Share on Facebook

Main News Page

ਰਾਧਾ ਸਵਾਮੀਆਂ ਨੂੰ ਦਿੱਤੀ ਕਲੀਨ ਚਿੱਟ ’ਤੇ ਪੰਜਾਂ ਵਲੋਂ ਹੀ ਮੋਹਰ ਲਾਉਣ ਪਿੱਛੋਂ, ਗਿਆਨੀ ਗੁਰਬਚਨ ਸਿੰਘ ਦਾ ਬਾਈਕਾਟ ਕਰਨ ਵਾਲੀਆਂ ਜਥੇਬੰਦੀਆਂ ਹੁਣ ਬਾਕੀ ਜਥੇਦਾਰਾਂ ਦਾ ਕੀ ਕਰਨਗੀਆਂ?
-
ਕਿਰਪਾਲ ਸਿੰਘ ਬਠਿੰਡਾ 98554 80797

* ਗੁਰੂ ਸਾਹਿਬ ਜੀ! ਤੁਸੀਂ ਹੀ ਦੱਸੋ ਆਪ ਜੀ ਦੇ ਸੱਚੇ ਤਖ਼ਤ ’ਤੇ ਸਿਆਸਤਦਾਨਾਂ ਵੱਲੋਂ ਬੈਠਾਏ ਗਏ ਗੁਲਾਮ ਜ਼ਮੀਰ ਵਾਲੇ ਇਨ੍ਹਾਂ ਅਖੌਤੀ ਸਿੰਘ ਸਾਹਿਬਾਂ ਨੂੰ ‘ਤੀਨੇ ਓਜਾੜੇ ਕਾ ਬੰਧੁ’ ਦਾ ਹੀ ਹਿੱਸਾ ਸਮਝੀਏ ਜਾਂ ਇਨ੍ਹਾਂ ਲਈ ਤੁਸੀਂ ਕੋਈ ਹੋਰ ਤੁਕ ਉਚਾਰਣ ਕਰਨ ਦੀ ਕ੍ਰਿਪਾ ਕਰੋਗੇ?

ਪਿੰਡ ਵੜੈਚ ਦੇ ਗੁਰਦੁਆਰੇ ਨੂੰ ਢਹਿ ਢੇਰੀ ਕੀਤੇ ਜਾਣ ਦੇ ਉਠੇ ਵਿਵਾਦ ਨੂੰ ਸਤਾਧਾਰੀ ਅਕਾਲੀ ਦਲ ਦੀ ਹਦਾਇਤ ’ਤੇ ਠੰਡਾ ਕਰਨ ਲਈ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਰਾਧਾ ਸਵਾਮੀ ਡੇਰਾ ਬਿਆਸ ਨੂੰ ਕਲੀਨ ਚਿੱਟ ਦਿੱਤੇ ਜਾਣ ਅਤੇ ਉਨ੍ਹਾਂ ਦਾ ਵਿਰੋਧ ਕਰ ਰਹੇ ਸਿੱਖਾਂ ਨੂੰ ਸ਼ਰਾਰਤੀ ਅਨਸਰ ਕਹੇ ਜਾਣ ਤੋਂ ਖਫ਼ਾ ਹੋਈਆਂ ਪੰਥਕ ਜਥੇਬੰਦੀਆਂ ਨੇ ਅੰਮ੍ਰਿਤਸਰ ਵਿਖੇ 6 ਅਗਸਤ ਨੂੰ ਹੋਈ ਆਪਣੀ ਮੀਟਿੰਗ ਵਿੱਚ ਗਿਆਨੀ ਗੁਰਬਚਨ ਸਿੰਘ ਦੇ ਬਾਈਕਾਟ ਕਰਨ ਦਾ ਫੈਸਲਾ ਲੈ ਕੇ ਡੇਰੇ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਸੀ।

7 ਅਗਸਤ ਨੂੰ ਮੈਂ ਗਿਆਨੀ ਗੁਰਬਚਨ ਸਿੰਘ ਨੂੰ ਫ਼ੋਨ ਕਰਕੇ ਕਿਹਾ ਕਿ ਪੰਥਕ ਜਥੇਬੰਦੀਆਂ ਵੱਲੋਂ ਲਏ ਗਏ ਫੈਸਲੇ ਨੂੰ ਮੰਦਭਾਗਾ ਕਿਹਾ ਜਾ ਸਕਦਾ ਹੈ, ਪਰ ਜਰਾ ਸੋਚੋ ਇਸ ਮੰਦਭਾਗੇ ਫੈਸਲੇ ਲਈ ਤੁਸੀਂ ਅਤੇ ਧਰਮ ਨਾਲੋਂ ਸਿਆਸੀ ਹਿੱਤਾਂ ਨੂੰ ਪਹਿਲ ਦੇਣ ਵਾਲੀ ਸ਼੍ਰੋਮਣੀ ਕਮੇਟੀ ਤਾਂ ਜਿੰਮੇਵਾਰ ਨਹੀਂ? ਜਥੇਦਾਰ ਜੀ ਇਸ ਦਾ ਕੋਈ ਜਵਾਬ ਨਾ ਦੇ ਸਕੇ। ਉਨ੍ਹਾਂ ਦੀ ਖਾਮੋਸ਼ੀ ਨੂੰ ਤੋੜਨ ਲਈ ਉਨ੍ਹਾਂ ਨੂੰ ਸੁਝਾਉ ਦਿੱਤਾ ਕਿ ਇਸ ਸਮੇਂ ਤੁਹਾਡੇ ਲਈ ਆਤਮਿਕ ਤੌਰ ’ਤੇ ਖੁਦਕਸ਼ੀ ਕਰਨ ਜਾਂ ਸ਼ਹੀਦ ਹੋ ਜਾਣ ਵਿੱਚੋਂ ਇਕ ਦੀ ਚੋਣ ਕਰਨ ਦਾ ਸਮਾਂ ਹੈ। ਜੇ ਤੁਸੀਂ ਅਕਾਲ ਤਖ਼ਤ ਦੇ ਜਥੇਦਾਰ ਦੇ ਰੁਤਬੇ ਵਾਲਾ ਸਤਿਕਾਰ ਚਾਹੁੰਦੇ ਹੋ, ਤਾਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧੜੇ ਦੀ ਚਾਕਰੀ ਕਰਨੀ ਛੱਡ ਕੇ ਸਮੁੱਚੀ ਕੌਮ ਦੇ ਜਥੇਦਾਰ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਫੈਸਲੇ ਕਰੋ।

