Share on Facebook

Main News Page

ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ! ਜੋ ਮੈਂ ਜ਼ਿੰਦਗੀ ਦੇ ਆਖਰੀ ਦਿਨਾਂ ਵਿਚ ਜਾਣਿਆ
- ਅਮਰਜੀਤ ਸਿੰਘ ਚੰਦੀ  91 95685 41414

ਕਹਿੰਦੈ ਸੱਚ ਬੜਾ ਕੌੜਾ ਹੁੰਦਾ, ਪਰ ਇਹ ਸੱਚ ਸ਼ਾਇਦ ਸਭ ਤੋਂ ਕੌੜਾ ਹੈ। (ਮੈਨੂੰ ਤਾਂ ਜ਼ਰੂਰ ਸਭ ਤੋਂ ਕੌੜਾ ਲੱਗਾ ਹੈ) ਇਹੀ ਸੋਚ ਕੇ, ਇਹ ਹਰ ਘਰ ਦਾ ਕੌੜਾ ਸੱਚ, ਮੈਂ ਸਭ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਜਿਸ ਹਿਸਾਬ ਨਾਲ ਇਹ ਸੱਚ ਮੇਰੇ ਸਾਮ੍ਹਣੇ ਆਇਆ ਹੈ, ਉਸ ਹਿਸਾਬ ਤਾਂ ਇਸ ਬਾਰੇ ਜਾਣਕਾਰੀ, ਤਕਰੀਬਨ ਸਭ ਨੂੰ ਹੀ ਹੋਣੀ ਚਾਹੀਦੀ ਹੈ, ਭਾਵੇਂ ਇਸ ਦੀ ਕੁੜੱਤਣ ਬਾਰੇ, ਸਭ ਸੁਚੇਤ ਨਾ ਵੀ ਹੋਣ। ਇਹ ਵੀ ਸੰਭਵ ਹੈ ਕਿ ਇਸ ਤੋਂ ਮੇਰੇ ਵਰਗੇ ਕਈ,ਅਣਜਾਣ ਵੀ ਹੋਣ।

ਮੈਂ ਆਪਣੇ ਪਰਿਵਾਰ ਵਿਚੋਂ, ਸਭ ਤੋਂ ਛੋਟਾ ਸੀ। ਮਾਤਾ ਜੀ, ਬਚਪਨ ਦੇ ਸ਼ੁਰੂਆਤੀ ਦੌਰ ਵਿਚ ਹੀ ਗੁਜ਼ਰ ਗਏ, ਮੇਰੇ ਦਿਮਾਗ ਵਿਚ ਉਨ੍ਹਾਂ ਦੀ ਕੋਈ ਯਾਦ ਵੀ ਨਹੀਂ ਹੈ। ਜਵਾਨੀ ਸ਼ੁਰੂ ਹੁੰਦਿਆਂ ਹੀ, ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ, ਸਸਕਾਰ ਆਦਿ ਦੀਆਂ ਕਿਰਿਆਵਾਂ ਦੀ ਜ਼ਿਮੇਵਾਰੀ, ਵੱਡੇ ਭਰਾਵਾਂ ਦੇ ਸਿਰ ਸੀ, ਇਸ ਲਈ ਇਸ ਸੱਚ ਬਾਰੇ ਕੋਈ ਜਾਣਕਾਰੀ ਨਾ ਹੋਈ।

ਪਰ ਹੁਣ ਜਦ ਮੈਂ ਆਪ ਜ਼ਿੰਦਗੀ ਦੇ 72 ਸਾਲ ਪਾਰ ਕਰ ਰਿਹਾ ਹਾਂ, ਅਤੇ ਕਰਮ-ਕਾਂਡਾਂ ਤੋਂ ਵੀ ਬਹੁਤ ਦੂਰ ਹਾਂ, ਇਕ ਦਿਨ ਆਪਣੀ ਜੀਵਨ-ਸਾਥਣ ਨਾਲ ਬੈਠਾ ਵਿਚਾਰ ਕਰ ਰਿਹਾ ਸੀ ਕਿ, (ਹਾਲਾਂਕਿ ਸਾਡੇ ਦੋਵਾਂ ਦੀ ਚਾਹ ਤਾਂ ਇਹੀ ਹੈ, ਕਿ ਅਸੀਂ ਦੋਵੇਂ ਇਕੱਠੇ ਹੀ ਚਲਾਣਾ ਕਰ ਜਾਈਏ, ਪਰ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਤਾਂ ਕਰਤਾਰ ਦੀ ਖੇਡ ਹੈ) ਆਪਣੇ ਵਿਚੋਂ ਜੋ ਵੀ ਪਹਿਲਾਂ ਤੁਰ ਗਿਆ, ਉਸ ਦੇ ਮਿਰਤਕ ਸੰਸਕਾਰ ਵਿਚ, ਦੂਸਰੇ ਨੂੰ ਕੀ ਕਰਨਾ ਚਾਹੀਦਾ ਹੈ?

