Share on Facebook

Main News Page

ਅਕਾਲ ਤਖਤ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਅਕਾਲ ਤਖਤ ਤੋਂ ਤੁਰੰਤ ਕਾਰਵਾਈ ਕੀਤੀ ਜਾਵੇ
- ਅਵਤਾਰ ਮੱਕੜ

ਅੰਮ੍ਰਿਤਸਰ 18 ਅਗਸਤ (ਜਸਬੀਰ ਸਿੰਘ ਪੱਟੀ) ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਅਤੇ ਸ੍ਰੀ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਦੇ ਵਿਰੱਧ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਅਵਤਾਰ ਸਿੰਘ ਮੱਕੜ ਨੇ ਪੰਜ ਸਿੰਘ ਸਾਹਿਬਾਨ ਵੱਲੋਂ ਬੀਤੀ 15 ਅਗਸਤ ਦੀ ਮੀਟਿੰਗ ਵਿੱਚ ਰਾਧਾ ਸੁਆਮੀਆਂ ਢਾਹੇ ਗਏ ਪਿੰਡ ਵੜੈਚ ਦੇ ਗੁਰੂਦੁਆਰੇ ਨੂੰ ਜਥੇਦਾਰ ਅਕਾਲ ਤਖਤ ਵੱਲੋਂ ਕਲੀਨ ਚਿੱਟ ਦਿੰਦਿਆਂ ਪੰਜ ਸਿੰਘ ਸਾਹਿਬਾਨ ਵੱਲੋ ਪੁਸ਼ਟੀ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਦਾ ਫੈਸਲਾ ਦਰੁਸਤ ਹੈ, ਅਤੇ ਇਸ ਫੈਸਲੇ ਤੇ ਕਿੰਤੂ ਕਰਨ ਵਾਲਿਆਂ ਦੇ ਖਿਲਾਫ ਸ੍ਰੀ ਅਕਾਲ ਤਖਤ ਤੋਂ ਮਰਿਆਦਾ ਅਨੁਸਾਰ ਕਾਰਵਾਈ ਹੋਵੇ।

ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਦਿਨ ਪ੍ਰਤੀ ਦਿਨ ਗੁਰੂਦੁਆਰਿਆਂ ਦੇ ਝਗੜੇ ਕਿਉਂ ਵੱਧ ਰਹੇ ਹਨ, ਤਾਂ ਉਹਨਾਂ ਕਿਹਾ ਕਿ ਚੰਗੀ ਗੱਲ ਹੈ, ਕਿ ਸਿੱਖ ਜਾਗਰੂਕ ਹੋ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਸਿੱਖ ਪੰਥ ਨੂੰ ਅਪੀਲ ਹੈ, ਕਿ ਉਹ ਇਹਨਾਂ ਝਗੜਿਆਂ ਨੂੰ ਸਿਆਸੀ ਅਖਾੜਾ ਜਾਂ ਫਿਰ ਵਕਾਰ ਦਾ ਸਵਾਲ ਨਾ ਬਣਾਉਣ, ਸਗੋਂ ਗੁਰੂ ਸਾਹਿਬ ਦੁਆਰਾ ਸ਼ੂਰੂ ਕੀਤੀ ਪੰਚ ਪ੍ਰਧਾਨੀ ਮਰਿਆਦਾ ਅਨੁਸਾਰ ਮਿਲ ਬੈਠ ਕੇ ਹੱਲ ਕਰਨ। ਸ਼੍ਰੋਮਣੀ ਕਮੇਟੀ ਦੇ ਪਤਿਤ ਮੁਲਾਜਮਾਂ ਕੋਲੋਂ ਮਕਾਨ ਖਾਲੀ ਕਰਾਉਣ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੱਕੜ ਨੇ ਕਿਹਾ ਕਿ ਇਸ ਸਬੰਧੀ ਮੈਨਜਰ ਸ੍ਰੀ ਦਰਬਾਰ ਸਾਹਿਬ ਵੱਲੋਂ ਸਾਰੇ ਮੁਲਾਜਮਾਂ ਕੋਲੋਂ ਹਲਫੀਆ ਲਏ ਜਾ ਰਹੇ ਹਨ ਅਤੇ ਪੜਤਾਲ ਉਪਰੰਤ ਜਿਸ ਵੀ ਮੁਲਾਜਮ ਦਾ ਪਰਿਵਾਰ ਪਤਿਤ ਪਾਇਆ ਗਿਆ, ਉਸ ਦਾ ਸਮਾਨ ਚੁੱਕ ਕੇ ਕਵਾਟਰ ਵਿੱਚੋਂ ਬਾਹਰ ਸੁੱਟ ਦਿੱਤਾ ਜਾਵੇਗਾ।

