Share on Facebook

Main News Page

ਭਗਤੂ ਦੀ ਮੁੰਡੀਰ
-
ਨਿਰਮਲ ਸਿੰਘ ਕੰਧਾਲਵੀ

ਨਾਮ ਤਾਂ ਉਸ ਦਾ ਭਗਤ ਸਿੰਘ ਸੀ ਪਰ ਸਭ ਉਸ ਨੂੰ ਤਾਇਆ ਭਗਤੂ ਕਹਿ ਕੇ ਹੀ ਬੁਲਾਉਂਦੇ ਸਨ। ਬਚਪਨ ਵਿਚ ਹੀ ਭਗਤੂ ਨੂੰ ਸ਼ਿਕਾਰੀ ਬਣਨ ਦਾ ਝੱਲ ਚੜ੍ਹ ਗਿਆ ਸੀ।ਉਨ੍ਹਾਂ ਦੇ ਘਰ ਵਿਚ ਮੁੱਢ ਤੋਂ ਹੀ ਸਿੱਖੀ ਦਾ ਬੋਲਬਾਲਾ ਸੀ ਪਰ ਭਗਤੂ ਬਚਪਨ ਤੋਂ ਹੀ ਸ਼ਿਕਾਰੀ ਕੁੱਤਿਆਂ ਦਾ ਸ਼ੌਕੀਨ ਹੋ ਗਿਆ ਸੀ। ਉਸ ਦੇ ਬਾਪੂ ਧਰਮ ਸਿੰਘ ਨੇ ਆਪਣੀ ਪੂਰੀ ਵਾਹ ਲਾ ਲਈ ਪਰ ਉਹ ਭਗਤੂ ਦਾ ਮੋਹ ਕੁੱਤਿਆਂ ਨਾਲ਼ੋਂ ਨਾ ਤੋੜ ਸਕਿਆ।

ਹੁਣ ਤਾਂ ਭਗਤੂ ਖ਼ੁਦ ਪੁੱਤਰਾਂ ਪੋਤਰਿਆਂ ਵਾਲ਼ਾ ਸੀ। ਆਂਢ-ਗੁਆਂਢ ਦੀ ਮੁੰਡੀਰ ਨੂੰ ਨਾਲ਼ ਲੈ ਕੇ ਉਹ ਸ਼ਿਕਾਰ ਦੀਆਂ ਮੁਹਿੰਮਾਂ ‘ਤੇ ਚੜ੍ਹਦਾ। ਸ਼ਿਕਾਰ ਦੇ ਸ਼ੌਕੀਨ ਮੁੰਡੇ ਉਹਦੇ ਕੁੱਤਿਆਂ ਦੀਆਂ ਮਾਲਸ਼ਾਂ ਕਰਦੇ।ਆਪਣਿਆਂ ਘਰਾਂ ਤੋਂ ਭਗਤੂ ਦੇ ਕੁੱਤਿਆਂ ਲਈ ਦੁੱਧ ਘਿਉ ਚੋਰੀਂ ਲਿਆਉਂਦੇ।ਸਹਿਆਂ, ਤਿੱਤਰਾਂ ਤੇ ਬਟੇਰਿਆਂ ਦੇ ਸ਼ਿਕਾਰ ਲਈ ਉਹ ਲੋਕਾਂ ਦੇ ਖੇਤ, ਰੋਹੀਆਂ ਰੱਕੜ ਮਿੱਧਦੇ ਫਿਰਦੇ। ਸ਼ਾਮ ਨੂੰ ਜਦੋਂ ਮੁੜਦੇ ਤਾਂ ਸੋਟਿਆਂ ਦੇ ਸਿਰਿਆਂ ‘ਤੇ ਸਹੇ,ਤਿੱਤਰ, ਬਟੇਰੇ ਆਦਿ ਟੰਗੇ ਹੋਏ ਹੁੰਦੇ।

