Share on Facebook

Main News Page

ਸ੍ਰੀ ਦਰਬਾਰ ਸਾਹਿਬ ਵਿੱਚੋਂ ਚੋਰੀ ਕੀਤੇ ਰੁਮਾਲੇ ਸਫਾਈ ਸੇਵਕ ਦੋ ਘਰੋਂ ਬਰਾਮਦ, ਨੌਕਰੀ ਤੋਂ ਬਰਖਾਸਤ

ਅੰਮ੍ਰਿਤਸਰ 23 ਅਗਸਤ (ਜਸਬੀਰ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਸ੍ਰੀ ਗੂਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਇੱਕ ਕਾਰਕੁੰਨ ਨੇ ਇੱਕ ਸਫਾਈ ਸੇਵਕ ਦੇ ਘਰੋਂ, ਲੱਖਾਂ ਰੁਪਏ ਦੇ ਸ੍ਰੀ ਦਰਬਾਰ ਸਾਹਿਬ ਵਿੱਚੋਂ ਚੋਰੀ ਕੀਤੇ ਰੁਮਾਲਿਆਂ ਦਾ ਪਰਦਾਫਾਸ਼ ਕੀਤਾ, ਜਦ ਕਿ ਕਮੇਟੀ ਨੇ ਮਾਲ ਬਰਾਮਦ ਕਰਕੇ ਕਥਿਤ ਦੋਸ਼ੀ ਮੁਲਾਜ਼ਮ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਿੱਲਾ ਨਾਮੀ ਸਫਾਈ ਸੇਵਕ ਦੇ ਘਰੋਂ ਅੱਜ ਪੰਜ ਪੰਡਾਂ ਸੰਗਤਾਂ ਵੱਲੋਂ ਚੜਾਏ ਗਏ ਰੁਮਾਲਿਆਂ ਦੀਆਂ ਸ਼੍ਰੋਮਣੀ ਕਮੇਟੀ ਨੇ ਬਰਾਮਦ ਕਰਕੇ, ਇਕ ਹੋਰ ਘੱਪਲੇ ਦਾ ਪਰਦਾਫਾਸ਼ ਕੀਤਾ ਹੈ ਜਦ ਕਿ ਸ੍ਰੀ ਦਰਬਾਰ ਸਾਹਿਬ ਦੇ ਮਨੈਜਰ ਸ੍ਰੀ ਹਰਬੰਸ ਸਿੰਘ ਮੱਲੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਮਾਨ ਬਰਾਮਦ ਕਰਕੇ ਬਿੱਲੇ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ, ਭਾਂਵੇ ਉਹ ਕਿੰਨੀ ਵੀ ਪਹੁੰਚ ਵਾਲਾ ਕਿਉਂ ਨਾ ਹੋਵੇ। ਉਹਨਾਂ ਕਿਹਾ ਕਿ ਜਦੋਂ ਪੁਰਾਣੇ ਰੁਮਾਲਿਆਂ ਦਾ ਸੰਸਕਾਰ ਕਰਨ ਲਈ ਲਿਜਾਏ ਜਾ ਰਹੇ ਸਨ, ਤਾਂ ਉਸ ਸਮੇਂ ਇਹ ਚੋਰੀ ਹੋਏ ਹਨ ਅਤੇ ਇਸ ਘੱਪਲੇ ਵਿੱਚ ਸ਼ਾਮਲ ਹੋਰ ਅਧਿਕਾਰੀਆਂ ਤੇ ਮੁਲਾਜਮਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।

ਇਸ ਮਾਮਲੇ ਦੀ ਖਬਰ ਮਿਲਦਿਆਂ ਹੀ ਸ੍ਰੋਮਣੀ ਕਮੇਟੀ ਦਾ ਉਡਣ ਦਸਤਾ ਵੀ ਸਰਗਰਮ ਹੋ ਗਿਆ ਅਤੇ ਇਸ ਦਸਤੇ ਦੇ ਵੀ ਤਿੰਨ ਅਧਿਕਾਰੀ ਜਸਪਾਲ ਸਿੰਘ, ਗੁਰਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਨਾ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਹੀ ਬਿੱਲੇ ਦੇ ਘਰੋਂ ਮਾਲ ਬਰਾਮਦ ਕਰਕੇ ਇੱਕ ਸ੍ਰੋਮਣੀ ਕਮੇਟੀ ਦੇ ਗੱਡੀ ਲੱਦ ਕੇ ਵਾਪਸ ਲਿਆਦਾ। ਖਬਰ ਲਿਖੇ ਜਾਣ ਤੱਕ ਮਨੈਜਰ ਹਰਬੰਸ ਸਿੰਘ ਮੱਲੀ ਤੇ ਹੋਰ ਸਾਰੇ ਅਧਿਕਾਰੀ ਸ੍ਰੋਮਣੀ ਕਮੇਟੀ ਦੇ ਦਫਤਰ ਵਿੱਚ ਬੈਠੇ ਚੋਰੀ ਦੇ ਮਾਲ ਦਾ ਲੇਖਾ ਜੋਖਾ ਕਰ ਰਹੇ ਸਨ ਅਤੇ ਮਾਮਲੇ ਦੀ ਪੂਰੀ ਤਰਾ ਪੜਤਾਲ ਕੀਤੀ ਜਾ ਰਹੀ ਹੈ। ਕੁਝ ਗੁਪਤ ਸੂਚਨਾ ਮੁਤਾਬਕ ਇੱਕ ਸੀਨੀਅਰ ਅਧਿਕਾਰੀ ਦਾ ਇੱਕ ਚਹੇਤਾ ਮੀਤ ਮਨੈਜਰ ਵੀ ਇਸ ਸਕੈਂਡਲ ਵਿੱਚ ਸ਼ਾਮਲ ਹੈ, ਜਿਸ ਨੂੰ ਬਚਾਉਣ ਦੀ ਚਾਰਾਜੋਈ ਹੋ ਰਹੀ ਹੈ।

