Share on Facebook

Main News Page

ਸਿਰਫਿਰਿਆਂ ਦੇ ਸ਼ਿਕਾਰ ਸਿੱਖਾਂ ਦੀ ਸਮੱਸਿਆ
- ਤਰਲੋਚਨ ਸਿੰਘ ਦੁਪਾਲਪਰ
ਫੋਨ: 408-915-1268

ਜੰਗਜੂ ਸੁਭਾਅ ਵਾਲੇ ਅਫ਼ਗਾਨ ਪਠਾਣਾਂ ਵਾਸਤੇ ਕਹਾਵਤ ਬਣੀ ਹੋਈ ਹੈ ਕਿ, ਕਾਬਲ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ! ਲੇਕਿਨ ਕਾਬਲੀ ਪਠਾਣਾਂ ਨੂੰ ਸ਼ਾਇਦ ਇਹੋ ਜਿਹੀਆਂ ਮੁਹਿੰਮਾਂ ਨਾਲ ਮੱਥਾ ਨਹੀਂ ਲਾਉਣਾ ਪੈਂਦਾ ਹੋਣਾ ਜਿਸ ਤਰ੍ਹਾਂ ਦੀਆਂ ਸਿੱਖਾਂ ਦੇ ਗਲੇ ਪਈਆਂ ਰਹਿੰਦੀਆਂ ਹਨ। ਸਿੱਖਾਂ ਦੇ ਹਿੱਸੇ ਉਹ ਸੁਲੱਖਣੀਆਂ ਘੜੀਆਂ ਬਹੁਤ ਘੱਟ ਆਈਆਂ ਹਨ ਜਦ ਕਦੇ ਉਨ੍ਹਾਂ ਸੁੱਖ ਦਾ ਸਾਹ ਲਿਆ ਹੋਵੇ। ਇਨ੍ਹਾਂ ਦੇ ਆਪਣੇ ਪੁਸ਼ਤੈਨੀ ਦੇਸ਼ ਵਿਚ ਕੁਝ ਸਮਾਜੀ, ਸਿਆਸੀ ਅਤੇ ਇਤਿਹਾਸਕ ਕਾਰਨਾਂ ਕਰਕੇ ਇਨ੍ਹਾਂ ਨਾਲ ‘ਸੱਤ ਪਰਾਇਆਂ’ ਵਰਗਾ ਵਿਹਾਰ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ। ਜੇ ਇਹ ਰੁਜ਼ਗਾਰ ਦੇ ਵਧੀਆ ਮੌਕਿਆਂ ਦੀ ਭਾਲ ਵਿਚ ਵਿਦੇਸ਼ੀਂ ਪਹੁੰਚਦੇ ਹਨ ਤਾਂ ਉਥੇ ਇਨ੍ਹਾਂ ਨੂੰ ਆਪਣੀ ਵਿਲੱਖਣ ਦਿੱਖ ਖਾਤਰ ਨਸਲੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਮਰ ਪੱਖੋਂ ਸੰਸਾਰ ਦੇ ਅਜੋਕੇ ਮੁੱਖ ਧਰਮਾਂ ਦੇ ਮੁਕਾਬਲੇ ਸਿੱਖ ਧਰਮ ਹਾਲੇ ਬਚਪਨੇ ਵਿਚ ਹੀ ਸਮਝਿਆ ਜਾ ਸਕਦਾ ਹੈ। ਕੋਈ ਧਰਮ ਫਲਸਫਾ ਦੋ ਹਜ਼ਾਰ ਸਾਲ ਪੁਰਾਣਾ ਹੈ, ਕੋਈ ਪੰਦਰਾਂ ਸੌ ਸਾਲ। ਪਰ ਇਹ ਹਾਲੇ ਸਿਰਫ਼ ਪੰਜ ਕੁ ਸਦੀਆਂ ਹੀ ਟੱਪਿਆ ਹੈ। ਚਾਹੇ ਲੱਖ ਕਹੀ ਜਾਈਏ ਕਿ ਹੁਣ ਵਿਸ਼ਵ ਭਰ ਦੀ ਤਰਜ਼ੇ-ਜ਼ਿੰਦਗੀ ਬਦਲ ਗਈ ਹੈ, ਹੁਣ ਪੁਰਾਣੇ ਸਮਿਆਂ ਵਾਂਗ ਇਕ-ਦੂਜੇ ਫਲਸਫੇ ਪ੍ਰਤੀ ਹਮਲਾਵਰ ਤੌਰ-ਤਰੀਕੇ ਨਹੀਂ ਵਰਤੇ ਜਾ ਸਕਦੇ ਪਰ ਹਕੀਕਤ ਇਹ ਹੈ ਕਿ ਈਰਖਾ ਅਤੇ ਸਾੜਾ ਪਹਿਲਾਂ ਵਾਂਗ ਹੀ ਮੌਜੂਦ ਹੈ, ਸ਼ਾਇਦ ਇਹ ਮਨੁੱਖੀ ਸੁਭਾ ਦਾ ਅਟੁੱਟ ਹਿੱਸਾ ਹੈ। ਬੱਸ ਇਨ੍ਹਾਂ ਦੇ ਪ੍ਰਗਟਾਵੇ ਦੇ ਅਮਲ ਜ਼ਰੂਰ ਬਦਲ ਗਏ ਹਨ। ਹੁਣ ਇਕ-ਦੂਜੇ ਨੂੰ ਪਛਾੜ ਕੇ ਆਪਣਾ ਡੰਕਾ ਵਜਾਉਣ ਲਈ ਇਤਨੇ ਸੂਖਮ ਢੰਗ ਤਰੀਕੇ ਵਰਤੇ ਜਾ ਰਹੇ ਹਨ ਕਿ ਬਹੁਤੀ ਵਾਰ ‘ਸ਼ਿਕਾਰ ਬਣਨ’ ਵਾਲਿਆਂ ਨੂੰ ਆਪਣੇ ਦੁਸ਼ਮਣ ਦੀ ਨਿਸ਼ਾਨਦੇਹੀ ਕਰਨੀ ਵੀ ਬੜੀ ਔਖੀ ਹੋ ਜਾਂਦੀ ਹੈ।

ਸਿੱਖ ਅਜਿਹੀਆਂ ਅਤਿ-ਲੁਕਵੀਆਂ ਅਤੇ ਪ੍ਰਤੱਖ ਮਾਰੂ ਚੋਭਾਂ ਨਾਲ ਸਦਾ ਹੀ ਦਸਤਪੰਜਾ ਲੈਂਦੇ ਆ ਰਹੇ ਹਨ, ਪਰ ਬੀਤੇ ਦਿਨੀਂ ਵਾਪਰੀਆਂ ਕੁਝ ਘਟਨਾਵਾਂ ਨੇ ਸਿੱਖਾਂ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਕੁਝ ਸਿਰਫਿਰੇ ਬੰਦਿਆਂ ਦੇ ਮਨਾਂ ਵਿਚ ਪਲ਼ਦੀ ਸਿੱਖ ਵਿਰੋਧੀ ਨਫ਼ਰਤ ਨੇ ਸਿੱਖ ਹਿਰਦਿਆਂ ਨੂੰ ਜ਼ਖ਼ਮੀ ਕਰ ਦਿੱਤਾ ਹੈ। ਕਈ ਅਣਭੋਲ ਅਤੇ ਬੇਕਸੂਰ ਸਾਡੇ ਭਰਾ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਖਾਸ ਕਰਕੇ ਪਰਵਾਸੀ ਸਿੱਖ ਭਾਈਚਾਰਾ ਗੰਭੀਰ ਹੋ ਕੇ ਸੋਚੀਂ ਪੈ ਗਿਆ ਹੈ। ਉਹ ਆਪਣੇ ਭਵਿੱਖ ਬਾਰੇ ਡਾਢਾ ਫਿਕਰਮੰਦ ਹੈ।