ਗਰਮੀਆਂ ਦੇ ਮੌਸਮ ਵਿਚ ਲੋਕ ਦੁਪਹਿਰਾਂ ਨੂੰ ਬੋਹੜਾਂ ਦੀ ਛਾਵੇਂ ਬੈਠ ਕੇ ਗੱਪਾਂ-ਸ਼ੱਪਾਂ ਮਾਰਦੇ। ਕਿਸੇ ਪਾਸੇ ਤਾਸ਼ ਦੀ ਬਾਜ਼ੀ, ਕਿਸੇ ਪਾਸੇ ਬਾਰਾਂ ਟਾਹਣੀ, ਕਿਸੇ ਪਾਸੇ ਅੱਡਾ-ਖੱਡਾ ਤੇ ਕਈ ਟੋਲੀਆਂ ਗੱਲਾਂ ਮਾਰਦੀਆਂ ਤੇ ਹਾਸਾ-ਠੱਠਾ ਕਰਦੀਆਂ।

ਇੰਜ ਹੀ ਇਕ ਦਿਨ ਤਾਇਆ ਭਗਤੂ ਤੇ ਉਹਦਾ ਲਾਮ ਲਸ਼ਕਰ ਬੋਹੜਾਂ ਹੇਠ ਬੈਠਾ ਸ਼ਿਕਾਰ ਦੀਆਂ ਕਹਾਣੀਆਂ ਸੁਣ ਸੁਣਾ ਰਿਹਾ ਸੀ ਕਿ ਭਗਤੂ ਦੇ ਦੋ ਚੇਲੇ ਆਪਸ ਵਿਚ ਕਿਸੇ ਗੱਲੋਂ ਉਲਝ ਗਏ। ਇਕ ਨੇ ਦੂਸਰੇ ‘ਤੇ ਇਲਜ਼ਾਮ ਲਾਇਆ ਕਿ ਉਸਨੇ ਫਲਾਣੇ ਕਿਸਾਨ ਦੇ ਬਰਸਣ ਦੇ ਟੱਕ ਵਿਚੋਂ ਦਾਤੀ ਚੋਰੀ ਕੀਤੀ ਸੀ। ਦੂਸਰੇ ਨੇ ਮੋੜਵਾਂ ਜਵਾਬ ਦਿੱਤਾ ਕਿ ਉਸ ਨੇ ਫਲਾਣੇ ਦੇ ਖੂਹ ਉੱਤੋਂ ਰੰਬਾ ਚੋਰੀ ਕੀਤਾ ਸੀ। ਉੱਚੀ ਉੱਚੀ ਰੌਲ਼ਾ ਪੈਣ ਕਰ ਕੇ ਆਲੇ ਦੁਆਲੇ ਬੈਠੇ ਲੋਕ ਵੀ ਇਸ ਲੜਾਈ ਵਿਚ ਦਿਲਚਸਪੀ ਲੈਣ ਲੱਗੇ। ਹੁਣ ਦੋਨਾਂ ਪਾਸਿਆਂ ਤੋਂ ਚੋਰੀ ਕੀਤੀਆਂ ਹੋਰ ਚੀਜ਼ਾਂ ਵੀ ਦੱਸੀਆਂ ਜਾਣ ਲੱਗੀਆਂ। ਭਗਤੂ ਬਥੇਰਾ ਰੌਲ਼ਾ ਪਾਉਂਦਾ ਰਿਹਾ ਕਿ ਉਹ ਚੁੱਪ ਕਰਨ ਪਰ ਉਸ ਦੀ ਕਿਸੇ ਨਾ ਸੁਣੀਂ। ਆਲ਼ੇ ਦੁਆਲੇ ਬੈਠੇ ਲੋਕ ਸਗੋਂ ਹੱਲਾਸ਼ੇਰੀ ਦੇਣ ਲੱਗੇ ਕਿ ਉਹ ਇਕ ਦੂਜੇ ਨੂੰ ਹੋਰ ਵੀ ਮਿਹਣੇ ਮਾਰਨ ਤਾਂ ਕਿ ਲੋਕਾਂ ਦੀਆਂ ਚੋਰੀ ਹੋਈਆਂ ਚੀਜ਼ਾਂ ਦਾ ਪਤਾ ਲੱਗੇ।

