Share on Facebook

Main News Page

ਕਲੋਨ ਸ਼ਹਿਰ (ਜਰਮਨੀ) ਦੀ ਇਤਿਹਾਸਿਕ ਚਰਚ ਡੋਮ ਦੇ ਸਾਹਮਣੇ ਅਮਰੀਕਾ ਗੁਰਦੁਆਰਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਜਲੀਆਂ ਅਤੇ ਸਿੱਖ ਧਰਮ ਬਾਰੇ ਪ੍ਰਦਰਸ਼ਨੀ

ਕਲੋਨ (ਜਰਮਨੀ) 11 ਅਗਸਤ :- ਕਲੋਨ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਵਲੋਂ 10 ਅਗਸਤ ਦਿਨ ਸ਼ੁੱਕਰਵਾਰ ਨੂੰ ਸ਼ਾਮੀ 4 ਵਜੇ ਤੋਂ ਲੈ ਕੇ 6 ਵਜੇ ਤੱਕ ਕਲੋਨ ਸ਼ਹਿਰ ਦੀ ਇਤਿਹਾਸਿਕ ਚਰਚ ਡੋਮ ਦੇ ਸਾਹਮਣੇ ਹਜ਼ਾਰਾਂ ਜਰਮਨ ਅਤੇ ਦੁਨੀਆਂ ਭਰ ਤੋਂ ਡੋਮ ਚਰਚ (Dom Kirche) ਦੇਖਣ ਆਏ ਲੋਕਾਂ ਸਾਹਮਣੇ 5 ਅਸਤ ਦਿਨ ਐਤਵਾਰ ਨੂੰ ਅਮਰੀਕਾ ਦੇ ਓਕ ਕ੍ਰੀਕ (ਮਲਵਾਕੀ) ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਆਈਆਂ ਸਿੱਖ ਸੰਗਤਾਂ ਉਤੇ ਇੱਕ ਮੁਤੱਸਬੀ ਜਨੂੰਨੀ ਗੋਰੇ ਵਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ ਨਾਲ 6 ਸਿੱਖਾਂ ਨੂੰ ਸ਼ਹੀਦ ਕਰਨ ਅਤੇ ਅਨੇਕਾ ਨੂੰ ਜ਼ਖਮੀ ਕਰਨ ਦੀ ਦਰਦਨਾਕ ਤਸਵੀਰ ਲੋਕਾਂ ਸਾਹਮਣੇ ਰੱਖੀ। ਇਸ ਕਤਲੇਆਮ 'ਚ ਸ਼ਹੀਦ ਹੋਏ ਸਿੱਖਾਂ ਲਈ ਜਰਮਨੀ ਦੇ ਸਿੱਖਾਂ ਨੇ ਕਲੋਨ ਸ਼ਹਿਰ ਦੀ ਇਤਿਹਾਸਿਕ ਡੋਮ ਚਰਚ (Dom Kirche) ਸਾਹਮਣੇ ਇਕੱਠੇ ਹੋ ਕੇ ਸ਼ਹੀਦਾਂ ਲਈ ਅਰਦਾਸਾਂ ਕੀਤੀਆਂ। ਇਸ ਦੇ ਨਾਲ ਹੀ ਦੁਨੀਆਂ ਦੇ ਲੋਕਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਦੇਣ ਵਾਲਾ ਲਿਟਰੇਚਰ ਜਰਮਨ ਭਾਸ਼ਾ ਵਿੱਚ ਵੰਡਿਆ ਗਿਆ। ਆਮ ਲੋਕਾਂ ਨੂੰ ਵਾਪਰੇ ਕਾਂਡ ਬਾਰੇ ਵਧੇਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਸਮੂਹ ਪੰਥਕ ਆਗੂਆਂ ਨੇ ਅਮਰੀਕਾ ਸ੍ਰਕਾਰ ਵਲੋਂ ਆਪਣੇ ਸ੍ਰਕਾਰੀ ਅਤੇ ਗੈਰ ਸ੍ਰਕਾਰੀ ਝੰਡਿਆਂ ਨੂੰ ਪੰਜ ਦਿਨ ਲਈ ਅੱਧਾ ਝੁਕਾ ਕੇ ਸ਼ਹੀਦਾਂ ਨੂੰ ਜੋ ਸ਼ਰਧਾਜਲੀ ਭੇਟ ਕੀਤੀ ਉਸ ਦੀ ਪ੍ਰਸੰਸਾ ਕੀਤੀ ਤੇ ਪੂਰੀ ਦੁਨੀਆਂ ਦੇ ਸਿੱਖਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਜੇਕਰ ਅਮਰੀਕਾ ਵਰਗੇ ਵਿਸ਼ਾਲ ਦੇਸ਼ ਵਿੱਚ ਕੋਈ ਇੱਕ ਸਿਰ ਫਿਰਾ ਸਿੱਖ ਕੌਮ ਦੇ 6 ਜੀਆਂ ਦਾ ਕਤਲ ਕਰਦਾ ਹੈ ਤਾਂ ਅਮਰੀਕਨ ਰਾਸ਼ਟਰਪਤੀ ਇਸ ਕਾਂਡ ਦੀ ਸਖਤ ਨਿਖੇਧੀ ਤੇ ਦੇਸ਼ ਦੇ ਕੌਮੀ ਝੰਡੇ ਨੂੰ ਅੱਧਾ ਝੁਕਾਉਣ ਦਾ ਹੁਕਮ ਦਿੰਦਾ ਹੈ ਪਰ ਇਸ ਦੇ ਉਲਟ ਜਿਸ ਦੇਸ਼ ਨੂੰ ਸਾਡੇ ਪੁਰਖਿਆਂ ਨੇ ਆਪਣੀ ਕੀਮਤੀ ਜਾਨਾਂ ਵਾਰਕੇ ਅਜ਼ਾਦ ਕਰਵਾਇਆ ਸੀ ਉਸ ਦੇਸ਼ ਦੀ ਸ੍ਰਕਾਰ ਤੇ ਫੌਜ ਜੂਨ 84 ਵਿਚ ਪੰਜਾਬ ਦੇ ਸੈਂਕਡ਼ੇ ਗੁਰਦੁਆਰਿਆਂ ਤੇ ਹਮਲੇ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖ ਸੰਗਤਾਂ ਦਾ ਕਤਲੇਆਮ ਕਰਦੀ ਹੈ, ਨਵੰਬਰ 84 ਵਿੱਚ ਪੂਰੇ ਭਾਰਤ ਵਿੱਚ ਸਿੱਖਾਂ ਦਾ ਸ੍ਰਕਾਰੀ ਸ੍ਰਪਰਸਤੀ ਹੇਠ ਕਤਲੇਆਮ ਕੀਤਾ ਪਰ ਅੱਜ ਤੱਕ 28 ਸਾਲ ਬੀਤਣ ਤੋਂ ਬਾਅਦ ਵੀ ਕਿਸੇ ਕਾਤਲ ਨੂੰ ਕੋਈ ਸਜਾ ਨਹੀਂ ਬਲਕਿ ਵਜ਼ੀਰੀਆਂ ਦੇ ਇਨਾਮ ਦਿਤੇ ਗਏ ਹਨ।

ਦੂਜੇ ਪਾਸੇ ਪੰਜਾਬ ਦੀ ਅਕਾਲੀ ਸ੍ਰਕਾਰ ਜਿਸ ਨੂੰ ਅਸੀਂ ਆਪਣੀ ਸ੍ਰਕਾਰ ਸਮਝਦੇ ਸੀ ਉਸ ਨੇ ਵੀ ਸਿੱਖਾਂ ਦੇ ਕਾਤਲਾਂ ਨੂੰ ਹੀ ਪੁਲਿਸ ਦੇ ਮੁੱਖੀ ਤੱਕ ਬਣਾ ਦਿੱਤਾ ਤੇ ਗੁਰਦਾਸਪੁਰ 'ਚ ਪੁਲਿਸ ਦੀ ਗੋਲੀ ਨਾਲ ਸ਼ਹੀਦ ਜਸਪਾਲ ਸਿੰਘ ਦੇ ਕਾਤਲਾਂ ਨੂੰ ਨਾ ਅੱਜ ਤੱਕ ਗ੍ਰਿਫਤਾਰ ਕੀਤਾ ਤੇ ਨਾ ਹੀ ਕਿਸੇ ਤੇ ਕੇਸ ਦਰਜ ਹੋਇਆ ਹੈ। ਇਸ ਸਭ ਵਰਤਾਰੇ ਨੂੰ ਦੇਖਕੇ ਲਗਦਾ ਹੈ ਸਿੱਖ ਕੌਮ ਦਾ ਜੇਕਰ ਆਪਣਾ ਮੁਲਕ ਹੁੰਦਾ ਤਾਂ ਸ਼ਾਇਦ ਅਜਿਹਾ ਕੋਈ ਭਾਣਾ ਨਾ ਵਾਪਰਦਾ।

