Share on Facebook

Main News Page

ਅਮਰੀਕਾ ਗੋਲੀ ਕਾਂਡ ਦੇ ਸਬਕ
- ਜਸਪਾਲ ਸਿੰਘ ਹੇਰਾਂ

ਅਮਰੀਕਾ ’ਚ ਇਕ ਸਿਰ ਫਿਰੇ ਵੱਲੋਂ ਗੁਰੂਘਰ ’ਚ ਜੁੜ੍ਹੀਆਂ ਸਿੱਖ ਸੰਗਤਾਂ ਤੇ ਅੰਨ੍ਹੇਵਾਹ ਗੋਲੀ ਚਲਾਈ ਗਈ, ਜਿਸ ’ਚ ਛੇ ਸ਼ਰਧਾਲੂਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ, ਅਮਰੀਕਾ ਸਮੇਤ ਯੂਰਪੀਨ ਦੇਸ਼ਾਂ ’ਚ ਸਿੱਖਾਂ ਤੇ ਨਸਲੀ ਹਮਲੇ ਅਕਸਰ ਹੁੰਦੇ ਰਹਿੰਦੇ ਹਨ, ਉਸ ਲਈ ਜਿਥੇ ਨਸਲੀ ਨਫ਼ਰਤ ਜੁੰਮੇਵਾਰ ਹੈ, ਉਤੇ ਸਿੱਖਾਂ ਦੀ ਪਹਿਚਾਣ ਦਾ ਭੁਲੇਖੇ ਵੀ ਬਰਾਬਰ ਦਾ ਕਾਰਣ ਹੈ। ਇਸ ਦੁੱਖਦਾਈ ਕਾਂਡ ਨੇ ਜਿਹੜੇ ਦੋ ਸਬਕ ਦਿੱਤੇ ਹਨ, ਉਨ੍ਹਾਂ ਦਾ ਪ੍ਰਭਾਵ ਜ਼ਰੂਰ ਕਈ ਪੱਖਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਅਮਰੀਕਾ ’ਚ ਸਿੱਖਾਂ ਤੇ ਹੋਇਆ ਨਸਲੀ ਹਿੰਸਾ ਦਾ ਹਮਲਾ, ਅਮਰੀਕਾ ਦੇ ਮੱਥੇ ਤੇ ਕਾਲਾ ਧੱਬਾ ਹੈ, ਅਮਰੀਕਾ ਦੀ ਸਰਕਾਰ ਨੂੰ ਦੇਸ਼ ’ਚ ਰਹਿੰਦੇ ਪ੍ਰਵਾਸੀ ਲੋਕਾਂ ਦੀ ਸੁਰੱਖਿਆ ਵੱਲ ਹੋਰ ਵਧੇਰੇ ਧਿਆਨ ਦੇਣ ਦੇ ਨਾਲ, ਆਪਣੇ ਲੋਕਾਂ ਦੇ ਮਨਾਂ ’ਚ ਨਸਲੀ ਨਫ਼ਰਤ ਨੂੰ ਦੂਰ ਕਰਨ ਦੇ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ, ਪ੍ਰੰਤੂ ਜਿਸ ਤਰ੍ਹਾਂ ਅਮਰੀਕੀ ਸਰਕਾਰ ਨੇ ਇਸ ਘਟਨਾ ਤੇ ਦੁੱਖ ਪ੍ਰਗਟਾਇਆ ਹੈ, ਸਿੱਖਾਂ ਦੇ ਦਰਦ ’ਚ ਪੂਰੀ ਤਰ੍ਹਾਂ ਸ਼ਰੀਕ ਹੋਈ ਹੈ, ਉਸਨੇ ਸਿੱਖਾਂ ਦੇ ਮਨਾਂ ’ਚ ਇਸ ਭਿਆਨਕ ਕਾਰਨਾਮੇ ਦੇ ਬਾਵਜੂਦ ਡਰ, ਸਹਿਮ ਤੇ ਦਹਿਸ਼ਤ ਦੀ ਥਾਂ, ਭਰੋਸਾ ਵਧਾਇਆ ਹੈ, ਅਮਰੀਕਾ ਪ੍ਰਸ਼ਾਸਨ ਵੱਲੋਂ ਇਕ ਸਿਰੇ ਫਿਰੇ ਵੱਲੋਂ ਅੰਜ਼ਾਮ ਦਿੱਤੀ ਇਕ ਜ਼ਾਲਮ ਘਟਨਾ ਤੇ ਜਿਸ ਤਰ੍ਹਾਂ ਦਾ ਪ੍ਰਤੀਕਰਮ ਪ੍ਰਗਟਾਇਆ ਹੈ, ਉਸਨੇ ਸਿੱਖਾਂ ਦੇ ਉਨ੍ਹਾਂ ਅੱਲ੍ਹੇ ਜ਼ਖਮਾਂ ਨੂੰ ਜਿਹੜੇ 1984 ਦੇ ਸਾਕਾ ਦਰਬਾਰ ਸਾਹਿਬ ਤੇ ਸਿੱਖ ਕਤਲੇਆਮ ਕਾਰਣ ਲੱਗੇ ਸਨ, ਫਿਰ ਤੋਂ ਉਚੇੜ ਦਿੱਤਾ ਹੈ।

ਸਿੱਖਾਂ ਦੇ ਮਨਾਂ ’ਚ ਭਾਰਤੀ ਹਕੂਮਤ ਤੇ ਅਮਰੀਕੀ ਹਕੂਮਤ ਨੂੰ ਬਰਾਬਰ ਤੇ ਰੱਖ ਕੇ ਤੋਲ੍ਹਣ ਲਈ ਮਜ਼ਬੂਰ ਕਰ ਦਿੱਤਾ ਹੈ। ਇਕ ਪਾਸੇ ਆਪਣੇ ਦੱਸੇ ਜਾਂਦੇ ਦੇਸ਼ ਦੀ ਸਰਕਾਰ ਨੇ, ਆਪਣੇ ਦੇਸ਼ ਦੀ ਘੱਟਗਿਣਤੀ ਦਾ ਸਭ ਤੋਂ ਉਚਾ ਤੇ ਪਵਿੱਤਰ ਧਾਰਮਿਕ ਅਸਥਾਨ ਤੋਪਾਂ, ਟੈਂਕਾਂ ਨਾਲ ਢਹਿ-ਢੇਰੀ ਕਰ ਦਿੱਤਾ ਅਤੇ ਆਪਣੇ ਮਹਾਨ ਗੁਰੂ ਦੀ ਸ਼ਹਾਦਤ ਨੂੰ ਸਿਜਦਾ ਕਰਨ ਆਈਆਂ ਹਜ਼ਾਰਾਂ ਸੰਗਤਾਂ ਦਾ ਬੇਰਹਿਮੀ ਨਾਲ ਸ਼ਰੇਆਮ ਸਮੂਹਿਕ ਕਤਲੇਆਮ ਕੀਤਾ, ਫਿਰ ਦੇਸ਼ ਦੇ ਲਗਭਗ ਸਾਰੇ ਸੂਬਿਆਂ ’ਚ ਦੇਸ਼ ਦੀ ਰਾਜਧਾਨੀ ਸਮੇਤ ਸਿੱਖਾਂ ਦਾ ਜਿਹੜਾ ਭਿਆਨਕ ਕਤਲੇਆਮ ਹੋਇਆ, ਜਿਸਨੂੰ ਦੇਖ-ਸੁਣ ਕੇ ਮਨੁੱਖਤਾ ਸ਼ਰਮਸ਼ਾਰ ਹੀ ਨਹੀਂ ਹੋਈ, ਡੁੱਬ ਮਰਨ ਲਈ ਥਾਂ ਭਾਲਦੀ ਰਹੀ, ਉਸ ਭਿਆਨਕ ਕਤਲੇਆਮ ਤੋਂ ਬਾਅਦ ‘ਆਪਣੇ’ ਦੇਸ਼ ਦੀ ਸਰਕਾਰ ਨੇ ਸਿੱਖਾਂ ਦੇ ਜਖ਼ਮਾਂ ਤੇ ਹਮਦਰਦੀ ਦਾ ਇਕ ਵੀ ‘ਫੰਬਾ’ ਨਹੀਂ ਰੱਖਿਆ, ਰਾਸ਼ਟਰੀ ਸੋਗ ਤਾਂ ਦੂਰ ਦੇਸ਼ ਦੇ ਹਾਕਮ ਨੇ ‘ਵੱਡੇ ਦਰਖਤ ਦੇ ਡਿੱਗਣ ਨਾਲ ਧਰਤੀ ਦੇ ਕੰਬਣ ਵਾਲੇ ਵਾਕ ਬੋਲ ਕੇ ਕਤਲੇਆਮ ’ਚ ਰੁੱਝੇ ਵਹਿਸ਼ੀ ਦਰਿੰਦਿਆਂ ਨੂੰ ਹੱਲਾਸ਼ੇਰੀ ਦਿੱਤੀ। ਅੱਜ ਤੱਕ ਉਸ ਭਿਆਨਕ ਕਤਲੇਆਮ ਦਾ ਇਨਸਾਫ਼, ਸਿੱਖਾਂ ਨੂੰ ਨਹੀਂ ਮਿਲਿਆ, ਉਲਟੇ ਕਤਲੇਆਮ ਦੇ ਦੋਸ਼ੀਆਂ ਨੂੰ ਵੱਡੇ-ਵੱਡੇ ਸਰਕਾਰੀ ਅਹੁਦੇ ਦਿੱਤੇ ਗਏ। ਅਮਰੀਕਾ ਸਰਕਾਰ ਦੀ ਗੁਰਦੁਆਰਾ ਸਾਹਿਬ ’ਚ ਹੋਈ ਗੋਲੀਕਾਂਡ ਤੇ ਹਮਦਰਦੀ ਭਰਪੂਰ ਕਾਰਵਾਈ, ਜਿਸ ’ਚ ਸਮੁੱਚਾ ਅਮਰੀਕਨ ਭਾਈਚਾਰਾ ਸ਼ਾਮਲ ਹੋਇਆ ਹੈ, ਉਹ ਭਾਰਤੀ ਹਕੂਮਤ ਦੇ ਮੂੰਹ ਤੇ ਇਕ ਕਰਾਰੀ ਚਪੇੜ ਹੈ।

ਜਿਸ ਦੇਸ਼ ਦੇ ਹਾਕਮਾਂ ਨੇ ਆਪਣੇ ਦੇਸ਼ ਦੀ ਘੱਟ ਗਿਣਤੀ ਨੂੰ ਕੋਹ-ਕੋਹ ਕੇ ਮਾਰਨ ਤੇ ਅੱਜ ਤੱਕ, ਉਸ ਦੇ ਜਖ਼ਮਾਂ ਤੇ ਕਦੇ ਮੱਲ੍ਹਮ ਲਾਉਣ ਦੀ ਕੋਸ਼ਿਸ ਨਹੀਂ ਕੀਤੀ, ਸਗੋਂ ਵਾਰ-ਵਾਰ ਉਨ੍ਹਾਂ ਜਖ਼ਮਾਂ ਨੂੰ ਕੁਰੇਦਿਆਂ ਹੈ, ਸਿੱਖਾਂ ਦੀ ਪੀੜ੍ਹ ’ਚ ਵਾਧਾ ਕੀਤਾ ਹੈ, ਉਨ੍ਹਾਂ ਹਾਕਮਾਂ ਨੂੰ ਅਮਰੀਕਾ ਤੋਂ ਸਬਕ ਲੈਣ ਦੀ ਲੋੜ ਹੈ। ਜੇ ਅੱਜ ਅਮਰੀਕਾ ’ਚ ਵੱਸਦਾ ਸਮੁੱਚਾ ਸਿੱਖ ਭਾਈਚਾਰਾ ਅਮਰੀਕੀ ਸਰਕਾਰ ਦੀ ਹਮਦਰਦੀ ਨਾਲ ਪਸੀਜਿਆ ਹੈ, ਉਹ ਅਮਰੀਕਾ ਸਰਕਾਰ ਦੀ ਸ਼ਲਾਘਾ ਕਰ ਰਿਹਾ ਹੈ, ਉਸ ਤੋਂ ਸਾਫ਼ ਹੈ ਕਿ ਜੇ ਸਮੇਂ ਦੀ ਸਰਕਾਰ, ਕਿਸੇ ਦੁਖੀ ਜਾਂ ਪੀੜ੍ਹਤ ਧਿਰ ਅਥਵਾ ਕੌਮ ਨਾਲ ਸੱਚੀ ਹਮਦਰਦੀ ਵਿਖਾਉਂਦੀ ਹੈ ਤਾਂ ਉਹ ਕਦੇ ਵੀ ਉਸ ਸਰਕਾਰ ਦਾ ਵਿਰੋਧ ਨਹੀਂ ਕਰਦੀ। ਪ੍ਰੰਤੂ ਭਾਰਤ ਦੀ ਬਹੁਗਿਣਤੀ ਦੇ ਪ੍ਰਤੀਨਿਧ ਹਾਕਮਾਂ ਨੇ ਸਿੱਖਾਂ ਨੂੰ ਹਮੇਸ਼ਾ ਦੂਜੇ ਦਰਜੇ ਵਾਲੇ ਸ਼ਹਿਰੀ ਮੰਨਿਆ ਤੇ ਸਮਝਿਆ ਹੈ, ਇਸੇ ਕਾਰਣ ਸਿੱਖਾਂ ’ਚ ਗੁਲਾਮੀ ਦਾ ਅਹਿਸਾਸ ਵੀ ਵਾਰ-ਵਾਰ ਪੈਦਾ ਹੁੰਦਾ ਹੈ। ਦੂਸਰਾ ਇਸ ਦੁੱਖਦਾਈ ਤੇ ਭਿਆਨਕ ਘਟਨਾ ਤੋਂ ਬਾਅਦ, ਸਿੱਖਾਂ ਨੂੰ ਸਿੱਖਾਂ ਦੀ ਵੱਖਰੀ, ਨਿਵੇਕਲੀ ਪਹਿਚਾਣ ਨੂੰ ਸਮੁੱਚੇ ਵਿਸ਼ਵ ’ਚ ‘ਸਿੱਖਾਂ ਦੀ ਪਹਿਚਾਣ’ ਵਜੋਂ ਦ੍ਰਿੜ ਕਰਵਾਉਣ ਲਈ ਵਿਸ਼ੇਸ਼ ਪ੍ਰਚਾਰ ਮੁਹਿੰਮ ਵਿੱਢਣੀ ਹੋਵੇਗੀ।