ਮੇਰਾ ਕਹਿਣਾ ਸੀ ਕਿ ਆਪਣੇ ਵਿਚੋਂ ਜੋ ਵੀ ਬਚੇਗਾ, ਉਹ ਸਸਕਾਰ ਤੋਂ ਦੂਸਰੇ ਅਤੇ ਤੀਸਰੇ ਦਿਨ, ਦੋਸਤਾਂ ਮਿਤ੍ਰਾਂ ਨੂੰ ਸੱਦ ਕੇ, ਗੁਰਮਤਿ ਵਿਚਾਰਾਂ ਕਰੇਗਾ, ਦੋਵੇਂ ਦਿਨ ਦੋਸਤਾਂ ਮਿਤ੍ਰਾਂ ਦੀ ਖੂਬ ਆਉ ਭਗਤ ਕਰੇਗਾ। ਤੀਸਰੇ ਦਿਨ ਸ਼ਾਮ ਵੇਲੇ, ਅੰਗੀਠਾ ਇਕੱਠਾ ਕਰ ਕੇ, ਕਿਸੇ ਨੇੜਲੀ ਨਦੀ ਵਿਚ ਪਾਉਣ ਮਗਰੋਂ, ਦੋਸਤ ਮਿਤ੍ਰ ਵਿਦਾ ਹੋਣਗੇ, ਅਤੇ ਉਸ ਬਚੇ ਹੋਏ ਸਾਥੀ ਲਈ ਵੀ, ਵਿਛੜੇ ਸਾਥੀ ਪ੍ਰਤੀ ਕੋਈ ਫਰਜ਼ ਬਾਕੀ ਨਹੀਂ ਰਹ ਜਾਵੇਗਾ।

ਪਰ ਮੇਰੀ ਜੀਵਨ-ਸਾਥਣ ਇਸ ਗੱਲ ਨਾਲ ਸਹਿਮਤ ਨਹੀਂ ਹੋ ਪਾ ਰਹੀ ਸੀ। ਇਹ ਨਹੀਂ ਕਿ ਉਹ ਕਰਮ-ਕਾਂਡਾਂ ਦੀ ਸ਼ੌਕੀਨ ਹੈ, ਪਰ ਮਸਲ੍ਹਾ ਏਥੇ ਅਟਕ ਰਿਹਾ ਸੀ ਕਿ, ਬੱਚਿਆਂ ਨੇ ਅਖੰਡ-ਪਾਠ ਕਰਵਾਉਣਾ ਹੀ ਕਰਵਾਉਣਾ ਹੈ, ਜਿਸ ਦੇ ਭੋਗ ਸਮੇਂ ਲੰਗਰ ਵੀ ਕੀਤਾ ਹੀ ਜਾਵੇਗਾ। ਇਸ ਤਰ੍ਹਾਂ ਇਹ ਪ੍ਰੋਗਰਾਮ, ਤੀਸਰੇ ਦਿਨ ਨਹੀਂ ਨਿਬੜਨ ਵਾਲਾ।