ਇਸ ਸਬੰਧੀ ਸ੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਵਿਸ਼ੇਸ਼ ਸਕੱਤਰ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਹ ਰੁਮਾਲੇ ਪੁਰਾਣੇ ਨਹੀਂ ਸਗੋਂ ਨਵੇ ਸਨ ਅਤੇ ਇੱਕ ਗਿੱਣੀ ਮਿੱਥੀ ਗਈ ਯੋਜਨਾ ਤਹਿਤ ਹੀ ਚੋਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਚੋਰੀ ਦਾ ਮਾਮਲਾ ਹੈ ਅਤੇ ਨੌਕਰੀ ਤੋਂ ਫਾਰਗ ਕਰਨ ਨਾਲ ਮਾਮਲਾ ਖਤਮ ਨਹੀਂ ਹੋ ਜਾਂਦਾ ਸਗੋਂ ਪੁਲੀਸ ਕੇਸ ਬਣਦਾ ਹੈ ਅਤੇ ਬਿੱਲੇ ਵਿਰੁੱਧ ਤੁਰੰਤ ਪੁਲੀਸ ਕੋਲ ਮੁਕੱਦਮਾ ਦਰਜ ਕਰਵਾ ਕੇ ਦੋਸ਼ੀ ਨੂੰ ਪੁਲੀਸ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਇਸ ਕਸੈਂਡਲ ਵਿੱਚ ਸ਼ਾਮਲ ਹੋਰ ਅਧਿਕਾਰੀਆ ਤੇ ਮੁਲਾਜਮਾਂ ਦਾ ਵੀ ਪਰਦਾਫਾਂਸ ਹੋ ਸਕੇ ਜਿਹੜੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਦੋਸ਼ੀ ਹਨ। ਉਹਨਾਂ ਕਿਹਾ ਕਿ ਸ੍ਰੋਮਣੀ ਕਮੇਟੀ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਸਗੋਂ ਅਜਿਹੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ ਜਿਹਨਾਂ ਨੂੰ ਦਬਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਫੜੇ ਗਏ ਰੁਮਾਲੇ ਤਾਂ ਘੱਪਲਿਆਂ ਦੇ ਆਟੇ ਵਿੱਚ ਨਮਕ ਬਰਾਬਰ ਵੀ ਨਹੀਂ, ਸਗੋਂ ਇਥੋਂ ਲੱਖਾਂ ਰੁਪਏ ਦੇ ਚੰਦੋਏ ਵੀ ਗੁੰਮ ਹੁੰਦੇ ਰਹੇ ਹਨ ਅਤੇ ਹੇਰਾਫੇਰੀ ਤੇ ਸੀਨਾ ਜ਼ੋਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਹਨਾਂ ਕਿਹਾ ਕਿ ਇਸ ਛੋਟੇ ਮੁਲਾਜਮ ਤਾਂ ਸਿਰਫ ਰੁਮਾਲੇ ਹੀ ਚੋਰੀ ਕੀਤੇ ਹਨ, ਪਰ ਇਥੇ ਬੈਠੇ ਕਈ ਅਧਿਕਾਰੀਆਂ ਦਾ ਹਾਜ਼ਮਾ ਇੰਨਾ ਤੇਜ ਹੈ, ਕਿ ਉਹ ਤਾਂ ਸਰੀਆ ਤੇ ਸੀਮੈਂਟ ਵੀ ਹਜ਼ਮ ਕਰ ਜਾਂਦੇ ਹਨ ਅਤੇ ਡਕਾਰ ਵੀ ਨਹੀਂ ਮਾਰਦੇ, ਕਿ ਕੋਈ ਪੁੱਛ ਨਾ ਲਵੇ ਕਿ ਭਾਈ ਕੀ ਖਾਦਾ ਹੈ। ਉਹਨਾਂ ਕਿਹਾ ਕਿ ਸ੍ਰੋਮਣੀ ਕਮੇਟੀ ਸਿੱਖਾਂ ਦੀ ਸਰਵ ਉਚ ਤੇ ਪਵਿੱਤਰ ਸੰਸਥਾ ਹੈ, ਜਿਸ ਦਾ ਮੌਜੂਦਾ ਪ੍ਰਬੰਧਕਾਂ ਨੇ ਨਾਸ਼ ਪੁੱਟ ਕੇ ਰੱਖ ਦਿੱਤਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top