Share on Facebook

Main News Page

ਸਿੱਖ, ਗੁਰੂ ਸਾਹਿਬ ਦੀ ਸਿੱਖਿਆ ਤੋਂ ਸੇਧ ਲੈਣ ਦੀ ਬਜਾਏ ਬੀਮਾਰ ਬਾਜ਼ਾਂ ਮਗਰ ਦੌੜਨ ਲੱਗੇ
ਜਿਹੜੇ ਸਿੱਖ, ਪਿੰਡ ਦੇ ਗੁਰਦੁਆਰੇ ’ਚ ਹੋ ਰਹੀ ਕਥਾ ਸੁਣਨ ਲਈ ਅੱਧਾ ਘੰਟਾ ਸਮਾ ਨਹੀਂ ਕੱਢ ਸਕਦੇ, ਉਹ ਬਾਜ਼ ਦੀ ਖ਼ਬਰ ਸੁਣ ਕੇ 300-300 ਕਿਲੋਮੀਟਰ ਤੋਂ ਵਹੀਰਾਂ ਘੱਤ ਕੇ ਆ ਰਹੇ ਹਨ
- ਕਿਰਪਾਲ ਸਿੰਘ ਬਠਿੰਡਾ ,ਮੋਬ: 9855480797

ਸਿੱਖਾਂ ਨੂੰ ਆਪਣੇ ਗੁਰੂ ਸਾਹਿਬਾਨ ’ਤੇ ਇੰਨੀ ਸ਼ਰਧਾ ਹੈ ਕਿ ਗੁਰੂ ਦੇ ਨਾਮ ’ਤੇ ਆਪਣੀ ਜਾਨ ਤੱਕ ਨਿਸ਼ਾਵਰ ਕਰਨ ਲਈ ਤਿਆਰ ਹੋ ਜਾਂਦੇ ਹਨ ਤੇ ਉਨ੍ਹਾਂ ਨਾਲ ਸਬੰਧਤ ਵਸਤੂਆਂ ਦੇ ਦਰਸ਼ਨਾਂ ਲਈ ਆਪਣੇ ਖੇਤਰ ’ਚ ਹੀ ਨਹੀ ਬਲਕਿ ਦੇਸ਼ ਵਿਦੇਸ਼ਾਂ ਤੋਂ ਬੱਸਾਂ ਕਾਰਾਂ, ਰੇਲਵੇ ਤੇ ਹਵਾਈ ਜਹਾਜਾਂ ਰਾਹੀਂ ਵਹੀਰਾਂ ਘੱਤ ਰਹੇ ਹਨ। ਹਜ਼ੂਰ ਸਾਹਿਬ ਨਾਂਦੇੜ ਤੇ ਹੇਮਕੁੰਟ ਸਿੱਖਾਂ ਲਈ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣ ਚੁੱਕੇ ਹਨ ਹਾਲਾਂ ਹੇਮਕੁੰਟ ਤਾਂ ਹੈ ਹੀ ਨਿਰੋਲ ਮਿਥਿਹਾਸਕ ਕਲਪਨਾ ’ਤੇ ਅਧਾਰਤ ਜਿਸ ਦੀ ਦੱਸੀ ਜਾ ਰਹੀ ਕਹਾਣੀ ਦਾ ਗੁਰੂ ਸਾਹਿਬ ਤੇ ਗੁਰਮਤਿ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ।