ਮੇਰਾ ਤਰਕ ਸੀ ਕਿ, ਜਦ ਦੋਸਤ-ਮਿਤ੍ਰ, ਦੋ ਦਿਨ ਗੁਰਮਤਿ ਵਿਚਾਰਾਂ ਕਰ ਕੇ, ਅੰਗੀਠੇ ਦੀ ਸੰਭਾਲ ਕਰ ਕੇ ਜਾਣਗੇ, ਤਾਂ ਫਿਰ ਇਸ ਸਭ ਦਾ ਕੀ ਅਰਥ? ਉਹ ਮੁੜ-ਮੁੜ ਕੇ ਕਹਿ ਰਹੀ ਸੀ ਕਿ, ਉਹ ਤਾਂ ਕਰਨਗੇ ਹੀ। ਮੈਂ ਕਿਹਾ, ਅਖੰਡ-ਪਾਠ ਦਾ ਕੋਈ ਮਹੱਤਵ ਤਾਂ ਹੈ ਨਹੀਂ, ਨਾ ਕੋਈ ਸੁਣਦਾ ਹੀ ਹੈ, ਨਾ ਸੁਣ ਹੀ ਹੁੰਦਾ ਹੈ, ਨਾ ਸਮਝ ਹੀ ਆਉਂਦੀ ਹੈ, ਫਿਰ ਇਹ ਜ਼ਰੂਰੀ ਕਿਉਂ? ਉਸ ਦਾ ਕਹਿਣਾ ਸੀ ਕਿ ਇਹ ਬਹੁਤ ਜ਼ਰੂਰੀ ਹੈ। ਮੈਂ ਕਿਹਾ, ਮੇਰੀ ਤਾਂ ਸਮਝ ਨਹੀਂ ਆਉਂਦਾ ਕਿ ਇਹ ਜ਼ਰੂਰੀ ਕਿਉਂ ਹੈ? ਅੱਜ-ਕਲ ਸਭ ਨੂੰ, ਇਕ ਦੂਸਰੇ ਨਾਲ ਜਿੰਨਾ ਕੁ ਪਿਆਰ ਹੈ, ਉਹ ਸਭ ਜਾਣਦੇ ਹਨ, ਅਤੇ ਗੁਰਬਾਣੀ ਵੀ ਕਹਿੰਦੀ ਹੈ,

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ (332)

ਉਸ ਕਿਹਾ, ਸਭ ਠੀਕ ਹੈ, ਪਰ ਬੱਚੇ ਫਿਰ ਵੀ, ਅਖੰਡ-ਪਾਠ ਜ਼ਰੂਰ ਕਰਵਾਉਣਗੇ। ਮੈਂ ਕਿਹਾ, ਗੁਰਬਾਣੀ ਤਾਂ ਕਹਿੰਦੀ ਹੈ,

ਘਰ ਕੀ ਨਾਰਿ ਬਵੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ॥ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰਿ ਭਾਗੀ ॥2॥ (643) ਅਤੇ,

ਭਾਈ ਬੰਧ ਕੁਟੰਬ ਸਹੇਰਾ ॥ ਓਇ ਭੀ ਲਾਗੇ ਕਾਢੁ ਸਵੇਰਾ ॥2॥ ਘਰ ਕੀ ਨਾਰਿ ਉਰਹਿ ਤਨ ਲਾਗੀ ॥ ਉਹ ਤਉ ਭੁਤੁ ਭੁਤੁ ਕਰਿ ਭਾਗੀ ॥3॥ (794)

