Share on Facebook

Main News Page

ਬਾਬਾ ਰਾਮਦੇਵ ਨਹੀਂ ਲੁਕੋ ਸਕਦਾ ਸਿੱਖ ਵਿਰੋਧੀ ਨਫ਼ਰਤ…
-
ਜਸਪਾਲ ਸਿੰਘ ਹੇਰਾਂ Editor: Daily Pehredar

ਭਗਵੀਆਂ ਸ਼ਕਤੀਆਂ ਉਹ ਭਾਵੇਂ ਕਿਸੇ ਰੂਪ ਜਾਂ ਨਾਮ ਥੱਲੇ ਹੋਣ, ਉਨ੍ਹਾਂ ਦੇ ਦਿਲੋ-ਦਿਮਾਗ ਤੇ ਛਾਂਈ ਹੋਈ ਸਿੱਖ ਵਿਰੋਧੀ ਸੋਚ ਆਖ਼ਰ ਕਿਸੇ ਨਾ ਕਿਸੇ ਰੂਪ ’ਚ ਨੰਗੀ ਹੋ ਹੀ ਜਾਂਦੀ ਹੈ। ਇਹ ਸ਼ਕਤੀਆਂ ਭਾਵੇਂ ਸਿੱਖ ਹਿਤੈਸ਼ੀ ਹੋਣ ਦਾ ਢੌਂਗ ਰਚਦੀਆਂ ਰਹਿਣ, ਪ੍ਰੰਤੂ ਮਨ ’ਚ ਭਰੀ ਸਿੱਖ ਵਿਰੋਧੀ ਨਫ਼ਰਤ ਨੂੰ ਮਾਰ ਨਹੀਂ ਸਕਦੀਆਂ।

ਸਿੱਖੀ ਦਾ ਨਿਆਰਾਪਣ, ਮਾਨਵਤਾ ਦੀ ਸੇਵਾ, ਸਰਬੱਤ ਦਾ ਭਲਾ ਅਤੇ ‘‘ਅੜੈ ਸੋ ਝੜੈ’’ ਦੇ ਸਿਧਾਂਤ ਨੂੰ ਇਹ ਸ਼ਕਤੀਆਂ ਕਿਸੇ ਵੀ ਕੀਮਤ ਤੇ ਮਨੋਂ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ, ਇਸ ਲਈ ਸਿੱਖੀ ਦੇ ਜੜ੍ਹੀ ਤੇਲ ਦੇਣ ਦੀ ਇਹ ਕਦੇ ਵੀ ਕੋਈ ਕਸਰ ਬਾਕੀ ਨਹੀਂ ਛੱਡਦੀਆਂ। ਬਾਬਾ ਰਾਮਦੇਵ, ਜਿਹੜਾ ਲੋੜ ਤੋਂ ਵੱਧ ਲਾਲਸੀ ਤੇ ਉਚੇ ਸੁਫ਼ਨੇ ਲੈਣ ਵਾਲਾ ਹੈ, ਉਹ ਯੋਗ ਦੇ ਖੇਤਰ ’ਚ ਮਿਲੀ ਅਥਾਹ ਸਫ਼ਲਤਾ ਨੂੰ ਦੇਸ਼ ਨੂੰ ਆਪਣੀ ਮੁੱਠੀ ’ਚ ਕਰਨ ਦੀ ਕੁੰਜੀ ਮੰਨ ਬੈਠਾ ਹੈ, ਦੇਸ਼ ਦੀ ਰਾਜਨੀਤੀ ਨੂੰ ਆਪਣੀ ਨਕੇਲ ਪਾਉਣ ਦਾ ਚਾਹਵਾਨ ਹੈ, ਪ੍ਰੰਤੂ ਉਹ ਅਸਲ ’ਚ ਸੰਘ ਪਰਿਵਾਰ ਦਾ ਮੋਹਰਾ ਹੈ ਅਤੇ ਸੰਘ ਵਾਲੀ ਸੋਚ ਦਾ ਸੁਆਮੀ ਹੈ, ਉਸਦੇ ਮਨ ’ਚ ਸਿੱਖਾਂ ਪ੍ਰਤੀ ਨਫ਼ਰਤ ਹੈ, ਜਿਸਦਾ ਪ੍ਰਗਟਾਵਾ ਉਹ ਕਈ ਵਰ੍ਹੇ ਪਹਿਲਾਂ ‘ਸੱਪ ਤੇ ਸਰਦਾਰ’ ਦੇ ਮਿਲ ਜਾਣ ਤੇ ਪਹਿਲਾ ਸਰਦਾਰ ਨੂੰ ਮਾਰੋ ਦੀ ਨਸੀਹਤ ਦੇ ਕੇ ਪ੍ਰਗਟਾ ਚੁੱਕਿਆ ਹੈ।

ਪ੍ਰੰਤੂ ਇਸਦੀ ਜ਼ਹਿਰੀਲੀ ਟਿੱਪਣੀ ਦੇ ਬਾਵਜੂਦ ਸਾਡੇ ਨਿੱਕਰਧਾਰੀ ਸਿੱਖ ਆਗੂਆਂ ਨੇ ਉਸਦੀ ਹਰ ਪੰਜਾਬ ਫੇਰੀ ਸਮੇਂ, ਉਸਨੂੰ ਜਿਸ ਤਰ੍ਹਾਂ ਪਲਕਾਂ ਤੇ ਚੁੱਕਿਆ ਹੈ, ਉਸ ਨੇ ਬਾਬੇ ਦੇ ਦਿਮਾਗ ’ਚ ਸਿੱਖਾਂ ਬਾਰੇ ਅਕਸ ਨੂੰ ਸੁਧਾਰਨ ਦੀ ਥਾਂ, ਹੋਰ ਖ਼ਰਾਬ ਕਰ ਦਿੱਤਾ, ਉਸਨੇ ਸਿੱਖਾਂ ਨੂੰ ਮੂਰਖ ਮੰਨ ਕੇ, ਸਿੱਖਾਂ ਦੇ ਵਿਰੋਧ ਦੀ ਪ੍ਰਵਾਹ ਕਰਨੀ ਹੀ ਛੱਡ ਦਿੱਤੀ ਅਤੇ ਸਿੱਖਾਂ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾ ਸੋਚਣ ਦੀ ਲੋੜ ਸਮਝਣੀ ਵੀ ਛੱਡ ਦਿੱਤੀ। ਇਹੋ ਕਾਰਣ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਿਰੁੱਧ ਟਿੱਪਣੀ ਕਰਦਿਆਂ, ਉਸਨੂੰ ਪ੍ਰਧਾਨ ਮੰਤਰੀ ਦਾ ਸਿੱਖ ਹੋਣਾ ਤਾਂ ਦਿਖਾਈ ਦੇ ਗਿਆ, ਪ੍ਰੰਤੂ ਸਿੱਖਾਂ ਬਾਰੇ ਟਿੱਪਣੀ ਕਰਨ ਸਮੇਂ ਸਿੱਖ ਵਿਖਾਈ ਨਹੀਂ ਦਿੱਤੇ। ਪ੍ਰਧਾਨ ਮੰਤਰੀ ਨੂੰ ‘ਪ੍ਰਧਾਨ ਮੰਤਰੀ’ ਦੀ ਕੁਰਸੀ ਛੱਡ ਕੇ ਕਿਸੇ ਗੁਰਦੁਆਰੇ ’ਚ ਜਾ ਕੇ ਪਾਠ ਕਰਨ ਦੀ ਸਲਾਹ ਦੇਣ ਵਾਲਾ ਇਹ ‘ਸਾਧ’ ਭੁੱਲ ਗਿਆ ਕਿ ਉਹ ਦੇਸ਼ ਦੇ ਇਕ ਵਿਦਵਾਨ ਪ੍ਰਧਾਨ ਮੰਤਰੀ ਵਿਰੁੱਧ ਟਿੱਪਣੀ ਕਰ ਰਿਹਾ ਹੈ ਅਤੇ ਉਸਦੇ ‘ਧਰਮ’ ਨੂੰ ਟਿੱਪਣੀ ਦਾ ਆਧਾਰ ਬਣਾ ਰਿਹਾ ਹੈ।

ਪ੍ਰਧਾਨ ਮੰਤਰੀ ਦੀ ਕਾਰਜ ਪ੍ਰਣਾਲੀ ਬਾਰੇ ਟਿੱਪਣੀ ਕਰਨਾ, ਦੇਸ਼ ਦੇ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਪ੍ਰਧਾਨ ਮੰਤਰੀ ਦੀਆਂ ਕੰਮਜ਼ੋਰੀਆਂ ਜਾਂ ਗਲਤ ਨੀਤੀਆਂ ਦੀ ਆਲੋਚਨਾ ਵੀ ਹਰ ਨਾਗਰਿਕ ਦੇ ਅਧਿਕਾਰ ਖੇਤਰ ’ਚ ਹੈ। ਪ੍ਰੰਤੂ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨ ਸਮੇਂ ਉਸ ਦੇ ਧਰਮ ਨੂੰ ਨਿਸ਼ਾਨਾ ਬਣਾਉਣਾ, ਸੌੜੀ ਮਾਨਸਿਕਤਾ ਅਤੇ ਮਨਾਂ ’ਚ ਭਰੀ ਜ਼ਹਿਰੀਲੀ ਫਿਰਕੂ ਨਫ਼ਰਤ ਦਾ ਪ੍ਰਗਟਾਵਾ ਹੈ। ਬਾਬਾ ਰਾਮਦੇਵ ਜਿਸ ਦਾ ਖ਼ੁਦ ਦਾ ਕਿਰਦਾਰ, ਜਿਹੜਾ ਭਰੋਸੇਯੋਗ ਨਹੀਂ ਅਤੇ ਬਾਬੇ ਨੇ ਗਿਰਗਿਟ ਵਾਗੂੰ ਪਲ-ਪਲ ਰੰਗ ਬਦਲ ਕੇ ਆਪਣੀ ਭਰੋਸੇਯੋਗਤਾ ਦੇਸ਼ ਦੇ ਲੋਕਾਂ ’ਚ ਖਤਮ ਕਰ ਲਈ ਹੈ। ਅਜਿਹੇ ਵਿਅਕਤੀ ਵੱਲੋਂ ਪ੍ਰਧਾਨ ਮੰਤਰੀ ਤੇ ਚਿੱਕੜ ਸੁੱਟਣਾ ਅਤੇ ਦੇਸ਼ ਦੀ ਇਕ ਘੱਟਗਿਣਤੀ ਦੇ ਧਰਮ ਨੂੰ ਆਪਣਾ ਨਿਸ਼ਾਨਾ ਬਣਾਉਣਾ, ਦੇਸ਼ ਦੀ ਬਹੁਗਿਣਤੀ ਦੇ ਮਨਾਂ ’ਚ ਸਿੱਖਾਂ ਪ੍ਰਤੀ ਭਰੀ ਨਫ਼ਰਤ ਦਾ ਪ੍ਰਗਟਾਵਾ ਹੀ ਆਖਿਆ ਜਾ ਸਕੇਗਾ। ਬਾਬਾ ਰਾਮਦੇਵ ਦੀ ਗਲਤ ਸੋਚ ਤਦ ਹੀ ਠੀਕ ਹੋ ਸਕਦੀ ਸੀ, ਜੇ ਉਸਦੀ ਪੰਜਾਬ ਫ਼ੇਰੀ ਸਮੇਂ ਸਾਡੇ (ਅਖੌਤੀ) ਲੀਡਰ ਉਸਨੂੰ ਸਿੱਖਾਂ ਵਿਰੁੱਧ ਕੀਤੀਆਂ ਅਪਮਾਨਜਨਕ ਅਤੇ ਜ਼ਹਿਰੀਲੀਆਂ ਟਿੱਪਣੀਆਂ ਦਾ ਅਹਿਸਾਸ ਕਰਵਾਉਂਦੇ, ਜਿਸ ਨਾਲ ਜਾਂ ਤਾਂ ਬਾਬਾ ਆਪਣੀ ਗ਼ਲਤੀ ਦਾ ਅਹਿਸਾਸ ਕਰਕੇ ਉਸਤੋਂ ਤੋਬਾ ਕਰਦਾ ਜਾਂ ਫਿਰ ਉਸ ਨਾਲ ‘ਪੱਕੀ ਲਕੀਰ’ ਖਿੱਚ ਲਈ ਜਾਂਦੀ ਅਤੇ ਉਸਨੂੰ ਸਿੱਖ ਦੁਸ਼ਮਣ ਸ਼ਕਤੀਆਂ ਦਾ ‘ਹੱਥਠੋਕਾ’ ਕਰਾਰ ਦਿੱਤਾ ਜਾਂਦਾ।

