Share on Facebook

Main News Page

ਮਸਲਾ ਧਰਮ ਪ੍ਰਚਾਰ ਕਮੇਟੀ (ਅੰਮ੍ਰਿਤਸਰ) ਵੱਲੋਂ ਫ੍ਰੀ ਲਿਟ੍ਰੇਚਰ ਛਾਪਣ ਦਾ
- ਪਰਮਜੀਤ ਸਿੰਘ ਉਤਰਾਖੰਡ 96901 37080

ਖ਼ਾਲਸਾ ਪੰਥ ਦੇ ਵਿਹੜੇ ਅੰਦਰ ਆਏ ਦਿਨ ਕੋਈ ਨਾ ਕੋਈ ਆਪਣੀ ਗੰਦੀ ਸੋਚ ਦੇ ਟੋਕਰੇ ਰਾਹੀਂ ਮਨਮਤਿ ਦਾ ਕੂੜਾ ਸੁਟਦਾ ਨਜ਼ਰ ਆ ਹੀ ਜਾਂਦਾ ਹੈ। ਇਸ ਟੋਕਰੇ ਵਿੱਚੋਂ ਕਦੀ ਮਿਥਿਹਾਸਕ ਸਾਖੀਆਂ ਦੀ ਥੈਲੀ (ਸੂਰਜ ਪ੍ਰਕਾਸ਼) ਦਾ ਤੇ ਕਦੀ ਬਚਿੱਤਰ ਨਾਟਕ, ਗੁਰ-ਬਿਲਾਸ ਪਾ.6 ਵਰਗੇ ਕੂੜ ਭਰੇ ਲਿਟ੍ਰੇਚਰ ਦਾ ਗੰਦ ਅਕਸਰ ਹੀ ਸੁਟਿਆ ਜਾਂਦਾ ਰਿਹਾ ਹੈ ਜਿਸਨੂੰ ਇਸ ਵਿਹੜੇ ਵਿੱਚੋਂ ਸਾਫ ਕਰਨ ਵਾਸਤੇ ਗੁਰਮਤਿ ਦਾ ਝਾੜੂ ਹੱਥ ਵਿੱਚ ਫੜਕੇ ਫੇਰਨਾ ਹੀ ਸਾਡੀ ਅਸਲ ਸੇਵਾ (ਜੁੰਮੇਵਾਰੀ) ਬਣਦੀ ਹੈ।

ਧਰਮ ਪ੍ਰਚਾਰ ਦਾ ਦਾਵਾ ਕਰਨ ਵਾਲੀ ਅੰਮ੍ਰਿਤਸਰ ਕਮੇਟੀ ਨੇ ਕੌਮ ਦਾ ਲੱਖਾਂ ਕਰੋੜਾਂ ਰੁਪਈਏ ਦਾ ਖਰਚਾ ਇਹ ਕਹਿਕੇ ਸ਼ੋ ਕਰਨਾ ਹੋਂਦਾ ਹੈ ਕਿ ਅਸੀਂ ਧਰਮ ਦਾ ਪ੍ਰਚਾਰ ਫ੍ਰੀ ਲਿਟ੍ਰੇਚਰ ਛਾਪ ਕੇ ਘਰ-ਘਰ ਪਹੁੰਚਾ ਰਹੇ ਹਾਂ। ਭਾਵੇਂ ਕਿ ਇਸ ਵਿੱਚ ਵੀ ਪੂਰੀ ਸਚਾਈ ਨਜ਼ਰ ਨਹੀਂ ਆਉਂਦੀ।

ਧਰਮ ਪ੍ਰਚਾਰ ਕਮੇਟੀ ਨੇ ਜਨਵਰੀ 2012 ਵਿੱਚ "ਕੇਸ ਕਿਉਂ"? ਇਕ ਉੱਤਰ ਨਾਮ ਦਾ ਭੇਟਾ ਰਹਿਤ ਲਿਟ੍ਰੇਚਰ (50,000 ਕਾਪੀ) ਛਾਪਿਆ। ਜਿਸ ਦਾ ਲੇਖਕ ਡਾ. ਤੇਜਿੰਦਰ ਸਿੰਘ ਹੈ।

