Share on Facebook

Main News Page

ਬਾਰਿ ਪਰਾਇਐ ਬੈਸਣਾ
- ਨਿਰਮਲ ਸਿੰਘ ਕੰਧਾਲਵੀ, ਯੂ.ਕੇ.

ਸਿੱਖਾਂ ਨਾਲ਼ ਹਰੇਕ ਪਾਸਿਉਂ ਵਿਤਕਰੇ ਦੀਆਂ ਪਿਛਲੀਆਂ ਘਟਨਾਵਾਂ ਦੀ ਅਜੇ ਸਿਆਹੀ ਵੀ ਨਹੀਂ ਸੁੱਕਦੀ ਕਿ ਸਿੱਖ ਕੌਮ ਦਾ ਕੋਈ ਹੋਰ ਦੋਖੀ ਨਵੀਂ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ ਜਿਸ ਨਾਲ਼ ਚਾਰ ਕੁ ਦਿਨ ਸਿੱਖ ਬੇਚਾਰਗੀ ਵਿਚ ਵਿਸ ਘੋਲ਼ਦੇ ਹਨ ਫਿਰ ਸਭ ਕੁਝ ਪਹਿਲੇ ਦੀ ਤਰ੍ਹਾਂ।

ਤਾਜ਼ਾ ਖ਼ਬਰ ਅਨੁਸਾਰ ਹੁਸ਼ਿਆਰ ਪੁਰ ਦੇ ਇਕ ਈਸਾਈ ਸਕੂਲ ਦੀ ਮੁੱਖ ਅਧਿਆਪਕਾ ਨੇ ਨਾਦਰਸ਼ਾਹੀ ਫ਼ੁਰਮਾਨ ਜਾਰੀ ਕਰਦਿਆਂ ਸਿੱਖ ਬੱਚਿਆਂ ਨੂੰ ਕੜਾ ਪਹਿਨਣ ਦੀ ਮਨਾਹੀ ਕਰ ਦਿੱਤੀ ਹੈ ਤੇ ਇਸ ਹੁਕਮ ਦੀ ਉਲੰਘਣਾ ਕਰਨ ਵਾਲ਼ੇ ਬੱਚੇ ਨੂੰ ਪੰਜ ਸੌ ਰੁਪਇਆ ਜ਼ੁਰਮਾਨਾ ਕੀਤਾ ਜਾਵੇਗਾ।

ਇਹ ਠੀਕ ਹੈ ਕਿ ਕੋਈ ਵੀ ਸੰਸਥਾ ਕੁਝ ਨਿਯਮਾਂ ਦੇ ਬਿਨਾਂ ਨਹੀਂ ਚਲ ਸਕਦੀ ਪਰ ਇਸ ਦੇ ਨਾਲ਼ ਹੀ ਸੰਸਥਾ ਦੇ ਪ੍ਰਬੰਧਕਾਂ ਨੂੰ ਇਹ ਵੀ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਸੰਸਥਾ ਦੇ ਨਿਯਮ ਵੀ ਕਿਸੇ ਮਰਯਾਦਾ ਵਿਚ ਬੱਝੇ ਹੋਏ ਹੋਣ।

