Share on Facebook

Main News Page

ਸ਼੍ਰੋਮਣੀ ਕਮੇਟੀ ਵੱਲੋਂ ਛਪਵਾਈਆਂ ਜਾ ਰਹੀਆਂ ਪੁਸਤਕਾਂ ਦੀ ਪੜਚੋਲ ਤੋਂ ਸਪਸ਼ਟ ਹੁੰਦਾ ਹੈ, ਕਿ ਇਹ ਆਪਣੇ ਵਿਰਸੇ ਤੇ ਸਿਧਾਂਤ ਨੂੰ ਆਪਣੇ ਹੱਥੀਂ ਆਪ ਹੀ ਤਬਾਹ ਕਰ ਰਹੀ ਹੈ:
-
ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਇਹ ਅਟੱਲ ਸਚਾਈ ਹੈ ਕਿ ਗੁਰਬਾਣੀ ਪੂਰਨ ਤੌਰ 'ਤੇ ਸੱਚ ਹੈ ਪਰ ਕਿਸੇ ਵੀ ਇਤਿਹਾਸਕਾਰ ਭਾਵੇਂ ਉਹ ਸਮਕਾਲੀ ਵੀ ਕਿਉਂ ਨਾ ਹੋਵੇ, ਵੱਲੋਂ ਲਿਖਿਆ ਇਤਿਹਾਸ ਪੂਰਨ ਤੌਰ 'ਤੇ ਸੱਚ ਨਹੀਂ ਹੋ ਸਕਦਾ। ਕਿਉਂਕਿ ਮਨੁੱਖ ਹੋਣ ਦੇ ਨਾਤੇ ਇੱਕ ਇਤਿਹਾਸਕਾਰ ਦੀ ਜਾਣਕਾਰੀ ਸੀਮਤ ਹੁੰਦੀ ਹੈ ਤੇ ਉਸ ਨੂੰ ਸਾਰੀਆਂ ਘਟਨਾਵਾਂ ਦਾ ਪੂਰਨ ਤੌਰ 'ਤੇ ਗਿਆਨ ਹੋਣਾ ਸੰਭਵ ਨਹੀਂ ਹੈ। ਸਿੱਖ ਇਤਿਹਾਸ ਤਾਂ ਜਿਆਦਾਤਰ ਲਿਖਿਆ ਹੀ ਗੈਰ ਸਿੱਖ ਵਿਦਵਾਨਾਂ ਵੱਲੋਂ ਗਿਆ ਹੈ ਤੇ ਇਨ੍ਹਾਂ ਵਿਚੋਂ ਕਈਆਂ ਨੇ ਤਾਂ ਇੱਕ ਸਾਜਿਸ਼ ਅਧੀਨ ਸਿੱਖ ਇਤਿਹਾਸ ਲਿਖਣ ਸਮੇਂ ਗੁਰਮਤਿ ਵਿਰੋਧੀ ਕਰਾਮਾਤਾਂ ਤੇ ਵਰ-ਸਰਾਪਾਂ ਨੂੰ ਵਿਸ਼ੇਸ਼ ਥਾਂ ਦੇ ਕੇ ਗੁਰਮਤਿ ਵਿੱਚ ਰਲਾਵਟ ਕਰਨ, ਤੇ ਸ਼ੰਕੇ ਉਤਪਨ ਕਰਨ ਦਾ ਕੁਕਰਮ ਕੀਤਾ ਹੈ। ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਸੀ ਕਿ ਕਿ ਉਹ ਸਾਰੇ ਸਿੱਖ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਪਰਖ ਕੇ ਜਿਹੜੀ ਸਾਖੀ ਗੁਰਬਾਣੀ ਦੀ ਕਸਵੱਟੀ 'ਤੇ ਪੂਰੀ ਨਹੀਂ ਉਤਰਦੀ ਉਸ ਨੂੰ ਰੱਦ ਕਰਕੇ ਸੰਪੂਰਨ ਸਿੱਖ ਇਤਿਹਾਸ ਨੂੰ ਸੋਧ ਕੇ ਮੁੜ ਪ੍ਰਕਾਸ਼ਤ ਕਰਦੀ। ਪਰ ਸਕੂਲੀ ਬੱਚਿਆਂ ਨੂੰ ਪੜ੍ਹਾਏ ਜਾਣ ਵਾਲੀਆਂ ਧਰਮ ਪੋਥੀਆਂ, ਪ੍ਰਚਾਰ ਦੇ ਨਾਮ ’ਤੇ ਛਪਵਾ ਕੇ ਮੁਫ਼ਤ ਵੰਡੇ ਜਾ ਰਹੇ ਕਿਤਾਬਚੇ ਅਤੇ ਸਿੱਖ ਇਤਿਹਾਸ ਸਬੰਧੀ ਛਪਵਾਈਆਂ ਜਾ ਰਹੀਆਂ ਹੋਰ ਪੁਸਤਕਾਂ ਦੀ ਪੜਚੋਲ ਤੋਂ ਸਪਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਵਿਰਸੇ ਤੇ ਸਿਧਾਂਤ ਨੂੰ ਆਪਣੇ ਹੱਥੀਂ ਆਪ ਹੀ ਤਬਾਹ ਕਰ ਰਹੀ ਹੈ।

