Share on Facebook

Main News Page

ਬਾਦਲ ਦਲ ਦੀ ਦੋ-ਮੂੰਹੀ ਪਹੁੰਚ...
-
ਡਾ: ਅਮਰਜੀਤ ਸਿੰਘ ਵਾਸ਼ਿੰਗਟਨ

5 ਅਗਸਤ ਨੂੰ, ਗੁਰਦੁਆਰਾ ਸਾਹਿਬ ਓਕ ਕਰੀਕ, ਮਿਲਵਾਕੀ (ਵਿਸਕਾਨਸਨ ਸਟੇਟ) ਵਿਚ ਵਾਪਰੀ ਖ਼ੌਫ਼ਨਾਕ ਘਟਨਾ ਨੇ, ਸਮੁੱਚੇ ਸਿੱਖ ਜਗਤ ਨੂੰ ਹਿਲਾ ਕੇ ਰੱਖ ਦਿੱਤਾ। ਅਮਰੀਕੀ ਪ੍ਰਸ਼ਾਸਨ, ਅਮਰੀਕੀ ਲੋਕਾਂ, ਅੰਤਰਰਾਸ਼ਟਰੀ ਮੀਡੀਏ (ਸੀ. ਐਨ. ਐਨ., ਐਮ. ਐੱਸ. ਐਨ. ਬੀ. ਸੀ., ਫੌਕਸ ਨਿਊਜ਼, ਏ. ਬੀ. ਸੀ., ਅਲ ਜ਼ਜ਼ੀਰਾ, ਬੀ. ਬੀ. ਸੀ., ਐਸੋਸੀਏਟਿਡ ਪ੍ਰੈੱਸ, ਏਜੰਸੀ ਫਰਾਂਸ ਪ੍ਰੈੱਸ, ਰਾਇਟਰਜ਼ ਆਦਿਕ), ਦੁਨੀਆ ਭਰ ਦੀਆਂ ਮਨੁੱਖੀ ਅਧਿਕਾਰ ਅਤੇ ਧਾਰਮਿਕ ਸੰਸਥਾਵਾਂ ਨੇ ਇਸ ਮੌਕੇ ਬੜੀ ਜ਼ਿੰਮੇਵਾਰੀ ਤੋਂ ਕੰਮ ਲੈਂਦਿਆਂ, ਸਿੱਖ ਕੌਮ ਨਾਲ ਹਮਦਰਦੀ ਅਤੇ ਇੱਕਜੁੱਟਤਾ ਦਾ ਵਿਖਾਵਾ ਕੀਤਾ। ਭਾਰਤ ਸਰਕਾਰ ਅਤੇ ਉਸ ਦੀ ਵਾਸ਼ਿੰਗਟਨ ਵਿਚਲੀ ਅੰਬੈਸੀ ਬੜੀ ਪਛੜ ਕੇ ਹਰਕਤ ਵਿਚ ਆਈ। ਇਸ ਤੋਂ ਸਿੱਖਾਂ ਨੂੰ ਕਦੀ ਆਸ ਵੀ ਨਹੀਂ ਹੁੰਦੀ ਅਤੇ ਨਾ ਹੀ ਕਰਨੀ ਬਣਦੀ ਹੈ। ਪਰ ਸਭ ਤੋਂ ਜ਼ਿਆਦਾ ਅਫ਼ਸੋਸਨਾਕ ਅਤੇ ‘ਖ਼ਤਰਨਾਕ’ ਵਰਤਾਰਾ, ਬਾਦਲ ਦਲ ਦੀ ਦੋ-ਮੂੰਹੀ ਪਹੁੰਚ ਤੋਂ ਸਾਹਮਣੇ ਆਇਆ

ਇੱਕ ਪਾਸੇ ਬਾਦਲ, ਮੱਕੜ ਸਮੇਤ ਅਕਾਲੀ ਦਲ ਦੇ ਹਰ ਵੱਡੇ-ਛੋਟੇ ਲੀਡਰ ਨੇ ਅਮਰੀਕੀ ਸਿੱਖਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਪਰ ਦੂਸਰੇ ਪਾਸੇ ਪੂਰੀ ਮੂਰਖ ਮੱਤ ਤੋਂ ਕੰਮ ਲੈਂਦਿਆਂ, ਆਪਣੀ ਦਿੱਲੀ ਯੂਨਿਟ ਨੂੰ ਅਮਰੀਕਨ ਅੰਬੈਸੀ, ਦਿੱਲੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦਾ ਹੁਕਮ ਦਿੱਤਾ।

ਜਿਉਂ ਹੀ ਇਸ ਸਬੰਧੀ ਮੀਡੀਏ ਵਿਚ ‘ਤਰੀਖ’ ਦਾ ਐਲਾਨ ਕੀਤਾ ਗਿਆ, ਪ੍ਰਮੁੱਖ ਅਮਰੀਕੀ ਸਿੱਖ ਲੀਡਰਾਂ ਨੇ ਬਾਦਲ ਦਲ (ਦਿੱਲੀ) ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨਾਲ ਸੰਪਰਕ ਕਰ ਕੇ, ਉਸ ਨੂੰ ਇਹ ਸਿੱਖ-ਵਿਰੋਧੀ ਹਰਕਤ ਕਰਨ ਤੋਂ ਰੋਕਿਆ। ਉਸ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਉਸ ਨੂੰ ਪਾਰਟੀ ਹਾਈਕਮਾਂਡ ਦਾ ‘ਆਦੇਸ਼’ ਹੈ ਅਤੇ ਉਹ ਹਰ ਹਾਲਤ ਵਿਚ ਵਿਰੋਧ-ਪ੍ਰਦਰਸ਼ਨ ਕਰੇਗਾ, ਜਿਹੜਾ ਕਿ ਉਸ ਨੇ ਕੀਤਾ। ਉਸ ਨੂੰ ਇਹ ਵੀ ਸੁਝਾਅ ਦਿੱਤਾ ਗਿਆ ਕਿ ਜੇ ਉਹ ‘ਫ਼ੋਟੋ ਖਿਚਾਉਣ’ ਦਾ ਇੰਨਾ ਸ਼ੌਕ ਰੱਖਦਾ ਹੈ ਤਾਂ ਉਹ ਇੱਕ ਵਫ਼ਦ ਲੈ ਕੇ, ਅਮਰੀਕਨ ਅੰਬੈਸਡਰ ਨੂੰ ਮਿਲ ਲਵੇ ਪਰ ਮੁਜ਼ਾਹਰਾ ਨਾ ਕਰੇ, ਪਰ ਉਹ ਨਹੀਂ ਮੰਨਿਆ ਅਤੇ ਉਸ ਨੇ ਰੋਸ ਵਿਖਾਵਾ ਕੀਤਾ, ਜਿਸ ਦੀ ਕਵਰੇਜ ਸਾਰੇ ਪਾਸੇ ਹੋਈ। ਇਸੇ ਤਰ੍ਹਾਂ ਦੀਆਂ ਹਰਕਤਾਂ, ਪੰਜਾਬ ਵਿਚ ਵੀ ਕਈ ਥਾਂਈਂ ‘ਹਿੰਦੂ ਤਵੀਆਂ’ ਨੂੰ ਅੱਗੇ ਲਾ ਕੇ, ਬਾਦਲ ਦਲੀਆਂ ਨੇ ਕੀਤੀਆਂ, ਨਤੀਜੇ ਵਜੋਂ ਕੁੱਝ ਥਾਵਾਂ ’ਤੇ ਅਮਰੀਕੀ ਝੰਡਾ ਵੀ ਸਾੜਿਆ ਗਿਆ, ਜਿਸ ਨੂੰ ਸੀ. ਐਨ. ਐਨ., ਸਮੇਤ ਦੁਨੀਆ ਭਰ ਦੇ ਮੀਡੀਏ ਨੇ ਵਿਖਾਇਆ। ਇੱਕ ਹੋਰ ਭਾਰਤੀ ਏਜੰਸੀਆਂ ਦੇ ‘ਭਾੜੇ ਦੇ ਟੱਟੂ’ ਪਰਮਜੀਤ ਪੰਮਾ ਨਾਮਕ ਇੱਕ ‘ਬੌਣੇ ਠੱਗ’ ਨੇ, ਨੰਗੀਆਂ ਤਲਵਾਰਾਂ ਲਹਿਰਾ ਕੇ ਇੱਕ ਦਰਜਨ ਬੰਦਿਆਂ ਨਾਲ ਵਿਖਾਵਾ ਕੀਤਾ ਅਤੇ ਅਮਰੀਕੀ ਝੰਡਾ ਫਾੜਿਆ-ਸਾੜਿਆ। ਇਸ ਦੀ ਕਵਰੇਜ ਵਾਸ਼ਿੰਗਟਨ ਪੋਸਟ ਸਮੇਤ ਦੁਨੀਆ ਦੇ ਸਾਰੇ ਬਿਜਲਈ ਅਤੇ ਪ੍ਰਿੰਟ ਮੀਡੀਏ ਨੇ ਰੰਗਦਾਰ ਫ਼ੋਟੋਆਂ ਨਾਲ ਕੀਤੀ।