ਉਨ੍ਹਾਂ ਪੁੱਛਿਆ ਕਿ ਦੱਸੋ ਹੁਣ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਕਾਬਜ਼ ਧੜੇ ਦੇ ਸਿਆਸੀ ਹਿੱਤ ਪੂਰਨ ਲਈ ਸਿਧਾਂਤ ਤੇ ਕੌਮੀ ਹਿੱਤਾਂ ਦੀ ਗੱਲ ਕਰਨ ਵਾਲੇ ਸਿੱਖਾਂ ਦੀ ਆਵਾਜ਼ ਬੰਦ ਕਰਵਾਉਣ ਵਾਸਤੇ ਉਨ੍ਹਾਂ ਨੂੰ ਹੁਕਮਨਾਮਿਆਂ ਦੇ ਡਰਾਵੇ ਦੇਣੇ, ਤੇ ਸ਼ਰਾਰਤੀ ਅਨਸਰ ਕਹਿਣਾ ਉਸੇ ਤਰ੍ਹਾਂ ਦਾ ਹੀ ਗੁਨਾਂਹ ਹੈ ਜਿਸ ਤਰ੍ਹਾਂ ਭਾਰਤ ਦੀ ਅਜਾਦੀ ਪਿੱਛੋਂ ਕੇਂਦਰੀ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਲੋਕ ਦੱਸ ਕੇ ਉਨ੍ਹਾਂ ’ਤੇ ਕਰੜੀ ਨਿਗਾਹ ਰੱਖਣ ਦਾ ਸਰਕੂਲਰ ਜਾਰੀ ਕੀਤਾ ਸੀ। ਇਸ ਲਈ ਰਾਧਾ ਸਵਾਮੀਆਂ ਨੂੰ ਕਲੀਨ ਚਿੱਟ ਦਿੱਤੇ ਜਾਣ ਵਾਲੇ ਆਪਣੇ 29 ਜੁਲਾਈ ਵਾਲੇ ਆਦੇਸ਼ ਵਿੱਚ ਸੋਧ ਕੀਤੀ ਜਾਵੇ ਤੇ ਇਕੱਲੀ ਸ਼੍ਰੋਮਣੀ ਕਮੇਟੀ ਦੀ ਪੜਤਾਲੀਆ ਰੀਪੋਰਟ ਨੂੰ ਮਾਨਤਾ ਦੇਣ ਦੀ ਥਾਂ, ਇਸ ਦੇ ਨਾਲ ਪੰਥਕ ਜਥੇਬੰਦੀਆਂ ਵਲੋਂ ਤਿਆਰ ਕੀਤੀ ਪੜਤਾਲੀਆ ਰੀਪੋਰਟ ਦੋਵਾਂ ਨੂੰ ਹੀ ਬਰਾਬਰ ਰੱਖ ਕੇ ਸਚਾਈ ਲੱਭ ਕੇ ਕੌਮੀ ਮਾਨ ਸਨਮਾਨ ਵਾਲਾ ਫੈਸਲਾ ਕੀਤਾ ਜਾਵੇ। ਸਿੱਖ ਰਹਿਤ ਮਰਯਾਦਾ ਤੇ ਗੁਰਬਾਣੀ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਤੇ ਜਿਹੜਾ ਵੀ ਸਿੱਖ ਇਸ ਦੀ ਅਵੱਗਿਆ ਕਰਨ ਦਾ ਦੋਸ਼ੀ ਪਾਇਆ ਜਾਵੇ ਬੇਸ਼ੱਕ ਉਹ ਸਤਾਧਾਰੀ ਦਲ, ਸੰਤ ਸਮਾਜ, ਪੰਥਕ ਜਥੇਬੰਦੀਆਂ ਜਾਂ ਪ੍ਰਚਾਰਕਾਂ ਵਿੱਚੋਂ ਕਿੱਡੇ ਵੀ ਉਚੇ ਕੱਦ ਵਾਲਾ ਹੋਵੇ ਉਨ੍ਹਾਂ ’ਤੇ ਗੁਰਬਾਣੀ ਤੋਂ ਸੇਧ ਲੈ ਕੇ ਇਕਸਾਰ ਕਾਰਵਾਈ ਕੀਤੀ ਜਾਵੇ। ਜੇ ਕਰ ਤੁਸੀਂ ਐਸੇ ਗੁਰਮਤਿ ਅਨੁਸਾਰੀ ਸਾਰੇ ਹੁਕਮਨਾਮੇ ਲਾਗੂ ਕਰਵਾਉਣ ਵਿੱਚ ਸਫਲ ਹੋ ਗਏ ਤਾਂ ਸ਼ਰਤੀਆ ਤੁਹਾਨੂੰ ਅਕਾਲ ਤਖ਼ਤ ਦੇ ਜਥੇਦਾਰ ਵਾਲਾ ਸਤਿਕਾਰ ਮਿਲੇਗਾ। ਪਰ ਜੇ ਇਹ ਫੈਸਲੇ ਸਤਾਧਾਰੀ ਧੜੇ ਨੂੰ ਹਜ਼ਮ ਨਾ ਹੋਣ ਕਰਕੇ ਤੁਹਾਨੂੰ ਅਹੁੱਦੇ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਜਿੰਦਾ ਸ਼ਹੀਦ ਦਾ ਰੁਤਬਾ ਮਿਲ ਸਕਦਾ ਹੈ। ਨਹੀਂ ਤਾਂ ਤੁਸੀਂ ਆਪਣੀ ਆਤਮਿਕ ਮੌਤ ਲਈ ਖ਼ੁਦਕਸ਼ੀ ਕਰਨ ਦੇ ਰਾਹ ਤਾਂ ਪਏ ਹੀ ਹੋ ਤੇ ਤਿਲ ਤਿਲ ਕਰਕੇ ਹਰ ਰੋਜ ਹੀ ਮਰਦੇ ਰਹਿਣਾ ਹੈ। ਗਿਆਨੀ ਗੁਰਬਚਨ ਸਿੰਘ ਜੀ ਨੇ ੳਸ ਸਮੇਂ ਵਾਅਦਾ ਕੀਤਾ ਸੀ ਕਿ ਆਉਣ ਵਾਲੀ ਪੰਜਾਂ ਦੀ ਮੀਟਿੰਗ ਵਿੱਚ ਇਸ ’ਤੇ ਵੀਚਾਰ ਕੀਤੀ ਜਾਵੇਗੀ।

ਇਸ ਤੋਂ ਉਪ੍ਰੰਤ ਇੱਕ ਹੋਰ ਗੁਪਤ ਰਹਿਣ ਵਾਲਾ ਜਥੇਦਾਰ ਭਾਵ ਜੋ ਆਪਣੇ ਨਾਮ ’ਤੇ ਕੋਈ ਵੀ ਖ਼ਬਰ ਨਹੀਂ ਛਪਵਾਉਣੀ ਚਾਹੁੰਦੇ, ਨਾਲ ਗੱਲ ਬਾਤ ਹੋਈ। ਉਨ੍ਹਾਂ ਮੰਨਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਪੇਸ਼ ਕੀਤੀ ਪੜਤਾਲੀਆ ਰੀਪੋਰਟ ਨੂੰ ਪੰਜਾਂ ਦੀ ਮੀਟਿੰਗ ਵਿੱਚ ਵੀਚਾਰੇ ਜਾਣ ਤੋਂ ਬਿਨਾਂ ਹੀ ਗਿਆਨੀ ਗੁਰਬਚਨ ਸਿੰਘ ਵੱਲੋਂ ਆਪਣੇ ਤੌਰ ’ਤੇ ਇਕੱਲਿਆਂ ਹੀ ਹੂਬਹੂ ਸਹੀ ਮੰਨ ਕੇ ਰਾਧਾ ਸਵਾਮੀਆਂ ਨੂੰ ਕਲੀਨ ਚਿੱਟ ਦੇਣ ਦਾ ਫੈਸਲਾ ਬਹੁਤ ਹੀ ਗਲਤ ਹੈ। ਉਸ ਸਮੇਂ ਉਨ੍ਹਾਂ ਨੇ ਜਥੇਦਾਰ ਵੱਲੋਂ ਪੰਥਕ ਆਗੂਆਂ ਲਈ ‘ਸ਼ਰਾਰਤੀ’ ਸ਼ਬਦ ਦੀ ਕੀਤੀ ਗਈ ਵਰਤੋਂ ਨੂੰ ਵੀ ਗਲਤ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਜੇ ਪੰਜਾਂ ਵਿੱਚ ਵੀਚਾਰ ਹੁੰਦੀ ਤਾਂ ਫੈਸਲਾ ਹੋਰ ਹੋਣਾ ਸੀ। ਪਰ ਹੈਰਾਨੀ ਇਹ ਹੋਈ ਕਿ 15 ਅਗਸਤ ਨੂੰ ਹੋਈ ਪੰਜਾਂ ਦੀ ਮੀਟਿੰਗ ’ਚ ਉਸੇ ਸ਼੍ਰੋਮਣੀ ਕਮੇਟੀ ਦੀ ਰੀਪੋਰਟ ਨੂੰ ਸਹੀ ਮੰਨ ਕੇ ਦਿੱਤੀ ਗਈ ਕਲੀਨ ਚਿੱਟ ’ਤੇ ਪੰਜਾਂ ਨੇ ਹੀ ਮੋਹਰ ਲਗਾ ਦਿੱਤੀ। ਸਗੋ ਇਸ ਵਿੱਚ ਇਹ ਵਾਧਾ ਹੋਰ ਕਰ ਦਿੱਤਾ ਕਿ ਇਤਿਹਾਸਕ ਗੁਰੂਦੁਆਰਿਆਂ ਦੀਆਂ ਇਮਾਰਤਾˆ ਨੂੰ ਤਬਦੀਲ ਨਹੀ ਕੀਤਾ ਜਾ ਸਕਦਾ ਪਰ ਗੈਰ ਇਤਿਹਾਸਕ ਗੁਰਦੁਆਰਿਆਂ ਨੂੰ ਲੋੜ ਪੈਣ ਤੇ ਤਬਦੀਲ ਕੀਤਾ ਜਾ ਸਕਦਾ ਹੈ। ਇਹ ਵਾਧਾ ਨਿਰੋਲ ਰਾਧਾ ਸਵਾਮੀਆਂ ਨੂੰ ਕਲੀਨ ਚਿੱਟ ਦਿੱਤੇ ਜਾਣ ਨੂੰ ਜਾਇਜ਼ ਠਹਿਰਾਉਣ ਲਈ ਕੀਤਾ ਗਿਆ। ਇੱਕ ਤਬਦੀਲੀ ਜਿਹੜੀ ਹੋਰ ਕੀਤੀ ਗਈ, ਉਹ ਇਹ ਕਿ ਪੰਥਕ ਜਥੇਬੰਦੀਆਂ ਨੂੰ ਸ਼ਾਂਤ ਕਰਨ ਲਈ ਸ਼ਬਦ ‘ਸ਼ਰਾਰਤੀ’ ਦੀ ਥਾਂ ਗੁਰੂ ਪੰਥ ਦੀਆ ਸੰਸਥਾਵਾˆ ਨੂੰ ਢਾਹ ਲਾਉਣ ਵਾਲੀਆਂ ਪੰਥ ਵਿਰੋਧੀ ਸ਼ਕਤੀਆਂ ਤੋˆ ਸਿੱਖ ਜਥੇਬੰਦੀਆਂ ਨੂੰ ਆਪਣੇ ਆਪ ਨੂੰ ਨਿਖੇੜ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਆਪਣੇ ਨਿਆਰੇਪਨ ਤੇ ਪੰਥ ਪ੍ਰਸਤੀ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ, ਵਰਤ ਲਿਆ ਗਿਆ। ਇਹ ਸ਼ਬਦਾਵਲੀ ਬੜੇ ਹੀ ਪੋਲਿਸ਼ ਕੀਤੇ ਢੰਗ ਨਾਲ ਗੋਲਮੋਲ ਸ਼ਬਦਾਵਲੀ ਹੈ ਜਿਸ ਦੇ ਅਰਥ ਕਾਜ਼ੀ ਵਾਂਗ ਉਹ ਸਮੇਂ ਅਨੁਸਾਰ ਆਪਣੇ ਹੀ ਮਤਲਬ ਦੇ ਕੱਢ ਸਕਦੇ ਹਨ।