ਅਫਸੋਸ ਹੈ ਕਿ ਇਤਿਹਾਸ ਸੋਧਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਵਿਦਵਾਨ, ਪ੍ਰਚਾਰਕ, ਕਥਾਵਾਚਕ ਤੇ ਕੀਰਤਨੀਏ ਸਿੰਘ ਗੁਰਮਤਿ ਨੂੰ ਸੋਧਣ ਦੇ ਰਸਤੇ ਪਏ ਹੋਏ ਹਨ, ਤੇ ਜਦੋਂ ਉਨ੍ਹਾਂ ਨੂੰ ਅਜੇਹੀ ਗੁਰਮਤਿ ਵਿਰੋਧੀ ਸਾਖੀ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਜਵਾਬ ਬੜਾ ਹੀ ਨਿਰਸ਼ਾਜਨਕ ਹੁੰਦਾ ਹੈ ਤੇ ਕਹਿੰਦੇ ਹਨ ਕਿ ਹਰ ਸਵਾਲ ਦੇ ਜਵਾਬ ਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਲੱਭਣ ਵਾਲੇ ਕਾਮਰੇਡੀ ਸੋਚ ਅਧੀਨ ਚਿਰਾਂ ਤੋਂ ਚਲੀਆਂ ਆ ਰਹੀਆਂ ਮਨੌਤਾਂ ਤੇ ਸਿੱਖ ਇਤਿਹਾਸ ਨੂੰ ਰੱਦ ਕਰਨ ਦੇ ਰਾਹ ਪੈ ਕੇ ਸਿੱਖੀ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਇਤਿਹਾਸ ਵੀ ਬਹੁਤ ਕੀਮਤੀ ਹੈ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਤੇ ਜੇ ਸਿੱਖ ਇਤਿਹਾਸ ਹੀ ਰੱਦ ਕਰ ਦਿੱਤਾ ਤਾਂ ਸਾਡੇ ਕੋਲ ਬਾਕੀ ਬਚੇਗਾ ਹੀ ਕੀ? ਭਾਵ ਇਨ੍ਹਾਂ ਲਈ ਇਨ੍ਹਾਂ ਕਲਪਿਤ ਸਾਖੀਆਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਛ ਮਾਤਰ ਹੀ ਜਾਪਦੀ ਹੈ।