ਇਤਰਾਜਯੋਗ ਤੱਥਾਂ ਤੋਂ ਅਲਾਵਾ ਇਸ ਲਿਟ੍ਰੇਚਰ ਵਿੱਚ ਭਾਵੇਂ ਲੇਖਕ ਨੇ ਕੇਸਾਂ ਬਾਰੇ ਬਹੁਤਾ ਕੁੱਛ ਅਜੇਹਾ ਵੀ ਨਹੀਂ ਲਿਖਿਆ, ਕਿ ਇੱਕ ਕੇਸ ਰੱਖਣ ਵਾਲੇ ਜਗਿਆਸੂ ਜਾਂ ਕੇਸ ਨਾ ਰੱਖਣ ਵਾਲੇ ਦੀਆਂ ਬੇ-ਤੁਕੀਆਂ ਦਲੀਲਾਂ ਦਾ ਕੋਈ ਢੁਕਵਾਂ ਜਵਾਬ ਮਿਲ ਸਕੇ। ਸ਼ਾਇਦ ਧਰਮ ਪ੍ਰਚਾਰ ਕਮੇਟੀ ਕੋਲ ਸੁਲਝੇ ਵਿਦਵਾਨਾਂ ਦੀ ਅਜੇ ਬਹੁਤ ਘਾਟ ਹੈ।ਖ਼ੈਰ ! ਇਸ ਕਿਤਾਬ ਵਿੱਚ ਅੱਧੇ ਤੋਂ ਵੱਧ ਹਿੱਸਾ ਗੁਰ ਮੰਤ੍ਰ ਦੀ ਵਿਆਖਿਆ ਤੇ ਵਰਤੋ ਨਾਲ ਹੀ ਭਰਿਆ ਪਿਆ ਹੈ। ਜੋ ਹੂ-ਬਹੂ ਹੇਠ ਲਿਖੇ ਅਨੁਸਾਰ ਹੀ ਹੈ-

1. ਗੁਰ-ਮੰਤਰ

ਗੁਰ ਮੰਤਰ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਗੁਰੂ ਵੱਲੋਂ ਸਿੱਖਾਂ ਨੂੰ ਗੁਪਤ ਤੌਰ ਤੇ ਕੰਨ ਵਿੱਚ ਦੱਸੇ ਜਾਂਦੇ ਸਨ ਤੇ ਮੰਤਰ ਬਾਰ ਬਾਰ ਜਪਣ ਲਈ ਹੁੰਦਾ ਸੀ।ਇਹ ਸ਼ਬਦ ਸਿੱਖ ਨੂੰ ਕੇਵਲ ਸਿੱਖ ਬਨਾਉਣ ਵੇਲੇ ਹੀ ਦੱਸੇ ਜਾਂਦੇ ਸਨ ਤੇ ਸਦਾ ‘ਅੰਧੁਲੇ ਕੀ ਟੇਕ’ ਦਾ ਕੰਮ ਦੇਂਦੇ ਸਨ।ਇਹ ਸਭ ਨੂੰ ਪਤਾ ਹੈ ਕਿ ਸਿੱਖ ਗੁਰੂ ਸਾਹਿਬਾਨ ਦਾ ਗੁਰ-ਮੰਤਰ ‘ਵਾਹਿਗੁਰੂ’ ਹੀ ਹੈ। ਗੁਰ-ਮੰਤਰ ਸ਼ਬਦ ਦੇ ਰੂਪ ਵਿੱਚ ਆਪਣੇ ਆਪ ਗੁਰੂ ਹੈ ਕਿਉਂਕਿ ਇਹ ਉਹ ਸਭ ਕੁੱਛ ਕਰਦਾ ਹੈ ਜੋ ਗੁਰੂ ਕਰਦਾ ਹੈ। ਗੁਰ-ਮੰਤਰ ਦੇ ਜਾਦੂ ਤੋਂ ਬਿਨਾ ਕੋਈ ਵੀ ਦੁਨਿਆਵੀ ਸ਼ਕਤੀ ਇਸ ਸੰਸਾਰ ਵਿੱਚ ਮਨੁੱਖ ਦੀ ਸਹਾਇਤਾ ਨਹੀਂ ਕਰ ਸਕਦੀ। (ਕੇਸ ਕਿਉਂ-ਪੰਨਾ ਨੰ.12)

2. ਪਹਿਲਾਂ ਪਹਿਲਾਂ ਗੁਰ-ਮੰਤਰ ਗੁਪਤ ਬਣਿਆ ਰਿਹਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਕਲਿਤ ਹੋ ਜਾਣ ਉਪਰੰਤ ਇਸ ਦਾ ਗਿਆਨ ਆਮ ਲੋਕਾਂ ਨੂੰ ਹੋ ਗਿਆ।… ਸਤਿਗੁਰੂ ਨਾਨਕ ਦੇਵ ਜੀ ਦਾ ਸਿੱਖ ਬਨਾਉਣ ਦਾ ਇਹ ਤਰੀਕਾ ਸੰਨ 1699 ਤੱਕ ਜਾਰੀ ਰਿਹਾ। (ਪੰਨਾ ਨੰ.13)

3. ਸਿੱਖਾਂ ਵਿੱਚ ਗੁਰ ਫਤਿਹ ਦਾ ਤਰੀਕਾ ਚਾਲੂ ਕੀਤਾ ਗਿਆ ਅਤੇ ਇਹ ਗੁਰ-ਮੰਤਰ ਵਿੱਚੋਂ ਲਿਆ ਗਿਆ।(ਪੰਨਾ ਨੰ.14)

4. ਕਿਸੇ ਵੀ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਪ੍ਰਮਾਤਮਾ ਨੂੰ ‘ਵਾਹਿਗੁਰੂ’ ਦੇ ਸ਼ਬਦ ਨਾਲ ਸੰਬੋਧਿਤ ਨਹੀਂ ਕੀਤਾ, ਹਾਲਾਂ ਕਿ ਗੁਰੂ ਸਾਹਿਬਾਨ ਵੱਲੋਂ ਇਸੇ ਹੀ ਮਹਾਨ ਸ਼ਬਦ ਨੂੰ ਗੁਰ-ਮੰਤਰ ਕਰਕੇ ਦਿੱਤਾ ਜਾਂਦਾ ਰਿਹਾ।… ਹੋ ਸਕਦਾ ਹੈ ਕਿ ਗੁਰੂ ਸਾਹਿਬਾਨ ਵੱਲੋਂ ਇਉਂ ਗੁਰ-ਮੰਤਰ ਦੀ ਪਵਿਤ੍ਰਤਾ ਨੂੰ ਸੁਰਖਿਅਤ ਰਖਣਾ ਹੀ ਯੋਗ ਖਿਆਲ ਕੀਤਾ ਗਿਆ ਹੋਵੇ। ਇਸੇ ਵਾਸਤੇ ਦੀਖਿਆ ਜਾਂ ਗੁਰ-ਮੰਤਰ ਦੇਣ ਦੇ ਸਮੁਚੇ ਤਰੀਕੇ ਨੂੰ ਬਿਲਕੁਲ ਹੀ ਗੁਰੂ ਗ੍ਰੰਥ ਸਾਹਿਬ ਦੀ ਆਪ ਆਪਣੀ ਬਾਣੀ ਤੋਂ ਬਾਹਰ ਰੱਖਿਆ ਗਿਆ ਹੈ। (ਪੰਨਾ ਨੰ.18)

5. ਸ੍ਰੀ ਗੁਰੂ ਗ੍ਰੰਥ ਜੀ ਵਿੱਚ ਅੰਤਮ ਸਬਦ ਤੋਂ ਪਹਿਲਾਂ ‘ਮੁੰਦਾਵਣੀ ਮਹਲਾ 5’ ਹੈ। ਮੁੰਦਾਵਣੀ ਦਾ ਅਰਥ ਬੁਝਾਰਤ ਹੈ, ਅਰਥਾਤ ਇਸ ਸ਼ਬਦ ਵਿਚ ਇਕ ਬੁਝਾਰਤ ਪਾਈ ਹੈ ਜੋ ਕਿ ਗੁਰੂ ਸਿੱਖਾਂ ਨੇ ਲਭਣੀ ਹੈ। ਇਸ ਸ਼ਬਦ ਵਿੱਚ ਦਸਿਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਿੰਨ ਵਸਤਾਂ ਮਿਲਦੀਆਂ ਹਨ। ਅਰਥਾਤ ਸਤੁ, ਸੰਤੋਖ ਤੇ ਵੀਚਾਰ। ਪਰ ਇਸ ਤੋਂ ਅੱਗੇ ਚੌਥੀ ਵਸਤੂ ਭੀ ਹੈ।‘ਅੰਮ੍ਰਿਤ ਨਾਮੁ ਠਾਕੁਰ ਕਾ ਹੋ ਸਕਦਾ ਹੈ, ਕਿ ਉਪਰੋਕਤ ਬੁਝਾਰਤ ਦਾ ਅਰਥ ਇਹ ਹੋਵੇ ਕਿ ਉੱਪਰ ਦਰਸ਼ਾਈਆਂ ਤਿੰਨ ਵਸਤਾਂ ਹਰ ਇਕ ਪ੍ਰਾਣੀ ਲਈ ਹੀ ਹਨ ਪਰ ‘ਅੰਮ੍ਰਿਤ ਨਾਮੁ ਠਾਕੁਰ ਕਾ’ ਕੇਵਲ ਸਿੱਖ ਲਈ ਹੀ ਹੈ। ਉਸ ਦੀਖਿਅਤ ਅੰਮ੍ਰਿਤਧਾਰੀ ਲਈ ਜਿਸ ਨੇ ਕਿ ਪਾਹੁਲ ਲੈਣ ਕਰਕੇ ਕੇਸ ਰੱਖੇ (ਸੰਭਾਲੇ) ਹੋਏ ਹਨ। (ਪੰਨਾ ਨੰ.19)

