Share on Facebook

Main News Page

ਅਮਰੀਕਾ ਵਿੱਚ ਸਿੱਖਾਂ ਉੱਤੇ ਹਮਲੇ ਤੋਂ ਕੁਛ ਸਿੱਖੋ!
-
ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’

5 ਅਗਸਤ ਅਮਰੀਕਾ ਵਿੱਚ ਇੱਕ ਗੋਰੇ ਕਾਤਲ ਨੇ 5 ਬੇ ਗੁਨਾਹ ਸਿੱਖ ਮਾਰ ਦਿੱਤੇ ਜਿਹਨਾ ਵਿੱਚ ਇੱਕ ਬੀਬੀ ਵੀ ਸ਼ਾਂਮਲ ਸੀ। 9/11 ਤੋ ਬਾਅਦ ਇਹ ਕੋਈ ਇੱਕ ਹਮਲਾ ਨਹੀਂ ਹੈ! ਲੋਕ ਚਰਚਾ ਮੁਤਾਬਿਕ ਇਸਤੋ ਪਹਿਲਾਂ ਸਿੱਖਾਂ ੳਤੇ 700 ਦੇ ਕਰੀਬ ਨਸਲੀ ਹਮਲੇ ਹੋ ਚੁੱਕੇ ਹਨ। ਪਰ ਸਿੱਖਾਂ ਉੱਤੇ ਇੱਕਾ ਦੁੱਕੇ ਹਮਲੇ ਦਾ ਜਿਆਦਾ ਨੋਟਿਸ ਨਹੀਂ ਲਿਆ। ਕਿਉਕਿ ਦੂਜੇ ਦੇ ਘਰ ਨੂੰ ਲੱਗੀ ਬਸੰਤਰ ਦਿਸਦੀ ਹੈ ਪਤਾ ਉਦੋਂ ਲਗਦਾ ਹੈ ਜਦੋਂ ਆਪਣੇ ਘਰ ਨੂੰ ਲਗਦੀ ਹੈ। ਅਗਸਤ 5 ਵਾਲੇ ਹਮਲੇ ਨੇ ਦੁਨੀਆਂ ਭਰ ਵਿੱਚ ਵਸ ਰਹੇ ਸਿੱਖਾਂ ਅਤੇ ਗੈਰ ਸਿੱਖਾਂ ਦੇ ਦਿਲਾਂ ਵਿੱਚ ਤ੍ਰਥੱਲ ਮਚਾ ਦਿੱਤਾ। ਜਿਸ ਕਾਰਨ ਅਮਰੀਕਾ ਨੂੰ ਝੰਡੇ ਨੀਵੇ ਕਰਨੇ ਪਏ। ਕਿਸੇ ਵੀ ਦੇਸ਼ ਵਿੱਚ ਰਾਸਟਰੀ ਝੰਡੇ ਉਦੋਂ ਨੀਂਵੇ ਕੀਤੇ ਜਾਂਦੇ ਹਨ ਜਦੋ ਕੋਈ ਵੱਡਾ ਨੇਤਾ ਮਰ ਜਾਵੇ। ਮਾਰੇ ਗਏ ਸਿੱਖ ਨੇਤਾ ਤਾਂ ਨਹੀਂ ਸਨ ਪਰ ਇਹ ਘਟਨਾ ਬਹੁਤ ਦੁੱਖਦਾਈ ਸੀ। ਜਿਸ ਕਾਰਨ ਅਮਰੀਕਾ ਨੇ ਬਹੁਤ ਹੀ ਅਫਸੋਸ ਜ਼ਾਹਰ ਕੀਤਾ। ਪਰ ਕਈ ਬੇਵਕੂਫਾਂ ਨੇ ਅਮਰੀਕਾ ਦੇ ਝੰਡੇ ਸਾੜੇ ਜੋ ਸਰਾ ਸਰ ਗਲਤ ਸੀ। ਜੇ ਅਸੀਂ ਆਪਣੀ ਪਹਿਚਾਨ ਨਾ ਬਦਲੀ ਤਾਂ ਇਹੋ ਜਿਹੇ ਹਮਲੇ ਸਾਡੇ ਉੱਤੇ ਹੁੰਦੇ ਰਹਿਣਗੇ। ਸਾਡੇ ਲਿਬਾਸ ਨੂੰ ਦੇਖਕੇ ਗੋਰੇ ਜਾਂ ਚੀਨੇ ਸਾਨੂੰ ਤਾਲੇਬਾਨੀ, ਅਫਗਾਨੀ ਜਾਂ ਅਰਬੀ ਮੁਸਲਮਾਨ ਸਮਝ ਲੈਂਦੇ ਹਨ। ਜਿਸ ਕਰਕੇ ਅਸੀਂ ਮਾਰ ਖਾ ਜਾਂਦੇ ਹਾਂ! ਇਸ ਕਰਕੇ ਸਾਂਨੂੰ ਅਪਨੇ ਪਹਿਰਾਵੇ ਵਿੱਚ ਬਦਲਾਅ ਕਰਨਾ ਪਵੇਗਾ।

ਮੈਂ ਕੁਝ ਸੁਝਾਅ ਰੱਖਦਾ ਹਾਂ, ਜੇ ਦਿਲ ਕਰੇ ਤਾਂ ਅਪਨਾ ਲੈਣਾ ਨਹੀਂ ਤਾਂ ਛੱਡ ਦੇਣਾਂ -

ਖੁੱਲੀ ਦਾਹੜੀ ਅਤੇ ਗੋਲ ਪੱਗ

ਹਾਂਗਕਾਂਗ ਵਿੱਚ ਵੀ ਕਈ ਕੱਟੜ ਮੁਸਲਮਾਨ ਦਾਹੜੀ ਖੁੱਲੀ ਰੱਖਦੇ ਹਨ ਤੇ ਗੋਲ ਪੱਗ ਬੰਨਦੇ ਹਨ। ਪਰ ਉਹਨਾ ਦੀ ਪੱਗ ਦੀ ਪਹਿਚਾਨ ਸਾਨੂੰ ਆ ਜਾਂਦੀ ਹੈ ਜਦੋਂ ਕਿ ਚੀਨੇ ਜਾ ਗੋਰਿਆਂ ਨੂੰ ਨਹੀਂ ਆਉਂਦੀ। ਇਸ ਕਰਕੇ ਸਾਨੂੰ ਦਾਹੜੀ ਬੰਨਣੀ ਚਾਹੀਦੀ ਹੈ ਅਤੇ ਪੋਚਵੀ ਪੱਗ ਬੰਨਣੀ ਚਾਹੀਦੀ ਹੈ। ਤਾਂ ਕਿ ਬੰਨੀ ਹੋਈ ਦਾਹੜੀ ਅਤੇ ਪੋਚਵੀਂ ਪੱਗ ਦੇਖਕੇ ਦੇਖਣ ਵਾਲਿਆਂ ਨੂੰ ਅਸੀਂ ਭਿੰਨ ਲੱਗੀਏ। ਕਿਉਂਕਿ ਪੋਚਵੀਂ ਪੱਗ ਅਤੇ ਦਾਹੜੀ ਬੰਨਣੀ ਸੌਖੀ ਨਹੀਂ। ਖੁੱਲੀ ਦਾਹੜੀ ਅਤੇ ਗੋਲ ਪੱਗ ਹਰ ਕੋਈ ਅਸਾਨੀ ਨਾਲ ਬੰਨ ਲੈਂਦਾ ਹੈ।