ਇਸੇ ਕਾਰਣ ਤਾਂ ਉਹ ਨਿਧੜਕ ਹੋ ਕੇ ਕਹਿ ਦਿੰਦੇ ਹਨ ਕਿ ਮਨੋ ਕਲਪਿਤ ਭਾਈ ਬਾਲੇ ਵਾਲੀ ਜਨਮ ਸਾਖੀ, ਗੁਰਬਿਲਾਸ ਪਾਤਸ਼ਹੀ ਛੇਵੀਂ, ਬਚਿੱਤਰ ਨਾਟਕ, ਸੂਰਜ ਪ੍ਰਕਾਸ਼ ਅਤੇ ਪੰਥ ਪ੍ਰਕਾਸ਼ ਜਿਹੇ ਇਤਿਹਾਸਕ ਗ੍ਰੰਥਾਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਇਤਰਾਜਯੋਗ ਸਮੱਗਰੀ ਨੂੰ ਰੱਦ ਕਰਨ ਨਾਲ ਸਿੱਖਾਂ ਕੋਲ ਬਚਣਾਂ ਹੀ ਕੱਖ ਨਹੀਂ। ਸ਼੍ਰੋਮਣੀ ਕਮੇਟੀ ਨੇ ਆਪਣੀ ਹੋਂਦ ਵਿੱਚ ਆਉਂਦੇਸਾਰ ਜਿਸ ਗੁਰਬਿਲਾਸ ਪਾਤਸ਼ਹੀ ਛੇਵੀਂ ਵਰਗੀ ਗੁਰਮਤਿ ਵਿਰੋਧੀ ਪੁਸਤਕ ’ਤੇ ਪਾਬੰਦੀ ਲਾ ਕੇ ਇਸ ਦੀ ਗੁਰਦੁਆਰਿਆਂ ਵਿੱਚ ਕਥਾ ਕਰਨ 'ਤੇ ਪਾਬੰਦੀ ਲਾ ਦਿੱਤੀ ਸੀ ਆਪਣੇ ਰਾਜਨੀਤਕ ਹਿੱਤਾਂ ਕਾਰਣ ਭਾਜਪਾ ਤੇ ਆਰਐੱਸਐੱਸ ਨੂੰ ਖੁਸ਼ ਕਰਨ ਲਈ ਉਨ੍ਹਾਂ ਦਾ ਏਜੰਡਾ ਲਾਗੂ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੇ ਇਸ ਦੀ ਮੁੜ ਛਪਵਾਈ ਕਰਵਾ ਕੇ ਇਸ ਦੀ ਗੁਰੁਦਆਰਿਆਂ ਵਿੱਚ ਮੁੜ ਕਥਾ ਅਰੰਭ ਕਰਵਾਉਣ ਦੀ ਕਾਮਨਾ ਕਰ ਦਿੱਤੀ ਹੈ। ਕਿਸੇ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਬੇਸ਼ੱਕ ਨਾ ਹੋਵੇ ਪਰ ਸੂਰਜ ਪ੍ਰਕਾਸ਼ ਦੀ ਕਥਾ ਜਰੂਰ ਕੀਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਥੇ ਕਥਾ ਹੁੰਦੀ ਵੀ ਹੈ ਉਥੇ ਗੁਰਬਾਣੀ ਦੇ ਅਰਥ ਗੁਰਬਾਣੀ 'ਚੋਂ ਸਮਝਣ ਦੀ ਬਜ਼ਾਏ ਗੁਰਬਿਲਾਸ ਪਾਤਸ਼ਾਹੀ ਛੇਵੀਂ, ਸੂਰਜ ਪ੍ਰਕਾਸ਼, ਤੇ ਭਾਈ ਬਾਲੇ ਦੀ ਜਨਮ ਸਾਖੀ 'ਚ ਦਰਜ ਗੁਰਮਤਿ ਵਿਰੋਧੀ ਸਾਖੀਆਂ ਸੁਣਾਉਣ ਦੀ ਹੀ ਭਰਮਾਰ ਹੁੰਦੀ ਹੈ।

ਸਿੱਖ ਇਤਿਹਾਸ ਸੋਧਣ ਦੀ ਬਜ਼ਾਏ ਮੱਖੀ 'ਤੇ ਮੱਖੀ ਮਾਰਦਿਆਂ ਗੁਰਮਤਿ ਵਿਰੋਧੀ ਇਤਿਹਾਸ 'ਤੇ ਹੀ ਮੋਹਰ ਲਾਈ ਜਾ ਰਹੀ ਹੈ, ਜਿਵੇਂ ਕਿ ਸੁਰਿੰਦਰ ਸਿੰਘ ਸੋਨੀ ਪੱਤਰਕਾਰ ਅਨੰਦਪੁਰ ਸਾਹਿਬ ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਤੇ ਨੌਂਵੀ, ਦਸਵੀਂ ਅਤੇ ਹਾਇਰ ਸੈਕੰਡਰੀ ਦੇ ਵਿਦਿਆਰਥੀਆਂ ਲਈ ਨੀਯਤ ਕੀਤੀ ਗਈ ਧਰਮ ਪੋਥੀ ਨੰਬਰ 9-10 ਦੀ ਕੀਤੀ ਗਈ ਪੜਚੋਲ ਦੀਆਂ ਦੋ ਰੀਪੋਰਟਾਂ

http://singhsabhausa.com/fullview.php?type=news&path=2312 ਅਤੇ http://www.punjabspectrum.com/2012/08/3881

ਅਤੇ ਜਨਵਰੀ 2012 ਵਿੱਚ ਭੇਟਾ ਰਹਿਤ ਛਾਪਿਆ ਲਿਟ੍ਰੇਚਰ ‘ਕੇਸ ਕਿਉਂ?’ ਦੀ ਭਾਈ ਪਰਮਜੀਤ ਸਿੰਘ ਮਿਸ਼ਨਰੀ ਉਤਰਾਖੰਡ ਵੱਲੋਂ ਕੀਤੀ ਪੜਚੋਲ ਦੀ ਰੀਪੋਰਟ

http://www.khalsanews.org/newspics/2012/08Aug2012/28%20Aug%2012/28%20Aug%2012%20Free%20Literature%20SGPC%20-%20PS%20Uttarakhand.htm

’ਤੇ ਪੜ੍ਹ ਕੇ ਵੇਖੀਆਂ ਜਾ ਸਕਦੀਆਂ ਹਨ ਕਿ ਕਿਸ ਤਰ੍ਹਾਂ ਸਿੱਖੀ ਸਿਧਾਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਗੋਂ ਇਸ ਤੋਂ ਵੀ ਅੱਗੇ ਵਧ ਕੇ ਸਿੱਖ ਇਤਿਹਾਸ (ਹਿੰਦੀ) ਵਰਗੀਆਂ ਕੁਫ਼ਰ ਤੋਲਦੀਆਂ ਪੁਤਸਕਾਂ ਦੀ ਛਪਵਾਈ ਕਰਵਾ ਕੇ, ਗੁਰੂ ਸਾਹਿਬ ਜੀ ਵੱਲੋਂ ਨੀਹਾਂ ਵਿੱਚ ਆਪਣੇ ਜ਼ਿਗਰ ਦੇ ਟੋਟੇ ਚਿਣਵਾ ਕੇ ਉਸਾਰੇ ਸਿੱਖੀ ਦੇ ਮਹਿਲ ਨੂੰ ਉਜਾੜ ਰਹੇ ਹਨ।

ਕਬੀਰ ਸਾਹਿਬ ਜੀ ਨੇ ਤਾਂ ਬਚਨ ਕੀਤਾ ਸੀ : 'ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ ॥ ਪਾਂਚਉ ਲਰਿਕੇ ਮਾਰਿ ਕੈ ਰਹੈ ਰਾਮ ਲਿਉ ਲਾਇ ॥83॥' ਹੇ ਕਬੀਰ! (ਭਾਵੇਂ ਸਿਫ਼ਤ-ਸਾਲਾਹ ਵਿਚ ਬੜੀ ਬਰਕਤਿ ਹੈ, ਪਰ ਸਰੀਰਕ ਮੋਹ ਅਤੇ ਕਾਮਾਦਿਕ ਦਾ ਇਤਨਾ ਜ਼ੋਰ ਹੈ ਕਿ) ਅਜਿਹਾ ਕੋਈ ਮਨੁੱਖ ਨਹੀਂ ਦਿੱਸਦਾ ਜੋ ਸਰੀਰਕ ਮੋਹ ਨੂੰ ਸਾੜਦਾ ਹੈ। ਕੋਈ ਵਿਰਲਾ ਹੈ ਜੋ ਕਾਮਾਦਿਕ ਮਾਇਆ ਦੇ ਪੰਜਾਂ ਪੁੱਤ੍ਰਾਂ ਨੂੰ ਮਾਰ ਕੇ ਪ੍ਰਭੂ ਨਾਲ ਲਿਵ ਲਾਈ ਰੱਖਦਾ ਹੈ ॥83॥

'ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ ॥ ਅੰਧਾ ਲੋਗੁ ਨ ਜਾਨਈ ਰਹਿਓ ਕਬੀਰਾ ਕੂਕਿ ॥84॥' (ਸਲੋਕ ਕਬੀਰ ਜੀ, ਗੁਰੂ ਗ੍ਰੰਥ ਸਾਹਿਬ - ਅੰਗ 1368) (ਭਾਵੇਂ) ਕਬੀਰ ਸਾਹਿਬ ਜੀ ਉਚੀ ਉਚੀ ਕੂਕ ਕੇ ਦੱਸ ਰਹੇ ਹਨ ਕਿ ਹੇ ਕਬੀਰ! (ਮਾਇਆ ਦੇ ਪ੍ਰਭਾਵ ਕਰ ਕੇ) ਕੋਈ ਵਿਰਲਾ ਹੀ ਅਜੇਹਾ ਮਨੁੱਖ ਮਿਲਦਾ ਹੈ ਜੋ (ਪ੍ਰਭੂ ਦੀ ਸਿਫ਼ਤ-ਸਾਲਾਹ ਕਰੇ, ਤੇ) ਸਰੀਰਕ ਮੋਹ ਨੂੰ ਸਾੜ ਦੇਵੇ। ਮਨੁੱਖ ਜਗਤ ਮੋਹ ਵਿਚ ਇਤਨਾ ਗ਼ਰਕ ਹੈ ਕਿ ਇਸ ਨੂੰ ਆਪਣੀ ਭਲਾਈ ਸੁਝਦੀ ਹੀ ਨਹੀਂ ॥84॥

ਪਰ ਇਹ ਸਿਆਸੀ ਚੌਧਰੀਆਂ ਨੇ ਆਪਣੇ ਸਰੀਰਕ ਮੋਹ ਅਤੇ ਪੰਜ ਵਿਕਾਰਾਂ ਨੂੰ ਤਾਂ ਕੀ ਸਾੜਨਾ ਸੀ ਇਹ ਤਾਂ ਕੁਰਸੀ ਮੋਹ ਤੇ ਸਤਾ ਦੇ ਨਸ਼ੇ ਵਿੱਚ ਇਤਨੇ ਚੂਰ ਹੋ ਪਏ ਹਨ ਕਿ ਸਿੱਖ ਵਿਰੋਧੀਆਂ ਨੂੰ ਖੁਸ਼ ਰੱਖ ਕੇ ਆਪਣੀ ਕੁਰਸੀ ਕਾਇਮ ਰੱਖਣ ਲਈ ਆਪਣੇ ਕੀਮਤੀ ਵਿਰਸੇ ਨੂੰ ਹੀ ਸਾੜ ਭਾਵ ਰੱਦ ਕਰ ਰਹੇ ਹਨ: 'ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥' {ਮਾਝ ਕੀ ਵਾਰ (ਮ: 2) ਗੁਰੂ ਗ੍ਰੰਥ ਸਾਹਿਬ - ਪੰਨਾ 148} ਭਾਵ ਉਹ ਆਪਣੇ ਵਿਰਸੇ ਨੂੰ ਆਪਣੇ ਹੀ ਹੱਥਾਂ ਨਾਲ (ਮਾਨੋ,) ਚੁਆਤੀ ਲਾਈ ਜਾ ਰਹੇ ਹਨ। ਗੁਰੂ ਸਾਹਿਬਾਨ ਅਤੇ ਪੁਰਾਤਨ ਸਿੱਖਾਂ ਵਲੋਂ ਆਪਣੇ ਖੂਨ ਨਾਲ ਸਿੰਝ ਕੇ ਕਾਇਮ ਕੀਤੇ ਸਿਧਾਂਤ ਨੂੰ ਲਾਗੂ ਕਰਨ ਅਤੇ ਪ੍ਰਚਾਰਨ ਲਈ ਮੁੱਖ ਜਿੰਮੇਵਾਰ ਸੰਸਥਾ ਸ਼੍ਰੋਮਣੀ ਕਮੇਟੀ ਆਪਣੇ ਹੱਥੀਂ ਆਪ ਹੀ ਤਬਾਹ ਕਰਕੇ ਪਤਾ ਨਹੀਂ ਕਿਸ ਦੇ ਗਲ਼ ਲੱਗੇਗੀ? 'ਆਪਣ ਹਥੀ ਜੋਲਿ ਕੈ, ਕੈ ਗਲਿ ਲਗੈ ਧਾਇ ॥' (ਸਲੋਕ ਫਰੀਦ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ 1377)


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top