Share on Facebook

Main News Page

ਨਸਲਵਾਦੀ ਵਰਤਾਰਾ ਤੇ ਸਿੱਖ ਧਰਮ
-
ਪਰਪੀਤ ਬਰਾੜ  94177-00022
perpeetbrar@ymail.com

ਦੁਨੀਆਂ ਨੇ ਵਿਗਿਆਨ ਦੀਆਂ ਖੋਜਾਂ ਸਦਕੇ ਭਾਵੇਂ ਬਹੁਤ ਹੀ ਤਰੱਕੀ ਕਰ ਲਈ ਹੈ, ਚੰਦਰਮਾ ਅਤੇ ਮੰਗਲ ਗ੍ਰਹਿ ਤੱਕ ਇਨਸਾਨ ਜਾ ਪੁੱਜਾ ਹੈ, ਹਰ ਵਰਤੋਂ ਦੀ ਵਸਤੂ, ਖਾਣ-ਪਹਿਨਣ ਅਤੇ ਐਸ਼ਪ੍ਰਸਤੀ ਦੀ ਇੱਕ ਤੋਂ ਇੱਕ ਖੋਜ ਕਰਕੇ ਜੀਵਨ ਦਾ, ਰਹਿਣ-ਸਹਿਣ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਗਿਆ ਹੈ, ਪਰ ਇੱਕ ਚੀਜ਼ ਜਿਸ ਦੀ ਜਕੜ ਹਰ ਦੇਸ਼ ਅਤੇ ਸਮਾਜ 'ਤੇ ਭਾਰੂ ਹੈ, ਉਹ ਹੈ 'ਜਾਤੀਵਾਦ' ਅਤੇ 'ਨਸਲਵਾਦ', ਇਸ ਬਿਮਾਰੀ ਤੋਂ ਕੋਈ ਵੀ ਦੇਸ਼ ਜਾਂ ਸਮਾਜ ਅਛੂਤਾ ਨਹੀਂ ਰਿਹਾ। ਦੁਨੀਆਂ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਹਿੱਸੇ ਵਿੱਚ ਜਾਤ-ਨਸਲ ਦੇ ਮੱਤਭੇਦ ਨੂੰ ਲੈ ਕੇ ਦੰਗੇ, ਕੁੱਟ-ਮਾਰ ਦੀ ਘਟਨਾ ਜ਼ਰੂਰ ਵਾਪਰਦੀ ਹੈ। ਹਰੇਕ ਧਰਮ ਦੇ ਠੇਕੇਦਾਰ ਆਪਣੇ ਧਰਮ ਨੂੰ ਦੂਸਰੇ ਧਰਮਾਂ ਨਾਲੋਂ ਉੱਚਾ ਸਾਬਿਤ ਕਰਨ ਦੀ ਦੌੜ 'ਚ ਲੱਗੇ ਹਨ, ਬਜਾਇ ਧਰਮ ਦੇ ਸਿਧਾਂਤਾਂ ਅਨੁਸਾਰ ਜੀਵਨ ਨੂੰ ਬਤੀਤ ਕਰਨ ਅਤੇ ਆਪਣੇ-ਆਪਣੇ ਧਰਮ ਦੇ ਸਿਧਾਂਤਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਅਤੇ ਸਮਾਜ ਨੂੰ ਸੇਧ ਦੇਣ। ਕਿੰਨੀ ਅਜੀਬ ਗੱਲ ਹੈ ਕਿ ਹਰ ਆਦਮੀ ਇਸ ਦੁਨੀਆਂ 'ਚ ਖੁਦਾ ਜਾਂ ਪਰਮਾਤਮਾ ਦੀ ਹੋਂਦ ਨੂੰ ਸਵੀਕਾਰਦਾ ਹੈ, ਪਰ ਇਸ ਦੁਨੀਆਂ ਦੀ ਰੂਹਾਨੀ ਤਾਕਤ ਖੁਦਾ, ਪਰਮਾਤਮਾ, ਗੌਡ ਜਾਂ ਵਾਹਿਗੁਰੂ ਇੱਕ ਹਨ, ਇਹ ਗੱਲ ਨਹੀਂ ਮੰਨਦਾ। ਇਸ ਦੁਨੀਆਂ 'ਚ ਕਦੀ ਵੀ ਕੋਈ ਨਾਸਤਿਕ ਭਾਵ ਰੱਬ ਨੂੰ ਨਾ ਮੰਨਣ ਵਾਲਾ ਵਿਅਕਤੀ ਧਰਮ ਦੀ ਲੜਾਈ ਨਹੀਂ ਕਰਦਾ, ਰੱਬ ਦੀ ਹੋਂਦ ਲਈ ਜਾਂ ਧਰਮ ਦੇ ਵਿਚਾਰਾਂ ਨੂੰ ਲੈ ਕੇ ਖ਼ੂਨ ਖਰਾਬਾ ਨਹੀਂ ਕਰਦਾ, ਬਲਕਿ ਉਹ ਲੋਕ ਜਿਨ੍ਹਾਂ ਨੂੰ ਪਰਮਾਤਮਾ ਦੀ ਹੋਂਦ 'ਤੇ ਪੱਕਾ ਯਕੀਨ ਹੈ ਜਾਂ ਕਹਿ ਲਵੋ ਆਪਣੇ ਆਪ ਬਣੇ ਧਰਮ ਦੇ ਠੇਕੇਦਾਰ ਜ਼ਰੂਰ ਧਰਮ ਦੇ ਨਾਂ 'ਤੇ ਬੇਗਿਣਤ ਲੜਾਈਆਂ ਦਾ ਹਿੱਸਾ ਬਣਦੇ ਹਨ। ਮੇਰੀ ਯਾਦਦਾਸ਼ਤ ਅਨੁਸਾਰ ਮੈਂ ਆਪਣੇ ਹੁਣ ਤੱਕ ਦੇ ਜੀਵਨ ਦੇ ਸਫ਼ਰ ਵਿੱਚ ਕਿਸੇ ਨਾਸਤਿਕ ਵਿਅਕਤੀ ਵੱਲੋਂ ਧਰਮ ਦੇ ਨਾਂ 'ਤੇ ਇੱਕ ਵੀ ਦੰਗਾ-ਫਸਾਦ ਜਾਂ ਕੁੱਟ-ਮਾਰ ਕਰਦਿਆਂ ਸੁਣਿਆ ਜਾਂ ਦੇਖਿਆ ਨਹੀਂ।

ਮੇਰਾ ਮੰਨਣਾ ਹੈ ਕਿ ਧਰਮ ਨਾਂ 'ਤੇ ਇੱਕ ਲੜਾਈ ਦਾ ਕਾਰਨ ਉਦੋਂ ਬਣਦਾ ਹੈ ਜੋ ਇੱਕ ਵਿਅਕਤੀ ਜਾਂ ਸਮੂਹ ਅੱਧੀ-ਅਧੂਰੀ ਜਾਣਕਾਰੀ ਨੂੰ ਪ੍ਰਾਪਤ ਕਰਕੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਸਮਝ ਬੈਠਦਾ ਹੈ। ਜਦ ਹਰੇਕ ਧਰਮ ਦਾ ਉਪਦੇਸ਼, ਸੰਦੇਸ਼ ਆਖਿਰ ਇਨਸਾਨੀਅਤ ਦੀ ਭਲਾਈ ਕਰਨਾ ਹੈ। ਗ੍ਰੰਥਾਂ 'ਚ ਲਿਖੇ ਸਲੋਕਾਂ, ਬਾਣੀ ਅਤੇ ਘਟਨਾਵਾਂ ਨੂੰ ਆਪਣੇ ਅਨੁਸਾਰ ਅਰਥ ਕੱਢ ਕੇ, ਕਿਸੇ ਧਰਮ ਦੀ ਕੱਟੜਤਾ ਦਾ ਠੱਪਾ ਲਾ ਦੇਣਾ ਠੀਕ ਨਹੀਂ।