ਅਸੀਂ ਵਾਰ-ਵਾਰ ਇਹ ਲਿਖਿਆ ਹੈ ਕਿ ਸਿੱਖ ਦੁਸ਼ਮਣ ਤਾਕਤਾਂ ਜਿਹੜੀਆਂ ਬੇਹੱਦ ਸ਼ੈਤਾਨ ਹਨ, ਉਨ੍ਹਾਂ ਵੱਲੋਂ ਸਿੱਖਾਂ ਨੂੰ ਮਾਨਸਿਕ ਰੂਪ ’ਚ ਕੰਮਜ਼ੋਰ ਕਰਨ ਅਤੇ ਪੰਜਾਬ ਨੂੰ ਆਰਥਿਕ ਰੂਪ ’ਚ ਤਬਾਹ ਕਰਨ ਲਈ ਡੂੰਘੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਹਨ, ਜਿਨ੍ਹਾਂ ਨੂੰ ਹੁਣ ਵੱਖ-ਵੱਖ ਘੱਟ ਤਰੀਕਿਆਂ ਰਾਹੀਂ ਸਿਰੇ ਚਾੜ੍ਹਿਆ ਜਾ ਰਿਹਾ ਹੈ। ਪੰਜਾਬ ’ਚ ਨਸ਼ਿਆਂ ਤੇ ਲੱਚਰਤਾ ਦੇ ਵਗਾਏ ਦਰਿਆ, ਪੰਜਾਬ ਦੇ ਕਿਸਾਨਾਂ ਤੋਂ ਮਹਿੰਗੀ ਕਰਕੇ ਖੋਹੀ ਜਾ ਰਹੀ ਜ਼ਮੀਨ, ਪੰਜਾਬ ’ਚੋਂ ਰੁਜ਼ਗਾਰ ਦੇ ਮੌਕੇ ਖ਼ਤਮ ਕਰਨਾ, ਪੰਜਾਬ ਦੇ ਵਿਦਿਅਕ ਢਾਂਚੇ ਨੂੰ ਤਹਿਸ-ਨਹਿਸ ਤੇ ਖੋਖਲਾ ਕਰਨਾ, ਸਿੱਖ ਇਤਿਹਾਸ ਨੂੰ ਵਿਗਾੜਨਾ, ਪੁਰਾਤਨ ਵਿਰਸੇ ਦੀਆਂ ਨਿਸ਼ਾਨੀਆਂ ਖ਼ਤਮ ਕਰਨੀਆਂ ਅਤੇ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਤੇ ਹਮਲਾ, ਸਾਰਾ ਕੁਝ ਇਸੇ ਸਾਜ਼ਿਸ ਦੀਆਂ ਕੜ੍ਹੀਆਂ ਹਨ, ਪ੍ਰੰਤੂ ਅਫ਼ਸੋਸ ਹੈ ਕਿ ਸਿੱਖ ਹਾਲੇਂ ਤੱਕ ‘ਭੋਲੇ’ ਬਣੇ ਬੈਠੇ ਹਨ, ਉਹ ਸ਼ੈਤਾਨ ਦੁਸ਼ਮਣ ਦੇ ਗੁੱਝੇ ਵਾਰਾਂ ਨੂੰ ਹਾਲੇਂ ਤੱਕ ਪਛਾਣ ਹੀ ਨਹੀਂ ਸਕੇ, ਫਿਰ ਬਚਾਅ ਕਰਨਾ ਤਾਂ ਦੂਰ ਦੀ ਗੱਲ ਹੋਣਾ ਹੀ ਸੀ। ਲੋੜ ਹੈ ਕਿ ਅਸੀਂ ਸਿੱਖ ਦੁਸ਼ਮਣ ਸ਼ਕਤੀਆਂ ਦੀ ਹਰ ਚਾਲ ਪਿੱਛੇ ਲੁੱਕੇ ਅਸਲੀ ਮੰਤਵ ਨੂੰ ਪਹਿਚਾਣੀਏ ਅਤੇ ਉਸਦਾ ਖ਼ੁਲਾਸਾ ਕਰਕੇ, ਕੌਮ ਨੂੰ ਸੁਚੇਤ ਕੀਤਾ ਜਾਵੇ। ਬਾਬਾ ਰਾਮਦੇਵ ਵਰਗੇ ਬਾਬਿਆਂ ਦੀ ਸਿੱਖਾਂ ਨਾਲ ਗਲਵੱਕੜੀ ਅਤੇ ਪਿੱਠ ਤੇ ਹੋ ਰਹੇ ਵਾਰ ਨੂੰ ਨੰਗਾ ਕਰਨਾ, ਹੁਣ ਬੇਹੱਦ ਜ਼ਰੂਰੀ ਹੈ। ਸਿੱਖ ਕੌਮ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਤੇ ਕਾਰਜਸ਼ੈਲੀ ਦੀ ਹਮਾਇਤੀ ਜਾਂ ਵਿਰੋਧੀ ਹੋ ਸਕਦੀ ਹੈ, ਪ੍ਰੰਤੂ ਜੇ ਪ੍ਰਧਾਨ ਮੰਤਰੀ ਦੇ ਸਿੱਖੀ ਸਰੂਪ ਨੂੰ ਲੈ ਕੇ, ਸਿੱਖ ਕੌਮ ਤੇ ਅਸਿੱਧਾ ਵਾਰ ਕੀਤਾ ਜਾਂਦਾ ਹੈ, ਉਸਦਾ ਸਮੁੱਚੀ ਕੌਮ ਨੂੰ ਮੂੰਹ ਤੋੜ੍ਹਵਾ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top