ਇੰਗਲੈਂਡ ਵਾਸੀ ਸਾਬਤ ਸੂਰਤ ਸਰਦਾਰ ਫੌਜਾ ਸਿੰਘ ਸੌ ਸਾਲ ਦੀ ਉਮਰ ਟੱਪ ਕੇ ਵੀ ਖੇਡ ਮੈਦਾਨਾਂ ਵਿਚ ਦੌੜਦਾ ਹੋਇਆ ਸਿੱਖ ਪਛਾਣ ਦੇ ਝੰਡੇ ਝੁਲਾ ਰਿਹਾ ਹੈ। ਲੰਡਨ ਉਲੰਪਿਕ ਵਿਚ ਉਸ ਨੇ ਸਭ ਦਾ ਧਿਆਨ ਖਿੱਚਿਆ, ਪਰ ਰਾਘਵਨ ਨਾਂ ਦੇ ਇਕ ਸਿਰਫਿਰੇ ਨੇ ‘ਜੈ ਹਿੰਦ’ ਟੀ.ਵੀ. ਚੈਨਲ ‘ਤੇ ਗੱਭਰੂਆਂ ਵਰਗੇ ਉਸ ਬਜ਼ੁਰਗ ਸਰਦਾਰ ਦਾ ਰੱਜ ਕੇ ਮਖੌਲ ਉੜਾਇਆ। ਦੁਨੀਆਂ ਭਰ ਵਿਚੋਂ ਭਾਵੇਂ ਰਾਘਵਨ ਤੇ ਉਸ ਦੀ ਟੀਮ ਨੂੰ ਲੱਖ-ਲੱਖ ਲਾਹਣਤਾਂ ਪਈਆਂ ਜਿਸ ਤੋਂ ਡਰਦਿਆਂ ਉਸ ਨੇ ਆਪਣੇ ਸਾਰੇ ਸੰਪਰਕ-ਵਸੀਲੇ ਤੁਰੰਤ ਬੰਦ ਕਰ ਲਏ, ਪਰ ਸਿੱਖ ਮਨਾਂ ਵਿਚ ਇਹ ਸਵਾਲ ਉਠਦਾ ਹੈ ਕਿ ਰਾਘਵਨ ਦੇ ਨੱਕ ਹੇਠ ਦਿੱਲੀ ਵਿਚ ਗਾਂਧੀ ਟੋਪੀ ਵਾਲਾ ਅੰਨਾ ਹਜ਼ਾਰੇ ਮਰਨ ਵਰਤ ਰੱਖਣ ਦੇ ਕੁਝ ਦਿਨਾਂ ਬਾਅਦ ਆਪੇ ਜੂਸ ਪੀ ਕੇ ਵਰਤ ਤੋੜ ਦਿੰਦਾ ਹੈ, ਦਮਗਜ਼ੇ ਮਾਰੀ ਜਾਂਦਾ ਹੈ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ। ਇਸੇ ਤਰ੍ਹਾਂ ਭਗਵਾਂ ਬਾਬਾ ਰਾਮਦੇਵ ਪੁਲਿਸ ਦੀ ਗਿੱਦੜ ਕੁੱਟ ਤੋਂ ਡਰਦਾ ਮਾਰਿਆ ਜਨਾਨਾ ਸੂਟ ਪਾ ਕੇ ਦਿੱਲੀਓਂ ਖਿਸਕ ਗਿਆ। ਰਾਘਵਨ ਤੇ ਉਸ ਦੀ ਸਿਰਫਿਰੀ ਟੀਮ ਨੂੰ ਮਜ਼ਾਕ ਉਡਾਉਣ ਲਈ ਇਹ ਦੋਵੇਂ ‘ਬਾਬੇ’ ਨਜ਼ਰੀਂ ਕਿਉਂ ਨਹੀਂ ਪਏ?