ਸਿੱਖ ਧਰਮ ਦੀ ਸਥਾਪਨਾ ਅਤੇ ਪ੍ਰਮਾਣ ਕੋਈ ਬਹੁਤੇ ਪੁਰਾਣੇ ਨਹੀਂ ਹਨ, ਪਰ ਫਿਰ ਵੀ ਕਈ ਕੁਰੀਤੀਆਂ ਇਸ ਧਰਮ ਨੂੰ ਸੰਨ੍ਹ ਲਾ ਚੁੱਕੀਆਂ ਹਨ। ਅਸਲ ਵਿੱਚ ਸਮਾਜ ਵਿਚਲੀਆਂ ਬੁਰਾਈਆਂ ਜਾਂ ਕੁਰੀਤੀਆਂ ਤੋਂ ਛੁਟਕਾਰਾ ਸਿੱਖ ਧਰਮ ਦੀ ਸਥਾਪਨਾ ਦਾ ਮੰਤਵ ਸੀ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖੀ ਅਧਿਕਾਰਾਂ ਤੇ ਸਰਬੱਤ ਦੀ ਆਜ਼ਾਦੀ ਲਈ ਨਸਲਵਾਦ ਦੇ ਵਰਤਾਰੇ ਵਿਰੁੱਧ ਬਹਾਦਰ ਕੌਮ ਦੀ ਸਿਰਜਣਾ ਕੀਤੀ ਸੀ। ਗੁਰੂ ਸਾਹਿਬ ਜੀ ਦੀ ਸੋਚ ਸੀ ਕਿ ਸਮਾਜ ਨੂੰ ਜਾਤ-ਪਾਤ ਤੋਂ ਉੱਪਰ ਚੁੱਕਿਆ ਜਾਵੇ ਅਤੇ ਖਾਲਸ ਵਿਚਾਰਾਂ ਦੀ ਸੇਧ 'ਤੇ ਚੱਲਣ ਵਾਲੇ ਸੂਰਮੇ ਜੋ ਦੂਸਰਿਆਂ ਲਈ ਆਪਣੀ ਜਾਨ ਕੁਰਬਾਨ ਕਰ ਦੇ ਸਕਣ, ਇਸ ਤਰ੍ਹਾਂ ਦੇ ਇੱਕ ਪੰਥ ਦੀ ਸਿਰਜਨਾ ਕੀਤੀ ਜਾਵੇ, ਜਿਸ ਨੂੰ ਸਿੱਖ ਪੰਥ ਦਾ ਨਾਂ ਦਿੱਤਾ ਗਿਆ। ਗੁਰੂ ਜੀ ਦਾ ਅਸਲੀ ਸਿੱਖ ਉਹੀ ਹੈ, ਜੋ ਸਮਾਜ ਦੀ ਲੋੜ ਵੇਲੇ ਆਪਣੀ ਜਾਨ ਦੀ ਪ੍ਰਵਾਹ ਨਾ ਕੀਤਿਆਂ ਦੂਸਰਿਆਂ ਦੀ ਜਾਨ ਦੀ ਰੱਖਿਆ ਕਰੇ ਭਾਵੇਂ ਇਸ ਬਦਲੇ ਸਿੱਖ ਨੂੰ ਆਪਣੀ ਹੀ ਜਾਨ ਕਿਉਂ ਨਾ ਗਵਾਉਣੀ ਪਵੇ। ਬਲਕਿ ਸਿੱਖ ਜਾਂ ਸਿੰਘ ਉਹ ਨਹੀਂ, ਜੋ ਸਿੱਖੀ ਦਾ ਪਹਿਰਾਵਾ ਤਾਂ ਪਾ ਲੈਂਦਾ ਹੈ, ਪਰ ਗੁਰੂ ਜੀ ਦੇ ਵਿਚਾਰਾਂ 'ਤੇ ਨਹੀਂ ਚੱਲਦਾ। ਇਸ ਗੱਲ 'ਤੇ ਮੈਨੂੰ ਬੀਤੇ ਦਿਨੀਂ ਜਾਰੀ ਸੰਦੇਸ਼ ਯਾਦ ਆ ਰਿਹਾ ਹੈ, ਕਿ ''ਸਿੱਖਾਂ ਦੀ ਸਰਬੱਤ ਦੇ ਭਲੇ ਦੀ ਨੀਤੀ'' ਸਿਰਫ਼ ਗੁਰਦੁਆਰਿਆਂ ਤੱਕ ਹੀ ਸੀਮਿਤ ਰਹਿ ਗਈ ਹੈ।