ਜੋ ਪਿਛਲੇ ਦਿਨੀਂ 'ਰਾਸ਼ਟਰੀ ਅਕਾਲੀ ਦਲ' ਨਾਮੀ ਸੰਸਥਾ, ਜਿਸਦਾ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੱਸਿਆ ਜਾਂਦਾ ਹੈ ਵਲੋਂ ਨੰਗੀਆਂ ਤਲਵਾਰਾਂ ਕੱਢਕੇ ਅਤੇ ਅਮਰੀਕਾਂ ਦੇ ਝੰਡੇ ਸਾਡ਼ਕੇ ਅਮਰੀਕਾ ਖਿਲਾਫ ਨਾਅਰੇਬਾਜ਼ੀ ਕਰਕੇ ਸਿੱਖਾਂ ਦੇ ਅਕਸ਼ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਦੀ ਸਭ ਨੇ ਨਿੰਦਾ ਕੀਤੀ ਅਤੇ ਇਹੋ ਜਿਹੇ ਗੁੰਮਰਾਹਕੁੰਨ ਲੋਕਾਂ ਤੋਂ ਸਾਵਧਾਨ ਹੋਣ ਦੀ ਲੋਡ਼ ਤੇ ਜ਼ੋਰ ਦਿੱਤਾ।

ਅਮੀਰਕਨ ਪੁਲਿਸਮੈਨ ਲੈਫ. ਬਰਾਇਨ ਮਰਫੀ (Lt. Brian Murphy) ਵਲੋਂ ਦਿਖਾਈ ਬਹਾਦਰੀ, ਜਿਸਨੇ ਆਪਣੇ ਸਰੀਰ ਤੇ 9 ਗੋਲੀਆਂ ਖਾ ਕੇ ਆਪਣੇ ਪੁਲਿਸ ਅਫਸਰਾਂ ਨੂੰ ਇਹ ਕਿਹਾ ਕਿ ਮੇਰੀ ਫਿਕਰ ਨਾ ਕਰੋ, ਬਾਕੀ ਲੋਕਾਂ ਦੀਆਂ ਜਾਨਾਂ ਬਚਾਓ। ਜਿਸਦੀ ਸਭ ਨੇ ਬਹੁਤ ਸ਼ਲਾਘਾ ਕੀਤੀ।

ਇਸ ਮੌਕੇ ਹਾਜ਼ਰ ਸਨ ਬੱਬਰ ਖਾਲਸਾ ਜਰਮਨੀ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਪ੍ਰਧਾਨ ਜਥੇਦਾਰ ਸਤਨਾਮ ਸਿੰਘ ਬੱਬਰ, ਜਰਨਲ ਸੈਕਟਰੀ ਸ੍ਰ: ਹਰਪਾਲ ਸਿੰਘ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕਲੋਨ ਪ੍ਰਧਾਨ ਸ੍ਰ: ਰੁਲਦਾ ਸਿੰਘ, ਸਾਬਕਾ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕਲੋਨ ਪ੍ਰਧਾਨ ਸ੍ਰ: ਸੁਖਵਿੰਦਰ ਸਿੰਘ, ਗੁਰਦੁਆਰਾ ਸਿੰਘ ਸਭਾ ਮਿਊਨਚਨ ਜਰਨਲ ਸਕੱਤਰ ਸ੍ਰ: ਬਲਵਿੰਦਰ ਸਿੰਘ ਆਡ਼ਤੀਆ, ਗੁਰਦੁਆਰਾ ਸਿੰਘ ਸਭਾ ਆਖਨ ਸ੍ਰ: ਜਗਦੀਸ਼ ਸਿੰਘ, ਸ੍ਰ: ਰਜਿੰਦਰ ਸਿੰਘ ਬੱਬਰ, ਸ੍ਰ: ਅਵਤਾਰ ਸਿੰਘ ਬੱਬਰ ਫਰੈਂਕਫੋਰਟ, ਸ੍ਰ: ਅਮਰਜੀਤ ਸਿੰਘ, ਸ੍ਰ: ਸੁੱਖਾ ਸਿੰਘ, ਸ੍ਰ: ਰਣਜੀਤ ਸਿੰਘ ਗਿੱਲਾਂ ਵਾਲਾ, ਸ੍ਰ: ਮਨਮੋਹਣ ਸਿੰਘ ਪੱਤਰਕਾਰ, ਸ੍ਰ: ਹਰਜੋਤ ਸਿੰਘ, ਸ੍ਰ: ਹਰਭੇਜ ਸਿੰਘ ਭੁੱਲਰ, ਸ੍ਰ: ਸੁਰਜੀਤ ਸਿੰਘ ਨੰਦਾ, ਸ੍ਰ: ਕਾਬਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਬੱਚਿਆਂ - ਬੀਬੀਆਂ ਸਮੇਤ ਹਾਜ਼ਰ ਸਨ । ਜਿਕਰਯੋਗ ਹੈ ਕਿ ਇਸ ਦੀ ਸਾਰੀ ਕਵਰਿੰਗ ਸਿੱਖ ਚੈਨਲ ਯੂ. ਕੇ. ਟੀਵੀ ਨੇ ਕੀਤੀ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top