ਜਦ ਘਰ ਦੀ ਜਨਾਨੀ ਹੀ ਇਹ ਵਿਹਾਰ ਕਰਦੀ ਹੈ (ਮਰਦ ਦਾ ਵੀ ਇਹੀ ਹਾਲ ਹੈ) ਫਿਰ ਇਨ੍ਹਾਂ ਬੱਚਿਆਂ ਦੇ ਇਸ ਉਚੇਚੇ ਪਿਆਰ ਦਾ ਕੀ ਮਤਲਬ? ਤਾਂ ਉਸ ਨੇ ਗੱਲ ਖੋਲੀ ਕਿ ਇਸ ਦਾ ਉਹੀ ਮਤਲਬ ਹੈ, ਜੋ ਤੁਸੀਂ ਹੁਣੇ ਕਿਹਾ ਹੈ। ਅਖੰਡ-ਪਾਠ ਇਸ ਲਈ ਹੀ ਕਰਾਇਆ ਜਾਂਦਾ ਹੈ, ਘਰ ਵਿਚ ਹੀ ਕਰਾਇਆ ਜਾਂਦਾ ਹੈ, ਤਾਂ ਜੋ ਮਰੇ ਪ੍ਰਾਣੀ ਦਾ ਪ੍ਰੇਤ, ਘਰ ਵਿਚੋਂ ਨਿਕਲ ਜਾਵੇ ਅਤੇ ਘਰ ਸ਼ੁੱਧ ਹੋ ਜਾਵੇ। ਮੈਂ ਕਿਹਾ, ਮੈਂ ਅਜਿਹਾ ਨਹੀਂ ਮੰਨਦਾ, ਪਾਠ ਤਾਂ ਇਸ ਕਰ ਕੇ ਕਰਾਇਆ ਜਾਂਦਾ ਹੈ ਕਿ, ਘਰ ਵਾਲਿਆਂ ਦਾ ਧਿਆਨ ਬਾਣੀ ਵੱਲ ਹੋ ਕੇ ਉਨ੍ਹਾਂ ਦੇ ਦੁਖ ਵਿਚ ਘਾਟਾ ਹੋਵੇ ਅਤੇ ਭੋਗ ਵੇਲੇ, ਮਰੇ ਪ੍ਰਾਣੀ ਦੀ ਆਤਮਿਕ ਸ਼ਾਂਤੀ ਲਈ, ਸਮੂਹਕ ਤੌਰ ਤੇ ਅਰਦਾਸ ਕੀਤੀ ਜਾਂਦੀ ਹੈ। ਉਸ ਕਿਹਾ, ਤੁਸੀਂ ਸਭ ਜਾਣਦੇ ਵੀ ਗਲਤ ਕਹਿ ਰਹੇ ਹੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਸ ਅੰਤਿਮ ਅਰਦਾਸ ਦਾ ਮਰੇ ਪ੍ਰਾਣੀ ਨੂੰ ਕੋਈ ਲਾਭ ਨਹੀਂ ਹੁੰਦਾ।

ਜਦ ਘਰ ਵਾਲਿਆਂ ਨੂੰ ਕੋਈ ਦੁੱਖ ਹੀ ਨਹੀਂ ਹੁੰਦਾ, ਤਾਂ ਦੁੱਖ ਵਿਚ ਘਾਟੇ ਦਾ ਕੀ ਮਤਲਬ? (ਹਾਂ ਘਰ ਵਾਲਿਆਂ ਵਿਚੋਂ ਜਾਂ ਦੋਸਤਾਂ-ਮਿਤ੍ਰਾਂ ਵਿਚੋਂ, ਕੁਝ ਪ੍ਰਾਣੀ ਐਸੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਮਰੇ ਪ੍ਰਾਣੀ ਦਾ ਘਾਟਾ ਜ਼ਰੂਰ ਮਹਿਸੂਸ ਹੁੰਦਾ ਹੈ)। ਇਹ ਸਾਰਾ ਕੁਝ ਸਮਾਜਿਕ ਵਿਖਾਵੇ ਵਿਚ, ਇਸ ਲਈ ਕੀਤਾ ਜਾਂਦਾ ਹੈ, ਤਾਂ ਜੋ ਕੋਈ ਇਹ ਨਾ ਕਹੇ ਕਿ ਇਨ੍ਹਾਂ ਨੂੰ ਆਪਣੇ ਮਾਂ-ਬਾਪ ਦੇ ਮਰਨ ਦਾ ਕੋਈ ਦੁੱਖ ਹੀ ਨਹੀਂ ਹੈ। (ਇਸ ਦਾ ਪ੍ਰਤੱਖ ਸਬੂਤ ਹੈ, ਕਿ ਅਫਸੋਸ ਕਰਨ ਆਉਣ ਵਾਲੇ, ਘਰ ਦੇ ਦਰਵਾਜੇ ਤਕ ਹਸਦੇ-ਖੇਲਦੇ, ਇਕ ਦੂਸਰੇ ਨੂੰ ਮਜ਼ਾਕਾਂ ਕਰਦੇ ਆਉੰਦੇ ਹਨ ਅਤੇ ਘਰ ਵੜਦਿਆਂ ਹੀ, ਇਵੇਂ ਪਿੱਟ-ਸਿਆਪਾ ਹੁੰਦਾ ਹੈ, ਜਿਵੇਂ ਇਨ੍ਹਾਂ ਤੋਂ ਵੱਧ, ਮਰਨ ਵਾਲੇ ਲਈ ਕਿਸੇ ਨੂੰ ਦੁੱਖ ਹੀ ਨਾ ਹੋਵੇ) ਜਦ ਅਜਿਹੇ ਮੌਕੇ, ਅਜਿਹੇ ਮਕਸਦ ਲਈ ਅਖੰਡ ਪਾਠ ਕਰਵਾਉਣਾ ਹੈ, ਤਾਂ ਆਏ ਸਾਕ-ਸਬੰਧੀਆਂ ਨੂੰ ਲੰਗਰ ਛਕਾਉਣ ਦਾ ਅੱਕ ਤਾਂ ਚੱਬਣਾ ਹੀ ਪੈਣਾ ਹੈ। ਪਰ ਇਸ ਦੀ ਅਸਲੀਅਤ ਇਹੀ ਹੈ, ਕਿ ਘਰ, ਭੁਤ-ਪ੍ਰੇਤ ਤੋਂ, ਪਾਤਕ ਤੋਂ ਪਵਿਤ੍ਰ ਹੋ ਜਾਵੇ ।

ਸੋਚਦਾ ਹਾਂ ਕਿ, ਜਦ ਅਸੀਂ ਸੂਤਕ-ਪਾਤਕ ਦੇ ਚੱਕਰ ਵਿਚ, ਏਨੇ ਡੂੰਘੇ ਧਸੇ ਹੋਏ ਹਾਂ, ਤਾਂ ਅਸੀਂ ਗੁਰਬਾਣੀ ਨੂੰ ਕਿੰਨਾ ਕੁ ਸਮਝਿਆ ਹੈ? ਅਤੇ ਅਸੀਂ ਉਸ ਦੇ ਕਿੰਨੇ ਕੁ ਸਿੱਖ ਹਾਂ? ਜੇ ਮੇਰੇ ਬੱਚੇ, ਮੇਰੇ ਦੋਸਤ-ਮਿਤ੍ਰ, ਮੇਰੇ ਮਰਨ 'ਤੇ ਖੁਸ਼ੀ ਮਨਾਉਂਦੇ ਹਨ, ਤਾਂ ਇਸ ਵਿੱਚ ਕੁੱਝ ਵੀ ਬੁਰਾ ਨਹੀਂ ਹੈ, ਕਿਉਂਕਿ ਇਸ ਨਾਲ, ਕਿਤੇ ਵੀ ਗੁਰਬਾਣੀ ਸਿਧਾਂਤਾਂ ਦੀ ਉਲੰਘਣਾ ਨਹੀਂ ਹੁੰਦੀ। ਪਰ ਜੇਕਰ ਉਹ ਸੂਤਕ-ਪਾਤਕ ਦੇ ਭਰਮ ਵਿਚ ਅਖੰਡ ਪਾਠ ਕਰਵਾ ਕੇ, ਲੰਗਰ ਲਾਉਂਦੇ ਹਨ, ਤਾਂ ਉਨ੍ਹਾਂ ਦੀ ਭਾਵਨਾ ਅਨੁਸਾਰ, ਇਹ ਸਰਾ-ਸਰ ਗੁਰਮਤਿ ਦੀ ਉਲੰਘਣਾ ਹੈ, ਜੋ ਉਹ ਗੁਰੂ ਦੀ ਗੋਦ ਵਿਚ ਬੈਠ ਕੇ ਕਰਦੇ ਹਨ। ਜੇ ਬੱਚਿਆਂ ਦੇ ਮਨ ਵਿੱਚ ਇਹੀ ਹੈ ਕਿ ਸਾਡੇ ਮਾਂ-ਬਾਪ ਨੇ ਮਰ ਕੇ ਪ੍ਰੇਤ ਹੀ ਬਣਨਾ ਹੈ (ਜਿਸ ਨੂੰ ਘਰੋਂ ਭਜਾਉਣ ਲਈ, ਪਖੰਡ-ਪਾਠ ਕਰਵਾਉਣਾ ਪੈਂਦਾ ਹੈ, ਤਾਂ ਇਸ ਤੋਂ ਵੱਡੀ, ਮਾਂ-ਬਾਪ ਨਾਲ ਹੋਰ ਕੀ ਨਫਰਤ ਹੋ ਸਕਦੀ ਹੈ? ਫਿਰ ਕਾਰਡਾਂ ਤੇ ਇਹ ਲਿਖਵਾਉਣ, “ਗੁਰਮੁਖਿ ਜਨਮ ਸਵਾਰ ਦਰਗਹ ਚਲਿਆ । ਸਚੀ ਦਰਗਹ ਜਾਇ ਸਚਾ ਪਿੜ ਮਲਿਆ ।” ਬਾਰੇ ਉਨ੍ਹਾਂ ਨੂੰ ਕਿੰਨਾ ਕੁ ਵਿਸ਼ਵਾਸ ਹੋ ਸਕਦਾ ਹੈ? ਇਹ ਆਪਣੇ-ਆਪ ਨੂੰ ਅਤੇ ਦੂਸਰਿਆਂ ਨੂੰ ਧੋਖਾ ਦੇਣਾ ਨਹੀਂ ਤਾਂ ਹੋਰ ਕੀ ਹੈ? ਸਿੱਖਾਂ ਦੇ ਵਿਖਾਵੇ ਅਤੇ ਅਸਲੀਅਤ ਵਿਚ ਕਿੰਨਾ ਫਰਕ ਪੈ ਗਿਆ ਹੈ? ਕੀ ਇਹ ਵਾਕਿਆ ਹੀ ਸਿੱਖ ਹਨ?