ਪੱਗ ਉੱਤੇ ਚੰਦ

ਮੁਸਲਮਾਂਨਾਂ ਦੀ ਮਸੀਤ ਉੱਤੇ ਜਾਂ ਕਈ ਮੁਸਲਮਾਂਨਾ ਦੇ ਮੱਥੇ ਉੱਤੇ ਜਾਂ ਡੌਲੇ ਉੱਤੇ ਚੰਦ ਦਾ ਨਿਸ਼ਾਂਨ ਖੁਦਵਾਇਆ ਹੁੰਦਾ ਹੈ, ਜਿਸ ਵਿੱਚ ਛੋਟਾ ਜਿਹਾ ਤਾਰਾ ਵੀ ਹੁੰਦਾ ਹੈ, ਉਸਨੂੰ ਇਹ ‘ਦੂਜ ਦਾ ਚੰਦ’ ਆਖਦੇ ਹਨ। ਇਹ ਚੰਦ ਦਾ ਨਿਸ਼ਾਂਨ ਮੁਸਲਮਾਨਾ ਦੇ ਰਾਸ਼ਟਰੀ ਝੰਡਿਆਂ ਉੱਤੇ ਵੀ ਹੁੰਦਾ ਹੈ। ਪਰ ਇਹ ਚੰਦ ਦਾ ਨਿਸ਼ਾਂਨ ਸਾਡੇ ਮੱਥੇ ਵੀ ਆ ਗਿਆ ਹੈ! ਜਿਸਨੂੰ ਅਸੀਂ ਖੰਡਾ ਕਹਿੰਦੇ ਹਾਂ। ਪਰ ਇਹ ਖੰਡਾ ਨਹੀਂ ਹੈ ਕਿਸੇ ਸਾਜਿਸ਼ ਦੇ ਤਹਿਤ ਖੰਡੇ ਨੂੰ ਤੋੜ ਮਰੋੜ ਕੇ ਉਸਦਾ ਚੰਦ ਬਣਾ ਦਿੱਤਾ ਇੰਨ ਬਿੰਨ ‘ਦੂਜ ਦੇ ਚੰਦ’ ਵਰਗਾ। ਜਿਸਨੇ ਮੁਸਲਮਾਨਾਂ ਤੇ ਹਮਲਾ ਕਰਨਾ ਹੈ ਉਸਨੂੰ ਪੁੱਛਣ ਦੀ ਲੋੜ ਨਹੀ ਕਿ ਤੂੰ ਮੁਸਲਮਾਨ ਹੈ ਉਸਨੇ ਪਹਿਰਾਵਾ ਦੇਖਣਾ ਹੈ। ਸਾਡੀ ਖੁੱਲੀ ਦਾਹੜੀ ਅਤੇ ਸਾਡੇ ਮੱਥੇ ਉੱਤੇ ਲੱਗਿਆ ‘ਦੂਜ ਦਾ ਚੰਦ’ ਦੇਖਕੇ ਗੋਰੇ ਸਮਝ ਲੈਂਦੇ ਹਨ ਕਿ ਇਹ ਪੱਕਾ ਮੁਸਲਮਾਨ ਹੈ!

ਹੋਰ ਤਾਂ ਹੋਰ ਜਿਹੜੇ ਅਖੌਤੀ ਬਾਬੇ ਜਾ ਸੰਤ ਆਪਣੇ ਆਪ ਨੂੰ ਪੁਰੇ ਸਿੱਖ ਸਮਝਦੇ ਹਨ ਅਤੇ ਦੱਸਦੇ ਹਨ ਹਨ ਕਿ ਐਨੇ ਹਜ਼ਾਰ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਉਹਨਾਂ ਦੀਆਂ ਪੱਗਾ ਉੱਤੇ ਵੀ ਚੰਦ ਦਾ ਬੈਜ ਲੱਗਾ ਹੁੰਦਾ ਹੈ! ਕੋਈ ਉਹਨਾਂ ਨੂੰ ਕਹਿਣ ਵਾਲਾ ਨਹੀਂ। ਇਸੇ ਚੰਦ ਬਾਰੇ ਅੱਜ ਤੋ ਕੋਈ ਪੰਜ ਸੱਤ ਸਾਲ ਪਹਿਲਾਂ ਚਰਚਾ ਹੋਈ ਸੀ, ਅਤੇ ਸਕਰੀਨ ਤੇ ਵੀ ਸਹੀ ਖੰਡਾ ਅਤੇ ਗਲਤ ਖੰਡਾ ਦਿਖਾਇਆ ਸੀ। ਪਰ ਕੋਈ ਅਮਲ ਨਹੀਂ ਹੋਇਆ। ਪਤਾ ਨਹੀਂ ਕਿਓ ਗੁਰਦਵਾਰਾ ਸਹਿਬ ਦੇ ਪ੍ਰਧਾਂਨ ਜਾਂ ਮੈਂਬਰ ਪੱਗ ਉੱਤੇ ਚੰਦ ਲਗਾਉਣੋ ਕਿਓ ਨਹੀ ਰੋਕਦੇ! ਗੁਰਵਦਾਰਾ ਕਮੇਟੀ ਨੂੰ ਚਾਹੀਦਾ ਹੈ ਕਿ ਪੱਗ ਉੱਤੇ ਸਹੀ ਖੰਡਾ ਲਉਣ ਦੀ ਇਜ਼ਾਜਤ ਦੇਣ ਅਤੇ ਸਹੀ ਖੰਡਾ ਲਿਆ ਕੇ ਰੱਖਣ ਜੇ ਸਹੀ ਖੰਡਾ ਨਹੀ ਤਾਂ ਚੰਦ ਲਾਉਣੋ ਵਰਜਣ। ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਮੁਸਲਮਾਨ ਭਾਈਚਾਰੇ 'ਤੇ ਹਮਲਾ ਹੋਵੇ।

