ਬਠਿੰਡਾ,
22 ਅਗਸਤ (ਕਿਰਪਾਲ ਸਿੰਘ): ਗਲਤ ਬਾਣੀ ਪੜ੍ਹਨ ਵਾਲੇ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ
ਥੱਪੜ ਮਾਰਵਾਉਣ ਦੀਆਂ ਸਾਖੀਆਂ ਸੁਣਾ ਕੇ ਡੇਰੇਦਾਰ ਸਿੱਖਾਂ ਨੂੰ ਡਰਾ ਕੇ ਬਾਣੀ ਪੜ੍ਹਨ ਤੋਂ
ਰੋਕ ਰਹੇ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ
ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ ਹੈੱਡ ਪ੍ਰਚਾਰਕ ਭਾਈ ਸ਼ਿਵਤੇਗ ਸਿੰਘ ਨੇ ਕਹੇ
ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਹਰ
ਸਮਾਗਮ ਦੀ ਸਮਾਪਤੀ ਅਤੇ ਨਿਤਨੇਮ ਦੇ ਪਾਠ ਉਪ੍ਰੰਤ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਦੋਵੇਂ
ਹੱਥ ਜੋੜ ਕੇ ਅਰਦਾਸ ਕਰਦੇ ਹੋਏ ਪੜ੍ਹਦੇ ਹਨ:
‘ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ
ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥’ (ਗਉੜੀ
ਸੁਖਮਨੀ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 268)
ਅਸੀਂ ਪੜ੍ਹਦੇ ਹਾਂ: ‘ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ
ਪਰਮੇਸੁਰਾ ॥’ (ਗਉੜੀ ਬਾਵਨ ਅਖਰੀ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 250) ਸੋ ਇਨ੍ਹਾਂ ਗੁਰ
ਫ਼ੁਰਮਾਣਾਂ ਅਨੁਸਾਰ ਗੁਰੂ ਹੀ ਸਾਡੀ ਮਾਤਾ ਹੈ, ਗੁਰੂ ਹੀ ਸਾਡਾ ਪਿਤਾ ਹੈ ਅਤੇ ਅਸੀਂ ਉਸ ਦੇ
ਬੱਚੇ ਹਾਂ। ਖੰਡੇ ਬਾਟੇ ਦੀ ਪਹੁਲ ਛਕਣ ਵੇਲੇ ਵੀ ਪੰਜ ਪਿਆਰੇ ਹੁਕਮ ਕਰਦੇ ਹਨ ਕਿ ਅੱਜ ਤੋਂ
ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਧਾਰਮਕ ਪਿਤਾ ਤੇ ਮਾਤਾ ਸਾਹਿਬ ਕੌਰ ਧਾਰਮਿਕ ਮਾਤਾ ਹੈ। ਛੋਟਾ
ਬੱਚਾ ਜਿਸ ਨੂੰ ਹਾਲੀ ਬੋਲਣਾ ਨਹੀਂ ਆਉਂਦਾ ਬੇਸ਼ੱਕ ਪਾਪਾ ਨੂੰ ਤਾਤਾ ਕਹਿ ਕੇ ਹੀ ਅਵਾਜ਼ ਮਾਰੇ
ਪਰ ਪਿਤਾ ਸਮਝ ਜਾਂਦਾ ਹੈ ਕਿ ਉਹ ਉਸ ਨੂੰ ਹੀ ਅਵਾਜ਼ ਮਾਰ ਰਿਹਾ ਹੈ ਇਸ ਲਈ ਬੱਚੇ ਦੀ ਤੋਤਲੀ
ਅਵਾਜ਼ ’ਚ ਗਲਤ ਉਚਾਰਣ ਸੁਣ ਕੇ ਵੀ ਖੁਸ਼ ਹੋ ਕੇ ਉਸ ਨੂੰ ਪਿਆਰ ਨਾਲ ਗਲੇ ਲਗਾਉਂਦਾ ਹੈ। ਕੀ ਕਦੀ
ਪਿਤਾ ਨੇ ਤਾਤਾ ਕਹਿਣ ਕਰਕੇ ਆਪਣੇ ਬੱਚੇ ਨੂੰ ਥੱਪੜ ਮਾਰਿਆ ਹੈ। ਜੇ ਨਹੀਂ ਤਾਂ ਗੁਰੂ ਸਾਹਿਬ
ਆਪਣੇ ਪੁਤਰਾਂ ਨੂੰ ਬਾਣੀ ਪੜ੍ਹਨ ਕਰਕੇ ਥੱਪੜ ਕਿਉਂ ਮਾਰਨਗੇ?
ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਸਿੱਖ ਨੂੰ ਵੱਧ ਤੋਂ ਵੱਧ ਲਾਜਹਾ
ਪ੍ਰਾਪਤ ਕਰਨ ਲਈ ਲਗਮਾਤਰ/ਅੱਖਰਾਂ ਅਤੇ ਅਰਥਬੋਧ ਦਾ ਧਿਆਨ ਰੱਖ ਕੇ ਗੁਰਬਾਣੀ ਸ਼ੁੱਧ ਪੜ੍ਹਨ
ਸਿੱਖਣੀ ਚਾਹੀਦੀ ਹੈ ਪਰ ਡੇਰੇਦਾਰਾਂ ਤੋਂ ਸਾਖੀਆਂ ਸੁਣ ਕੇ ਅਨਭੋਲ ਪੁਣੇ ’ਚ ਹੋਈ ਗਲਤੀ ਦਾ ਮਨ
ਵਿੱਚ ਇੰਨਾਂ ਡਰ ਨਹੀਂ ਬਿਠਾ ਲੈਣਾ ਚਾਹੀਦਾ ਕਿ ਉਹ ਗਲਤ ਬਾਣੀ ਪੜ੍ਹਨ ਦੇ ਪਾਪ ਲੱਗਣ ਤੋਂ ਡਰਦੇ
ਹੀ ਗੁਰਬਾਣੀ ਤੋਂ ਟੁੱਟੇ ਰਹਿਣ। ਉਨ੍ਹਾਂ ਸਵਾਲ ਕੀਤਾ ਕਿ ਗੁਰਬਾਣੀ ਅਣਜਾਣ ਪੁਣੇ ’ਚ ਗਲਤ
ਪੜ੍ਹਨ ਨਾਲ ਤਾਂ ਪਾਪ ਲੱਗੇਗਾ ਪਰ ਜਿਹੜਾ ਪਾਪ ਤੋਂ ਡਰਦਾ ਬਿਲਕੁਲ ਹੀ ਨਹੀਂ ਪੜ੍ਹਦਾ ਕੀ ਉਸ
ਨੂੰ ਕੋਈ ਪਾਪ ਨਹੀਂ ਹੈ?
ਭਾਈ ਸ਼ਿਵਤੇਗ ਸਿੰਘ ਨੇ ਕਿਹਾ ਗੁਰਬਾਣੀ ਪੜ੍ਹਨ ਤੋਂ ਰੋਕਣ ਲਈ ਡੇਰੇਦਾਰ
ਕਹਿੰਦੇ ਹਨ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੀ ਲੋੜ ਨਹੀਂ ਜਪੁਜੀ ਸਾਹਿਬ ਦੇ 151
ਪਾਠ ਕਰਨ ਨਾਲ ਪੂਰੇ ਪਾਠ ਦਾ ਫਲ ਮਿਲ ਜਾਂਦਾ ਹੈ। ਜਦੋਂ ਉਨ੍ਹਾਂ ਡੇਰੇਦਾਰਾਂ ਨੂੰ ਸਮਝ ਆਉਂਦੀ
ਹੈ ਕਿ ਜੇ ਇਹ ਜਪੁਜੀ ਸਾਹਿਬ ਦਾ ਧਿਆਨ ਸਹਿਤ ਪਾਠ ਕਰਨਗੇ: ‘ਸਭਨਾ
ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5॥’ (ਜਪੁ, ਮ: 1 ਗੁਰੂ ਗ੍ਰੰਥ ਸਾਹਿਬ -
ਪੰਨਾ 2) ਤਾਂ ਇਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਸਾਰਿਆਂ ਦਾ ਦਾਤਾ ਤਾਂ ਇੱਕ ਅਕਾਲ ਪੁਰਖ ਹੀ
