Share on Facebook

Main News Page

ਸ੍ਰੀ ਅਕਾਲ ਤਖ਼ਤ ਸਾਹਿਬ ਜਥੇ ਵੱਲੋਂ ਅੱਜ ਜਿਲ੍ਹਾ ਲੈਵਲ ’ਤੇ ਦਿੱਤੇ ਗਏ ਡੀ.ਸੀ. ਰਾਹੀਂ ਰਾਜਪਾਲ ਪੰਜਾਬ ਨੂੰ ਮੈਮੋਰੈਂਡਮ

* ਸਰਕਾਰ ਦੇ ਸੰਵਿਧਾਨਿਕ ਮੁੱਖੀ ਹੋਣ ਦੇ ਨਾਤੇ ਸਮਾਂ ਰਹਿੰਦੇ ਅਮਲੀ ਕਾਰਵਾਈ ਕਰੋ, ਨਹੀਂ ਤਾਂ ਸੰਘਰਸ਼ ਦੇ ਸੰਘਰਸ਼ ਦੇ ਵੱਡਾ ਹੋਣ ਨਾਲ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋਵੇਗਾ

ਬਠਿੰਡਾ, 16 ਅਗਸਤ (ਕਿਰਪਾਲ ਸਿੰਘ): ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਗਠਿਤ ਕੀਤੀ 18 ਮੈਂਬਰੀ ਕਮੇਟੀ ਵੱਲੋਂ ਰਾਧਾ ਸੁਆਮੀ ਡੇਰੇ ਦੀਆਂ ਵਧੀਕੀਆਂ ਰੋਕਣ ਲਈ 'ਅਕਾਲ ਤਖ਼ਤ ਸਾਹਿਬ ਸੇਵਕ ਜਥਾ' ਦੇ ਨਾਂ ਹੇਠ 16 ਅਗਸਤ ਨੂੰ ਸਮੁੱਚੇ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਅਤੇ ਦੇਸ਼-ਵਿਦੇਸ਼ 'ਚ ਵੀ ਉੱਚ ਅਧਿਕਾਰੀਆਂ ਨੂੰ ਰੋਸ ਵਜੋਂ ਯਾਦ ਪੱਤਰ ਦਿੱਤੇ ਜਾਣ ਦੇ ਲਏ ਫੈਸਲੇ ਅਨੁਸਾਰ ਅੱਜ ਪੰਜਾਬ ਭਰ ’ਚ ਜਿਲ੍ਹਾ ਡਿਪਟੀ ਕਮਿਸ਼ਨਰਾਂ ਰਾਹੀਂ ਰਾਜਪਾਲ ਪੰਜਾਬ ਨੂੰ ਯਾਦ ਪੱਤਰ ਦੇ ਕੇ ਚਿਤਾਵਨੀ ਦਿੱਤੀ ਗਈ ਕਿ ਸਰਕਾਰ ਦੇ ਸੰਵਿਧਾਨਿਕ ਮੁੱਖੀ ਹੋਣ ਦੇ ਨਾਤੇ ਸਮਾ ਰਹਿੰਦੇ ਅਮਲੀ ਕਾਰਵਾਈ ਕਰੋ ਨਹੀਂ ਤਾਂ ਸੰਘਰਸ਼ ਦੇ ਵੱਡਾ ਹੋਣ ਨਾਲ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋਵੇਗਾ।