ਸਪੈਸ਼ਲ ਵਰਦੀ

ਸਕੂਲਾਂ, ਕਾਲਜਾਂ, ਪੁਲੀਸ, ਫੌਜ, ਸਕਿਰੁਰਿਟੀ ਅਦਾਰਿਆਂ ਵਿੱਚ ਇੱਕ ਵਾਰਦੀ ਹੁੰਦੀ ਹੈ। ਵਰਦੀ ਤੋ ਪਤਾ ਲੱਗ ਜਾਦਾ ਹੈ ਕਿ ਇਹ ਫੌਜੀ ਹੈ ਜਾਂ ਪੁਲੀਸ ਵਾਲਾ। ਸਮੇ ਦੀ ਨਜ਼ਾਕਤ ਨੂੰ ਸਮਝਿਆਂ ਹੋਇਆਂ ਸਾਨੂੰ ਵੀ ਸਾਰੀ ਦੁਨੀਆਂ ਦੇ ਸਿੱਖਾਂ ਨੂੰ ਇੱਕ ਵਰਦੀ ਦਾ ਐਲਾਨ ਕਰਨਾ ਚਾਹੀਦਾ ਹੈ ਕਿ ਗੁਰਦਵਾਰਾ ਸਹਿਬ ਇਹ ਵਰਦੀ ਪਾਕੇ ਆਵੋ। ਵਰਦੀ ਕਮੀਜ਼ ਪਜਾਮਾ ਵੀ ਹੋ ਸਕਦੀ ਹੈ। ਸਾਰੇ ਸੰਸਾਰ ਵਿੱਚ ਗੁਰਦਵਾਰਾ ਸਹਿਬ ਜਾਣ ਮੌਕੇ ਸਿੱਖਾਂ ਦੀ ਇੱਕੋ ਵਰਦੀ ਹੋਵੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਸਿੱਖ ਹਨ। ਜੇ ਅਸੀਂ ਸਾਰੇ ਸੰਸਾਰ ਵਿੱਚ ਲੰਗਰ ਚਲਾ ਸਕਦੇ ਹਾਂ ਤਾਂ ਹਫਤੇ ਵਿੱਚ ਇੱਕ ਦਿਨ ਵਾਸਤੇ ਵਰਦੀ ਵੀ ਲਾਗੂ ਕਰ ਸਕਦੇ ਹਾਂ, ਜਿਵੇ ਹੱਜ ਜਾਣ ਵਾਲੇ ਮੁਸਲਮਾਨਾ ਦੀ ਇੱਕੋ ਵਰਦੀ ਹੁੰਦੀ ਹੈ ਚਾਹੇ ਉਹ ਕਿਸੇ ਵੀ ਦੇਸ਼ ਦਾ ਹੋਵੇ। ਅੱਜ ਇਹ ਭਾਂਣਾਂ ਅਮਰੀਕਾ ਵਿੱਚ ਵਾਪਰਿਆ ਹੈ ਕੱਲ ਨੂੰ ਹੋਰ ਕਿਤੇ ਵੀ ਵਾਪਰ ਸਕਦਾ ਹੈ। ਹੋ ਸਕਦਾ ਹੈ ਅਮਰੀਕਾ ਵਿੱਚ ਗੋਲੀ ਚਲਾਉਣ ਵਾਲੇ ਦੀ ਕੋਈ ਸੰਸਥਾ ਹੋਵੇ ਅਤੇ ਉਸਦੇ ਮਰਨ ਤੋ ਬਾਅਦ ਗੁਰਦਵਾਰਿਆਂ ਤੇ ਹਮਲੇ ਜਾਰੀ ਰੱਖੇ।

ਹੋਈਆਂ ਭੁੱਲਾਂ ਵਾਸਤੇ ਖਿਮਾ ਦਾ ਜਾਚਕ

ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’ ਹਾਂਗਕਾਂਗ, ਫੋਨ 852-94445134


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top