ਉਹ ਇਸ ਕਰਕੇ ਨਹੀਂ ਦਿਸੇ ਕਿਉਂਕਿ ਉਹ ਦੋਵੇਂ ਰਾਘਵਨ ਦੇ ‘ਆਪਣੇ’ ਹਨ। ਦੇਸ਼ ਦੀ ਗੁਲਾਮੀ ਕੱਟਣ ਲਈ ਅੱਸੀ ਪ੍ਰਤੀਸ਼ਤ ਕੁਰਬਾਨੀਆਂ ਕਰਨ ਵਾਲੇ ਸਿੱਖ ‘ਬਿਗਾਨੇ’ ਹਨ। ਉਨ੍ਹਾਂ ਦਾ ਜਦ ਮਰਜ਼ੀ ਮੌਜੂ ਬਣਦਾ ਦਿਉ। ਪੱਛਮੀ ਵਿਦਵਾਨ ਐਡਵਰਡ ਆਰ. ਮੁਰੋ ਦਾ ਕਥਨ ਹੈ, ‘ਕੋਈ ਵੀ ਸਾਡੀ ਕੌਮ ਨੂੰ ਭੈਅ-ਭੀਤ ਨਹੀਂ ਕਰ ਸਕਦਾ ਜਦ ਤੱਕ ਅਸੀਂ ਆਪ ਇਸ ਦੇ ਭਾਈਵਾਲ ਨਾ ਹੋਈਏ।’ ਸਾਡੇ ਆਪਣੇ ‘ਰਾਖੇ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸਾਹਿਬਾਨ ਇਸ ਕੌਮੀ ਨਿਰਾਦਰ ‘ਤੇ ਖਾਮੋਸ਼ ਬੈਠੇ ਰਹੇ। ਸ਼ੁਕਰ ਹੈ, ਸ਼ਾਇਰ ਅਮਰਦੀਪ ਸਿੰਘ ਗਿੱਲ ਅਤੇ ਉਘੇ ਵਕੀਲ ਡਾ. ਨਵਕਿਰਨ ਸਿੰਘ ਨੇ ਸਿਰਫਿਰੇ ਰਾਘਵਨ ਨੂੰ ਕਾਨੂੰਨੀ ਕਟਹਿਰੇ ‘ਚ ਖੜ੍ਹਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੈਸੇ ਇਸ ਸੱਚਾਈ ਦਾ ਸਭ ਨੂੰ ਇਲਮ ਹੈ ਕਿ ਅਜਿਹੀਆਂ ਕਾਨੂੰਨੀ ਕਾਰਵਾਈਆਂ ਸਿੱਖਾਂ ਨੂੰ ਦੁਖੀ ਕਰਨ ਵਾਲਿਆਂ ਦਾ ਵਾਲ ਵਿੰਗਾ ਵੀ ਨਹੀਂ ਕਰ ਸਕਦੀਆਂ ਹੁੰਦੀਆਂ, ਕਿਉਂਕਿ ਇਨ੍ਹਾਂ ਵਾਸਤੇ ਸਾਰੀਆਂ ਅਦਾਲਤਾਂ ਦੋਹੀਂ ਹੱਥੀਂ ‘ਰਾਹਤ’ ਲੈ ਕੇ ਪਹਿਲੋਂ ਈ ਤਿਆਰ-ਬਰ-ਤਿਆਰ ਖੜ੍ਹੀਆਂ ਹੁੰਦੀਆਂ ਹਨ।

ਪੰਜਾਬ ਵਿਚ ਬਿਆਸ ਡੇਰੇ ਵਾਲਿਆਂ ਵੱਲੋਂ ਪਿੰਡ ਵੜੈਚ ਦਾ ਗੁਰਦੁਆਰਾ ਢਾਹ ਦਿੱਤਾ ਗਿਆ। ਸਥਾਨਕ ਸਿੱਖ ਅਤੇ ਕਈ ਪੰਥਕ ਜਥੇਬੰਦੀਆਂ ਗੁਰਦੁਆਰੇ ਦੀ ਬੇਹੁਰਮਤੀ ਵਿਰੁਧ ਡਟ ਗਈਆਂ। ਪੰਥਕ ਰਵਾਇਤ ਅਨੁਸਾਰ ਇਹ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚਾਈ ਗਈ। ਉਥੇ ਉਹੀ ਪੁਰਾਣੀ ‘ਚੂਹੇ-ਬਿੱਲੀ ਵਾਲੀ ਖੇਡ’ ਸ਼ੁਰੂ ਹੋ ਗਈ। ਸਿੰਘ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ‘ਆਦੇਸ਼’ ਦੇ ਦਿੱਤਾ ਕਿ ਪੜਤਾਲ ਲਈ ਸਬ-ਕਮੇਟੀ ਬਣਾਈ ਜਾਵੇ। ਸਬ ਕਮੇਟੀ ਉਨ੍ਹਾਂ ਮੈਂਬਰਾਂ ਦੀ ਹੀ ਬਣਾ ਦਿੱਤੀ ਗਈ, ਜਿਹੜੇ ਪਹਿਲੋਂ ਹੀ ਬਾਦਲ ਦੀ ਜੇਬ ਵਿਚ ਹਨ।

‘ਸਾਰੀ ਖੁਦਾਈ ਏਕ ਤਰਫ਼, ਜ਼ੋਰੂ ਦਾ ਭਾਈ ਏਕ ਤਰਫ਼’ ਜਿਹੀ ਮਹਾਨ ਤਾਕਤ ਰੱਖਣ ਵਾਲੇ ਪੰਜਾਬ ਸਰਕਾਰ ਦੇ ਇਕ ਵਜ਼ੀਰ ਨੇ (ਰਾਧਾ ਸੁਆਮੀਆਂ ਨਾਲ ਰਿਸ਼ਤੇਦਾਰੀ ਹੋਣ ਕਰ ਕੇ) ਜੋ ਕੁਝ ਸਬ-ਕਮੇਟੀ ਨੂੰ ਲਿਖਵਾਇਆ, ਉਨ੍ਹਾਂ ਹੱਥੀਂ ਂਬੰਨੀ ਹੂ-ਬ-ਹੂ ਲਿਖ ਕੇ ਸ੍ਰੀ ਅਕਾਲ ਤਖ਼ਤ ‘ਤੇ ਪੁੱਜਦਾ ਕਰ ਦਿੱਤਾ। ਅਕਾਲੀ ਫੂਲਾ ਸਿੰਘ ਦੀ ਪਦਵੀ ‘ਤੇ ਬਿਰਾਜਮਾਨ, ਪੰਥ ਦੇ ਅਜੋਕੇ ਰਾਖੇ ਸਿੰਘ ਸਾਹਿਬ ਨੇ ਗੁਰਦੁਆਰਾ ਢਾਹੁਣ ਵਾਲਿਆਂ ਨੂੰ ਬਖ਼ਸ਼ ਦਿੱਤੀ ‘ਕਲੀਨ ਚਿੱਟ’ ਅਤੇ ਛਾਤੀਆਂ ਡਾਹ ਕੇ ਗੁਰਦੁਆਰਾ ਢਾਹੁਣ ਦਾ ਵਿਰੋਧ ਕਰ ਰਹੇ ਸਿੱਖਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੀਆਂ ਜਥੇਬੰਦੀਆਂ ਨੂੰ ‘ਸ਼ਰਾਰਤੀ ਅਨਸਰ’ ਹੋਣ ਦਾ ਫਤਵਾ ਸੁਣਾ ਦਿੱਤਾ। ਸਿੱਟੇ ਵਜੋਂ ਸਿੱਖ ਇਤਿਹਾਸ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦਾ ‘ਬਾਈਕਾਟ ਹੋਣ’ ਦਾ ਨਵਾਂ ਮਾਯੂਸ-ਕੁਨ ਅਧਿਆਏ ਜੁੜ ਗਿਆ। ਸਿੱਖ ਪਰੰਪਰਾ ਵਿਚ ਸ਼ੁਰੂ ਹੋਈ ਇਸ ਨਵੀਂ ਬਦਸ਼ਗਨੀ ਲਈ ਕਿਹੜੇ ਸਿਰਫਿਰਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ?