ਬੱਚੋ ਇਹ ਉਹੀ ਮਾਂ-ਬਾਪ ਹਨ, ਜੋ ਆਪ ਦੁੱਖ ਸਹਾਰ ਕੇ ਵੀ ਤੁਹਾਨੂੰ ਸੁਖ ਦੇਂਦੇ ਸਨ। ਤੁਸੀਂ ਅੱਜ ਜਿਸ ਮੁਕਾਮ 'ਤੇ ਹੋ, ਇਨ੍ਹਾਂ ਦੀ ਮਿਹਰ ਸਦਕਾ ਹੀ ਹੋ। ਦੁਨੀਆ ਦੇ ਡਰਾਂ ਤੋਂ ਭੱਜ ਕੇ ਤੁਸੀਂ, ਇਨ੍ਹਾਂ ਦੀ ਬੁੱਕਲ ਵਿਚ ਹੀ ਲੁਕਿਆ ਕਰਦੇ ਸੀ। ਫਿਰ ਇਹ ਅੱਜ, ਕਿਵੇਂ ਪ੍ਰੇਤ ਬਣ ਗਏ? ਲੜਕਪਨ ਵਿਚ ਇਕ ਕਹਾਣੀ ਸੁਣੀ ਸੀ ਕਿ, ਇਕ ਆਦਮੀ ਬਹੁਤ ਬਿਰਧ ਹੋ ਗਿਆ, ਘਰ ਵਾਲਿਆਂ ਨੂੰ ਉਹ ਬੋਝ ਜਾਪਣ ਲੱਗਾ। ਇਕ ਦਿਨ ਉਸ ਦਾ ਮੁੰਡਾ ਉਸ ਨੂੰ ਚੁਕ ਕੇ, ਨੇੜੇ ਵਗਦੀ ਨਦੀ ਤੇ ਲੈ ਗਿਆ, ਜਦ ਉਹ ਆਪਣੇ ਪਿਉ ਨੂੰ ਨਦੀ ਵਿਚ ਸੁੱਟਣ ਲੱਗਾ ਤਾਂ ਬਾਪ ਬੋਲਿਆ “ਤੂੰ ਮੈਨੂੰ ਨਦੀ ਵਿਚ ਤਾਂ ਸੁਟ ਦੇਈਂ, ਪਰ ਪਹਿਲਾਂ ਮੇਰੀ ਇਕ ਗੱਲ ਸੁਣ ਲਾ” ਬੇਟੇ ਨੇ ਆਖਿਆ, ਹਾਂ ਕਹੁ। ਤਾਂ ਬਾਪ ਨੇ ਕਿਹਾ “ਤੂੰ ਮੈਨੂ ਹੋਰ ਕਿਸੇ ਥਾਂ ਨਦੀ ਵਿਚ ਸੁਟ ਦੇਹ, ਪਰ ਏਥੇ ਨਾ ਸੁਟ” ਬੇਟੇ ਨੇ ਕਿਹਾ, ਇਸ ਨਾਲ ਕੀ ਫਰਕ ਪਵੇਗਾ? ਤਾਂ ਬਾਪ ਨੇ ਕਿਹਾ “ਏਥੇ ਮੈਂ ਆਪਣੇ ਬਾਪ ਨੂੰ ਸੁਟਿਆ ਸੀ, ਜੇ ਤੂੰ ਮੈਨੂੰ ਦੂਸਰੇ ਥਾਂ ਸੁਟੇਂਗਾ ਤਾਂ, ਹੋ ਸਕਦਾ ਕਿ ਇਸ ਨਾਲ, ਸਾਡੀ ਖਾਨਦਾਨੀ ਚਲੀ ਆਉਂਦੀ ਪਿਰਤ ਦੀ ਇਹ ਲੀਹ ਟੁੱਟ ਜਾਵੇ।