ਅਖ਼ਬਾਰੀ ਰਿਪੋਰਟਾਂ ਅਨੁਸਾਰ ਇਸ ਸੰਸਥਾ ਉੱਪਰ ਇਹ ਵੀ ਇਲਜ਼ਾਮ ਲੱਗਾ ਹੈ ਕਿ ਬੱਚਿਆਂ ਨੂੰ ਭਾਰੀ ਜ਼ੁਰਮਾਨੇ ਕਰ ਕੇ ਇਕੱਤਰ ਹੋਈਆਂ ਰਕਮਾਂ ਧਰਮ ਤਬਦੀਲੀ ਦੇ ਕੰਮਾਂ ਵਿਚ ਵਰਤੀਆਂ ਜਾਂਦੀਆਂ ਹਨ।ਉਸ ਸਕੂਲ ਵਿਚ ਕੰਮ ਕਰਦੇ ਸਟਾਫ਼ ਨੇ ਵੀ ਆਪਣੇ ਨਾਲ਼ ਹੁੰਦੀਆਂ ਧੱਕੇਸ਼ਾਹੀਆਂ ਦਾ ਜ਼ਿਕਰ ਕੀਤਾ ਹੈ। ਕੁਝ ਧਰਮਾਂ ਵਿਚ ਆਪਣੇ ਅਨੁਯਾਈਆਂ ਨੂੰ ਵਿਸ਼ੇਸ਼ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਦੂਸਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਵਿਚ ਲਿਆਉਣ ਜਿਸ ਨੂੰ ਕਿ ਬਹੁਤ ਪੁੰਨ ਦਾ ਕਾਰਜ ਸਮਝਿਆ ਜਾਂਦਾ ਹੈ ਤੇ ਇਸ ਬਦਲੇ ਉਨ੍ਹਾਂ ਨੂੰ ਸਵਰਗ ਵਿਚ ਪੱਕੀਆਂ ਸੀਟਾਂ ਦਾ ਲਾਰਾ ਲਾਇਆ ਜਾਂਦਾ ਹੈ। ਸਿੱਖ ਧਰਮ ਕਿਸੇ ਨੂੰ ਜ਼ਬਰਦਸਤੀ ਜਾਂ ਹੋਛੇ ਹਥਕੰਡੇ ਵਰਤ ਕੇ ਆਪਣੇ ਧਰਮ ਵਿਚ ਲਿਆਉਣ ਦੀਆਂ ਕਾਰਵਾਈਆਂ ਨਹੀਂ ਕਰਦਾ ਤੇ ਨਾ ਇਸ ਵਿਚ ਯਕੀਨ ਰੱਖਦਾ ਹੈ।ਸਿੱਖ ਪ੍ਰਚਾਰਕ ਆਪਣੇ ਧਰਮ ਦੀ ਸਿਧਾਂਤਕ ਵਿਆਖਿਆ ਕਰਦੇ ਹਨ। ਸਿੱਖ ਧਰਮ ਦੇ ਸਿਧਾਂਤਾਂ ਨੂੰ ਮੰਨਦਿਆਂ ਅਗਰ ਕੋਈ ਵਿਅਕਤੀ ਸਿੱਖੀ ਨੂੰ ਅਪਨਾਉਣਾ ਚਾਹੁੰਦਾ ਹੈ ਤਾਂ ਉਸਨੂੰ ਜੀ ਆਇਆਂ ਆਖਿਆ ਜਾਂਦਾ ਹੈ।

ਦਾਸ ਨੇ ਪਹਿਲਾਂ ਵੀ ਵਿਭਿੰਨ ਪੱਤਰਾਂ ਤੇ ਵੈੱਬਸਾਈਟਾਂ ਉੱਪਰ ਇਸ ਵਿਸ਼ੇ ਬਾਰੇ ਕਈ ਵਾਰੀ ਲਿਖ਼ਿਆ ਹੈ।

ਬਾਬਾ ਫ਼ਰੀਦ ਜੀ ਨੇ ਆਪਣੀ ਬਾਣੀ ਵਿਚ ਲਿਖਿਆ ਹੈ:-

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨਾ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥

ਪਾਠਕ! ਇਹ ਸਲੋਕ ਪੜ੍ਹ ਕੇ ਸਮਝ ਹੀ ਹਏ ਹੋਣਗੇ ਕਿ ਦਾਸ ਕੀ ਕਹਿਣਾ ਚਾਹੁੰਦਾ ਹੈ।ਜੇ ਅਸੀਂ ਆਪਣੇ ਬੱਚਿਆਂ ਨੂੰ ਪਰਾਏ ਬਾਰ ਪੜ੍ਹਨ ਲਈ ਭੇਜਾਂਗੇ ਤਾਂ ਇਹੋ ਜਿਹੇ ਵਿਤਕਰੇ ਸਾਡੇ ਬੱਚਿਆਂ ਨਾਲ਼ ਹੁੰਦੇ ਹੀ ਰਹਿਣਗੇ।

ਪੰਜਾਬ ਵਿਚ ਸਿੱਖ ਕੌਮ ਹਰੇਕ ਸਾਲ ਅਰਬਾਂ ਰੁਪਏ ਦੀ ਸ਼ਰਾਬ ਡਕਾਰ ਜਾਂਦੀ ਹੈ, ਅਰਬਾਂ ਰੁਪਇਆ ਵਿਆਹ ਸ਼ਾਦੀਆਂ ਦੀ ਫੋਕੀ ਸ਼ਾਨੋ-ਸ਼ੌਕਤ ਤੇ ਰੋੜ੍ਹ ਦਿੰਦੀ ਹੈ ਪਰ ਆਪਣੇ ਬੱਚਿਆਂ ਨੂੰ ਸਿੱਖੀ ਮਾਹੌਲ ਵਿਚ ਪੜ੍ਹਾਉਣ ਦਾ ਪ੍ਰਬੰਧ ਨਹੀਂ ਕਰ ਸਕਦੀ। ਸਿੱਖ ਕੌਮ ਲਈ ਇਹ ਡੁੱਬ ਮਰਨ ਦੀ ਗੱਲ ਹੈ। ਪੰਜਾਬ ਸਰਕਾਰ ਪਹਿਲਾਂ ਹੀ ਸਰਕਾਰੀ ਸਕੂਲਾਂ ਨੂੰ ਤਿਲਾਂਜਲੀ ਦੇ ਚੁੱਕੀ ਹੈ ਕਿਉਂਕਿ ਵਿੱਦਿਆ ਨੂੰ ਪੂਰੇ ਵਿਉਪਾਰ ਵਿਚ ਬਦਲ ਦਿੱਤਾ ਗਿਆ ਹੈ ਉੱਪਰੋਂ ਨਸ਼ਿਆਂ ਨੇ ਨੌਜੁਆਨੀ ਨੂੰ ਸਿਉਂਕ ਦੀ ਤਰ੍ਹਾਂ ਖਾ ਲਿਆ ਹੈ।