ਪਹਿਲੇ ਫੈਸਲੇ ’ਤੇ ਮੋਹਰ ਲਾੳਣ ਤੋਂ ਪਿੱਛੋਂ ਉਸ ਗੁਪਤ ਜਥੇਦਰ ਨੂੰ ਫਿਰ ਪੁੱਛਿਆ ਗਿਆ ਕਿ 7 ਤਰੀਕ ਨੂੰ ਤਾਂ ਤੁਸੀਂ ਇਸੇ ਫੈਸਲੇ ਨੂੰ ਗਲਤ ਮੰਨਦੇ ਸੀ 15 ਨੂੰ ਉਸੇ ਨੂੰ ਸਹੀ ਮੰਨ ਕੇ ਉਸ ’ਤੇ ਮੋਹਰ ਕਿਵੇਂ ਲਾ ਦਿੱਤੀ? ਉਨ੍ਹਾਂ ਕਿਹਾ ਜਦੋਂ ਅਸੀਂ ਰੀਪੋਰਟ ਪੜ੍ਹ ਕੇ ਵੇਖੀ ਤੇ ਵੀਚਾਰ ਕੀਤੀ ਤਾਂ ਉਨ੍ਹਾਂ ਨੂੰ ਜਥੇਦਾਰ ਵੱਲੋਂ ਕੀਤਾ ਫੈਸਲਾ ਬਿਲਕੁਲ ਹੀ ਠੀਕ ਲੱਗਾ। ਬੇਸ਼ੱਕ ਸ਼ਰਾਰਤੀ ਸ਼ਬਦ ਦੀ ਥਾਂ ਕਿਸੇ ਨੂੰ ਵੀ ਸਮਝ ਨਾ ਆਉਣ ਵਾਲਾ ਗੋਲ ਮੋਲ ਸ਼ਬਦ ਵਰਤ ਲਿਆ ਗਿਆ ਪਰ ਉਨ੍ਹਾਂ ਨੂੰ ਸ਼ਰਾਰਤੀ ਕਹੇ ਜਾਣ ਨੂੰ ਸਹੀ ਠਹਿਰਾਉਣ ਦੇ ਯਤਨ ’ਚ ਉਸ ਗੁਪਤ ਜਥੇਦਾਰ ਨੇ ਦੱਸਿਆ ਕਿ ਪਰਸੋਂ ਸੰਤ ਨਿਰਮਲ ਦਾਸ ਨੇ ਯੂਟਿਊਬ ਤੋਂ ਇੱਕ ਸੀਡੀ ਵਿਖਾਉਂਦਿਆਂ ਕਿਹਾ ਕਿ ਤੁਸੀਂ ਸਾਨੂੰ ਕਹਿੰਦੇ ਹੋ ਕੇ ਆਪਣੇ ਡੇਰਿਆਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁਕਵਾ ਕੇ ਰਵਿਦਾਸੀਆਂ ਦਾ ਗ੍ਰੰਥ ਕਿਉਂ ਰੱਖਿਆ ਹੈ? ਆਹ ਵੇਖੋ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵਾਲੇ ਨੂੰ ਸਤਿਕਾਰ ਕਮੇਟੀ ਵਾਲੇ ਇਹ ਅਣਮਨੁਖੀ ਸਜਾ ਦੇ ਰਹੇ ਹਨ ਤਾਂ ਅਸੀ ਤੁਹਾਥੋਂ ਇਹ ਹਾਲ ਜਰੂਰ ਕਰਵਾਉਣਾ ਹੈ। ਉਸ ਗੁਪਤ ਜਥੇਦਾਰ ਨੇ ਕਿਹਾ ਮੇਰਾ ਤਾਂ ਉਹ ਸੀਡੀ ਵੇਖ ਕੇ ਰੋਣ ਨਿਕਲ ਆਇਆ ਕਿ ਕਿਸ ਤਰ੍ਹਾਂ ਇੱਕ ਅਖੰਡ ਪਾਠੀ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ ਤੇ ਉਹ ਵੀਚਾਰਾ ਚੀਕਾਂ ਮਾਰ ਰਿਹਾ ਹੈ। ਇਸ ਤਰ੍ਹਾਂ ਕਿਸੇ ਵਿਅਕਤੀ ਨੂੰ ਕੁੱਟਣਾ ਤਾਂ ਗੈਰ ਮਨੁੱਖੀ ਹੈ ਤੇ ਮਨੁੱਖੀ ਅਧਿਕਾਰਾਂ ’ਤੇ ਹਮਲਾ ਹੈ। ਅਸੀਂ ਸੋਚਿਆ ਕਿ ਮਰਿਆਦਾ ਤੇ ਸਤਿਕਾਰ ਦੇ ਨਾਮ ’ਤੇ ਲੋਕਾਂ ’ਤੇ ਜੋ ਇਹ ਜ਼ੁਲਮ ਢਾਹ ਰਹੇ ਹਨ ਇਸ ਕਾਰਣ ਤਾਂ ਸਿੱਖੀ ਦੇ ਅੰਗ ਇਹ ਡੇਰੇ ਸਿੱਖੀ ਤੋਂ ਦੂਰ ਜਾ ਰਹੇ ਹਨ। ਉਨ੍ਹਾਂ ਪੁੱਛਿਆ ਦੱਸੋ ਇਹ ਪੰਥ ਸੇਵਕ ਹਨ ਜਾਂ ਪੰਥ ਦੋਖੀ?