ਹੁਣ ਪਾਠਕ ਸੋਚਣਗੇ ਕਿ ਕਿ ਬਈ ਮੈਂ ਇਹ ਘਾਣੀ( ਕਹਾਣੀ) ਜਿਹੀ ਕਿਸ ਮਕਸਦ ਲਈ ਪਾਈ ਐ। ਲਉ ਸੁਣ ਲਉ ਬਈ ਇਸ ਕਹਾਣੀ ਦਾ ਸਬੱਬ।

ਇਸ ਕਹਾਣੀ ਦਾ ਸਬੰਧ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਮੁਅੱਤਲ ਵਾਈਸ ਚਾਂਸਲਰ ਆਹਲੂਵਾਲੀਆ ਤੇ ਯੂਨੀਵਰਸਿਟੀ ਦੇ ਚਾਂਸਲਰ ਅਵਤਾਰ ਸਿੰਘ ਮੱਕੜ ਨਾਲ਼ ਹੈ। ਆਪ ਜੀ ਨੂੰ ਯਾਦ ਹੋਵੇਗਾ ਕਿ ਜਦੋਂ ਆਹਲੂਵਾਲੀਆ ਨੂੰ ਇਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕਰਨ ਬਾਰੇ ਗੱਲਬਾਤ ਚੱਲ ਰਹੀ ਸੀ, ਤਾਂ ਸਿਆਣੇ ਅਤੇ ਤਜਰਬੇਕਾਰ ਲੋਕਾਂ ਨੇ ਮੱਕੜ ਐਂਡ ਕੰਪਨੀ ਨੂੰ ਬਹੁਤ ਵਰਜਿਆ ਸੀ, ਕਿ ਆਹਲੂਵਾਲੀਆ ਨੂੰ ਨਿਯੁਕਤ ਨਾ ਕੀਤਾ ਜਾਵੇ, ਪਰ ਮੱਕੜ ਅਤੇ ਉਹਦੇ ਸਹਿਯੋਗੀ ਕਹਿਣ ਕਿ ਸਹੇ ਦੀਆਂ ਤਿੰਨ ਹੀ ਲੱਤਾਂ ਹਨ, ਚੌਥੀ ਹੈ ਨਹੀਂ। ਹਾਲ਼ਾਂ ਕਿ ਹੋਰ ਕਾਰਨਾਂ ਤੋਂ ਇਲਾਵਾ ਉਮਰ ਵਜੋਂ ਵੀ ਆਹਲੂਵਾਲੀਆ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਸੀ ਕਰਦਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਚਾਂਸਲਰ ਮੱਕੜ ਨੂੰ ਉਸ ਵੇਲੇ ਨਹੀਂ ਸੀ ਪਤਾ ਕਿ ਇਸ ਕਾਰਨ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਇਸ ਯੂਨੀਵਰਸਿਟੀ ਨੂੰ ਮਾਨਤਾ ਨਹੀਂ ਦੇਵੇਗਾ?

ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਦਾਅ ਉੱਪਰ ਲਗਾ ਦਿੱਤਾ ਗਿਆ ਹੈ ਕਿਉਂਕਿ ਯੂਨੀਵਰਸਿਟੀ ਵਲੋਂ ਦਿੱਤੀਆਂ ਜਾਣ ਵਾਲੀਆਂ ਡਿਗਰੀਆਂ ਨੂੰ ਮਾਨਤਾ ਨਹੀਂ ਮਿਲੇਗੀ।