6. ਕੇਸ ਕਟਾਉਣਾ ਸਾਰੇ ਪਾਪਾਂ ਨਾਲੋਂ ਵੀ ਵੱਡਾ ਪਾਪ ਹੈ, ਜਿਸ ਲਈ ਕੀ ਆਦਮੀ ਨੂੰ ਸੁਰਗ ਤੋਂ ਸਦਾ ਲਈ ਧੱਕਾ ਦਿੱਤਾ ਗਿਆ ਸੀ। (ਪੰਨਾ ਨੰ.27)

7. ਭਾਈ ਵੀਰ ਸਿੰਘ ਅਤੇ ਕੇਸ

ਡਾ. ਭਾਈ ਵੀਰ ਸਿੰਘ ਨੇ ਕਲਗੀਧਰ- ਚਮਤਕਾਰ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ 11 ਮਹੀਨੇ 11 ਦਿਨਾਂ ਦੇ ਇਕਾਗਰਤਾ ਵਾਸ ਪਿੱਛੋਂ ਧਰਤੀ ਦੇ ਭਾਰ ਨੂੰ ਹਰਨ ਲਈ ‘ਖਾਲਸਾ’ ਸਾਜਣ ਦੀ ਆਤਮ ਪਰੇਰਨਾ ਪ੍ਰਾਪਤ ਕੀਤੀ।(ਪੰਨਾ ਨੰ.28)

8. ਉਹ ਜਿਨ੍ਹਾਂ ਨੂੰ ਪੰਜਾਂ ਪਿਆਰਿਆਂ ਦਾ ਅੱਟਲ ਰੁਤਬਾ ਬਖਸ਼ਿਆ ਗਿਆ, ਉਹ ਗੁਰਮੁਖ ਸਨ।

ਉਹ ਜੋ ਪਿਆਰ ਵਿੱਚ ਉਮਲਦੇ ਭੀ ਰਹੇ, ਡਰਦੇ ਭੀ ਰਹੇ, ਸਨਮੁਖ ਬੈਠੇ ਰਹੇ ਪਰ ਗਏ ਭੀ ਨਹੀਂ ਉਹ ਸਨਮੁਖ ਸਨ। ਜੋ ਹੁਜਤਾਂ- ਪੜਦੇ ਰਹੇ ਮਨਮੁਖ ਸਨ। ਜੋ ਭਜ ਗਏ ਸੋ ਬੇਮੁਖ ਸਨ। 1699 ਵਿੱਖੇ ਵਿਸਾਖੀ ਦੇ ਅਵਸਰ ਤੇ ਹੋਈ ਇਤਿਹਾਸਕ ਪਰੀਖਿਆ ਵਿੱਚ ਸ਼ਾਮਲ ਹੋਏ ਵਿਅਕਤੀਆਂ ਨੂੰ ਇਹ ਚਾਰ ਨਾਂ ਦਿਤੇ ਗਏ ਸਨ। (ਪੰਨਾ ਨੰ.29)

ਇਹ ਸੋਚ ਵੀਚਾਰ ਹੈ ਡਾ. ਤੇਜਿੰਦਰ ਸਿੰਘ ਦੀ ਜੋ ਧਰਮ ਪ੍ਰਚਾਰ ਕਮੇਟੀ ਦੇ ਚੁਣਿੰਦੇ ਵਿਦਵਾਨਾਂ ਵਿੱਚੋਂ ਇੱਕ ਵਿਦਵਾਨ ਹਨ।

ਸੋ ਆਓ ! ਹੁਣ ਇਨ੍ਹਾਂ ਵੀਚਾਰਾਂ ਨੂੰ ਗੁਰਮਤਿ ਦੇ ਨਜ਼ਰੀਏ ਨਾਲ ਸੰਖੇਪ ਵਿੱਚ ਘੋਖਣ ਦਾ ਯਤਨ ਕਰੀਏ……!

