Share on Facebook

Main News Page

ਅਖੌਤੀ ਸਿੱਖ ਆਗੂਆਂ ਵਲੋਂ ਦੁਸ਼ਮਣਾਂ ਦੀ ਸਟੇਜ ’ਤੇ ਜਾ ਕੇ ਮਦਦ ਦਾ ਐਲਾਨ ਕਰਨਾ ਨਿੰਦਣਯੋਗ
- ਸ੍ਰ. ਗੁਰਕਿਰਪਾਲ ਸਿੰਘ ਬਠਿੰਡਾ

ਨਵੀਂ ਦਿੱਲੀ, 23 ਅਗੱਸਤ (ਸੁਖਰਾਜ ਸਿੰਘ) : ਪਿਛਲੇ ਦਿਨੀਂ ਯੋਗ ਗੁਰੂ ਰਾਮਦੇਵ ਵਲੋਂ ਸਿੱਖ ਧਰਮ ਸਬੰਧੀ ਅਤੇ ਸਿੱਖ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਬਾਰੇ ਵਰਤੀ ਗਈ ਅਪਮਾਨ ਜਨਕ ਭਾਸ਼ਾ ਕੋਈ ਨਵੀਂ ਗੱਲ ਨਹੀਂ ਸੀ, ਕਿਉਂਕਿ ਬਾਬਾ ਰਾਮਦੇਵ ਤਾਂ ਆਰ. ਐਸ. ਐਸ. ਦਾ ਇਕ ਛੋਟਾ ਜਿਹਾ ਕਰਿੰਦਾ ਹੀ ਹੈ। ਜਦੋਂ ਕਿ ਆਰ.ਐਸ.ਐਸ. ਦੇ ਮੁੱਖੀ ਪਹਿਲਾਂ ਹੀ ਸਿੱਖ ਕੌਮ ਅਤੇ ਧਰਮ ਪ੍ਰਤੀ ਬਹੁਤ ਕੁੱਝ ਅਪਮਾਨਜਨਕ ਕਹਿੰਦੇ ਰਹੇ ਹਨ। ਇਹ ਸਭ ਉਨ੍ਹਾਂ ਦੀ ਸਿੱਖ ਕੌਮ ਪ੍ਰਤੀ ਦੁਸ਼ਮਣ ਨੀਤੀ ਦਾ ਇਕ ਅੰਗ ਹੈ।

ਪਰ ਇਥੇ ਸਭ ਤੋਂ ਅਹਿਮ ਅਤੇ ਦੁਖਦਾਈ ਪਹਿਲੂ ਬਾਬਾ ਰਾਮਦੇਵ ਨਾਲ ਬਾਹਾਂ ਖੜੀਆਂ ਕਰਕੇ ਸਟੇਜ ਤੋਂ ਉਸ ਦੀ ਸਿੱਧੀ ਮਦਦ ਦਾ ਐਲਾਨ ਕਰਨ ਵਾਲੇ ਅਕਾਲੀ ਦਲ ਬਾਦਲ ਦਿੱਲੀ ਪ੍ਰਦੇਸ਼ ਦੇ ਆਗੂਆਂ ਵਲੋਂ ਰਾਮਦੇਵ ਵਲੋਂ ਵਰਤੀ ਗਈ ਭਾਸ਼ਾ ਨੂੰ ਪ੍ਰਵਾਨ ਕਰਕੇ ਕੌਮ ਨਾਲ ਕੀਤਾ ਗਿਆ ਧ੍ਰੋਹ ਹੈ। ਇਹ ਵਿਚਾਰ ਅੱਜ ਇਥੇ ਸ੍ਰੋਮਣੀ ਪੰਥਕ ਕੌਂਸਲ (ਇੰਟਰਨੈਸ਼ਨਲ) ਦੇ ਪ੍ਰਧਾਨ ਸ੍ਰ. ਗੁਰਕਿਰਪਾਲ ਸਿੰਘ ਬਠਿੰਡਾ (ਸਾਬਕਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ) ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਪ੍ਰਗਟ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਆਰ.ਐਸ. ਐਸ. ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਹੈ ਅਤੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਐਲਾਨ ਕੀਤਾ ਜਾ ਚੁੱਕਾ ਹੈ। ਪਰ ਫਿਰ ਵੀ ਕਈ ਅਖੌਤੀ ਸਿੱਖ ਆਗੂ ਆਪਣੀ ਚੋਧਰ ਦੀ ਭੁੱਖ ਕਾਰਣ ਸਿੱਖ ਦੁਸ਼ਮਣਾ ਦੀ ਸਟੇਜ਼ ਤੇ ਜਾ ਕੇ ਇਸ ਦੀ ਮਦਦ ਦਾ ਐਲਾਨ ਕਰਦੇ ਹਨ, ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਆਗੂ ਆਉਣ ਵਾਲੀਆਂ ਦਿੱਲੀ ਗੁਰਦਵਾਰਾ ਚੋਣਾਂ ਲੜ ਕੇ ਦਿੱਲੀ ਕਮੇਟੀ ਦਾ ਪ੍ਰਬੰਧ ਆਰ.ਐਸ.ਐਸ. ਦੇ ਸਪੁਰਦ ਕਰਨ ਦੀ ਚਾਲ ਦਾ ਅੰਗ ਬਣ ਚੁੱਕੇ ਹਨ। ਪਰ ਸਿੱਖ ਕੌਮ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