ਦੂਜੇ ਪਾਸੇ ਜਿੰਨੀ ਮਨਮਤਿ ਅਤੇ ਗੁਰੂ ਦੀ ਸਿਖਿਆ ਦੀ ਅਵੱਗਿਆ ਹਜ਼ੂਰ ਸਾਹਿਬ ਹੁੰਦੀ ਹੈ ਉਤਨੀ ਸ਼ਾਇਦ ਹੀ ਕਿਸੇ ਹੋਰ ਸਥਾਨ ’ਤੇ ਹੁੰਦੀ ਹੋਵੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਸਥਾਨ ’ਤੇ 1708 ਈਸਵੀ ’ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਹੁਕਮ ਕੀਤਾ ਸੀ ‘ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਨਿਓ ਗ੍ਰੰਥ’ ਪਰ ਇੱਥੋਂ ਦੇ ਪੁਜਾਰੀਆਂ ਨੇ ਇਸੇ ਸਥਾਨ ’ਤੇ ਬਚਿੱਤਰ ਨਾਟਕ ਨਾਮੀ ਵੱਡ ਆਕਾਰੀ ਕਿਤਾਬ ਜਿਸ ਦਾ ਵਜੂਦ ਹੀ ਗੁਰੂ ਸਾਹਿਬ ਜੀ ਦੇ ਜੋਤਿ ਸਮਾਉਣ ਤੋਂ ਲਗਪਗ 50 ਸਾਲ ਪਿੱਛੋਂ ਹੋਂਦ ਵਿੱਚ ਆਇਆ ਸੀ, ਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣਾ ਧਰਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਗਨ ਨਾਥ ਪੁਰੀ ਦੇ ਮੰਦਿਰ ਵਿੱਚ ਜਾ ਕੇ ਪਾਂਡਿਆਂ ਨੂੰ ਸਮਝਾਇਆ ਕਿ ਜਿਹੜੀ ਥਾਲ ਵਿੱਚ ਦੀਵੇ ਰੱਖ ਕੇ ਘੁੰਮਾਉਣ ਨੂੰ ਤੁਸੀਂ ਆਰਤੀ ਕਹਿ ਰਹੇ ਹੋ ਇਹ ਜਗਤ ਦੇ ਮਾਲਕ ਦੀ ਆਰਤੀ ਨਹੀਂ। ਉਸ ਦੀ ਆਰਤੀ ਤਾਂ ਆਪਣੇ ਆਪ ਹੀ ਹੋ ਰਹੀ ਹੈ ਜਿਸ ਲਈ ਸਾਰਾ ਆਕਾਸ਼ (ਮਾਨੋ) ਥਾਲ ਹੈ। ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ। ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥1॥

(ਸੋਹਿਲਾ ਧਨਾਸਰੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 13) ਪਰ ਹਜ਼ੂਰ ਸਾਹਿਬ ਦੇ ਪੁਜਾਰੀ ਸ਼ਬਦ ਤਾਂ ਇਹੀ ਪੜ੍ਹ ਰਹੇ ਹਨ ਪਰ ਪੰਡਿਤਾਂ ਵਾਂਗ ਉਹੀ ਦੀਵੇ ਘੁਮਾ ਕੇ ਗੁਰੂ ਸਾਹਿਬ ਜੀ ਦਾ ਇੱਕ ਤਰ੍ਹਾਂ ਮੂੰਹ ਚਿੜਾ ਰਹੇ ਹਨ।

ਤੀਸਰੇ ਪਾਤਸ਼ਾਹ ਗੁਰੂ ਅਮਰ ਦਾਸ ਜੀ ਨਸ਼ੇ ਪੀਣ ਵਾਲਿਆਂ ਨੂੰ ਕਹਿ ਰਹੇ ਹਨ:

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥  ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥

(ਗੁਰੂ ਗ੍ਰੰਥ ਸਾਹਿਬ - ਪੰਨਾ 554) ਭਾਵ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ, ਐਸਾ ਚੰਦਰਾ ਨਸ਼ਾ ਕਦੇ ਨਹੀਂ ਪੀਣਾ ਚਾਹੀਦਾ। ਪਰ ਇਹ ਪੁਜਾਰੀ ਭੰਗ ਨੂੰ ਸ਼ਹੀਦੀ ਦੇਗ ਕਹਿ ਕੇ ਦਿਨ ਵਿੱਚ ਤਿੰਨ ਵਾਰੀ ਭੋਗ ਲਵਾਉਂਦੇ ਹਨ ਤੇ ਆਪ ਛਕਦੇ ਹਨ।

ਯੱਗਾਂ ’ਚ ਜਾਨਵਰਾਂ ਦੀਆਂ ਬਲੀਆਂ ਦੇਣ ਵਾਲਿਆਂ ਨੂੰ ਭਗਤ ਕਬੀਰ ਸਾਹਿਬ ਜੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 1103 ’ਤੇ ਪੁਕਾਰ ਪੁਕਾਰ ਕੇ ਕਹਿ ਰਹੇ ਹਨ:

ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥2॥

ਜਿਸ ਦੇ ਭਾਵ ਅਰਥ ਹਨ ਕਿ (ਹੇ ਪਾਂਡੇ! ਇਕ ਪਾਸੇ ਤੁਸੀਂ ਮਾਸ ਖਾਣ ਨੂੰ ਨਿੰਦਦੇ ਹੋ; ਪਰ ਜੱਗ ਕਰਨ ਵੇਲੇ ਤੁਸੀਂ ਭੀ ਕੁਰਬਾਨੀ ਦੇਣ ਲਈ, ਜੀਵ ਮਾਰਦੇ ਹੋ ਇਸ ਨੂੰ ਧਰਮ ਦਾ ਕੰਮ ਸਮਝਦੇ ਹੋ। ਫਿਰ, ਹੇ ਭਾਈ! ਦੱਸੋ, ਪਾਪ ਕਿਹੜਾ ਹੈ? ਜੱਗ ਕਰਨ ਵੇਲੇ ਤੁਸੀਂ ਆਪ ਭੀ ਜੀਵ-ਹਿੰਸਾ ਕਰਦੇ ਹੋ, ਪਰ ਆਪਣੇ ਆਪ ਨੂੰ ਤੁਸੀਂ ਸ੍ਰੇਸ਼ਟ ਰਿਸ਼ੀ ਮਿਥਦੇ ਹੋ। ਜੇ ਜੀਵ ਮਾਰਨ ਵਾਲੇ ਲੋਕ ਰਿਸ਼ੀ ਹੋ ਸਕਦੇ ਹਨ, ਤਾਂ ਤੁਸੀਂ ਕਸਾਈ ਕਿਸ ਨੂੰ ਆਖਦੇ ਹੋ? ਪਰ ਇਹ ਪੁਜਾਰੀ ਸਿਰੇ ਦੀ ਬੇਸ਼ਰਮੀ ਧਾਰ ਕੇ ਉਥੇ ਬੱਕਰਿਆਂ ਦੀ ਬਲੀ ਦੇ ਕੇ ਗੁਰੂ ਸਾਹਿਬ ਜੀ ਦੇ ਸ਼ਸ਼ਤਰਾਂ ਨੂੰ ਖ਼ੂਨ ਦੇ ਟਿੱਕੇ ਲਾ ਰਹੇ। ਗੁਰਮਤਿ ਤੇ ਗੁਰੂ ਹੁਕਮਾਂ ਦੀਆਂ ਇੰਨੀਆਂ ਧੱਜੀਆਂ ਉਡਾਉਣ ਵਾਲੇ ਪੁਜਾਰੀਆਂ ਨੂੰ ਜਦੋਂ ਪੰਥ ਦੇ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਦੱਸ ਕੇ ਉਨ੍ਹਾਂ ਦੇ ਹੁਕਮਾਂ ਨੂੰ ਸਮੁੱਚੇ ਪੰਥ ਲਈ ਮੰਨਣਾ ਲਾਜ਼ਮੀ ਦੱਸਿਆ ਜਾਂਦਾ ਹੋਵੇ ਤਾਂ ਜਦੋਂ ਆਮ ਸਿੱਖ ਗੁਰੂ ਦੇ ਸ਼ਬਦ ਦੀ ਵੀਚਰ ਤੋਂ ਦੂਰ ਹੋ ਕੇ ਕੇਵਲ ਦਰਸ਼ਨਾਂ ਤੱਕ ਸੀਮਤ ਹੋ ਜਾਣ ਤਾਂ ਇਸ ਵਿੱਚ ਕਸੂਰ ਗੁਰੂ ਤੋਂ ਜਾਨਾਂ ਤੱਕ ਨਿਸ਼ਾਵਰ ਕਰਨ ਵਾਲੇ ਸ਼੍ਰਧਾਲੂ ਸਿੱਖਾਂ ਦਾ ਨਹੀ ਬਲਕਿ ਉਨ੍ਹਾਂ ਦਾ ਹੈ ਜਿਹੜੇ ਸਭ ਕੁਝ ਜਾਣਦੇ ਹੋਏ ਵੀ ਆਪਣੇ ਨਿਜੀ ਹਿੱਤਾਂ ਲਈ ਇਨ੍ਹਾਂ ਨੂੰ ਕੌਮ ਦੇ ਆਗੂ ਸਵੀਕਾਰ ਤੇ ਪ੍ਰਚਾਰ ਰਹੇ ਹਨ।

ਗੁਰੂ ਸਾਹਿਬ ਜੀ ਦਾ ਤਾਂ ਹੁਕਮ ਹੈ:

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥

(ਮ: 3, ਗੁਰੂ ਗ੍ਰੰਥ ਸਾਹਿਬ – ਪੰਨਾ 594) ਭਾਵ ਦੁਨੀਆਂ ਦੇ ਜਿੰਨੇ ਭੀ ਸਾਰੇ ਪ੍ਰਾਣੀ ਹਨ, ਉਹ ਸਾਰੇ ਹੀ ਸੱਚੇ ਗੁਰਾਂ ਨੂੰ ਦੇਖਦੇ ਹਨ ਦਰਸ਼ਨ ਕਰਦੇ ਹਨ। ਪ੍ਰੰਤੂ ਕੇਵਲ ਗੁਰਾਂ ਨੂੰ ਵੇਖਣ ਨਾਲ ਦਰਸ਼ਨ ਕਰਨ ਨਾਲ ਬੰਦੇ ਦੀ ਕਲਿਆਣ ਨਹੀਂ ਹੁੰਦੀ, ਜਿੰਨਾ ਚਿਰ ਉਹ ਗੁਰਬਾਣੀ ਨੂੰ ਸੋਚਦਾ ਵੀਚਾਰਦਾ ਨਹੀਂ। ਸੋ ਇਸ ਇਸ ਗੁਰ ਫ਼ੁਰਮਾਨ ’ਚ ਤਾਂ ਗੁਰੂ ਦੇ ਸ਼ਬਦ ਦੀ ਵੀਚਾਰ ਕਰਕੇ ਉਸ ਅਨੁਸਾਰ ਆਪਣਾ ਜੀਵਨ ਢਾਲਣ ਤੋਂ ਬਿਨਾਂ ਸੱਚੇ ਗੁਰਾਂ ਦੇ ਪ੍ਰਤੱਖ ਦਰਸ਼ਨ ਕਰਨ ਦਾ ਵੀ ਕੋਈ ਲਾਹਾ ਨਹੀਂ ਦੱਸਿਆ ਗਿਆ ਪਰ ਇਨ੍ਹਾਂ ਪੁਜਾਰੀਆਂ ਨੇ ਸਿੱਖ ਨੂੰ ਸ਼ਬਦ ਦੀ ਵੀਚਾਰ ਤੋਂ ਇਤਨਾ ਦੂਰ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਥਿਤੀ:

ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥ ਰਾਰਿ ਕਰਤ ਝੂਠੀ ਲਗਿ ਗਾਥਾ ॥1॥ ਰਹਾਉ ॥

(ਆਸਾ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 376) ਭਾਵ ਅਜੇਹੇ ਵਿਕਾਰਾਂ ਹੇਠ ਦੱਬੇ ਹੋਏ ਮਨੁੱਖ ਸਦਾ-ਥਿਰ ਪਰਮਾਤਮਾ ਦਾ ਨਾਮ ਸੁਣਨਾ ਪਸੰਦ ਨਹੀਂ ਕਰਦੇ ਗੁਰਬਾਣੀ ਦੀ ਵੀਚਾਰ ਸੁਣਨੀ ਪਸੰਦ ਨਹੀਂ ਕਰਦੇ, ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦੇ, ਪਰ ਝੂਠੀ ਕਿਸੇ ਕੰਮ ਨਾਹ ਆਉਣ ਵਾਲੀ ਕਥਾ-ਕਹਾਣੀ ਵਿਚ ਲੱਗ ਕੇ (ਹੋਰਨਾਂ ਨਾਲ) ਝਗੜਾ-ਬਖੇੜਾ ਕਰਦੇ ਰਹਿੰਦੇ ਹਨ ॥1॥ ਰਹਾਉ ॥