ਸਿਰਫ਼ ਸਾਡੇ ਕੌਮ ਜਾਂ ਸਮਾਜ 'ਚ ਹੀ ਨਹੀਂ, ਬਲਕਿ ਧਰਮ ਨਸਲ ਦੇ ਪ੍ਰਤੀ ਹਰੇਕ ਸਮਾਜ 'ਚ ਕਿੰਨੀ ਵਿਚਾਰਾਂ 'ਚ ਗਿਰਾਵਟ ਆ ਚੁੱਕੀ ਹੈ। ਇਹ ਬੜਾ ਦੁੱਖ ਦਾ ਵਿਸ਼ਾ ਹੈ। ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਉੱਪਰ ਨਸਲੀ ਹਮਲੇ ਤੇ ਨਸਲੀ ਵਰਤਾਰਾ ਲਗਾਤਾਰ ਜਾਰੀ ਹੈ। 11 ਸਤੰਬਰ 2001 ਵਿੱਚ ਵਰਲਡ ਸਿਟੀ ਸੈਂਟਰ ਅਮਰੀਕਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਗੋਰੇ ਲੋਕ ਸਿੱਖਾਂ ਨੂੰ ਤਾਲਿਬਾਨੀ ਸਮਝ ਰਹੇ ਹਨ। ਕਾਰਨ ਹੈ ਕਿ ਦੋਹਾਂ ਦਾ ਪਹਿਰਾਵਾ ਆਪਸ ਵਿੱਚ ਕਾਫੀ ਮਿਲਦਾ ਜੁਲਦਾ ਹੈ, ਜਿਸ ਕਰਕੇ ਸਿੱਖਾਂ ਉੱਪਰ ਲਗਾਤਾਰ ਨਸਲੀ ਹਮਲੇ ਜਾਰੀ ਹਨ।

ਸਤੰਬਰ 11 ਦੀ ਘਟਨਾ ਤੋਂ 4 ਦਿਨ ਬਾਅਦ 15 ਸਤੰਬਰ 2001 ਨੂੰ ਅਰੀਜੋਨਾ ਸਟੇਟ 'ਚ ਨਸਲਵਾਦੀਆਂ ਨੇ ਇੱਕ ਸਿੱਖ ਨੂੰ ਉਨ੍ਹਾਂ ਦੇ ਗੈਸ ਸਟੇਸ਼ਨ 'ਤੇ ਹਮਲਾ ਕਰਕੇ ਕਤਲ ਕਰ ਦਿੱਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਿੱਖਾਂ ਉੱਪਰ 700 ਹਮਲੇ ਹੋ ਚੁੱਕੇ ਹਨ। ਬੀਤੇ ਦਿਨੀਂ 5 ਅਗਸਤ 2012 ਦਿਨ ਐਤਵਾਰ ਨੂੰ ਅਮਰੀਕਾ ਦੀ ਵਿਸਕਾਨਸਨ ਸਟੇਟ ਦੇ ਮਿਲਵਾਕੀ ਸ਼ਹਿਰ ਵਿੱਚ ਓਕ ਕਰੀਕ ਗੁਰੂ ਘਰ ਵਿੱਚ ਹੋਏ ਨਸਲੀ ਹਮਲੇ ਵਿੱਚ 6 ਸਿੱਖ ਗੋਲੀ ਨਾਲ ਉਡਾ ਦਿੱਤੇ, ਨੇ ਸਿੱਖਾਂ ਦੀ ਮਾਨਸਿਕਤਾ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਇਸ ਹਮਲੇ ਨੂੰ ਅਮਰੀਕਾ ਸਰਕਾਰ ਘਰੇਲੂ ਦਹਿਸ਼ਤਵਾਦ ਦਾ ਨਾਮ ਦੇ ਰਹੀ ਹੈ। ਅਸਲੀਅਤ ਇਹ ਹੈ ਕਿ ਇਹ ਨਸਲੀ ਵਰਤਾਰਾ ਹੈ।

ਸਤਵੰਤ ਸਿੰਘ ਵਰਗੇ ਬਹਾਦਰ ਸਿੰਘਾਂ ਨੇ ਆਪਣੀ ਜਾਨ ਕੁਰਬਾਨ ਕਰਕੇ ਅਨੇਕਾਂ ਸਿੱਖਾਂ ਦੀ ਜਾਨ ਬਚਾ ਕੇ ਆਪਣੀ ਕੌਮ ਦਾ ਨਾਮ ਰੌਸ਼ਨ ਕੀਤਾ। ਅਮਰੀਕਨ ਮੀਡੀਏ ਨੇ ਵੀ ਉਸ ਨੂੰ ਮਾਨਵਤਾ ਦੇ ਹੀਰੋ ਦਾ ਖਿਤਾਬ ਦਿੱਤਾ ਹੈ।

ਅਮਰੀਕਾ ਵਿੱਚ ਵਾਪਰਿਆ ਇਹ ਹਾਦਸਾ ਕਿੰਨਾ ਦੁਖਦਾਈ ਸੀ, ਸ਼ਾਇਦ ਇਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਟੀ.ਵੀ. ਉੱਪਰ ਅਤੇ ਸ਼ਹੀਦ ਹੋਏ ਪਰਿਵਾਰ ਵਾਲਿਆਂ ਦਾ ਦੁੱਖ ਸੁਣ ਕੇ ਹਰ ਇੱਕ ਵਿਅਕਤੀ ਦੀਆਂ ਅੱਖਾਂ 'ਚ ਮੱਲੋ-ਮੱਲੀ ਅੱਥਰੂ ਡਿੱਗ ਪਏ। ਸਿਰਫ਼ ਅਮਰੀਕਾ, ਹਿੰਦੋਸਤਾਨ ਹੀ ਨਹੀਂ, ਬਲਕਿ ਸਾਰੀ ਦੁਨੀਆਂ 'ਚ ਨਾ ਭੁੱਲਣ ਵਾਲੀ ਇੱਕ ਪਵਿੱਤਰ ਧਰਮ ਸਥਾਨ 'ਤੇ ਹੋਈ ਮੰਦਭਾਗੀ ਘਟਨਾ ਸੀ। ਡਾ. ਮਨਮੋਹਨ ਸਿੰਘ ਅਤੇ ਭਾਰਤ ਦੇ ਵਿਦੇਸ਼ ਮੰਤਰੀ ਦੀ ਲਗਾਤਾਰ ਜਾਰੀ ਅਮਰੀਕਾ ਨਾਲ ਵਾਰਤਾਲਾਪ ਤੇ ਅਮਰੀਕਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਇਸ ਖ਼ੌਫ਼ਨਾਕ ਸਥਿਤੀ 'ਤੇ ਕਾਬੂ ਪਾਇਆ ਜਾ ਸਕਿਆ। ਭਾਵੇਂ ਜਿਨ੍ਹਾਂ ਬਹਾਦਰਾਂ ਦੀਆਂ ਜਾਨਾਂ ਚਲੀਆਂ ਗਈਆਂ ਉਹਨਾਂ ਦਾ ਮਲਾਲ ਹਮੇਸ਼ਾਂ ਰਹੇਗਾ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਸ ਹਾਦਸੇ ਪ੍ਰਤੀ ਜੋ ਪ੍ਰਤੀਕਿਰਿਆ ਰਹੀ, ਜ਼ਰੂਰ ਸਲਾਹੁਣਯੋਗ ਸੀ। ਇਸ ਯਤਨਾਂ ਸਦਕਾ ਭਾਵੇਂ ਕਈ ਹਿੰਦੋਸਤਾਨੀਆਂ ਦੇ ਵਿਚਾਰਾਂ 'ਚ ਪਹਿਲਾਂ ਤੋਂ ਅਮਰੀਕਾ ਪ੍ਰਤੀ ਬਣੀ 'ਖੱਟੀ ਸੋਚ' ਜੋ ਕਿ ਅਮਰੀਕਾ ਦੇ ਅਧਿਕਾਰੀਆਂ ਦੇ ਦੁਆਰਾ ਸਾਡੇ ਰਾਸ਼ਟਰਪਤੀ ਸ਼੍ਰੀ ਅਬਦੁਲ ਕਲਾਮ ਜੀ ਦਾ ਹਵਾਈ ਅੱਡੇ 'ਤੇ ਅਪਮਾਨ, ਵਿਦੇਸ਼ ਮੰਤਰੀ ਅਤੇ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਅਤੇ ਅਭਿਨੇਤਾ ਦੇ ਪ੍ਰਤੀ ਬੁਰਾ ਕੀਤਾ ਗਿਆ ਵਿਹਾਰ ਵੀ ਨਾ ਭੁੱਲਣਯੋਗ ਸੀ। ਅਮਰੀਕਾ ਦੀ ਸਰਕਾਰ ਨੇ ਅਮਰੀਕਾ ਅਤੇ ਦੁਨੀਆਂ ਦੇ ਹਰੇਕ ਦੇਸ਼ ਵਿੱਚ ਮੌਜੂਦ ਦੂਤਾਵਾਸ ਵਿੱਚ ਰਾਸ਼ਟਰੀ ਝੰਡੇ ਝੁਕਾ ਕੇ ਸ਼ਹੀਦਾਂ ਪ੍ਰਤੀ ਇੱਕ ਸੱਚੀ ਸ਼ਰਧਾਂਜਲੀ ਦੇ ਕੇ ਮਨੁੱਖੀ ਹਿੱਤਾਂ ਨੂੰ ਉਜਾਗਰ ਕੀਤਾ ਹੈ।

ਮੇਰਾ ਇਹ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਇਸ ਮੰਦਭਾਗੀ ਘਟਨਾ ਪ੍ਰਤੀ ਜੋ ਪ੍ਰਤੀਕਿਰਿਆ ਸਿੱਖ ਕੌਮ ਪ੍ਰਤੀ ਰਹੀ ਹੈ, ਜ਼ਰੂਰ ਬਰਾਕ ਓਬਾਮਾ ਦੇ ਜ਼ਿਹਨ 'ਚ ਸਾਡੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੀ ਸ਼ਖ਼ਸੀਅਤ ਦਾ ਇੱਕ ਸਿੱਖਾਂ ਪ੍ਰਤੀ ਬਣਿਆ ਪ੍ਰਤੀਬਿੰਬ ਰਹੀ ਹੋਵੇਗੀ। ਬਰਾਕ ਓਬਾਮਾ ਨੇ ਭਾਵੇਂ ਆਪਣੇ ਸ਼ਬਦਾਂ ਰਾਹੀਂ ਡਾ. ਮਨਮੋਹਨ ਸਿੰਘ ਜੀ ਦੀਆਂ ਆਰਥਿਕ ਨੀਤੀਆਂ ਦੀ ਤਾਰੀਫ਼ ਕਈ ਵਾਰ ਕੀਤੀ ਹੈ, ਪਰ ਸਿੱਖ ਕੌਮ ਕਿੰਨੀ ਇਮਾਨਦਾਰ, ਦਲੇਰ ਅਤੇ ਗਿਆਨਵਾਨ ਹੈ, ਇਸ ਦਾ ਪ੍ਰਭਾਵ ਜ਼ਰੂਰ ਸਾਡੇ ਪ੍ਰਧਾਨ ਮੰਤਰੀ ਦੀ ਸ਼ਖ਼ਸੀਅਤ ਤੋਂ ਲਿਆ ਹੋਵੇਗਾ। ਇਸ ਹਾਦਸੇ ਤੋਂ ਅਗਲੇ ਦਿਨ ਅਮਰੀਕਾ ਦੇ ਦਿੱਲੀ ਸਥਿਤ ਦੂਤਾਵਾਸ ਤੋਂ ਕੁਝ ਅਧਿਕਾਰੀਆਂ ਵੱਲੋਂ ਬੰਗਲਾ ਸਾਹਿਬ ਵਿਖੇ ਜਾ ਕੇ ਸ਼ਹੀਦਾਂ ਦੇ ਪ੍ਰਤੀ ਸ਼ਰਧਾਂਜਲੀ ਅਤੇ ਸ਼ੋਕ ਪ੍ਰਗਟ ਕੀਤਾ ਗਿਆ।

ਪਰ ਪਤਾ ਨਹੀਂ ਕਿਉਂ ਇਸ ਘਟਨਾ 'ਤੇ ਕਈ ਧਰਮ ਦੇ ਠੇਕੇਦਾਰਾਂ ਨੇ ਰਾਜਸੀ ਰੋਟੀਆਂ ਸੇਕੀਆਂ। ਮੈਂ ਫਿਰ ਤੋਂ ਮੰਨਦੀ ਹਾਂ ਕਿ ਇਹ ਹਾਦਸਾ ਸੱਚੀ ਹੀ ਭੁੱਲਣਯੋਗ ਨਹੀਂ ਹੈ। ਖ਼ਾਸ ਕਰਕੇ ਜਿਨ੍ਹਾਂ ਦੇ ਪਰਿਵਾਰਾਂ 'ਚੋਂ ਚਿਰਾਗ ਬੁਝ ਗਏ, ਉਨ੍ਹਾਂ ਲਈ ਤਾਂ ਇਹ ਘਟਨਾ ਇੰਨੀ ਦੁਖਦਾਈ ਹੈ, ਜਿਸ ਨੂੰ ਭੁਲਾਇਆਂ ਵੀ ਨਹੀਂ ਭੁਲਾਇਆ ਜਾ ਸਕਦਾ। ਸਿੱਖ ਕੌਮ ਨੂੰ ਆਪਣੇ ਸਿਆਣਪ ਦਾ ਪ੍ਰਦਰਸ਼ਨ ਕਰਕੇ ਨਸਲਵਾਦ ਵਰਤਾਰੇ ਵਿਰੁੱਧ ਸਮੁੱਚੇ ਵਿਸ਼ਵ ਦੇ ਲੋਕਾਂ ਨੂੰ ਜਾਗ੍ਰਿਤ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ, ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੰਸਾਰ ਵਿੱਚ ਫੈਲੇ ਨਸਲੀ ਵਰਤਾਰੇ ਵਿਰੁੱਧ ਮੁਹਿੰਮ ਵਿੱਢਣੀ ਚਾਹੀਦੀ ਹੈ ਅਤੇ ਸਿੱਖ ਕੌਮ ਦੀ ਪਛਾਣ ਬਾਰੇ ਜਾਣੂੰ ਕਰਵਾਇਆ ਜਾਣਾ ਚਾਹੀਦਾ ਹੈ। ਅਮਰੀਕਾ ਦੇ ਅਮੀਰ ਸਿੱਖਾਂ ਨੂੰ ਵੀ ਇਸ ਦੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top