ਗੁਰਦੁਆਰਾ ਕਿਲਾ ਮੁਬਾਰਕ ਬਠਿੰਡਾ ਵਿਖੇ ਇਕੱਤਰ ਹੋਈਆਂ ਸਿੱਖ ਸੰਗਤਾਂ ਨੇ ਅਰਦਾਸ ਕਰਨ ਉਪ੍ਰੰਤ ਸ਼੍ਰੀ ਅਕਾਲ ਤਖ਼ਤ ਸਹਿਬ ਸੇਵਕ ਦਲ ਬਠਿੰਡਾ ਵੱਲੋਂ ਬਾਬਾ ਪਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ, ਭਾਈ ਰੇਸ਼ਮ ਸਿੰਘ ਬਲਾਹੜ ਮਹਿਮਾਂ ਸ਼੍ਰੋਮਣੀ ਅਕਾਲੀ ਦਲ (ਅ), ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਅਤੇ ਪਰਮਿੰਦਰ ਸਿੰਘ ਬਾਲਿਆਂਵਾਲੀ ਜਿਲ੍ਹਾ ਪ੍ਰਧਾਨ ਸ਼੍ਰ.ਅ.ਦ. (ਅ) ਦੀ ਅਗਵਾਈ ਹੇਠ ਬਜਾਰ ਵਿੱਚੋਂ ਹੁੰਦੀਆਂ ਹੋਈਆਂ ਮਿੰਨੀ ਸਕੱਤਰੇਤ ਦੇ ਰਾਜਿੰਦਰਾ ਸਰਕਾਰੀ ਕਾਲਜ ਸਾਈਡ ਵਾਲੇ ਗੇਟ ’ਤੇ ਪਹੁੰਚੀਆਂ ਜਿਥੇ ਡੀ.ਆਰ.ਓ. ਨੇ ਡਿਪਟੀ ਕਮਿਸ਼ਨਰ ਦੀ ਤਰਫੋਂ ਉਨ੍ਹਾਂ ਤੋਂ ਯਾਦ ਪੱਤਰ ਪ੍ਰਾਪਤ ਕੀਤਾ। ਉਨ੍ਹਾਂ ਵਾਅਦਾ ਕੀਤਾ ਕਿ ਇਹ ਯਾਦ ਪੱਤਰ ਯੋਗ ਪ੍ਰਣਾਲੀ ਰਾਹੀਂ ਗਵਰਨਰ ਪੰਜਾਬ ਨੂੰ ਕਾਰਵਈ ਕਰਨ ਲਈ ਭੇਜ ਦਿੱਤਾ ਜਾਵੇਗਾ। ਯਾਦ-ਪੱਤਰ ’ਚ ਰਾਧਾ ਸਵਾਮੀ ਡੇਰਾ ਬਿਆਸ ਦੀਆਂ ਵਧੀਕੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਗਿਆ ਕਿ ਡੇਰੇ ਵਾਲਿਆਂ ਨੇ ਪਿਛਲੇ ਸਮੇਂ ਵਿੱਚ ਪਿੰਡ ਵੜੈਚ ਦਾ ਇੱਕ ਗੁਰਦੁਆਰਾ ਬੇਦਰਦੀ ਨਾਲ ਢਾਹ ਕੇ ਆਪਣੇ ਡੇਰੇ ਵਿੱਚ ਮਿਲਾਉਣ ਦੀ ਕੋਝੀ ਹਰਕਤ ਕੀਤੀ। ਇਸ ਤੋਂ ਪਹਿਲਾਂ ਆਪਣੀ ਤਹਿਸ਼ੁਦਾ ਨੀਤੀ ਅਨੁਸਾਰ ਇਸੇ ਹੀ ਪਿੰਡ ’ਚ ਭਾਈ ਜੀਵਨ ਸਿੰਘ ਦੇ ਨਾਮ ਦੇ ਇੱਕ ਹੋਰ ਗੁਰਦੁਆਰੇ ਦੇ ਆਲੇ ਦੁਆਲੇ ਜੇ.ਸੀ.ਬੀ. ਮਸ਼ੀਨਾਂ ਨਾਲ 20-25 ਫੁੱਟ ਡੂੰਘੀਆਂ ਖਾਈਆਂ ਖੋਦ ਦਿੱਤੀਆਂ ਤਾਂ ਜੋ ਗੁਰਦੁਆਰਾ ਢਹਿ ਜਾਵੇ ਤੇ ਬਾਅਦ ’ਚ ਲਾਲਚ ਦੇ ਕੇ ਖ੍ਰੀਦ ਲਿਆ।