ਸਿੱਖ ਹੁਣ ਸਿਰਫ ਸਤਿਗੁਰਾਂ ਦੇ ਦਰਸ਼ਨ ਕਰਨ ਤੱਕ ਸੀਮਤ ਨਹੀਂ ਰਹੇ ਉਹ ਤਾਂ ਗੁਰੂ ਸਾਹਿਬ ਜੀ ਦੇ ਦੱਸੇ ਜਾ ਰਹੇ ਘੋੜਿਆਂ ਤੇ ਬਾਜਾਂ ਦੇ ਦਰਸ਼ਨਾਂ ਤੱਕ ਸਿਮਟ ਕੇ ਸੀਮਤ ਰਹਿ ਗਏ ਹਨ। ਅੱਜ ਕੱਲ੍ਹ ਫਸਲਾਂ ’ਤੇ ਕੀੜੇਮਾਰ ਦਵਾਈਆਂ ਦੇ ਅੰਨ੍ਹੇਵਾਹ ਹੋ ਰਹੇ ਛਿੜਕਾਉ ਕਾਰਣ ਬਹੁਤ ਸਾਰੀਆਂ ਸੁੰਡੀਆਂ ਮਰ ਜਾਂਦੀਆਂ ਹਨ ਤੇ ਇਨ੍ਹਾਂ ਮਰੀਆਂ ਸੁੰਡੀਆਂ ਨੂੰ ਖਾਣ ਵਾਲੀਆਂ ਚਿੜੀਆਂ ਤੇ ਹੋਰ ਜਾਨਵਰ ਮਰ ਜਾਂਦੇ ਹਨ ਜਾਂ ਬੀਮਾਰ ਹੋ ਜਾਂਦੇ ਹਨ। ਇਨ੍ਹਾਂ ਜਾਨਵਰਾਂ ਨੂੰ ਖਾਣ ਵਾਲੇ ਸ਼ਿਕਾਰੇ, ਬਾਜ਼ ਆਦਿਕ ਬੀਮਾਰ ਹੋ ਜਾਂਦੇ ਹਨ ਤੇ ਉਡਣੋਂ ਅਸਮਰਥ ਹੋ ਕੇ ਡਿਗਣੇ ਸ਼ੁਰੂ ਹੋ ਜਾਂਦੇ ਹਨ ਤੇ ਕਈ ਵਾਰ ਲੋਕਾਂ ਦੇ ਘਰਾਂ ਤੇ ਗੁਰਦੁਆਰਿਆਂ ਵਿੱਚ ਵੀ ਆ ਜਾਂਦੇ ਹਨ। ਇਨ੍ਹਾਂ ਨੂੰ ਕਿਸੇ ਵੀ ਸਥਾਨ ਜਾਂ ਗੁਰਦੁਆਰੇ ਵਿੱਚ ਆਇਆ ਵੇਖ ਕੇ ਮਨਮਤੀਆਂ ਨੂੰ ਖ਼ਬਰ ਮਿਲਦੇ ਸਾਰ ਉਹ ਦਸ਼ਮੇਸ਼ ਪਿਤਾ ਦਾ ਬਾਜ਼ ਆਇਆ ਦੀ ਅਫ਼ਵਾਹ ਇਸ ਤਰ੍ਹਾਂ ਉਡਾ ਦਿੰਦੇ ਹਨ ਕਿ ਜਿਹੜੇ ਸਿੱਖ, ਪਿੰਡ ਦੇ ਗੁਰਦੁਆਰੇ ’ਚ ਹੋ ਰਹੀ ਕਥਾ ਸੁਣਨ ਲਈ ਅੱਧਾ ਘੰਟਾ ਸਮਾ ਨਹੀਂ ਕੱਢ ਸਕਦੇ ਉਹ ਬਾਜ਼ ਦੀ ਖ਼ਬਰ ਸੁਣ ਕੇ 300-300 ਕਿਲੋਮੀਟਰ ਤੋਂ ਵਹੀਰਾਂ ਘੱਤ ਕੇ ਬਾਜ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਜਾਂਦੇ ਹਨ। ਅਜੇਹੀਆਂ ਘਟਨਾਵਾਂ ਖਾਸ ਕਰਕੇ 1984 ਤੋਂ ਬਾਅਦ ਬਹੁਤ ਹੋ ਰਹੀਆਂ ਹਨ। ਬੀਮਾਰੀ ਕਾਰਣ ਇੱਕ ਦੋ ਦਿਨ ਬਾਅਦ ਉਹ ਬਾਜ ਜਾਂ ਕਈ ਵਾਰ ਸ਼ਿਕਾਰਾ ਹੀ ਜਿਸ ਨੂੰ ਇਹ ਬੇਸਮਝ ਲੋਕ ਬਾਜ ਹੀ ਸਮਝ ਲੈਂਦੇ ਹਨ, ਮਰ ਜਾਂਦਾ ਹੈ ਤੇ ਮਨਮਤੀਏ ਗ੍ਰੰਥੀ ਤੇ ਗੁਰਦੁਆਰੇ ਦੇ ਪ੍ਰਬੰਧਕ ਉਸ ਦੀ ਆਤਮਿਕ ਸ਼ਾਂਤੀ ਲਈ ਅਖੰਡਪਾਠ ਕਰਵਾ ਕੇ ਭੋਗ ਪਾ ਦਿੰਦੇ ਹਨ।

ਇਸੇ ਤਰ੍ਹਾਂ ਬੀਤੇ ਦਿਨ ਭਾਵ 13 ਅਗਸਤ ਨੂੰ ਬਠਿੰਡਾ ਤੋਂ ਤਕਰੀਬਨ 20 ਕੁ ਕਿਲੋਮੀਟਰ ਦੂਰੀ ’ਤੇ ਪਿੰਡ ਕੋਟ ਗੁਰੂ ਜੋ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਪਿੰਡ ਨੰਦਗੜ੍ਹ ਦੇ ਨਜ਼ਦੀਕ ਹੈ, ਦੇ ਗੁਰਦੁਆਰੇ ਵਿੱਚ ਇੱਕ ਬਾਜ ਜਾਂ ਬਾਜ ਵਰਗਾ ਪੰਛੀ ਸ਼ਿਕਾਰਾ ਆ ਉਤਰਿਆ। ਬੱਸ ਫਿਰ ਕੀ ਸੀ ਬੜੀ ਦੂਰ ਦੂਰ ਤੋਂ ਸੰਗਤ ਬਾਜ ਦੇ ਦਰਸ਼ਨ ਕਰਕੇ ਤੇ ਮੱਥੇ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੱਗ ਪਈਆਂ!

ਇਸ ਮਨਮਤੀ ਵਰਤਾਰੇ ਨੂੰ ਨੇੜੇ ਦੇ ਪਿੰਡ ਦੇ ਇੱਕ ਗੁਰਮਤਿ ਦੀ ਸੂਝ ਰੱਖਣ ਵਾਲੇ +2 ਦੇ ਵਿਦਿਆਰਥੀ ਨੇ ਇਹ ਵਰਤਾਰਾ ਗੁਰਮਤਿ ਵਿਰੋਧੀ ਮਹਿਸੂਸ ਕਰਦਿਆਂ ਮੈਨੂੰ ਫ਼ੋਨ ਕਰਕੇ ਇਸ ਦੀ ਸੂਚਨਾ ਦਿੱਤੀ ਤੇ ਕਿਹਾ ਕਿ ਤੁਸੀਂ ਇਸ ਦੀ ਕੋਈ ਖ਼ਬਰ ਲਾਓ ਤਾਂ ਕਿ ਕਿਸੇ ਨੂੰ ਸਮਝ ਆ ਸਕੇ। ਮੈਂ ਗੁਰਦੁਆਰੇ ਦੇ ਹੈੱਡ ਗ੍ਰੰਥੀ ਨਾਲ ਫ਼ੋਨ ’ਤੇ ਸੰਪਰਕ ਕਰਕੇ ਪੁੱਛਿਆ ਤਾਂ ਉਨ੍ਹਾਂ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਾਜ਼ ਕੱਲ੍ਹ ਦੁਪਹਿਰ ਤਕਰੀਬਨ ਦੋ ਕੁ ਵਜੇ ਗੁਰਦੁਆਰੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਦੀਕ ਬੈਠ ਗਿਆ, ਨਾ ਇਹ ਕੁਝ ਖਾਂਦਾ ਹੈ ਤੇ ਨਾ ਪੀਂਦਾ ਹੈ, ਬੀਕਾਨੇਰ ਤੱਕ ਤੋਂ ਸੰਗਤਾਂ ਆ ਰਹੀਆਂ ਹਨ ਤੇ ਮੱਥਾ ਟੇਕ ਰਹੀਆਂ ਹਨ। ਤੁਸੀਂ ਵੀ ਆ ਕੇ ਦਰਸ਼ਨ ਕਰ ਜਾਓ।

ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਸੰਗਤਾਂ ਨੂੰ ਸਮਝਾਉ ਕਿ ਕਿਸੇ ਪੰਛੀ ਦੇ ਦਰਸ਼ਨ ਕੀਤਿਆਂ ਤੇ ਮੱਥਾ ਟੇਕਣ ਦਾ ਕੋਈ ਲਾਭ ਨਹੀਂ ਤਾਂ ਉਨ੍ਹਾਂ ਕਿਹਾ ਤੁਸੀਂ ਆਪ ਆ ਕੇ ਸੰਗਤਾਂ ਨਾਲ ਗੱਲ ਕਰੋ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮੈਂ ਐਨੀ ਦੂਰੋਂ ਸਮਝਾਉਣ ਆਵਾਂ ਤਾਂ ਤੁਸੀਂ ਇੱਥੇ ਬੈਠੇ ਕੀ ਕਰ ਰਹੇ ਹੋ? ਉਨ੍ਹਾਂ ਕਿਹਾ ਅਸੀਂ ਕੀ ਕਰਨਾ ਸੀ ਅਸੀਂ ਲੰਗਰ ਬਣਾ ਰਹੇ ਹਾਂ ਤੇ ਸੰਗਤਾਂ ਛੱਕ ਰਹੀਆਂ ਹਨ, ਬਾਕੀ ਸੰਗਤਾਂ ਆਪ ਸਾਡੇ ਨਾਲੋਂ ਵੱਧ ਸਿਆਣੀਆਂ ਹਨ। ਜਦੋਂ ਇਹ ਕਿਹਾ ਕਿ ਸੰਗਤਾਂ ਤੁਹਾਥੋਂ ਵੱਧ ਸਿਆਣੀਆਂ ਕਿਵੇਂ ਹੋ ਗਈਆਂ? ਉਨ੍ਹਾਂ ਨੂੰ ਤਾਂ ਖੁਦ ਪਾਠ ਵੀ ਨਹੀਂ ਕਰਨਾ ਆਉਂਦਾ, ਉਨ੍ਹਾਂ ਲਈ ਪਾਠ ਤੁਸੀਂ ਕਰਦੇ ਹੋ, ਅਰਦਾਸ ਤੁਸੀਂ ਕਰਦੇ ਹੋ, ਗੁਰੂ ਸਾਹਿਬ ਦਾ ਹੁਕਮਨਾਮਾ ਤੁਸੀਂ ਸੁਣਾਉਂਦੇ ਹੋ, ਤੁਸੀਂ ਗੁਰੂ ਘਰ ਦੇ ਵਜ਼ੀਰ ਹੋ ਤਾਂ ਤੁਸੀਂ ਉਨ੍ਹਾਂ ਨੂੰ ਗੁਰੂ ਸਾਹਿਬ ਜੀ ਦਾ ਹੁਕਮ ਸਮਝਾ ਕਿਉਂ ਨਹੀਂ ਸਕਦੇ? ਉਹ ਖਿਝ ਕੇ ਕਹਿਣ ਲੱਗਾ ਕਿ ਮੇਰਾ ਕਿਉਂ ਦਿਮਾਗ਼ ਖਾਂਦੇ ਹੋ ਇੱਥੇ ਆ ਕੇ ਸੰਗਤ ਨਾਲ ਗੱਲ ਕਰੋ।

