Share on Facebook

Main News Page

ਵਿਦੇਸ਼ਾਂ ਵਿੱਚ ਸਿੱਖੀ ਪਹਿਚਾਣ ਲਈ, ਸਿੱਖੀ ਦੇ ਪ੍ਰਚਾਰ ਨਾਲ, ਕਰਨੀ ਨੂੰ ਵੀ ਅਮਲ ਵਿੱਚ ਲਿਆਉਣ ਦੀ ਲੋੜ ਹੈ!
- ਗੁਰਚਰਨ ਸਿੰਘ ਗੁਰਾਇਆ

ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਸਿੱਖਾਂ ਦੀ ਗਲਤ ਪਹਿਚਾਣ ਸਮਝਕੇ ਜਾ ਫਿਰ ਹੋਰ ਕਿਸੇ ਕਾਰਨ ਕਰਕੇ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਦੀ ਹੈ, ਤਾਂ ਸਿੱਖ ਉਸ ਘਟਨਾ ਤੇ ਆਪਣੇ ਦੁਖ ਦਾ ਪ੍ਰਗਟਾਵਾਂ ਹੀ ਨਹੀਂ ਕਰਦਾ। ਸਗੋਂ ਉਸ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਦਾ ਹੈ ਤੇ ਫਿਰ ਉਹ ਵਿਦੇਸ਼ਾਂ ਵਿੱਚ ਆਪਣੀ ਸਹੀ ਪਹਿਚਾਣ ਨਾ ਕਰਾਉਣ ਦੀ ਘਾਟ ਸਮਝਕੇ ਬਹੁਤ ਹੀ ਉਤਸ਼ਾਹ ਨਾਲ ਉਦਮ ਤੇ ਉਪਰਾਲਾ ਅਰੰਭ ਕਰਦਾ ਹੈ। ਜਿਵੇਂ ਜਿਵੇਂ ਉਸ ਘਟਨਾ ਨੂੰ ਚਿਰ ਪੈਂਦਾ ਜਾਦਾ ਹੈ, ਉਸ ਦੇ ਨਾਲ ਹੀ ਉਦਮ ਤੇ ਉਪਰਾਲਿਆਂ ਦਾ ਉਤਸ਼ਾਹ ਵੀ ਮੱਠਾ ਪੈਣਾ ਸ਼ੁਰੂ ਹੋ ਜਾਂਦਾ ਹੈ। ਅਮਰੀਕਾ ਦੇ ਸ਼ਹਿਰ ਉਕਕ੍ਰੀਕ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਅਮਰੀਕਨ ਸਿਰ ਫਿਰੇ ਗੋਰੇ ਨੇ ਗੋਲੀ ਚਲਾਕੇ ਛੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਤੇ ਇਸ ਘਟਨਾ ਨੂੰ ਅਮਰੀਕਨ ਸਰਕਾਰ ਤੇ ਲੋਕਾਂ ਨੇ ਜਿਸ ਤਰੀਕੇ ਨਾਲ ਸਿੱਖਾਂ ਨਾਲ ਹਮਦਰਦੀ ਦਿਖਾਈ ਤੇ ਉੱਥੇ ਦੇ ਮੀਡੀਏ ਦੇ ਰੋਲ ਨੇ, ਹਰ ਸਿੱਖ ਦੀ ਜਬਾਨ ਤੋਂ ਅਮਰੀਕਨ ਸਰਕਾਰ ਤੇ ਲੋਕਾਂ ਲਈ ਧੰਨਵਾਦ ਤੇ ਸ਼ਲਾਘਾ ਦੇ ਸ਼ਬਦ ਹੀ ਨਿਕਲੇ। ਜਿੱਥੇ ਉਹਨਾਂ ਸਿੱਖ ਪਰਿਵਾਰਾਂ ਦੇ ਵਿਛੜ ਗਏ ਜੀਆਂ ਕਰਕੇ ਪੂਰੀ ਸਿੱਖ ਕੌਮ ਦੀ ਉਹਨਾਂ ਨਾਲ ਦਿਲੋ ਹਮਦਰਦੀ ਹੈ, ਦੂਜੇ ਪਾਸੇ ਇਹਨਾਂ ਸਿੱਖਾਂ ਦੀ ਸ਼ਹਾਦਤ ਨੇ ਸੰਸਾਰ ਅੰਦਰ 544 ਸਾਲਾਂ ਦੀ ਬਾਲੜੀ ਜਿਹੀ ਉਮਰ ਦੀ 28 ਮਿਲੀਅਨ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਇੰਨੇ ਵੱਡੇ ਪੱਧਰ ਤੇ ਕਰਵਾ ਦਿੱਤੀ ਸ਼ਾਇਦ ਕਰੋੜਾਂ ਖਰਚ ਕੇ ਵੀ ਨਾ ਹੁੰਦੀ।

ਵਿਦੇਸ਼ਾਂ ਵਿੱਚ ਹਰ ਇੱਕ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਤੇ ਸਮਾਗਮ ਕਰਵਾਏ ਗਏ। ਇਹਨਾਂ ਸਮਾਗਮਾਂ ਤੇ ਮੀਡੀਏ ਵਿੱਚ ਇੱਕ ਤਾਂ ਗੁਰਦੁਆਰਾ ਸਾਹਿਬਾਂ ਦੀ ਹਿਫਾਜ਼ਤ ਤੇ ਇੱਕ ਸਿੱਖਾਂ ਦੀ ਵੱਖਰੀ ਪਹਿਚਾਣ ਲਈ ਜਿਸ ਦੇਸ਼ ਵਿੱਚ ਰਹਿੰਦੇ ਹੋ ਉਸ ਜਬਾਨ ਵਿੱਚ ਵੱਧ ਤੋਂ ਵੱਧ ਲਿਟਰੇਚਰ ਛਪਾਕੇ ਵੰਡਿਆਂ ਜਾਵੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਇਸ ਲਈ ਸੁਹਿਰਦ ਸਿੱਖਾਂ ਨੇ ਉਪਰਾਲੇ ਵੀ ਸ਼ੁਰੂ ਕਰ ਦਿੱਤੇ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਸ ਪਰਚਾਰ ਦੇ ਨਾਲ ਜਿਹੜੀਆਂ ਸਮੱਸਿਆਵਾਂ ਸਿੱਖਾਂ ਦੇ ਸਾਹਮਣੇ ਉਵੇਂ ਹੀ ਖੜ੍ਹੀਆਂ ਹਨ। ਬਾਹਰੋਂ ਤੇ ਅੰਦਰੋਂ ਗੁਰੂ ਸਿਧਾਤਾਂ ਨਾਲ ਇਕਮਿਕ ਹੋਣਾ ਹੀ ਸਿੱਖੀ ਦੀ ਅਸਲ ਪਹਿਚਾਣ ਹੈ। ਅਮਰੀਕਾ ਦੇ ਇੰਟਨੈਸ਼ਨਲ ਮੀਡੀਏ ਸੀ. ਐਨ. ਐਨ. ਵੱਲੋਂ ਵੀ ਛੇ ਸਿੱਖਾਂ ਦੇ ਸ਼ਰਧਾਜ਼ਲੀ ਸਮਰੋਹ ਨੂੰ ਪੂਰੀ ਦੁਨੀਆਂ ਸਾਮਣੇ ਦਿਖਾਇਆ ਜਾ ਰਿਹਾ ਸੀ ਤੇ ਇਸ ਸ਼ਰਧਾਜ਼ਲੀ ਸਮਰੋਹ ਵਿੱਚ ਇੱਕ ਸਿੱਖੀ ਸਰੂਪ ਤੇ ਦੂਜਾ ਸਿੱਖੀ ਸਰੂਪ ਤੋਂ ਬਿਨ੍ਹਾਂ ਦੋਨੋ ਸਰੂਪ ਮੀਡੀਏ ਨੇ ਦਿਖਾਏ ਤੇ ਇੱਥੇ ਵਿਦੇਸ਼ੀ ਲੋਕਾਂ ਵਿੱਚ ਸਿੱਖੀ ਪਹਿਚਾਣ ਬਾਰੇ ਇਹ ਭਲੇਖਾ ਪੈਣਾ ਲਾਜ਼ਮੀ ਹੈ।

ਜਿੱਥੇ ਅੱਜ ਅਸੀ ਵਿਦੇਸ਼ਾਂ ਵਿੱਚ ਸਿੱਖੀ ਪਹਿਚਾਣ ਕਰਾਉਣ ਲਈ ਲਿਟਰੇਚਰ ਦੇ ਨਾਲ ਨਾਲ ਆਪਣੇ ਭਰਾਵਾਂ ਨੂੰ ਸਿੱਖੀ ਸਰੂਪ ਵਿੱਚ ਲਿਆਉਣ ਤੇ ਸਿੱਖੀ ਸਰੂਪ ਵਾਲਿਆਂ ਨੂੰ ਗੁਰੂ ਦਾ ਸਿਧਾਂਤ ਅਮਲੀ ਰੂਪ ਵਿੱਚ ਅਪਨਾਉਣ ਦੀ ਵੀ ਲੋੜ ਹੈ, ਜੋ ਅੱਜ ਬਹੁਗਿਣਤੀ ਸਿੱਖ ਉਸ ਨੂੰ ਤਿਲਾਜ਼ਲੀ ਦੇ ਚੁੱਕੇ ਹਨ। ਸਿੱਖ ਦੇ ਕਹਿਣੀ ਤੇ ਕਰਨੀ ਇੱਕ ਤੇ ਅਮਲੀ ਜੀਵਨ ਦੇਖਕੇ ਸਿੱਖਾਂ ਦੇ ਦੁਸ਼ਮਣ ਵੀ ਸਿਫਤ ਕਰਨ ਤੋਂ ਰਹਿ ਨਹੀਂ ਸਕੇ ਕਿਉਕਿ ਗੁਰੂ ਸਾਹਿਬ ਨੇ ਸਭ ਤੋਂ ਉਪਰ ਸਚ ਅਚਾਰ ਦੀ ਗੱਲ ਕੀਤੀ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਉੱਚੇ ਸੁਚੇ ਆਚਰਨ ਵਾਲੇ ਪਰਉਪਕਾਰੀ ਇਨਸਾਨ ਦਾ ਦੂਜਾ ਨਾਮ ਸਿੱਖ ਹੈ।

ਇਤਿਹਾਸਿਕ ਘਟਨਾ ਹੈ, ਕਿ ਅੰਮ੍ਰਿਤਸਰ ਸਿੰਘਾਂ ਕੋਲੇ ਇਕ ਬ੍ਰਾਹਮਣ ਫਰਿਆਦ ਲੈ ਕੇ ਆਇਆ। ਕਹਿਣ ਲੱਗਾ ਉਸ ਦੀ ਘਰਵਾਲੀ ਕਸੂਰ ਦੇ ਪਠਾਣਾ ਚੁੱਕ ਲਈ ਹੈ, ਗੁਰੂ ਦਾ ਵਾਸਤਾ ਮੇਰੀ ਬਹੁੜੀ ਕੀਤੀ ਜਾਵੇ। ਕਸੂਰ ਦੀਆਂ ਗੜੀਆਂ ਤੱਕ ਪਹੁੰਚਣਾ ਖਾਲਾ ਜੀ ਦਾ ਵਾੜਾ ਨਹੀਂ ਸੀ। ਪਰ ਮਸਲਾ ਸੀ ਕਿ ਫਰਿਆਦੀ ਚਲ ਕੇ ਆਇਆ ਹੈ। ਉਸ ਗੁਰੂ ਦੀ ਬਹੁੜੀ ਪਾਈ। ਸਿੰਘਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਉਸ ਪੰਡਤ ਦੀ ਪੰਡਤਾਣੀ ਨੂੰ ਪਠਣਾਂ ਤੋਂ ਅਜ਼ਾਦ ਕਰਾਇਆ। ਇਸੇ ਤਰ੍ਹਾਂ ਕਾਜੀ ਨੂਰ ਮੁਹੰਮਦ ਸਿੰਘਾਂ ਬਾਰੇ ਕਹਿੰਦਾ ਉਏ ਇੱਹ 'ਕੁੱਤੇ' ਬੜੇ ਇਖਲਾਕ ਵਾਲੇ ਨੇ। ਜੇ ਤੁਸੀਂ ਤਲਵਾਰ ਚਲਾਉਂਣੀ ਸਿੱਖਣੀ ਤਾਂ ਇਨ੍ਹਾਂ ਕੋਲੋਂ ਸਿੱਖੋ। ਕਿਸੇ ਦੀ ਧੀ-ਭੈਣ ਦੀ ਇੱਜਤ ਕਰਨੀ ਸਿੱਖਣੀ ਤਾਂ ਇਨ੍ਹਾ ਕੋਲੋਂ ਸਿੱਖੋ। ਉਹ ਸਿੱਖਾਂ ਨੂੰ ਨਫਰਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੇ ਉੱਚੇ ਇਖਲਾਕ ਦੀ ਗੱਲ ਕਰਨੋਂ ਨਾ ਰਹਿ ਸਕਿਆ।ਇਸੇ ਤਰ੍ਹਾਂ ਅਬਦਾਲੀ ਜਦੋ ਹਿੰਦੋਸਤਾਨ ਦੀ ਇੱਜ਼ਤ,ਅਬਰੂ ਬੰਨ ਤੇ ਧੰਨ ਦਲੌਤ ਲੁੱਟ ਕੇ ਲਿਜਾ ਰਿਹਾ ਹੁੰਦਾ ਸੀ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਰਹਿਣ ਵਾਲੇ ਸਿੱਖ ਆਪਣੀਆਂ ਜਾਨਾਂ ਤੇ ਖੇਡ ਕੇ ਉਹਨਾਂ ਨੂੰ ਘਰੋਂ ਘਰੀ ਪੰਹੁਚਾਉਦੇ ਸਨ ਜਿਨ੍ਹਾਂ ਦੀਆਂ ਧੀਆਂ ਭੈਣਾ ਸਹੀ ਸਲਾਮਤ ਘਰ ਪੰਹੁਚ ਜਾਦੀਆਂ ਸਨ । ਉਹ ਲੋਕ ਹੀ ਇਹਨਾਂ ਗੁਰਸਿੱਖਾਂ ਨੂੰ ਅਸੀਸਾਂ ਦੇ ਨਾਲ ਇਹ ਵੀ ਕਹਿੰਦੇ ਸਨ ਆ ਗਏ ਨਿੰਹਗ ਸਿੰਘ ਬੂਹੇ ਖੋਲਦਿਓ ਨਿਸ਼ੰਗ ਕਿਉਕਿ ਉਹਨਾਂ ਨੂੰ ਸਿੱਖਾਂ ਤੇ ਵਿਸ਼ਾਵਾਸ਼ ਹੁੰਦਾ ਸੀ ਕਿ ਸਾਨੂੰ ਹੁਣ ਇਹਨਾਂ ਦੇ ਹੁੰਦੇ ਕੋਈ ਡਰ ਨਹੀਂ ਹੈ।

ਜੇਕਰ ਅੰਗਰੇਜ਼ਾਂ ਦੇ ਰਾਜ ਦੀ ਹੀ ਗੱਲ ਕਰ ਲਈਏ ਕਿ ਉਹ ਕਿਸੇ ਕਤਲ ਦੇ ਕੇਸ ਵਿੱਚ ਵੀ ਪੂਰਨ ਗੁਰਸਿੱਖ ਦੀ ਗਵਾਹੀ ਨੂੰ ਸੱਚ ਮੰਨਿਆ ਜਾਦਾ ਸੀ। ਇਹ ਸੀ ਉਹਨਾਂ ਪੁਰਾਤਨ ਸਿੱਖਾਂ ਦਾ ਉੱਚਾਂ ਸੁਚਾਂ ਅਚਾਰਨ ਦੀਆਂ ਤੁੱਛ ਅਜਿਹੀਆਂ ਉਦਾਹਰਣਾਂ ਪਰ ਅੱਜ ਉਸ ਤੋਂ ਉਲਟ ਉਚੇ ਸੁਚੇ ਆਚਰਨ ਵਾਲੇ ਵਿਰਲੇ ਹੀ ਸਿੱਖ ਮਿਲਣਗੇ ਤੇ ਬਹੁਗਿਣਤੀ ਨੇ ਸਿੱਖੀ ਦੇ ਸੁਨਿਹਰੀ ਅਸੂਲਾਂ ਸਿਧਾਤਾਂ ਨੂੰ ਤਿਲਾਜ਼ਲੀ ਦੇ ਦਿੱਤੀ ਹੈ। ਬੇਈਮਾਨ, ਆਚਰਨਹੀਂਣ, ਸੁਆਰਥੀ, ਠੱਗੀ ਮਾਰਨ ਵਾਲੀ ਬਿਰਤੀ ਤੇ ਮਾੜੇ ਕਰਦਾਰ ਵਾਲੇ ਸਿੱਖਾਂ ਕਰਕੇ ਤਾਂ ਅੱਜ ਕਈ ਲੋਕ ਕਹਿ ਦਿੰਦੇ ਹਨ, ਕਿ ਇੱਕ ਪਾਸੇ ਸੱਪ ਹੋਵੇ, ਤੇ ਦੂਜੇ ਪਾਸੇ ਅਖੌਤੀ ਸਿੱਖ, ਤਾਂ ਸੱਪ ਵਾਲੇ ਪਾਸੇ ਦੀ ਲੰਘ ਜਾਓ ਹੋ ਸਕਦਾ, ਉਹ ਡੰਗ ਨਾ ਮਾਰੇ, ਪਰ ਅਖੌਤੀ ਸਿੱਖਾਂ ਨੇ ਡੰਗ ਮਾਰਨ ਤੋਂ ਢਿੱਲ ਨਹੀਂ ਕਰਨੀ। ਇਹ ਗੱਲਾਂ ਸਾਡੇ ਅੰਦਰੋਂ ਗੁਆਚੇ ਸੁਨਿਹਰੀ ਅਸੂਲਾਂ ਕਰਕੇ ਹੋ ਰਿਹੀਆਂ ਹਨ। ਜੋ ਸਿੱਖ ਗੁਰੂ ਨਾਨਕ ਦੇ ਸਿਧਾਂਤ ਉਚੇ ਸੁਚੇ ਅਚਾਰ ਕਹਿਣੀ ਤੇ ਕਰਨੀ ਇੱਕ ਅੰਦਰੋਂ ਬਾਹਰੋਂ ਨਿਰਮਲ ਜੀਵਨ ਵਾਲੇ ਸਿੱਖਾਂ ਨੂੰ ਆਪਣੀ ਪਹਿਚਾਣ ਦੁਨੀਆਂ ਨੂੰ ਆਪ ਕਰਾਉਣ ਦੀ ਸ਼ਾਇਦ ਲੋੜ ਨਾ ਪਵੇ ਸਗੋ ਸਾਡੀ ਨਿਰਮਲ ਕਰਨੀ ਦੇਖ ਕਿ ਲੋਕ ਪੁੱਛਣ ਕਿ ਇਹੋ ਅਜਿਹੇ ਪਰਉਪਕਾਰੀ ਇਨਸਾਨ ਕੌਣ ਹਨ ਤੇ ਇਹ ਕਿਸ ਧਰਮ ਨੂੰ ਮੰਨਣ ਵਾਲੇ ਹਨ।

ਜਿੱਥੇ ਅੱਜ ਸਾਨੂੰ ਸਿੱਖੀ ਦੀ ਸਹੀ ਪਹਿਚਾਣ ਲਈ ਲਿਟਰੇਚਰ ਵੰਡਣ ਤੇ ਸਹੀ ਜਾਣਕਾਰੀ ਮੁਹਈਆਂ ਕਰਾਉਣ ਦੀ ਲੋੜ ਹੈ। ਅੱਜ ਸਾਨੂੰ ਆਪਣੇ ਆਪ ਦੀ ਪੜਚੋਲ ਕਰਨ ਦੀ ਲੋੜ ਹੈ ਕਿ ਗੁਰਦੁਆਰਾ ਸਾਹਿਬ ਜੋ ਸਿੱਖੀ ਪ੍ਰਚਾਰ ਦੇ ਕੇਂਦਰ ਜਿੱਥੋਂ ਮਨੁੱਖੀ ਜੀਵਨ ਜਾਂਚ ਦੀ ਸਿਖਲਾਈ ਮਿਲਣੀ ਸੀ। ਕੀ ਅੱਜ ਗੁਰਦੁਆਰਾ ਸਾਹਿਬ ਦੇ ਕਿੰਨੇ ਕੁ ਪ੍ਰਬੰਧਕ ਹਨ ਜੋ ਲੜਾਈ ਝਗੜੇ ਤੋਂ ਬਿਨ੍ਹਾਂ ਸਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹੋਣ ਦਾ ਫਰਜ਼ ਨਿਭਾ ਰਹੇ ਹਨ। ਅੱਜ ਵਿਦੇਸ਼ਾਂ ਵਿੱਚ ਬਹੁਤੀਆਂ ਆਪਸੀ ਲੜਾਈਆਂ ਸਿੱਖੀ ਸਰੂਪ ਵਾਲਿਆਂ ਦੀਆਂ ਤੇ ਫਿਰ ਪੁਲਿਸ ਕੋਲ ਸ਼ਕਾਇਤਾਂ ਕਰਨ ਵਾਲੇ ਵੀ ਬਹੁਤੇ ਸਿੱਖੀ ਸਰੂਪ ਵਾਲੇ ਤੇ ਜਿਨ੍ਹਾਂ ਦੀਆਂ ਸ਼ਾਕਾਇਤਾਂ ਕੀਤੀਆਂ ਜਾਦੀਆਂ ਹਨ ਉਹ ਵੀ ਸਿੱਖੀ ਸਰੂਪ ਵਾਲੇ ਤੇ ਇੱਥੇ ਇਕ ਲੋਕਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਗੱਲ ਸੁਣਾਈ ਕਿ ਉਹ ਫਰੈਂਕਫੋਰਟ ਗੁਰਦੁਆਰਾ ਸਾਹਿਬ ਦੇ ਮਸਲੇ ਤੇ ਕਰੀਮੀਨਲ ਦੀ ਪੁਲਿਸ ਅਫਸਰ ਦੇ ਸੱਦੇ ਤੇ ਉਸ ਨੂੰ ਮਿਲਕੇ ਆਇਆ ਤੇ ਉਸ ਨੇ ਕਿਹਾ ਕਿ ਮੈਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆਂ ਨਹੀਂ ਪਰ ਜੋ ਉਸ ਵਿੱਚ ਲਿਖਿਆਂ ਹੈ, ਤੁਸੀ ਉਸ ਉੱਪਰ ਅਮਲ ਨਹੀਂ ਕਰਦੇ। ਜੋ ਤੁਸੀ ਗੁਰਦੁਆਰਾ ਸਾਹਿਬ ਵਿੱਚ ਲੜਾਈ ਝਗੜੇ ਕਰਦੇ ਹੋ ਉਹ ਤੁਹਾਨੂੰ ਕਦੇ ਵੀ ਇਜ਼ਾਜ਼ਤ ਨਹੀਂ ਦਿੰਦਾ। ਦੂਸਰੀ ਉਦਾਹਰਨ ਅਸੀ ਧਾਰਮਿਕ ਲਿਟਰੇਚਰ ਵੰਡ ਰਹੇ ਸੀ, ਉਸ ਵਿੱਚ ਇਕ ਕਿਤਾਬਚਾ ਸਿੱਖ ਫਰਾਉ (ਸਿੱਖ ਵੋਮੈਨ) ਬਾਰੇ ਸੀ ਕਿ ਸਿੱਖ ਧਰਮ ਵਿੱਚ ਬੀਬੀਆਂ ਨੂੰ ਬਰਾਬਰਤਾ ਤੇ ਬਹੁਤ ਹੀ ਸਨਮਾਨ ਦਿੱਤਾ ਗਿਆ ਹੈ।

ਇਕ ਜਰਮਨ ਪੱਤਰਕਾਰ ਬੀਬੀ ਨੇ ਉਸ ਦੇ ਪਹਿਲੇ ਦੋ ਪੇਜ ਪੜ੍ਹਕੇ ਕਿਹਾ, ਕਿ ਇਹ ਸਿਰਫ ਕਿਤਾਬ ਵਿੱਚ ਲਿਖਿਆਂ ਹੈ, ਪਰ ਤੁਸੀ ਇਸ ਤੇ ਅਮਲ ਨਹੀਂ ਕਰਦੇ, ਕਿਉਕਿ ਉਸ ਨੇ ਸਿੱਖਾਂ ਬਾਰੇ ਕਈ ਖਬਰਾਂ ਤੇ ਕਈ ਪਰਿਵਾਰਾਂ ਨੂੰ ਉਹ ਮਿਲ ਚੁੱਕੀ ਸੀ। ਇਸ ਵਿੱਚ ਕੋਈ ਝੂਠ ਨਹੀਂ ਹੈ, ਕਿ ਵਿਰਲੇ ਹੀ ਸਿੱਖ ਹਨ ਜੋ ਬੀਬੀਆਂ ਨੂੰ ਬਰਾਬਰਤਾਂ ਦਾ ਦਰਜਾ ਦਿੰਦੇ ਹਨ। ਦੁਨੀਆਂ ਦੀ ਸੁਪਰ ਪਾਵਰ ਅਮਰੀਕਨ ਪ੍ਰਧਾਨ ਉਬਾਰਕ ਉਬਾਮਾ ਨੇ ਗੁਰਦੁਆਰਾ ਸਾਹਿਬ ਤੇ ਹੋਏ ਹਮਲੇ ਨੂੰ ਲੈਕੇ ਪੂਰੇ ਅਮਰੀਕਨਾਂ ਨੂੰ ਇਹੋ ਅਜਿਹੀਆਂ ਘਟਨਾਵਾਂ ਨਾ ਵਾਪਰਨ ਲਈ ਆਪਣਾ ਸਵੈ ਚਿੰਤਨ ਕਰਨ ਲਈ ਸਦੇਸ਼ ਜਾਰੀ ਕਰ ਦਿੱਤਾ। ਪਰ ਸਿੱਖ ਕੌਮ ਨੂੰ ਵੀ ਆਪਣੀ ਸਿੱਖ ਪਹਿਚਾਣ ਕਰਾਉਣ ਲਈ ਤੇ ਇਹੋ ਅਜਿਹੀਆਂ ਭਵਿੱਖ ਵਿੱਚ ਘਟਨਾਵਾਂ ਨਾ ਵਾਪਰਨ ਲਈ ਸਵੈ ਪੜਚੋਲ ਕਰ ਲੈਣੀ ਚਾਹੀਦੀ ਹੈ। ਦਿਖਾਵੇ, ਸਟੇਜਾਂ ਮੀਡੀਏ, ਅਖਬਾਰਾਂ ਵਾਲੇ ਸਚਿਆਰ ਸਿੱਖ ਬਣਨ ਦੀ ਬਜਾਏ ਗੁਰੂ ਦੇ ਸਿਧਾਤਾਂ ਅਨੁਸਾਰ ਕਹਿਣੀ ਤੇ ਕਰਨੀ ਵਾਲੀ ਸਿੱਖੀ ਦੇ ਧਾਰਨੀ ਬਣ ਨਾਲ ਹੀ ਅਸੀ ਸਿੱਖ ਦੀ ਸਹੀ ਪਹਿਚਾਣ ਕਰਾ ਸਕਦੇ ਹਾਂ। ਸਿੱਖ ਕੌਮ ਕੋਲ ਮਨੁੱਖਤਾਂ ਨੂੰ ਸਰਬਸਾਂਝੀਵਾਲਤਾ ਦਾ ਉਪਦੇਸ਼ ਤੇ ਜੀਵਨ ਜਾਂਚ ਦਾ ਖਜ਼ਾਨਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ, ਇਸ ਤੋਂ ਸੇਧ ਲੈ ਕੇ ਇਸ ਦੀਆਂ ਸਿਖਿਆਵਾਂ ਤੇ ਚਲਕੇ ਜਿੱਥੇ ਅਸੀ ਆਪਣਾ ਉਧਾਰ ਕਰ ਸਕਦੇ ਹਾਂ ਉੱਥੇ ਮਨੁੱਖਤਾ ਲਈ ਪਰ ਉਪਕਾਰੀ ਬਣ ਕੇ ਸਹੀ ਸਿੱਖ ਹੋਣ ਦਾ ਫਰਜ਼ ਨਿਭਾ ਸਕਦੇ ਹਾਂ।

ਭੁੱਲਾਂ ਚੁੱਕਾਂ ਲਈ ਖਿਮਾਂ ਦਾ ਜਾਚਕ

ਗੁਰਚਰਨ ਸਿੰਘ ਗੁਰਾਇਆ
ਜਨਰਲ ਸਕੱਤਰ ਸਿੱਖ ਫੈਡਰੇਸ਼ਨ ਜਰਮਨੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top