Share on Facebook

Main News Page

ਜਦੋਂ ਓਬਾਮਾ ਨੇ ਪੀੜਤ ਸਿੱਖ ਪਰਵਾਰਾਂ ਦੀ ਫ਼ੋਨ ਕਰ ਕੇ ਸਾਰ ਲਈ

ਤਰਲੋਚਨ ਸਿੰਘ ਦੁਪਾਲਪੁਰ (26 Aug 2012) - ਜਿਥੇ ਕਿਤੇ ਵਾਪਰੀ ਕਤਲੋਗਾਰਤ ਦੀ ਘਟਨਾ ਵਿਚ ਮਾਰੇ ਗਏ ਬੇਦੋਸ਼ਿਆਂ ਦੇ ਸਕੇ ਸਬੰਧੀਆਂ ਨੂੰ ਨਿਆਂ ਲੈਣ ਲਈ ਮੰਤਰੀਆਂ, ਮੁੱਖ ਮੰਤਰੀਆਂ ਜਾਂ ਸਰਕਾਰੀ ਅਫ਼ਸਰਾਂ ਮੁਹਰੇ ਲੇਲ੍ਹੜੀਆਂ ਲੈ ਕੇ ਮੰਗ ਪੱਤਰ ਦੇਣੇ ਪੈਂਦੇ ਹੋਣ ਪਰ ਅਗਿਉਂ ਉਹ ‘ਦੋਸ਼ੀ ਬਖ਼ਸ਼ੇ ਨਹੀਂ ਜਾਣਗੇ’ ਵਰਗੇ ਥੋਥੇ ਅਤੇ ਵਾਅਦਿਆਂ ਦੀ ਰਟ ਲਾਈ ਜਾਂਦੇ ਹੋਣ, ਉਥੋਂ ਦੇ ਲੋਕਾਂ ਵਿਚ ਇਹ ਖ਼ਬਰ ਵੱਡੀ ਉਤਸੁਕਤਾ ਨਾਲ ਪੜ੍ਹੀ ਜਾਵੇਗੀ, ਕਿ ਕੁੱਝ ਹਫ਼ਤੇ ਪਹਿਲਾਂ ਵਿਸਕਾਨਸਨ ਦੇ ਗੁਰਦਵਾਰੇ ਵਿਚ ਵਾਪਰੇ ਗੋਲੀ ਕਾਂਡ ਦਾ ਦੋਸ਼ੀ ਭਾਵੇਂ ਮੌਕੇ ’ਤੇ ਹੀ ਮਾਰ ਦਿਤਾ ਗਿਆ ਸੀ, ਪਰ ਹਾਲੇ ਤਕ ਵੀ ਅਮਰੀਕਨ ਰਾਸ਼ਟਰਪਤੀ ਬਰਾਕ ਓਬਾਮਾ ਸਿੱਖਾਂ ਪ੍ਰਤੀ ਬੇਹੱਦ ਚਿੰਤਤ ਹਨ।

ਬੀਤੇ ਦਿਨੀਂ ਉਕਤ ਗੁਰਦਵਾਰੇ ਦੇ ਪ੍ਰਬੰਧਕ ਜਦੋਂ ਹਾਦਸੇ ਤੋਂ ਬਾਅਦ ਬਣੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੀਟਿੰਗ ਕਰ ਰਹੇ ਸਨ ਤਾਂ ਗੁਰਦਵਾਰਾ ਕਮੇਟੀ ਦੇ ਸਕੱਤਰ ਭਾਈ ਇੰਦਰਜੀਤ ਸਿੰਘ ਢਿੱਲੋਂ ਦੇ ਫ਼ੋਨ ਦੀ ਘੰਟੀ ਵੱਜੀ। ਅਗਿਉਂ ਭਰਵੀਂ ਪਰ ਸ਼ਾਂਤ ਸਥਿਰ ਅਵਾਜ਼ ਆਈ "Mr. Singh, I am Barack Obama, President of America, calling on you."

ਸ. ਢਿੱਲੋਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਓਬਾਮਾ ਨੇ ਆਖਿਆ, ਕਿ ਇਸ ਹਾਦਸੇ ਬਾਰੇ ਪੂਰੀ ਰੀਪੋਰਟ ਛੇਤੀ ਹੀ ਉਨ੍ਹਾਂ ਕੋਲ ਆ ਜਾਵੇਗੀ ਅਤੇ ਉਹ ਸਮੁੱਚੇ ਘਟਨਾਕ੍ਰਮ ’ਤੇ ਨੇੜੇ ਤੋਂ ਨਜ਼ਰ ਰੱਖ ਰਹੇ ਹਨ। ਸ. ਢਿੱਲੋਂ ਅਨੁਸਾਰ ਸ੍ਰੀ ਓਬਾਮਾ ਨੇ ਇਸ ਸਮੇਂ ਵੱਡੇ ਮੋਹ ਅਤੇ ਅਪਣੱਤ ਨਾਲ ਇਉਂ ਵੀ ਕਿਹਾ, ਕਿ ਜੇਕਰ ਕਿਸੇ ਮਦਦ ਦੀ ਲੋੜ ਹੋਵੇ ਤਾਂ ਉਨ੍ਹਾਂ ਦੇ ਦਫ਼ਤਰ ’ਚ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਅਪਣੀ ਵਿਲੱਖਣ ਪਛਾਣ ਦੇ ਭਵਿੱਖੀ ਖ਼ਤਰਿਆਂ ਤੋਂ ਚਿੰਤਤ ਅਮਰੀਕਨ ਸਿੱਖਾਂ ਲਈ ਰਾਸ਼ਟਰਪਤੀ ਦਾ ਅਜਿਹਾ ਹਮਦਰਦੀ ਭਰਿਆ ਵਰਤਾਉ, ਜ਼ਖ਼ਮਾਂ ’ਤੇ ਮੱਲ੍ਹਮ ਰਖਣ ਦੇ ਤੁਲ ਹੈ। ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ, ਕਿ ਅਮਰੀਕਾ ਵਿਚ ਕਿਸੇ ਧੱਕੇ ਦਾ ਸ਼ਿਕਾਰ ਹੋਣ ਵਾਲਿਆਂ ਨਾਲ ਖੜੇ ਹੋਣ ਵਾਲਾ ਤੇ ਔਖ ਵੇਲੇ ਬਾਂਹ ਫੜਨ ਵਾਲਾ ਕੋਈ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top