Share on Facebook

Main News Page

ਸੁਨੇਹਾ ਅਮਰੀਕੀ ਸ਼ਹੀਦਾਂ ਦੇ ਗੂੜੇ ਲਹੂ ਦਾ
- ਕੁਲਵੰਤ ਸਿੰਘ ਢੇਸੀ

ਮੁੱਦਤ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਖ ਭਾਈਚਾਰੇ ਦਾ ਨਾਮ ਸੰਸਾਰੀ ਪੱਧਰ ਤੇ ਹਮਦਰਦੀ ਵਜੋਂ ਆਇਆ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਸਿੱਖਾਂ ਨਾਲ ਭਾਵੇਂ ਭਾਰਤ ਵਿਚ ਅਤੇ ਭਾਰਤ ਤੋਂ ਬਾਹਰ ਬਹੁਤ ਸੰਕਟ ਆਏ ਪਰ ਸਿੱਖਾਂ ਦੀ ਕੌਮਾਂਤਰੀ ਤਸਵੀਰ ਸੱਚਵਾਦੀਆਂ ਦੀ ਨਹੀਂ ਸਗੋਂ ਅੱਤਵਾਦੀਆਂ ਦੀ ਰਹੀ ਹੈ । ਵੱਡੀ ਗੱਲ ਇਹ ਹੈ ਕਿ ਇਸ ਲੰਮੇ ਅਰਸੇ ਵਿਚ ਸਿੱਖਾਂ ਦੀ ਅਗਵਾਈ ਕਰ ਰਹੀਆਂ ਧਿਰਾਂ ਵਲੋਂ ਆਲਮੀ ਪੱਧਰ ਤੇ ਆਪਣਾਂ ਸ਼ੁਧ ਖਾਲਸਾਈ ਅਕਸ ਬਹਾਲ ਨਹੀਂ ਹੋ ਸਕਿਆ । ਬਹੁਤ ਸਾਰੀਆਂ ਜਥੇਬੰਦੀਆਂ ਨੇ ਤਾਂ ਆਪਣੇ ਆਪ ਨੂੰ ਪੰਜਾਬ ਦੀ ਲੱਤਾਂ ਖਿੱਚੂ ਅਤੇ ਪਿਛਾਂਹ ਖਿੱਚੂ ਰਾਜਨੀਤੀ ਤਕ ਸੀਮਤ ਕਰੀ ਰੱਖਿਆ ਅਤੇ ਜਿਹਨਾਂ ਇੱਕਾ ਦੁੱਕਾ ਜਥੇਬੰਦੀਆਂ ਨੇ ਸਥਾਨਕ ਚਣੌਤੀਆਂ ਨੂੰ ਕਬੂਲਣ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਤੇ ਵੀ ਜਾਂ ਤਾਂ ਦੇਸੀ ਰਾਜਨੀਤੀ ਦੇ ਪ੍ਰਛਾਵੇਂ ਮੰਡਰਾਉਂਦੇ ਰਹੇ ਜਾਂ ਫਿਰ ਉਹ ਗੁਰਦੁਆਰਿਆਂ ਤੇ ਕਬਜੇ ਦੀ ਲਾਲਸਾ ਅਧੀਨ ਅਤੇ ਜਥੇਬੰਦਕ ਵਿਰੋਧਾਂ ਕਾਰਨ ਕਮਜ਼ੋਰ ਹੁੰਦੇ ਚਲੇ ਗਏ।