ਹੈ, ਤਾਂ ਉਹ ਕਿਸੇ ਹੋਰ ਬਾਬੇ ਨੂੰ ਕਿਉਂ ਮੰਨਣਗੇ,
ਤਾਂ ਕਹਿ ਦਿੱਤਾ ਜਾਂਦਾ ਹੈ ਕਿ ਸੁਖਮਨੀ ਸਾਹਿਬ ਦੇ 52 ਪਾਠ ਕਰ ਲਏ ਜਾਣ ਤਾਂ ਪੂਰੇ ਪਾਠ ਦਾ
ਫਲ ਮਿਲ ਜਾਂਦਾ ਹੈ। ਪਰ ਜਦੋਂ ਸੁਖਮਨੀ ਸਾਹਿਬ’ਚ ਵੀ ਪੜ੍ਹਦੇ ਹਨ:
‘ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ
ਕਉ ਏਕੈ ਭਗਵਾਨੁ ॥
ਜਿਸ ਕੈ ਦੀਐ ਰਹੈ ਅਘਾਇ ॥ ਬਹੁਰਿ ਨ ਤ੍ਰਿਸਨਾ ਲਾਗੈ ਆਇ ॥
ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ ਕਿਛੁ ਨਾਹੀ ਹਾਥਿ ॥’ (ਗਉੜੀ ਸੁਖਮਨੀ ਮ: 5, ਗੁਰੂ
ਗ੍ਰੰਥ ਸਾਹਿਬ – ਪੰਨਾ 281)
ਤਾਂ ਫਿਰ ਕਹਿੰਦੇ ਹਨ ਜਿਹੜਾ ਪਾਠ ਨਹੀਂ ਕਰ ਸਕਦਾ,
ਉਹ ਵਾਹਿਗੁਰੂ ਨਾਮ ਦੀਆਂ ਐਨੀਆਂ ਮਾਲਾ ਹੀ ਫੇਰ ਲਵੇ ਤਾਂ ਉਸ ਨੂੰ ਫਲ ਮਿਲ ਜਾਂਦਾ ਹੈ,
ਇਸ ਤਰ੍ਹਾਂ ਸਿੱਖ ਗੁਰਬਾਣੀ ਗਲਤ ਪੜ੍ਹਨ ਦੇ ਡਰੋਂ ਤੇ ਥੋਹੜੀ ਮਿਹਨਤ ਕਰਕੇ ਬਹੁਤਾ ਫਲ ਲੈਣ ਦੀ
ਤਾਕ ਵਿੱਚ ਗੁਰਬਾਣੀ ਨਾਲੋਂ ਟੁੱਟ ਰਹੇ ਹਨ। ਸਿੱਖ ਨੂੰ ਗੁਰਬਾਣੀ ਨਾਲੋਂ ਤੋੜਨ ਦੇ ਜਿਥੇ
ਡੇਰੇਦਾਰ ਬਾਬੇ ਜਿੰਮੇਵਾਰ ਹਨ, ਉਥੇ ਕੁਝ ਪ੍ਰਚਾਰਕ ਵੀ ਨਾਮ
ਸਿਮਰਨ ਅਭਿਆਸ ਕਰਵਾਉਂਦੇ ਹੋਏ ਇਹ ਪ੍ਰਚਾਰ ਕਰਦੇ ਹਨ ਕਿ ਅਸਲੀ ਲਾਭ ਨਾਮ ਸਿਮਰਨ ’ਚ ਹੀ ਹੈ,
ਪਰ ਅਸਲ ਵਿੱਚ ਗੁਰਬਾਣੀ ਪੜ੍ਹਨਾ ਸਮਝਣਾ ਤੇ ਉਸ ਨੂੰ ਆਪਣੇ ਜੀਵਨ ’ਚ ਢਾਲ ਲੈਣਾ ਹੀ ਨਾਮ
ਸਿਮਰਨ ਹੈ, ਇਸ ਲਈ ਗੁਰੂ ਦਾ ਗਿਆਨ ਪ੍ਰਾਪਤ ਕਰਨ ਲਈ ਸਾਨੂੰ
ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਤੇ ਸਮਝਣੀ ਚਾਹੀਦੀ ਹੈ।