ਉਹਨਾਂ ਕਿਹਾ ਕਿ ਪਤਿਤ ਪਰਿਵਾਰ ਵਾਲੇ ਮੁਲਾਜਮ ਨੂੰ ਤਾਂ ਨੈਤਿਕਤਾ ਦੇ ਆਧਾਰ ਤੇ ਹੀ ਸ੍ਰੋਮਣੀ ਕਮੇਟੀ ਨੌਕਰੀ ਨਹੀਂ ਕਰਨੀ ਚਾਹੀਦੀ ਅਤੇ ਖੁਦ ਹੀ ਨੌਕਰੀ ਛੱਡ ਦੇਣੀ ਚਾਹੀਦੀ ਹੈ, ਜਾਂ ਫਿਰ ਆਪਣਾ ਸੁਧਾਰ ਕਰ ਲੈਣਾ ਚਾਹੀਦਾ ਹੈ। ਗੁਰੂਦੁਆਰਾ ਗਿਆਨ ਗੋਦੜੀ ਬਾਰੇ ਉਹਨਾਂ ਕਿਹਾ ਕਿ ਇਸ ਸਬੰਧੀ ਉਤਰਾਂਚਲ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਦਿੱਤਾ ਗਿਆ ਹੈ, ਪਰ ਉਥੇ ਕਾਂਗਰਸੀ ਮੁੱਖ ਮੰਤਰੀ ਹੋਣ ਕਾਰਨ ਹਾਲੇ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਉਹਨਾਂ ਕਿਹਾ ਕਿ ਉਥੋਂ ਦੇ ਸਿੱਖ ਵੀ ਮੁੱਖ ਮੰਤਰੀ ਕੋਲੋ ਸਮਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਮਾਂ ਮਿਲਦਿਆਂ ਹੀ ਮੁਲਾਕਾਤ ਕਰਕੇ ਮਸਲਾ ਹੱਲ ਕੀਤਾ ਜਾਵੇਗਾ। ਬੀਤੀ ਕਲ ਦੁਪਿਹਰ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਰਨ ਦੀ ਪਈ ਰੁਕਾਵਟ ਬਾਰੇ ਉਹਨਾਂ ਕਿਹਾ ਕਿ ਸਬੰਧਿਤ ਰਾਗੀ ਸਲੱਖਣ ਸਿੰਘ ਨੂੰ ਮੁਅੱਤਲ ਕਰਕੇ ਪੜਤਾਲ ਆਰੰਭ ਕਰ ਦਿੱਤੀ ਗਈ ਹੈ, ਅਤੇ ਅਜਿਹੇ ਕਿਸੇ ਵੀ ਮੁਲਾਜਮ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਂਵੇ ਉਹ ਕਿਸੇ ਵੀ ਆਹੁਦੇ ਤੇ ਬਿਰਾਜਮਾਨ ਕਿਉਂ ਨਾ ਹੋਵੇ। ਉਹਨਾਂ ਕਿਹਾ ਕਿ ਰਾਗੀਆਂ ਨੂੰ ਸਮੇਂ ਤੋਂ 15 ਮਿੰਟ ਪਹਿਲਾਂ ਰੀਪੋਰਟ ਕਰਨ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਸੁਪਰੀਮ ਕੋਰਟ ਵਿਚ ਸ਼੍ਰੋਮਣੀ ਕਮੇਟੀ ਬਨਾਮ ਸਹਿਜਧਾਰੀ ਕੇਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮੱਕੜ ਨੇ ਕਿਹਾ ਕਿ ਅਸੀ ਸੁਪਰੀਮ ਕੋਰਟ ਵਿਚ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਕੇਸ ਲੜ ਰਹੇ ਹਾਂ, ਤੇ ਸਭ ਤੋ ਵਧੀਆ ਵਕੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦ ਹੀ ਆਪਣਾ ਜਵਾਬ ਸੁਪਰੀਮ ਵਿੱਚ ਪੂਰੀ ਸੁਹਿਦਰਤਾ, ਇਮਾਨਦਾਰੀ ਤੇ ਗਰਮਜੋਸ਼ੀ ਨਾ ਦੇ ਰਹੇ ਹਾਂ ਅਤੇ ਕਿਸੇ ਕਿਸਮ ਦੀ ਕੁਤਾਹੀ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸੇ ਵੀ ਰਾਗੀ ਨੂੰ ਨਿੱਜੀ ਸਹਾਇਕ ਰੱਖਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਗੁਰਦਾਸਪੁਰ ਗੋਲੀ ਕਾਂਡ ਦੇ ਸ਼ਹੀਦ ਭਾਈ ਜਸਪਾਲ ਸਿੰਘ ਦੀ ਤਸਵੀਰ ਜਲਦ ਹੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾ ਰਹੀ ਹੈ, ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਬਾਰੇ ਪੁੱਛੇ ਸਵਾਲ ਦਾ ਕੋਈ ਜਵਾਬ ਨਾ ਦੇ ਸਕੇ।

ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸ੍ਰ ਮਨਜੀਤ ਸਿੰਘ , ਸ੍ਰ ਪਰਮਜੀਤ ਸਿੰਘ ਪੀ ਏ, ਸ੍ਰ ਹਰਭਜਨ ਸਿੰਘ, ਸ੍ਰ ਕੁਲਦੀਪ ਸਿੰਘ ਬਾਵਾ, ਸ੍ਰ ਬਿਜੈ ਸਿੰਘ, ਸ੍ਰ ਰੂਪ ਸਿੰਘ, ਸ੍ਰ ਸੁਖਦੇਵ ਸਿੰਘ ਭੂਰਾ ਕੋਹਨਾ, ਸ੍ਰ. ਦਿਲਜੀਤ ਸਿੰਘ ਬੇਦੀ ਆਦਿ ਵੀ ਹਾਜਰ ਸਨ। ਅੱਜ ਸ਼੍ਰੋਮਣੀ ਕਮੇਟੀ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ ਮੱਕੜ ਨੇ ਕਿਹਾ ਕਿ ਜੋ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾਂ ਕਰਕੇ ਜਥੇਦਾਰਾਂ ਦੇ ਕੀਤੇ ਫੈਸਲੇ ਨੂੰ ਰੱਦ ਕਰ ਰਹੇ ਹਨ ਉਹ ਸਿੱਧੇ ਤੌਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜ ਜਥੇਦਾਰਾਂ ਦੇ ਫੈਸਲੇ ਤੇ ਹੀ ਕਿੰਤੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਤਈ ਤੌਰ ਤੇ ਇੰਨਾਂ ਦੂਰ ਨਹੀਂ ਲੈ ਜਾਣਾ ਚਾਹੀਦਾ। ਮੱਕੜ ਨੇ ਕਿਹਾ ਕਿ ਹੁਣ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਦਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਹਰ ਸਿੱਖ ਪ੍ਰਵਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਚਾਹਦਾ ਹੈ ਕਿ ਮਰਿਯਾਦਾ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ ਲੋਕਾਂ ਦੇ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਚੁਣੌਤੀ ਦੇਣ ਦੇ ਦੋਸ਼ ਵਿੱਚ ਸਖਤ ਕਾਰਵਾਈ ਕਰਨ, ਤਾਂ ਕਿ ਭਵਿਖ ਵਿਚ ਅਜਿਹਾ ਦੁਬਾਰਾ ਨਾ ਹੋ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top