ਸਾਡੀਆਂ ਸਾਰੀਆਂ ਹੀ ਪੰਥਕ ਅਖਵਾਉਂਦੀਆਂ ਜਥੇਬੰਦੀਆਂ ਲਈ ਖਾਲਿਸਤਾਨੀ ਨਾਅਰਾ ਉਚੀ ਆਵਾਜ਼ ਵਿਚ ਲਾਉਣਾਂ ਜਿਵੇਂ ਮਜ਼ਬੂਰੀ ਰਹੀ ਪਰ ਇਸ ਸਾਰੇ ਸਮੇਂ ਵਿਚ ਕਿਸੇ ਵੀ ਜਥੇਬੰਦੀ ਨੇ ਖਾਲਿਸਤਾਨ ਵਰਗੇ ਗੰਭੀਰ ਮੁੱਦੇ ਤੇ ਕਦੀ ਕੋਈ ਸਿਹਤਮੰਦ ਅਤੇ ਨਿੱਗਰ ਗੋਸ਼ਟੀ ਨਹੀਂ ਕੀਤੀ ਅਤੇ ਨਾਂ ਹੀ ਖਾਲਿਸਤਾਨ ਦੀ ਪ੍ਰਾਪਤੀ ਲਈ ਕੋਈ ਸਪਸ਼ਟ ਰਣਨੀਤੀ ਤਹਿ ਕੀਤੀ ਸਗੋਂ ਸਾਰੇ ਦਾਅਵੇ ਗੱਲੀਂ ਬਾਤੀਂ ਜਾਂ ਜਜ਼ਬਾਤੀ ਹੀ ਸਨ। ਅਸੀਂ ਇਹਨਾਂ ਦੇਸ਼ਾਂ ਵਿਚ ਗੈਰ ਸਿੱਖਾਂ ਨੂੰ ਇਹ ਸਮਝਾਂਉਣ ਵਿਚ ਬਹੁਤ ਅਸਫਲ ਰਹੇ ਹਾਂ ਕਿ ਅਸੀਂ ਕੌਣ ਹਾਂ ਅਤੇ ਖਾਲਸਾਈ ਅਸੂਲ ਕੀ ਹਨ । ਇਹ ਹੀ ਕਾਰਨ ਹੈ ਕਿ ਪਛਮ ਦੇ ਲੋਕ ਸਾਨੂੰ ਮੁਸਲਮਾਨ ਸਮਝਦੇ ਰਹੇ ਅਤੇ ਅਸੀਂ ਇਸ ਦੇ ਬੜੇ ਦੁਖਦਾਇਕ ਨਤੀਜੇ ਵੀ ਭੁਗਤੇ ਹਨ। ਅਮਰੀਕੀ ਘਟਨਾਂ ਵਾਪਰਦੇ ਸਾਰ ਦੁਨੀਆਂ ਭਰ ਦੇ ਸਿਖਾ ਵਿਚ ਪਹਿਲੀ ਸੋਚ ਇਹ ਹੀ ਆਈ ਕਿ ਗਲਤ ਪਛਾਣ ਦੇ ਕਾਰਨ ਵਾਪਰਿਆ ਦੁਖਾਂਤ ਹੈ ਪਰ ਇਸ ਵਾਰ ਕਾਰਨ ਕੁਝ ਹੋਰ ਸਨ।

ਮਿਲਵਾਕੀ ਦੀ ਅਮਰੀਕੀ ਘਟਨਾਂ ਆਪਣੇ ਆਪ ਵਿਚ ਭਾਵੇਂ ਕਿੰਨੀ ਵੀ ਦੁਖਦਾਈ ਹੋਵੇ ਪਰ ਇਸ ਨੇ ਦੁਨੀਆਂ ਦਾ ਧਿਆਨ ਸਿੱਖਾਂ ਵਲ ਦਿਵਾਇਆ ਹੈ ਅਤੇ ਜਿਸ ਤਰੀਕੇ ਨਾਲ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਨੇ ਸਿੱਖਾਂ ਨਾਲ ਹਮਦਰਦੀ ਜਿਤਾਈ ਹੈ ਇਸ ਨਾਲ ਸਿੱਖਾਂ ਦਾ ਮਨੋਬਲ ਅਤੇ ਸਵੈਮਾਨ ਬਹੁਤ ਉਚਾ ਹੋਇਆ ਹੈ। ਹੁਣ ਸਿੱਖਾਂ ਦੇ ਮੋਢਿਆਂ ਤੇ ਇੱਕ ਵੱਡੀ ਜ਼ਿੰਮੇਵਾਰੀ ਆ ਪਈ ਹੈ ਕਿ ਉਹ ਆਪਣੀ ਬਹਾਲ ਹੋਈ ਪਛਾਣ ਦਾ ਭਰਪੂਰ ਫਾਇਦਾ ਲੈ ਕੇ ਇਹਨਾਂ ਦੇਸ਼ਾਂ ਵਿਚ ਅੱਗੇ ਵਧਣ ।

ਅੱਜ ਨਾਂ ਕੇਵਲ ਅਮਰੀਕੀ ਰਾਸ਼ਟਰਪਤੀ ਜਾਂ ਉਥੋਂ ਦੀ ਸਰਕਾਰ ਹੀ ਸਗੋਂ ਕੁਲ ਦੁਨੀਆਂ ਅਮਨ ਪਸੰਦ ਭਾਈਚਾਰੇ ਦੀ ਹਮਦਰਦੀ ਸਿੱਖਾਂ ਨਾਲ ਆ ਖੜ੍ਹੀ ਹੋਈ ਹੈ। ਮੈਂ ਇਥੇ ਕਾਵੈਂਟਰੀ ਦੇ ਇੱਕ ਮੁਸਲਮਾਨ ਮਿੱਤਰ ਦੇ ਅਮਰੀਕਾ ਰਹਿੰਦੇ ਭਰਾ ਵਲੋਂ ਅਮਰੀਕੀ ਅਖਬਾਰ 'ਫਿੰਗਰ ਲੇਕਸ ਟਾਈਮਜ਼ ਨਿਊਯੌਰਕ' ਨੂੰ ਇਸ ਘਟਨਾਂ ਸਬੰਧੀ ਲਿਖੇ ਖਤ ਦੇ ਕੁਝ ਅੰਸ਼ ਪੰਜਾਬੀ ਅਨੁਵਾਦ ਵਿਚ ਦੇਣਾਂ ਜ਼ਰੂਰੀ ਸਮਝਦਾ ਹਾਂ-

ਸ਼ੁਕਰਵਾਰ 10 ਅਗਸਤ ਨੂੰ ਪਬਲਿਸ਼ ਹੋਏ ਇਸ ਖਤ ਵਿਚ ਜਨਾਬ ਰਫੀਕ ਅਹਿਮਦ ਲਿਖਦੇ ਹਨ---' ਓਕ ਕਰੀਕ, ਵਿਨਕਾਂਸਿਨ ਦੇ ਗੁਰਦੁਆਰੇ ਤੇ ਹੋਏ ਹਮਲੇ ਨੇ ਮੈਨੂੰ ਸਤੰਬਰ 11, 2001 ਦੇ ਉਸ ਖੂਨੀ ਦਿਨ ਦੀ ਯਾਦ ਦਿਵਾ ਕੇ ਬੜਾ ਉਦਾਸ ਕੀਤਾ ਹੈ ਜਦੋਂ ਕਿ ਅਨੇਕਾਂ ਲੋਕ ਘਰੋਂ ਕੰਮਾਂ ਤੇ ਗਏ ਵਾਪਸ ਨਾਂ ਪਰਤੇ ਤੇ ਉਹਨਾਂ ਦੇ ਪਰਿਵਾਰ ਉਹਨਾਂ ਤੋਂ ਬਿਰਵੇ ਹੋ ਗਏ । ਇਹੋ ਜਿਹਾ ਕਾਰਾ ਕਿਸੇ ਸਕੂਲ ਵਿਚ ਹੋਵੇ ਜਾਂ ਹੋਰ ਕਿਧਰੇ, ਪਰ ਜਦੋਂ ਵੀ ਕੋਈ ਬੇਕਸੂਰ ਵਿਚਅਕਤੀ ਮਰਦਾ ਹੈ ਤਾਂ ਮੇਰਾ ਦਿਲ ਜਾਰੋ ਜਾਰ ਰੋਂਦਾ ਹੈ ਅਤੇ ਮੈਂ ਸੋਚਦਾਂ ਹਾਂ ਕਿ ਅੱਜ ਮਨੁੱਖ ਦੀਆਂ ਬੁਨਿਆਦੀ ਕਦਰਾਂ ਕੀਮਤਾਂ ਨੂੰ ਕੀ ਖੋਰਾ ਲੱਗ ਗਿਆ ਹੈ ?-----------ਬੌਧਿਕ ਮੱਤਭੇਦ ਹੋਣਾਂ ਆਮ ਗੱਲ ਹੈ ਪਰ ਆਪਣੇ ਮਤਭੇਦਾਂ ਦਾ ਇਸ ਕਿਸਮ ਦਾ ਪ੍ਰਗਟਾਵਾ ਕਿਸੇ ਰੱਬ ਨੂੰ ਖੁਸ਼ ਨਹੀਂ ਕਰਦਾ ਸਿਵਾ ਇੱਕ ਸ਼ਾਂਤਮਈ ਦੇਸ਼ ਵਿਚ ਅਫਰਾ ਤਫਰੀ ਪੈਦਾ ਕਰਨ ਦੇ-ਇੱਕ ਅਜੇਹਾ ਦੇਸ਼ ਜੋ ਸਭ ਧਰਮਾਂ ਦੀ ਕਦਰ ਕਰਦਾ ਹੈ ਅਤੇ ਹਰ ਇੱਕ ਨੂੰ ਆਪਣੇ ਵਿਸ਼ਵਾਸ ਨੂੰ ਮੰਨਣ ਅਤੇ ਪ੍ਰਚਾਰਨ ਦੀ ਇਜਾਜ਼ਤ ਦਿੰਦਾ ਹੈ । ਮੈਂ ਇੱਕ ਅਹਿਮਦੀ ਮੁਸਲਮਾਨ ਹੋਣ ਦੇ ਨਾਤੇ ਘੱਟਗਿਣਤੀਆਂ ਤੇ ਹੋ ਰਹੇ ਸ਼ੋਸ਼ਣ ਨੂੰ ਬਹੁਤ ਚੰਗੀ ਤਰਾਂ ਮਹਿਸੂਸ ਕਰ ਸਕਦਾ ਹਾਂ। ਪਾਕਿਸਤਾਨ ਵਰਗੇ ਦੇਸ਼ ਵਿਚ ਅਸੀਂ ਨਫਰਤ ਦੇ ਸਭ ਤੋਂ ਵਧ ਨਿਸ਼ਾਨੇ ਤੇ ਹੁੰਦੇ ਹਾਂ ਇਸ ਲਈ ਮੇਰੇ ਤੋਂ ਵੱਧ ਆਜ਼ਾਦੀ ਦੀ ਕੀਮਤ ਕੌਣ ਜਾਣੇਗਾ?----ਮੈਂ ਇਸ ਖਤ ਰਾਹੀਂ ਸਿੱਖ ਭਾਈਚਾਰੇ ਦੇ ਦਰਦ ਨਾਲ ਸਾਂਝ ਪਾਉਂਦਾ ਹੋਇਆ ਉਸ ਪੁਲਸੀਏ ਦੀ ਜਾਂਬਾਜੀ ਨੂੰ ਸਲਾਮ ਕਰਦਾ ਹਾਂ ਜਿਸ ਨੇ ਆਪਣੀ ਜਾਨ ਖਤਰੇ ਵਿਚ ਪਾ ਕੇ ਇੱਕ ਵੱਡੇ ਦੁਖਾਂਤ ਨੂੰ ਸੀਮਤ ਕਰ ਦਿੱਤਾ ਹੈ । ਮੈਂ ਲੋਕਲ ਕਾਨੂੰਨੀ ਏਜੰਸੀਆਂ ਦੇ ਤਤਕਾਲੀ ਰੋਲ ਦੀ ਵੀ ਸ਼ਲਾਘਾ ਕਰਦਾ ਹਾਂ। ------ ਅੱਜ ਸਾਨੂੰ ਇੱਕ ਦੂਸਰੇ ਦੇ ਧਰਮ ਨੂੰ ਵਧੇਰੇ ਚੰਗੀ ਤਰਾਂ ਨਾਲ ਸਮਝਣਾਂ ਹੋਏਗਾ ਅਤੇ ਵਧੇਰੇ ਸਹਿਣਸ਼ੀਲਤਾ ਵਾਲੇ ਸਮਾਜ ਦਾ ਨਿਰਮਾਣ ਕਰਨਾਂ ਹੋਏਗਾ ਤਾਂ ਕਿ 'ਸਾਡਾ ਦੇਸ਼' ਕੁਲ ਦੁਨੀਆਂ ਲਈ ਚਾਨਣ ਮੁਨਾਰਾ ਬਣ ਸਕੇ - ਸਰਦਾਰ ਰਫੀਕ ਅਹਿਮਦ-ਵਾਟਰਲੂ

ਇਸ ਖਤ ਵਿਚ ਜਨਾਬ ਰਫੀਕ ਅਹਿਮਦ ਅਮਰੀਕਾ ਨੂੰ ਆਪਣਾਂ ਦੇਸ਼ ਕਹਿ ਕੇ ਅਤੇ ਮੰਨ ਕੇ ਮੁਖਾਤਿਬ ਹੁੰਦੇ ਹਨ ਅਤੇ ਸਾਡੇ ਲਈ ਇਹ ਸਮਝਣਾਂ ਜ਼ਰੂਰੀ ਹੈ ਕਿ ਸਾਡਾ ਅਤੇ ਸਾਡੇ ਬੱਚਿਆਂ ਦਾ ਭਵਿੱਖ ਹੁਣ ਇਹਨਾਂ ਹੀ ਦੇਸ਼ਾਂ ਵਿਚ ਹੈ ਜਿਥੇ ਕਿ ਅਸੀਂ ਵਸ ਚੁੱਕੇ ਹਾਂ ਅਤੇ ਜਿਹਨਾਂ ਦੀ ਅਸੀਂ ਸ਼ਹਿਰੀਅਤ ਵੀ ਲੈ ਰੱਖੀ ਹੈ। ਪੰਜਾਬ ਦੀ ਰਾਜਨੀਤੀ ਪ੍ਰਤੀ ਅਸੀਂ ਭਾਵੇਂ ਕਿੰਨੇ ਵੀ ਸੁਹਿਰਦ ਕਿਓਂ ਨਾਂ ਹੋਈਏ ਪਰ ਇੱਕ ਗੱਲ ਸਮਝਣੀ ਜਰੂਰੀ ਹੈ ਕਿ ਪੰਜਾਬ ਦੇ ਫੈਸਲੇ ਉਥੇ ਵਸਣ ਵਾਲਿਆਂ ਨੇ ਹੀ ਕਰਨੇ ਹਨ ਅਤੇ ਅਸੀਂ ਜੇਕਰ ਉਨਾਂ ਦੀਆਂ ਮੁਸ਼ਕਲਾ ਨੂੰ ਸੁਲਝਾ ਨਹੀਂ ਸਕਦੇ ਤਾਂ ਉਲਝਾਈਏ ਵੀ ਨਾਂ।