ਜਥੇਦਾਰਾਂ ਦੇ ਇਸ ਤਰ੍ਹਾਂ ਦੇ ਫੈਸਲੇ ਵੇਖ ਸੁਣ ਕੇ ਪੈਪਸੂ ਦੇ ਸਮੇਂ ਚੌਥੀ ਜਾਂ ਪੰਜਵੀਂ ਕਲਾਸ ਦੀ ਪੰਜਾਬੀ ਦੀ ਕਿਤਾਬ ’ਚ ਕਾਜ਼ੀ ਦੇ ਫੈਸਲਿਆਂ ’ਤੇ ਵਿਅੰਗ ਕਰਦੀ ਇੱਕ ਕਵਿਤਾ ਯਾਦ ਆ ਗਈ। ਜਿਸ ਅਨੁਸਾਰ ਕਾਜ਼ੀ ਤੇ ਤੇਲੀ ਦੇ ਬਲਦ ਆਪਸ ਵਿੱਚ ਭਿੜ ਪਏ। ਕਾਜ਼ੀ ਦਾ ਬਲਦ ਬੁੱਢਾ ਤੇ ਸਿਹਤ ਪੱਖੋਂ ਕਮਜੋਰ ਸੀ ਜਦੋਂ ਕਿ ਤੇਲੀ ਦਾ ਬਲਦ ਹੱਟਾ ਕੱਟਾ ਸੀ। ਉਸ ਨੇ ਕਾਜ਼ੀ ਦੇ ਬਲਦ ਦੇ ਐਸੀ ਜੋਰਦਾਰ ਟੱਕਰ ਮਾਰੀ ਕਿ ਉਹ ਥਾਂਏ ਹੀ ਮਰ ਗਿਆ। ਉਸ ਸਮੇਂ ਕਾਜ਼ੀਆਂ ਦਾ ਦਬਦਬਾ ਹੁੰਦਾ ਸੀ ਇਸ ਲਈ ਤੇਲੀ ਆਪਣਾ ਸਪਸ਼ਟੀਕਰਣ ਦੇਣ ਲਈ ਕਾਜ਼ੀ ਕੋਲ ਜਾ ਕੇ ਕਹਿਣ ਲੱਗਾ, ਕਾਜ਼ੀ ਜੀ ਜੇ ਦੋ ਬਲਦ ਆਪਸ ’ਚ ਭਿੜ ਪੈਣ ’ਤੇ ਤਕੜਾ ਬਲਦ ਮਾੜੇ ਨੂੰ ਮਾਰ ਦੇਵੇ ਤਾਂ ਸ਼ਰਾ ਅਨੁਸਾਰ ਉਸ ਦੀ ਸਜਾ ਕਿਸ ਨੂੰ ਤੇ ਕਿਤਨੀ ਦਿੱਤੀ ਜਾ ਸਕਦੀ ਹੈ। ਕਾਜ਼ੀ ਬੋਲਿਆ ਬਲਦ ਬੇਸਮਝ ਪਸ਼ੂ ਹਨ ਜੇ ਉਨ੍ਹਾਂ ਵਿੱਚੋਂ ਲੜਦਿਆਂ ਇੱਕ ਦੀ ਮੌਤ ਹੋ ਜਾਵੇ ਤਾਂ ਉਸ ਦੀ ਕੀ ਸਜਾ ਹੋਣੀ ਹੈ। ਤੇਲੀ ਅੰਦਰੋਂ ਖੁਸ਼ ਹੋਇਆ ਤੇ ਕਹਿਣ ਲੱਗਾ ਫਿਰ ਮੇਰੇ ਬਲਦ ਨਾਲ ਲੜਦੇ ਤੇਰੇ ਬਲਦ ਦੀ ਮੌਤ ਹੋ ਗਈ ਹੈ। ਇਸ ਸੁਣ ਕਿ ਕਾਜ਼ੀ ਬੋਲ ਉਠਿਆ ਕਿ ਫਿਰ ਲਾਲ ਕਿਤਾਬ ਵੇਖ ਲੈਂਦੇ ਹਾਂ ਕਿ ਇਸ ਦਾ ਕੀ ਇਨਸਾਫ ਹੈ। ਕਾਜ਼ੀ ਨੇ ਲਾਲ ਕਿਤਾਬ ਮੰਗਵਾਈ ਤੇ ਇੱਕ ਦੋ ਪੱਤਰੇ ਫੋਲ ਕੇ ਕਹਿਣ ਲੱਗਾ:

ਲਿਆਓ ਨਾ ਇੱਥੋਂ ਲਾਲ ਕਿਤਾਬ। ਅਸਾਂ ਵੇਖੀਏ ਇਸ ਦਾ ਹਿਸਾਬ।
ਲਾਲ ਕਿਆਬ ਕਹਿੰਦੀ ਇਉਂ। ਤੇਲੀ ਬਲਦ ਲੜਾਇਆ ਕਿਉਂ?
ਖ਼ਲ ਖੁਆਏ ਕੀਆ ਮਸਤੰਡ। ਬੈਲ ਕਾ ਬੈਲ, ਪੰਚਾਸ ਰੁਪਈਏ ਦੰਡ।

ਬੱਸ ਇਸੇ ਤਰ੍ਹਾਂ ਦੇ ਫੈਸਲੇ ਇਨ੍ਹਾਂ ਜਥੇਦਾਰਾਂ ਦੇ ਹਨ। ਕਿਹੜੀਆਂ ਜਥੇਬੰਦੀਆਂ ਤੋˆ ਸੁਚੇਤ ਰਹਿਣਾ ਹੈ, ਆਪਣੇ ਹੁਕਮਨਾਮੇ ’ਚ ਉਹਨਾˆ ਦਾ ਕਿਸੇ ਦਾ ਵੀ ਨਾਮ ਨਹੀ ਲਿਆ ਗਿਆ। ਪੁੱਛੇ ਜਾਣ ਅਤੇ ਫੈਸਲੇ ਸੁਣਾਉਣ ਸਮੇਂ ਉਸ ਦੇ ਅਰਥ ਬਾਦਲ ਨੂੰ ਫਿੱਟ ਬੈਠਦੇ ਆਪੇ ਹੀ ਕੱਢ ਲੈਣਗੇ।

ਉਸ ਜਥੇਦਾਰ ਨੂੰ ਚੇਤਾ ਕਰਵਾਇਆ ਕਿ ਕਦੀ ਤਾਂ ਤੁਸੀਂ ਇਸੇ ਸਤਿਕਾਰ ਕਮੇਟੀ ਨੂੰ ਅਕਾਲ ਤਖ਼ਤ ’ਤੇ ਸਨਮਾਨਤ ਕਰਦੇ ਹੋਏ ਕਹਿੰਦੇ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣ ਦੀ ਵੱਡੀ ਸੇਵਾ ਕਰ ਰਹੇ ਹਨ। ਪਰ ਅੱਜ ਤੁਸੀਂ ਉਨ੍ਹਾਂ ਨੂੰ ਸ਼ਰਾਰਤੀ ਕਹਿਣਾ ਹੈ ਤਾਂ ਯੂ ਟਿਊਬ ’ਤੇ ਤਕਰੀਬਨ ਸਵਾ ਸਾਲ ਪਹਿਲਾਂ ਪਾਈ ਗਈ ਵੀਡੀਓ ਦਾ ਹਵਾਲਾ ਦੇ ਰਹੇ ਹੋ। ਤੁਸੀਂ ਇਹ ਵੀਡੀਓ ਪਹਿਲਾਂ ਵੇਖ ਕੇ ਅਵਾਜ਼ ਕਿਉਂ ਨਹੀਂ ਉਠਾਈ? ਜਥੇਦਾਰ ਜੀ ਕਹਿਣ ਲੱਗੇ ਮੈਨੂੰ ਤਾਂ ਹੁਣੇ ਹੀ ਨਿਰਮਲ ਦਾਸ ਬਾਬੇ ਨੇ ਵਿਖਾਈ ਹੈ, ਪਹਿਲਾਂ ਤਾਂ ਮੈਂ ਇਸ ਸਬੰਧੀ ਕਦੀ ਸੁਣਿਆ ਹੀ ਨਹੀਂ ਸੀ। ਇਸ ਦੇ ਨਾਲ ਹੀ ਉਹ ਗੁਪਤ ਜਥੇਦਾਰ ਜੀ ਕਹਿਣ ਲੱਗੇ ਨਾਲੇ ਇਹ ਜਥੇਬੰਦੀਆਂ ਤਾਂ ਸਿਰਫ ਬਾਦਲ ਨੂੰ ਨਿੰਦਣ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਕਰਦੀਆਂ। ਬਾਦਲ ਨੇ ਜਿਹੜੇ ਚੰਗੇ ਕੰਮ ਕੀਤੇ ਹਨ ਜਿਵੇਂ ਕਿ ਵਿਰਾਸਤ-ਏ-ਖ਼ਾਲਸਾ, ਕੁੱਪ ਰਹੀੜਾ ਤੇ ਛੰਭ ਦੇ ਘਲੂਘਾਰੇ ਦੀਆਂ ਯਾਦਗਾਰਾਂ ਬਣਾਉਣੀਆਂ ਉਨ੍ਹਾਂ ਦਾ ਕੋਈ ਨਾਮ ਹੀ ਨਹੀਂ ਲੈਂਦਾ।

ਦੱਸੋ! ਹੋਰ ਕਿਸੇ ਨੇ ਬਣਾਈਆਂ ਇਹ ਯਾਦਗਾਰਾਂ? ਕਿਹਾ ਗਿਆ ਕਿ ਜਥੇਦਾਰ ਸਾਹਿਬ ਠੀਕ ਹੈ ਇਹ ਯਾਦਗਾਰਾਂ ਬਣਾ ਕੇ ਚੰਗਾ ਕੰਮ ਕੀਤਾ ਪਰ ਇਹ ਤਾਂ ਸਿਆਸੀ ਲਾਹੇ ਵਾਸਤੇ ਕੀਤੀਆਂ ਹਨ। ਇਸ ਤਰ੍ਹਾਂ ਤਾਂ ਗਿਆਨੀ ਜ਼ੈਲ ਸਿੰਘ ਨੇ ਵੀ ਗੁਰੂ ਗੋਬਿੰਦ ਸਿੰਘ ਮਾਰਗ ਅਤੇ ਅਮਰਿੰਦਰ ਸਿੰਘ ਨੇ ਮੁਕਤਸਰ ਵਿਖੇ ‘ਮੀਨਾਰ-ਏ-ਮੁਕਤਾ’ ਤੇ ਪੁਰਾਤਨ ਸਿੰਘ ਸਿੰਘਣੀਆਂ ਦੇ ਨਾਮ 4 ਯਾਦਗਾਰੀ ਗੇਟ ਬਣਵਾਏ ਸਨ। ਚਮਕੌਰ ਸਾਹਿਬ ਵਿਖੇ ਸਾਕਾ ਚਮਕੌਰ ਦੀ ਯਾਦਗਾਰ ਬਣਾਉਣੀ ਸ਼ੁਰੂ ਕੀਤੀ ਸੀ ਜਿਹੜੀ ਕਿ ਉਸ ਦੀ ਸਰਕਾਰ ਬਦਲਨ ਕਾਰਣ ਅੱਜ ਤੱਕ ਅਧੂਰੀ ਹੀ ਖੜ੍ਹੀ ਹੈ। ਮੁਗਲਾਂ ਦੇ ਸਮੇਂ ਦੇ ਘਲੂਘਾਰਿਆਂ ਦੀਆਂ ਯਾਦਗਾਰਾਂ ਬਣਾਉਣ ਵਾਲੇ ਬਾਦਲ ਸਹਿਬ 1984 ਦੇ ਘਲੂਘਾਰੇ ਦੀ ਬਣ ਰਹੀ ਯਾਦਗਾਰ ਤੋਂ ਮੁਨਕਰ ਹੋ ਕੇ ਕਹਿ ਰਿਹਾ ਹੈ ਕਿ ਇੱਥੇ ਕੋਈ ਯਾਦਗਾਰ ਨਹੀਂ ਬਲਕਿ ਇੱਕ ਗੁਰਦੁਆਰਾ ਬਣ ਰਿਹਾ ਹੈ। ਕਾਰਣ ਇਹ ਹੈ ਕਿ ਇਸ ਯਾਦਗਾਰ ਦਾ ਉਸ ਦੀ ਭਾਈਵਾਲ ਭਾਜਪਾ ਵਿਰੋਧ ਕਰ ਰਹੀ ਹੈ। ਸੋ ਤਾਜੇ ਜੁਲਮਾਂ ਦੀ ਯਾਦਗਾਰ ਨੂੰ ਗੁਰਦੁਆਰੇ ’ਚ ਬਦਲਣਾ ਕੀ ਉਸ ਦੀ ਕਾਇਰਤਾ ਤੇ ਸਿੱਖੀ ਸਿਧਾਂਤਾਂ ਨੂੰ ਪਿੱਠ ਦੇਣਾ ਨਹੀਂ? ਵੋਟਾਂ ਦੀ ਖਾਤਰ ਡੇਰਾਵਾਦ ਨੂੰ ਵਡਾਵਾ ਦੇਣਾ, ਭਾਈਵਾਲ ਭਾਜਪਾ ਨੂੰ ਖੁਸ਼ ਕਰਨ ਲਈ ਬੁੱਤ ਪੂਜਾ, ਸ਼ਿਵਲਿੰਗ ਪੂਜਾ ਅਤੇ ਹਵਨ ਜਗਰਾਤੇ ਕਰਵਾ ਕੇ ਗੁਰਮਤਿ ਵਿਰੋਧੀ ਕੰਮ ਕਰਨੇ, ਕੀ ਇਹ ਸਿੱਖੀ ਨੂੰ ਖੋਰਾ ਲਾਉਣ ਵਾਲੇ ਨਹੀਂ ਹਨ? ਇਨ੍ਹਾਂ ਦੇ ਜਵਾਬ ਦੇਣ ਦੀ ਵਜਾਏ ਜਥੇਦਾਰ ਜੀ ਨੇ ਬਿਲਕੁਲ ਚੁੱਪ ਵੱਟ ਲਈ। ਫਿਰ ਪੁੱਛਿਆ ਗਿਆ ਕਿ ਅੱਜ ਸਤਿਕਾਰ ਕਮੇਟੀ ਵੱਲੋਂ ਇੱਕ ਪਾਠੀ ਨੂੰ ਕੁੱਟੇ ਜਾਣ ਨੂੰ ਤਾਂ ਤੁਸੀਂ ਅਣਮਨੁਖੀ ਤੇ ਗੁਰਮਤਿ ਵਿਰੋਧੀ ਦੱਸ ਰਹੇ ਹੋ ਪਰ ਜਿਸ ਸਮੇਂ ਪ੍ਰੋ: ਦਰਸ਼ਨ ਸਿੰਘ ਜੀ ’ਤੇ ਆਸਨ ਸੋਲ ਵਿਖੇ ਦਸਮ ਗ੍ਰੰਥੀਆਂ ਨੇ ਹਮਲਾ ਕੀਤਾ ਸੀ ਤਾਂ ਦੋ ਜਥੇਦਰ ਉਨ੍ਹਾਂ ਨੂੰ ਗੁਰੂ ਦਾ ਸਤਿਕਾਰ ਕਰਨ ਵਾਲੇ ਅਸਲੀ ਸਿੰਘ ਸੂਰਮੇ ਦੱਸ ਰਹੇ ਸਨ ਤਾਂ ਤੁਹਾਨੂੰ ਉਸ ਸਮੇਂ ਕਿਉਂ ਨਹੀ ਮਹਿਸੂਸ ਹੋਇਆ ਕਿ ਇਹ ਅਣਨਮਨੁੱਖੀ ਤੇ ਗੁਰਮਤਿ ਵਿਰੋਧੀ ਕਰਮ ਹੈ। ਪ੍ਰੋ: ਦਰਸ਼ਨ ਸਿੰਘ ’ਤੇ ਹੋਏ ਹਮਲੇ ਸਬੰਧੀ ਅਣਜਾਣਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਤਾਂ ਉਨ੍ਹਾਂ ’ਤੇ ਹਮਲੇ ਦੀ ਕੋਈ ਖ਼ਬਰ ਸੁਣੀ ਹੀ ਨਹੀਂ।