ਬੱਚਿਉ ਪੁਜਾਰੀਆਂ ਦੇ ਇਸ ਮਕੜ-ਜਾਲ ਤੋਂ ਬਾਹਰ ਨਿਕਲੋ, ਪਖੰਡ ਪਾਠਾਂ ਦੀ ਇਸ ਘੁੰਮਣ-ਘੇਰੀ ਤੋਂ ਬਚੋ। ਤੁਹਾਡੀ ਸੋਚ ਮੁਤਾਬਿਕ, ਘਰ ਵਿਚ ਗੁਰੂ ਗਰੰਥ ਸਾਹਿਬ ਜੀ ਦਾ ਤੋਤਾ-ਰਟਨ (ਅਖੰਡ-ਪਾਠ) ਕਰਵਾਉਣ ਨਾਲ, ਘਰ ਵਿਚੋਂ ਭੁਤ-ਪ੍ਰੇਤ ਭੱਜ ਜਾਂਦੇ ਹਨ, (ਇਹ ਤਾਂ ਤੁਹਾਡੀ ਇਕ ਕਲਪਨਾ ਭਰ ਹੀ ਹੈ) ਇਹ ਸੱਚ ਹੋਵੇ ਜਾਂ ਨਾ ਹੋਵੇ, ਪਰ ਇਹ ਬਹੁਤ ਵੱਡਾ ਸੱਚ ਹੈ ਕਿ, ਪੈਸੇ ਆਸਰੇ, ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ, ਕਰਮ ਕਾਂਡ ਕਰਵਾਉਣ ਨਾਲੋਂ, ਤੁਸੀਂ ਆਪ ਗੁਰਬਾਣੀ ਨੂੰ ਪੜ੍ਹੋ, ਉਸ ਪੜ੍ਹੇ ਨੂੰ ਸੁਣੋ, ਜੇ ਤੁਸੀਂ ਉਸ ਸੁਣੇ ਨੂੰ ਵਿਚਾਰ ਕੇ, ਆਪਣੇ ਜੀਵਨ ਵਿਚ ਢਾਲ ਲਵੋਂ ਤਾਂ, ਤੁਹਾਨੂੰ ਪੂਰੇ ਸੰਸਾਰ ਵਿਚ, ਕੋਈ ਵੀ ਭੁਤ-ਪ੍ਰੇਤ ਲੱਭਿਆਂ ਨਹੀਂ ਲੱਭਣ ਲੱਗਾ।

ਗੁਰਬਾਣੀ ਹੁਕਮ ਹੈ,

ਸਸੈ ਸਭੁ ਜਗੁ ਸਹਜਿ ਉਪਾਇਆ ਤੀਂਨਿ ਭਵਨ ਇਕ ਜੋਤੀ ॥ ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥
ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥ ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥2॥
(930)

ਜਿਸ ਕਰਤਾਰ ਨੇ ਕਿਸੇ ਉਚੇਚੇ ਉੱਦਮ ਤੋਂ ਬਿਨਾ ਹੀ, ਇਹ ਸਾਰਾ ਜਗਤ ਪੈਦਾ ਕੀਤਾ ਹੈ, ਉਸ ਦੀ ਜੋਤ, ਸਾਰੇ ਜਗਤ ਵਿਚ ਪਸਰ ਰਹੀ ਹੈ। ਜੋ ਮਨੁੱਖ ਗੁਰਮੁਖ ਬਣ ਕੇ, ਗੁਰੂ ਦੇ ਦੱਸੇ ਮਾਰਗ ਤੇ ਚਲਦਾ ਹੈ, ਉਸ ਨੂੰ ਪਰਮਾਤਮਾ ਬਾਰੇ ਗਿਆਨ ਹੋ ਜਾਂਦਾ ਹੈ। ਉਹ ਉਸ ਗਿਆਨ ਆਸਰੇ, ਪਰਮਾਤਮਾ ਦੇ ਪਿਆਰ ਰੂਪੀ, ਹੀਰੇ ਮੋਤੀ ਚੁਣ ਚੁਣ ਕੇ ਆਪਣੀ ਝੋਲੀ ਭਰ ਲੈਂਦਾ ਹੈ।