ਨੰਬਰ 1. ਅਨੁਸਾਰ- ਕੀ ਗੁਰੂ ਸਾਹਿਬ ਸਿੱਖਾਂ ਨੂੰ ਆਪਣਾ ਚੇਲਾ ਬਨਾਉਣ ਵਾਸਤੇ ਕਿਸੇ ਬ੍ਰਾਮਹਣ ਵਾਂਗ ਸਿੱਖ ਦੇ ਕੰਨ ਵਿੱਚ ਗੁਪਤ ਤੌਰ ਤੇ ਮੰਤਰ ਫੂਕਦੇ ਸਨ ? ਉਹ ਤਾਂ ਆਪ ਸਾਨੂੰ ਇਸ ਲੁੱਟ ਤੋਂ ਬਚਾਉਣ ਵਾਸਤੇ ਆਸਾ ਦੀ ਵਾਰ ਵਿੱਚ ਕਹਿ ਰਹੇ ਹਨ-

ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ {ਪੰਨਾ 471} ਅਰਥ- (ਆਪਣੇ ਜਜਮਾਨ ਦੇ) ਚੌਕੇ ਵਿਚ ਬੈਠ ਕੇ (ਉਸ ਦੇ ਗਲ) ਜਨੇੳੇੁ ਪਾ ਦਿੱਤਾ, (ਫੇਰ ਉਸ ਦੇ) ਕੰਨ ਵਿਚ ਉਪਦੇਸ਼ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ ਹੋ ਗਿਆ।

ਤੇ ਲਿਖਿਆ ਗਿਆ ਹੈ ਕਿ ਦਿੱਤਾ ਗਿਆ ਮੰਤ੍ਰ ਬਾਰ-ਬਾਰ ਜਪਣ ਲਈ ਹੁੰਦਾ ਸੀ।ਇਸ ਪ੍ਰਥਾਏ ਗੁਰੂ ਸਾਹਿਬ ਜੀ ਦਾ ਆਪਣਾ ਫੈਸਲਾ ਤਾਂ ਇਹ ਹੈ –

ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ {ਪੰਨਾ 732}

ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥ ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ ॥1॥ ਗਿਆਨੀ ਗੁਰ ਬਿਨੁ ਭਗਤਿ ਨ ਹੋਈ ॥ ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ ॥1॥ ਰਹਾਉ ॥ {ਪੰਨਾ 732} ਅਰਥ :- ਹੇ ਗਿਆਨਵਾਨ ! ਗੁਰੂ ਦੀ ਸਰਨ ਪੈਣ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ (ਮਨ ਉਤੇ ਪ੍ਰਭੂ ਦੀ ਭਗਤੀ ਦਾ ਰੰਗ ਨਹੀਂ ਚੜ੍ਹ ਸਕਦਾ, ਜਿਵੇਂ) ਭਾਵੇਂ ਹਰੇਕ ਮਨੁੱਖ ਪਿਆ ਤਰਲੇ ਲਏ, ਕਦੇ ਕੋਰੇ ਕੱਪੜੇ ਉੱਤੇ ਰੰਗ ਨਹੀਂ ਚੜ੍ਹਦਾ ।1।ਰਹਾਉ। ਹੇ ਭਾਈ ! (ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ ਉਂਞ) ਜ਼ਬਾਨੀ ਰਾਮ ਰਾਮ ਉਚਾਰਦੇ ਹਨ, ਸਦਾ ਧੋਖਾ-ਫਰੇਬ (ਭੀ) ਕਰਦੇ ਰਹਿੰਦੇ ਹਨ, ਉਹਨਾਂ ਦਾ ਦਿਲ ਪਵਿਤ੍ਰ ਨਹੀਂ ਹੋ ਸਕਦਾ । ਉਹ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਅਨੇਕਾਂ ਧਾਰਮਿਕ ਕਰਮ ਹਰ ਵੇਲੇ ਕਰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਮਿਲਦਾ ।1।

ਗੁਰਬਾਣੀ ਵਿੱਚ ਕਿਤੇ ਵੀ ਮੰਤਰ ਸ਼ਬਦ ਦਾ ਅਰਥ ਜਪਣ (ਰਟਣ) ਤੋਂ ਨਹੀਂ ਹੈ ਬਲਕਿ ਮੰਤਰ ਦਾ ਅਰਥ ਗੁਰੂ ਉਪਦੇਸ਼ ਤੋਂ ਹੈ ਜਿਵੇਂ-

ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ ॥ ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨਾ ਕੋਇ ॥2॥ {ਪੰਨਾ 51} ਅਰਥ :-ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼ (ਸਦਾ) ਵੱਸਦਾ ਹੈ, ਉਸ ਨੂੰ ਕੋਈ ਦੁੱਖ ਕੋਈ ਕਲੇਸ਼ ਕੋਈ ਡਰ ਪੋਹ ਨਹੀਂ ਸਕਦਾ।