ਸ: ਬਠਿੰਡਾ ਨੇ ਕਿਹਾ ਕਿ ਇਹ ਇਕ ਸਚਾਈ ਹੈ ਕਿ ਦਿੱਲੀ ਕਮੇਟੀ ’ਚ ਸਰਨਾ ਭਰਾਵਾਂ ਦੇ ਕਾਰਜਕਾਲ ਦੌਰਾਨ ਕਮੇਟੀ ਵਿਚ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ ਅਤੇ ਉਨ੍ਹਾਂ ਦੇ ਕਈ ਕੰਮ ਤਾਂ ਬਹੁਤ ਵਿਵਾਦਗ੍ਰਸਤ ਰਹੇ ਹਨ ਪਰ ਇਸ ਸਭ ਦਾ ਲਾਭ ਚੁਕ ਕੇ ਗੁਰਦਵਾਰਾ ਪ੍ਰਬੰਧ ਨੂੰ ਆਰ. ਐਸ. ਐਸ. ਦੀ ਝੋਲੀ ਵਿਚ ਪਾਉਣਾਂ ਕੌਮ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੀ। ਸ: ਗੁਰਕ੍ਰਿਪਾਲ ਸਿੰਘ ਬਠਿੰਡਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਕਿਸੇ ਪ੍ਰਕਾਰ ਨਾਲ ਸਰਨਿਆਂ ਅਤੇ ਬਾਦਲ ਦਲੀਆਂ ਤੋਂ ਬਿਨਾਂ ਕਿਸੇ ਵੀ ਚੰਗੇ ਸਿੱਖ ਨੂੰ ਗੁਰਦਵਾਰਾ ਪ੍ਰਬੰਧ ਤੇ ਕਾਬਜ ਕਰਵਾ ਕੇ ਪ੍ਰਬੰਧ ਵਿਚ ਬਦਲਾਉ ਲਿਆਂਦਾ ਜਾ ਸਕੇ ਅਤੇ ਇਨ੍ਹਾਂ ਦੋਵੇ ਮੌਜੂਦਾ ਧਿਰਾਂ ਪਾਸੋਂ ਗੁਰਦਵਾਰਾ ਨਿਜਾਮ ਆਜਾਦ ਕਰਵਾਇਆ ਜਾ ਸਕੇ। ਉਨ੍ਹਾਂ ਦਾਅਵਾ ਕਰਦਿਆਂ ਦਸਿਆ ਕਿ ਮੈਂਨੂੰ ਭਰੋਸੇਯੋਗ ਸੁਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਚੋਣਾਂ ਵਿਚ ਸਰਨਾ ਦਲ ਦੇ ਤਿੰਨ-ਚਾਰ ਘੁੜੱਮ ਚੋਧਰੀ ਪ੍ਰਧਾਨਗੀ ਪ੍ਰਾਪਤ ਕਰਨ ਲਈ ਹੁਣ ਤੋਂ ਹੀ ਜੋੜ-ਤੋੜ ਵਿਚ ਮਗਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਸਰਨਾ ਭਰਾਵਾਂ ਤੋਂ ਬਿਨਾਂ ਕਿਸੇ ਵੀ ਨਵੇਂ ਗੁਰਮਤਿ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਦੇ ਪ੍ਰਧਾਨ ਬਣਨ ਦੀ ਭਰਵੀਂ ਉਮੀਦ ਉਭਰ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top