ਬਾਦਲ ਟੱਬਰ ਦੇ ਨਿੱਜੀ ਕੰਟਰੋਲ ਹੇਠਲੇ ਮੀਡੀਏ (ਸਮੇਤ ਪੀ. ਟੀ. ਸੀ.-ਟੀ. ਵੀ.) ਦੇ ਰਿਪੋਰਟਰਾਂ ਨੂੰ ‘ਉੱਪਰੋਂ’ ਹਦਾਇਤਾਂ ਆਈਆਂ ਜਾਪਦੀਆਂ ਸਨ ਕਿ ਅਮਰੀਕਾ ਵਿਰੋਧੀ ਵਿਖਾਵਿਆਂ ਦੀ ਵੱਧ ਤੋਂ ਵੱਧ ਕਵਰੇਜ ਕੀਤੀ ਜਾਵੇ, ਜਿਹੜੀ ਕਿ ਉਨ੍ਹਾਂ ਨੇ ਕੀਤੀ। ਇਸ ਡਰਾਮੇਬਾਜ਼ੀ ਤੋਂ ਬਾਅਦ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਰੱਖੜਾ (ਵਜ਼ੀਰ) ਅਤੇ ਹੋਰ ਅਕਾਲੀ ਲਾਮ-ਲਸ਼ਕਰ ਧਾਲੀਵਾਲ ਪਰਿਵਾਰ ਦੀ ਬੇਟੀ ਟੀਨਾ ਦੇ ਇੱਕ ਗੋਰੇ ਮੁੰਡੇ ਨਾਲ ਵਿਆਹ ਦੀ ਰਸਮ ਵਿਚ ਸ਼ਾਮਲ ਹੋਣ ਲਈ ਮਿਲਵਾਕੀ (ਵਿਸਕਾਨਸਨ) ਪਹੁੰਚ ਗਏ। ਕੀ ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿੱਖ ਧਾਰਮਿਕ-ਅਕਾਲੀ ਆਗੂ ਖ਼ਾਲਸਾ ਪੰਥ ਨੂੰ ਦੱਸਣਗੇ ਕਿ ਸਿੱਖ ਰਹਿਤ ਮਰਯਾਦਾ ਵਿਚ ਅੰਕਿਤ ‘ਅਨੰਦ ਕਾਰਜ ਦੀ ਰਸਮ ਸਿਰਫ਼ ਸਿੱਖ ਦੇ ਸਿੱਖ ਨਾਲ ਵਿਆਹ ਹੋਣ ਦੀ ਸੂਰਤ ਵਿਚ ਹੀ ਹੋ ਸਕਦੀ ਹੈ’ ਦਾ ਅਰਥ ਕੀ ਹੈ? ਕੀ ਅਕਾਲੀ ਫ਼ਲਸਫ਼ਾ ਹੁਣ ਸਿੱਖ ਕੁੜੀਆਂ ਦੇ ਗੋਰਿਆਂ ਨਾਲ ਵਿਆਹ ਨੂੰ ਖੁੱਲ੍ਹੇਆਮ ਅਸ਼ੀਰਵਾਦ ਦੇਣਾ ਹੀ ਰਹਿ ਗਿਆ ਹੈ?