ਇਸ ਦੀ ਸੂਚਨਾ ਗਿਆਨੀ ਨੰਦਗੜ੍ਹ ਨੂੰ ਦੇਣ ਦੀ ਕਾਫੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ। ਉਨ੍ਹਾਂ ਦੇ ਸਵੇਦਾਰ ਨਾਲ ਸੰਪਰਕ ਕਰਕੇ ਗੱਲ ਕਰਵਾਉਣ ਲਈ ਕਿਹਾ ਤਾਂ ਉਨ੍ਹਾਂ ਦੱਸਿਆ ਕਿ ਉਹ ਸੁੱਤੇ ਪਏ ਹਨ ਸ਼ਾਮ 4-5 ਦੇ ਵਿਚਕਾਰ ਗੱਲ ਕਰਨਾ। 4.30 ਵਜੇ ਫਿਰ ਮਿਲਾਇਆ ਤਾਂ ਦੱਸਿਆ ਗਿਆ ਕਿ ਜੈ ਸਿੰਘ ਵਾਲਾ ਤੋਂ ਸੰਗਤ ਆਈ ਹੈ ਉਨ੍ਹਾਂ ਕੋਲ ਬੈਠੇ ਹਨ। ਉਸ ਤੋਂ ਬਾਅਦ ਕੀਤਾ ਤਾਂ ਕਿਹਾ ਤਖ਼ਤ ਸਾਹਿਬ ਚਲੇ ਗਏ ਹਨ। ਰਾਤੀ 8.30 ਵਜੇ ਕੋਸ਼ਿਸ਼ ਕੀਤੀ ਤਾਂ ਫਿਰ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ। ਇਸ ਲਈ ਧਰਮ ਪ੍ਰਚਾਰ ਕੇਂਦਰ ਮਾਲਵਾ ਜ਼ੋਨ ਦੇ ਇੰਚਾਰਜ਼ ਭਰਪੂਰ ਸਿੰਘ ਨਾਲ ਗੱਲ ਕੀਤੀ ਕਿ ਸਿੰਘ ਸਾਹਿਬ ਨਾਲ ਤਾਂ ਗੱਲ ਨਹੀਂ ਹੋ ਸਕੀ, ਤੁਸੀਂ ਉਨ੍ਹਾਂ ਤੱਕ ਮੇਰੀ ਬੇਨਤੀ ਪਹੁੰਚਾਓ ਕਿ ਆਮ ਸਿੱਖਾਂ ਦੇ ਘਰ ਜਿਨ੍ਹਾਂ ਨੂੰ ਮਰਿਆਦਾ ਦੀ ਬਹੁਤੀ ਸੋਝੀ ਨਹੀਂ ਹੈ, ਉਨ੍ਹਾਂ ਦੇ ਘਰੋਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਚੁਕਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਉਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਹੁੰਦਾ। ਪਰ ਆਪਣੇ ਗੁਰਦੁਆਰਿਆਂ ਵਿੱਚ ਜਿਥੇ ਸੂਝਵਾਨ ਗ੍ਰੰਥੀ ਹੈੱਡ ਗ੍ਰੰਥੀ ਨਿਯੁਕਤ ਹਨ ਉਥੇ ਕਿਸੇ ਥਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ’ਚ ਬਾਜ਼ ਨੂੰ ਮੱਥੇ ਟੇਕੇ ਜਾ ਰਹੇ ਹਨ। ਬਹੁਗਿਣਤੀ ਗੁਰਦੁਆਰਿਆਂ ’ਚ ਨਾਨਕਸਰੀਆਂ ਦੀ ਮਰਿਆਦਾ ਵਾਲੇ ਗੁਟਕੇ ਪਏ ਹਨ ਜਿਨ੍ਹਾਂ ਵਿੱਚ ਗੁਰੂ ਅਰਜੁਨ ਸਾਹਿਬ ਜੀ ਨਾਲੋਂ ਵੀ ਗੁਰੂ ਨਾਨਕ ਤੋਂ ਆਕੀ ਹੋਏ ਉਨ੍ਹਾਂ ਦੇ ਪੁੱਤਰ ਸ਼੍ਰੀ ਚੰਦ ਅਤੇ ਆਪਣੇ ਅਖੌਤੀ ਮਹਾਂਪੁਰਖ਼ ਨੂੰ ਵੱਧ ਸਿਆਣੇ ਵਿਖਾਇਆ ਗਿਆ ਹੈ, ਤਾਂ ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹੋ ਰਿਹਾ ਹੈ? ਇਸ ਲਈ ਪਿੰਡ ਕੋਟ ਗੁਰੂ ਜਾਣ ਜਾਂ ਕੋਈ ਸਮਝਦਾਰ ਪ੍ਰਚਾਰਕ ਭੇਜ ਕੇ ਉਥੋਂ ਦੀ ਸੰਗਤ ਤੇ ਗ੍ਰੰਥੀ ਤੇ ਪ੍ਰਬੰਧਕਾਂ ਨੂੰ ਸਮਝਾਉਣ। ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਪੰਜ ਪਿਆਰਿਆਂ ਨੂੰ ਲੈ ਕੇ ਉਹ ਜਾਣਗੇ।

ਸੁਆਲ ਪੈਦਾ ਹੁੰਦਾ ਹੈ, ਕਿ ਸਾਧ ਬਾਬੇ ਤੇ ਸ਼੍ਰੋਮਣੀ ਕਮੇਟੀ ਇਹ ਦਾਅਵਾ ਕਰਦੇ ਨਹੀਂ ਥਕਦੇ, ਕਿ ਉਹ ਬਹੁਤ ਪ੍ਰਚਾਰ ਕਰ ਰਹੇ ਹਨ ਤੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਹੈ। ਪੁੱਛਣਾ ਬਣਦਾ ਹੈ ਕਿ ਇਹ ਲੱਖਾਂ ਅੰਮ੍ਰਿਤਧਾਰੀ ਗੁਰੂ ਦੇ ਸ਼ਬਦ ਦੀ ਵੀਚਾਰ ਕਰਨ ਵਾਲੇ ਵੀ ਬਣਾਏ ਹਨ ਜਾਂ ਘੋੜਿਆਂ ਬਾਜਾਂ ਨੂੰ ਮੱਥਾ ਟੇਕਣ ਤੇ ਘੋੜਿਆਂ ਦੀ ਲਿੱਦ ਦਾ ਪ੍ਰਸ਼ਾਦ ਦੇਣ/ਲੈਣ ਵਾਲੇ ਹੀ ਹਨ। ਹੋ ਰਹੇ ਵਰਤਾਰੇ ਤੋਂ ਸੰਗਤਾਂ ਅੰਦਾਜ਼ਾ ਆਪੇ ਹੀ ਲਾ ਸਕਦੀਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top