ਅੱਜ ਸਿੱਖ ਵਿਸ਼ਵ ਦੇ ਕੋਨੇ-ਕੋਨੇ ’ਚ ਫੈਲੇ ਹੋਏ ਹਨ, ਪ੍ਰੰਤੂ ਸਿੱਖਾਂ ਦੀ ਵੱਖਰੀ ਪਹਿਚਾਣ ਤੇ ਸਿੱਖ ਧਰਮ ਬਾਰੇ ਦੁਨੀਆ ਨੂੰ ਉਸ ਪੱਧਰ ਦੀ ਜਾਣਕਾਰੀ ਨਹੀਂ, ਜਿਸ ਪੱਧਰ ਤੱਕ ਹੋਣੀ ਚਾਹੀਦੀ ਹੈ। ਅਸੀਂ ਵਾਰ-ਵਾਰ ਲਿਖਿਆ ਹੈ ਕਿ ਸਿੱਖੀ ਤੋਂ ਵੱਡਾ ਖਜ਼ਾਨਾ ਦੁਨੀਆ ਦੇ ਕਿਸੇ ਹੋਰ ਧਰਮ ਕੋਲ ਨਹੀਂ ਹੈ, ਪ੍ਰੰਤ ਸਾਡੀ ਕੌਮ ਉਸਦਾ ਪ੍ਰਚਾਰ ਕਰਨ ਦੇ ਸਮਰੱਥ ਨਹੀਂ ਹੋ ਸਕੀ। ਸਿੱਖਾਂ ਦੀ ਵਿਸ਼ਵ ਪੱਧਰੀ ਸੰਸਥਾ ਦੀ ਸਥਾਪਤੀ ਅਤੇ ਉਸ ਸੰਸਥਾ ਵੱਲੋਂ ਸਿੱਖਾਂ ਦੀ ਪਹਿਚਾਣ ਤੇ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਜੰਗੀ ਪੱਧਰ ਤੇ ਪ੍ਰਚਾਰ ਵਿੱਢਣ ਦੀ ਤੁਰੰਤ ਲੋੜ ਹੈ। ਸ਼੍ਰੋਮਣੀ ਕਮੇਟੀ ਤੋਂ ਅਜਿਹੀ ਆਸ ਨਹੀਂ ਰੱਖੀ ਜਾ ਸਕਦੀ, ਜਿਹੜੀ ਸੰਸਥਾ ਆਪਣੇ ਘਰ ’ਚ ਸਿੱਖੀ ਦੇ ਪ੍ਰਚਾਰ ਤੇ ਪਾਸਾਰ ’ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ, ਉਹ ਵਿਸ਼ਵ ਪੱਧਰ ਤੇ ਕਦੇ ਵੀ ਕਾਮਯਾਬ ਨਹੀਂ ਹੋਵੇਗੀ। ਇਸ ਲਈ ਸਿੱਖਾਂ ਦੀ ਵਿਸ਼ਵ ਪੱਧਰੀ ਸੰਸਥਾ, ਜਿਹੜੀ ਯੂ. ਐਨ. ਓ. ਵੱਲੋਂ ਮਾਨਤਾ ਪ੍ਰਾਪਤ ਹੋਵੇ, ਉਸਨੂੰ ਸਥਾਪਿਤ ਕਰਕੇ, ਸਿੱਖਾਂ ਦੀ ਪਹਿਚਾਣ ਤੇ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨੂੰ ਸਮੁੱਚੀ ਦੁਨੀਆ ਤੱਕ ਪਹੁੰਚਾਉਣਾ ਅਤਿ ਜ਼ਰੂਰੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top