਚਾਰੀ ਜਾਵੇ। ਬਾਬਾ ਸ਼੍ਰੀਚੰਦ ਨੇ ਕਿਹਾ ਉਹ ਬਾਣੀ ਤਾਂ ਨਹੀਂ ਉਚਾਰ ਸਕਦੇ ਪਰ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸਲੋਕ ਸੁਣਾਉਂਦੇ ਹਨ ਜਿਸ ਨੂੰ ਸੁਣ ਕੇ ਤੁਹਾਨੂੰ ਬਾਣੀ ਉਤਰਨੀ ਸ਼ੁਰੂ ਹੋ ਜਾਵੇਗੀ। ਇਹ ਕਹਿ ਕੇ ਉਨ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ‘ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥’ ਦੇ ‘ਭੀ’ ਦੀ ਬਿਹਾਰੀ ਨੂੰ ਸਿਹਾਰੀ ਵਿੱਚ ਬਦਲ ਕੇ ਸੁਣਾ ਦਿੱਤਾ ‘ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥1॥’ ਜਿਸ ਨੂੰ 17ਵੇਂ ਸਲੋਕ ਦੇ ਤੌਰ ’ਤੇ ਦਰਜ ਕਰਕੇ ਅੱਗੇ ਗੁਰੂ ਅਰਜੁਨ ਸਾਹਿਬ ਜੀ ਨੂੰ ਬਾਣੀ ਉਤਰਨੀ ਸ਼ੁਰੂ ਹੋ ਗਈ ਤੇ ਉਨ੍ਹਾਂ ਸੁਖਮਨੀ ਸਾਹਿਬ ਦੀ ਬਾਣੀ ਸੰਪੂਰਨ ਕੀਤੀ।

ਭਾਈ ਸ਼ਿਵਤੇਗ ਸਿੰਘ ਨੇ ਇਸ ਸਾਖੀ ਨੂੰ ਸਿਰੇ ਤੋਂ ਰੱਦ ਕਰਨ ਲਈ ਪ੍ਰਮਾਣ ਦਿੱਤੇ ਕਿ ਗੁਰੂ ਗ੍ਰੰਥ ਸਹਿਬ ਜੀ ਵਿੱਚ ਤਿੰਨ ਗੁਰਸਿੱਖਾਂ ਦੀ ਬਾਣੀ ਹੈ। ਗੁਰੂ ਅਮਰਦਾਸ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਦੀ ਸੱਦ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 923’ਤੇ ਦਰਜ ਹੈ ਜਿਸ ਦਾ ਸਿਰਲੇਖ ਹੈ: ‘ਰਾਮਕਲੀ ਸਦੁ ੴ ਸਤਿਗੁਰ ਪ੍ਰਸਾਦਿ ॥’ ਤੇ ਅਖੀਰਲੀ ਤੁਕ ਵਿੱਚ ਦਰਜ ਹੈ ‘ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥6॥1॥’ ਸਿਰਲੇਖ ਵਿੱਚ ਮਹਲਾ ਅੰਕ ਨਾ ਆਉਣਾ ਤੇ ਅਖੀਰ ’ਤੇ ਨਾਨਕ ਛਾਪ ਦੀ ਬਜ਼ਾਏ ‘ਕਹੈ ਸੁੰਦਰ’ ਸ਼ਬਦ ਆਉਣ ਦਾ ਭਾਵ ਹੈ ਕਿ ਸੱਦ ਬਾਣੀ ਗੁਰੂ ਸਾਹਿਬ ਜੀ ਦੀ ਨਹੀਂ ਬਲਕਿ ਬਾਬਾ ਸੁੰਦਰ ਜੀ ਦੀ ਰਚਨਾ ਹੈ। ਇਸੇ ਤਰ੍ਹਾਂ ਗੁਰੂ ਘਰ ਦੇ ਕੀਰਤਨੀਏ ਸੱਤੇ ਤੇ ਬਲਵੰਡ ਦੀ ਵਾਰ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: ’ਤੇ ਦਰਜ ਹੈ, ਜਿਸ ਦਾ ਸਿਰਲੇਖ ਹੈ: ‘ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ’ ਇਸ ਦੇ ਸਿਰਲੇਖ ਵਿੱਚ ਵੀ ਕੋਈ ਮਹਲਾ ਅੰਕ ਨਹੀਂ ਤੇ ਅੰਦਰਲੀ ਬਾਣੀ ’ਚ ਨਾਨਕ ਛਾਪ ਦੀ ਬਜਾਏ ਸੱਤੇ ਤੇ ਬਲਵੰਡ ਦੇ ਨਾਮ ਆਉਂਦੇ ਹਨ। ਇਸ ਦਾ ਭਾਵ ਹੈ ਕਿ ਇਹ ਵੀ ਨਿਰੋਲ ਸੱਤੇ ਤੇ ਬਲਵੰਡ ਦੀ ਆਪਣੀ ਹੀ ਰਚਨਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 553 ’ਤੇ ਬਿਹਾਗੜੇ ਕੀ ਵਾਰ (ਮ: 4) ਵਿੱਚ ਦੋ ਸਲੋਕ ਦਰਜ ਹਨ ਜਿਨਾ ਦੇ ਸਿਰਲੇਖ ਹਨ: ‘ਸਲੋਕੁ ਮਰਦਾਨਾ 1 ॥’ ਅਤੇ ‘ਮਰਦਾਨਾ 1 ॥’ ਇਨ੍ਹਾਂ ਸਲੋਕਾਂ ਦੇ ਅਖੀਰ ਵਿੱਚ ਮਰਦਾਨੇ ਦਾ ਨਾਮ ਨਹੀਂ ਆਉਂਦਾ ਬਲਕਿ ‘ਗੁਰਮੁਖਿ ਪਾਈਐ ਨਾਨਕਾ, ਖਾਧੈ ਜਾਹਿ ਬਿਕਾਰ ॥1॥’ ਅਤੇ ‘ਨਾਨਕ, ਇਹੁ ਭੋਜਨੁ ਸਚੁ ਹੈ, ਸਚੁ ਨਾਮੁ ਆਧਾਰੁ ॥2॥’ ਵਿੱਚ ਨਾਨਕ ਛਾਪ ਹੀ ਲੱਗੀ ਹੈ ਇਸ ਦਾ ਭਾਵ ਹੈ ਕਿ ਇਹ ਸਲੋਕ ਭਾਈ ਮਰਦਾਨੇ ਦੇ ਨਹੀਂ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਣ ਕੀਤੇ ਹਨ। ਸਿਰਲੇਖਾਂ ਵਿੱਚ ਅੰਕ ‘1’ ਸੰਕੇਤ ਦਿੰਦਾ ਹੈ ਕਿ ਮਹਲੇ ਪਹਿਲੇ ਦੇ ਉਚਾਰਣ ਕੀਤੇ ਹਨ ਤੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਲਿਖੇ ਹਨ। ਪਰ ਗੁਰਬਾਣੀ ਦੀ ਇਸ ਦਲੀਲ ਨੂੰ ਨਾ ਮੰਨਦੇ ਹੋਏ ਬਹੁਤੇ ਪ੍ਰਚਾਰਕ ਇਹੀ ਪ੍ਰਚਾਰ ਕਰੀ ਜਾ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਈ ਮਰਦਾਨਾ ਜੀ, ਬਾਬਾ ਸੁੰਦਰ ਜੀ, ਸੱਤਾ ਤੇ ਬਲਵੰਡ ਚਾਰ ਗੁਰਸਿੱਖਾਂ ਦੀ ਬਾਣੀ ਦਰਜ ਹੈ।

ਭਾਈ ਸ਼ਿਵਤੇਗ ਸਿੰਘ ਨੇ ਅੱਗੇ ਕਿਹਾ ਕਿ ਭਗਤ ਬਾਣੀ ਵਿੱਚ ਜਿਥੇ ਵੀ ਕਿਸੇ ਸਿਧਾਂਤ ਨੂੰ ਹੋਰ ਖੋਲ੍ਹ ਕੇ ਵਿਆਖਿਆ ਕਰਨ ਦੀ ਲੋੜ ਪਈ ਉਥੇ ਉਥੇ ਮਹਲਾ 3, ਮਹਲਾ 5 ਆਦਿ ਸਿਰਲੇਖ ਹੇਠ ਆਪਣੇ ਸਲੋਕ ਦਰਜ ਕਰ ਦਿੱਤੇ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 326 ’ਤੇ ਕਬੀਰ ਜੀ ਦਾ ਸ਼ਬਦ ਹੈ ਤੇ ਹੋਰ ਵਿਆਖਿਆ ਕਰਨ ਲਈ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਵੱਲੋਂ ਰਲਾ ਕੇ ਲਿਖਿਆ ਹੈ, ਤੇ ਸਾਨੂੰ ਕੋਈ ਭੁਲੇਖਾ ਨਾ ਰਹੇ ਕਿ ਇਹ ਸ਼ਬਦ ਕਿਸ ਦਾ ਉਚਾਰਣ ਕੀਤਾ ਹੋਇਆ ਹੈ, ਗੁਰੂ ਸਾਹਿਬ ਜੀ ਨੇ ਇਸ ਦਾ ਸਿਰਲੇਖ ਦੇ ਦਿੱਤਾ ‘ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ 5 ॥’ ਸੋ ਇਸੇ ਤਰ੍ਹਾਂ ਜੇ ਸੁਖਮਨੀ ਸਾਹਿਬ ਦਾ 17ਵੇਂ ਸਲੋਕ ਦੀ ਕੁਝ ਅਦਲਾ ਬਦਲੀ ਕਰਕੇ ਇਹ ਬਾਬਾ ਸ਼੍ਰੀਚੰਦ ਦਾ ਉਚਾਰਿਆ ਹੁੰਦਾ ਤਾਂ ਇਸ ਦਾ ਸਿਰਲੇਖ ਲਿਖ ਦਿੱਤਾ ਜਾਂਦਾ ‘ਸਲੋਕ ਮ: 1 ਨਾਲ ਰਲਾਇ ਲਿਖਿਆ ਸ੍ਰੀਚੰਦ’ ਪਰ ਐਸਾ ਕੋਈ ਸੰਕੇਤ ਨਹੀਂ ਤਾਂ ਇਹ ਕਿਵੇਂ ਮੰਨ ਲਿਆ ਜਾਵੇ ਕਿ ਬਾਬਾ ਸ਼੍ਰੀਚੰਦ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਵਿੱਚ ਅਦਲਾ ਬਦਲੀ ਕਰਕੇ ਇਹ ਸਲੋਕ ਉਚਾਰਿਆ? ਗੁਰਬਾਣੀ ਦੀ ਇਹ ਦਲੀਲ ਸਮਝਣ ਤੋਂ ਬਿਨਾ ਹੀ ਜਿਹੜੇ ਪ੍ਰਚਾਰਕ ਇਹ ਪ੍ਰਚਾਰ ਕਰ ਰਹੇ ਹਨ ਕਿ ਇਸ ਸਲੋਕ ਦੀ ਇੱਕ ਮਾਤਰਾ ਬਾਬਾ ਸ਼੍ਰੀ ਚੰਦ ਨੇ ਬਦਲੀ, ਉਹ ਦੱਸਣ ਕਿ ਜੇ ਗੁਰੂ ਹਰਿ ਰਾਇ ਸਾਹਿਬ ਜੀ ਨੇ ਗੁਰਬਾਣੀ ਦਾ ਇੱਕ ਅੱਖਰ ਬਦਲਣ ’ਤੇ ਉਸ ਨੂੰ ਛੇਕ ਦਿੱਤਾ ਤਾਂ ਗੁਰਬਾਣੀ ’ਚ ਤਬਦੀਲੀ ਕਰਨ ਵਾਲੇ ਬਾਬਾ ਸ਼੍ਰੀ ਚੰਦ ਨੂੰ ਕਿਉਂ ਨਹੀਂ ਛੇਕਿਆ?

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 967 ’ਤੇ ਰਾਮਕਲੀ ਕੀ ਵਾਰ ਵਿੱਚ ਤਾਂ ਭਾਈ ਬਲਵੰਡ, ਸਤਾ ਜੀ ਕਹਿ ਰਹੇ ਹਨ: ‘ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ ॥ ਦਿਲਿ ਖੋਟੈ ਆਕੀ ਫਿਰਨ੍‍ ਬੰਨ੍‍ ਭਾਰੁ ਉਚਾਇਨ੍‍ ਛਟੀਐ ॥’ ਭਾਵ (ਸਤਿਗੁਰੂ ਨਾਨਕ ਜੀ ਦੇ) ਪੁਤ੍ਰਾˆ (ਬਾਬਾ ਸ਼੍ਰੀ ਚੰਦ, ਲਖਮੀ ਚੰਦ) ਨੇ ਗੁਰੂ ਦਾ ਬਚਨ ਨ ਮੰਨਿਆ, ਖੋਟੇ ਦਿਲ ਵਾਲੇ ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ, ਆਕੀ ਹੋ ਕੇ ਫਿਰਦੇ ਰਹੇ। ਪਰ ਇਹ ਭੁੱਲੜ ਵੀਰ ਗੁਰੂ ਅਰਜਨ ਸਾਹਿਬ ਜੀ ਨੂੰ ਹੀ, ਗੁਰੂ ਨੂੰ ਪਿੱਠ ਦੇਣ ਵਾਲੇ ਬਾਬਾ ਸ਼੍ਰੀ ਚੰਦ ਦੇ ਚਰਨੀ ਮੱਥਾ ਟੇਕ ਕੇ ਉਨ੍ਹਾਂ ਅੱਗੇ ਬੇਨਤੀ ਕਰਦੇ ਵਿਖਾ ਰਹੇ ਹਨ ਕਿ ਸਾਨੂੰ ਬਾਣੀ ਨਹੀਂ ਉਤਰ ਰਹੀ ਇਸ ਲਈ ਤੁਸੀਂ ਕ੍ਰਿਪਾ ਕਰੋ ਤੇ ਬਾਣੀ ਉਚਾਰੋ!

ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਸਮੇਂ ਬਾਬਾ ਮੋਹਨ ਜੀ ਤੋਂ ਪੋਥੀਆਂ ਮੰਗਵਾਉਣ ਲਈ ਭਾਈ ਗੁਰਦਾਸ ਜੀ, ਫਿਰ ਬਾਬਾ ਬੁੱਢਾ ਜੀ ਨੂੰ ਭੇਜਣਾ ’ਤੇ ਬਾਬਾ ਮੋਹਨ ਨੇ ਪੋਥੀਆਂ ਨਾ ਦਿੱਤੇ ਜਾਣ ’ਤੇ ਗੁਰੂ ਅਰਜੁਨ ਸਾਹਿਬ ਜੀ ਦਾ ਆਪ ਚੱਲ ਕੇ ਜਾਣਾ ਤੇ ਬਾਬਾ ਮੋਹਨ ਜੀ ਦੇ ਚੁਬਾਰੇ ਅੱਗੇ ਹੇਠਾਂ ਬੈਠ ਕੇ ਉਸ ਦੀ ਉਸਤਤਿ ਵਿੱਚ: ‘ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥ ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥’ (ਗਉੜੀ ਮ: 5, ਗੁਰੂ ਗ੍ਰੰਥ ਸਾਹਿਬ – ਪੰਨਾ 248) ਦਾ ਕੀਰਤਨ ਕਰਨ ਦੀ ਸਾਖੀ ਦੀ ਅਸਲੀਅਤ ਦਸਦੇ ਹੋਏ ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪ ਬਾਣੀ ਲਿਖੀ ਤੇ ਆਪਣੇ ਪਾਸ ਸੰਭਾਲ ਕੇ ਰੱਖੀ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ : ‘ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ।’ (ਵਾਰ 1 ਪਉੜੀ 32) ਇਸੇ ਕਿਤਾਬ ਦਾ ਜ਼ਿਕਰ ਕਰਦੇ ਕਾਜੀ ਮੁੱਲਾਂ ਨੇ ਪੁੱਛਿਆ ਸੀ: ‘ਪੁਛਨਿ ਗਲ ਈਮਾਨ ਦੀ ਕਾਜੀ ਮੁਲਾਂ ਇਕਠੇ ਹੋਈ। …..ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ।….(ਵਾਰ 1 ਪਉੜੀ 33)

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਇਹ ਕਿਤਾਬ ਉਹ ਬਾਣੀ ਦੀ ਪੋਥੀ ਹੀ ਸੀ ਜਿਹੜੀ ਗੁਰੂ ਸਾਹਿਬ ਜੀ ਬਾਣੀ ਉਤਰਨ ਸਮੇਂ ਨਾਲੋ ਨਾਲ ਲਿਖਦੇ ਰਹੇ ਸਨ। ਗੁਰੂ ਅੰਗਦ ਸਾਹਿਬ ਜੀ ਨੂੰ ਗੁਰਿਆਈ ਦੇਣ ਸਮੇਂ ਇਹ ਪੋਥੀ ਉਨ੍ਹਾਂ ਦੇ ਸਪੁਰਦ ਕੀਤੀ। ਉਹ ਆਪਣੀ ਬਾਣੀ ਇਸ ਵਿੱਚ ਲਿਖਦੇ ਗਏ ਤੇ ਅੱਗੇ ਗੁਰੂ ਅਮਰਦਾਸ ਜੀ ਨੂੰ ਗਰਿਆਈ ਦੇਣ ਸਮੇਂ ਉਨ੍ਹਾਂ ਦੇ ਸਪੁਰਦ ਕਰ ਦਿੱਤੀ। ਗੁਰੂ ਅਮਰ ਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗਰਿਆਈ ਦੇਣ ਸਮੇਂ ਆਪਣੀ ਬਾਣੀ ਸਮੇਤ ਇਹ ਪੋਥੀ ਉਨ੍ਹਾਂ ਦੇ ਸਪੁਰਦ ਕੀਤੀ ਜਿਸ ਦਾ ਜ਼ਿਕਰ ਬਾਬਾ ਸੁੰਦਰ ਜੀ ਨੇ ਰਾਮਕਲੀ ਸਦ ਬਾਣੀ ਵਿੱਚ ਕੀਤਾ ਹੈ: ‘ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥5॥’ (ਗੁਰੂ ਗ੍ਰੰਥ ਸਾਹਿਬ ਪੰਨਾ 923) ਭਾਵ ਗੁਰੂ ਅਮਰਦਾਸ ਜੀ ਨੇ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ (ਅਤੇ) ਗੁਰੂ ਦਾ ਸ਼ਬਦ-ਰੂਪ ਸੱਚੀ ਰਾਹਦਾਰੀ ਬਖ਼ਸ਼ੀ ॥5॥ ਫਿਰ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਗੁਰੂ ਅਮਰ ਦਾਸ ਜੀ ਨੇ ਗੁਰਬਾਣੀ ਦੀਆਂ ਇਹ ਪੋਥੀਆਂ ਗੁਰੂ ਰਾਮ ਦਾਸ ਨੂੰ ਨਾ ਦਿੱਤੀਆਂ ਹੋਣ, ਮੋਹਰੀ ਜਿਹੜਾ ਗੁਰੂ ਸਾਹਿਬ ਦਾ ਬਚਨ ਮੰਨ ਕੇ ਗੁਰੂ ਰਾਮਦਾਸ ਜੀ ਦੇ ਚਰਨੀ ਲੱਗ ਗਿਆ: ‘ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥’ (ਰਾਮਕਲੀ ਸਦ, ਗੁਰੂ ਗ੍ਰੰਥ ਸਾਹਿਬ -ਪੰਨਾ 924) ਨੂੰ ਵੀ ਨਾ ਦਿੱਤੀਆ ਤੇ ਬਾਬਾ ਮੋਹਨ ਜੀ ਜਿਸ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ, (ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵਾਰ 26 ਪਉੜੀ 33 ਵਿੱਚ ਕੀਤਾ ਹੈ: ‘ਮੋਹਣੁ ਕਮਲਾ ਹੋਇਆ, ਚਉਬਾਰਾ ਮੋਹਰੀ ਮਨਾਇਆ।’), ਉਸ ਦੇ ਹਵਾਲੇ ਕਰ ਦਿਤੀਆਂ ਹੋਣ। ਇਸ ਲਈ ਬਾਬਾ ਮੋਹਣ ਜੀ ਕੋਲ ਗੁਰਬਾਣੀ ਦੀਆਂ ਕੋਈ ਪ੍ਰਮਾਣੀਕ ਪੋਥੀਆਂ ਹੋਣ ਜਾਂ ਗੁਰੂ ਅਰਜੁਨ ਸਾਹਿਬ ਜੀ ਜਿਸ ਨੇ ਮੁਹੰਮਦ ਸਾਹਿਬ ਦੀ ਉਸਤਤਿ ਵਿੱਚ ਕਲਾਮ ਲਿਖਣ ਤੋਂ ਨਾਂਹ ਕਰਕੇ ਸ਼ਹੀਦੀ ਦੇਣੀ ਪ੍ਰਵਾਨ ਕਰ ਲਈ ਹੋਵੇ, ਉਹ ਬਾਬਾ ਮੋਹਨ ਜੀ ਦੇ ਉਚੇ ਚੁਬਾਰੇ ਅੱਗੇ ਬੈਠ ਕੇ ਉਸ ਦੀ ਉਸਤਤਿ ਵਿੱਚ ਕੀਰਤਨ ਕਰਨ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ; ਇਹ ਕਦੀ ਸੰਭਵ ਹੋ ਨਹੀਂ ਸਕਦਾ। ਪਰ ਸਾਡੇ ਪ੍ਰਚਾਰਕ ਤੇ ਕੁਝ ਲੇਖਕ ਬਿਨਾਂ ਸੋਚੇ ਵੀਚਾਰੇ ਇਹ ਮਨ ਘੜਤਤ ਸਾਖੀਆਂ ਲਿਖ/ਸੁਣਾ ਕੇ ਸੰਗਤਾਂ ਨੂੰ ਦੁਬਿਧਾ ਵਿੱਚ ਪਾ ਰਹੇ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top