Share on Facebook

Main News Page

ਦੇਸ਼ ਦੇ ਰਾਸ਼ਟਰਪਤੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੋਵਾਂ ਦੇ ਬਿਆਨ ਹੀ ‘ਰਾਜੇ ਸੀਹ ਮੁਕਦਮ ਕੁਤੇ’ ਦੇ ਹੱਕ ਵਿੱਚ
- ਕਿਰਪਾਲ ਸਿੰਘ ਬਠਿੰਡਾ
ਮੋਬ: 9855480797

ਦੇਸ਼ ਦੇ 66ਵੇਂ ਆਜ਼ਾਦੀ ਦਿਵਸ ਦੀ ਪਹਿਲੜੀ ਸ਼ਾਮ ਕੌਮ ਦੇ ਨਾਂ 14 ਅਗਸਤ ਨੂੰ ਦਿੱਤੇ ਆਪਣੇ ਪਹਿਲੇ ਸੰਦੇਸ਼ ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੇਸ਼ ਵਿੱਚ ਭ੍ਰਿਸ਼ਟਾਚਾਰ ਖਿਲਾਫ 'ਇਕ ਖਾਸ ਸੋਚ ਵਾਲੇ' ਲੋਕਾਂ ਵੱਲੋਂ ਕੀਤੇ ਜਾ ਰਹੇ ਅੰਦੋਲਨਾਂ ਖਿਲਾਫ ਜ਼ੋਰਦਾਰ ਹੱਲਾ ਬੋਲਦਿਆਂ ਖ਼ਬਰਦਾਰ ਕੀਤਾ ਕਿ ਜੇ ਮੁਲਕ ਦੇ ਲੋਕਤੰਤਰੀ ਅਦਾਰਿਆਂ ਉਤੇ ਹਮਲਾ ਕੀਤਾ ਜਾਵੇਗਾ ਤਾਂ ਦੇਸ਼ ਵਿੱਚ 'ਬਦਇੰਤਜ਼ਾਮੀ' ਫੈਲ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਸਦ ਵਰਗੀਆਂ ਸੰਸਥਾਵਾਂ ਦੀ ਹੇਠੀ ਕੀਤੇ ਜਾਣ ਦੇ ਖਤਰਨਾਕ ਸਿੱਟੇ ਨਿਕਲਣਗੇ। ਉਨ੍ਹਾਂ ਸੰਸਦ ਨੂੰ 'ਲੋਕਾਂ ਦੀ ਰੂਹ ਅਤੇ ਭਾਰਤ ਦੀ ਆਤਮਾ' ਕਰਾਰ ਦਿੱਤਾ। ਉਨ੍ਹਾਂ ਨੇ ਇਸ ਮੌਕੇ ਭਾਵੇਂ ਕਿਸੇ ਦਾ ਨਾਂ ਨਹੀਂ ਲਿਆ, ਪਰ ਉਨ੍ਹਾਂ ਦਾ ਇਸ਼ਾਰਾ ਭ੍ਰਿਸ਼ਟਾਚਾਰ ਖਿਲਾਫ ਅੰਨਾ ਹਜ਼ਾਰੇ ਅਤੇ ਬਾਬਾ ਰਾਮਦੇਵ ਦੀ ਅਗਵਾਈ ਹੇਠ ਚਲਾਏ ਜਾ ਰਹੇ ਅੰਦੋਲਨਾਂ ਵੱਲ ਸੀ।

ਰਾਸ਼ਟਰਪਤੀ ਦੇ ਭਾਸ਼ਨ ਦਾ ਦੁਖਦਾਇਕ ਪਹਿਲੂ ਇਹ ਹੈ, ਕਿ ਇੱਕ ਹੰਡੇ ਹੋਏ ਸਿਆਸਤਦਾਨ ਹੋਣ ਦੇ ਬਾਵਯੂਦ ਉਨ੍ਹਾਂ ਦਾ ਭਾਸ਼ਣ ਆਪਾਵਿਰੋਧੀ ਬਿਆਨਾਂ ਨਾਲ ਭਰਪੂਰ ਸੀ। ਇੱਕ ਪਾਸੇ ਤਾਂ ਉਨ੍ਹਾਂ ਮੰਨਿਆ ਕਿ ‘ਜੇ ਦੇਸ਼ ਦੀ ਤਰੱਕੀ ਇਸ ਦੀ ਨੌਜਵਾਨੀ ਦੀਆਂ ਖਾਹਿਸ਼ਾਂ ਉਤੇ ਖਰੀ ਨਹੀਂ ਉਤਰੇਗੀ ਤਾਂ ਗੁੱਸਾ ਫੁੱਟੇਗਾ। ਇਸ ਭਿਆਨਕ ਮਹਾਂਮਾਰੀ ਖਿਲਾਫ ਗੁੱਸਾ ਵਾਜਬ ਹੈ, ਤੇ ਇਸ ਦਾ ਵਿਰੋਧ ਵੀ, ਕਿਉਂਕਿ ਇਹ ਪਲੇਗ ਸਾਡੀ ਕੌਮੀ ਦੀ ਸਮਰੱਥਾ ਨੂੰ ਖੋਰਾ ਲਾ ਰਹੀ ਹੈ…।’ ਉਨ੍ਹਾਂ ਇਹ ਵੀ ਕਿਹਾ ਕਿ ‘ਸਾਨੂੰ ਦੂਜੇ ਆਜ਼ਾਦੀ ਸੰਘਰਸ਼ ਦੀ ਲੋੜ ਹੈ; ਤਾਂ ਕਿ ਭਾਰਤ ਨੂੰ ਹਮੇਸ਼ਾ ਲਈ ਭੁੱਖ, ਬਿਮਾਰੀਆਂ ਤੇ ਗਰੀਬੀ ਤੋਂ ਆਜ਼ਾਦ ਕੀਤਾ ਜਾ ਸਕੇ ਪਰ ਇਹ ਸਾਡੇ ਲੋਕਤੰਤਰੀ ਅਦਾਰਿਆਂ ਉਤੇ ਹਮਲਾ ਕਰਨ ਦਾ ਬਹਾਨਾ ਨਹੀਂ ਹੋ ਸਕਦਾ। ਕਿਉਂਕਿ ਇਹ ਅਦਾਰੇ ਸੰਵਿਧਾਨ ਦੇ ਥੰਮ੍ਹ ਹਨ ਅਤੇ ਜੇ ਇਨ੍ਹਾਂ ਵਿੱਚ ਤਰੇੜਾਂ ਆਉਣਗੀਆਂ ਤਾਂ ਸੰਵਿਧਾਨ ਦਾ ਆਦਰਸ਼ ਵੀ ਕਾਇਮ ਨਹੀਂ ਰਹਿ ਸਕੇਗਾ।’

ਇੰਨਾਂ ਸੱਚ ਬੋਲਣ ਦੇ ਬਾਵਯੂਦ ਇਹ ਸਮਝ ਨਹੀਂ ਆਉਂਦੀ, ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਖਿਲਾਫ 'ਇਕ ਖਾਸ ਸੋਚ ਵਾਲੇ' ਲੋਕਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਸਾਡੇ ਰਾਸ਼ਟਰਪਤੀ ਜੀ ਮੁਲਕ ਦੇ ਲੋਕਤੰਤਰੀ ਅਦਾਰਿਆਂ ਉਤੇ ਹਮਲਾ ਕਿਉਂ ਸਮਝ ਰਹੇ ਹਨ ਤੇ ਇਸ ਨਾਲ 'ਬਦਇੰਤਜ਼ਾਮੀ' ਕਿਵੇਂ ਫੈਲ ਜਾਵੇਗੀ? ਰਾਸ਼ਟਰਪਤੀ ਜੀ ਦਾ ਇਹ ਆਪਾ ਵਿਰੋਧੀ ਬਿਆਨ ਇਸ ਗੱਲ ਦਾ ਪ੍ਰਤੀਕ ਹੈ ਕਿ ਜਾਂ ਤਾਂ ਉਨ੍ਹਾਂ ਵਿੱਚ ਰਾਜਨੀਤਕ ਤੇ ਰਾਸ਼ਟਰਵਾਦੀ ਸੂਝ ਦੀ ਘਾਟ ਹੈ, ਜਾਂ ਫਿਰ ਉਨ੍ਹਾਂ ਦੀ ਈਮਾਨਦਾਰੀ ਤੇ ਦਿਆਨਤਦਾਰੀ ਸ਼ੱਕੀ ਹੈ। ਉਨ੍ਹਾਂ ਦੀ ਈਮਾਨਦਾਰੀ ਤੇ ਦਿਆਨਤਦਾਰੀ ਇਸ ਗੱਲੋਂ ਵੀ ਸ਼ੱਕੀ ਹੈ, ਕਿ ਭ੍ਰਿਸ਼ਟਾਚਾਰ ਵਿਰੋਧੀ ਵਿੱਢੇ ਸੰਘਰਸ਼ ਦੌਰਾਨ ਸੰਸਦ ਦੇ ਵੱਡੀ ਗਿਣਤੀ ਭ੍ਰਿਸ਼ਟ ਮੈਂਬਰ ਨੂੰ ਭ੍ਰਿਸ਼ਟ ਕਹਿਣਾ ਤਾਂ ਉਨ੍ਹਾਂ ਨੂੰ ਮੁਲਕ ਦੇ ਲੋਕਤੰਤਰੀ ਅਦਾਰਿਆਂ ਉਤੇ ਹਮਲਾ ਦਿੱਸ ਰਿਹਾ ਹੈ, ਤੇ ਭ੍ਰਿਸ਼ਟ ਵਿਅਕਤੀ ਨੂੰ ਭ੍ਰਿਸ਼ਟ ਕਹਿਣ ਵਿੱਚ ਉਨ੍ਹਾਂ ਨੇ ਦੇਸ਼ ਵਿੱਚ 'ਬਦਇੰਤਜ਼ਾਮੀ' ਫੈਲ ਜਾਣ ਦੀ ਭਵਿੱਖਬਾਣੀ ਕੀਤੀ ਹੈ।

ਪਰ ਜਿਸ ਨਾਲ ਸਹੀ ਮਾਅਨਿਆਂ ਵਿੱਚ ਬਦਇੰਤਜ਼ਾਮੀ ਫੈਲ ਰਹੀ ਹੈ ਉਸ ਦਾ ਉਸ ਨੇ ਜ਼ਿਕਰ ਤੱਕ ਨਹੀਂ ਕੀਤਾ। ਕੀ 1984 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ 22 ਸੂਬਿਆਂ ਵਿੱਚ ਨਸਲੀ ਅਧਾਰ ’ਤੇ ਸਿੱਖਾਂ ਦਾ ਕਤਲੇਆਮ, 2002 ’ਚ ਗੁਜਰਾਤ ਵਿੱਚ ਮੁਸਲਮਾਨਾਂ ਦਾ ਅਤੇ 2008 ’ਚ ਉਡੀਸਾ ਕਰਨਾਟਕਾ ਵਿੱਚ ਈਸਾਈਆਂ ਦਾ ਕਤਲੇਆਮ ਹੋਣਾਂ ਉਨ੍ਹਾਂ ਦੇ ਧਾਰਮਿਕ ਸਥਾਨਾਂ ਤੇ ਧਾਰਮਿਕ ਗ੍ਰੰਥਾਂ ਨੂੰ ਸਾੜੇ ਜਾਣਾ ਤੇ 28 ਸਾਲਾਂ ਤੱਕ ਪੀੜਤਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਜਾ ਨਾ ਮਿਲਣਾ ਦੇਸ਼ ਦੇ ਲੋਕਤੰਤਰ ’ਤੇ ਹਮਲਾ ਨਹੀਂ? ਜਿਸ ਦੇਸ਼ ਦੀ ਸਰਕਾਰ 2002 ’ਚ ਅਮਰੀਕਾ ਦੇ ਰਾਸ਼ਟਰਪਤੀ ਦਾ ਜੰਮੂ ਕਸ਼ਮੀਰ ਦਾ ਦੌਰਾ ਰੋਕਣ ਦਾ ਬਹਾਨਾਂ ਬਣਾਉਣ ਲਈ ਛੱਤੀ ਸਿੰਘ ਪੁਰਾ ’ਚ ਦੇਸ਼ ਦੀ ਘੱਟ ਗਿਣਤੀ ਕੌਮ ਨਾਲ ਸਬੰਧਤ 35 ਨਿਰਦੋਸ਼ ਸਿੱਖਾਂ ਨੂੰ ਆਪਣੀ ਏਜੰਸੀਆਂ ਤੋਂ ਸ਼ਰੇਆਮ ਗੋਲੀ ਨਾਲ ਉਡਾ ਦੇਵੇ ਤੇ ਕੁਝ ਦਿਨਾਂ ਬਾਅਦ ਦੂਸਰੀ ਘੱਟ ਗਿਣਤੀ ਕੌਮ ਦੇ 4 ਨਿਰਦੋਸ਼ ਮੁਸਲਮਾਨਾਂ ਨੂੰ ਬੱਸ ’ਚੋਂ ਉਤਾਰ ਕੇ ਉਨ੍ਹਾਂ ਨੂੰ ਸਿੱਖਾਂ ਦੇ ਕਾਤਲ ਦੱਸ ਕੇ ਗੋਲੀ ਨਾਲ ਉਡਾ ਦੇਵੇ ਤੇ ਅੱਜ ਤੱਕ ਪੀੜਤਾਂ ਨੂੰ ਇਨਸਾਫ ਨਾ ਮਿਲਣਾ, ਦੇਸ਼ ਵਿੱਚ ਫੈਲੀ ਬਦਇੰਤਜ਼ਾਮੀ ਦਾ ਪ੍ਰਤੱਖ ਪ੍ਰਮਾਣ ਨਹੀਂ? ਜਿਸ ਦੇਸ਼ ਵਿੱਚ ਰਾਜਨੀਤਕਾਂ ਵੱਲੋਂ ਆਪਣੀ ਰਾਜਨੀਤੀ ਲਈ ਘੱਟ ਗਿਣਤੀਆਂ ਨੂੰ ਇਸ ਤਰ੍ਹਾਂ ਬਲੀ ਦੇ ਬੱਕਰੇ ਬਣਾਇਆ ਜਾਂਦਾ ਹੋਵੇ ਤੇ ਰਾਸ਼ਟਰਪਤੀ ਜੀ ਵੱਲੋਂ ਆਪਣੇ ਭਾਸ਼ਣ ਵਿੱਚ ਇਸ ਮੰਦਭਾਗੀ ਨੀਤੀ ਦਾ ਜ਼ਿਕਰ ਤੱਕ ਨਾ ਕਰਨਾ, ਬਦਇੰਤਜ਼ਾਮੀ ਨਹੀਂ ਹੈ?