ਪੰਜਾਬ ਵਿਚ ਲੱਖਾਂ ਸਿੱਖ ਨੌਜੁਆਨ ਬੇਰੁਜ਼ਗ਼ਾਰੀ ਨਾਲ਼ ਜੂਝ ਰਹੇ ਹਨ।ਲੱਖਾਂ ਕਰੋੜਾਂ ਰੁਪਏ ਖ਼ਰਚ ਕੇ ਤੇ ਏਜੰਟਾਂ ਦੇ ਢਹੇ ਚੜ੍ਹ ਕੇ ਬਾਹਰਲੇ ਦੇਸ਼ਾਂ ਵਿਚ ਰੁਲ਼ਦੇ ਫਿਰਦੇ ਹਨ, ਕਈ ਤਾਂ ਰਾਹ ਵਿਚ ਹੀ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਯਾਦ ਕਰੋ ਮਾਲਟਾ ਕਿਸ਼ਤੀ ਕਾਂਡ ਜਿਸ ਵਿਚ ਤਕਰੀਬਨ ਤਿੰਨ ਸੌ ਨੌਜਵਾਨ ਮਨੁੱਖੀ ਸਮਗਲਰਾਂ ਨੇ ਸਮੁੰਦਰ ਵਿਚ ਡੋਬ ਦਿੱਤੇ ਸਨ ਜਿਨ੍ਹਾਂ ਵਿਚ ਇਕ ਸੌ ਸੱਤਰ ਨੌਜੁਆਨ ਪੰਜਾਬ ਦੇ ਪੇਂਡੂ ਖੇਤਰਾਂ ਨਾਲ਼ ਸਬੰਧ ਰੱਖਦੇ ਸਨ।

ਇਨ੍ਹਾਂ ਬੇਰੁਜ਼ਗ਼ਾਰ ਨੌਜੁਆਨਾਂ ਨੂੰ ਵਧੀਆ ਸਿੱਖਿਆ ਦੇ ਕੇ ਸੁਯੋਗ ਅਧਿਆਪਕ ਬਣਾਇਆ ਜਾ ਸਕਦਾ ਹੈ ਜਿਸ ਨਾਲ਼ ਉਹ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਯੋਗ ਹੋਣਗੇ ਤੇ ਬੱਚਿਆਂ ਨੂੰ ਸਕੂਲੀ ਵਿਦਿਆ ਦੇ ਨਾਲ਼ ਨਾਲ਼ ਸਿੱਖ ਰਹਿਤਲ ਨਾਲ਼ ਵੀ ਜੋੜਨਗੇ ਜਿੱਥੇ ਬੱਚਿਆਂ ਦੇ ਕੇਸਾਂ, ਦਸਤਾਰਾਂ ਤੇ ਕੜਿਆਂ ਤੇ ਕੋਈ ਉਂਗਲ ਨਹੀਂ ਉਠਾਏਗਾ।