ਗੁਰ ਮੰਤ੍ਰ ਹੀਣਸ੍ਹ ਜੋ ਪ੍ਰਾਣੀ, ਧ੍ਰਿਗੰਤ ਜਨਮ ਭ੍ਰਸਟਣਹ ॥ ਕੂਕਰਹ ਸੂਕਰਹ ਗਰਧਭਹ, ਕਾਕਹ ਸਰਪਨਹ ਤੁਲਿ ਖਲਹ ॥33॥ (ਪੰਨਾ 1356) ਅਰਥ:- ਜਿਹੜਾ ਬੰਦਾ ਸਤਿਗੁਰੂ ਦੇ ਉਪਦੇਸ਼ ਤੋਂ ਸੱਖਣਾ ਹੈ, ਉਸ ਭੈੜੀ ਬੁਧਿ ਵਾਲੇ ਦਾ ਜੀਵਨ ਫਿਟਕਾਰ-ਯੋਗ ਹੈ । ਉਹ ਮੂਰਖ ਕੁੱਤੇ ਸੂਰ ਖੋਤੇ ਕਾਂ ਸੱਪ ਦੇ ਬਰਾਬਰ (ਜਾਣੋ)।

ਬੇਤੁਕੀਆਂ ਗੱਲਾਂ ਲਿਖਣ ਵਾਲਾ (ਕੇਸ ਕਿਉਂ) ਦਾ ਲੇਖਕ ਵੀ ਸ਼ਾਇਦ ਅਜੇ ਤੱਕ ਗੁਰੂ ਦੇ ਉਪਦੇਸ਼ ਤੋਂ ਹੀਣਾ ਹੀ ਜਾਪਦਾ ਹੈ ਜੋ ਵਾਹਿਗੁਰੂ ਅਖੱਰ ਨੂੰ ਧੱਕੇ ਨਾਲ ਹੀ ਸਿੱਖਾਂ ਨੂੰ ਰੱਟੇ ਲਵਾਉਣ ਦੀ ਪ੍ਰੇਰਨਾ ਦੇ ਰਿਹਾ ਹੈ। ਇਸਦੀ ਸੋਚ ਤੋਂ ਇਉਂ ਮਹਿਸੂਸ ਹੋਂਦਾ ਹੈ ਕਿ ਇਸਨੇ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗੁਰਮਤ ਰਹਿਤ ਮਰਿਯਾਦਾ ਦਾ ਰੱਟਾ ਲਾਇਆ ਹੈ ਜਿਸ ਵਿੱਚ ਮੂਲ ਮੰਤ੍ਰ ਗੁਰ-ਮੰਤ੍ਰ ਤੇ ਮਹਾ-ਮੰਤਰ ਨੂੰ ਬਿਪਰ ਦੀ ਸੋਚ ਲੈ ਕੇ ਪੇਸ਼ ਕੀਤਾ ਗਿਆ ਹੈ।

ਨੰਬਰ 2 ਅਨੁਸਾਰ- ਕੀ ਗੁਰੂ ਸਾਹਿਬ ਨੇ ਕਿਸੇ ਰਾਧਾ ਸੁਆਮੀਆਂ ਦੇ ਬਾਬੇ ਵਾਂਗ ਕੋਈ ਖਾਸ ਮੰਤਰ ਲੋਕਾਂ ਕੋਲੋਂ ਲੁੱਕੋ ਕੇ (ਗੁਪਤ) ਰਖਿਆ ਸੀ ਜਿਸਨੂੰ ਵਰਤ ਕੇ ਉਹ ਆਪਣਾ ਰੋਟੀ ਫੁਲਕਾ ਚਲਾਉਂਦੇ ਸਨ। ਲਾਹਣਤ ਹੈ ਐਸਾ ਸੋਚਣ ਤੇ ਲਿਖਣ ਵਾਲਿਆਂ ਤੇ।

ਨੰਬਰ 3 ਅਨੁਸਾਰ- ਫਤਿਹ ਵੀ ਅਖੌਤੀ ਗੁਰ ਮੰਤਰ ਵਿੱਚੋਂ ਹੀ ਤਿਆਰ ਕੀਤੀ ਗਈ ਹੈ।ਇਸ ਦਾ ਮਤਲਬ ਲੇਖਕ ਅਨੁਸਾਰ ਜੇਕਰ ਪਹਿਲਾਂ ਇਹ ਗੁਰ ਮੰਤਰ ਨਾ ਹੋਂਦਾ ਤਾਂ ਫਤਿਹ ਵੀ ਹੋਂਦ ਵਿੱਚ ਨਹੀਂ ਸੀ ਆਉਣੀ।