ਰਾਸ਼ਟਰਪਤੀ ਜੀ ਦੀ ਈਮਾਨਦਾਰੀ ਤੇ ਦਿਆਨਤਦਾਰੀ ਇਸ ਗੱਲ ਵਿੱਚ ਹੁੰਦੀ ਜੇ ਕਦੀ ਉਹ ਵਿਸਕਾਨਸਨ (ਅਮਰੀਕਾ) ਦੇ ਓਕ ਕਰੀਕ ਗੁਰਦਵਾਰੇ ਵਿਚ 5 ਅਗਸਤ ਨੂੰ ਇੱਕ ਸਿਰ-ਫਿਰੇ ਸਾਬਕਾ ਫੌਜੀ ਵੱਲੋਂ ਗੋਲੀ ਚਲਾਕੇ 6 ਸਿੱਖਾਂ ਦੇ ਕੀਤੇ ਕਤਲ ਦੀ ਮੰਦਭਾਗੀ ਘਟਨਾ ਦੌਰਾਨ ਐਨ ਮੌਕੇ ’ਤੇ ਅਮਰੀਕੀਨ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉਸ ਸਿਰ ਫਿਰੇ ਗੋਰੇ ਨੂੰ ਮੁਕਾਬਲੇ ’ਚ ਖਤਮ ਕੀਤੇ ਜਾਣ, ਅਮਰੀਕਾ ਦਾ ਰਾਸ਼ਟਰਪਤੀ ਸ਼੍ਰੀ ਬਰਾਕ ਓਬਾਮਾ ਜਿਹੜਾ ਉਸ ਸਮੇਂ ਆਪਣੇ ਸਰਕਾਰੀ ਦੌਰੇ ’ਤੇ ਸੀ, ਨੇ ਤੁਰੰਤ ਦੌਰਾ ਵਿਚਕਾਰੋਂ ਹੀ ਰੱਦ ਕਰਕੇ ਵਾਈਟ ਹਾਊਸ ਪਹੁੰਚ ਕੇ ਵਿਸਕਾਨਸਨ 'ਚ ਮਾਰੇ ਗਏ ਸਿੱਖਾਂ ਦੀ ਯਾਦ 'ਚ 10 ਅਗਸਤ ਦੀ ਸ਼ਾਮ ਤੱਕ ਵਾਈਟ ਹਾਊਸ, ਸਾਰੀਆਂ ਜਨਤਕ ਅਤੇ ਸਰਕਾਰੀ ਇਮਾਰਤਾਂ, ਗਰਾਊਂਡਾਂ, ਮਿਲਟਰੀ ਅਤੇ ਨੇਵੀ ਦੇ ਅੱਡਿਆਂ, ਸਾਰੇ ਜੰਗੀ ਬੇੜਿਆਂ ਅਤੇ ਪੂਰੀ ਦੁਨੀਆ ਵਿਚਲੇ ਕੌਂਸਲਖਾਨਿਆਂ ਅਤੇ ਅੰਬੈਸੀਆਂ 'ਤੇ ਲੱਗੇ ਅਮਰੀਕਨ ਝੰਡੇ ਅੱਧ ਤੱਕ ਝੁਲਾਉਣ ਦਾ ਹੁਕਮ ਦੇਣ, ਪੀੜਤ ਸਿੱਖਾਂ ਦੇ ਪਰਿਵਾਰਾਂ ਸਮੇਤ ਪੂਰੀ ਸਿੱਖ ਕੌਮ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਦੀ ਪੂਰੀ ਸੁਰੱਖਿਆ ਦਾ ਯਕੀਨ ਦਿਵਾਏ ਜਾਣ, ਅਗਲੇ ਹੀ ਦਿਨ ਅਮਰੀਕਨ ਅੰਬੈਸੀ ਤੋਂ ਰਾਜਦੂਤ ਵੱਲੋਂ ਗੁਰਦਵਾਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਆ ਕੇ ਸਿੱਖ ਕੌਮ ਦਾ ਪੱਖ ਲਏ ਜਾਣ ਦਾ ਜ਼ਿਕਰ ਕਰਕੇ ਆਪਣੇ ਦੇਸ਼ ਦੀ ਸਰਕਾਰ ਨੂੰ ਲਾਹਨਤ ਪਾਉਂਦੇ ਕਿ ਜਿਸ ਤਰ੍ਹਾਂ ਇੱਕ ਗੈਰ ਦੇਸ਼ ਦੀ ਸਰਕਾਰ ਨੇ ਆਪਣੇ ਦੇਸ਼ ਵਿੱਚ ਵਸ ਰਹੇ ਸਿੱਖਾਂ ਦੇ ਹੋਏ ਮੰਦਭਾਗੀ ਕਤਲਾਂ ’ਤੇ ਤੁਰੰਤ ਕਾਰਵਾਈ ਕਰਕੇ ਉਨ੍ਹਾਂ ਦੇ ਜਖ਼ਮਾਂ ’ਤੇ ਮਲ੍ਹਮ ਲਾਈ ਹੈ ਆਪਣੇ ਦੇਸ਼ ਦੀ ਸਰਕਾਰ 28 ਸਾਲਾਂ ਤੱਕ ਵੀ ਉਨ੍ਹਾਂ ਨੂੰ ਇਨਸਾਫ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਕਿਉਂ ਹੋਈ ਹੈ? ਰਾਸ਼ਟਰਪਤੀ ਨੂੰ ਚਾਹੀਦਾ ਸੀ ਕਿ ਉਹ ਕੇਂਦਰ ਸਰਕਾਰ ਨੂੰ ਲਾਹਨਤ ਪਾਉਂਦੇ ਕਿ ਜੇ ਉਹ ਭ੍ਰਿਸ਼ਟਾਚਾਰ ਨੂੰ ਨੱਥ ਨਹੀਂ ਪਾ ਸਕੇ, ਆਪਣੇ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਇਨਸਾਫ਼ ਨਹੀਂ ਦੇ ਸਕੇ ਤਾਂ ਇਸ ਨਾਲ ਬਦਇੰਤਜ਼ਾਮੀ ਤਾਂ ਫੈਲੇਗੀ ਹੀ। ਇਸ ਬਦਇੰਤਜ਼ਾਮ ਲਈ ਸਰਕਾਰ ਹੀ ਤਾਂ ਦੋਸ਼ੀ ਹੈ। ਤੇ ਬਦਇੰਤਜ਼ਾਮ ਨੂੰ ਸੁਧਾਰ ਕੇ ਚੰਗਾ ਇੰਤਜ਼ਾਮ ਕਰਨ ਲਈ ਸਰਕਾਰ ਨੂੰ ਸਲਾਹ ਦੇਣੀ ਚਾਹੀਦੀ ਸੀ।

ਰਾਸ਼ਟਰਪਤੀ ਜੀ ਦੇ ਭਾਸ਼ਣ ਵਿੱਚ ਤੀਸਰੀ ਗੱਲ ਜੋ ਪੂਰੀ ਤਰ੍ਹਾਂ ਗਾਇਬ ਸੀ ਉਹ ਇਹ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਓਬਾਮਾ ਨੇ ਸਿੱਖਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਸਿੱਖਾਂ ਜਿਹੜੇ ਉਸ ਦੇਸ਼ ਦੇ ਵਿਕਾਸ ਨੂੰ ਮੁੱਖ ਰੱਖਕੇ ਅਮਰੀਕਾ ਨਹੀਂ ਸਨ ਗਏ ਸਗੋਂ ਆਪਣੇ ਰੋਜ਼ਗਾਰ ਲਈ ਗਏ ਹਨ, ਉਨ੍ਹਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਦੇਸ਼ ਦੀ ਤਰੱਕੀ ਵਿਚ ਇਨ੍ਹਾਂ ਵੱਲੋਂ ਪਾਏ ਗਏ ਭਰਪੂਰ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਇਨ੍ਹਾਂ ਦੀ ਸੁਰੱਖਿਆ ਦੀ ਸਾਡੀ ਪੂਰੀ ਜੁੰਮੇਵਾਰੀ ਹੈ ਜਿਸ ਨੂੰ ਨਿਭਾ ਕੇ ਅਸੀਂ ਆਪਣਾ ਫਰਜ਼ ਅਦਾ ਕਰਾਂਗੇ। ਪਰ ਇੱਧਰ ਜਿਸ ਦੇਸ਼ ਦੇ ਹਿੰਦੂਆਂ ਦੇ ਧਰਮ ਦੀ ਅਜਾਦੀ ਲਈ ਸਿੱਖਾਂ ਦੇ ਗੁਰੂ ਨੇ ਅਪਣੀ ਸ਼ਹਾਦਤ ਦਿੱਤੀ, ਇਸ ਦੇਸ਼ ਦੀ ਇੱਜ਼ਤ ਆਬਰੂ ਨੂੰ ਇਨ੍ਹਾਂ ਸਿੱਖਾਂ ਨੇ ਕਾਬਲ ਕੰਧਾਰ ਦੀਆਂ ਗਲੀਆਂ ਵਿੱਚ ਰੁਲਣ ਤੋਂ ਬਚਾਇਆ, ਦੇਸ਼ ਦੀ ਆਬਾਦੀ ਦਾ 2% ਹੋਣ ਦੇ ਬਾਵਯੂਦ ਦੇਸ਼ ਦੀ ਅਜਾਦੀ ਵਿੱਚ 88% ਤੋਂ ਵੱਧ ਹਿੱਸਾ ਪਾਇਆ ਅਜਾਦੀ ਲਈ ਹੋਈ ਦੇਸ਼ ਦੀ ਵੰਡ ਸਮੇ ਆਪਣੀ ਜਾਨ ਨਾਲੋਂ ਵੱਧ ਪਿਆਰੇ ਗੁਰਦੁਆਰਿਆਂ ਤੋਂ ਵਿਛੜਨਾਂ ਪਿਆ ਤੇ ਆਪਣੀ ਜਾਨ ਮਾਲ ਦਾ ਨੁਕਸਾਨ ਸਭ ਤੋਂ ਵੱਧ ਕਰਵਾਇਆ, ਅਜਾਦੀ ਪਿਛੋਂ ਦੇਸ਼ ਦੇ ਬਾਰਡਰਾਂ ਦੀ ਰੱਖਿਆ ਕਰਦੇ ਹੋਏ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਭੁੱਖਮਰੀ ਦੇ ਸ਼ਿਕਾਰ ਭਾਰਤ ਦੇਸ਼ ਦੇ ਕੇਂਦਰੀ ਅੰਨ ਭੰਡਾਰ ਵਿੱਚ ਝੋਨਾ ਦੇਸ਼ ਦੀ ਕੁਲ ਲੋੜ ਦਾ 30% ਅਤੇ ਕਣਕ ਦੀ ਕੁਲ ਲੋੜ ਦਾ 40% ਹਿੱਸਾ ਪਾਇਆ, ਹੋਰ ਖੇਤਰ ਵਿੱਚ ਦੇਸ਼ ਦੇ ਵਿਕਾਸ ਨੂੰ ਬੁਲੰਦੀਆਂ ’ਤੇ ਲੈ ਕੇ ਗਏ; ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਦੇਸ਼ ਦੀ ਅਜਾਦੀ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਕਰਦੇ ਸਮੇਂ ਇਨ੍ਹਾਂ ਸਿੱਖਾਂ ਦਾ ਨਾਮ ਤੱਕ ਨਹੀਂ ਲਿਆ ਤੇ ਦੇਸ਼ ਦੀ ਅਜਾਦੀ ਲਈ ਉਨ੍ਹਾਂ ਦੀ ਸੂਈ ਗਾਂਧੀ-ਨਹਿਰੂ ਪ੍ਰਵਾਰ ਤੋਂ ਅੱਗੇ ਤੁਰੀ ਹੀ ਨਹੀਂ। ਉਸ ਨੂੰ ਇਹ ਵੀ ਚੇਤਾ ਨਹੀਂ ਆਇਆ ਕਿ ਅਜਾਦੀ ਪਿੱਛੋਂ ਇਸ ਪ੍ਰਵਾਰ ਦੀਆਂ ਤਿੰਨ ਪੀੜ੍ਹੀਆਂ ਦਾ ਸਿੱਧੇ ਤੌਰ ’ਤੇ ਅਤੇ ਚੌਥੀ ਪੀੜ੍ਹੀ ਦਾ ਅਸਿੱਧੇ ਤੌਰ ’ਤੇ ਦੇਸ਼ ਦੀ ਰਾਜਸੀ ਸਤਾ ਦਾ ਕਬਜ਼ਾ ਚਲਾ ਆ ਰਿਹਾ ਹੈ। ਤੇ ਅਸਿੱਧੇ ਤੌਰ ਵਾਲਾ ਕਬਜ਼ਾ ਵੀ ਛੇਤੀ ਹੀ ਸਿੱਧੇ ਤੌਰ ’ਚ ਤਬਦੀਲ ਹੋਣ ਵਾਲਾ ਹੈ। ਸ਼੍ਰੀ ਪ੍ਰਣਬ ਮੁਖਰਜੀ ਦੇਸ਼ ਦੀ ਅਜਾਦੀ ਵਿੱਚ ਨਹਿਰੂ ਪ੍ਰਵਾਰ ਵੱਲੋਂ ਪਾਏ ਗਏ ਯੋਗਦਾਨ ਦੀ ਕਿਤਨੀ ਕੁ ਹੋਰ ਕੀਮਤ ਇਸ ਨੂੰ ਦੇਣਾ ਚਾਹੁੰਦੇ ਹਨ ਇਹ ਉਹ ਹੀ ਜਾਨਣ।

ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਪਰਜਾ ਨੂੰ ਇਸ ਤਰ੍ਹਾਂ ਦੇ ਦੁਖ ਦੇਣ ਵਾਲੇ ਰਾਜਿਆਂ ਤੇ ਉਨ੍ਹਾਂ ਦੇ ਅਹਿਲਕਾਰ, ਨੌਕਰ ਚਾਕਰ ਜਿਹੜੇ ਉਨ੍ਹਾਂ ਦੀਆਂ ਨਹੁੰਦਰਾਂ ਬਣ ਕੇ ਪਰਜਾ ਦਾ ਖੂਨ ਪੀਣ ਵਿੱਚ ਸਜਿਯੋਗ ਦਿੰਦੇ ਸਨ ਦੀ ਸਖਤ ਅਲੋਚਨਾ ਕਰਦੇ ਹੋਏ ਕਿਹਾ ਸੀ:

ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍‍ ਬੈਠੇ ਸੁਤੇ ॥ ਚਾਕਰ ਨਹਦਾ ਪਾਇਨ੍‍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥’ (ਗੁਰੂ ਗ੍ਰੰਥ ਸਾਹਿਬ ਜੀ- ਪੰਨਾ 1288)

ਪਰ ਗੁਰੂ ਸਾਹਿਬ ਜੀ ਦਾ ਇਹ ਸੰਦੇਸ਼ ਜਿਸ ਕੌਮ ਨੇ ਦੁਨੀਆਂ ਦੇ ਲੋਕਾਂ ਨੂੰ ਦੇ ਕੇ ‘ਹਲੀਮੀ ਰਾਜ’ ਦੀ ਸਥਾਪਤੀ ਕਰਨ ਵੱਲ ਵਧਣ ਲਈ ਤਿਆਰ ਕਰਨਾ ਸੀ, ਉਸ ਕੌਮ ਦੇ ਆਗੂਆਂ ਨੇ ਵੀ ਆਪਣੀ ਕੌਮ ਦੇ ਸਿਰ ਤੇ ਰਾਜ ਕਰਨ ਲਈ ਉਸੇ ਤਰ੍ਹਾਂ ਦਾ ਪੁਜਾਰੀ ਸਿਸਟਮ ਲਾਗੂ ਕਰਕੇ ਤਖ਼ਤਾਂ ਦੇ ਜਥੇਦਾਰ ਥਾਪ ਕੇ ਉਨ੍ਹਾਂ ਨੂੰ ਸਰਬਉਚ ਤੇ ਉਨ੍ਹਾਂ ਦੇ ਹੁਕਮਾਂ ਨੂੰ ਇਲਾਹੀ ਹੁਕਮ ਵਜੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਬਦਲੇ ਵਿੱਚ ਮਨੁੱਖੀ ਹੱਕਾਂ ਲਈ ਸੰਘਰਸ਼ੀਲ ਸਿੱਖਾਂ ਅਤੇ ਰਾਜੇ-ਪੁਜਾਰੀ ਗੱਠਜੋੜ ਦਾ ਸਿਧਾਂਤਕ ਵਿਰੋਧ ਕਰਨ ਵਾਲੇ ਵਿਦਵਾਨਾਂ ਦੀ ਆਵਾਜ਼ ਬੰਦ ਕਰਵਾਉਣ ਲਈ ਹੁਕਮਨਾਮੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ; ਜਿਵੇਂ ਕਾਜ਼ੀ ਤੇ ਰਾਜਪ੍ਰੋਹਤ ਕਰਦੇ ਹੁੰਦੇ ਸਨ। ਇਹ ਵਰਨਣਯੋਗ ਹੈ ਕਿ ਇਸ ਪੁਜਾਰੀ ਲਾਣੇ ਦਾ ਵਿਰੋਧ ਕਰਦੇ ਹੋਏ ਵੀ ਗੁਰੂ ਨਾਨਕ ਸਾਹਿਬ ਜੀ ਨੇ:

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥
(ਧਨਾਸਰੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 662) ਸ਼ਬਦ ਰਾਹੀਂ ਉਨ੍ਹਾਂ ਦੀ ਖੂਬ ਅਲੋਚਨਾ ਕੀਤੀ ਸੀ।

ਸਿੱਖ ਧਰਮ ਵਿੱਚ ਜ਼ਬਰੀ ਸਥਾਪਤ ਕੀਤੇ ਪੁਜਾਰੀਆਂ (ਜਥੇਦਾਰਾਂ) ਨੇ ਜਿਸ ਸਮੇਂ ਨੰਗੇ ਚਿੱਟੇ ਰੂਪ ’ਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਧੜੇ ਦੇ ਪੱਖ ਵਿੱਚ ਹੁਕਨਮਾਮੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਤੇ ਸਰਕਾਰੀ ਪੱਖ ਦਾ ਵਿਰੋਧ ਕਰਨ ਵਾਲਿਆਂ ਨੂੰ ਸ਼ਰਾਰਤੀ ਅਨਸਰ ਦੱਸਣਾ ਸ਼ੁਰੂ ਕਰ ਦਿੱਤਾ ਤਾਂ 6 ਅਗਸਤ ਨੂੰ ਹੋਈ ਮੀਟਿੰਗ ਵਿੱਚ ਪੰਥਕ ਜਥੇਬੰਦੀਆਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਬਾਈਕਾਟ ਕਰਨ ਦਾ ਐਲਾਣ ਕਰ ਦਿੱਤਾ। ਇਸ ਬਾਈਕਾਟ ਦੇ ਪ੍ਰਤੀਕਰਮ ਵਜੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਵਤਾਰ ਸਿੰਘ ਮੱਕੜ ਨੇ ਪੰਥਕ ਜਥੇਬੰਦੀਆ ਵੱਲੋ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਬਾਈਕਾਟ ਕਰਨ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਕਿਹਾ ਕਿ ਪੰਥਕ ਜਥੇਬੰਦੀਆਂ ਨੂੰ ਬਾਈਕਾਟ ਤੁਰੰਤ ਵਾਪਸ ਲੈ ਕੇ ਅਕਾਲ ਤਖਤ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਥਕ ਜਥੇਬੰਦੀਆ ਨੂੰ ਸਿੱਖਾਂ ਦੇ ਸਰਵ ਉਚ ਤਖ਼ਤ ਸ੍ਰੀ ਅਕਾਲ ਤਖ਼ਤ ਦੀ ਸੁਪਰਮੇਸੀ ਨੂੰ ਕਦਾਚਿੱਤ ਨਹੀਂ ਭੁੱਲਣਾ ਚਾਹੀਦਾ ਅਤੇ ਜਥੇਦਾਰ ਵੀ ਸਤਿਕਾਰ ਦਾ ਪਾਤਰ ਹੈ। ਉਹਨਾਂ ਕਿਹਾ ਕਿ ਜਥੇਬੰਦੀਆਂ ਨੂੰ ਚਾਹੀਦਾ ਹੈ, ਕਿ ਜਥੇਦਾਰ ਦਾ ਸਤਿਕਾਰ ਕਰਨ ਤੇ ਪੰਜ ਸਿੰਘ ਸਾਹਿਬਾਨ ਦੇ ਆਦੇਸ਼ਾਂ ਤੇ ਹੁਕਮਾਂ ਦੀ ਪਾਲਣਾ ਕਰਨ।