ਯਾਦ-ਪੱਤਰ ’ਚ ਅੱਗੇ ਲਿਖਿਆ ਗਿਆ ਕਿ ਜਦੋਂ ਇਨ੍ਹਾਂ ਗੁਰਦੁਆਰਾ ਸਾਹਿਬਾਨ ਦੀ ਹੋਂਦ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਸੀ ਤਾਂ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਕਿ ਪਿਛਲੇ 30-40 ਸਾਲਾਂ ਤੋਂ ਇੱਕ ਸਾਜਿਸ਼ ਅਧੀਨ ਇਹ ਡੇਰਾ ਨਾਲ ਲਗਦੇ ਕਈ ਪਿੰਡਾਂ ਦੀ ਹਜਾਰਾਂ ਏਕੜ ਜਮੀਨ ਲਾਲਚ ਅਤੇ ਡਰਾਉਣ ਧਮਕਾਉਣ ਦੀ ਨੀਤੀ ਤਹਿਤ ਹੜੱਪ ਕਰ ਚੁੱਕਾ ਹੈ। ਖੋਜ ਪੜਤਾਲ ਤੋਂ ਇਹ ਵੀ ਪਤਾ ਲੱਗਾ ਕਿ ਇਸ ਇਲਾਕੇ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਮਾਤਾ ਗੰਗਾ ਜੀ (ਮਹਿਲ ਗੁਰੂ ਅਰਜੁਨ ਸਾਹਿਬ ਜੀ) ਸੀ ਜੋ ਕਦੋਂ ਦਾ ਡੇਰੇ ਦਾ ਹਿੱਸਾ ਬਣਾ ਲਿਆ ਗਿਆ ਹੈ। ਅਜੀਬ ਗੱਲ ਇਹ ਹੈ ਕਿ ਜਦੋਂ 1896 ’ਚ ਇਹ ਡੇਰਾ ਇੱਥੇ ਸਥਾਪਿਤ ਕੀਤਾ ਜਾ ਰਿਹਾ ਸੀ ਤਾਂ ਪਿੰਡ ਬੱਲ ਸਰਾਂ ਦੇ ਕੁਝ ਮੋਹਤਵਰ ਬੰਦਿਆਂ ਨੇ ਇਸ ਡੇਰੇ ਦੇ ਕਥਿਤ ਮੁਖੀ ਜੈਮਲ ਸਿੰਘ ਨੂੰ ਕੁਝ ਜਮੀਨ ਧਰਮਸ਼ਾਲਾ ਬਣਾਉਣ ਲਈ ਦਿੱਤੀ ਸੀ ਜੋ ਕਿ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਬਕਾਇਦਾ ਰਜਿਸਟਰੀ ਕਰਵਾਈ ਸੀ। ਪਰ ਅੱਜ ਇੱਥੇ ਨਾ ਤਾਂ ਧਰਮਸ਼ਾਲਾ ਹੈ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ। ਯਾਦ-ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸਰਕਾਰ ਉਪ੍ਰੋਕਤ ਸਾਰੇ ਜ਼ੁਲਮੀ ਵਰਤਾਰੇ ’ਚ ਸ਼ਾਮਲ ਵਿਆਕਤੀਆਂ ਜਿਨ੍ਹਾਂ ਨੇ ਅਜਿਹੇ ਹਾਲਤ ਪੈਦਾ ਕੀਤੇ ਤੇ ਕਰਵਾਏ ਹਨ ਖਿਲਾਫ ਕੇਸ ਦਰਜ਼ ਕਰਕੇ ਪੂਰੀ ਪੜਤਾਲ ਕਰੇ। ਸਰਕਾਰ ਇਹ ਵੀ ਸਪਸ਼ਟ ਕਰੇ ਕਿ ਮੌਜੂਦਾ ਰਾਜ ਸਰਕਾਰ ਵਿੱਚ ਕਿਹੜਾ ਐਸਾ ਮਹੱਤਵਪੂਰਨ ਵਿਅਕਤੀ ਹੈ, ਜਿਸ ਦੀ ਸ਼ਹਿ ਅਤੇ ਇਸ਼ਾਰੇ ’ਤੇ ਬਿਆਸ ਨੇੜਲੀ ਸਰਕਾਰੀ ਮਸ਼ੀਨਰੀ ਡੇਰੇ ਦੇ ਨੌਕਰ ਹੋਣ ਦਾ ਫਰਜ ਨਿਭਾ ਰਹੀ ਹੈ। ਦਿੱਤੇ ਗਏ ਯਾਦ-ਪਤਰ ’ਚ ਇਹ ਵੀ ਮੰਗ ਕੀਤੀ ਕਿ ਸਮੁਚੀ ਕਾਰਵਾਈ ਸੀਬੀਆਈ ਦੇ ਹਵਾਲੇ ਕਰਕੇ ਤੱਥ ਜਨਤਕ ਕਰੇ।