ਇੱਧਰ, ਅਮਰੀਕਾ ਵਿਚ 9/11 ਦੇ ਵਾਕਿਆ ਤੋਂ ਬਾਅਦ ‘ਸਿੱਖ ਪਛਾਣ’ ਬਾਰੇ ਭੁਲੇਖਿਆਂ ਕਾਰਨ ਸਿੱਖਾਂ ਉਪਰ ਸਭ ਤੋਂ ਵੱਡਾ ਹਮਲਾ ਹੋ ਗਿਆ। ਇਕ ਸਿੱਖ ਲਈ ਸਭ ਤੋਂ ਵੱਧ ਮੁਕੱਦਸ ਅਤੇ ਹਿਫ਼ਾਜ਼ਤੀ ਸਥਾਨ ਗੁਰੂਘਰ ਹੀ ਹੁੰਦਾ ਹੈ, ਪਰ ਵਿਸਕਾਨਸਿਨ ਦੇ ਗੁਰਦੁਆਰਾ ਓਕ ਕਰੀਕ ਵਿਚ ਸ਼ਬਦ ਗੁਰੂ ਦੇ ਚਰਨਾਂ ਵਿਚ ਜੁੜ ਬੈਠੇ ਸਿੱਖ ਸ਼ਰਧਾਲੂਆਂ ਉਪਰ ਇਕ ਸਿਰਫਿਰੇ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਮੇਤ ਛੇ ਜਣੇ ਪ੍ਰਾਣਾਂ ਦੀ ਆਹੂਤੀ ਦੇ ਗਏ। ਆਪਣੇ ਫਰਜ਼ਾਂ ਉਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਾ ਹੋਇਆ ਇਕ ਪੁਲਿਸ ਅਫ਼ਸਰ ਵੀ ਸਖਤ ਜ਼ਖ਼ਮੀ ਹੋ ਗਿਆ।

ਸਮੁੱਚਾ ਅਮਰੀਕੀ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਰਾਸ਼ਟਰਪਤੀ ਤੱਕ ਨੇ ਸਿੱਖਾਂ ਦਾ ਹੌਸਲਾ ਵਧਾਇਆ। ਸਾਰੇ ਅਮਰੀਕਾ ਵਿਚ ਰਾਸ਼ਟਰੀ ਝੰਡੇ ਅੱਧੇ ਝੁਕਾ ਦਿੱਤੇ ਗਏ। ਅਮਰੀਕੀ ਮੀਡੀਆ ਨੇ ਬਿਨਾਂ ਕਿਸੇ ਲੱਗ-ਲਪੇਟ ਦੇ ਸੱਚੋ-ਸੱਚ ਜਾਣਕਾਰੀ ਦਿੱਤੀ। ਗੱਲ ਕੀ, ਅਮਰੀਕੀ ਸਿੱਖਾਂ ਦੇ ਮਨਾਂ ਵਿਚ ਰਾਈ ਜਿੰਨਾ ਵੀ ਇਹ ਅਹਿਸਾਸ ਪੈਦਾ ਨਹੀਂ ਹੋਣ ਦਿੱਤਾ ਗਿਆ ਕਿ ਅਸੀਂ ਬਿਗਾਨੇ ਮੁਲਕ ਵਿਚ ਬੈਠੇ ਹਾਂ।