ਉਪਰੋਕਤ ਗੈਰ-ਸਿੱਖ ਵਿਆਹ ਵਿਚ ਸ਼ਾਮਲ ਹੋਣ ਆਏ ਬਾਦਲ ਨੇ, ਮੌਕੇ ਦੀ ਨਜ਼ਾਕਤ ਦਾ ਫ਼ਾਇਦਾ ਉਠਾਉਂਦਿਆਂ, ਮਿਲਵਾਕੀ ਦੇ ਸ਼ਹੀਦ ਪਰਿਵਾਰਾਂ ਦੇ ਘਰਾਂ ਵਿਚ ਜਾ ਕੇ ਅਫ਼ਸੋਸ ਕੀਤਾ ਅਤੇ ਕੁੱਝ ਪੈਸੇ ਆਦਿਕ ਦੇਣ ਦੇ ਹਮੇਸ਼ਾ ਵਾਂਗ ਵਾਅਦੇ ਵੀ ਕੀਤੇ। ਪਰ ਦੋ ਮੂੰਹੀਂ ਪਹੁੰਚ ਦੀ ਉਦੋਂ ਸਿਖਰ ਹੋਈ, ਜਦੋਂ 10 ਮਾਰਚ ਦੀ ਮੈਮੋਰੀਅਲ ਸਰਵਿਸ ਵਿਚ 4 ਮਿੰਟ ਇੰਗਲਿਸ਼ ਵਿਚ ਭਾਸ਼ਣ ਦੇਣ ਵਾਲੇ ਬਾਦਲ ਨੇ 2 ਮਿੰਟ ਇਸ ਗੱਲ ’ਤੇ ਲਾਏ ਕਿ ‘ਭਾਰਤ ਵਿਚ ਕੁੱਝ ਪਾਗਲ ਲੋਕ ਅਮਰੀਕਾ ਦਾ ਝੰਡਾ ਸਾੜ ਰਹੇ ਹਨ, ਜਿਸ ਤੋਂ ਮੈਂ ਬਹੁਤ ਸ਼ਰਮਿੰਦਾ ਹਾਂ ਅਤੇ ਅਮਰੀਕੀ ਲੋਕਾਂ ਅਤੇ ਪ੍ਰਸ਼ਾਸਨ ਤੋਂ ਇਸ ਦੀ ਮਾਫ਼ੀ ਮੰਗਦਾ ਹਾਂ। ਅਮਰੀਕਾ ਨੇ ਜਿਵੇਂ ਇਸ ਘਟਨਾ ’ਤੇ ਫ਼ੌਰੀ ਕਾਰਵਾਈ ਕੀਤੀ ਅਤੇ ਸਿੱਖਾਂ ਪ੍ਰਤੀ ਹਮਾਇਤ ਦਾ ਪ੍ਰਗਟਾਵਾ ਕੀਤਾ, ਉਸ ਲਈ ਸਿੱਖ ਕੌਮ ਹਮੇਸ਼ਾ ਅਮਰੀਕਾ ਦੀ ਰਿਣੀ ਰਹੇਗੀ..... ਆਦਿ ਆਦਿ।’

ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਕਿ ਇਸ ਵੇਲੇ 7-8 ਹਜ਼ਾਰ ਲੋਕ ਹੀ ਇੱਥੇ ਮੌਜੂਦ ਨਹੀਂ ਹਨ ਬਲਕਿ ਸੀ. ਐਨ. ਐਨ. ਰਾਹੀਂ ਇਸ ਦੀ ਲਾਈਵ ਕਵਰੇਜ ਦੁਨੀਆ ਭਰ ਵਿਚ ਜਾ ਰਹੀ ਹੈ, ਇਕੱਠ ਵਿਚ ਬੈਠੇ ਸਿੱਖ ਇਸ ਕੁਫ਼ਰ ’ਤੇ ਦੰਦ ਪੀਸਦੇ ਰਹੇ। 12 ਅਗਸਤ ਨੂੰ, ਗੁਰਦੁਆਰਾ ਸਾਹਿਬ ਵਿਚ ਹੋਏ ਸ਼ਹੀਦੀ ਦੀਵਾਨ ਮੌਕੇ, ਉਪਰੋਕਤ ਗੱਲ ਨਾ ਸਿਰਫ਼ ਵਜ਼ੀਰ ਸੁਰਜੀਤ ਰੱਖੜੇ ਨੇ ਦੁਹਰਾਈ ਬਲਕਿ ਦੂਸਰੇ ਅਕਾਲੀ ਟੌਂਟ-ਬਟੌਂਟਾਂ ਨੇ ਵੀ ਇਹ ਹੀ ਤੋਤਾ ਰਟਨ ਕੀਤਾ। ਡਾਕਟਰ ਅਮਰਜੀਤ ਸਿੰਘ, ਸੰਚਾਲਕ ਖ਼ਾਲਿਸਤਾਨ ਅਫੇਅਰਜ਼ ਸੈਂਟਰ ਨੇ ਆਪਣੇ ਭਾਸ਼ਣ ਵਿਚ ਦੋ-ਮੂੰਹੇ ਅਕਾਲੀਆਂ ਨੂੰ ਚੈਲੰਜ ਕਰਦਿਆਂ, ਸਿੱਖ ਸੰਗਤਾਂ ਨੂੰ ਕਿਹਾ ਕਿ ਉਹ ਇਸ ਗੱਲ ਦੀ ਪੜਤਾਲ ਕਰ ਲੈਣ ਕਿ ਕਿਹੜੀ ਪਾਰਟੀ ਦੀ ਦਿੱਲੀ ਯੂਨਿਟ ਨੇ, ਅਮਰੀਕਨ ਸਿੱਖਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਦਿੱਲੀ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ ‘ਕਿਸ ਦੀ ਮਾਲਕੀ ਵਾਲੇ’ ਮੀਡੀਏ ਨੇ ਰੱਸੀ ਨੂੰ ਸੱਪ ਬਣਾ ਕੇ ਪੇਸ਼ ਕੀਤਾ? ਉਨ੍ਹਾਂ ਨੇ ਗੁਰਬਾਣੀ ਦੇ ਇਸ ਫ਼ਰਮਾਨ ਨਾਲ ਅਕਾਲੀ ਦੋਗਲੀ ਨੀਤੀ ਨੂੰ ਬੇਨਕਾਬ ਕੀਤਾ:

ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥

ਸਿੱਖਸ ਫ਼ਾਰ ਜਸਟਿਸ ਸੰਸਥਾ, ਵਧਾਈ ਦੀ ਪਾਤਰ ਹੈ ਕਿ ਉਨ੍ਹਾਂ ਨੇ ਵਿਸਕੌਨਸਨ ਸਟੇਟ ਦੀ ਇੱਕ ਅਦਾਲਤ ਵੱਲੋਂ ਬਾਦਲ ਨੂੰ ਸੰਮਨ ਜਾਰੀ ਕਰਵਾਏ ਕਿ ਉਹ ਪੰਜਾਬ ਵਿਚ ਮਨੁੱਖੀ ਹੱਕਾਂ ਦੇ ਘਾਣ ਅਤੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਖ਼ਾਤਮੇ ਲਈ ਜ਼ਿੰਮੇਵਾਰ ਹੈ ਕਿਉਂਕਿ ਉਸ ਨੇ ਸਮੇਂ-ਸਮੇਂ, ਸਿੱਖ ਕਾਤਲਾਂ ਨੂੰ ਜ਼ਿੰਮੇਵਾਰ ਅਹੁਦਿਆਂ ’ਤੇ ਤਾਇਨਾਤ ਕੀਤਾ ਹੈ, ਜਿਵੇਂ ਕਿ ਹੁਣੇ ਜਿਹੇ ਸੁਮੇਧ ਸੈਣੀ ਨੂੰ ਡੀ. ਜੀ. ਪੀ. ਲਗਾਇਆ ਗਿਆ ਹੈ। ਅਦਾਲਤ ਨੇ ਬਾਦਲ ਨੂੰ ਇਸ ਦਾ ਜਵਾਬ ਦੇਣ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਹੈ।