ਪੰਜਾਬ ਵਿਚ ਥਾਂ ਥਾਂ ਤੇ ਖੁੱਲ੍ਹੇ ਹੋਏ ਈਸਾਈ ਸਕੂਲ, ਜਿਨ੍ਹਾਂ ਵਿਚ ਬਹੁਤਾ ਕਰਕੇ ਸਿੱਖਾਂ ਦੇ ਬੱਚੇ ਹੀ ਪੜ੍ਹਦੇ ਹਨ, ਦਰਸਾਉਂਦੇ ਹਨ ਕਿ ਸਿੱਖ ਕੌਮ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕੀ ਹੈ ਤੇ ਇਨ੍ਹਾਂ ਨੂੰ ਆਪਣੇ ਭਵਿੱਖ ਦੀ ਕੋਈ ਚਿੰਤਾ ਨਹੀਂ ਰਹੀ ਕਿ ਇਨ੍ਹਾਂ ਦਾ ਸਿੱਖ ਸਭਿਆਚਾਰ ਬਚੇਗਾ ਜਾਂ ਨਹੀਂ।ਸਿੱਖ ਕੌਮ ਸ਼ਾਇਦ ਹਰੇਕ ਗੱਲ ਨੂੰ ਸਿਰਫ਼ ਪੈਸੇ ਦੀ ਤੱਕੜੀ ਵਿਚ ਹੀ ਤੋਲਣ ਜੋਗੀ ਰਹਿ ਗਈ ਹੈ।

ਸਿੱਖੋ ਜਾਗੋ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।ਈਸਾਈ ਸਕੂਲਾਂ ਵਿਚ ਪੜ੍ਹਨ ਵਾਲ਼ੇ ਸਿੱਖ ਬੱਚੇ ਈਸਾਈਅਤ ਦਾ ਅਸਰ ਕਿਸੇ ਨਾ ਕਿਸੇ ਢੰਗ ਨਾਲ਼ ਕਬੂਲ ਹੀ ਲੈਂਦੇ ਹਨ।ਕੁਝ ਸਾਲ ਪਹਿਲਾਂ, ਗੁਰਦੁਆਰੇ ਦਾ ਜਨਰਲ ਸਕੱਤਰ ਹੁੰਦਿਆਂ ਕੁਝ ਮਾਪੇ ਦਾਸ ਪਾਸੋਂ ਆਪਣੇ ਬੱਚਿਆਂ ਲਈ ਰੋਮਨ ਕੈਥੋਲਿਕ ਸਕੂਲਾਂ ਵਿਚ ਦਾਖ਼ਲਾ ਦਿਵਾਉਣ ਲਈ ਚਿੱਠੀ ਲੈਣ ਆਉਂਦੇ ਸਨ ਕਿ ਬੱਚੇ ਦੇ ਮਾਪੇ ਧਾਰਮਿਕ ਹਨ ਤੇ ਗੁਰਦੁਆਰੇ ਆਉਂਦੇ ਹਨ।ਉਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲ਼ੇ ਬੱਚੇ ਬੇਸ਼ੱਕ ਉੱਚ ਵਿਦਿਆ ਤਾਂ ਗ੍ਰਹਿਣ ਕਰ ਗਏ ਪਰ ਉਨ੍ਹਾਂ ਵਿਚੋਂ ਬਹੁਤੇ ਈਸਾਈਅਤ ਦੇ ਪ੍ਰਭਾਵ ਹੇਠ ਵੀ ਆਏ ਤੇ ਪਰਿਵਾਰਾਂ ਦਰਮਿਆਨ ਪਾੜਾ ਵਧਿਆ।

ਸਿੱਖ ਸੰਸਥਾਵਾਂ, ਸਿੱਖ ਬੁੱਧੀਜੀਵੀਆਂ ਤੇ ਵਿਦਵਾਨਾਂ ਨੂੰ ਇਸ ਪ੍ਰਤੀ ਗੰਭੀਰ ਚਿੰਤਨ ਕਰ ਕੇ ਉਪਰਾਲੇ ਕਰਨ ਦੀ ਲੋੜ ਹੈ ਕਿ ਅਸੀਂ ਆਪਣੀ ਪਨੀਰੀ ਨੂੰ ਆਪਣੇ ਸਕੂਲਾਂ ਵਿਚ ਸਿੱਖੀ ਮਾਹੌਲ ਵਿਚ ਵਿਦਿਆ ਦੇ ਕੇ ਆਪਣਾ ਭਵਿੱਖ ਬਚਾਈਏ ਨਹੀਂ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ।

ਕਿਤੇ ਹੇਠ ਲਿਖ਼ਿਆ ਸ਼ੇਅਰ ਸਿੱਖ ਕੌਮ ਤੇ ਹੀ ਲਾਗੂ ਨਾ ਹੋ ਜਾਵੇ:-

ਬੇਇਲਮ ਭੀ ਹੈਂ ਯੇ ਲੋਗ ਔਰ ਗ਼ਫ਼ਲਤ ਭੀ ਹੈ ਤਾਰੀ, ਅਫ਼ਸੋਸ ਕਿ ਅੰਧੇ ਭੀ ਹੈਂ ਔਰ ਸੋ ਭੀ ਰਹੇ ਹੈਂ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top