ਚਾਂਸਲਰ ਮੱਕੜ ਵਲੋਂ ਆਹਲੂਵਾਲੀਆ ਉੱਪਰ ਕਈ ਗੰਭੀਰ ਦੋਸ਼ ਲਗਾਏ ਹਨ ਜਿਨ੍ਹਾਂ ਵਿਚ ਕਈ ਪ੍ਰਕਾਰ ਦੀਆਂ ਬੇਨਿਯਮੀਆਂ ਤੇ ਹੇਰਾਫੇਰੀਆਂ ਦੇ ਦੋਸ਼ ਹਨ। ਜਵਾਬੀ ਹਮਲੇ ਵਿਚ ਆਹਲੂਵਾਲੀਆ ਨੇ ਮੱਕੜ ਉੱਪਰ ਗੰਭੀਰ ਦੋਸ਼ ਲਾਏ ਹਨ ਕਿ ਉਸਨੇ ਉਹਦੇ ਹਸਪਤਾਲ ਵਿਚ ਹੋਣ ਦੌਰਾਨ ਸਭ ਕਾਇਦੇ ਕਾਨੂੰਨ ਛਿੱਕੇ ‘ਤੇ ਟੰਗ ਕੇ ਸੈਂਕੜੇ ਆਸਾਮੀਆਂ ਦੀਆਂ ਭਰਤੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਉਸ ਵਲੋਂ ਆਪਣੇ ਅਨਕੁਆਲੀਫਾਈਡ ਦੋਹਤੇ ਨੂੰ ਪੈਂਤੀ ਹਜ਼ਾਰ ਰੁਪਏ ਮਹੀਨਾ ਵਾਲ਼ੀ ਨੌਕਰੀ ਦੇਣਾ ਵੀ ਸ਼ਾਮਲ ਹੈ।

ਆਹਲੂਵਾਲੀਆ ਨੇ ਹਾਈ ਕੋਰਟ ਵਿਚ ਇਸ ਖ਼ਿਲਾਫ਼ ਪਟੀਸ਼ਨ ਦਿਤੀ ਹੋਈ ਹੈ, ਤੇ ਉਧਰ ਮੱਕੜ ਨੇ ਆਹਲੂਵਾਲੀਆ ਖ਼ਿਲਾਫ਼ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਹੁਣ ਜਨਾਬ ਆਹਲੂਵਾਲੀਆ ਕਹਿ ਰਹੇ ਹਨ ਕਿ ਜੇ ਸ਼ਰੋਮਣੀ ਕਮੇਟੀ ਜਾਂਚ ਵਾਪਿਸ ਲੈ ਲਵੇ ਤਾਂ ਉਹ ਵਾਈਸ ਚਾਂਸਲਰ ਦੇ ਅਹੁ੍‍ਦੇ ਤੋਂ ਅਸਤੀਫ਼ਾ ਦੇ ਦੇਵੇਗਾ।

ਪਾਠਕ ਜਨੋਂ, ਕੀ ਤੁਹਾਨੂੰ ਇਸ ਸਾਰੇ ਕਿੱਸੇ ਵਿਚੋਂ ਗੰਦਗੀ ਦੀ ਬੋਅ ਨਹੀਂ ਆਉਂਦੀ? ਸਾਡੇ ਵਿਚਾਰ ਅਨੁਸਾਰ ਪਟੀਸ਼ਨ ਉੱਪਰ ਵੀ ਫ਼ੈਸਲਾ ਹੋਣਾ ਚਾਹੀਦਾ ਹੈ ਅਤੇ ਆਹਲੂਵਾਲੀਆ ਦੇ ਖ਼ਿਲਾਫ਼ ਜਾਂਚ ਵੀ ਚਲਦੀ ਰਹਿਣੀ ਚਾਹੀਦੀ ਹੈ ਤਾਂ ਕਿ ਪੂਰੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਸਕੇ।

ਕਿਉਂ ਹੈ ਨਾ ਭਗਤੂ ਦੀ ਮੁੰਡੀਰ ਵਾਲ਼ੀ ਕਹਾਣੀ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top