ਵਿਨਕਾਂਸਿਨ ਦੀ ਘਟਨਾਂ ਇਕੱ ਐਸੇ ਸਿਰ ਫਿਰੇ ਵਿਅਕਤੀ ਵਲੋਂ ਕੀਤੀ ਗਈ ਹੈ ਜਿਸ ਨੂੰ ਆਪਣੇ ਸ੍ਰੇਸ਼ਟ ਰੰਗ ਜਾਂ ਨਸਲ ਦਾ ਬਹੁਤਾ ਮਾਣ ਹੈ। ਅਸੀਂ ਭਾਵੇਂ ਮੰਨੀਏਂ ਜਾਂ ਨਾਂ ਅੱਜ ਅਸੀਂ ਵੱਖੋ ਵੱਖ 'ਮਜ਼ਹਬੀ' ਧੜਿਆਂ ਵਿਚ ਵੰਡੇ ਹੋਏ ਐਸੇ ਹੀ ਵਿਸ਼ਵਾਸ ਨੂੰ ਕਿਸੇ ਨਾ ਕਿਸੇ ਹੱਦ ਤਕ ਅਪਣਾਏ ਹੋਏ ਹਾਂ ਅਤੇ ਇਸ ਜ਼ਹਿਰ ਦੇ ਸੂਏ ਅਸੀਂ ਆਪਣੇ ਬੱਚਿਆਂ ਦੀਆਂ ਨਸਾਂ ਵਿਚ ਵੀ ਲਗਾ ਰਹੇ ਹਾਂ। ਸਾਡੇ ਗੁਰੂ ਸਾਹਿਬਾਨ ਦਾ ਸੁਨੇਹਾ ਭਾਵੇਂ ਕਿੰਨਾ ਵੀ ਮਾਨਵੀ ਅਤੇ ਸਰਬ ਸਾਂਝੀਵਾਲਤਾ ਵਾਲਾ ਹੋਵੇ ਪਰ ਅਸੀਂ ਉਸ ਸੁਨੇਹੇ ਦਾ ਉਲੱਥਾ ਨਫਰਤ ਅਤੇ ਟਕਰਾਓ ਵਿਚ ਕਰ ਰਹੇ ਹਾਂ। ਆਏ ਦਿਨ ਅਸੀਂ ਦਸਮ ਗ੍ਰੰਥ, ਰਾਗ ਮਾਲਾ, ਮੂਲ ਮੰਤ੍ਰ ਅਤੇ ਹੋਰ ਪਤਾ ਨਹੀਂ ਕਿੰਨੀ ਕਿਸਮ ਦੇ 'ਧਰਮੀ' ਮੁੱਦੇ ਅੱਗੇ ਲਿਆ ਕੇ ਆਪਸੀ ਭੇੜ ਲਈ ਪਿੜ ਪਧਰਾ ਕਰਦੇ ਰਹਿੰਦੇ ਹਾਂ । ਸਾਨੂੰ ਸਦਾ ਹੀ ਜਾਂ ਤਾਂ ਇੱਕ ਦੂਸਰੇ ਤੋਂ ਅਤੇ ਜਾਂ ਕਿਸੇ ਹੋਰ ਮਜ਼ਹਬ ਤੋਂ ਖਤਰਾ ਬਣਿਆਂ ਰਹਿੰਦਾ ਹੈ । ਬੇਲੋੜੇ ਦਗਮਜ਼ੇ ਅਤੇ ਹਾਰੇ ਹੋਏ ਨਾਅਰੇ ਸਾਡੀ ਅੰਦਰੂਨੀ ਦੀਨਤਾ ਦਾ ਪ੍ਰਗਟਾਵਾ ਹਨ । ਅਮਰੀਕਾ ਵਿਚ ਹੋਈ ਖੂਨੀ ਘਟਨਾਂ ਦੇ ਅੰਤਰਗਤ ਅੱਜ ਸਾਨੂੰ ਆਪਣੇ ਗਿਰੇਵਾਨ ਵਿਚ ਮੁੜ ਝਾਕਣ ਦੀ ਲੋੜ ਹੈ ਕਿ ਅਸੀਂ ਦੂਸਰਿਆਂ ਦੀ ਨਿਗ੍ਹਾ ਵਿਚ ਜ਼ਿੰਮੇਵਾਰ, ਸ਼ਾਤਮਈ ਅਤੇ ਸੁਲਝੇ ਹੋਏ ਲੋਕ ਹਾਂ ਜਾਂ ਕਿ ਕੁਝ ਹੋਰ !!!


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top