ਸ਼੍ਰੀ ਅਕਾਲ ਤਖ਼ਤ ਸਹਿਬ ਸੇਵਕ ਦਲ ਨੇ ਆਪਣੇ ਯਾਦ-ਪੱਤਰ ’ਚ ਰਾਜਪਾਲ ਪੰਜਾਬ ਨੂੰ ਚਿਤਾਵਨੀ ਦਿੱਤੀ ਕਿ ਉਪ੍ਰੋਕਤ ਦੱਸੀਆਂ ਹਕੀਕਤਾਂ ਤੇ ਹੋਰ ਬਹੁਤ ਸਾਰੇ ਅਜਿਹੇ ਜੁਲਮ ਜੋ ਡੇਰੇ ਵਾਲੇ ਸਰਕਾਰੀ ਸਰਪ੍ਰਸਤੀ ਹੇਠ ਲੰਬੇ ਸਮੇਂ ਤੋਂ ਉਸ ਇਲਾਕੇ ਵਿੱਚ ਕਰ ਰਹੇ ਹਨ, ਨੂੰ ਠੱਲ੍ਹ ਪਾਉਣ ਤੇ ਸਿੱਖ ਕੌਮ ਦੇ ਸਮੁੱਚੇ ਗੁਰਦੁਆਰਾ ਸਾਹਿਬ ਜੋ ਡੇਰੇ ਵਿੱਚ ਸ਼ਾਮਲ ਕਰ ਲਏ ਗਏ ਹਨ, ਸਿੱਖ ਕੌਮ ਨੂੰ ਵਾਪਸ ਦਿਵਾਉਣ ਲਈ ਸਰਕਾਰ ਦੇ ਸੰਵਿਧਾਨਿਕ ਮੁੱਖੀ ਹੋਣ ਦੇ ਨਾਤੇ ਸਮਾ ਰਹਿੰਦੇ ਅਮਲੀ ਕਾਰਵਾਈ ਕਰੇ ਨਹੀਂ ਤਾਂ ਸੰਘਰਸ਼ ਦੇ ਵੱਡਾ ਹੋਣ ਨਾਲ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋਵੇਗਾ।

ਇਸ ਸਮੇਂ ਉਕਤ ਆਗੂਆਂ ਤੋਂ ਇਲਾਵਾ, ਸੁਖਦੇਵ ਸਿੰਘ ਕਾਲਾ ਪ੍ਰੈੱਸ ਸਕਤਰ ਸ਼੍ਰੋ.ਅ.ਦ (ਅ), ਭਾਈ ਬਲਦੇਵ ਸਿੰਘ ਗਹਿਰੀ ਭਾਗੀ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਸ਼੍ਰੋ.ਅ.ਦ (ਅ), ਭਾਈ ਸਿਮਰਨਜੋਤ ਸਿੰਘ ਖ਼ਾਲਸਾ ਜਿਲ੍ਹਾ ਪ੍ਰਧਾਨ ਯੂਥ ਵਿੰਗ ਸ਼੍ਰੋ.ਅ.ਦ (ਅ), ਭਾਈ ਸੁਖਦੇਵ ਸਿੰਘ ਕਾਲਾ ਪ੍ਰੈੱਸ ਸਕਤਰ ਸ਼੍ਰੋ.ਅ.ਦ (ਅ), ਭਾਈ ਮਹਿੰਦਰ ਸਿੰਘ ਖ਼ਾਲਸਾ, ਭਾਈ ਅਜੈਬ ਸਿੰਘ ਗਹਿਰੀ ਭਾਗੀ, ਭਾਈ ਨਛੱਤਰ ਸਿੰਘ, ਭਾਈ ਉੱਜਲ ਸਿੰਘ ਮੰਡੀਕਲਾਂ ਸਾਰੇ ਸ਼੍ਰੋ.ਅ.ਦ (ਅ), ਬਾਬਾ ਬਲਜੀਤ ਸਿੰਘ ਦਾਦੂਵਾਲੇ ਦੇ ਪਿਤਾ ਬਾਪੂ ਪ੍ਰੀਤਮ ਸਿੰਘ, ਸੂਬੇਦਾਰ ਬਲਦੇਵ ਸਿੰਘ, ਕਰਨਲ ਦਇਆ ਸਿੰਘ, ਜਸਪ੍ਰੀਤ ਸਿੰਘ, ਗੁਰਚਰਨ ਸਿੰਘ ਆਦਿ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top