ਅਜਿਹਾ ਮਨੁੱਖ ਗੁਰਮੁਖ ਹੋ ਕੇ ਬਾਣੀ ਨੂੰ ਵੇਖਦਾ ਹੈ, ਪੜ੍ਹ ਪੜ੍ਹ ਕੇ ਉਸ ਨੂੰ ਸਮਝਦਾ ਹੈ, ਵਿਚਾਰਦਾ ਹੈ, ਫਿਰ ਉਸ ਨੂੰ ਸੋਝੀ ਹੋ ਜਾਂਦੀ ਹੈ ਕਿ, ਸਾਰੀ ਸ੍ਰਿਸ਼ਟੀ ਵਿਚ ਵਿਆਪਿਕ ਕਰਤਾਰ ਹੀ ਓੜਕ ਨੂੰ, ਹਮੇਸ਼ਾ ਕਾਇਮ ਰਹਣ ਵਾਲਾ ਸੱਚ ਹੈ। ਬਾਕੀ ਸਾਰਾ ਸੰਸਾਰ ਤਾਂ ਭੁਲੇਖਾ ਹੈ, ਛਲਾਵਾ ਹੈ। ਗੁਰਮੁਖ ਇਸ ਸੱਚ ਨੂੰ ਆਪਣੇ ਹਿਰਦੇ ਵਿਚ ਸੰਭਾਲ ਲੈਂਦਾ ਹੈ, ਫਿਰ ਉਸ ਨੂੰ ਪੂਰੀ ਦੁਨੀਆ ਵਿਚ ਕੋਈ ਭੁਤ-ਪ੍ਰੇਤ, ਨਜ਼ਰ ਨਹੀਂ ਆਉਂਦਾ, ਉਹ ਦੁਨੀਆ ਦੇ ਭਰਮ-ਭੁਲੇਖਿਆਂ ਵਿਚ ਨਹੀਂ ਫਸਦਾ। ਇਸ ਪੁਸ਼ਤ-ਦਰ-ਪੁਸ਼ਤ ਦੀ ਬਿਮਾਰੀ ਨੂੰ ਗਲੋਂ ਲਾਹੁੰਦੇ ਹੋਏ, ਆਪਣੇ ਮਾਂ-ਬਾਪ ਨੂੰ, (ਇਸ ਯਕੀਨ ਨਾਲ ਕਿ “ਮਾਂ-ਬਾਪ ਸਾਡੇ, ਸਭ ਤੋਂ ਵੱਧ ਹਿਤੈਸ਼ੀ ਹਨ, ਉਹ ਕਦੇ ਵੀ ਭੁਤ-ਪ੍ਰੇਤ ਨਹੀਂ ਬਣਨਗੇ) ਓਸੇ ਖੁਸ਼ੀ ਨਾਲ ਵਿਦਾ ਕਰੋ, ਜਿਸ ਖੁਸ਼ੀ ਨਾਲ ਉਨ੍ਹਾਂ ਤੁਹਾਡੇ, ਇਸ ਦੁਨੀਆ ਵਿਚ ਆਉਣ ਦਾ ਸਵਾਗਤ ਕੀਤਾ ਸੀ। ਇਸ ਤਰ੍ਹਾਂ ਤੁਸੀਂ, ਆਪਣੇ ਸਿਰ ਤੇ ਲੱਦੀ, ਵਹਿਮਾਂ-ਭਰਮਾਂ ਦੀ ਪੰਡ ਦੇ ਭਾਰ ਨੂੰ ਵੀ ਕੁਝ ਹੌਲਾ ਕਰ ਸਕੋਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top