ਨੰਬਰ 4 ਅਨੁਸਾਰ- ਅਖੌਤੀ ਗੁਰ ਮੰਤਰ ਇਤਨਾ ਪਵਿਤੱਰ ਸੀ ਕਿ ਉਸਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਪਾਉਣਾ ਵੀ ਗੁਰੂ ਸਾਹਿਬ ਜੀ ਨੂੰ ਵਾਜ਼ਿਬ ਨਹੀਂ ਲਗਾ।ਵਾਹ ! ਅਖਰੀ ਸ਼ਬਦਾਂ ਦੇ ਰੱਟੇ ਲਾਉਣ ਵਾਲਿਓ ਤੁਹਾਡੀ ਨਿਗਾਹ ਵਿੱਚ ਤਾਂ ਗੁਰਬਾਣੀ ਦਾ ਗਿਆਨ ਵੀ ਅਪਵਿੱਤਰ ਹੀ ਹੈ- ਗਿਆਨ ਵਿਹੂਣਾ ਗਾਵੈ ਗੀਤ ॥(1245)

ਨੰਬਰ 5 ਅਨੁਸਾਰ- ਮੁੰਦਾਵਣੀ ਨੂੰ ਬੁਝਾਰਤ ਲਿਖ ਕੇ ਸ਼ਾਤਿਰ ਲੇਖਕ ‘ਅੰਮ੍ਰਿਤ ਨਾਮੁ ਠਾਕੁਰ ਕਾ..’ ਨੂੰ ਅਖੌਤੀ ਗੁਰ ਮੰਤਰ ਨਾਲ ਜੋੜ ਕੇ ਗੁਰੂ ਦੀ ਸਾਂਝੀ ਵੀਚਾਰਧਾਰਾ ਵਿੱਚ ਵੀ ਵੱਖਵਾਦ ਪੇਸ਼ ਕਰ ਗਿਆ ਹੈ। ਇਸਨੇ ਸ਼ਾਇਦ ਗੁਰਬਾਣੀ ਦਾ ਇਹ ਅਸੂਲ ਵੀ ਨਹੀਂ ਪੜਿਆ ਕਿ- ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ (647)

ਨੰਬਰ 6 ਅਨੁਸਾਰ- ਜੇ ਕੇਸ ਕਟਾਉਣਾ ਵਡਾ ਪਾਪ ਹੈ ਤਾਂ ਕੀ (ਡਾ. ਤੇਜਿੰਦਰ ਸਿੰਘ ਜੀ) ਨਾਂ ਗੁਰਮਤਿ ਦਾ ਵਰਤਕੇ ਆਪਣੀ ਹੋਛੀ ਮਤਿ ਨੂੰ ਅੱਗੇ ਰਖਣਾ ਕੋਈ ਵਡੇ ਪੁੰਨ ਦਾ ਕੰਮ ਹੈ? ਇਹ ਝੂਠੀ ਜਹੀ ਡਰਾਵੇ ਭਰੀ ਕਹਾਣੀ ਕੀ ਕੇਸ ਕਟਾਉਣ ਵਾਲੇ ਨੂੰ ਸੁਵਰਗ ਤੋਂ ਧੱਕੇ ਦਿੱਤੇ ਗਏ, ਇਹ ਗੱਪ-ਗਪੋੜ ਕਿਸ ਮਹਾਨ ਗ੍ਰੰਥ ਵਿੱਚੋਂ ਲਿਆ ਗਿਆ ਹੈ ਜ਼ਰਾ ਇਹ ਵੀ ਦਸਣ ਦੀ ਕ੍ਰਿਪਾਲਤਾ ਕਰੋ ਜੀ?

ਨੰਬਰ 7 ਅਨੁਸਾਰ – ਭਾਈ ਵੀਰ ਸਿੰਘ ਦੀ ਲਿਖਤ ਕੀ ਸਾਬਿਤ ਕਰਨਾ ਚਾਹੁੰਦੀ ਹੈ ਕਿ ਖਾਲਸਾ ਸਾਜਨਾ ਦੀ ਪਲਾਨਿੰਗ ਬੱਸ 11 ਮਹੀਨੇ ਤੇ 11 ਦਿਨ ਵਿੱਚ ਹੀ ਮੁੰਕਮਲ ਹੋ ਗਈ, ਗੁਰੂ ਨਾਨਕ ਸਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਦੀ ਘਾਲਣਾ ਕਿੱਥੇ ਗਈ ? ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲੇ ਗੁਰੂ ਸਾਹਿਬਾਨਾ ਵੱਲੋਂ ਦਿੱਤੇ ਗਿਆਨ ਵਿੱਚੋਂ ਕੁੱਛ ਪ੍ਰਾਪਤ ਨਹੀਂ ਹੋਇਆ ਤਾਹੀਓਂ ਅਖੌਤੀ ਜਪ-ਤਪ ਕਰਕੇ ਪ੍ਰੇਰਨਾ ਲੈਣ ਦਾ ਹੱਠ ਕੀਤਾ।ਵਾਹ !ਲਗਦਾ ਹੈ ਸਾਡੀ ਬਿਬੇਕਤਾ ਕਿਤੇ ਪੰਖ ਲਾ ਕੇ ਉੱਡ ਗਈ ਹੈ।