ਸ: ਮੱਕੜ ਦਾ ਇਹ ਬਿਆਨ ਬਿਲਕੁਲ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮਿਲਦਾ ਹੈ ਜਿਹੜਾ ਕਿ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਨੂੰ ਲੋਕਤੰਤਰੀ ਅਦਾਰਿਆਂ ਉਤੇ ਹਮਲਾ ਦੱਸ ਕੇ ਇਸ ਦੇ ਆਗੂਆਂ ਨੂੰ ਦੇਸ਼ ਵਿੱਚ 'ਬਦਇੰਤਜ਼ਾਮੀ' ਫੈਲ ਜਾਣ ਦੀ ਚੇਤਾਵਨੀ ਦੇ ਰਿਹਾ ਹੈ। ਜਿਸ ਤਰ੍ਹਾਂ ਸੰਸਦ ਦੇ ਵੱਡੀ ਗਿਣਤੀ ਭ੍ਰਿਸ਼ਟ ਮੈਂਬਰ ਨੂੰ ਭ੍ਰਿਸ਼ਟ ਕਹਿਣਾ ਰਸ਼ਟਰਪਤੀ ਨੂੰ ਮੁਲਕ ਦੇ ਲੋਕਤੰਤਰੀ ਅਦਾਰਿਆਂ ਉਤੇ ਹਮਲਾ ਦਿੱਸ ਰਿਹਾ ਹੈ ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸੀ ਧੜੇ ਦੇ ਹੱਥਾਂ ਵਿੱਚ ਕਠਪੁਤਲੀ ਬਣੇ ਜਥੇਦਾਰ ਦਾ ਬਾਈਕਾਟ ਸ: ਮੱਕੜ ਨੂੰ ਅਕਾਲ ਤਖਤ ਦੀ ਮਾਣ ਮਰਿਆਦਾ ’ਤੇ ਹਮਲਾ ਦਿੱਸ ਰਿਹਾ ਹੈ। ਵੈਸੇ ਸ: ਮੱਕੜ ਰਾਸ਼ਟਰਪਤੀ ਦੇ ਬਿਆਨ ਦੀ ਜਰੂਰ ਅਲੋਚਨਾ ਕਰਨਗੇ ਕਿਉਂਕਿ ਉਹ ਉਸ ਦੇ ਆਕਾ ਦੀ ਵਿਰੋਧੀ ਪਾਰਟੀ ਦਾ ਉਮੀਦਵਾਰ ਸੀ ਤੇ ਇਸ ਵੇਲੇ ਵਿਰੋਧੀ ਧੜੇ ਦੀ ਸਰਕਾਰ ਦੇ ਬੁਲਾਰੇ ਵਜੋਂ ਭਾਸ਼ਣ ਦਿੱਤਾ ਹੈ, ਪਰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਉਹ ਵੀ ਕੋਸ਼ਿਸ਼ ਨਹੀਂ ਕਰੇਗਾ, ਕਿ ਉਹ ਖ਼ੁਦ ਆਪ ਤੇ ਅਕਾਲ ਤਖ਼ਤ ਦੇ ਜਥੇਦਾਰ ਕਿਸ ਤਰ੍ਹਾਂ ਆਪਣੇ ਧਾਰਮਿਕ ਫਰਜਾਂ ਨੂੰ ਭੁਲਾ ਕੇ ਆਪਣੀ ਪਾਰਟੀ ਦੇ ਪ੍ਰਧਾਨ ਦੇ ਧੂਤੂ ਬਣੇ ਹੋਏ ਹਨ। ਸ਼੍ਰੀ ਪ੍ਰਣਬ ਜੀ ਅਤੇ ਸ: ਮੱਕੜ ਆਪਣੇ ਵੱਲੋਂ ਕੋਈ ਵੀ ਦਲੀਲ ਦੇ ਸਕਦੇ ਹਨ ਪਰ ਨਿਰਪੱਖ ਦਰਸ਼ਕਾਂ ਤੇ ਇਤਿਹਾਸ ਦੀ ਨਜ਼ਰ ਵਿੱਚ ਉਹ ਦੋਵੇਂ ਨਹੀਂ ਬਲਕਿ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਤਿੰਨੇ ਹੀ ‘ਰਾਜੇ ਸੀਹ ਮੁਕਦਮ ਕੁਤੇ’ ਦੇ ਹੱਕ ਵਿੱਚ ਭੁਗਤ ਰਹੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top