ਫਿਰ ਗੱਲ ਤੋਰਦੇ ਹੋਏ ਉਨ੍ਹਾਂ ਕਿਹਾ ਅਸੀਂ ਤਾਂ ਪੰਥਕ ਜਥੇਬੰਦੀਆਂ ਨੂੰ ਹੁਣ ਵੀ ਕਹਿੰਦੇ ਹਾਂ ਕਿ ਜੇ ਉਨ੍ਹਾਂ ਦਾ ਕੋਈ ਰੋਸ ਹੈ ਤਾਂ ਉਹ ਅਕਾਲ ਤਖ਼ਤ ਦੇ ਜਥੇਦਾਰ ਦਾ ਬਾਈਕਾਟ ਨਾ ਕਰਨ ਬਲਕਿ ਅਕਾਲ ਤਖ਼ਤ ’ਤੇ ਆ ਕੇ ਗੱਲ ਕਰਨ ਅਸੀਂ ਉਨ੍ਹਾਂ ਦੀ ਗੱਲ ਸੁਣਾਂਗੇ। ਉਨ੍ਹਾਂ ਨੂੰ ਚੇਤਾ ਕਰਵਾਇਆ ਗਿਆ ਕਿ ਇਹ ਜਥੇਬੰਦੀਆਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਸਮੇਂ ’ਤੇ ਲਗਾਤਾਰ 40 ਦਿਨ ਅਕਾਲ ਤਖ਼ਤ ’ਤੇ ਮੈਮੋਰੰਡਮ ਦੇਣ ਜਾਂਦੇ ਰਹੇ ਸਨ। ਵੇਦਾਂਤੀ ਜੀ ਇੱਕ ਵੀ ਦਿਨ ਮੈਮੋਰੰਡਮ ਲੈਣ ਵਾਸਤੇ ਉਥੇ ਨਹੀਂ ਪਹੁੰਚੇ ਤੇ ਉਨ੍ਹਾਂ ਦਾ ਸੇਵਾਦਾਰ ਹੀ ਫੜ ਕੇ ਰੱਖਦਾ ਰਿਹਾ ਹੈ, ਜਿਹੜੇ ਕਿ ਸਾਰੇ ਦੇ ਸਾਰੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੇ ਗਏ ਅਤੇ ਅੱਜ ਤੱਕ ਨਾ ਉਨ੍ਹਾਂ ਦੀ ਪਹੁੰਚ ਰਸੀਦ ਤੇ ਨਾ ਹੀ ਕੀਤੀ ਗਈ ਕਾਰਵਾਈ ਦੀ ਕੋਈ ਜਾਣਕਾਰੀ ਦਿੱਤੀ ਗਈ ਹੈ। ਭਾਈ ਬਲਦੇਵ ਸਿੰਘ ਸਿਰਸਾ ਤੁਹਾਡੀਆਂ ਤਕਰੀਬਨ ਹਰ ਮੀਟਿੰਗਾਂ ਵਿੱਚ ਕੋਈ ਨਾ ਕੋਈ ਮਸਲਾ ਲੈ ਕੇ ਜਾਂਦੇ ਰਹੇ ਹਨ। ਇਕ ਵਾਰ ਉਨ੍ਹਾਂ ਦੀ ਗਿਆਨੀ ਗੁਰਬਚਨ ਸਿੰਘ ਕੋਲ ਸਿਰਸਾ ਸਾਧ ਵਿਰੁਧ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਨ, ਜਾਂ ਜੇ ਉਹ ਲਾਗੂ ਨਹੀਂ ਕਰਵਾ ਸਕਦੇ ਤਾਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਤਾ ਕਿ ਅਕਾਲ ਤਖ਼ਤ ਨੂੰ ਸਮ੍ਰਪਤ ਸਿੱਖ ਹੁਕਮਨਾਮਾ ਲਾਗੂ ਕਰਵਾਉਣ ਦੇ ਨਾਮ ’ਤੇ ਮੁਸ਼ਕਲਾਂ ’ਚ ਨਾ ਘਿਰਨ। ਉਸ ਸਮੇਂ ਉਨ੍ਹਾਂ ਦੀ ਇੱਕ ਸ਼ਿਕਾਇਤ ਨਾਮਧਾਰੀਆਂ ਸਬੰਧੀ ਵੀ ਸੀ, ਜਿਸ ਦੀ ਵੀਡੀਓ ਵੀ ਯੂਟਿਊਬ ’ਤੇ ਪਈ ਹੈ। ਉਸ ਵੀਡੀਓ ਵਿੱਚ ਜਥੇਦਾਰ ਨੇ ਭਾਈ ਸਿਰਸਾ ਨੂੰ ਭਰੋਸਾ ਵੀ ਦਿਵਾਇਆ ਸੀ ਕਿ ਇਸ ’ਤੇ ਕਾਰਵਾਈ ਕੀਤੀ ਜਾਵੇਗੀ ਪਰ ਇਸ ਦੇ ਬਾਵਯੂਦ ਅੱਜ ਤੱਕ ਉਨ੍ਹਾਂ ਦੀ ਕਿਸੇ ਵੀ ਸ਼ਿਕਾਇਤ ਜਾਂ ਮਸਲੇ ਦਾ ਨਿਪਟਾਰਾ ਤੁਸੀਂ ਨਹੀਂ ਕੀਤਾ। ਤਾਂ ਹੁਣ ਤੁਹਾਥੋਂ ਕੀ ਉਮੀਦ ਰੱਖੀ ਜਾ ਸਕਦੀ ਹੈ ਕਿ ਤੁਸੀ ਉਨ੍ਹਾਂ ਦੀ ਗੱਲ ਸੁਣੋਗੇ? ਗੁਪਤ ਜਥੇਦਾਰ ਜੀ ਇਸ ਤੋਂ ਬਿਲਕੁਲ ਹੀ ਮੁਨਕਰ ਹੋ ਗਏ ਤੇ ਕਿਹਾ ਉਨ੍ਹਾਂ ਨੂੰ ਤਾਂ ਪਤਾ ਹੀ ਨਹੀਂ ਕਿ ਕਿਹੜੇ ਸਮੇਂ ’ਚ 40 ਦਿਨ ਜਥੇਬੰਦੀਆਂ ਵਾਲੇ ਮੈਮੋਰੰਡਮ ਦਿੰਦੇ ਰਹੇ ਸਨ ਤੇ ਕਦੋਂ ਭਾਈ ਸਿਰਸਾ ਨੇ ਕੋਈ ਮਸਲਾ ਉਠਾਇਆ ਸੀ। ਉਸ ਜਥੇਦਾਰ ਜੀ ਦੇ ਜਵਾਬਾਂ ਤੋਂ ਮਾਲੂਮ ਹੁੰਦਾ ਹੈ ਕਿ ਉਨ੍ਹਾਂ ਦੀ ਹਾਲਤ ‘ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥’ {ਗਉੜੀ ਕੀ ਵਾਰ 1 (ਮ: 3) ਗੁਰੂ ਗ੍ਰੰਥ ਸਾਹਿਬ - ਪੰਨਾ 313} ਵਾਲੀ ਬਣੀ ਪਈ ਹੈ। ਜਿਹੜਾ ਸੱਚ ਉਹ ਵੇਖਣਾ/ਸੁਣਨਾ ਨਹੀ ਚਾਹੁੰਦੇ ਉਸ ਨੂੰ ਕੋਈ ਲੱਖ ਯਤਨ ਕਰਕੇ ਵੀ ਵਿਖਾ ਜਾਂ ਸੁਣਾ ਨਹੀਂ ਸਕਦਾ।

