Share on Facebook

Main News Page

ਗੁਰੂ ਗ੍ਰੰਥ ਸਾਹਿਬ ਵਿੱਚ ਲਗੀਆਂ ਸਾਰੀਆਂ ਮਾਤਰਾਂਵਾਂ ਦਾ ਉਚਾਰਣ ਹੋਣਾ ਚਾਹੀਦਾ ਹੈ
-
ਅਖੌਤੀ ਜਥੇਦਾਰ ਗੁਰਬਚਨ ਸਿੰਘ

ਪਹਿਲਾਂ ਹੀ ਕਈ ਤਰਾਂ ਦੇ ਵਿਵਾਦਾਂ ਵਿਚ ਬੁਰੀ ਤਰਾਂ ਘਿਰੇ ਗੁਰਬਚਨ ਸਿੰਘ ਅੱਜ ਗੁਰਬਾਣੀ ਦੇ ਸ਼ੁੱਧ ਉਚਾਰਣ ਸਬੰਧੀ ਇਕ ਹੋਰ ਵਿਵਾਦ ਵਿਚ ਘਿਰ ਗਏ। ਅੱਜ ਪੀ ਟੀ ਸੀ ਚੈਨਲ ਤੋ ਸਵੇਰੇ ਸਿੱਧੇ ਪ੍ਰਸਾਰਨ ਦੌਰਾਨ ਕਥਾ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਲੋਕ ਗੁਰਬਾਣੀ ਦਾ ਪਾਠ ਜਾਂ ਵਿਆਖਿਆ ਕਰਦਿਆਂ ਲਗਾਂ ਮਾਤਰਾਂ ਦਾ ਉਚਾਰਣ ਨਹੀਂ ਕਰਦੇ।

ਉਨ੍ਹਾਂ ਹਵਾਲਾ ਦਿੰਦਿਆਂ ਕਿਹਾ ਕਿ ਆਮ ਤੌਰ 'ਤੇ ‘ਵਾਹੁ’ ਦਾ ਉਚਾਰਣ ‘ਵਾਹ’ ਕੀਤਾ ਜਾਦਾਂ ਹੈ ਜੋ ਠੀਕ ਨਹੀਂ। ਉਨ੍ਹਾਂ ਕਿਹਾ ਇਸੇ ਤਰਾਂ ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਬਿੰਦੀ, ਟਿੱਪੀ ਆਦਿ ਦਾ ਉਚਾਰਣ ਜਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਸਾਹਿਬ ਨੇ ਇਹ ਲਗਾਂ ਮਾਤਰਾਂ ਉਚਾਰਨ ਕਰਨ ਲਈ ਹੀ ਲਿਖੀਆਂ ਹਨ।

ਇਸ ਬਾਰੇ ਗੁਰਬਾਣੀ ਸ਼ੁੱਧ ਉਚਾਰਣ ਦੇ ਮਾਹਰ ਗਿਆਨੀ ਅਮਿੰਤਪਾਲ ਸਿੰਘ ਜੀ ਜੋ ਪਿਛਲੇ 52 ਸਾਲ ਤੋ ਵੱਖ ਵੱਖ ਦੇਸ਼ਾਂ ਵਿਚ ਧਰਮ ਪ੍ਰਚਾਰ ਦੀ ਸੇਵਾ ਕਰ ਰਹੇ ਹਨ ਨੇ ਕੈਨੇਡਾ ਤੋ ਫੋਨ ਤੇ ਗੱਲ ਕਰਦਿਆਂ ਕਿਹਾ ਕਿ ਇਉਂ ਲਗਦਾ ਹੈ, ਕਿ ਗੁਰਬਚਨ ਸਿੰਘ ਨੂੰ ਗੁਰਬਾਣੀ ਵਿਆਕਰਣ ਦੀ ਸੋਝੀ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿਆਕਰਣ ਦੀ ਥੋੜੀ ਬਹੁਤ ਸੂਝ ਰੱਖਣ ਵਾਲੇ ਵੀ ਜਾਣਦੇ ਹਨ ਕਿ ‘ਹ’ ਨੂੰ ਲਗਿਆ ਔਂਕੜ ਇਕ ਵਚਨ ਦਾ ਲਖਾਇਕ ਹੈ, ਤੇ ਇਸ ਦਾ ਉਚਾਰਨ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ।

ਉਨ੍ਹਾਂ ਸੁਆਲ ਕੀਤਾ ਕਿ ਜੇ ਸਾਰੀਆਂ ਲਗਾਂ ਮਾਤਰਾਂ ਉਚਾਰਨ ਲਈ ਹੀ ਹਨ, ਤਾਂ ਨਾਨਕੁ, ਦਰਸੁ, ਸੁਖੁ, ਨਾਮੁ, ਮਨੁ ਤੇ ਅਜਿਹੇ ਹੋਰ ਬਹੁਤ ਸਾਰੇ ਸ਼ਬਦ ਹਨ ਜਿਨਾਂ ਵਿਚ ਔਂਕੜ ਦਾ ਉਚਾਰਨ ਕਿਸੇ ਵੀ ਹਾਲ ਨਹੀਂ ਕੀਤਾ ਜਾ ਸਕਦਾ, ਇਥੋ ਤੱਕ ਕਿ ਗੁਰਬਚਨ ਸਿੰਘ ਖੁੱਦ ਵੀ ਇਨਾਂ ਲਗਾਂ ਮਾਤਰਾਂ ਦਾ ਉਚਾਰਨ ਨਹੀਂ ਕਰਦੇ ਹੋਣਗੇ, ਫਿਰ ਇਨਾਂ ਸ਼ਬਦਾਂ ਦਾ ਉਚਾਰਨ ਕਿਵੇ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜਿਸ ‘ਵਾਹੁ’ ਸ਼ਬਦ ਦਾ ਹਵਾਲਾ ਗੁਰਬਚਨ ਸਿੰਘ ਨੇ ਦਿਤਾ ਹੈ ਇਹ ਵਾਹੁ ਸ਼ਬਦ ਜਿਥੇ ਵੀ ਗੁਰਬਾਣੀ ਵਿਚ ਆਇਆ ਹੈ, ਉਥੇ ਇਸ ਦਾ ਉਚਾਰਨ ਬਗੈਰ ਔਂਕੜ ਤੋ ‘ਵਾਹ’ ਹੀ ਕੀਤਾ ਜਾਵੇਗਾ ਜੋ ਬਿਲਕੁਲ ਸ਼ੁੱਧ ਉਚਾਰਨ ਹੈ। ਉਨ੍ਹਾਂ ਗੁਰਬਚਨ ਸਿੰਘ ਨੂੰ ਸਲਾਹ ਦਿਤੀ ਕਿ ਪ੍ਰੋ: ਸਾਹਿਬ ਸਿੰਘ ਦੁਆਰਾ ਲਿਖੀ ਗਈ ਗੁਰਬਾਣੀ ਵਿਆਕਰਣ ਸਾਰੇ ਜਥੇਦਾਰਾਂ, ਪ੍ਰਚਾਰਕਾਂ, ਗ੍ਰੰਥੀਆਂ, ਰਾਗੀਆਂ, ਪਾਠੀਆਂ ਨੂੰ ਜਰੂਰ ਪੜਾਈ ਜਾਵੇ, ਤਾਂ ਕਿ ਸ਼ੁੱਧ ਉਚਾਰਨ ਸਬੰਧੀ ਪਏ ਭੁਲੇਖੇ ਦੂਰ ਹੋ ਸਕਣ।

ਸੁਰਿੰਦਰ ਸਿੰਘ ਸੋਨੀ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top