ਬਾਦਲ ਟੱਬਰ ‘ਕਬੱਡੀ’ ਦਾ ਸਹਾਰਾ ਲੈ ਕੇ, ਵਿਦੇਸ਼ੀ ਸਿੱਖਾਂ ਵਿਚ ਘੁਸਪੈਠ ਕਰਨ ਵਿਚ ਕਾਮਯਾਬ ਹੋ ਗਿਆ ਹੈ, ਜਿਸ ਦੀ ਸ਼ੁਰੂਆਤ ਪਹਿਲੀ ਨਵੰਬਰ, 2011 ਨੂੰ ਬਠਿੰਡਾ ਵਿਚ ਕਰਵਾਏ ਗਏ ‘ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ’ ਨਾਲ ਕੀਤੀ ਗਈ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਗੈਰ-ਸਿੱਖ ਵਿਆਹ ਤੋਂ ਬਾਅਦ, ਸ਼ਿਕਾਗੋ ਵਿਚਲੇ ਇੱਕ ਕਬੱਡੀ ਟੂਰਨਾਮੈਂਟ ਦਾ ਵੀ ਉਦਘਾਟਨ ਕਰਨਾ ਸੀ, ਜਿਹੜਾ ਕਿ ਉਨ੍ਹਾਂ ਨੂੰ ਰੱਦ ਕਰਨਾ ਪਿਆ। ਹੁਣ ਸੁਖਬੀਰ ਬਾਦਲ ਨੂੰ ਕੈਨੇਡਾ ਦਾ ਦੌਰਾ ਕਰਵਾਉਣ ਲਈ ਮਾਲਸ਼ ਕੀਤੀ ਜਾ ਰਹੀ ਹੈ। ਇਸ ਕੰਮ ਦੀ ਦੇਖ-ਰੇਖ ਲਈ ਬਲਵੰਤ ਰਾਮੂੰਵਾਲੀਏ, ਦੇਵੀ ਮਾਤਾ ਭਗਤ ਅਮਰਜੀਤ ਚਾਵਲੇ ਸਮੇਤ ਹੋਰ ਭੰਡਾਂ ਦਾ ਟੋਲਾ ਕੈਨੇਡਾ ਵਿਚ ਪਧਾਰਿਆ ਹੋਇਆ ਹੈ।

ਅਸੀਂ ਨਾਰਥ-ਅਮਰੀਕਾ ਦੀਆਂ ਸਿੱਖ ਸੰਗਤਾਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਬਾਦਲਦਲੀਆਂ ਵੱਲੋਂ ਨਾਰਥ-ਅਮਰੀਕਾ ਵਿਚ ਖ਼ਾਲਿਸਤਾਨ ਦੀ ਆਜ਼ਾਦੀ ਲਹਿਰ ਨੂੰ ਸਾਬੋਤਾਜ਼ ਕਰਨ ਲਈ ਕੀਤੀ ਜਾ ਰਹੀ ਘੁਸਪੈਠ ਦਾ ਗੰਭੀਰ ਨੋਟਿਸ ਲੈਂਦਿਆਂ, ਇਨ੍ਹਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ। ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਪਹਿਲਾਂ ਮਨਪ੍ਰੀਤ ਬਾਦਲ ਨੂੰ ਅੱਗੇ ਲਾ ਕੇ, ਗੁੱਝੇ ਤਰੀਕੇ ਨਾਲ ਇਹ ਖੇਡ ਖੇਡਣ ਦਾ ਯਤਨ ਕੀਤਾ ਸੀ ਪਰ ਉਸ ਦਾ ਤਾਂ ਹੁਣ ਭੋਗ ਪੈ ਗਿਆ ਹੈ। ਪਰ ਪੰਥਕ ਸਫ਼ਾਂ ਵਿਚ ਨੀਲੀਆਂ ਦਸਤਾਰਾਂ ਬੰਨ੍ਹ ਕੇ ਵਿਚਰ ਰਹੇ, ਇਨ੍ਹਾਂ ਹਿੰਦੂ ਤਵੀਆਂ ਤੋਂ ਗੰਭੀਰ ਖ਼ਤਰਾ ਹੋ ਸਕਦਾ ਹੈ ਕਿਉਂਕਿ ਬਹੁਤ ਵਾਰੀ ਭੋਲ਼ੀਆਂ ਭਾਲੀਆਂ ਸਿੱਖ ਸੰਗਤਾਂ, ਭੰਬਲਭੂਸੇ ਦਾ ਸ਼ਿਕਾਰ ਹੋ ਕੇ ਵਰਤੀਆਂ ਜਾ ਸਕਦੀਆਂ ਹਨ।

ਬਾਦਲ ਕੋੜਮੇ ਅਤੇ ਇਨ੍ਹਾਂ ਦੇ ਟੌਂਟ ਬਟੌਂਟਾਂ ਨੂੰ ਗ਼ਾਲਿਬ ਦਾ ਇਹ ਸ਼ੇਅਰ ਯਾਦ ਕਰਵਾਉਂਦੇ ਹਾਂ -

ਕਿਸ ਮੂੰਹ ਸੇ ਜਾਓਗੇ ਕਾਬਾ ਗ਼ਾਲਿਬ ਕਿ ਸ਼ਰਮ ਤੁਮ ਕੋ ਮਗਰ ਨਹੀਂ ਆਤੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top