ਨੰਬਰ 8 ਅਨੁਸਾਰ- ਲੇਖਕ ਇੱਥੇ ਵੀ ਭਲੇਖਾ ਖਾ ਗਿਆ ਹੈ ਕਿ 1699 ਨੂੰ ਹੀ ਗੁਰੂ ਸਾਹਿਬ ਜੀ ਨੇ ਪਰੀਖਿਆ ਵੇਲੇ ਹੀ ਇਹ ਚਾਰ ਨਾਂ ਗੁਰਮੁਖ, ਸਨਮੁਖ, ਮਨਮੁਖ ਤੇ ਬੇਮੁਖ ਵਰਤੇ ਸਨ।ਕੀ ਇਹ ਨਾਂ ਭਗਤ ਸਾਹਿਬਾਨਾ ਨੇ ਜਾਂ ਬਾਕੀ ਦੇ ਪਹਿਲਾਂ ਗੁਰੂ ਸਾਹਿਬ ਜੀ ਨੇ ਨਹੀਂ ਵਰਤੇ ਸਨ? ਰਹੀ ਗਲ ਸ਼ਬਦਾਂ ਦੇ ਚੋਣ ਦੀ, ਕੀ ਗੁਰੂ ਨਾਲ ਪਿਆਰ ਕਰਣ ਵਾਲੇ ਗੁਰੂ ਦੀ ਹੁਕਮ ਤੋਂ ਡਰਦੇ ਨੇ ਅਤੇ ਦੁੱਜੇ ਪਾਸੇ ਡਰ ਕੇ ਭਾਵੇਂ ਸਾਹਮਣੇ ਬੈਠੇ ਹੋਣ ਕੀ ਉਹ ਵੀ ਸਨਮੁਖ ਸਿੱਖ ਹੀ ਹਨ?

ਤਾਂ ਫਿਰ ਇਨ੍ਹਾਂ ਸ਼ਬਦਾਂ ਦਾ ਕੀ ਅਰਥ ਹੈ-

ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥ ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥ ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥
ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥21॥
(919)

ਗੁਰੂ ਸਾਹਿਬ ਜੀ ਦਾ ਕੋਟਾਨ-ਕੋਟਿ ਸ਼ੁਕਰ ਹੈ, ਕੀ ਇਸ ਲਿਟ੍ਰੇਚਰ ਦੀ ਇੱਕ ਕਾੱਪੀ ‘ਦਾ ਖ਼ਾਲਸਾ ਪਰੀਵਾਰ’ (ਰੁਦਰਪੁਰ) ਵੱਲੋਂ ਚੱਲ ਰਹੀ ਨੌਜਵਾਨ ਵੀਰਾਂ-ਭੈਣਾ ਦੀ ਹਫਤਾਵਾਰੀ ਗੁਰਮਤਿ ਕਲਾਸ ਵਿੱਚ ਇੱਕ ਸੁਲਝੀ ਨੌਜਵਾਨ ਭੈਣ ਅਮਨਦੀਪ ਕੌਰ ਦੇ ਹੱਥ ਲੱਗ ਗਈ ਅਤੇ ਦਾਸ ਨੇ ਇਸਨੂੰ ਪੜਨ ਤੋਂ ਬਾਦ ਜਲਦ ਹੀ ਪੰਥ ਦੀ ਕਚਹਿਰੀ (Court) ਵਿੱਚ ਪੇਸ਼ ਕਰਣ ਦਾ ਯਤਨ ਕੀਤਾ ਹੈ, ਤਾਂਕਿ ਬਾਕੀ ਦਾ ਧਰਮ ਪ੍ਰਚਾਰ ਕਮੇਟੀ ਵੱਲੋਂ ਛੱਪ ਚੁੱਕਾ ਲਿਟ੍ਰੇਚਰ ਵੀ ਵੀਚਾਰਿਆ ਜਾ ਸਕੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top