ਸੰਯੋਗਵਸ ਵਿਆਹ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਪੰਜਾਬ ਦਾ ਉਹ ਹੁਕਮਰਾਨ ਵੀ ਇਸ ਮੌਕੇ ਅਮਰੀਕਾ ਵਿਚ ਪਹੁੰਚਿਆ ਜਿਸ ਦੇ ਰਾਜ ਭਾਗ ਵੇਲੇ ਸੰਨ 1978 ਵਿਚ ਨਕਲੀ ਨਿਰੰਕਾਰੀ ਮੁਖੀਆ ਅੰਮ੍ਰਿਤਸਰ ਵਿਖੇ 13 ਸਿੱਖਾਂ ਨੂੰ ਗੋਲੀਆਂ ਮਾਰ ਕੇ ਬਾ-ਹਿਫ਼ਾਜ਼ਤ ਦਿੱਲੀ ਪਹੁੰਚ ਗਿਆ ਸੀ। ਇਸ ਦੇ ਮੌਜੂਦਾ ਪ੍ਰਸ਼ਾਸਨ ਨੇ ਪਿੱਛੇ ਜਿਹੇ ਗੁਰਦਾਸਪੁਰ ਵਿਖੇ ਇੱਕ ਬੇਕਸੂਰ ਸਿੱਖ ਗੱਭਰੂ ਕਤਲ ਕਰ ਸੁੱਟਿਆ (ਪਰ ਕਾਤਲ ਪੁਲਸੀਆਂ ਦੋ ਕੁ ਦਿਨ ਸਸਪੈੰਡ ਕਰਕੇ ਮੁੜ ਬਹਾਲ ਕਰ ਦਿੱਤਾ ਗਿਆ)ਹੁਣ ਉਹ ਸ੍ਰੀਮਾਨ ਹੁਕਮਰਾਨ ਵੀ ਅਮਰੀਕੀ ਸਿੱਖਾਂ ਨਾਲ ‘ਡੂੰਘੀ ਹਮਦਰਦੀ’ ਦੇ ਬਿਆਨ ਦੇ ਰਿਹਾ ਹੈ! ਕਮਾਲ ਹੈ!!

ਖ਼ੈਰ, ਆਪਾਂ ਹੁਣ ‘ਪੈਦਾ ਹੋਈ ਇਸ ਸੰਕਟਮਈ ਹਾਲਤ ਵਿਚ ਸਿੱਖ ਕੀ ਕਰਨ?’ ਦੇ ਸਵਾਲ ਦੀ ਚਰਚਾ ਕਰ ਲਈਏ। ਸੁਣਿਆ ਹੈ ਕਿ ਜਦੋਂ 9/11 ਦੀ ਦੁਰਘਟਨਾ ਹੋਈ ਸੀ, ਤਦ ਅਮਰੀਕੀ ਹਵਾਈ ਅਥਾਰਟੀ ਨੇ ਸਾਰੀਆਂ ਏਅਰਲਾਈਨਾਂ ਦੇ ਆਕਾਸ਼ਾਂ ਵਿਚ ਉਡ ਰਹੇ ਜਹਾਜ਼ਾਂ ਨੂੰ ਤੁਰੰਤ ਲੈਂਡ ਕਰਵਾ ਲਿਆ ਸੀ। ਇਹ ਤਤਕਾਲੀ ਐਕਸ਼ਨ ਹਿਫ਼ਾਜ਼ਤੀ ਨੁਕਤਾ ਨਿਗ੍ਹਾ ਤੋਂ ਕੀਤਾ ਗਿਆ ਸੀ। ਕੀ ਹੁਣ ਅਮਰੀਕੀ ਸਿੱਖ ਭਾਈਚਾਰਾ ਵੀ ਆਪਣੀ ਸੋਚ ਨੂੰ ‘ਸਿੱਖ ਪਛਾਣ‘ ਬਣਾਉਣ ‘ਤੇ ਕੇਂਦਰਿਤ ਕਰੇਗਾ? (ਯਾਦ ਰਹੇ ਕਿ ਸਿੱਖ ਪਛਾਣ ਦਰਸਾਉਣ ਦਾ ਇਹ ਅਰਥ ਵੀ ਨਹੀਂ ਕਿ ਅਸੀ ਇਹ ਢੰਡੋਰਾ ਪਿੱਟਦੇ ਫਿਰੀਏ ਕਿ ਅਸੀਂ ‘ਅਰਬੀ ਮੁਸਲਮਾਨ’ਨਹੀਂ ਹਾਂ। ਇਸ ਪ੍ਰਚਾਰ ਦਾ ਸਿੱਧਾ ਅਰਥ ਇਹੀ ਹੋਵੇ ਗਾ ਕਿ ਮੁਸਲਮਾਨਾਂ ਨੂੰ ਬੇਸ਼ੱਕ ਮਾਰੋ, ਅਸੀਂ ‘ਅਰਬੀ’ਨਹੀਂ ਹਾਂ! ਇਹ ਸਿੱਖੀ ਦੇ ‘ਸਰਬੱਤ ਦੇ ਭਲੇ’ ਵਾਲੇ ਸਿਧਾਂਤ ਦੀ ਘੋਰ ਉਲੰਘਣਾ ਹੋਵੇਗੀ) ਕੀ ਹੁਣ ਅਸੀਂ ਥੋਕ ਦੇ ਭਾਅ ਕਰਵਾਏ ਜਾ ਰਹੇ ਟੂਰਨਾਮੈਂਟਾਂ, ਕਲਾਕਾਰਾਂ ਦੇ ਢਿੱਡ-ਭਰਨੇ ਮੇਲਿਆਂ ਅਤੇ ਗੁਰਦੁਆਰਿਆਂ ਦੇ ਕੋਰਟ ਕੇਸਾਂ ਵੱਲੋਂ ਛੇ ਕੁ ਮਹੀਨੇ ਲਈ ਧਿਆਨ ਹਟਾ ਸਕਾਂਗੇ? ਅਤੇ ਆਪਣੇ ਭਵਿੱਖ ਬਾਰੇ ਸੋਚਣ ਲਈ ਸਮਾਂ ਕੱਢ ਸਕਾਂਗੇ? ਕੀ ਅਸੀ ਗੁਰੂ ਸਾਹਿਬਾਨ ਦੀ ‘ਸਭੇ ਸਾਂਝੀਵਾਲ ਸਦਾਇਨ’ ਵਾਲੀ ਸੋਚ ਦਾ ਲੱਕ ਬੰਨ੍ਹ ਕੇ ਪ੍ਰਚਾਰ-ਪਸਾਰ ਕਰ ਸਕਾਂਗੇ? ਕੀ ਅਸੀਂ ਪੰਜਾਬ ਜਾਂ ਸਿੱਖੀ ਦੇ ਉਜਾੜੇ ਵਿਚ ਯੋਗਦਾਨ ਪਾਉਣ ਵਾਲੇ ਉਥੋਂ ਦੇ ਸਿਆਸਤਦਾਨਾਂ ਦੇ ਵਿਦੇਸ਼ੀਂ ਪਧਾਰਨ ‘ਤੇ ਉਨ੍ਹਾਂ ਦੇ ਗਲਾਂ ਵਿਚ ਹਾਰ ਪਾਉਣ ਤੋਂ ਕੁਝ ਸਮੇਂ ਲਈ ਗੁਰੇਜ਼ ਕਰ ਲਵਾਂਗੇ? ਜੇ ਇਨ੍ਹਾਂ ਸਵਾਲਾਂ ਦੇ ਉੱਤਰ ਪਰਵਾਸੀ ਸਿੱਖ ਭਾਈਚਾਰੇ ਵੱਲੋਂ ‘ਹਾਂ’ ਵਿਚ ਭਰੇ ਜਾਣ ਤਾਂ ਫਿਰ ਸ਼ਾਇਦ ਸਾਨੂੰ ਕਿਸੇ ਸਿਰਫਿਰੇ ਦੇ ਭੁਲੇਖੇ ਦਾ ਸ਼ਿਕਾਰ ਨਾ ਹੋਣਾ ਪਵੇ!

ਆਮੀਨ!!


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top