ਇਸ ਸਥਿਤੀ ’ਚ ਗਿਆਨੀ ਗੁਰਬਚਨ ਸਿੰਘ ਦਾ ਬਾਈਕਾਟ ਕਰਨ ਵਾਲੀਆਂ ਜਥੇਬੰਦੀਆਂ ਲਈ ਸੋਚਣ ਦੀ ਘੜੀ ਹੈ ਕਿ ਜਿੰਨ੍ਹਾਂ ਜਥੇਦਾਰਾਂ ਨੇ ਗਿਆਨੀ ਗੁਰਬਚਨ ਸਿੰਘ ਵਾਲੇ ਹੁਕਮਨਾਮੇ ’ਤੇ ਮੋਹਰ ਲਾ ਦਿੱਤੀ ਹੈ ਤੇ ਉਨ੍ਹਾਂ ਦਾ ਕਿਰਦਾਰ ਵੀ ਕਿਸੇ ਪੱਖੋਂ ਜਥੇਦਾਰੀ ਦੇ ਯੋਗ ਨਹੀਂ ਤਾਂ ਹੁਣ ਉਨ੍ਹਾਂ ਜਥੇਦਾਰਾਂ ਦਾ ਕੀ ਕਰਨਗੀਆਂ ਜਾਂ ਉਨ੍ਹਾਂ ਲਈ ਵਰਤੇ ਗਏ ਸ਼ਬਦ ‘ਸ਼ਰਾਰਤੀ’ ਦੀ ਥਾਂ ਗੋਲਮੋਲ ਸ਼ਬਦ ਵਰਤਣ ਨਾਲ ਹੀ ਉਨ੍ਹਾਂ ਦਾ ਗੁੱਸਾ ਠੰਡਾ ਹੋ ਜਾਵੇਗਾ ਤੇ ਪੰਜ ਸਿੰਘ ਸਾਹਿਬਾਨ ਦੇ ਨਾਮ ’ਤੇ ਇਨ੍ਹਾਂ ਨੂੰ ਪ੍ਰਵਾਨ ਕਰ ਲੈਣਗੇ?

ਗੁਰੂ ਸਾਹਿਬ ਜੀ! ਤੁਸੀਂ ਹੀ ਦੱਸੋ ਆਪ ਜੀ ਦੇ ਸੱਚੇ ਤਖ਼ਤ ’ਤੇ ਸਿਆਸਤਦਾਨਾਂ ਵੱਲੋਂ ਬੈਠਾਏ ਗਏ ਗੁਲਾਮ ਜ਼ਮੀਰ ਵਾਲੇ ਇਨ੍ਹਾਂ ਅਖੌਤੀ ਸਿੰਘ ਸਾਹਿਬਾਂ ਨੂੰ ‘ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥’ (ਧਨਾਸਰੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 662) ਦਾ ਹੀ ਹਿੱਸਾ ਸਮਝੀਏ ਜਾਂ ਇਨ੍ਹਾਂ ਲਈ ਤੁਸੀਂ ਕੋਈ ਹੋਰ ਤੁਕ ਉਚਾਰਣ ਕਰਨ ਦੀ ਕ੍ਰਿਪਾ ਕਰੋਗੇ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top